ਅਕਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲ [ਨਾਂਪੁ] ਮੌਤ ਦਾ ਵੇਲਾ, ਅੰਤ ਸਮਾਂ; ਜਿਸ ਦਾ ਸੰਬੰਧ ਕਾਲ ਨਾਲ਼ ਨਹੀਂ, ਕਾਲ ਦੇ ਬੰਧਨਾਂ ਤੋਂ ਰਹਿਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8825, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਕਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲ. ਸੰਗ੍ਯਾ—ਬੁਰਾ ਸਮਾ. ਦੁਕਾਲ. ਦੁਰਭਿੱਖ (ਭਿ੖). ਕਹਿਤ। ੨ ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇ) ਦਾ ਕੋਈ ਅਸਰ ਨਹੀਂ “ਕਦਲੀ ਕੁਟੰਗ ਕਰਪੂਰ ਗਤਿ ਬਿਨ ਅਕਾਲ ਦੂਜੋ ਕਵਨ?” (ਗ੍ਯਾਨ) ੩ ਵਿ—ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. “ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ.” (ਵਿਚਿਤ੍ਰ) ੪ ਸੰਗ੍ਯਾ—ਮੌਤ ਦਾ ਵੇਲਾ. ਅੰਤ ਸਮਾ. “ਕਾਲ ਅਕਾਲ ਖਸਮ ਕਾ ਕੀਨਾ.” (ਮਾਰੂ ਕਬੀਰ) ੫ ਚਿਰਜੀਵੀ, ਮਾਰਕੰਡੇਯ ਆਦਿ. “ਸਿਮਰਹਿ ਕਾਲੁ ਅਕਾਲ ਸੁਚਿ ਸੋਚਾ.” (ਮਾਰੂ ਸੋਲਹੇ ਮ: ੫) ੬ ਕ੍ਰਿ. ਵਿ—ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ—ਅਕਾਲ ਮ੍ਰਿਤ੍ਯੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਕਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲ: ਸਿੱਖ ਧਰਮ-ਸਾਧਨਾ ਵਿਚ ਇਸ ਨੂੰ ਪਰਮਾਤਮਾ ਦਾ ਵਾਚਕ ਸ਼ਬਦ ਮੰਨਿਆ ਗਿਆ ਹੈ। ‘ਕਾਲ ’ (ਵੇਖੋ) ਦਾ ਅਰਥ ਹੈ ਸਮਾਂ , ਮ੍ਰਿਤੂ। ਇਸ ਤਰ੍ਹਾਂ ‘ਅਕਾਲ’ ਦਾ ਅਰਥ ਹੋਇਆ ਜੋ ਸਮੇਂ ਅਤੇ ਮ੍ਰਿਤੂ ਦੇ ਪ੍ਰਭਾਵ ਤੋਂ ਪਰੇ ਹੈ। ਅਜਿਹੀ ਸੱਤਾ ਕੇਵਲ ਪਰਮਾਤਮਾ ਹੀ ਹੋ ਸਕਦੀ ਹੈ। ਕਿਉਂਕਿ ਜੋ ਕਾਲ ਦਾ ਬੰਨ੍ਹਿਆ ਹੈ, ਉਹ ਜੰਮਦਾ ਅਤੇ ਮਰਦਾ ਹੈ, ਪਰ ਪਰਮਾਤਮਾ ਅਜੂਨੀ ਹੈ, ਜੰਮਦਾ ਮਰਦਾ ਨਹੀਂ , ਇਸ ਲਈ ਕਾਲ ਦੇ ਘੇਰੇ ਵਿਚ ਨਹੀਂ ਹੈ।

            ਪਰਮ-ਸੱਤਾ ਨੂੰ ਕਾਲ-ਅਤੀਤ ਮੰਨਣ ਦੀ ਪੁਰਾਣੀ ਪਰੰਪਰਾ ਹੈ। ‘ਭਗਵਦ ਗੀਤਾ’ (2/17) ਵਿਚ ਅਵਿਨਾਸ਼ੀ ਬ੍ਰਹਮ ਦਾ ਵਿਨਾਸ਼ ਕਰਨ ਵਿਚ ਕਿਸੇ ਨੂੰ ਸਮਰਥ ਨਹੀਂ ਮੰਨਿਆ ਗਿਆ ਹੈ। ਮਾਂਡੂਕੑਯ ਉਪਨਿਸ਼ਦ (1) ਵਿਚ ਉਸ ਨੂੰ ਤ੍ਰੈਕਾਲ-ਅਤੀਤ ਕਿਹਾ ਗਿਆ ਹੈ। ਸ਼੍ਵੇਤਾਸ਼੍ਵਤਰ ਉਪਨਿਸ਼ਦ (6/16) ਅਨੁਸਾਰ ਪ੍ਰਭੂ ਕਾਲ ਦਾ ਵੀ ਕਾਲ ਹੈ।

            ਗੁਰੂ ਨਾਨਕ ਦੇਵ ਜੀ ਨੇ ‘ਮੂਲ ਮੰਤ੍ਰ ’ ਵਿਚ ਪਰਮਾਤਮਾ ਨੂੰ ‘ਅਕਾਲ ਮੂਰਤਿ ’ (ਕਾਲ-ਅਤੀਤ ਸਰੂਪੀ) ਕਿਹਾ ਹੈ। ਕਿਤੇ ਕਿਤੇ ‘ਅਕਾਲ ਪੁਰਖ ’ ਵੀ ਕਿਹਾ ਗਿਆ ਹੈ। ਮਾਰੂ ਰਾਗ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ਤੂ ਪੁਰਖੁ ਅਲੇਖ ਅਗੰਮ ਨਿਰਾਲਾ (ਗੁ.ਗ੍ਰੰ.1038)। ਵਿਕਰਾਲ ਕਾਲ ਨੂੰ ਵੀ ਪਰਮਾਤਮਾ ਨੇ ਗ੍ਰਸ ਲਿਆ ਹੈ (ਕਾਲ ਬਿਕਾਲ ਕੀਏ ਇਕ ਗ੍ਰਾਸਾ— ਗੁ. ਗ੍ਰੰ.1038)। ਇਸ ਤਰ੍ਹਾਂ ਪਰਮਾਤਮਾ ਤ੍ਰੈ-ਕਾਲ ਸ਼ਾਸਿਤ ਨਹੀਂ, ਕਾਲ ਦਾ ਰਚੈਤਾ ਅਤੇ ਉਸ ਨੂੰ ਆਪਣੇ ਅਧੀਨ ਰਖਣ ਵਾਲਾ ਹੈ। ਪਰਮਾਤਮਾ ਸਦਾ ਸਲਾਮਤਿ ਹੈ, ਉਸ ਦੀ ਤੁਲਨਾ’ਤੇ ‘ਕਾਲ’ ਅਨਾਦਿ ਅਤੇ ਸਦੀਵੀ ਸੱਤਾ ਨਹੀਂ ਹੈ। ਇਸ ਤਰ੍ਹਾਂ ਇਹ ਸ਼ਬਦ ਨਿਰਗੁਣਤਾਵਾਦੀ ਹੈ।

