ਅਖੰਡ ਪਾਠ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖੰਡ ਪਾਠ. ਸੰਗ੍ਯਾ—ਉਹ ਪਾਠ , ਜੋ ਨਿਰੰਤਰ ਹੋਵੇ। ੨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਜੋ ਤੇਰਾਂ ਪਹਿਰ ਵਿੱਚ ਸਮਾਪਤ ਕੀਤਾ ਜਾਂਦਾ ਹੈ. ਚਾਰ ਅਥਵਾ ਪੰਜ ਪਾਠੀਏ ਯਥਾਕ੍ਰਮ (ਨੰਬਰ ਵਾਰ) ਬਦਲਦੇ ਰਹਿੰਦੇ ਹਨ, ਅਤੇ ਪਾਠ ਨਿਰੰਤਰ ਹੁੰਦਾ ਰਹਿੰਦਾ ਹੈ. ਪਾਠ ਦੀ ਇਹ ਰੀਤਿ ਪੰਥ ਵਿੱਚ ਬੁੱਢੇ ਦਲ ਨੇ ਚਲਾਈ ਹੈ. ਸਤਿਗੁਰਾਂ ਦੇ ਸਮੇਂ ਅਖੰਡਪਾਠ ਨਹੀਂ ਹੋਇਆ ਕਰਦਾ ਸੀ. ਬਹੁਤ ਲੋਕ ਹਿੰਦੂ ਮਤ ਦੇ ਜਪ ਪ੍ਰਯੋਗਾਂ ਦੀ ਨਕਲ ਕਰਦੇ ਹੋਏ ਦਿਨ ਰਾਤ ਅਖੰਡ ਦੀਵਾ ਮਚਾਂਉਦੇ ਹਨ, ਜਲ ਦਾ ਘੜਾ ਅਤੇ ਨਾਰਿਏਲ ਆਦਿਕ ਰਖਦੇ ਹਨ, ਪਰ ਇਹ ਮਰਯਾਦਾ ਆਰੰਭਕਾਂ ਤੋਂ ਨਹੀਂ ਚਲੀ। ੩ ਦੇਖੋ, ਅਤਿ ਅਖੰਡ ਪਾਠ।


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਖੰਡ ਪਾਠ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

          ਅਖੰਡ ਪਾਠ : ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਜਿਹਾ ਪਾਠ ਹੈ ਜੋ ਖ਼ਾਸ ਮੌਕੇ ਤੇ ਨਿਸ਼ਚਿਤ ਸਮੇ ਵਿਚ ਉਚੇਚੇ ਤੌਰ ਤੇ ਲਗਾਤਾਰ ਕੀਤਾ ਜਾਂਦਾ ਹੈ। ਸਾਧਾਰਨ ਪਾਠ ਨੂੰ ਤਾਂ ਇਕ ਹੀ ਸੱਜਣ ਆਰੰਭ ਕਰ ਕੇ ਜਦ ਚਾਹੇ ਪੂਰਾ ਹੋਣ ਤੇ ਭੋਗ ਪਾ ਸਕਦਾ ਹੈ ਪਰ ਅਖੰਡ ਪਾਠ ਨੂੰ ਚਾਰ ਜਾਂ ਪੰਜ ਪਾਠੀ ਸ਼ੁਰੂ ਕਰਕੇ ਵਾਰੋ ਵਾਰੀ ਲਗਾਤਾਰ 48 ਘੰਟਿਆਂ ਵਿਚ ਅਤੇ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 13 ਪਹਿਰਾਂ ਵਿਚ ਸਮਾਪਤ ਕਰਦੇ ਹਨ। ਸਤਿਗੁਰਾਂ ਦੇ ਸਮੇਂ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ। ਪਾਠ ਦੀ ਇਹ ਰੀਤ ਪੰਥ ਵਿਚ ਬੁੱਢੇ ਦਲ ਨੇ ਚਲਾਈ ਹੈ। ਅਖੰਡ ਪਾਠ ਦਾ ਇਕ ਰੂਪ ਅਤਿ ਅਖੰਡ ਪਾਠ ਵੀ ਹੈ ਜਿਸ ਨੂੰ ਇਕੋ ਪਾਠੀ ਇਕੋ ਆਸਣ ਤੇ ਬੈਠ ਕੇ ਸਮਾਪਤ ਕਰਦਾ ਹੈ ਤੇ ਉਹ ਵਿਚਕਾਰੋਂ ਉਠ ਕੇ ਕਿਤੇ ਨਹੀਂ ਜਾਂਦਾ ਤੇ ਨਾ ਹੀ ਭੋਗ ਪੈਣ ਤੀਕ ਅੰਨ-ਜਲ ਆਦਿ ਹੀ ਗ੍ਰਹਿਣ ਕਰਦਾ ਹੈ। ਇਹ ਪਾਠ ਨੌ ਪਹਿਰ ਹੁੰਦਾ ਰਹਿੰਦਾ ਹੈ।

