ਅਤਰ ਸਿੰਘ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਅਤਰ ਸਿੰਘ (1932–1994) : ਪੰਜਾਬੀ ਸਾਹਿਤ ਚਿੰਤਨ ਦੀ ਇਤਿਹਾਸ ਰੇਖਾ ਵਿੱਚ ਅਤਰ ਸਿੰਘ ਦਾ ਨਾਂ ਇਤਿਹਾਸਿਕ ਮਹੱਤਵ ਦਾ ਧਾਰਨੀ ਹੈ। ਉਸ ਨੇ ਨਿਰੰਤਰ ਮਿਹਨਤ, ਲਗਨ ਅਤੇ ਕੰਮ ਸੱਭਿਆਚਾਰ ਪ੍ਰਤਿ ਪ੍ਰਤਿਬੱਧਤਾ ਨਾਲ ਬਤੌਰ ਚਿੰਤਕ, ਭਾਸ਼ਾ-ਵਿਗਿਆਨੀ, ਕੋਸ਼ਕਾਰ, ਸਾਹਿਤ ਇਤਿਹਾਸਕਾਰ, ਸਾਹਿਤ ਸਮੀਖਿਅਕ, ਸ਼ਾਇਰ ਅਤੇ ਖੋਜੀ ਵਜੋਂ ਆਪਣੀ ਨਵੇਕਲੀ ਪਛਾਣ ਸਥਾਪਿਤ ਕੀਤੀ। ਉਸ ਦੇ ਅਧਿਐਨ- ਅਧਿਆਪਨ ਅਤੇ ਖੋਜ ਦਾ ਘੇਰਾ ਸਾਹਿਤ ਚਿੰਤਨ, ਮੱਧਕਾਲੀਨ ਤੇ ਆਧੁਨਿਕ ਪੰਜਾਬੀ ਸਾਹਿਤ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ, ਪਰਵਾਸੀ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਸਿੱਖ ਧਰਮ ਤੇ ਦਰਸ਼ਨ, ਆਧੁਨਿਕ ਭਾਰਤੀ ਸਾਹਿਤ ਅਤੇ ਭਾਰਤ ਦੇ ਸੱਭਿਆਚਾਰਿਕ ਇਤਿਹਾਸ ਤਕ ਫੈਲਿਆ ਹੋਇਆ ਸੀ। Secularisation of Modern Punjabi Poetry (ਪੀ-ਐਚ.ਡੀ. ਦੇ ਖੋਜ ਕਾਰਜ ਉਪਰ ਆਧਾਰਿਤ ਪੁਸਤਕ), Secularism and Sikh Faith, Dynamics of Sikh Culture ਅਤੇ New Perspective on Medieval Indian Literature ਆਦਿ ਅੰਗਰੇਜ਼ੀ ਪੁਸਤਕਾਂ ਤੋਂ ਇਲਾਵਾ ਉਸ ਨੇ ਅੰਗਰੇਜ਼ੀ ਵਿੱਚ ਬਹੁਤ ਸਾਰੇ ਨਿਬੰਧ, ਖੋਜ ਪੱਤਰ ਅਤੇ ਮੋਨੋਗ੍ਰਾਫ਼ ਵੀ ਲਿਖੇ ਜੋ ਦੈਨਿਕ ਪੱਤਰਾਂ (ਖ਼ਾਸ ਕਰ ਅੰਗਰੇਜ਼ੀ ਟ੍ਰਿਬਿਊਨ) ਅਤੇ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੇ ਰਹੇ। ਉਸ ਦੁਆਰਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਸੰਬੰਧੀ ਅੰਗਰੇਜ਼ੀ ਭਾਸ਼ਾ ਵਿੱਚ ਕੀਤਾ ਅਧਿਐਨ-ਕਾਰਜ ਅਜੇ ਸਾਂਭ-ਸੰਭਾਲ ਦੀ ਮੰਗ ਕਰਦਾ ਹੈ।
ਪੰਜਾਬੀ ਭਾਸ਼ਾ ਵਿੱਚ ਅਤਰ ਸਿੰਘ ਨੇ ਚਾਰ ਮੌਲਿਕ ਪੁਸਤਕਾਂ ਕਾਵਿ ਅਧਿਅਨ (1959), ਦ੍ਰਿਸ਼ਟੀਕੋਣ (1963), ਸਮਦਰਸ਼ਨ (1975) ਅਤੇ ਸਾਹਿਤ ਸੰਵੇਦਨਾ (1984), ਤੋਂ ਇਲਾਵਾ ਟਿੱਪਣੀਆਂ, ਭੂਮਿਕਾਵਾਂ, ਰੀਵਿਊ, ਮੁਖਬੰਦ, ਸੰਪਾਦਕੀਆਂ, ਮਜ਼ਮੂਨ ਅਤੇ ਖੋਜ ਪੱਤਰਾਂ ਦੀ ਰਚਨਾ ਕੀਤੀ। ਉਸ ਨੇ ਜਿੰਨੇ ਸਿਰੜ ਅਤੇ ਲਗਾਤਾਰਤਾ ਨਾਲ ਲਿਖਿਆ ਠੀਕ ਉਸ ਸ਼ਿੱਦਤ ਨਾਲ ਅਜਿਹੀ ਬਹੁਤ ਸਾਰੀ ਸਮਗਰੀ ਨੂੰ ਹਰਭਜਨ ਸਿੰਘ ਭਾਟੀਆ ਨੇ ਡਾ. ਅਤਰ ਸਿੰਘ : ਸਾਹਿਤ ਚਿੰਤਨ ਸਿਰਲੇਖ ਹੇਠ ਸੰਪਾਦਿਤ ਕੀਤਾ ਹੈ।
ਅਤਰ ਸਿੰਘ ਨੇ 1950 ਵਿੱਚ ਅਰੰਭ ਹੋਈ ਉਚੇਰੀ ਸਿੱਖਿਆ (ਐਮ.ਏ. ਪੰਜਾਬੀ) ਨੂੰ ਗ੍ਰਹਿਣ ਕਰਨ ਉਪਰੰਤ ਆਪਣੀ ਪਹਿਲੀ ਪੁਸਤਕ ਕਾਵਿ ਅਧਿਅਨ 1959 ਵਿੱਚ ਛਪਵਾਈ। ਆਪਣੇ ਜ਼ਮਾਨੇ ਵਿੱਚ ਕਾਵਿ ਅਧਿਅਨ ਵਿਚਲੀ ਇਸ ‘ਰਚਨਾਤਮਕ ਆਲੋਚਨਾ` ਨੇ ਬੇਜੋੜ ਵਾਹਵਾ ਖੱਟੀ। ਉਸ ਸਮੇਂ ਉਸ ਦੀ ਮੁਢਲੀ ਤੇ ਪਹਿਲੀ ਪਛਾਣ ਮਾਰਕਸਵਾਦੀ/ਪ੍ਰਗਤੀਵਾਦੀ ਚਿੰਤਕ ਦੀ ਬਣੀ।