            ‘ਦਸਮ ਗ੍ਰੰਥ ’ ਵਿਚ ਕਿਤੇ ਕਿਤੇ ‘ਅਕਾਲ’ ਨੂੰ ਕਾਲ, ਮਹਾਕਾਲ , ਸਰਬਕਾਲ ਆਦਿ ਸ਼ਬਦਾਂ ਦੁਆਰਾ ਰੂਪਾਇਕ ਕਰਕੇ ਇਸ ਨੂੰ ਸਗੁਣਤਾ ਦੇ ਘੇਰੇ ਵਿਚ ਵੀ ਲਿਆਉਂਦਾ ਗਿਆ ਹੈ। ‘ਬਚਿਤ੍ਰ ਨਾਟਕ ’ (ਅਧਿ.1) ਵਿਚ ਹੋਰ ਹਰ ਪ੍ਰਕਾਰ ਦੇ ਇਸ਼ਟਦੇਵਾਂ ਦੇ ਮੁਕਾਬਲੇ ‘ਕਾਲ’ ਦੀ ਉਪਾਸਨਾ ਲਈ ਤਾਕੀਦ ਕੀਤੀ ਗਈ ਹੈ — ਕਾਹੇ ਕੋ ਕੂਰ ਕਰੇ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਐਹੈ ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਐਹੈ ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪਿ ਟੰਗਿਓ ਤਿਮ ਤੋਹਿ ਟੰਗੈ ਹੈ ਚੇਤ ਰੇ ਚੇਤ ਅਜੋ ਜੀਅ ਮੈ ਜੜ ਕਾਲ ਕ੍ਰਿਪਾ ਬਿਨੁ ਕਾਮ ਐਹੈ98


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਕਾਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲ : ਸ਼ਬਦ ਜਿਸਦਾ ਅੱਖਰੀ ਅਰਥ ਸਦੀਵੀ, ਅਮਰ, ਅਲੌਕਿਕ ਹੈ, ਸਿੱਖ ਪਰੰਪਰਾ ਅਤੇ ਦਰਸ਼ਨ ਦਾ ਅਨਿਖੜਵਾਂ ਅੰਗ ਹੈ। ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿਚ ਇਸ ਦੀ ਵਿਆਪਕ ਵਰਤੋਂ ਹੋਈ ਹੈ ਅਤੇ ਗੁਰੂ ਜੀ ਨੇ ਤਾਂ ਆਪਣੀ ਇਕ ਰਚਨਾ ਦਾ ਸਿਰਲੇਖ ਹੀ ਅਕਾਲ ਉਸਤਤਿ ਰਖਿਆ ਹੈ।ਫਿਰ ਵੀ ਅਕਾਲ ਦਾ ਸੰਕਲਪ ਵਿਲੱਖਣ ਰੂਪ ਵਿਚ ਕੇਵਲ ਦਸਮ ਗ੍ਰੰਥ ਵਿਚ ਹੀ ਨਹੀਂ ਹੋਇਆ ਹੈ। ‘ਅਕਾਲ’ ਸ਼ਬਦ ਦੀ ਵਰਤੋਂ ਦਾ ਸਿਲਸਿਲਾ ਸਿੱਖ ਧਰਮ ਦੇ ਅਰੰਭ ਨਾਲ ਹੀ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਰਚਨਾ ਜਪੁ ਤੋਂ ਪਹਿਲਾਂ ਮੂਲ ਮੰਤਰ ਅਥਵਾ ਮੂਲ ਸਿਧਾਂਤਿਕ ਕਥਨ ਵਿਚ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਸ਼ਬਦ ਦੀ ਵਰਤੋਂ ਚੌਥੇ ਗੁਰੂ, ਗੁਰੂ ਰਾਮ ਦਾਸ ਜੀ ਦੀ ਰਚਿਤ ਬਾਣੀ ਵਿਚ ਵੀ ਮਿਲਦੀ ਹੈ। ਉਹ ਇਸ ਦੀ ਵਰਤੋਂ ‘ਸਿਰੀ ਰਾਗ ’ ਦੇ ਛੰਤਾਂ ਵਿਚ (ਗੁ.ਗ੍ਰੰ. 78) ‘ਮੂਰਤਿ’ ਨਾਲ ਸੰਯੋਜਕ ਦੇ ਰੂਪ ਵਿਚ ਕਰਦੇ ਹਨ ਅਤੇ ਗਉੜੀ ਪੂਰਬੀ ਕਰਹਲੇ (ਗੁ. ਗ੍ਰੰ. 235) ਵਿਚ ‘ਪੁਰਖੁ ’ ਨਾਲ ਕਰਦੇ ਹਨ। ਸ਼ਬਦ ‘ਅਕਾਲ’ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚ ਵੀ (ਗੁ.ਗ੍ਰੰ. 99, 609, 916, 1079 ਅਤੇ 1082) ਬਹੁਤ ਵਾਰੀ ਆਉਂਦਾ ਹੈ। ਕਬੀਰ ਜੀ ਦੀ ਬਾਣੀ ਵਿਚ ਵੀ ਅਕਾਲ ਸ਼ਬਦ ਦੀ ਵਰਤੋਂ ਕੀਤੀ ਗਈ ਹੈ।