          ਅਖੰਡ ਪਾਠ ਹੋਵੇ ਜਾਂ ਅਤਿ ਅਖੰਡ ਪਾਠ, ਇਨ੍ਹਾਂ ਦੇ ਸਬੰਧ ਵਿਚ ਸਿਖ ਰਹਿਤ ਮਰਯਾਦਾ ਅਨੁਸਾਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :––

          (1) ਪਾਠ ਸਾਫ਼ ਤੇ ਸ਼ੁੱਧ ਹੋਵੇ ਅਤੇ ਇੰਨਾ ਤੇਜ਼ ਪੜ੍ਹਨਾ ਜਿਸ ਤੋਂ ਕਿ ਸੁਣਨ ਵਾਲਾ ਕੁਝ ਸਮਝ ਨਾ ਸਕੇ ਗੁਰਬਾਣੀ ਦੀ ਨਿਰਾਦਰੀ ਹੈ; (2) ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ; (3) ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਅਤੇ ਨਾਲ ਨਾਲ ਜਾਂ ਵਿਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮਤ ਹੈ; (4) ਪਾਠ ਸ਼ੁਰੂ ਵਿਚ ਕਰਨ ਸਮੇਂ ਕੜਾਹ ਪ੍ਰਸ਼ਾਦ ਤਿਆਰ ਹੋਣ ਤੇ ਆਨੰਦ ਸਾਹਿਬ (ਛੇ ਪਾਉੜੀਆਂ) ਦੇ ਪਾਠ ਪਿਛੋਂ ਅਰਦਾਸਾ ਸੋਧ ਕੇ ਤੇ ਹੁਕਮ ਲੈ ਕੇ ਪਾਠ ਸ਼ੁਰੂ ਕੀਤਾ ਜਾਵੇ ਅਤੇ (5) ਪਾਠ ਦਾ ਭੋਗ ਪੈਣ ਸਮੇਂ ਯਥਾਸ਼ਕਤ ਰੁਮਾਲ, ਭੇਟਾ ਆਦਿ ਚੜ੍ਹਾ ਕੇ ਅਰਦਾਸ ਕੀਤੀ ਜਾਵੇ ਤੇ ਸੰਗਤ ਵਿਚ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।

          ਹ. ਪੁ.––ਸਿੱਖ ਰਹਿਤ ਮਰਯਾਦਾ; ਗੁਰਮਤ ਮਾਰਤੰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਮ. ਕੋ.

        


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅਖੰਡ ਪਾਠ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਖੰਡ ਪਾਠ : ‘ਅਖੰਡ ਪਾਠ’ ਦਾ ਸ਼ਾਬਦਿਕ ਅਰਥ ਕਿਸੇ ਵੀ ਗ੍ਰੰਥ ਦੇ ਲਗਾਤਾਰ ਅਥਵਾ ਬਿਨਾ ਕਿਸੇ ਰੁਕਾਵਟ ਦੇ ਕੀਤੇ ਪਾਠ ਤੋਂ ਲਿਆ ਜਾਂਦਾ ਹੈ। ਅਖੰਡ ਪਾਸ ਕਰਨ ਦੀ ਰੀਤ ਦਾ ਪ੍ਰਚਲਨ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਨਿਰੰਤਰ ਪਾਠ ਨਾਲ ਹੋਇਆ ਹੈ। ਇਸ ਲਈ ‘ਅਖੰਡ ਪਾਠ’ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਲਗਾਤਾਰ ਪਾਠ ਲਈ ਹੀ ਰੁੜ੍ਹ ਹੋ ਗਿਆ ਹੈ। ਹਾਂ, ਹੁਣ ਸਿੱਖ ਧਰਮ ਦੀ ਰੀਸੇ ਬਹੁਤ ਸਾਰੇ ਹਿੰਦੂ ਧਰਮ ਅਨੁਯਾਈ ਵੀ ਰਾਮਾਇਣ, ਮਹਾਭਾਰਤ ਜਾਂ ਗਰੁੜ ਪੁਰਾਣ ਦਾ ਪਾਠ ਇਨ੍ਹਾਂ ਲੀਹਾਂ ਉਪਰ ਕਰਨ ਲਗ ਪਏ ਹਨ।