ਸੰਤ ਸਿੰਘ ਸੇਖੋਂ ਨੇ ਕਾਵਿ ਅਧਿਅਨ ਦੀ ਭੂਮਿਕਾ ਵਿੱਚ ਅਤਰ ਸਿੰਘ ਨੂੰ ਵਰਤਮਾਨ ਪੀੜ੍ਹੀ ਦੇ ਸਮੀਖਿਆਕਾਰ ਵਿਦਵਾਨਾਂ ਦਾ ਮੋਹਰੀ ਦੱਸਦੇ ਹੋਏ ਇਹ ਸਥਾਪਨਾ ਪੇਸ਼ ਕੀਤੀ ਕਿ ਉਸ ਦੇ ਆਗਮਨ ਨਾਲ ਪੰਜਾਬੀ ਸਮੀਖਿਆ ਨੂੰ ਪ੍ਰਭਾਵਸ਼ਾਲੀ ਉਤਪਾਦਕ ਤੇ ਰਚਨਾਕਾਰ ਮਿਲ ਗਿਆ ਹੈ। ਟੀ.ਆਰ. ਵਿਨੋਦ ਨੇ ਕਿਹਾ ਕਿ ਉਸ ਕੋਲ ਨਰੋਆ ਨਜ਼ਰੀਆ ਵੀ ਹੈ, ਨਰੋਈ ਨਜ਼ਰ ਵੀ। ਕੇਸਰ ਸਿੰਘ ਕੇਸਰ ਨੂੰ ਉਸ ਦੀ ‘ਸਮੀਖਿਆ ਵਿੱਚ ਸਿਰਜਣ, ਅਧਿਆਪਨ ਤੇ ਚਿੰਤਨ ਇੱਕ ਦੂਜੇ ਦੇ ਪੂਰਕ ਤੇ ਇਸ ਲਈ ਅਨਿੱਖੜ` ਵਿਖਾਈ ਦਿੱਤੇ। ਪੰਜਾਬੀ ਵਿੱਚ ਬਹੁਤ ਸਾਰੇ ਅਜਿਹੇ ਚਿੰਤਕ ਹਨ ਜਿਹੜੇ ਉਸ ਦੇ ਚਿੰਤਨ ਕਾਰਜ ਨੂੰ ਸੇਖੋਂ-ਸਮੀਖਿਆ ਦੇ ਸਮੀਖਿਆਤਮਿਕ ਆਦਰਸ਼ ਦੇ ਨੇੜੇ-ਨੇੜੇ ਵਿਚਰਦਾ ਦਿਖਾਉਂਦੇ ਹਨ। ਪਰੰਤੂ ਸੇਖੋਂ-ਸਮੀਖਿਆ ਨਾਲ ਉਸ ਦੇ ਚਿੰਤਨ ਦੀ ਇਸ ਸਾਂਝ ਦੇ ਨਾਲ-ਨਾਲ ਉਸ ਦੇ ਚਿੰਤਨ ਦੀਆਂ ਕੁਝ ਕੁ ਖ਼ੂਬੀਆਂ ਵੀ ਪਛਾਣੀਆਂ ਗਈਆਂ ਜਿਵੇਂ ਹਰਿਭਜਨ ਸਿੰਘ ਅਕਸਰ ‘ਉਹਨਾਂ ਨੂੰ ਨਾ ਰਾਜਨੀਤਿਕ ਲਾਈਨ ਦੀ ਮਜਬੂਰੀ ਹੈ, ਨਾ ਆਤਮ ਸਿਰਮੌਰਤਾ ਦੀ`, ‘ਸਮੁੱਚੇ ਪੰਜਾਬੀ ਸਾਹਿਤ ਨੂੰ ਇੱਕ ਇਕਾਈ ਵਾਂਗ ਗ੍ਰਹਿਣ ਕਰ ਸਕਣ ਦੀ ਸਮਰੱਥਾ ਉਸ ਵਿੱਚ ਕਿਸੇ ਨਾਲੋਂ ਵੀ ਵਧੀਕ ਹੈ`, ‘ਉਸ ਦੀ ਆਲੋਚਨਾ ਵਿੱਚ ਫ਼ਾਸਲਾ ਬਣਾਈ ਰੱਖਣ ਦੀ ਯੋਗਤਾ ਵੀ ਅਨੁਕਰਨਯੋਗ ਹੈ` ਅਤੇ ‘ਰਚਨਾ ਦੀ ਸੰਰਚਨਾ ਨੂੰ ਪਛਾਣਨ ਦੀ ਸਮਰੱਥਾ ਉਸ ਵਿੱਚ ਸਭ ਤੋਂ ਵਧੀਕ ਹੈ` ਆਦਿ। ਉਸ ਦੇ ਚਿੰਤਨ ਦੇ ਸੇਖੋਂ ਦੀ ਸਮੀਖਿਆਤਮਿਕ ਵਿਧੀ ਦੇ ਅਨੁਗਾਮੀ ਹੋਣ, ਇਤਿਹਾਸਵਾਦ ਵੱਲ ਮੁੜਣ ਅਤੇ ਸੁਤੰਤਰ ਸਿਧਾਂਤ-ਚਿੰਤਨ ਵੱਲ ਧਿਆਨ ਨਾ ਦੇਣ ਨੂੰ ਉਹ ਉਸ ਦੀਆਂ ਸੀਮਾਵਾਂ ਵਜੋਂ ਉਭਾਰਦਾ ਹੈ। ਸੁਤਿੰਦਰ ਸਿੰਘ ਨੂਰ ਨੂੰ ਦ੍ਰਿਸ਼ਟੀਕੋਣ ਤੱਕ ਉਹ ਮਾਰਕਸਵਾਦ ਦੇ ਨਾਲ-ਨਾਲ ਸੁਹਜ ਸ਼ਾਸਤਰ ਨੂੰ ਮਿਲਾ ਕੇ ਆਪਣੀ ਵੱਖਰੀ ਹੋਂਦ ਬਣਾਉਂਦਾ ਹੈ ਅਤੇ ਸਮਦਰਸ਼ਨ ਤੱਕ ਅੱਪੜ ਕੇ ‘ਖੰਡਿਤ ਸਥਿਤੀ ਵਿੱਚ ਘਿਰਿਆ ਨਜ਼ਰ ਆਉਂਦਾ ਹੈ।`ਅਸਲ ਗੱਲ ਇਹ ਹੈ ਕਿ ਸਿਧਾਂਤਿਕ ਧਰਾਤਲ ਉਪਰ ਅਤਰ ਸਿੰਘ ਆਪਣੇ ਸਿਧਾਂਤਿਕ ਆਧਾਰਾਂ ਨੂੰ ਬਦਲਦਾ ਰਿਹਾ। ਅਤਰ ਸਿੰਘ ਸ਼ੁਰੂ-ਸ਼ੁਰੂ ਵਿੱਚ ਪੰਜਾਬੀ ਮਾਰਕਸਵਾਦੀ ਆਲੋਚਨਾ ਦੀ ਧਾਰਾ ਨਾਲ ਜੁੜਦਾ ਹੈ ਪਰੰਤੂ ਉਸ ਨਾਲ ਪੱਕਾ ਨਾਤਾ ਸਥਾਪਿਤ ਨਹੀਂ ਕਰਦਾ, ਪੰਜਾਬੀ ਰੂਪਵਾਦੀ ਆਲੋਚਨਾ ਦੀਆਂ ਮੂਲ ਸਿਧਾਂਤਿਕ ਧਾਰਨਾਵਾਂ ਨੂੰ ਅਪਨਾਉਂਦਾ ਹੈ ਪਰੰਤੂ ਉਹਨਾਂ ਤਕ ਸੀਮਿਤ ਨਹੀਂ ਰਹਿੰਦਾ। ਇਹ ਚਿੰਤਕ ਆਪਣੇ ਸਿਧਾਂਤਿਕ ਆਧਾਰਾਂ ਨੂੰ ਮੁੜ-ਮੁੜ ਬਦਲਦਾ ਹੈ ਅਤੇ ਇਹ ਬਦਲਾਓ ਇਸ ਹੱਦ ਤੱਕ ਉਸ ਦੇ ਚਿੰਤਨ ਵਿੱਚ ਵਿਆਪਦਾ ਹੈ ਕਿ ਅਕਸਰ ਉਹ ਆਪਣੀਆਂ ਹੀ ਸਥਾਪਨਾਵਾਂ ਨੂੰ ਕਾਂਟੇ ਹੇਠ ਲੈ ਆਉਂਦਾ ਹੈ। ਜ਼ਰੂਰਤ ਉਸ ਦੇ ਚਿੰਤਨ ਵਿੱਚੋਂ ਮਾਰਕਸਵਾਦ, ਸੁਹਜਵਾਦ, ਰੂਪਵਾਦ, ਮਾਨਵਵਾਦ, ਅਸਤਿਤਵਵਾਦ ਅਤੇ ਪੰਜਾਬੀਅਤ ਦੇ ਤੱਤਾਂ/ਮੁਹਾਂਦਰਿਆਂ ਨੂੰ ਤਲਾਸ਼ ਕਰਨ ਦੀ ਨਹੀਂ ਇਹਨਾਂ ਸਭਨਾਂ ਦੀ ਹੋਂਦ ਰਾਹੀਂ ਉਸ ਦੇ ਚਿੰਤਨ ਦੀ ਜਟਿਲਤਾ ਅਤੇ ਮਿਸ਼ਰਤ ਸੁਭਾਅ ਨੂੰ ਸਮਝਣ ਦੀ ਹੈ।
