ਅਕਾਲ ਪੁਰਖ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲ ਪੁਰਖ : ਸਿੱਖ ਧਾਰਮਿਕ ਸਾਹਿਤ ਵਿਚ ਦੈਵੀ ਹਸਤੀ ਅਰਥਾਤ ਪਰਮਾਤਮਾ ਲਈ ਵਰਤਿਆ ਜਾਂਦਾ ਹੈ। ਅਕਾਲ ਮੂਰਤਿ ਦੀ ਤਰ੍ਹਾਂ ਇਹ ਦੋ ਇਕਾਈਆਂ ਦਾ ਸਮਾਸ ਹੈ ਜਿਵੇਂ ਅਕਾਲ (ਅਲੌਕਿਕ) ਅਤੇ ਪੁਰਖ (ਪੁਰਸ਼)। ਅਖ਼ੀਰਲਾ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਜਪੁ ਦੇ ਸ਼ੁਰੂ ਵਿਚ ਆਏ ਮੂਲ ਮੰਤਰ ਵਿਚ ਕਰਤਾ (ਕਰਤਾਰ) ਨਾਲ ਯੋਜਕ ਰੂਪ ਵਿਚ ਆਉਂਦਾ ਹੈ, ਜਿਸ ਦਾ ਸਮੁੱਚਾ ਭਾਵ ਹੈ ਦੈਵੀ ਕਰਤਾ ਪੁਰਖ। ਸਿੱਖ ਪਰੰਪਰਾ ਵਿਚ ਵਰਤੇ ਜਾਂਦੇ ਸਮਾਨਾਰਥੀ ਸ਼ਬਦ ਵਾਹਿਗੁਰੂ ਅਤੇ ਸਤਿਨਾਮ ਦੀ ਤਰਾਂ ਅਕਾਲ ਪੁਰਖ ਸ਼ਬਦ ਵੀ ਆਮ ਪ੍ਰਚਲਿਤ ਹੋ ਗਿਆ ਹੈ।

    ਭਾਸ਼ਾ ਵਿਗਿਆਨਿਕ ਚਿੰਨ੍ਹ ਦੇ ਤੌਰ ‘ਤੇ ‘ਪੁਰਖ` ਸੰਸਕ੍ਰਿਤ ‘ਪੁਰਸ਼` (ਨਰ-ਮਨੁੱਖ) ਤੋਂ ਲਿਆ ਗਿਆ ਹੈ ਜੋ ਨਿਸਚਿਤ ਤੌਰ ਤੇ ਪੁਲਿੰਗ ਰੂਪ ਵਿਚ ਵਰਤਿਆ ਜਾਂਦਾ ਹੈ। ਵੈਦਿਕ ਸਾਹਿਤ ਵਿਚ ਇਹ ਸ਼ਬਦ ਸੰਸਾਰ ਲਈ ਵੀ ਵਰਤਿਆ ਜਾਂਦਾ ਹੈ ਜਿਸ ਦਾ ਅਰਥ ਹੈ ਬ੍ਰਹਿਮੰਡੀ ਹੋਂਦ ਦੀ ਸਮੁੱਚਤਾ। ਭਾਰਤੀ ਦਰਸ਼ਨ ਦੀਆਂ ਸਾਂਖ ਅਤੇ ਯੋਗ ਪ੍ਰਣਾਲੀਆਂ ਦੇ ਦੋ ਤੱਤਮੀਮਾਂਸਿਕ ਸਿਧਾਤਾਂ ਵਿਚੋਂ ਪੁਰਸ਼ ਅਧਿਆਤਮਿਕਤਾ ਜਾਂ ਕੇਵਲ ਚੇਤਨਤਾ ਲਈ ਵਰਤਿਆ ਜਾਂਦਾ ਹੈ ਜੋ ਭੌਤਿਕ ਗੁਣਾਂ ਵਾਲੀ ਪ੍ਰਕ੍ਰਿਤੀ (ਕੁਦਰਤ) ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਪੁਰਸ਼ ਵਿਚ ਮੁਖ ਵਸਤੂ ਚੇਤਨਤਾ ਹੈ ਜੋ ਪਰਮ ਸਤਿ ਦੇ ਸਤਿ-ਚਿਤ-ਅਨੰਦ ਸਿਧਾਂਤ ਵਿਚੋਂ ‘ਚਿਤ` ਰੂਪ ਵਿਚ ਜਾਣੀ ਜਾਂਦੀ ਹੈ। ਇਸ ਰੂਪ ਵਿਚ ਇਹ ਸ਼ਬਦ ਪੁਰਸ਼ ਨੂੰ ਅਧਿਆਤਮਿਕਤਾ ਪ੍ਰਦਾਨ ਕਰਦਾ ਹੈ ਜਿਸ ਦਾ ਭਾਵ ਹੈ ਦੈਵੀ ਪੁਰਖ। ਸਿੱਖ ਪਰੰਪਰਾ ਅਤੇ ਸਾਹਿਤ ਵਿਚ ਅਕਾਲ ਨਾਲ ਮਿਲ ਕੇ ਇਸ ਦਾ ਅਰਥ ਸਦੀਵੀ ਦੈਵੀ ਪੁਰਖ (ਪਰਮਾਤਮਾ) ਜਾਣਿਆ ਜਾਂਦਾ ਹੈ।