          ਸਿੱਖ ਧਰਮ ਵਿਚ ਅਖੰਡ ਪਾਠ ਦੀ ਬਹੁਤ ਮਹੱਤਾ ਹੈ। ਬੇਸ਼ਕ ਸਿੱਖੀ ਵਿਚ ਗੁਰਬਾਣੀ ਦੇ ਇਸ ਤਰ੍ਹਾਂ ਦੇ ਅਖੰਡ ਪਾਠ ਦੀ ਮਰਯਾਦਾ ਬਹੁਤ ਪੁਰਾਣੀ ਨਹੀਂ, ਫਿਰ ਵੀ ਇਹ ਰੀਤ ਤਕਰੀਬਨ ਸਵਾ ਜਾਂ ਡੇਢ ਸੌ ਸਾਲ ਪੁਰਾਣੀ ਜ਼ਰੂਰ ਹੈ। ਭਿੰਡਰਾਂ ਵਾਲੀ ਸੰਪ੍ਰਦਾਇ ਦੇ ਕੁਝ ਵਿਚਾਰਵਾਨਾਂ ਨੇ ਇਸ ਪਰੰਪਰਾ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭ ਕੀਤੀ ਦਸਿਆ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਲਿਖਣਸਰ ਦੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਉਸ ਸਮੇਂ ਵਿਸ਼ੇਸ਼ ਵਿਧੀ ਅਨੁਸਾਰ ਇਸ ਦਾ ਅਖੰਡ ਪਾਠ ਕਰਵਾਇਆ, ਪਰ ਇਹ ਵਿਚਾਰ ਤੱਥ ਆਧਾਰਿਤ ਨਹੀਂ। ‘ਮਹਾਨ ਕੋਸ਼’ ਅਨੁਸਾਰ ਅਖੰਡ ਪਾਠ ਦੀ ਰੀਤ ਪੰਥ ਵਿਚ ਬੁੱਢਾ ਦਲ ਨੇ ਚਲਾਈ ਤੇ ਅੱਗੇ ਤਰਨਾ ਦਲ ਪਾਸ ਆਈ। ਅਸਲ ਵਿਚ, ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਦ ਤੋਂ ਆਰੰਭ ਹੋਇਆ, ਇਸ ਬਾਰੇ ਕੋਈ ਠੋਸ ਤੱਥ ਉਪਲਬਧ ਨਹੀਂ ਹਨ, ਪਰ ਇਤਨਾ ਸਪਸ਼ਟ ਹੈ ਕਿ ਅਖੰਡ ਪਾਠ ਦਾ ਆਰੰਭ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸਮੇਂ ਤੋਂ ਜਾਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਜਾਂ ਕੁਝ ਦੇਰ ਪਿੱਛੋਂ ਤਕ ਆਮ ਮਰਯਾਦਾ ਇਹ ਸੀ ਕਿ ਕੋਈ ਵਿਸ਼ੇਸ਼ ਕਾਰਜ ਕਰਨ ਜਾਂ ਕਿਸੇ ਮੁਹਿੰਮ ਉਤੇ ਜਾਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕੀਤਾ ਜਾਂਦਾ ਸੀ। ਪਰ ਜੰਗਾਂ ਯੁੱਧਾਂ ਵੇਲੇ, ਵਿਸ਼ੇਸ਼ ਕਰਕੇ ਘੱਲੂ–ਘਾਰਿਆਂ ਦੇ ਦੌਰਾਨ ਜਦੋਂ ਸਿੰਘ ਅਨੇਕ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰ ਰਹੇ ਸਨ, ਸਮੇਂ ਦੀ ਘਾਟ ਸਦਕਾ ਅਤੇ ਹਾਲਾਤ ਦੇ ਅਨੁਕੂਲ ਨਾ ਹੋਣ ਕਾਰਣ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਲਦੀ ਤੋਂ ਜਲਦੀ ਮੁਕਾਉਣ ਲਈ ਦਿਨ ਰਾਤ ਲਗਾਤਾਰ ਪਾਠ ਕਰਨ ਦੀ ਸੋਚ ਸੋਚੀ ਅਤੇ ਉਹੀ ਬਾਅਦ ਵਿਚ ਇਕ ਰੀਤ ਦਾ ਰੂਪ ਧਾਰਣ ਕਰ ਗਈ। ਇਹ ਗੱਲ ਆਮ ਪ੍ਰਸਿੱਧ ਹੈ ਅਤੇ ਕਿਸੇ ਹਦ ਤਕ ਮੰਨਣਯੋਗ ਵੀ ਹੈ ਕਿ ਵੱਡੇ ਘਲੂਘਾਰੇ ਸਮੇਂ ਕੁੱਪ ਰਹੀੜੇ ਦੇ ਸਥਾਨ ਤੇ ਸਭ ਤੋਂ ਪਹਿਲਾਂ ਅਖੰਡ ਪਾਠ ਕੀਤਾ ਗਿਆ। ਸਿੰਘ ਕਾਫ਼ੀ ਦਿਨਾਂ ਦੀ ਲੰਬੀ ਲੜਾਈ ਉਪਰੰਤ ਕੁੱਪ ਦੇ ਸਥਾਨ ਤੇ ਆ ਟਿਕੇ ਤੇ ਅੱਗੇ ਕਿਸੇ ਸੁਰੱਖਿਅਤ ਸਥਾਨ ਉਪਰ ਟਿਕਾਣਾ ਕਰਨ ਲਈ ਚਲਣ ਤੋਂ ਪਹਿਲਾ ਸਿੰਘਾਂ ਨੇ ਪਾਠ ਕਰਨਾ ਆਰੰਭ ਦਿੱਤਾ ਪਰ ਮੁਸਲਮਾਨਾਂ ਵੱਲੋਂ ਅਚਾਨਕ ਹੋਣ ਵਾਲੇ ਹਮਲੇ ਦੀ ਸੂਹ ਮਿਲਣ ਤੇ ਸਿੰਘਾਂ ਨੇ ਰਾਤ ਵੇਲੇ ਵੀ (ਘਿਉ ਦੇ ਦੀਵੇ ਬਾਲ ਕੇ) ਪਾਠ ਜਾਰੀ ਰੱਖਿਆ। ਇਸ ਤਰ੍ਹਾਂ ਇਸ ਰੀਤ ਦਾ ਉਦਘਾਟਨ ਹੋ ਗਿਆ।

