ਅਜੀਤ ਕੌਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਜੀਤ ਕੌਰ : ਪੰਜਾਬੀ ਕਹਾਣੀ ਜਗਤ ਵਿੱਚ ਅਜੀਤ ਕੌਰ ਬਹੁ-ਚਰਚਿਤ ਕਹਾਣੀਕਾਰ ਕਰ ਕੇ ਜਾਣੀ ਜਾਂਦੀ ਹੈ। ਉਸ ਦਾ ਜਨਮ 16 ਨਵੰਬਰ 1934 ਨੂੰ ਲਾਹੌਰ ਵਿੱਚ ਸ. ਮੱਖਣ ਸਿੰਘ ਬਜਾਜ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ। ਉਸ ਨੇ ਮੁਢਲੀ ਸਿੱਖਿਆ ਸੇਕਰੇਡ ਹਾਰਟ ਸਕੂਲ, ਲਾਹੌਰ ਵਿੱਚ ਪ੍ਰਾਪਤ ਕੀਤੀ। ਇਸ ਤੋਂ ਬਾਅਦ ਖਾਲਸਾ ਹਾਈ ਸਕੂਲ ਵਿੱਚ ਦਾਖ਼ਲਾ ਲੈ ਲਿਆ। ਅਜੇ ਉਹ ਦਸਵੀਂ ਵਿੱਚ ਹੀ ਸੀ ਜਦੋਂ ਦੇਸ਼ ਵੰਡ ਕਾਰਨ ਉਸ ਨੂੰ ਆਪਣੇ ਪਰਿਵਾਰ ਨਾਲ ਸ਼ਿਮਲੇ ਆ ਕੇ ਰਹਿਣਾ ਪਿਆ। 1948 ਵਿੱਚ ਦਿੱਲੀ ਰਹਿ ਕੇ ਅਜੀਤ ਕੌਰ ਨੇ ਐਮ.ਏ. ਅਰਥ ਸ਼ਾਸਤਰ ਅਤੇ ਬੀ.ਐੱਡ. ਪਾਸ ਕੀਤੀ। ਸਾਹਿਤ ਵੱਲ ਝੁਕਾਅ ਹੋਣ ਕਰ ਕੇ ਉਸ ਨੇ ਉਰਦੂ, ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਕੀਤਾ। 1952 ਵਿੱਚ ਅਜੀਤ ਕੌਰ ਦਾ ਵਿਆਹ ਡਾ. ਰਜਿੰਦਰ ਸਿੰਘ ਨਾਲ ਹੋਇਆ ਅਤੇ ਦੋ ਬੇਟੀਆਂ ਅਰਪਨਾ ਤੇ ਕੈਂਡੀ ਦਾ ਜਨਮ ਹੋਇਆ। ਅਜੀਤ ਕੌਰ ਦਾ ਵਿਆਹੁਤਾ ਜੀਵਨ ਬਹੁਤ ਚਿਰ ਕਾਇਮ ਨਾ ਰਿਹਾ। ਉਸ ਦੀ ਆਪਣੇ ਪਤੀ ਨਾਲ ਅਣਬਣ ਹੋ ਗਈ ਅਤੇ ਉਹ ਆਪਣੀਆਂ ਦੋਹਾਂ ਬੇਟੀਆਂ ਨੂੰ ਲੈ ਕੇ ਅਲੱਗ ਰਹਿਣ ਲੱਗ ਪਈ। ਘਰ ਦਾ ਗੁਜ਼ਾਰਾ ਚਲਾਉਣ ਲਈ ਅਖ਼ਬਾਰਾਂ ਲਈ ਲਿਖਦੀ। ਉਸ ਨੇ ਸਰਕਾਰੀ ਅਧਿਆਪਕਾ ਦੇ ਤੌਰ ਤੇ ਸਕੂਲ ਵਿੱਚ ਨੌਕਰੀ ਵੀ ਕੀਤੀ।

 

     ਅਜੀਤ ਕੌਰ ਨੇ ਪਹਿਲੀ ਕਹਾਣੀ ‘ਇੱਕ ਮੁਲਾਕਾਤ` 1948 ਦੇ ਅੰਤ ਵਿੱਚ ਲਿਖੀ ਸੀ ਜਦੋਂ ਅਜੇ ਉਹ ਬੀ.