ਅਕਾਲ-ਤਖ਼ਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲ-ਤਖ਼ਤ [ਨਿਪੁ] ਸਿੱਖ ਪੰਥ ਦੇ ਪੰਜ ਤਖ਼ਤਾਂ ਵਿਚੋਂ ਸਰਵਉੱਚ ਤਖ਼ਤ ਜੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸਥਿਤ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਕਾਲ-ਤਖ਼ਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲ-ਤਖ਼ਤ: ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦੀ ਡਿਉਢੀ ਦੇ ਸਾਹਮਣੇ ਸਥਿਤ ਤਖ਼ਤ-ਨੁਮਾ ਇਕ ਉੱਚੀ ਇਮਾਰਤ ਨੂੰ ‘ਅਕਾਲ-ਤਖ਼ਤ’ ਕਿਹਾ ਜਾਂਦਾ ਹੈ ਜੋ ਗੁਰੂ ਹਰਿਗੋਬਿੰਦ ਸਾਹਿਬ ਨੇ ਸੰਨ 1606 ਈ. (1663 ਬਿ.) ਵਿਚ ਸ਼ੁਰੂ ਕਰਵਾ ਕੇ ਸੰਨ 1608 ਈ. ਵਿਚ ਮੁਕੰਮਲ ਕਰਾਈ ਸੀ। ਇਸ ਦੀ ਉਸਾਰੀ ਦਾ ਕੰਮ ਭਾਈ ਗੁਰਦਾਸ ਨੂੰ ਸੌਂਪਿਆ ਗਿਆ। ਪਹਿਲਾਂ ਇਹ ਇਕ ਥੜੇ ਦੀ ਸ਼ਕਲ ਵਿਚ ਸੀ। ਫਿਰ ਇਸ ਉਤੇ ਇਮਾਰਤ ਬਣਵਾਏ ਜਾਣ ਕਾਰਣ ਅਤੇ ਇਸ ਵਿਚ ਅਕਾਲੀ ਫੂਲਾ ਸਿੰਘ ਦੇ ਨਿਵਾਸ ਕਰਕੇ ਇਸ ਦਾ ਨਾਂ ‘ਅਕਾਲ-ਬੁੰਗਾ’ ਪ੍ਰਚਲਿਤ ਹੋਇਆ। ਪਰ ਕਈ ਵਿਦਵਾਨ ‘ਅਕਾਲਸ਼ਬਦ ਨੂੰ ਪਰਮਾਤਮਾ ਦਾ ਸਮਾਨਾਰਥਕ ਦਸ ਕੇ ਇਸ ਨੂੰ ਪਰਮ-ਸੱਤਾ ਸੂਚਕ ਮੰਨਦੇ ਹਨ। ਇਸ ਇਮਾਰਤ ਦੇ ਦਰਸ਼ਨੀ ਡਿਉਢੀ ਵਾਲੇ ਪਾਸੇ ਗੁਰੂ ਹਰਿਗੋਬਿੰਦ ਸਾਹਿਬ ਸ਼ਾਮ ਵੇਲੇ ਆਪਣਾ ਸਿੰਘਾਸਨ ਲਗਾਉਂਦੇ ਸਨ ਅਤੇ ਖੁਲ੍ਹੇ ਮੈਦਾਨ ਵਿਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਸਨ, ਨਾਲੇ ਸ਼ਸਤ੍ਰਾਂ ਦਾ ਅਭਿਆਸ ਕੀਤਾ ਜਾਂਦਾ ਸੀ। ਇਥੇ ਹੀ ਕਥਾ-ਵਾਰਤਾ ਹੁੰਦੀ ਸੀ, ਢਾਢੀ ਲੋਕ ਵਾਰਾਂ ਗਾਉਂਦੇ ਸਨ।