    ਅਕਾਲ ਸ਼ਬਦ ਦੀ ਵਰਤੋਂ ਗੁਰਬਾਣੀ ਵਿਚ ਦੋ ਰੂਪਾਂ ਵਿਚ ਕੀਤੀ ਗਈ : (ੳ) ਵਿਸ਼ੇਸ਼ਕ ਜਾਂ ਵਿਸ਼ੇਸ਼ਣ ਦੇ ਤੌਰ ਤੇ (ਅ) ਸੁਤੰਤਰ ਮੌਲਿਕ ਰੂਪ ਵਿਚ। ਅਕਾਲ ਮੂਰਤਿ ਵਿਚ ਪਹਿਲਾ ਭਾਗ ਵਿਸ਼ੇਸ਼ਕ ਦੇ ਤੌਰ ਤੇ ਮੰਨਿਆ ਜਾਂਦਾ ਹੈ ਭਾਵੇਂ ਕਿ ਕਈ ਵਿਆਖਿਆਕਾਰ ਦੋਵਾਂ ਸ਼ਬਦਾਂ ‘ਅਕਾਲ’ ਅਤੇ ‘ਮੂਰਤਿ’ ਨੂੰ ਸੁੰਤਤਰ ਮੰਨਦੇ ਹਨ। ਗੁਰੂ ਅਰਜਨ ਦੇਵ ਜੀ ਅਤੇ ਕਬੀਰ ਜੀ ਨੇ ਮਾਰੂ ਰਾਗ ਵਿਚ ਕਾਲ ਅਤੇ ਅਕਾਲ ਨੂੰ ਸੁਤੰਤਰ ਰੂਪ ਵਿਚ ਹੀ ਵਰਤਿਆ ਹੈ। ਗੁਰੂ ਗੋਬਿੰਦ ਸਿੰਘ ਜੀ ਬਹੁਤਾ ਕਰਕੇ ਇਸ ਨੂੰ ਨਾਂਵ ਦੇ ਤੌਰ ਤੇ ਵਰਤਦੇ ਹਨ। ਅਕਾਲ ਉਸਤਤਿ ਅਕਾਲ ਦੀ ਮਹਿਮਾ ਹੈ ਅਤੇ ਜਾਪੁ ਦਾ ‘ਨਮਸਤੰ ਅਕਾਲੇ ਨਮਸਤੰ ਕ੍ਰਿਪਾਲੇ’ ਵੀ ਸੰਬੰਧਿਤ ਕਥਨਾਂ ਨੂੰ ਸੁਤੰਤਰ ਪ੍ਰਗਟਾਅ ਵਜੋਂ ਦਰਸਾਉਂਦੇ ਹਨ। ਇਸ ਸੰਬੰਧ ਵਿਚ ਅਕਾਲ ਦਾ ਅਰਥ ਸਮੇਂ ਤੋਂ ਪਰ੍ਹਾਂ (ਸਦੀਵੀ) ਅਲੌਕਿਕ, ਅਮਰ, ਲੌਕਿਕਤਾ ਰਾਹੀਂ ਚਾਲਿਤ ਨਾ ਹੋਣ ਵਾਲਾ ਜਾਂ ਜਨਮ, ਵਿਗਾੜ ਅਤੇ ਮੌਤ ਦੇ ਪ੍ਰਭਾਵਾਂ ਤੋਂ ਪਰੇ ਰਹਿਣ ਵਾਲਾ ਹੈ। ਇਸ ਹਰੇਕ ਭਾਗ ਦੀ ਸ਼ਬਦ ਬਣਤਰ ਤੋਂ ਨਕਾਰਾਤਮਿਕਤਾ ਦੀ ਝਲਕ ਮਿਲਦੀ ਹੈ ਪਰੰਤੂ ਭਾਵਾਰਥੀ ਦ੍ਰਿਸ਼ਟੀ ਤੋਂ ਨਿਰਸੰਦੇਹ ਇਹ ਸਕਾਰਾਤਮਿਕ ਹੈ। ਅਕਾਲ ਦਾ ਮੌਤ ਵਿਹੀਨ ਤੇ ਲੌਕਿਕਤਾ ਵਿਹੀਨ ਹੋਣਾ ਵਾਸਤਵ ਵਿਚ ਉਸਨੂੰ ਸਦੀਵੀ ਤੱਤ , ਸਦੀਵੀ ਹੋਂਦ ਪਾਰਗਰਾਮੀ ਚੇਤਨਾ ਦਸਦੇ ਹਨ ; ਇਸ ਦਾ ਹੋਰ ਅੱਗੇ ਅਰਥ ਅਨੰਤਤਾ, ਹੋਂਦ ਅਥਵਾ ਤੱਤਸਾਰ ਜਾ ਨਿਕਲਦਾ ਹੈ।

      ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਦੀ ਆਪਣੀ ਰਚਨਾ ਜਾਪੁ ਵਿਚ ਸਰਬ ਉੱਚ ਯਥਾਰਥ ਨੂੰ ਅਕਾਲ ਕਹਿੰਦੇ ਹਨ। ਇਹ ਉਹੋ ਹਸਤੀ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸਤਿ ਕਿਹਾ ਗਿਆ ਹੈ। ‘ਸਤਿ’ ਇਸ ਸਦੀਵੀ ਹਸਤੀ ਦਾ ਮੁੱਢਲਾ ਨਾਂ ਹੈ (ਗੁ. ਗ੍ਰੰ.1083)। ਅਸੀਂ ਸਾਰੇ ਨਾਂ ਜੋ ਪਰਮਾਤਮਾ ਦੇ ਸੰਬੰਧ ਵਿਚ ਉਚਾਰਦੇ ਹਾਂ ਕਾਰਜਾਤਮਿਕ ਜਾਂ ਵਿਸ਼ੇਸ਼ਣਾਤਮਿਕ ਨਾਂ ਹਨ।ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦਾਵਲੀ ਵਿਚ ਮੁਖ ਹਸਤੀ ‘ਅਨਾਮੇ ’ ਦਾ ਭਾਵ ਹੈ ਜਿਸ ਦਾ ਕੋਈ ਨਾਂ ਨਹੀਂ ਹੈ। ਪਰੰਤੂ ਅਨਾਮ (ਨਾਮਾਤੀਤ) ਵੀ ਨਾਂ ਦੇ ਤੌਰ ਤੇ ਕੰਮ ਕਰ ਸਕਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਬ੍ਰਹਮ ਦਾ ਕੋਈ ਚਿਨ੍ਹ ਚੱਕਰ ਨਹੀਂ ਹੈ ਤਾਂ ਰੂਪਾਕਾਰ ਰਹਿਤ ਹੋਣਾ ਵੀ ਇਸ ਦਾ ਇਕ ਮੁਹਾਂਦਰਾ ਬਣ ਜਾਂਦਾ ਹੈ। ਨਿਰੰਕਾਰ (ਅਕਾਰ ਰਹਿਤ) ਇਕ ਨਾਂ ਹੈ ਅਤੇ ਇਸੇ ਤਰ੍ਹਾਂ ਘੜੇ ਹੋਏ ਹੋਰ ਵੀ ਵਿਸ਼ੇਸ਼ ਨਾਂ ਹਨ। ਇਹ ਦਸਣ ਵਾਸਤੇ ਕਿ ਸਦੀਵੀ ਸੱਚ ਸਮੇਂ ਦੀ ਪਕੜ ਤੋਂ ਪਰੇ, ਅਸਥਿਰਤਾ ਜਾਂ ਬ੍ਰਹਿਮੰਡੀ ਪ੍ਰਕ੍ਰਿਆਵਾਂ ਤੋਂ ਪਰੇ ਹੈ, ਗੁਰੂ ਸਾਹਿਬਾਨ ਨੇ ਸਤਿ ਅਤੇ ਅਕਾਲ ਸ਼ਬਦਾਂ ਦੀ ਚੋਣ ਕੀਤੀ ਹੈ। ਵਾਹਿਗੁਰੂ ਇਕ ਸਕਾਰਾਤਮਿਕ ਸਰਗੁਣ ਵਜੋਂ ਨਕਾਰਾਤਮਿਕ ਲਗਣ ਵਾਲੇ ਅਕਾਲ ਦਾ ਬਦਲ ਹੈ।

    ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਬਾਣੀ ਅਤੇ ਵਿਸ਼ੇਸ਼ ਤੌਰ ਤੇ ਕਾਲ ਨਾਲ ਸੰਬੰਧਿਤ ਸੰਕਲਪਾਂ ਜਾਂ ਉਪਾਧੀਆਂ ਵਾਲੇ ਸ਼ਬਦਾਂ ਦਾ ਭੰਡਾਰ ਹੈ। ਕਾਲ ਅਤੇ ਅਕਾਲ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਮਹਾਂ ਕਾਲ (ਲੰਮਾ ਅਤੇ ਵਿਸ਼ਾਲ ਸਮਾਂ) ਅਤੇ ਸਰਬ-ਕਾਲ (ਸਦੀਵੀ ਸਮਾਂ) ਸ਼ਬਦਾਂ ਦੀ ਵਰਤੋਂ ਉਸ ਬਲਸ਼ਾਲੀ ਹੋਂਦ ਨੂੰ ਦਰਸਾਉਣ ਲਈ ਕਰਦੇ ਹਨ ਜੋ ਸ੍ਰਿਸ਼ਟੀ ਦੇ ਘਟਨਾ ਕ੍ਰਮ ਦੇ ਕਾਲ ਤੋਂ ਪਰ੍ਹੇ ਹੈ। ਗੁਰੂ ਜੀ ਲਈ ਕਾਲ ਆਪਣੇ ਆਪ ਵਿਚ ਅਕਾਲ ਦਾ ਹੀ ਇਕ ਰੂਪ ਹੈ। ਅੰਤਰ ਕੇਵਲ ਲੌਕਿਕ ਘਟਨਾਵਾਂ ਦੇ ਕਾਲ-ਕ੍ਰਮ ਅਤੇ ਅਕਾਲ ਦੀ ਸਦੀਵਤਾ ਦਾ ਹੀ ਹੈ। ਹਰ ਵਾਪਰਨ ਵਾਲੀ ਘਟਨਾ ਦਾ ਕੋਈ ਨਾ ਕੋਈ ਅਰੰਭ ਅਤੇ ਅੰਤ ਹੁੰਦਾ ਹੈ; ਹਰ ਘਟਨਾ ਸਮੇਂ ਦੇ ਨਾਲ ਚੱਲ ਰਹੀ ਪ੍ਰਕ੍ਰਿਆ ਦੀ ਹੀ ਇਕ ਕੜੀ ਹੁੰਦੀ ਹੈ। ਦੁਨੀਆਂ ਦੀ ਅਦਭੁਤ ਕ੍ਰਿਆ ਅਥਵਾ ਬ੍ਰਹਿਮੰਡੀ ਨਾਟਕੀਅਤਾ ਸਮੇਂ ਦੀ ਰਚਨਾ ਹੈ। ਸਮੇਂ ਦੀ ਸ਼ਕਤੀ ਸੰਸਾਰੀ ਘਟਨਾਵਾਂ ਨੂੰ ਬੰਧੇਜ ਵਿਚ ਰਖਦੀ ਹੈ ; ਕੇਵਲ ਕਾਲ ਹੀ ਕਾਲ ਤੋਂ ਮੁਕਤ ਹੈ ਅਤੇ ਉਹੀ ਅਕਾਲ ਹੈ। ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਪਰਮਾਤਮਾ ਕਾਲ ਅਤੇ ਕਾਲਾਤੀਤ ਹੈ। ਕਾਲ ਦਾ ਲੌਕਿਕ ਪੱਖ ਅੱਤਰੰਗ ਰੂਪ ਵਿਚ ਸਰਬ ਵਿਆਪੀ ਹੈ ਅਰਥਾਤ ਇਹ ਅਧਿਆਤਮਿਕ ਰੂਪ ਵਿਜ ਸਾਰੀਆਂ ਲੌਕਿਕ ਘਟਨਾਵਾਂ ਵਿਚ ਵਿਦੱਮਾਨ ਹੈ। ਇਹੀ ਸਰਬ ਉੱਚ ਸੱਤਾ ਦਾ ਨਿੱਜੀਪਣ ਹੈ ਭਾਵ ਸਤਿ ਚਿਤ ਅਨੰਦ ਦਾ ਚਿਤ ਜਾਂ ਚੇਤਨਾ ਪੱਖ ਹੈ। ਦੂਜਾ ਪਰਾਭੌਤਿਕ ਪੱਖ ਸਦੀਵੀ, ਪਾਰਗਾਮੀ, ਅਕਹਿ, ਅਪਹੁੰਚ, ਨਿਰਗੁਣ ਬ੍ਰਹਮ ਹੈ ਜਿਸਨੂੰ ਅਕਾਲ ਜਾਂ ਸਮੇਂ ਦੀ ਪਹੁੰਚ ਤੋਂ ਪਰ੍ਹੇ ਨਾਂ ਦਿੱਤਾ ਗਿਆ ਹੈ।

