ਜਿਗਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿਗਰ [ਨਾਂਪੁ] ਕਲੇਜਾ , ਕਾਲਜਾ; ਦਲੇਰੀ, ਹੋਂਸਲਾ, ਹਿੰਮਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਿਗਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿਗਰ. ਫ਼ਾ ਸੰ. यकृत —ਯਕ੍ਰਿਤ. ਅੰ. Liver. ਸੰਗ੍ਯਾ—ਕਲੇਜਾ. ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ. ਜਿਗਰ ਦਾ ਬਹੁਤ ਹਿੱਸਾ ਸੱਜੇ ਪਾਸੇ ਪਸਲੀਆਂ ਹੇਠਾਂ ਮੇਦੇ ਦੇ ਉੱਪਰ ਅਤੇ ਥੋੜਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ. ਇਸ ਦਾ ਤੋਲ ਸ਼ਰੀਰ ਦੇ ਸਾਰੇ ਬੋਝ ਦਾ ਚਾਲੀਸਵਾਂ ਹਿੱਸਾ ਹੁੰਦਾ ਹੈ. ਜਿਗਰ ਤੋਂ ਪਿੱਤ (ਸਫਰਾ) ਪੈਦਾ ਹੁੰਦਾ ਹੈ. ਜਦ ਇਹ ਆਪਣਾ ਕੰਮ ਛੱਡ ਦਿੰਦਾ ਹੈ, ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ। ੨ ਭਾਵ—ਹੌ਼੉ਲਾ. ਦਿਲੇਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਿਗਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਿਗਰ : ਇਹ ਇਕ ਗਲੈਂਡ ਹੈ ਜਿਹੜੀ ਸਰੀਰ ਦੀਆਂ ਹੋਰ ਸਾਰੀਆਂ ਗਲੈਡਾਂ ਤੋਂ ਜ਼ਿਆਦਾ ਵੱਡੀ ਅਤੇ ਲਗਭਗ 1.5 ਕਿ. ਗ੍ਰਾ. ਭਾਰੀ ਹੁੰਦੀ ਹੈ। ਇਹ ਪੇਟ ਦੇ ਉਪਰਲੇ ਸੱਜੇ ਹਿੱਸੇ ਵਿਚ ਸਥਿਤ ਹੁੰਦੀ ਹੈ ਅਤੇ ਇੰਨੀ ਜ਼ਿਆਦਾ ਨਰਮ ਹੁੰਦੀ ਹੈ ਕਿ ਇਸ ਦੇ ਆਸ ਪਾਸ ਦੇ ਅੰਗ ਇਸ ਦੇ ਵਿਚ ਧਸਦੇ ਜਾਂਦੇ ਹਨ ਪਰ ਜੇ ਇਸ ਨੂੰ ਵੱਖਰਾ ਕਰਕੇ ਬਾਹਰ ਕੱਢ ਲਿਆ ਜਾਵੇ ਤਾਂ ਨਾਮੋ ਨਿਸ਼ਾਨ ਹੀ ਮਿਟ ਜਾਂਦਾ ਹੈ ਕਿ ਕਿਹੜਾ ਅੰਗ ਕਿਸ ਜਗ੍ਹਾ ਤੇ ਧੱਸਿਆ ਸੀ। ਪਿੱਤਾ ਇਸ ਵਿਚ ਇਸ ਤਰ੍ਹਾਂ ਲਟਕਿਆ ਹੁੰਦਾ ਹੈ ਜਿਵੇਂ ਡੋਰੀ ਵਿਚ ਬੱਝਾ ਹੋਵੇ। ਸਾਰੇ (ਅਤੇ ਸਿਰਫ਼) ਰੀੜ੍ਹ ਧਾਰੀਆਂ ਵਿਚ ਇਹ ਗਲੈਂਡ ਹੁੰਦੀ ਹੈ। ਇਹ ਪ੍ਰੋਟੀਨ, ਚਰਬੀ, ਵਿਟਾਮਿਨ (ਖ਼ਾਸ ਕਰਕੇ ਵਿਟਾਮਿਨ ਏ, ਡੀ, ਈ ਅਤੇ ਬੀ. ਕੰਪਲੈਕਸ) ਲੋਹੇ ਅਤੇ ਤਾਂਬੇ ਨਾਲ ਭਰਪੂਰ ਹੁੰਦੀ ਹੈ, ਇਸੇ ਲਈ ਖਾਧੀ ਜਾਂਦੀ ਹੈ।

          ਕੰਮ––ਜਿਗਰ ਕਈ ਤਰ੍ਹਾਂ ਦੇ ਵੱਖ ਵੱਖ ਕੰਮ ਕਰਦਾ ਹੈ ਜਿਵੇਂ ਖੂਨ ਨੂੰ ਸਾਫ਼ ਕਰਕੇ ਫਿਲਟਰ ਦਾ ਕੰਮ ਕਰਨਾ, ਭੋਜਨ ਨੂੰ ਜਮ੍ਹਾਂ ਰਖਣਾ (ਖ਼ਾਸ ਕਰਕੇ ਖੰਡ ਅਤੇ ਵਿਟਾਮਿਨਾਂ ਨੂੰ), ਕਈ ਤਰ੍ਹਾਂ ਦੇ ਪ੍ਰੋਟੀਨ ਅਤੇ ਜੀਵਨਾਸ਼ਕ ਪਦਾਰਥ ਪੈਦਾ ਕਰਨਾ, ਭੋਜਨ ਨੂੰ ਹਜ਼ਮ ਕਰਨਾ ਅਤੇ ਮਲ-ਮੂਤਰ ਨੂੰ ਦੂਰ ਕਰਨ ਵਿਚ ਸਹਾਇਤਾ ਕਰਨਾ।

          ਸਰੀਰ ਵਿਚ ਦੌਰਾ ਕਰਦੇ ਸਮੇਂ ਆਂਦਰਾਂ ਤੋਂ ਦਿਲ ਨੂੰ ਮੁੜਦਾ ਹੋਇਆ ਗੰਦਾ ਖੂਨ ਜਿਗਰ ਦੇ ਸੈੱਲਾਂ ਵਿਚੋਂ ਦੀ ਲੰਘਦਾ ਹੈ ਜਿਥੇ ਇਸ ਵਿਚੋਂ ਜ਼ਹਿਰੀਲੇ ਪਦਾਰਥ ਅਤੇ ਜੀਵਾਣੂ ਆਦਿ ਵੱਖ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਇਹ ਫਿਲਟਰ ਦਾ ਕੰਮ ਕਰਦਾ ਹੈ। ਲਹੂ ਵਿਚੋਂ ਇਹ ਗਲੈਂਡ ਆਹਾਰਕ ਮਾਦਾ, ਖ਼ਾਸ ਕਰਕੇ ਖੰਡ, ਵੱਖ ਕਰਕੇ ਭਵਿੱਖ ਦੀ ਲੋੜ ਲਈ ਜਮ੍ਹਾਂ ਰੱਖਦੀ ਹੈ। ਪਹਿਲਾਂ ਇਹ ਖੰਡ ਗਲਾਈਕੋਜੈੱਨ ਵਿਚ ਤਬਦੀਲ ਕਰ ਦਿਤੀ ਜਾਂਦੀ ਹੈ ਅਤੇ ਫਿਰ ਲੋੜ ਵੇਲੇ ਮੁੜ (ਗਲੂਕੇਜਾੱਨ ਹਾਰਮੋਨ ਦੇ ਅਸਰ ਹੇਠ) ਖੰਡ ਵਿਚ ਤਬਦੀਲ ਹੋ ਜਾਂਦੀ ਹੈ। ਚਰਬੀ, ਵਿਟਾਮਿਨ ਅਤੇ ਹੋਰ ਖ਼ੁਰਾਕੀ ਤੱਤ ਵੀ ਇਹ ਜਮ੍ਹਾਂ ਰੱਖਦੀ ਹੈ। ਜਦੋਂ ਲਹੂ ਇਸ ਵਿਚੋਂ ਲੰਘਦਾ ਹੈ ਤਾਂ ਪ੍ਰੋਟੀਨ ਅਤੇ ਜੀਵਨਾਸ਼ਕ ਪਦਾਰਥ ਵੀ ਇਸ ਵਿਚ ਮਿਲ ਜਾਂਦੇ ਹਨ। ਅਨੇਕਾਂ ਛੋਟੀਆਂ ਛੋਟੀਆਂ ਨਲੀਆਂ ਰਾਹੀਂ ਇਹ ਗਲੈਂਡ ਪਿੱਤ (ਜਿਗਰ ਰਾਹੀਂ ਰਿਸਾਇਆ ਹਰੇ-ਪੀਲੇ ਰੰਗ ਦਾ ਕੌੜਾ ਪਦਾਰਥ) ਆਂਦਰਾਂ ਵਿਚ ਭੇਜਦੀ ਹੈ ਜਿਹੜੀ ਚਰਬੀ ਨੂੰ ਹਜ਼ਮ ਅਤੇ ਜਜ਼ਬ ਕਰਨ ਦੇ ਅਤੇ ਕਈ ਹੋਰ ਕੰਮ ਕਰਦਾ ਹੈ। ਯੂਰੀਆ ਅਤੇ ਯੂਰਿਕ ਤੇਜ਼ਾਬ ਵੀ ਪਿੱਤ ਰਾਹੀਂ ਬਾਹਰ ਨਿਕਲਦੇ ਹਨ। ਲਗਭਗ ਇਕ ਕਿਲੋ ਪਿੱਤ ਤੋਂ ਵੀ ਵੱਧ ਮਹੱਤਵਪੂਰਨ ਉਹ ਰੰਗ ਹਨ ਜੋ ਇਸ ਵਿਚ ਮਿਲੇ ਹੁੰਦੇ ਹਨ। ਇਨ੍ਹਾਂ ਵਿਚੋਂ ਇਕ ਰੰਗ ਬਿਲੀਰੁਬਿਨ ਹੈ। ਖੂਨ ਵਿਚ ਜੇ ਇਸ ਦੀ ਮਾਤਰਾ ਵੱਧ ਜਾਏ ਤਾਂ ਪੀਲੀਆ ਹੋ ਜਾਂਦਾ ਹੈ।

          ਬਣਤਰ ਅਤੇ ਐਨਾਟਾਮੀ––ਜਿਗਰ ਦੀ ਖ਼ੁਰਦਬੀਨੀ ਬਣਤਰ ਬਾਰੇ 1949 ਵਿਚ ਅਤੇ ਇਸ ਦੀ ਐਨਾਟਮੀ ਬਾਰੇ 1952 ਵਿਚ ਹੀ ਪੂਰਾ ਪਤਾ ਲਗਿਆ ਹੈ।