          ਗੁਰਦੁਆਰਿਆਂ ਉਪਰ ਮਹੰਤਾਂ ਦੇ ਕਾਬਜ਼ ਹੋਣ ਨਾਲ ਕਈ ਪ੍ਰਕਾਰ ਦੀਆਂ ਮਨੌਤਾਂ ਵੀ ਸ਼ਾਮਲ ਹੋ ਗਈਆਂ ਜਿਵੇਂ ਅਖੰਡ ਪਾਠ ਕਰਨ ਸਮੇਂ ਨਾਲ ਜਪੁਜੀ ਦਾ ਪਾਠ ਰੱਖਣਾ, ਉਸ ਲਈ ਅਖੰਡ ਪਾਠੀਆਂ ਜਿੰਨੇ ਹੋਰ ਵੱਖਰੇ ਪਾਠੀ ਰੱਖਣੇ, ਉੱਨੇ ਹੀ ਧੂਪੀਏ ਰੱਖਣੇ, ਲੰਗਰ ਦੇ ਸੇਵਾਦਾਰ ਤੇ ਕੁਝ ਹੋਰ ਸੇਵਾਦਾਰ ਡਿਉਟੀ ਤੇ ਰੱਖਣੇ ਆਦਿ।

          ਅੱਜ ਕਲ੍ਹ ਕਈ ਪ੍ਰਕਾਰ ਦੇ ਪਾਠ ਕਰਨ ਦੀਆਂ ਵੱਖ ਵੱਖ ਮਰਯਾਦਾਵਾਂ ਚਲ ਪਈਆਂ ਹਨ ਜਿਵੇਂ ਸਪਤਾਹਿਕ ਪਾਠ, ਖੁੱਲ੍ਹਾ ਜਾਂ ਸਾਧਾਰਣ ਪਾਠ, ਸੰਪਟ ਪਾਠ ਆਦਿ। ਗੱਲ ਕੀ ਹਰ ਡੇਰੇ ਦਾ ਸਾਧ/ਸੰਤ ਆਪਣੀ ਵਿਦਵਤਾ ਜਾਂ ਮਰਯਾਦਾ ਦੀ ਪ੍ਰਪੱਕਤਾ ਦੇ ਪ੍ਰਗਾਟਾਵੇ ਜਾਂ ਕੋਈ ਨਵੀਨਤਾ ਲਿਆਉਣ ਲਈ ਕੋਈ ਨਾ ਕੋਈ ਨਵੀਂ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਭਾਵੇਂ ਉਹ ਗੁਰੂ ਆਸ਼ੇ ਦੇ ਉਲਟ ਹੀ ਕਿਉਂ ਨਾ ਹੋਵੇ। ਪਾਠ ਆਰੰਭ ਕਰਨ, ਮੱਧ ਦਾ ਭੋਗ ਪਾਉਣ ਜਾਂ ਸਮਾਪਤੀ ਉਪਰੰਤ ਭੋਗ ਸਮੇਂ ਹਰ ਇਕ ਵਿਅਕਤੀ ਆਪਣੀ ਆਪਣੀ ਮਰਜ਼ੀ ਜਾਂ ਰੁਚੀ ਅਨੁਸਾਰ ਕੋਈ ਨਾ ਕੋਈ ਅਨੁਸ਼ਠਾਨਿਕ ਵਿਧੀ ਵਰਤਦਾ ਹੈ।

