ਅਖੰਡ-ਪਾਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਖੰਡ-ਪਾਠ [ਨਾਂਪੁ] (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ) ਲਗਾਤਾਰ 48 ਘੰਟੇ ਚੱਲਣ ਵਾਲ਼ਾ ਪਾਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਖੰਡ-ਪਾਠ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖੰਡ-ਪਾਠ: ਇਸ ਸ਼ਬਦ-ਯੁਗਲ ਤੋਂ ਭਾਵ ਹੈ ਗੁਰੂ ਗ੍ਰੰਥ ਸਾਹਿਬ ਦਾ ਬਿਨਾ ਕਿਸੇ ਰੁਕਾਵਟ ਜਾਂ ਵਿਘਨ ਦੇ ਕੀਤਾ ਗਿਆ ਨਿਰੰਤਰ ਪਾਠ। ਇਹ ਆਮ ਤੌਰ ’ਤੇ ਦੋ ਦਿਨਾਂ (48 ਘੰਟਿਆਂ) ਵਿਚ ਸਮਾਪਤ ਕੀਤਾ ਜਾਂਦਾ ਹੈ ਅਤੇ ਖ਼ੁਸ਼ੀ, ਗ਼ਮੀ ਜਾਂ ਹੋਰ ਕਈ ਪ੍ਰਕਾਰ ਦੇ ਮਾਂਗਲਿਕ ਕਾਰਜਾਂ ਵੇਲੇ ਸ਼ਰਧਾਲੂਆਂ ਵਲੋਂ ਆਪਣੇ ਘਰਾਂ , ਗੁਰਦੁਆਰਿਆਂ, ਧਰਮਸ਼ਾਲਾਵਾਂ, ਧਰਮ -ਧਾਮਾਂ ਆਦਿ ਵਿਚ ਧਾਰਮਿਕ ਮਰਯਾਦਾ ਅਨੁਸਾਰ ਕੀਤਾ ਜਾਂ ਕਰਵਾਇਆ ਜਾਂਦਾ ਹੈ।

            ਗੁਰੂ ਗ੍ਰੰਥ ਸਾਹਿਬ ਦਾ ਅਖੰਡ-ਪਾਠ ਕਰਨ ਕਰਾਉਣ ਦੀ ਪਿਰਤ ਕਦ ਪਈ ? ਇਸ ਬਾਰੇ ਕੋਈ ਇਤਿਹਾਸਿਕ ਤੱਥ ਉਪਲਬਧ ਨਹੀਂ ਹੈ। ਦਮਦਮੀ ਟਕਸਾਲ ਵਾਲੇ ਵਿਦਵਾਨਾਂ ਦੀ ਮਾਨਤਾ ਹੈ ਕਿ ਇਸ ਰੀਤ ਦਾ ਆਰੰਭ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਕੀਤਾ ਸੀ ਜਦੋਂ ਦਮਦਮਾ ਸਾਹਿਬ ਦੇ ਲਿਖਣਸਰ ਵਾਲੇ ਸਥਾਨ ਉਤੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਕੇ ਅੰਤਿਮ ਰੂਪ ਦਿੱਤਾ ਸੀ। ਮਹਾਨ-ਕੋਸ਼ਕਾਰ ਦੀ ਸਥਾਪਨਾ ਹੈ ਕਿ ‘ਪਾਠ ਦੀ ਇਹ ਰੀਤਿ ਪੰਥ ਵਿਚ ਬੁੱਢੇ ਦਲ ਨੇ ਚਲਾਈ ਹੈ। ਸਤਿਗੁਰਾਂ ਦੇ ਸਮੇਂ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ।’

            ਅਖੰਡ-ਪਾਠ ਦੀ ਰੀਤਿ ਪ੍ਰਚਲਿਤ ਹੋਣ ਪਿਛੇ ਸਮੇਂ ਦੀ ਸਥਿਤੀ ਆਪਣੀ ਭੂਮਿਕਾ ਨਿਭਾ ਰਹੀ ਪ੍ਰਤੀਤ ਹੁੰਦੀ ਹੈ। ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਪੰਥ ਵਿਚ ਪੈਦਾ ਹੋਈ ਸੰਕਟਮਈ ਸਥਿਤੀ ਅਤੇ ਸਥਾਈ ਟਿਕਾਉ ਦੇ ਅਭਾਵ ਕਰਕੇ ਕਿਸੇ ਯੁੱਧ ਜਾਂ ਮੁਹਿੰਮ ਉਤੇ ਜਾਣ ਵੇਲੇ ਜਾਂ ਉਸ ਦੀ ਸਮਾਪਤੀ ਉਪਰੰਤ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ ਜਾਂਦਾ ਸੀ ਅਤੇ ਸਮੇਂ ਦੀ ਘਾਟ ਅਤੇ ਸੁਰਖਿਆ ਦੀ ਸਥਿਤੀ ਨੂੰ ਬਣਾਈ ਰਖਣ ਲਈ ਇਸ ਪਾਠ ਨੂੰ ਘਟ ਤੋਂ ਘਟ ਵਕਤ ਵਿਚ ਸਮੇਟਣ ਦੀ ਸੋਚ ਪੈਦਾ ਹੋ ਜਾਣੀ ਕੁਦਰਤੀ ਸੀ। ਇਕ ਰਵਾਇਤ ਅਨੁਸਾਰ ਸਭ ਤੋਂ ਪਹਿਲਾ ਅਖੰਡ ਪਾਠ ਕੁੱਪ- ਰਹੀੜੇ ਦੇ ਸਥਾਨ ਉਤੇ ਸੰਨ 1762 ਈ. ਵਿਚ ਹੋਏ ਵੱਡੇ ਘਲੂਘਾਰੇ ਤੋਂ ਪਹਿਲਾਂ ਹੋਇਆ। ਮੁਗ਼ਲ ਫ਼ੌਜਾਂ ਨਾਲ ਛੋਟੀਆਂ ਵੱਡੀਆਂ ਭਿੜੰਤਾਂ ਤੋਂ ਬਾਦ ਖ਼ਾਲਸਾ ਦਲ ਕਿਸੇ ਸੁਰਖਿਅਤ ਸਥਾਨ ਵਲ ਕੂਚ ਕਰਨ ਤੋਂ ਪਹਿਲਾਂ ਕੁੱਪ-ਰਹੀੜੇ ਵਾਲੇ ਸਥਾਨ’ਤੇ ਇਕੱਠਾ ਹੋਇਆ ਅਤੇ ਅਗਲੀ ਮੰਜ਼ਿਲ ਲਈ ਪ੍ਰਸਥਾਨ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਮੁਗ਼ਲ ਸੈਨਾ ਦੇ ਹਮਲੇ ਦੀ ਸ਼ੰਕਾ ਕਰਕੇ ਇਸ ਪਾਠ ਨੂੰ ਦਿਨ ਰਾਤ ਨਿਰੰਤਰ ਜਾਰੀ ਰਖਿਆ ਗਿਆ। ਬਸ ਇਸ ਘਟਨਾ ਤੋਂ ਬਾਦ ਅਖੰਡ-ਪਾਠ ਕਰਨਾ ਹੌਲੀ ਹੌਲੀ ਰੀਤਿ ਦਾ ਰੂਪ ਧਾਰਣ ਕਰ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.