    ਅਕਾਲ ਕੋਈ ਸਥਿਰ , ਗਤੀਹੀਨ ਪਦਾਰਥ ਨਹੀਂ ਹੈ ਸਗੋਂ ਇਹ ਸਾਰੀ ਬ੍ਰਹਮੰਡੀ ਹੋਂਦ ਲਈ ਇਕ ਗਤੀਸ਼ੀਲ ਅਧਿਆਤਮਿਕ ਨਿਯਮ ਹੈ। ਦ੍ਰਿਸ਼ਟਮਾਨ ਸੰਸਾਰ ਆਤਮਾ ਦੀ ਉਪਜ ਹੈ ਅਤੇ ਆਤਮਾ ਹੀ ਸੰਸਾਰ ਵਿਚ ਵਿਆਪਤ ਹੈ। ਅਕਾਲ, ਸਿੱਖ ਜੀਵਨ ਦਰਸ਼ਨ ਅਨੁਸਾਰ ਕੇਵਲ ਚੇਤਨੰਤਾ ਦੀ ਸੁੰਨ ਅਵਸਥਾ ਨਹੀਂ ਸਗੋਂ ਸਿਰਜਣਾਤਮਿਕ ਚੇਤਨਾ ਹੈ ਜਿਵੇਂ ਕਿ ‘ਕਰਤਾ ਪੁਰਖ` ਸ਼ਬਦ ਤੋਂ ਸੰਕੇਤ ਮਿਲਦਾ ਹੈ। ਦੂਜੇ ਸ਼ਬਦਾਂ ਵਿਚ ਸਿਰਜਣਾਤਮਿਕਤਾ ਹੀ ਅਕਾਲ ਦਾ ਮੂਲ ਤੱਤ ਹੈ ਅਤੇ ਇਹ ਰਚਨਾਤਮਿਕਤਾ ਹੀ ਹੈ ਜਿਹੜੀ ਕਾਲ ਦੇ ਵਿਸਤਾਰ ਰੂਪ ਰਾਹੀਂ, ਪ੍ਰਗਟ ਹੁੰਦੀ ਹੈ ਅਤੇ ਸਮੇਂ ਰਾਹੀਂ ਕਾਰਜਸ਼ੀਲ ਹੋ ਕੇ ਅਕਾਲ, ਸ੍ਰਿਸ਼ਟੀ ਅਤੇ ਇਸ ਦੇ ਜੀਵਾਂ ਦੀ ਰਚਨਾ ਕਰਦਾ ਹੈ। ਸਿਰਜਣਾਤਮਿਕਤਾ ਰਾਹੀਂ ਅਕਾਲ ਆਪਣੇ ਆਪ ਨੂੰ ਨਿਰਗੁਣ ਤੋਂ ਸਰਗੁਣ ਅਤੇ ਅਫੁਰ ਅਵਸਥਾ ਤੋਂ ਸਫੁਰ ਅਵਸਥਾ ਵਿਚ ਅਤੇ ਰਚਨਾ-ਪੂਰਬਲੀ ਗੁਪਤ ਸੁੰਨ ਤੋਂ ਬ੍ਰਹਮੰਡੀ ਹੋਂਦ ਵਿਚ ਤਬਦੀਲ ਕਰ ਲੈਂਦਾ ਹੈ।

    ਅਕਾਲ ਦੀ ਸਿਰਜਣਾਤਮਿਕਤਾ ਸਮੇਂ ਦੇ ਸੰਕਲਪ ਜਾਂ ਲੌਕਿਕ ਪੱਖਾਂ ਤਕ ਹੀ ਸੀਮਤ ਨਹੀਂ ਹੈ। ਨਿਰਗੁਣ ਆਪਣੇ ਸਰਗੁਣ ਸਰੂਪ ਰਾਹੀਂ ਦਿੱਬ ਦਿਆਲੂ ਪਰਮਾਤਮਾ ਅਥਵਾ ਸ਼ਰਧਾਲੂਆਂ ਲਈ ਪਿਆਰ ਕਰਨ ਵਾਲੇ ਇਸ਼ਟ ਦਾ ਰੂਪ ਧਾਰਨ ਕਰਦਾ ਹੈ। ਹੁਣ ਇਹ ਅੰਤਮ ਸੱਚ ‘ਉਹ` ਬਣ ਜਾਂਦਾ ਹੈ ਜਿਸ ਨਾਲ ਸੰਪਰਕ ਅਤੇ ਮੇਲ ਦੀ ਇੱਛਾ ਉਤਪੰਨ ਹੁੰਦੀ ਹੈ। ਫੇਰ ‘ਅਕਾਲ` ਤੋਂ ਉਹ ‘ਸ੍ਰੀ ਅਕਾਲ` ਬਣ ਜਾਂਦਾ ਹੈ। ਸਿੱਖਾਂ ਦਾ ਜੈਕਾਰਾ ਅਤੇ ਆਮ ਤੌਰ ਤੇ ਵਰਤਿਆ ਜਾਣ ਵਾਲਾ ਸੰਬੋਧਨ ‘ਸਤਿ ਸ੍ਰੀ ਅਕਾਲ` ਕਾਲ ਰਹਿਤ ਸਤਿ ਦੇ ਇਸ ਸਿਧਾਂਤ ਨੂੰ ਸੰਖੇਪ ਰੂਪ ਦਰਸਾਉਂਦਾ ਹੈ ਕਿ ਇਹ ਅਕਾਲ ਹੀ ਅਦੁਤੀ ਅਤੇ ਸਦੀਵੀ ਸਚਾਈ ਹੈ। ‘ਸਤਿ ਸ੍ਰੀ ਅਕਾਲ ’ ਦੇ ਸੰਬੋਧਨ ਵਿਚ ਅਕਾਲ ਅਤੇ ਸਤਿ ਦੋਹਾਂ ਸੰਕਲਪਾਂ ਦਾ ਸੁਮੇਲ ਇਹ ਦਸਦਾ ਹੈ ਕਿ ‘ਸਦੀਵੀ ਸੱਤਾ’ ਅਤੇ ਅਕਾਲ ਇਕ ਹੀ ਹਨ। ਇਸ ਪ੍ਰਕਾਰ ਸਿਰਜਣਾਤਮਿਕ ਮੂਲ, ਪਰਾਭੌਤਿਕ ਹੋਂਦ ਨੂੰ ਸੰਸਾਰ ਦੇ ਕਿਰਿਆਸ਼ੀਲ ਪੱਖ ਵਿਚ, ਬ੍ਰਹਿੰਮਡੀ ਪ੍ਰਕ੍ਰਿਆ ਨੂੰ ਚੇਤਨ ਸ਼ਕਤੀ ਵਿਚ, ਸੰਸਾਰ ਦੇ ਸੂਰਬੀਰ ਅਥਵਾ ਅਨੰਦ ਮਾਣਨ ਵਾਲੇ ਮਾਲਿਕ ਰੂਪ ਵਿਚ ਤਬਦੀਲ ਕਰ ਦਿੰਦਾ ਹੈ। ਦਿਆਲੂ ਰੂਪ ਵਿਚ ਅਕਾਲ (ਪਰਮਾਤਮਾ) ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਕੋਲੋਂ ਕੁਝ ਕੁ ਸਿਰਜਣਾਤਮਿਕਤਾ, ਪ੍ਰਦਾਨ ਕਰਦਾ ਹੈ। ਇਸ ਪ੍ਰਕਾਰ ਮਨੁੱਖਤਾ ਸਿਰਜਣਾਤਮਿਕਤਾ, ਰੱਬੀ ਸਿਰਜਣਾਤਮਿਕਤਾ ਦੇ ਵਿਸ਼ਾਲ ਭੰਡਾਰ ਵਿਚੋਂ ਪ੍ਰਾਪਤ ਕਰਦੀ ਹੈ।