          ਜਿਗਰ, ਸੈੱਲਾਂ ਦਾ ਇਕ ਨਿਰੰਤਰ ਪੁੰਜ ਹੁੰਦਾ ਹੈ ਜਿਨ੍ਹਾਂ ਦੇ ਵਿਚ ਆਪਸ ਵਿਚ ਜੁੜੀਆਂ ਹੋਈਆਂ ਖਾਲੀ ਥਾਵਾਂ ਹੁੰਦੀਆਂ ਹਨ। ਇਨ੍ਹਾਂ ਖਾਲੀ ਥਾਵਾਂ ਵਿਚ ਲਹੂ ਕੇਸ਼ਨਲੀਆਂ ਦਾ ਜਾਲ ਹੁੰਦਾ ਹੈ। ਨਿਮਨ ਪੱਧਰ ਰੀੜ੍ਹ ਧਾਰੀਆਂ ਵਿਚ ਖਾਲੀ ਥਾਵਾਂ ਵਿਚਲੀ ਸੈੱਲਾਂ ਦੀ ਦੀਵਾਰ ਦੋ ਸੈੱਲ ਮੋਟੀ ਅਤੇ ਥਣਧਾਰੀਆਂ ਅਤੇ ਕਈ ਪੰਛੀਆਂ ਵਿਚ ਵੀ ਇਹ ਇਕ ਸੈੱਲ ਮੋਟੀ ਹੁੰਦੀ ਹੈ। ਦੀਵਾਰਾਂ ਦੇ ਇਸ ਸਿਸਟਮ ਨੂੰ ਮਿਊਰੇਲੀਅਮ ਕਹਿੰਦੇ ਹਨ।

          ਨਾਲ ਲਗਦੇ ਜਿਗਰ ਸੈੱਲਾਂ ਦੇ ਵਿਚਕਾਰ ਛੋਟੀਆਂ ਛੋਟੀਆਂ ਨਲੀਆਂ ਪਿੱਤ-ਨਿਕੀਆਂ ਨਲੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਵਿਚ ਪ੍ਰੋਟੋਪਲਾਜ਼ਮਿਕ ਧਾਗਿਆਂ (ਮਾਈਕ੍ਰੋਵਿਲਾਈ) ਦੇ ਵਾਧਰੇ ਹੁੰਦੇ ਹਨ। ਇਹ ਨਲੀਆਂ ਇਕੱਠੀਆਂ ਹੋ ਕੇ ਬਹੁ-ਭੁਜੀ ਜਾਲੀ ਵਰਗੇ ਜਾਲ ਬਣਾਉਂਦੀਆਂ ਹਨ ਜਿਨ੍ਹਾਂ ਵਿਚੋਂ ਹਰੇਕ ਇਕ ਵੱਖਰੇ ਜਿਗਰ ਸੈੱਲ ਦੇ ਦੁਆਲੇ ਹੁੰਦਾ ਹੈ। ਹਰੇਕ ਸੈੱਲ ਵਿਚ ਇਕ, ਦੋ ਜਾਂ ਤਿੰਨ ਨਿਊਕਲੀਆਈ (ਅਤੇ ਹਰੇਕ ਵਿਚ ਨਿਊਕਲੀਓਲਸ) ਹੁੰਦੇ ਹਨ। ਖ਼ਾਲੀ ਥਾਵਾਂ ਵਾਲੇ ਪਾਸੇ ਜਿਗਰ ਸੈੱਲਾਂ ਤੋਂ ਕਈ ਉਂਗਲ-ਅਕਾਰ ਵਾਧਰੇ ਨਿਕਲੇ ਹੁੰਦੇ ਹਨ।