          ਬੇਸ਼ਕ ਅੱਜ ਕਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਪਾਠ ਲਈ ਰਹਿਤ ਮਰਯਾਦਾ ਵਿਚ ਇਕ ਵਿਸ਼ੇਸ਼ ਤੇ ਸਰਲ ਰੀਤੀ ਨਿਸ਼ਚਿਤ ਕੀਤੀ ਗਈ ਹੈ,ਪਰ ਫਿਰ ਵੀ ਕੇਸਰ ਦਾ ਟਿੱਕਾ ਲਾਉਣਾ, ਨਈਵੇਦ ਜਾਂ ਸਾਮਗ੍ਰੀ ਦੀ ਵੰਡ, ਰੁਮਾਲ, ਧੂਪ, ਭੋਗ ਸਮੇਂ ਪ੍ਰਸਾਦ ਦਾ ਭੋਗ ਲਵਾਉਣ ਦੀਆਂ ਵੱਖਰੀਆਂ ਵੱਖਰੀਆਂ ਰੀਤਾਂ ਪ੍ਰਚੱਲਿਤ ਹਨ। ਕਈ ਥਾਂ ਪੈਸੇ ਭਰਕੇ ਪਾਠ ਕਰਵਾਏ ਜਾਂਦੇ ਹਨ। ਕਈ ਕੀਤਾ ਕਰਾਇਆ ਪਾਠ ਖਰੀਦ ਲੈਂਦੇ ਹਨ, ਕਈ ਡਾਕ ਰਾਹੀਂ ਪੈਸੇ ਭੇਜ ਕੇ ਪਾਠ ਕਰਵਾਉਂਦੇ ਹਨ, ਜੋ ਗੁਰਮਤਿ ਦੇ ਵਿਰੁੱਧ ਹੈ। ਰੁਮਾਲਾ ਆਦਿ ਲੋੜ ਅਨੁਸਾਰ ਭੇਟ ਚੜ੍ਹਾਉਣਾ ਚਾਹੀਦਾ ਹੈ, ਪਰ ਇਹ ਕੋਈ ਰੀਤ ਨਹੀਂ।

          ਸਪਸ਼ਟ ਹੈ ਕਿ ਪਾਠ ਸਾਧਾਰਣ ਹੋਵੇ ਜਾਂ ਅਖੰਡ, ਉਸ ਨੂੰ ਆਡੰਬਰ ਅਤੇ ਦਿਖਾਵੇ ਰਹਿਤ ਸਰਲ ਤੋਂ ਸਰਲ ਕਰਨਾ ਹੀ ਉਚਿਤ ਹੈ ਤੇ ਸਮਾਪਤੀ ਉਪਰੰਤ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ੍ਹਕੇ ਭੋਗ ਪਾ ਦੇਣਾ ਹੀ ਯੋਗ ਹੈ।

                                      [ਸਹਾ. ਗ੍ਰੰਥ–ਮ. ਕੋ.; ‘ਸਿੱਖ ਰਹਿਤ ਮਰਯਾਦਾ’; ਗੁ. ਮਾ.]