    ਸੂਰਬੀਰਤਾ ਅਤੇ ਬਹਾਦਰੀ ਸਿੱਖ ਪਰੰਪਰਾ ਦੇ ਮੰਨੇ ਪ੍ਰਮੰਨੇ ਗੁਣ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਅਕਾਲ, ਸਰਬ ਲੋਹ ਹੈ ਜੋ ਪ੍ਰਤੀਕਾਤਮਿਕ ਤੌਰ ਤੇ ਪ੍ਰਸੰਸਾਯੋਗ ਸੂਰਬੀਰਤਾ ਹੈ। ਸੂਰਬੀਰ ਵਾਸਤੇ ਜਪੁ ਦੀ 27ਵੀਂ ਪਉੜੀ (ਗੁ.ਗ੍ਰੰ.6) ਵਿਚ ਗੁਰੂ ਨਾਨਕ ਦੇਵ ਜੀ ਨੇ ਜੋਧ-ਮਹਾਂਬਲੀ -ਸੂਰਮਾ ਵਰਤੇ ਹਨ।ਗੁਰੂ ਗੋਬਿੰਦ ਸਿੰਘ ਜੀ ਨੇ ਸਰਬਕਾਲ (ਜਾਪੁ 19,20) ਸਰਬ-ਦਯਾਲ (ਜਾਪੁ 19,23,28) ਸਰਬ ਪਾਲ (ਜਾਪੁ 28, 45) ਵਰਗੇ ਵਿਸ਼ੇਸ਼ਣਾਂ ਨਾਲ ਅਕਾਲ ਪੁਰਖ ਦੀ ਸਿਰਜਣਾਤਮਿਕਤਾ ਨੂੰ ਪ੍ਰਗਟਾਇਆ ਹੈ। ਇਸੇ ਹੀ ਸੰਦਰਭ ਵਿਚ ਉਹ ਉਸ ਨੂੰ ਪ੍ਰਤਾਪੀ, ਮਹਾਨ, ਸਰਵਸ੍ਰੇਸ਼ਠ, ਜੋਗੀਆਂ ਦਾ ਜੋਗੀ , ਚੰਦਾਂ ਦਾ ਚੰਦ , ਨਾਦਾਂ ਦਾ ਨਾਦ, ਨਿਰਤ ਦੀ ਲੈਅ , ਪਾਣੀਆਂ ਦੀ ਤਰਲਤਾ , ਪੌਣਾਂ ਦੀ ਰੁਮਕਤਾ ਕਹਿੰਦੇ ਹਨ। ਇਹੀ ਅਕਾਲ, ਕ੍ਰਿਪਾਲ, ਦਿਆਲ ਪਰਮਾਤਮਾ ਹੈ। ਦਰਅਸਲ ਜਾਪੁ ਦੀ ਸਾਰੀ ਰਚਨਾ ਵਿਚ ਗੁਰੂ ਜੀ ਨੇ ਅਕਾਲ ਲਈ ਵਰਤੇ ਗੁਣਵਾਚਕ ਨਾਵਾਂ ਦੁਆਰਾ ਅਕਾਲ ਕ੍ਰਿਪਾਲ ਦੀ ਏਕਤਾ ਉਤੇ ਧਿਆਨ ਕੇਂਦਰਿਤ ਕੀਤਾ ਹੈ। ਨਿਰੰਕਾਰ ਅਕਾਲ ਮਨੁੱਖਾਂ ਰਾਹੀਂ ਹੀ ਵਿਅਕਤ ਹੁੰਦਾ ਹੈ। ਉਸ ਦੇ ਸਾਰ ਤੱਤ ਤੋਂ ਉਤਪੰਨ ਸਾਰੇ ਜੀਵਾਂ ਅਤੇ ਪਦਾਰਥਾਂ ਨੂੰ ਅਕਾਲ ਆਪਣੇ ਘੇਰੇ ਵਿਚ ਬਣਾਈ ਰਖਦਾ ਹੈ। ਮਨੁੱਖੀ ਸੰਸਾਰ ਤੋਂ ਇਹ ਪਰ੍ਹਾਂ ਤਕ ਵੀ ਹੁੰਦਾ ਹੈ ਫਿਰ ਵੀ ਉਹ ਸਾਰਿਆਂ ਲਈ ਬਹੁਤ ਦਿਆਲੂ ਹੈ। ਅਕਾਲ ਦਾ ਕਾਲਾਤੀਤ ਸਾਰ ਸਾਰੀ ਲੌਕਿਕ ਹੋਂਦ ਵਿਚ ਮੌਜੂਦ ਬਣਿਆ ਰਹਿੰਦਾ ਹੈ।

    ਗੁਰੂ ਗੋਬਿੰਦ ਸਿੰਘ ਜੀ ਦੇ ਜਾਪੁ (ਸਾਹਿਬ) ਵਿਚ ਕੇਂਦਰੀ ਸਿਧਾਂਤ ਅਕਾਲ ਦਾ ਸੰਕਲਪ ਸਿੱਖ ਜੀਵਨ ਦੇ ਸਮਾਜਿਕ , ਰਾਜਨੀਤਿਕ ਅਤੇ ਸਭਿਆਚਾਰਿਕ ਪਹਿਲੂਆਂ ਵਿਚ ਰਚਿਆ-ਮਿਚਿਆ ਹੋਇਆ ਹੈ। ਜਾਪੁ ਦੇ ਵਿਸ਼ਾ-ਵਸਤੂ ਤੋਂ ਪ੍ਰੇਰਿਤ ਹੋ ਕੇ ਹੀ ਸਿੱਖ ਗੁਰੂ ਜੀ ਦੀ ਬਾਣੀ ਨੂੰ ਅਕਾਲੀ-ਬਾਣੀ ਕਹਿੰਦੇ ਹਨ। ਸਿੱਖ ਭਾਈਚਾਰੇ ਦਾ ਰਾਜਨੀਤਿਕ ਅੰਗ ‘ਅਕਾਲੀ ਦਲ ’ ਕਰਕੇ ਜਾਣਿਆ ਜਾਂਦਾ ਹੈ। ਸਤਿ ਸ਼੍ਰੀ ‘ਅਕਾਲ’ ਦਾ ਬੋਲਾ (ਜੈਕਾਰਾ) ਹੁਣ ਆਮ ਕਰਕੇ ਪੰਜਾਬੀਆਂ ਵਿਚ ਅਭਿਨੰਦਨ ਦਾ ਲਖਾਇਕ ਹੋ ਗਿਆ ਹੈ। ਇਹ ਕਿਰਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਲਗਪਗ ਅੱਧੀ ਸਦੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਵਿਖੇ ਸਿੱਖ ਪੰਥ ਦੀ ਮੀਰੀ ਪੀਰੀ ਦੇ ਮੇਲ ਦੀ ਲਖਾਇਕ ਗੱਦੀ ਦਾ ਨਾਂ ‘ਅਕਾਲ ਤਖ਼ਤ ’ ਰੱਖਿਆ ਸੀ।


ਲੇਖਕ : ਵ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਕਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਕਾਲ (ਗੁ.। ਸੰਸਕ੍ਰਿਤ) ਕਾਲ ਤੋਂ ਰਹਿਤ ਪਰਮਾਤਮਾ। ਯਥਾ-‘ਅਕਾਲ ਮੂਰਤਿ ’।

੨. ਜਨਮ। ਯਥਾ-‘ਕਾਲੁ ਅਕਾਲੁ ਖਸਮ ਕਾ ਕੀਨਾੑ’ ਮਰਨ ਤੇ ਜਨਮ ਖਸਮ ਦਾ ਕੀਤਾ ਹੋਯਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਕਾਲ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਕਾਲ : ਸਿੱਖ ਧਰਮ–ਸਾਧਨਾ ਵਿਚ ਇਸ ਨੂੰ ਪਰਮਾਤਮਾ ਦਾ ਵਾਚਕ ਸ਼ਬਦ ਮੰਨਿਆ ਗਿਆ ਹੈ। ‘ਕਾਲ’ ਦਾ ਅਰਥ ਹੈ ਸਮਾਂ, ਮ੍ਰਿਤੂ। ਇਸ ਤਰ੍ਹਾਂ ‘ਅਕਾਲ’ ਦਾ ਅਰਥ ਹੋਇਆ ਜੋ ਸਮੇਂ ਅਤੇ ਮ੍ਰਿਤੂ ਦੇ ਪ੍ਰਭਾਵ ਤੋਂ ਪਰੇ ਹੈ। ਅਜਿਹੀ ਸੱਤਾ ਕੇਵਲ ਪਰਮਾਤਮਾ ਹੀ ਹੋ ਸਕਦੀ ਹੈ ਕਿਉਂਕਿ ਜੋ ਕਾਲ ਦਾ ਬੰਨ੍ਹਿਆ ਹੈ, ਉਹ ਜੰਮਦਾ ਅਤੇ ਮਰਦਾ ਹੈ, ਪਰ ਪਰਮਾਤਮਾ ਹੀ ਅਜੂਨੀ ਹੈ, ਜੰਮਦਾ ਮਰਦਾ ਨਹੀਂ, ਇਸ ਲਈ ਕਾਲ ਦੇ ਘੇਰੇ ਵਿਚ ਨਹੀਂ ਹੈ। ਪਰਮ–ਸੱਤਾ ਨੂੰ ਕਾਲ–ਅਤੀਤ ਮੰਨਣ ਦੀ ਪੁਰਾਣੀ ਪਰੰਪਰਾ ਹੈ। ਭਗਵਦ ਗੀਤਾ (2/17) ਵਿਚ ਅਵਿਨਾਸ਼ੀ ਬ੍ਰਹਮ ਦਾ ਵਿਨਾਸ਼ ਕਰਨ ਵਿਚ ਕਿਸੇ ਨੂੰ ਸਮਰਥ ਨਹੀਂ ਮੰਨਿਆ ਗਿਆ ਹੈ। ਮਾਂਡੂਕੑਯ ਉਪਨਿਸ਼ਦ (1) ਵਿਚ ਉਸ ਨੂੰ ਤ੍ਰੈਕਾਲ–ਅਤੀਤ ਕਿਹਾ ਗਿਆ ਹੈ। ਸ਼੍ਵੇਤਾਸ਼੍ਵਤਰ ਉਪਨਿਸ਼ਦ (6/16) ਅਨੁਸਾਰ ਪ੍ਰਭੂ ਕਾਲ ਦਾ ਵੀ ਕਾਲ ਹੈ। ਗੁਰੂ ਨਾਨਕ ਦੇਵ ਨੇ ‘ਮੂਲ ਮੰਤ੍ਰ’ ਵਿਚ ਪਰਮਾਤਮਾ ਨੂੰ ‘ਅਕਾਲ ਮੂਰਤਿ’ (ਕਾਲ–ਅਤੀਤ ਸਰੂਪੀ) ਕਿਹਾ ਹੈ। ਕਿਤੇ ਕਿਤੇ ‘ਅਕਾਲ ਪੁਰਖ’ ਵੀ ਕਿਹਾ ਗਿਆ ਹੈ। ਮਾਰੂ ਰਾਗ ਵਿਚ ਗੁਰੂ ਜੀ ਨੇ ਦਸਿਆ ਹੈ ਕਿ “ਤੂ ਅਕਾਲ ਪੁਰਖ ਨਾਹੀ ਸਿਰਿ ਕਾਲਾ। ਤੂ ਪੁਰਖ ਅਲੇਖ ਅਗਮ ਨਿਰਾਲਾ” (ਆ. ਗ੍ਰੰ. ੧੦੩੮)। ਵਿਕਰਾਲ ਕਾਲ ਨੂੰ ਵੀ ਪਰਮਾਤਮਾ ਨੇ ਗ੍ਰਸ ਲਿਆ ਹੈ (‘ਕਾਲ ਬਿਕਾਲ ਕੀਏ ਇਕ ਗ੍ਰਾਸਾ–ਆ.ਗ੍ਰ. ੧੦੩੮)। ਇਸ ਤਰ੍ਹਾਂ ਪਰਮਾਤਮਾ ਤ੍ਰੈਕਾਲ ਸ਼ਾਸਿਤ ਨਹੀਂ, ਕਾਲ ਦਾ ਰਚੈਤਾ ਅਤੇ ਉਸ ਨੂੰ ਆਪਣੇ ਅਧੀਨ ਰੱਖਣ ਵਾਲਾ ਹੈ। ਪਰਮਾਤਮਾ ‘ਸਦਾ ਸਲਾਮਿਤ’ ਹੈ, ਉਸ ਦੀ ਤੁਲਨਾ ਤੇ ‘ਕਾਲ’ ਅਨਾਦਿ ਅਤੇ ਸਦੀਵੀ ਸੱਤਾ ਨਹੀਂ ਹੈ।