            ਇਸ ਇਮਾਰਤ ਦੇ ਬਣਾਉਣ ਦਾ ਉੱਦੇਸ਼ ਇਹ ਸੀ ਕਿ ਅਧਿਆਤਮਿਕਤਾ ਦੇ ਨਾਲ ਨਾਲ ਸਿੱਖਾਂ ਨੂੰ ਆਤਮ-ਰਖਿਆ ਲਈ ਵੀ ਤਿਆਰ ਕੀਤਾ ਜਾਏ। ਫਲਸਰੂਪ ਅਕਾਲ-ਬੁੰਗੇ ਦੀ ਸਥਾਪਨਾ ਨਾਲ ਸਿੱਖ-ਧਰਮ ਵਿਚ ਰਾਜਨੈਤਿਕ ਚੇਤਨਾ ਦਾ ਵਿਕਾਸ ਆਰੰਭ ਹੋਇਆ। ਦਸਵੇਂ ਗੁਰੂ ਤੋਂ ਬਾਦ ਇਹੀ ਸਥਾਨ ਸਿੱਖ ਜੱਥੇਬੰਦੀ ਦਾ ਕੇਂਦਰ ਬਣਿਆ। ਸਿੱਖਾਂ ਦੀ ਸ਼ਕਤੀ ਨੂੰ ਸਥਾਈ ਤੌਰ ’ਤੇ ਖ਼ਤਮ ਕਰਨ ਦੇ ਉੱਦੇਸ਼ ਤੋਂ ਅਹਿਮਦ ਸ਼ਾਹ ਦੁਰਾਨੀ ਨੇ ਸੰਨ 1762 ਈ. ਵਿਚ ਇਸ ਨੂੰ ਪੂਰੀ ਤਰ੍ਹਾਂ ਢਵਾ ਦਿੱਤਾ, ਪਰ ਸਿੱਖਾਂ ਨੇ ਹਿੰਮਤ ਕਰਕੇ ਸੰਨ 1774 ਈ. ਵਿਚ ਇਸ ਦੀ ਪਹਿਲੀ ਮੰਜ਼ਿਲ ਦੀ ਪੁਨਰ-ਉਸਾਰੀ ਕਰ ਲਈ। ਬਾਕੀ ਦੀਆਂ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਉਸਾਰੀਆਂ ਗਈਆਂ।

            ਹਰ ਸਾਲ ਵਿਸਾਖੀ ਅਤੇ ਦੀਵਾਲੀ ਦੇ ਅਵਸਰਾਂ’ਤੇ ਸਮੂਹ ਸਿੱਖ ਜੱਥੇਬੰਦੀਆ ਸਰਬੱਤ ਖ਼ਾਲਸਾ ਦੇ ਰੂਪ ਵਿਚ ਇੱਥੇ ਇਕਠੀਆਂ ਹੁੰਦੀਆਂ ਸਨ। ਇਸ ਤੋਂ ਇਲਾਵਾ ਸੰਕਟ ਵੇਲੇ ਵੀ ਇਥੇ ਹੀ ਗੁਰਮਤੇ ਪਾਸ ਹੁੰਦੇ ਅਤੇ ਸਿੱਖ ਮਿਸਲਾਂ ਵੇਲੇ ਉਨ੍ਹਾਂ ਦੇ ਝਗੜੇ ਵੀ ਇਥੇ ਹੀ ਨਿਪਟਾਏ ਜਾਂਦੇ। ਤਨਖ਼ਾਹੀਏ ਸਿੱਖਾਂ ਨੂੰ ਧਾਰਮਿਕ ਰੀਤੀ ਅਨੁਸਾਰ ਸਜ਼ਾ ਵੀ ਇਥੇ ਹੀ ਦਿੱਤੀ ਜਾਂਦੀ। ਇਸ ਸਥਾਨ’ਤੇ ਕੀਤਾ ਗਿਆ ਫ਼ੈਸਲਾ ਅਤੇ ਇਥੋਂ ਜਾਰੀ ਕੀਤਾ ਹੁਕਮਨਾਮਾ ਸਭ ਸਿੱਖ ਜੱਥੇਬੰਦੀਆਂ ਲਈ ਮੰਨਣਾ ਲਾਜ਼ਮੀ ਹੁੰਦਾ। ਇਸ ਦੀ ਵਿਵਸਥਾ ਅਤੇ ਪ੍ਰਬੰਧ ਵਿਚ ਸਮੇਂ ਸਮੇਂ ਤਬਦੀਲੀਆਂ ਹੁੰਦੀਆਂ ਰਹੀਆਂ ਹਨ। ਇਹ ਸਿੱਖ-ਧਰਮ ਅਤੇ ਸਮਾਜ ਲਈ ਸਥਾਈ ਅਤੇ ਸਰਬੁਚ ਪ੍ਰੇਰਣਾ-ਸਰੋਤ ਹੈ।

            ਕਾਲਾਂਤਰ ਵਿਚ ਕੇਸਗੜ੍ਹ ਸਾਹਿਬ, ਹਰਿਮੰਦਿਰ ਸਾਹਿਬ (ਪਟਨਾ), ਹਜ਼ੂਰ ਸਾਹਿਬ (ਨਾਂਦੇੜ) ਅਤੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਤਖ਼ਤ ਰੂਪ ਵਿਚ ਪ੍ਰਵਾਨਿਤ ਕਰ ਲਏ ਜਾਣ’ਤੇ ਇਸ ਨੂੰ ‘ਅਕਾਲ-ਬੁੰਗਾ’ ਦੀ ਥਾਂ ‘ਅਕਾਲ-ਤਖ਼ਤ’ ਕਿਹਾ ਜਾਣ ਲਗਿਆ। ਇਸ ਤਖ਼ਤ ਉਤੇ ਦੋ ਗੁਰੂ ਸਾਹਿਬਾਨਾਂ, ਦੋ ਸਾਹਿਬਜ਼ਾਦਿਆਂ ਤੋਂ ਇਲਾਵਾ ਅਨੇਕ ਸ਼ਹੀਦ ਅਤੇ ਧਰਮੀ ਸਿੰਘਾਂ ਦੇ ਸ਼ਸਤ੍ਰ ਸੰਭਾਲੇ ਹੋਏ ਪਏ ਹਨ। ਸੰਨ 1921 ਈ. ਤੋਂ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲ ਰਿਹਾ ਹੈ ਅਤੇ ਹੌਲੀ ਹੌਲੀ ਸਿੱਖ ਰਾਜਨੈਤਿਕ ਸੰਘਰਸ਼ ਦਾ ਕੇਂਦਰ ਬਣਦਾ ਗਿਆ ਹੈ। 6 ਜੂਨ 1984 ਈ. ਨੂੰ ਬਲੂ-ਸਟਾਰ ਓਪਰੇਸ਼ਨ ਵੇਲੇ ਅਕਾਲ-ਤਖ਼ਤ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਕੇਂਦਰ ਸਰਕਾਰ ਨੇ ਨਿਹੰਗ ਸਿੰਘ ਜੱਥੇਦਾਰ ਬਾਬਾ ਸੰਤਾ ਸਿੰਘ ਦੁਆਰਾ ਇਸ ਦੀ ਮੁਰੰਮਤ ਕਰਵਾਈ, ਪਰ ਇਹ ਗੱਲ ਪੰਥ ਨੇ ਪ੍ਰਵਾਨ ਨ ਕੀਤੀ ਅਤੇ ਪੁਰਾਣੀ ਇਮਾਰਤ ਨੂੰ ਸੰਨ 1986 ਈ. ਵਿਚ ਢਵਾ ਕੇ ਕਾਰ-ਸੇਵਾ ਰਾਹੀਂ ਨਵੀਂ ਵਰਤਮਾਨ ਇਮਾਰਤ ਉਸਾਰੀ ਗਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.