ਅਟਾਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਟਾਰੀ (ਨਾਂ,ਇ) ਇੱਕ ਤੋਂ ਵਧੇਰੇ ਮੰਜ਼ਲਾਂ ਵਾਲਾ ਘਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਟਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਟਾਰੀ [ਨਾਂਇ] ਉੱਚਾ ਘਰ , ਮਾੜੀ [ਨਿਪੁ] (ਪਾਕਿਸਤਾਨ ਦੀ ਸਰਹੱਦ ਉੱਤੇ ਸਥਿਤ) ਪੰਜਾਬ ਦਾ ਇਕ ਕਸਬਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਟਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਟਾਰੀ. ਅੱਟਾਲਿਕਾ. ਦੇਖੋ, ਅਟਾ। ੨ ਅਮ੍ਰਿਤਸਰ ਜਿਲੇ ਦਾ ਇੱਕ ਨਗਰ, ਜੋ ਲਹੌਰ ਅਤੇ ਅਮ੍ਰਿਤਸਰ ਦੇ ਵਿਚਕਾਰ ਦੋਹਾਂ ਸ਼ਹਰਾਂ ਤੋਂ ਸੋਲਾਂ ਸੋਲਾਂ ਮੀਲ ਹੈ. ਇਸ ਥਾਂ ਦੇ ਸਰਦਾਰ ਸਿੱਧੂ ਗੋਤ ਦੇ ਜੱਟ ਹਨ. ਜਿਨ੍ਹਾਂ ਵਿੱਚੋਂ ਧਰਮ ਵੀਰ ਪਰਮ ਰਾਜਭਗਤ ਸਰਦਾਰ ਸ਼ਾਮ ਸਿੰਘ ਸਿੱਖ ਸੈਨਾ ਦਾ ਭੂ੄ਣ ਸੀ. ਇਹ ਸਨ ੧੮੦੩ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਨੌਕਰ ਹੋਇਆ. ਇਸ ਨੇ ਮੁਲਤਾਨ ਅਤੇ ਕਸ਼ਮੀਰ ਆਦਿਕ ਦੇ ਅਨੇਕ ਜੰਗ ਜਿੱਤੇ. ਸਨ ੧੮੩੪ ਦੇ ਸਰਹੱਦੀ ਜੰਗ ਵਿੱਚ ਵਡਾ ਨਾਮ ਪਾਇਆ.

     ਸਰਦਾਰ ਸ਼ਾਮ ਸਿੰਘ ਦੀ ਸੁਪੁਤ੍ਰੀ ਨਾਨਕੀ, ਮਹਾਰਾਜਾ ਰਣਜੀਤ ਸਿੰਘ ਦੇ ਪੋਤ੍ਰੇ ਨੌਨਿਹਾਲ ਸਿੰਘ ਨਾਲ ਮਾਰਚ ਸਨ ੧੮੩੭ ਵਿੱਚ ਵਡੀ ਧੂਮ ਧਾਮ ਨਾਲ ਵਿਆਹੀ ਗਈ ਸੀ. ਇਸ ਸ਼ਾਦੀ ਤੇ ਸਰਦਾਰ ਦਾ ਪੰਦ੍ਰਾਂ ਲੱਖ ਰੁਪਯਾ ਖ਼ਰਚ ਹੋਇਆ ਸੀ.

     ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਇਹ ਕੁਝ ਸਮੇ ਲਈ ਪੇਸ਼ਾਵਰ ਵਿੱਚ ਸ਼ਾਂਤੀ ਰੱਖਣ ਵਾਸਤੇ ਰਿਹਾ, ਪਰ ਸਮੇ ਦੀ ਹਾਲਤ ਦੇਖਕੇ ਨੌਕਰੀ ਛੱਡ ਕੇ ਘਰ ਜਾ ਬੈਠਾ.

     ਸਿੱਖਾਂ ਦੇ ਫਿਰੋਜਪੁਰ ਦੇ ਜੰਗ ਵਿੱਚ ਹਾਰਣ ਤੋਂ ਮਹਾਰਾਣੀ ਜਿੰਦ ਕੌਰ ਨੇ ਇਸ ਨੂੰ ਘਰੋਂ ਬੁਲਾਇਆ ਅਰ ਜੰਗ ਵਿੱਚ ਜਾਣ ਲਈ ਕਿਹਾ, ਇਸ ਨੇ ਦੂਰੰਦੇਸ਼ੀ ਨਾਲ ਜੰਗ ਦੇ ਭਯਾਨਕ ਨਤੀਜੇ ਦੱਸੇ, ਪਰ ਕੁਝ ਅਸਰ ਨਾ ਹੋਇਆ. ਜਦ ਸਰਦਾਰ ਨੇ ਸਮਝਿਆ ਕਿ ਮੇਰਾ ਉਪਦੇਸ਼ ਕੁਝ ਅਸਰ ਨਹੀਂ ਕਰਦਾ ਅਰ ਮੇਰੇ ਹਿਤ ਭਰੇ ਬਚਨ ਬੇਸਮਝਾਂ ਨੂੰ ਮੇਰੀ ਕਾਇਰਤਾ ਬੋਧਨ ਕਰਦੇ ਹਨ, ਤਦ ਅਰਦਾਸਾ ਸੋਧਕੇ ਕਿ ਜਾਂ ਫਤੇ ਪਾਵਾਂਗੇ ਨਹੀਂ ਤਾਂ ਜੰਗ ਤੋਂ ਮੁੜ ਕੇ ਘਰ ਨਹੀਂ ਆਂਵਾਂਗੇ. ਮੈਦਾਨੇ ਜੰਗ ਲਈ ਕੂਚ ਕੀਤਾ.

     ਤੇਜਾ ਸਿੰਘ ਨੇ ਇਸ ਨੂੰ ਮੈਦਾਨ ਛੱਡ ਕੇ ਭੱਜਣ ਦੀ ਸਲਾਹ ਦਿੱਤੀ, ਪਰ ਇਸ ਮਹਾਨ ਯੋਧੇ ਨੇ ੧੦ ਫ਼ਰਵਰੀ ਸੰਨ ੧੮੪੬ ਨੂੰ ਸਬਰਾਉਂ ਦੇ ਮੈਦਾਨ ਵਿੱਚ ਬੜੀ ਬਹਾਦੁਰੀ ਨਾਲ ਸ਼ਹੀਦੀ ਪਾਈ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਟਾਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਟਾਰੀ : ਇਹ ਕਸਬਾ ਅੰਮ੍ਰਿਤਸਰ ਤੋਂ ਲਾਹੌਰ ਜਾਣ ਵਾਲੀ ਜਰਨੈਲੀ ਸੜਕ ਉੱਤੇ ਵਾਕਿਆ ਹੈ ਅਤੇ ਇਨ੍ਹਾਂ ਦੋਹਾਂ ਸ਼ਹਿਰਾਂ ਦੇ ਅੱਧ ਵਿਚਕਾਰ, ਦੋਹਾਂ ਸ਼ਹਿਰਾਂ ਤੋਂ 25.7 ਕਿ. ਮੀ. ਦੀ ਵਿਥ ਉੱਤੇ ਹੈ। ਅੰਮ੍ਰਿਤਸਰ ਤੋਂ ਲਾਹੌਰ ਜਾਣ ਵਾਲੀ ਰੇਲਵੇ ਲਾਈਨ ਉੱਤੇ ਅਟਾਰੀ ਰੇਲਵੇ ਸਟੇਸ਼ਨ ਹਿੰਦੁਸਤਾਨ ਦਾ ਆਖ਼ਰੀ ਸਟੇਸ਼ਨ ਹੈ।

          ਅਟਾਰੀ ਸ਼ਬਦ ਦਾ ਅਰਥ ਹਵਾਦਾਰ ਚੁਬਾਰਾ ਹੈ। ਪੁਰਾਣੇ ਸਮੇਂ ਤੋਂ ਹੀ ਇਹ ਥਾਂ ਸੂਰਬੀਰ ਸਿੱਧੂ ਜੱਟਾਂ ਦਾ ਮਸ਼ਹੂਰ ਪਿੰਡ ਰਿਹਾ ਹੈ। ਸਿੱਖ ਇਤਿਹਾਸ ਵਿਚ ਇਸ ਪਿੰਡ ਦੀ ਪ੍ਰਸਿੱਧੀ ਸਰਦਾਰ ਸ਼ਾਮ ਸਿੰਘ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਸੀ, ਕਰਕੇ ਹੋਈ। ਉਸਦਾ ਜ਼ਿਕਰ ਸਭ ਥਾਂ ‘ਸ਼ਾਮ ਸਿਘ ਅਟਾਰੀ ਵਾਲਾ’ ਕਰਕੇ ਹੀ ਆਉਂਦਾ ਹੈ।