          ਜਿਗਰ ਵਿਚ ਲਹੂ ਮੁੱਖ ਤੌਰ ਤੇ ਆਂਦਰਾਂ ਦੀਆਂ ਕੇਸ਼ਨਲੀਆਂ ਰਾਹੀਂ ਆਉਂਦਾ ਹੈ ਜਿਹੜੀਆਂ ਇਕੱਠੀਆਂ ਹੋ ਕੇ ਮੀਜ਼ੈਂਰੇਟਿਕ ਸ਼ਿਰਾਵਾਂ ਬਣਾਉਂਦੀਆਂ ਹਨ। ਇਹ ਸ਼ਿਰਾਵਾ, ਇਕ ਸ਼ਿਰਾ ਤਿੱਲੀ ਤੋਂ ਅਤੇ ਕੁਝ ਛੋਟੀਆਂ ਛੋਟੀਆਂ ਸ਼ਿਰਾਵਾਂ ਮਿਹਦੇ ਤੋਂ ਆਉਂਦੀਆਂ ਹੋਈਆਂ ਮਿਲ ਕੇ ਇਕ ਛੋਟੀ ਤੇ ਮੋਟੀ ਪੋਰਟਲ ਸ਼ਿਰਾ ਬਣਾਉਂਦੀਆਂ ਹਨ।

          ਇਹ ਸ਼ਿਰਾ ਜਿਗਰ ਵਿਚ ਪੋਰਟਾ ਹਿਪੈਟਿਸ (ਜਿਗਰ ਦੁਆਰ) ਤੇ ਦਾਖ਼ਲ ਹੁੰਦੀ ਹੈ। ਇਥੇ ਇਹ ਦੋ ਸ਼ਾਖਾਵਾਂ (ਸੱਜੀ ਅਤੇ ਖੱਬੀ) ਵਿਚ ਵੰਡੀ ਜਾਂਦੀ ਹੈ ਜਿਨ੍ਹਾਂ ਤੋਂ ਅੱਗੋਂ ਕਈ ਸ਼ਾਖਾਵਾਂ (ਰੇਮਾਈ ਵੀਨੀ) ਨਿਕਲਦੀਆਂ ਹਨ। ਜਿਗਰ, ਪੋਰਟਲ ਗੰਦੇ ਲਹੂ ਤੇ ਆਪਣਾ ਕੰਮ ਕਰਦਾ ਹੈ ਜਿਸ ਲਈ ਲੋੜੀਂਦੀ ਊਰਜਾ ਕਾਰਬਨ (ਭੋਜਨ ਵਿਚੋਂ) ਅਤੇ ਆੱਕਸੀਜਨ ਦੇ ਸੰਯੋਜਨ ਰਾਹੀਂ ਪ੍ਰਾਪਤ ਹੁੰਦੀ ਹੈ। ਆੱਕਸੀਜਨ ਇਕ ਛੋਟੀ ਜਿਹੀ ਧਮਣੀ ਵਿਚੋਂ ਆਉਂਦੀ ਹੈ ਜਿਸ ਦੀਆਂ ਛੋਟੀਆਂ ਸ਼ਾਖਾਵਾਂ ਪੋਰਟਲ ਸ਼ਿਰਾ ਦੀਆਂ ਰੋਮਾਈ ਵੀਨੀ ਦੇ ਬਰਾਬਰ ਹੁੰਦੀਆਂ ਹਨ। ਦੋਹਾਂ ਦੀਆਂ ਛੋਟੀਆਂ ਸ਼ਾਖ਼ਾਵਾਂ ਤੋਂ ਲਹੂ ਵਿਸ਼ਿਸ਼ਟ ਕੇਸ਼-ਨਲੀਆਂ (ਸਾਈਨਸਾੱਇਡਾਂ) ਵਿਚ ਆਉਂਦਾ ਹੈ। ਇਥੋਂ ਇਹ ਲਹੂ ਜਿਗਰ ਸ਼ਿਰਾਵਾਂ ਦੀਆਂ ਸ਼ਾਖਾਵਾਂ ਵਿਚ ਜਾਂਦਾ ਹੈ ਅਤੇ ਉਥੋਂ ਅੱਗੇ ਹੇਠਲੀ ਮਹਾਸ਼ਿਰਾ (ਇਨਫੀਰੀਅਰ ਵੀਨਾ ਕੇਵਾ) ਵਿਚ ਅਤੇ ਫਿਰ ਦਿਲ ਦੇ ਸੱਜੇ ਏਟ੍ਰੀਅਮ ਵਿਚ ਚਲਾ ਜਾਂਦਾ ਹੈ।