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਅਖੰਡ ਪਾਠ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖੰਡ ਪਾਠ : ਗੁਰੂ ਗ੍ਰੰਥ ਸਾਹਿਬ ਦਾ ਸ਼ੁਰੂ ਤੋਂ ਅਖੀਰ ਤੱਕ ਬਿਨਾਂ ਰੁਕੇ ਲਗਾਤਾਰ ਪਾਠ ਹੈ। ਇਸ ਤਰ੍ਹਾਂ ਦਾ ਪਾਠ 48 ਘੰਟਿਆਂ ਵਿਚ ਸੰਪੂਰਨ ਹੋਣਾ ਚਾਹੀਦਾ ਹੈ। 1430 ਪੰਨਿਆਂ ਦੇ ਸਾਰੇ ਪਵਿੱਤਰ ਗ੍ਰੰਥ ਦਾ ਲਗਾਤਰ ਪਾਠ ਕੀਤਾ ਜਾਂਦਾ ਹੈ। ਇਹ ਪਾਠ ਇਕ ਪਲ ਰੁਕੇ ਬਿਨਾਂ ਦਿਨ ਰਾਤ ਹੁੰਦੇ ਰਹਿਣਾ ਚਾਹੀਦਾ ਹੈ। ਬਦਲਣ ਵਾਲੇ ਪਾਠੀਆਂ ਨੂੰ ਧਿਆਨ ਰਖਣਾ ਚਾਹੀਦਾ ਹੈ ਕਿ ਇਸ ਵਿਚ ਰੋਕ ਬਿਲਕੁਲ ਨਾ ਪਵੇ। ਜਦੋਂ ਉਹ ਆਪਣੀਆਂ ਰੌਲਾਂ ਬਦਲਦੇ ਹਨ ਤਾਂ ਬਦਲਣ ਵਾਲਾ ਪਹਿਲੇ ਪਾਠ ਕਰ ਰਹੇ ਪਾਠੀ ਦੀ ਤੁਕ ਤੋਂ ਪਾਠ ਅਰੰਭ ਕਰ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਅਖੰਡ ਪਾਠ ਕਰਨ ਦਾ ਕਦੋਂ ਅਤੇ ਕਿਵੇਂ ਅਰੰਭ ਹੋਇਆ ਇਸ ਬਾਰੇ ਕੁਝ ਪਤਾ ਨਹੀਂ ਚਲਦਾ। ਵਖਰੇ ਵਖਰੇ ਅਨੁਮਾਨ ਇਸ ਪਰੰਪਰਾ ਨੂੰ ਅਠਾਰਵੀਂ ਸਦੀ ਦੇ ਉਹਨਾਂ ਬਿਖੜੇ ਸਮਿਆਂ ਤਕ ਲੈ ਜਾਂਦੇ ਹਨ ਜਦੋਂ ਸਿੱਖਾਂ ਉੱਤੇ ਜੁਲਮਾਂ ਨੇ ਸਿੱਖਾਂ ਨੂੰ ਦੁਰ ਦੁਰਾਡੇ ਲੁੱਕ ਛਿਪ ਕੇ ਦਿਨ ਕੱਟਣ ਲਈ ਖਿੰਡਾ ਦਿੱਤਾ ਸੀ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੇਸ਼ ਨਿਕਾਲੇ ਵਰਗੇ ਅਨਿਸ਼ਚਿਤ ਸਮਿਆਂ ਵਿਚ ਪਵਿੱਤਰ ਗ੍ਰੰਥ ਦੇ ਅਖੰਡ ਪਾਠ ਕਰਨ ਦਾ ਵਿਧਾਨ ਸ਼ੁਰੂ ਹੋਇਆ ਹੋਵੇਗਾ।