          ਜਦੋਂ ਸਰਦਾਰ ਸ਼ਾਮ ਸਿੰਘ ਦੀ ਲੜਕੀ ਨਾਨਕੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਸਿੰਘ ਨਾਲ ਵਿਆਹੀ ਗਈ ਤਾਂ ਜਰਨੈਲ ਹੋਣ ਤੋਂ ਇਲਾਵਾ ਉਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਨਾਲ ਹੋਰ ਵੀ ਵਧੇਰੇ ਹੋ ਗਿਆ।

          ਇਸ ਕਸਬੇ ਦਾ ਕੁਲ ਰਕਬਾ 103.2 ਹੈਕਟੇਅਰ ਹੈ ਜਿਸ ਵਿੱਚੋਂ ਵਧੇਰੇ ਥਾਂ ਆਬਾਦੀ ਨੇ ਮੱਲੀ ਹੋਈ ਹੈ। ਸੰਨ 1941 ਤੋਂ 1947 ਈ. ਤਕ ਇਸਦੀ ਆਬਾਦੀ ਚੋਖੀ ਵੱਧ ਰਹੀ ਸੀ ਪਰ ਦੇਸ਼ ਦੀ ਵੰਡ ਕਾਰਨ ਇਹ ਥਾਂ ਪਾਕਿਸਤਾਨ ਦੀ ਸਰਹੱਦ ਦੇ ਬਹੁਤ ਨੇੜੇ ਹੋ ਗਈ ਜਿਸ ਕਰਕੇ ਇਸ ਦੀ ਆਬਾਦੀ ਬਹੁਤ ਥੋੜ੍ਹੀ ਰਹਿ ਗਈ ਹੈ। ਪਾਕਿਸਤਾਨ ਦੀ ਸਰਹੱਦ ਤੋਂ ਇਹ ਥਾਂ ਤਕਰੀਬਨ 3 ਕਿ. ਮੀ. ਦੂਰ ਹੈ ਜਿੱਥੇ ਵਾਘਾ ਦੀ ਸਰਹੱਦੀ ਚੌਕੀ ਹੈ। ਸੜਕ ਰਾਹੀਂ ਹਿੰਦੁਸਤਾਨ ਤੇ ਪਾਕਿਸਤਾਨ ਵਿਚਕਾਰ ਆਵਾਜਾਈ ਅਤੇ ਵਪਾਰ ਇਸੇ ਚੌਂਕੀ ਰਾਹੀਂ ਹੁੰਦਾ ਹੈ। ਕੇਂਦਰੀ ਸਰਕਾਰ ਦੀ ਕਸਟਮ ਦੀ ਚੌਂਕੀ ਵੀ ਇਥੇ ਹੀ ਹੈ।

          ਅਟਾਰੀ ਕਸਬੇ ਵਿੱਚੋਂ ਸੰਨ 1958 ਵਿਚ ਸਿਰਫ 562 ਰੁਪਏ ਮਾਲੀਆ ਉਗਰਾਹਿਆ ਗਿਆ। ਇਥੇ ਮਿਉਂਸਪਲ ਕਮੇਟੀ ਵੀ ਹੈ। ਇਥੇ ਕਈ ਵੱਡੀਆਂ ਵੱਡੀਆਂ ਹਵੇਲੀਆਂ ਹਨ ਜਿਹੜੀਆਂ ਸਿੱਖ ਰਾਜ ਵੇਲੇ ਦੀਆਂ ਪੁਰਾਣੇ ਸਰਦਾਰਾਂ ਦੀਆਂ ਬਣਵਾਈਆਂ ਹੋਈਆਂ ਹਨ।

          ਆਬਾਦੀ––4,152 (1971)

          31˚ 15' ਉ. ਵਿਥ.; 73˚ 40' ਪੂ. ਲੰਬ.