ਏ. ਕਰ ਰਹੀ ਸੀ। ਗੁਲਬਾਨੋ ਉਸ ਦਾ ਪਹਿਲਾ ਕਹਾਣੀ- ਸੰਗ੍ਰਹਿ ਹੈ ਜੋ ਕਿ 1963 ਵਿੱਚ ਛਪਿਆ ਅਤੇ ਇਸ ਨੂੰ ਪੰਜਾਬ ਸਰਕਾਰ ਨੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਉਸ ਦੇ ਕਈ ਹੋਰ ਕਹਾਣੀ-ਸੰਗ੍ਰਹਿ ਬੁੱਤ ਸ਼ਿਕਨ, ਮਹਿਕ ਦੀ ਮੌਤ, ਫਾਲਤੂ ਔਰਤ, ਮੌਤ ਅਲੀ ਬਾਬੇ ਦੀ, ਸਾਂਵੀਆਂ ਚਿੜੀਆਂ, ਨਾ ਮਾਰੋ, ਆਪਣੇ-ਆਪਣੇ ਜੰਗਲ ਆਦਿ ਛਪੇ। ਅਜੀਤ ਕੌਰ ਨੇ ਨਾਵਲ ਵੀ ਲਿਖੇ ਜਿਨ੍ਹਾਂ ਵਿੱਚ ਧੁੱਪ ਵਾਲਾ ਸ਼ਹਿਰ, ਪੋਸਟ ਮਾਰਟਮ, ਮੋਰੀ ਆਦਿ ਬਹੁ ਚਰਚਿਤ ਹੋਏ। ਇਸ ਤੋਂ ਇਲਾਵਾ ਸਵੈ-ਜੀਵਨੀ ਕੂੜਾ- ਕਬਾੜਾ ਅਤੇ ਖਾਨਾਬਦੋਸ਼ ਦੀ ਰਚਨਾ ਕੀਤੀ।

     ਅਜੀਤ ਕੌਰ ਨੇ ਇਸਤਰੀ ਦੀ ਸਮਾਜਿਕ ਸਥਿਤੀ ਤੇ ਦੱਬੇ-ਕੁੱਚਲੇ ਅਰਮਾਨਾਂ ਨੂੰ ਆਪਣੀ ਕਹਾਣੀ ਦਾ ਆਧਾਰ ਬਣਾਇਆ ਹੈ। ਉਸ ਦੀਆਂ ਵਧੇਰੇ ਕਹਾਣੀਆਂ ਇਸਤਰੀ- ਮਰਦ ਦੇ ਰਿਸ਼ਤੇ ਨਾਲ ਸੰਬੰਧਿਤ ਹਨ। ਉਹ ਸੈਕਸ ਨੂੰ ਜ਼ਿੰਦਗੀ ਦਾ ਧੁਰਾ ਮੰਨਦੀ ਹੋਈ ਸਾਹਿਤ ਵਿੱਚ ਇਸਦੇ ਪ੍ਰਗਟਾਅ ਤੋਂ ਗੁਰੇਜ਼ ਨਹੀਂ ਕਰਦੀ। ਉਸ ਦੀਆਂ ਕਹਾਣੀਆਂ ਵਿੱਚ ਔਰਤ ਮਰਦ ਦੇ ਰਿਸ਼ਤੇ, ਵਰਜਿਤ ਰਿਸ਼ਤਿਆਂ ਅਧੀਨ ਪੇਸ਼ ਹੋਏ ਹਨ। ਉਸ ਦੀ ਪਛਾਣ ਪੰਜਾਬੀ ਕਹਾਣੀ ਜਗਤ ਵਿੱਚ ਯਥਾਰਥਵਾਦੀ ਕਹਾਣੀਕਾਰ ਦੇ ਤੌਰ ਤੇ ਬਣੀ ਹੋਈ ਹੈ। ਉਹ ਆਪਣੀਆਂ ਕਹਾਣੀਆਂ ਵਿੱਚ ਔਰਤ ਦੀ ਹੋਂਦ ਤੇ ਫੋਕਸ ਕਰਦੀ ਹੈ ਅਤੇ ਔਰਤ ਦੇ ਪਰੰਪਰਾਗਤ ਰੂਪਾਂ ਦੀ ਥਾਂ ਨਵੇਂ ਰੂਪਾਂ ਨੂੰ ਚਿੱਤਰਦੀ ਹੈ। ਉਹ ਔਰਤ ਦੀ ਹੋਂਦ, ਵਿਆਹ, ਪਿਆਰ, ਸਰੀਰਕ- ਰਿਸ਼ਤਿਆਂ ਦੇ ਨਵੇਂ ਪ੍ਰਤਿਮਾਨ ਸਿਰਜਦੀ ਹੈ। ਫਾਲਤੂ ਔਰਤ ਦੇ ਗਾਲਪਨਿਕ ਬਿੰਬ ਰਾਹੀਂ ਮਰਦ-ਪ੍ਰਧਾਨ ਸਮਾਜ ਵਿੱਚ ਔਰਤ ਮਨ ਵਿੱਚ ਉਪਜੀ ਉਦਾਸੀ, ਉਪਰਾਮਤਾ, ਇਕੱਲੇਪਣ ਅਤੇ ਬੇਗਾਨਗੀ ਨੂੰ ਬਖ਼ੂਬੀ ਚਿਤਰਿਆ ਹੈ। ਉਸ ਦਾ ਕਹਾਣੀ ਬਿਆਨ ਕਰਨ ਦਾ ਢੰਗ ਬੇਬਾਕ ਅਤੇ ਨਿਝੱਕ ਹੈ ਅਤੇ ਕਹਾਣੀਆਂ ਵਿੱਚ ਉਹ ਔਰਤ ਵੀ ਪੇਸ਼ ਹੋਈ ਹੈ ਜਿਹੜੀ ਸਮਾਜਿਕ ਕਦਰਾਂ-ਕੀਮਤਾਂ ਤੋਂ ਟੁੱਟ ਕੇ ਜੀਣ ਦੀ ਲੋਚਾ ਕਰਦੀ ਹੈ ਪਰ ਫਿਰ ਪਰੰਪਰਾ ਵੱਸ ਪਹਿਲੀ ਸਥਿਤੀ ਵਿੱਚ ਪਰਤ ਜਾਂਦੀ ਹੈ। ਇਸ ਤਰ੍ਹਾਂ ਉਸ ਦੀਆਂ ਕਹਾਣੀਆਂ ਵਿਚਲੀ ਔਰਤ ਟੁੱਟਣ ਅਤੇ ਜੁੜਨ ਦੇ ਵਿਚਕਾਰ ਲਟਕੀ ਹੋਈ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜਿਕ, ਰਾਜਨੀਤਿਕ, ਆਰਥਿਕ ਢਾਂਚੇ ਦਾ ਵੀ ਵਰਣਨ ਕੀਤਾ ਹੈ ਕਿ ਇਹਨਾਂ ਵਿੱਚ ਫਸਿਆ ਮਨੁੱਖ ਕਿਵੇਂ ਬਾਰ-ਬਾਰ ਟੁੱਟਦਾ ਹੈ।

     ਅਜੀਤ ਕੌਰ ਦੀਆਂ ਕਹਾਣੀਆਂ ਪਾਤਰ ਪ੍ਰਧਾਨ ਕਹਾਣੀਆਂ ਹਨ। ਉਹ ਕਹਾਣੀ ਦੀ ਉਸਾਰੀ ਲਈ ਕੇਂਦਰੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੀ ਹੈ ਅਤੇ ਕਿਤੇ-ਕਿਤੇ ਅੰਗਰੇਜ਼ੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਮਿਲਦੀ ਹੈ।

     ਉਹ ਆਪਣੇ ਪਾਤਰਾਂ ਦੇ ਜਜ਼ਬਾਤਾਂ ਅਤੇ ਅਰਮਾਨਾਂ ਨੂੰ ਯਥਾਰਥ ਰੰਗਣ ਵਿੱਚ ਪੇਸ਼ ਕਰਨ ਦਾ ਯਤਨ ਕਰਦੀ ਹੈ। ਉਸ ਦੀਆਂ ਕਈ ਕਹਾਣੀਆਂ ਹਿੰਦੁਸਤਾਨ ਦੀਆਂ ਸਾਰੀਆਂ ਜ਼ਬਾਨਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਦਾ ਜੀਵਨ ਪ੍ਰਤਿ ਇੱਕ ਵਿਸ਼ਾਲ ਤੇ ਖੁੱਲ੍ਹਾ ਨਜ਼ਰੀਆ ਹੈ।ਯੂਰਪ ਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਘੁੰਮੀ ਹੋਣ ਕਰ ਕੇ ਉਸ ਨੇ ਪੂਰਬੀ ਤੇ ਪੱਛਮੀ ਸਾਹਿਤ ਦਾ ਅਧਿਐਨ ਕੀਤਾ ਜਿਸ ਕਰ ਕੇ ਉਹ ਪੰਜਾਬੀ ਕਹਾਣੀ ਜਗਤ ਵਿੱਚ ਇੱਕ ਅਗਾਂਹ-ਵਧੂ ਕਹਾਣੀਕਾਰਾਂ ਦੇ ਤੌਰ ਤੇ ਸਥਾਪਿਤ ਹੋ ਚੁੱਕੀ ਹੈ ਅਤੇ ਉਸਨੂੰ ਕਈ ਅਵਾਰਡ ਵੀ ਮਿਲ ਚੁੱਕੇ ਹਨ। 1979 ਵਿੱਚ ਉਸਨੂੰ ਪੰਜਾਬੀ ਸਾਹਿਤ ਸਮੀਖਿਆ ਦੁਆਰਾ ਸ਼ਿਰੋਮਣੀ ਸਾਹਿਤਕਾਰ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਨਵੰਬਰ 1989 ਵਿੱਚ ਪੰਜਾਬ ਕਲਾ ਕੌਂਸਲ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅਪ੍ਰੈਲ 1983 ਵਿੱਚ ਪੰਜਾਬੀ ਅਕਾਦਮੀ ਦਿੱਲੀ ਐਡਮਨਿਸਟ੍ਰੇਸ਼ਨ ਦੁਆਰਾ ਦਿੱਲੀ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਵਿੱਚ ਸਭ ਤੋਂ ਵਿਲੱਖਣ ਪੰਜਾਬੀ ਲੇਖਕ ਦੇ ਤੌਰ ਤੇ ਸਨਮਾਨ ਹਾਸਲ ਕੀਤਾ। 