    ਅਕਾਲ ਪੁਰਖ ਇਕ ਸੰਯੁਕਤ ਸ਼ਬਦ ਦੇ ਤੌਰ ‘ਤੇ ਗੁਰੂ ਗ੍ਰੰਥ ਸਾਹਿਬ (ਗੁ. ਗ੍ਰੰ. 1038) ਵਿਚ ਇਕ ਵਾਰੀ ਆਇਆ ਹੈ। ਗੁਰੂ ਰਾਮ ਦਾਸ ਜੀ ਦੀ ਗਉੜੀ ਪੂਰਬੀ ਕਰਹਲੇ (ਗੁ.ਗ੍ਰੰ. 235) ਵਿਚ ਵੀ ਸਾਨੂੰ ਇਹ ਸ਼ਬਦ ਵਿਪਰੀਤ-‘ਪੁਰਖ ਅਕਾਲਿ` ਰੂਪ ਵਿਚ ਮਿਲਦਾ ਹੈ। ਦਸਮ ਗ੍ਰੰਥ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿਚ ਵੀ ਇਹ ਸ਼ਬਦ ‘ਅਕਾਲ ਪੁਰਖੁ` ਸਦੀਵੀ ਸੱਤਾ ਪਰਮਾਤਮਾ ਲਈ ਵਰਤਿਆ ਮਿਲਦਾ ਹੈ। ਸਿੱਖ ਧਰਮ ਵਿਚ ‘ਅਕਾਲ` ਦੀ ਪ੍ਰਮੁਖ ਅਤੇ ਕੇਂਦਰੀ ਸਿਧਾਂਤ ਵਜੋਂ ‘ਪੁਰਖ` ਨਾਲ ਵਰਤੋਂ ਇਸ ਨੂੰ ਵਿਸ਼ੇਸ਼ ਧਰਮ ਵਿਗਿਆਨਿਕ ਮਹੱਤਤਾ ਪ੍ਰਦਾਨ ਕਰਦੀ ਹੈ।


ਲੇਖਕ : ਵ.ਸ. ਅਤੇ ਅਨੁ: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਕਾਲ ਪੁਰਖ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਕਾਲ ਪੁਰਖ  :  ਅਕਾਲ ਸ਼ਬਦ ਦੇ ਅਰਥ ਹਨ-ਕਾਲ ਰਹਿਤ ਅਰਥਾਤ ਉਹ ਪੁਰਖ ਜੋ ਤਿੰਨਾਂ ਕਾਲਾਂ ਤੋਂ ਨਿਰਲੇਪ ਹੋਵੇ ਅਥਵਾ ਜਨਮ ਮਰਨ ਦੇ ਬੰਧਨ ਤੋਂ ਮੁਕਤ ਹੋਵੇ ਅਤੇ ਜੋ ਸਦਾ ਸਤਿ ਚਿੱਤ ਆਨੰਦ ਦੀ ਅਵਸਥਾ ਵਿਚ ਰਹੇ। ਅਕਾਲ ਪੁਰਖ ਪਦ ਉਸ ਅਨਾਦੀ ਹਸਤੀ ਦਾ ਬੋਧ ਕਰਾਉਂਦਾ ਹੈ ਜੋ ਸਦਾ ਇਕ ਰਸ ਵਿਗਸਦੀ ਹੈ ਜੋ ਅਮਰ ਤੇ ਅਜਰ ਹੈ। ਅਕਾਲ ਪੁਰਖ ਉਹ ਹਸਤੀ ਹੈ ਜਿਸ ਦਾ ਕਦੇ ਕਾਲ ਨਹੀਂ ਹੁੰਦਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-05-06-23, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.