ਲੇਖਕ : ਸਤਿੰਦਰ ਭਾਟੀਆ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-16, ਹਵਾਲੇ/ਟਿੱਪਣੀਆਂ: no

ਅਟਾਰੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਟਾਰੀ :  ਇਹ ਕਸਬਾ ਅਣਵੰਡੇ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਲਾਹੌਰ ਅਤੇ ਅੰਮ੍ਰਿਤਸਰ ਵਿਚਕਾਰ ਦੋਹਾਂ ਸ਼ਹਿਰਾਂ ਤੋਂ 19 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਪਾਕਿਸਤਾਨ ਜਾਂਦਿਆਂ ਅਟਾਰੀ ਹਿੰਦੁਸਤਾਨ ਦਾ ਆਖ਼ਰੀ ਰੇਲਵੇ ਸਟੇਸ਼ਨ ਹੈ। ਇਸ ਦਾ ਕੁੱਲ ਰਕਬਾ 103.2 ਹੈਕਟੇਅਰ ਹੈ। ਇਥੇ ਕਸਟਮ ਦੀ ਚੈੱਕ ਪੋਸਟ ਵੀ ਹੈ। ਇਸ ਤੋਂ ਬਿਲਕੁਲ ਨਜ਼ਦੀਕ ਹੀ 3 ਕਿ.ਮੀ. ਦੀ ਦੂਰੀ ਤੇ ਵਾਹਗਾ ਦੀ ਸਰਹੱਦੀ ਚੌਕੀ ਹੈ। ਸੜਕ ਰਾਹੀਂ ਭਾਰਤ ਦਾ ਪਾਕਿਸਤਾਨ ਨਾਲ ਵਪਾਰ ਇਸੇ ਚੌਕੀ ਦੁਆਰਾ ਹੁੰਦਾ ਹੈ। ਪੁਰਾਣੇ ਸਮੇਂ ਤੋਂ ਹੀ ਇਹ ਸਿੱਧੂ ਗੋਤ ਦੇ ਜੱਟਾ ਦਾ ਮਸ਼ਹੂਰ ਪਿੰਡ ਰਿਹਾ ਹੈ। ਸਿੱਖ ਇਤਿਹਾਸ ਵਿਚ ਇਸ ਦੀ ਪ੍ਰਸਿੱਧੀ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਜਨਮਭੂਮੀ ਕਰ ਕੇ ਅਤੇ ਅਟਾਰੀ ਖ਼ਾਨਦਾਨ ਕਰ ਕੇ ਵੀ ਹੈ। ਸ. ਸ਼ਾਮ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਸੂਰਬੀਰ ਜਰਨੈਲ ਸੀ ਜਿਸ ਦੀ ਲੜਕੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌਨਿਹਾਲ ਸਿੰਘ ਨਾਲ ਮਾਰਚ, 1837 ਵਿਚ ਹੋਇਆ ਸੀ। ਇਸ ਨਾਲ ਸ. ਸ਼ਾਮ ਸਿੰਘ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਕਾਫ਼ੀ ਨੇੜਤਾ ਹੋ ਗਈ ਸੀ।

        ਹੁਣ ਇਥੇ ਨਗਰਪਾਲਕਾ ਵੀ ਹੈ। ਇਤਿਹਾਸਕ ਇਮਾਰਤਾਂ ਵਿਚੋਂ ਇਥੇ ਸਿੱਖ ਰਾਜ ਸਮੇਂ ਦੀਆਂ ਸਿੱਖ ਸਰਦਾਰਾਂ ਦੀਆਂ ਬਣਵਾਈਆਂ ਹੋਈਆਂ ਵੱਡੀਆਂ ਵੱਡੀਆਂ ਹਵੇਲੀਆਂ ਹਨ।

        ਸਥਿਤੀ – 31º 15' ਉ. ਵਿਥ.; 73º 40' ਪੂ. ਲੰਬ.

        ਆਬਾਦੀ – 3,333 (1981)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2658, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-03-56-30, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.; ਇੰਪ. ਗ. ਇੰਡ. 6 : 121; ਪੰ. ਵਿ. ਕੋ.

ਅਟਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਟਾਰੀ, ਇਸਤਰੀ ਲਿੰਗ : ੧. ਉੱਚਾ ਘਰ, ਮਾੜੀ; ੨. ਇਕ ਪਿੰਡ ਦਾ ਨਾਂ ਜੋ ਅੰਮ੍ਰਿਤਸਰ ਤੇ ਲਾਹੌਰ ਦੇ ਅੱਧ ਵਿਚ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-11-20-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.