          ਪੋਰਟਾ ਹਿਪੈਟਿਸ ਵਿਚੋਂ ਪਿੱਤ ਵੀ ਬਾਹਰ ਜਾਂਦੀ ਹੈ। ਸੂਖ਼ਮ ਪਿੱਤ ਨਿੱਕੀਆਂ ਨਲੀਆਂ ਜਿਗਰ ਵਿਚ ਇਕੱਠੀਆਂ ਹੋ ਕੇ ਨਿੱਕੀਆਂ ਨਲੀਆਂ ਨਿੱਕੀਆਂ ਨਿਕਾਸ ਵਹਿਣੀਆਂ, ਵੱਡੀਆਂ ਨਿਕਾਸ ਵਹਿਣੀਆਂ ਅਤੇ ਫਿਰ ਇੰਨੀਆਂ ਮੋਟੀਆਂ ਨਿਕਾਸ ਵਹਿਣੀਆਂ ਬਣਦੀਆਂ ਹਨ ਜਿਹੜੀਆਂ ਨੰਗੀ ਅੱਖ ਨਾਲ ਦਿਸ ਸਕਦੀਆਂ ਹਨ। ਇਹ ਪੋਰਟਲ ਸ਼ਿਰਾ ਦੀਆਂ ਸ਼ਾਖਾਵਾਂ ਦੇ ਨਾਲ ਨਾਲ ਜਾਂਦੀਆਂ ਹਨ ਪਰ ਪਿੱਤ ਦੀ ਦਿਸ਼ਾ ਲਹੂ ਦੀ ਦਿਸ਼ਾ ਤੋਂ ਉਲਟ ਪਾਸੇ ਵੱਲ ਹੁੰਦੀ ਹੈ। ਪਿੱਤ ਨਿਕਾਸ ਵਹਿਣੀਆਂ ਅੱਗੋਂ ਇਕੱਠੀਆਂ ਹੋ ਕੇ ਪੋਰਟਾ ਹਿਪੈਟਿਸ ਉਤੇ ਜਿਗਰ ਨਿਕਾਸ ਵਹਿਣੀ ਬਣਦੀ ਹੈ। ਜਿਗਰ ਤੋਂ ਬਾਹਰ ਫਿਰ ਇਹ ਦੋ ਵੱਡੀਆਂ ਸ਼ਾਖ਼ਾਵਾਂ ਵਿਚ ਵੰਡੀ ਜਾਂਦੀ ਹੈ, ਇਕ ਸ਼ਾਖ਼ਾ ਪਿੱਛ-ਬਲੈਡਰ ਨਿਕਾਸ ਵਹਿਣੀ (ਸਿਸਟਿਕ ਡਕਟ) ਕਹਾਉਂਦੀ ਹੈ ਅਤੇ ਪਿੱਤੇ (ਗਾਲ ਬਲੈਡਰ) ਵਿਚ ਖ਼ਤਮ ਹੁੰਦੀ ਹੈ। ਪਿੱਤੇ ਵਿਚ ਕੁਝ ਦੇਰ ਲਈ ਪਿੱਤ ਇਕੱਠਾ ਹੁੰਦਾ ਹੈ ਅਤੇ ਇਸ ਦੀ ਅੰਦਰਲੀ ਸਤ੍ਹਾ ਇਸ ਵਿਚੋਂ ਪਿੱਤ ਚੂਸਦੀ ਰਹਿੰਦੀ ਹੈ ਜਿਸ ਨਾਲ ਉਹ ਜ਼ਿਆਦਾ ਸੰਘਣਾ ਹੁੰਦਾ ਰਹਿੰਦਾ ਹੈ ਅਤੇ ਕਈ ਵਿਚੋਂ ਇੰਨਾ ਪਾਣੀ ਚੂਸਿਆ ਜਾਂਦਾ ਹੈ ਕਿ ਪਿੱਤ ਦੇ ਪੱਥਰ ਬਣ ਜਾਂਦੇ ਹਨ। ਦੂਜੀ ਸ਼ਾਖ਼ਾ ਨੂੰ ਮੂਲ ਪਿੱਤ ਨਿਕਾਸ ਵਹਿਣੀ (ਕਾੱਮਨ ਬਾਈਲ ਡਕਟ) ਕਹਿੰਦੇ ਹਨ ਅਤੇ ਇਹ ਅੱਗੋਂ ਡਿਊਓਡੀਨਮ ਵਿਚ ਖੁਲ੍ਹਦੀ ਹੈ।

          ਹ. ਪੁ.––ਐਨ. ਬ੍ਰਿ. 14 : 143; ਪੰ. ਟ੍ਰਿ. 23 ਮਈ, 1984


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.