 [ਸਹਾ. ਗ੍ਰੰਥ–ਵੇਖੋ ਮ.ਕੋ.; ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ : ਵਿਆਕਤਿਤ਺, ਕ੍ਰਿਤਿਤ੍ਵ ਔਰ ਚਿੰਤਨ (ਹਿੰਦੀ)]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਅਕਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਕਾਲ, ਪੁਲਿੰਗ / ਵਿਸ਼ੇਸ਼ਣ : ੧. ਜਿਸ ਦਾ ਕਾਲ ਨਹੀਂ; ੨. ਠੀਕ ਸਮੇਂ ਤੋਂ ਪਹਿਲਾਂ; ੩. ਵਾਹਿਗੁਰੂ; ੪. ਪਰਮੇਸ਼ਰ

–ਅਕਾਲ ਉਸਤਤ, ਇਸਤਰੀ ਲਿੰਗ : ੧. ਵਾਹਿਗੁਰੂ ਦੀ ਮਹਿਮਾ; ੨. ਦਸਮ ਗ੍ਰੰਥ ਦੀ ਇਕ ਬਾਣੀ

–ਅਕਾਲਸਰ, ਪੁਲਿੰਗ : ਅੰਮ੍ਰਿਤਸਰ ਵਿਚ ਇਕ ਖੂਹ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਮਤ ੧੬੬੯ ਵਿਚ ਲਗਵਾਇਆ

–ਅਕਾਲ ਚਲਾਣਾ ਕਰਨਾ, ਮੁਹਾਵਰਾ : ੧. ਜੁਆਨੀ ਵਿਚ ਮਰਨਾ; ੨. ਸੁਰਗਵਾਸ ਹੋਣਾ, ਮਰਨਾ

–ਅਕਾਲ ਤਖਤ, ਪੁਲਿੰਗ : ਸ੍ਰੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਸਾਹਮਣੇ ਦਾ ਉੱਚਾ ਰਾਜ-ਸਿੰਘਾਸਣ ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਹੈ

–ਅਕਾਲ ਪੁਰਖ, ਪੁਲਿੰਗ : ਉਹ ਹਸਤੀ ਜਿਸ ਉਤੇ ਕਾਲ ਦਾ ਅਸਰ ਨਹੀਂ ਪਰਮੇਸ਼ਰ ਵਾਹਿਗੁਰੂ

–ਅਕਾਲ ਬਾਂਗਾ, ਪੁਲਿੰਗ : ਨਿਹੰਗ ਸਿੰਘਾਂ ਦਾ ਸਤਿ ਸ੍ਰੀ ਅਕਾਲ ਦਾ ਜੈਕਾਰਾ

–ਅਕਾਲ ਬੁੰਗਾ, ਪੁਲਿੰਗ : ਸ੍ਰੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਸਾਹਮਣੇ ਦਾ ਉੱਚਾ ਰਾਜ-ਸਿੰਘਾਸਣ ਜਿਸ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਮਤ ੧੬੬੫ ਵਿਚ ਤਿਆਰ ਕਰਵਾਇਆ

–ਅਕਾਲ ਮ੍ਰਿਤੂ, ਇਸਤਰੀ ਲਿੰਗ : ਕੁਵੇਲੇ ਦੀ ਮੌਤ, ਅਚਣਚੇਤ ਮੌਤ, ਦੁਰਘਟਨਾਂ ਨਾਲ ਹੋਈ ਮੌਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-02-24-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First