1984 ਵਿੱਚ ‘ਬਾਵਾ ਬਲਵੰਤ ਅਵਾਰਡ`, 1985 ਵਿੱਚ \ ਖਾਨਾਬਦੋਸ਼ ਲਈ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਭਾਰਤੀਯ ਭਾਸ਼ਾ ਪਰਿਸ਼ਦ ਕਲਕੱਤਾ ਦੁਆਰਾ 1989 ਵਿੱਚ ਅਵਾਰਡ ਅਤੇ 1990 ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਕਰਤਾਰ ਸਿੰਘ ਧਾਲੀਵਾਰ ਪੁਰਸਕਾਰ ਮਿਲਿਆ। ਅਜੀਤ ਕੌਰ ਸਪਤਾਹਿਕ ਨਵਾਂ ਪਿੰਡ ਦੀ ਸੰਪਾਦਕ ਵੀ ਰਹੀ ਹੈ ਅਤੇ ਰੂਪੀ ਟਰੇਡ ਤੇ ਇੰਡੀਆ ਇੰਟਰਨੈਸ਼ਨਲ ਮੈਗਜ਼ੀਨ ਦੀ ਸੰਪਾਦਨਾ ਵੀ ਕਰਦੀ ਰਹੀ। ਉਸ ਨੇ ਹੈਨਰੀ ਜੇਮਜ਼ ਦੀ ਪੋਰਟਰੇਟ ਆਫ਼ ਏ ਲੇਡੀ, ਹੌਥੋਰਨ ਦੀ ਸਕਾਰਲੈਟ ਲੈਟਰ ਅਤੇ ਐਮਰਸਨ ਦੇ ਨਿਬੰਧ ਵੀ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ। ਸੂਲੀ ਤੇ ਲਟਕਦੇ ਪਲ ਕਹਾਣੀ-ਸੰਗ੍ਰਹਿ ਭਾਰਤ ਦੀਆਂ 14 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋਣ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ ਪੋਸਟ ਮਾਰਟਮ ਨਾਵਲਿਟ ਹਿੰਦੀ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ। ਅਜੀਤ ਕੌਰ ਨੇ ਦਿੱਲੀ ਵਿੱਚ ‘ਅਕੈਡਮੀ ਆਫ਼ ਫ਼ਾਈਨ ਆਰਟਸ ਐਂਡ ਲਿਟਰੇਚਰ` ਸਥਾਪਿਤ ਕੀਤੀ ਹੈ ਜੋ ਕਿ ਕਲਾਕਾਰਾਂ ਤੇ ਸਾਹਿਤਕਾਰਾਂ ਲਈ ਪ੍ਰੇਰਨਾ ਤੇ ਚਾਨਣ ਮੁਨਾਰਾ ਸਿੱਧ ਹੋਈ ਹੈ। ਉਹ ਸੱਤਾਂ ਸਾਰਕ ਮੁਲਕਾਂ ਦੇ ਲੇਖਕਾਂ, ਬੁੱਧੀਜੀਵੀਆਂ ਨੂੰ ਇਕੱਠਾ ਕਰ ਕੇ ਅਮਨ ਤੇ ਭਾਈਚਾਰੇ ਦੀ ਅਵਾਜ਼ ਬੁਲੰਦ ਕਰਨ ਲਈ 1987 ਤੋਂ ਲਗਾਤਾਰ ਯਤਨਸ਼ੀਲ ਹੈ।


ਲੇਖਕ : ਪਰਮੀਤ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.