    ਸਿੱਖ ਜੰਤਰੀਆਂ ਵਿਚ ਮਹੱਤਵਪੂਰਨ ਦਿਨਾਂ ਵੇਲੇ ਗੁਰਦੁਆਰਿਆਂ ਵਿਚ ਅਖੰਡ ਪਾਠ ਹੁੰਦਾ ਹੈ। ਸਿੱਖ ਪਰਵਾਰ ਵਿਚ ਖ਼ੁਸ਼ੀ ਦੇ ਮੌਕੇ ਅਤੇ ਰਸਮੋ ਰਿਵਾਜਾਂ ਸਮੇਂ ਅਖੰਡ ਪਾਠ ਹੀ ਕੇਂਦਰ ਬਿੰਦੂ ਹੁੰਦੇ ਹਨ। ਕਿਸੇ ਅਜਿਹੇ ਮੌਕੇ ਲਈ ਵਿਸ਼ੇਸ ਤੌਰ ਤੇ ਸਜਾਏ ਹੋਏ ਕਮਰਿਆਂ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਖੰਡ ਪਾਠ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਹਨਾਂ ਦੋ ਦਿਨਾਂ ਅਤੇ ਰਾਤਾਂ ਲਈ ਘਰਾਂ ਵਿਚ ਪਵਿੱਤਰਤਾ ਦਾ ਮਾਹੌਲ ਬਣਿਆ ਹੁੰਦਾ ਹੈ। ਇਸ ਪਾਠ ਨਾਲ ਵਾਯੂਮੰਡਲ ਤਾਂ ਪਵਿੱਤਰ ਹੁੰਦਾ ਹੀ ਹੈ ਸਗੋਂ ਸਰੋਤਿਆਂ ਨੂੰ ਵੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਸੁਣਨ ਦਾ ਮੌਕਾ ਮਿਲ ਜਾਂਦਾ ਹੈ। ਸਰੋਤੇ ਆਪਣੀ ਮਰਜ਼ੀ ਨਾਲ ਆਉਂਦੇ ਜਾਂਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਪੰਨਿਆਂ ਤੋਂ ਬਾਣੀ ਸੁਣਦੇ ਹਨ। ਪਾਠਾਂ ਦੇ ਪ੍ਰਚਲਨ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ, ਜੋ ਕਾਫੀ ਵੱਡੇ ਆਕਾਰ ਦੇ ਹਨ ਸਿਵਾਏ ਚੋਣਵੀਆਂ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਦੇ ਆਮ ਤੌਰ ਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੀ ਹੁੰਦੇ ਹਨ। ਸੋਗ ਸਮੇਂ ਪਰਵਾਰ, ਪਾਠ ਤੋਂ ਸ਼ਾਂਤੀ ਮਹਿਸੂਸ ਕਰਦੇ ਹਨ। ਅੰਤਿਮ ਸੰਸਕਾਰ ਦਰਅਸਲ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਪੂਰੇ ਹੁੰਦੇ ਹਨ। ਇਸ ਤਰ੍ਹਾਂ ਦੇ ਪਾਠਾਂ ਸਮੇਂ ਆਮ ਤੌਰ ਤੇ ਪਵਿੱਤਰ ਗ੍ਰੰਥ ਜੀ ਦਾ ਸੁਰ ਵਿਚ ਪਾਠ ਕੀਤਾ ਜਾਂਦਾ ਹੈ ਜਾਂ ਕੀਰਤਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਬਾਣੀ ਦੇ ਕਾਵਿਕ ਗੁਣ ਦਾ ਬਹੁਤ ਪ੍ਰਭਾਵ ਪੈਂਦਾ ਹੈ ਅਤੇ ਇਸ ਦੀ ਸ਼ਕਤੀ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦੀ ਹੈ। ਇਹ ਭੁਇੰ ‘ਤੇ ਪਵਿੱਤਰ ਗ੍ਰੰਥ ਜੀ ਦੇ ਸਾਮ੍ਹਣੇ ਬੈਠ ਕੇ ਸ਼ਰਧਾ ਭਾਵ ਨਾਲ ਸੁਣਨਾ ਚਾਹੀਦਾ ਹੈ। ਅਖੰਡ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਸੰਖੇਪ ਕੀਰਤਨ ਭੀ ਕੀਤਾ ਜਾਂਦਾ ਹੈ, ਪਾਠ ਦੀ ਸਫ਼ਲ ਸੰਪੂਰਨਤਾ ਲਈ ਅਰਦਾਸ ਕੀਤੀ ਜਾਂਦੀ ਹੈ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਇਸੇ ਤਰ੍ਹਾਂ ਅਖੰਡ ਪਾਠ ਦੀ ਸਮਾਪਤੀ ‘ਤੇ ਕੀਤਾ ਜਾਂਦਾ ਹੈ। ਮੱਧ ਵਿਚ ਵੀ ਅਰਦਾਸ ਕੀਤੀ ਜਾਂਦੀ ਹੈ ਅਤੇ ਕੜਾਹ ਪ੍ਰਸ਼ਾਦ ਵਰਤਾਇਆ ਜਾਂਦਾ ਹੈ।


ਲੇਖਕ : ਤ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-01, ਹਵਾਲੇ/ਟਿੱਪਣੀਆਂ: no

ਅਖੰਡ ਪਾਠ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਖੰਡ ਪਾਠ  :  ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਜਿਹਾ ਪਾਠ ਹੈ ਜੋ ਖ਼ਾਸ ਮੌਕੇ ਤੇ ਨਿਸ਼ਚਿਤ ਸਮੇਂ ਵਿਚ ਉਚੇਚੇ ਤੌਰ ਤੇ ਲਗਾਤਾਰ ਕੀਤਾ ਜਾਂਦਾ ਹੈ। ਸਧਾਰਨ ਪਾਠ ਨੂੰ ਤਾਂ ਇਕ ਹੀ ਸੱਜਣ ਆਰੰਭ ਕਰ ਕੇ ਜਦੋਂ ਚਾਹੇ ਪੂਰਾ ਹੋਣ ਤੇ ਭੋਗ ਪਾ ਸਕਦਾ ਹੈ ਪਰ ਅਖੰਡ ਪਾਠ ਨੂੰ ਚਾਰ ਜਾਂ ਪੰਜ ਪਾਠੀ ਸ਼ੁਰੂ ਕਰ ਕੇ ਵਾਰੋ ਵਾਰੀ ਲਗਾਤਾਰ 48 ਘੰਟਿਆਂ ਵਿਚ ਪੂਰਾ ਕਰਦੇ ਹਨ ਜਦ ਕਿ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਹ ਸਮਾਂ 13 ਪਹਿਰ ਦੱਸਿਆ ਗਿਆ ਹੈ। ਸਤਿਗੁਰਾਂ ਦੇ ਸਮੇਂ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ। ਪਾਠ ਦੀ ਇਹ ਰੀਤ ਪੰਥ ਵਿਚ ਬੁੱਢਾ ਦਲ ਨੇ ਚਲਾਈ ਮੰਨੀ ਜਾਂਦੀ ਹੈ। ਅਖੰਡ ਪਾਠ ਦਾ ਇਕ ਰੂਪ ਅਤਿ-ਅਖੰਡ ਪਾਠ ਵੀ ਹੈ ਜਿਸ ਨੂੰ ਇਕੋ ਪਾਠੀ ਇਕੋ ਆਸਣ ਤੇ ਬੈਠ ਕੇ ਸਮਾਪਤ ਕਰਦਾ ਹੈ ਤੇ ਉਹ ਵਿਚਕਾਰੋਂ ਉਠ ਕੇ ਕਿਤੇ ਨਹੀਂ ਜਾਂਦਾ ਤੇ ਨਾ ਹੀ ਭੋਗ ਪੈਣ ਤਕ ਅੰਨ-ਜਲ ਆਦਿ ਹੀ ਗ੍ਰਹਿਣ ਕਰਦਾ ਹੈ। ਇਹ ਪਾਠ ਨੌਂ ਪਹਿਰ ਹੁੰਦਾ ਰਹਿੰਦਾ ਹੈ।

        ਅਖੰਡ ਪਾਠ ਹੋਵੇ ਜਾਂ ਅਤਿ-ਅਖੰਡ ਪਾਠ, ਇਸ ਦੇ ਸਬੰਧ ਵਿਚ ਸਿੱਖ ਰਹਿਤ ਮਰਿਯਾਦਾ ਅਨੁਸਾਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈǁ

        (1) ਪਾਠ ਸਪਸ਼ਟ ਤੇ ਸ਼ੁੱਧ ਹੋਵੇ, ਇੰਨਾ ਤੇਜ਼ ਪੜ੍ਹਨਾ ਜਿਸ ਤੋਂ ਕਿ ਸੁਣਨ ਵਾਲਾ ਕੁਝ ਸਮਝ ਨਾ ਸਕੇ ਗੁਰਬਾਣੀ ਦੀ ਨਿਰਾਦਰੀ ਹੈ। (2) ਅਖੰਡ ਪਾਠ ਜਿਸ ਪਰਿਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, (3) ਪਾਠ ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਅਤੇ ਨਾਲ ਨਾਲ ਜਾਂ ਵਿਚ ਵਿਚ  ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰਖਣਾ ਮਨਮਤਿ ਹੈ, (4) ਪਾਠ ਸ਼ੁਰੂ ਕਰਨ ਸਮੇਂ ਕੜਾਹ ਪ੍ਰਸ਼ਾਦ ਤਿਆਰ ਹੋਵੇ, ਆਰਤੀ ਅਤੇ ਆਨੰਦ ਸਾਹਿਬ (ਛੇ ਪਉੜੀਆਂ) ਦੇ ਪਾਠ ਪਿੱਛੋਂ ਅਰਦਾਸਾ ਸੋਧ ਕੇ ਤੇ ਹੁਕਮ ਲੈ ਕੇ ਪਾਠ ਸ਼ੁਰੂ ਕੀਤਾ ਜਾਵੇ ਅਤੇ (5) ਪਾਠ ਦਾ ਭੋਗ ਪੈਣ ਸਮੇਂ ਯਥਾਸ਼ਕਤ ਰੁਮਾਲਾ, ਭੇਟਾ ਆਦਿ ਚੜ੍ਹਾ ਕੇ ਅਰਦਾਸ ਕੀਤੀ ਜਾਵੇ ਤੇ ਸੰਗਤ ਵਿਚ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-09-58-02, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. 1:243

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.