ਅਤਰ ਸਿੰਘ ਤੋਂ ਪੂਰਵ ਸੰਤ ਸਿੰਘ ਸੇਖੋਂ ਨੇ ਆਪਣੀ ਪੁਸਤਕ ਸਾਹਿਤਿਆਰਥ (1957) ਵਿੱਚ ਮੱਧਕਾਲੀ ਸਾਹਿਤ ਨੂੰ ਕਰੜਾਈ ਨਾਲ ਵੇਖਿਆ, ਘੋਖਿਆ ਅਤੇ ਉਸ ਪ੍ਰਤਿ ਖੰਡਨਕਾਰੀ ਰੁਚੀ ਅਪਣਾਈ। ਸੇਖੋਂ ਤੋਂ ਪੂਰਵਲੇ ਅਧਿਐਤਾਵਾਂ ਦੀ ਇਸ ਸਾਹਿਤ ਪ੍ਰਤਿ ਰੁਚੀ ਉਪਭਾਵੁਕਤਾ ਦੀ ਹੱਦ ਤੱਕ ਸਦਭਾਵੀ ਸੀ। ਅਕਸਰ ਉਹਨਾਂ ਦੀ ਸ਼ਰਧਾ ਅਤੇ ਵਿਸ਼ਵਾਸ ਉਹਨਾਂ ਦੇ ਅਧਿਐਨ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਸਨ। ਅਤਰ ਸਿੰਘ ਨੇ ਕਾਫ਼ੀ ਹੱਦ ਤੱਕ ਆਪਣੇ ਤੋਂ ਪੂਰਵਲੀਆਂ ਇਹਨਾਂ ਦੋਵਾਂ ਰੁਚੀਆਂ ਤੋਂ ਇੱਕ ਫ਼ਾਸਲਾ ਸਥਾਪਿਤ ਕਰ ਕੇ ਇਸ ਸਾਹਿਤ ਦੇ ਇਤਿਹਾਸਿਕ ਗੌਰਵ ਅਤੇ ਨਿਕਾਸ ਵਿਕਾਸ ਦੀ ਧਾਰਾ ਨੂੰ, ਸਮੁੱਚੀ ਸਮਗਰੀ ਨੂੰ ਇੱਕ ਇਕਾਈ ਤੇ ਨਿਰੰਤਰਤਾ ਵਿੱਚ ਗ੍ਰਹਿਣ ਕਰ ਕੇ, ਸਮਝਣ ਦਾ ਯਤਨ ਕੀਤਾ। ਕਿਧਰੇ-ਕਿਧਰੇ ਉਸ ਦੇ ਧਾਰਮਿਕ ਸੰਸਕਾਰ ਵੀ ਉਸ ਦੀ ਬੁੱਧ ਬਿਬੇਕ, ਪਿਛੋਕੜ ਆਧਾਰਿਤ ਇਤਿਹਾਸਿਕ ਪਹੁੰਚ ਉਪਰ ਹਾਵੀ ਦਿਖਾਈ ਦਿੰਦੇ ਹਨ। ਆਧੁਨਿਕ ਸਾਹਿਤ ਸੰਬੰਧੀ ਉਸ ਦਾ ਚਿੰਤਨ ਪਿਛੋਕੜ ਆਧਾਰਿਤ ਅਧਿਐਨ ਤੋਂ ਅਰੰਭ ਹੋ ਕੇ ਸਾਹਿਤ ਦੇ ਅੰਦਰਲੇ ਤੇ ਬਾਹਰਲੇ ਸਰੋਕਾਰਾਂ ਵਿਚਕਾਰ ਦ੍ਵੰਦਾਤਮਿਕ ਰਿਸ਼ਤਾ ਸਥਾਪਿਤ ਕਰਦਾ ਹੋਇਆ ਸਰਲਤਾ ਤੋਂ ਜਟਿਲਤਾ ਤੱਕ ਦਾ ਸਫ਼ਰ ਤੈ ਕਰਦਾ ਹੈ। ਉਸ ਦੀ ਅਧਿਐਨ ਵਿਧੀ, ਸਾਰ, ਪਿਛੋਕੜ ਦੀ ਫਰੋਲਾ ਫਰਾਲੀ, ਪਾਠ ਦੀਆਂ ਅੰਦਰੂਨੀ ਪਰਤਾਂ ਦੀ ਪਛਾਣ ਤੋਂ ਅਗਾਂਹ ਸਰਕਦੀ ਹੋਈ ਸਾਹਿਤ ਕਿਰਤਾਂ ਨੂੰ ਦੂਸਰੇ ਅਨੁਸ਼ਾਸਨਾਂ ਦੀ ਸਹਾਇਤਾ ਨਾਲ ਖੋਲ੍ਹਣ-ਫਰੋਲਣ ਤੱਕ ਅਪੜਦੀ ਹੈ। ਵਿਧੀਆਂ ਦੇ ਇਸ ਫੇਰ-ਬਦਲ ਵਿੱਚ ਸਿੱਟਿਆਂ ਵਿੱਚ ਅੰਤਰ ਵਿਰੋਧਾਂ ਦਾ ਆ ਵਿਆਪਣਾ ਸੁਭਾਵਿਕ ਜਿਹੀ ਘਟਨਾ ਹੋ ਨਿਬੜਦੀ ਹੈ। ਕੁੱਲ ਮਿਲਾ ਕੇ ਪੰਜਾਬੀ ਚਿੰਤਨ ਪਰੰਪਰਾ ਨਾਲ ਪੂਰੀ ਗੰਭੀਰਤਾ ਨਾਲ ਜੁੜੇ ਰਹਿਣ ਕਰ ਕੇ ਉਸ ਦੇ ਚਿੰਤਨ ਦੀ ਇਤਿਹਾਸਿਕ ਮਹੱਤਤਾ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਲੇਖਕ : ਹਰਿਭਜਨ ਸਿੰਘ ਭਾਟੀਆ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8422, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਅਤਰ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਤਰ ਸਿੰਘ. ਸਰਦਾਰ ਅਮੀਰ ਸਿੰਘ ਸੰਧਾਵਾਲੀਏ ਦਾ ਪੁਤ੍ਰ ਅਤੇ ਲਹਿਣਾ ਸਿੰਘ ਦਾ ਭਾਈ. ਕੌਰ ਨੌਨਿਹਾਲ ਸਿੰਘ ਦੇ ਮਰਣ ਪਿੱਛੋਂ ਸੰਧਾਵਾਲੀਏ, ਮਹਾਰਾਣੀ ਚੰਦ ਕੌਰ (ਮਹਾਰਾਜਾ ਖੜਕ ਸਿੰਘ ਦੀ ਵਿਧਵਾ) ਨੂੰ ਗੱਦੀ ਤੇ ਬੈਠਾਉਣਾ ਚਾਹੁੰਦੇ ਸੇ, ਅਤੇ ਡੋਗਰਾ ਮੰਡਲੀ ਸ਼ੇਰ ਸਿੰਘ ਨੂੰ ਮਹਾਰਾਜਾ ਥਾਪਣ ਦੀ ਬ੍ਯੋਂਤ ਕਰ ਰਹੇ ਸਨ. ਜਦ ਸ਼ੇਰ ਸਿੰਘ ਕਾਮਯਾਬ ਹੋ ਗਿਆ ਤਾਂ ਸੰਧਾਵਾਲੀਆਂ ਨੂੰ ਭਾਰੀ ਨੁਕਸਾਨ ਪੁੱਜਾ. ਇਨ੍ਹਾਂ ਨੇ ਸ਼ੇਰ ਸਿੰਘ ਦਾ ਅੰਤ ਕਰਨਾ ਚਾਹਿਆ, ਇਸ ਚਾਲ ਵਿੱਚ ਡੋਗਰੇ ਭੀ ਸ਼ਾਮਿਲ ਹੋ ਗਏ. ਜਦ ਸ਼ਾਹ ਬਲਾਵਲ ਦੇ ਮਕਾਮ ਅਜੀਤ ਸਿੰਘ ਨੇ ਬੰਦੂਕ ਨਾਲ ਮਹਾਰਾਜਾ ਸ਼ੇਰ ਸਿੰਘ ਨੂੰ ਮਾਰ ਦਿੱਤਾ, ਤਦ ਸਾਰੇ ਖਾਨਦਾਨ ਤੇ ਭਾਰੀ ਆਫਤ ਆਈ, ਅਤਰ ਸਿੰਘ ਨੱਠਕੇ ਭਾਈ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਸ਼ਰਣ ਜਾ ਪਿਆ. ਉਸ ਥਾਂ ਲਹੌਰ ਦੀ ਫੌਜ ਨੇ ਹੀਰਾ ਸਿੰਘ ਡੋਗਰੇ ਦੇ ਹੁਕਮ ਨਾਲ ਘੇਰ ਲਿਆ. ਮਈ ਸਨ ੧੮੪੪ (੨੭ ਵੈਸਾਖ ਸੰਮਤ ੧੯੦੧) ਨੂੰ ਅਤਰ ਸਿੰਘ ਦੀ ਮੌਤ ਸਰਦਾਰ ਗੁਲਾਬ ਸਿੰਘ ਦੀ ਗੋਲੀ ਨਾਲ ਹੋਈ. ਦੇਖੋ, ਬੀਰ ਸਿੰਘ.
੨ ਸਰਦਾਰ ਖੜਕ ਸਿੰਘ ਰਈਸ ਭਦੌੜ ਦਾ ਸੁਪੁਤ੍ਰ, ਜਿਸ ਦਾ ਜਨਮ ਸਨ ੧੮੩੩ ਵਿੱਚ ਹੋਇਆ. ਇਹ ਵਡਾ ਵਿਦ੍ਵਾਨ ਅਤੇ ਚਤੁਰ ਸੀ. ਸਰਦਾਰ ਸਰ ਅਤਰ ਸਿੰਘ ਮਹਾਮਹੋਪਾਧ੍ਯਾਯ ਨੇ ਲੁਦਿਆਨੇ ਬਹੁਤ ਉੱਤਮ ਪੁਸਤਕਾਲਯ ਬਣਾਇਆ ਸੀ. ਇਸ ਦਾ ਦੇਹਾਂਤ ਸਨ ੧੮੯੬ ਵਿੱਚ ਹੋਇਆ.
੩ ਨਾਮ ਦੇ ਰਸੀਏ ਗੁਰੁਬਾਣੀ ਦੇ ਕੀਰਤਨ ਦਾ ਪ੍ਰਚਾਰ ਕਰਨ ਵਾਲੇ ਸੰਤ ਅਤਰ ਸਿੰਘ ਜੀ. ਇਨ੍ਹਾਂ ਦਾ ਜਨਮ ਪਿੰਡ ਚੀਮੇ, ਪਟਿਆਲੇ ਦੀ ਤਸੀਲ ਸੁਨਾਮ ਵਿੱਚ, ਚੇਤ ਸੁਦੀ ੧ ਸੰਮਤ ੧੯੨੩ ਨੂੰ ਮਾਤਾ ਭੋਲੀ ਦੀ ਕੁੱਖ ਤੋਂ ਕਰਮ ਸਿੰਘ ਜੀ ਦੇ ਘਰ ਹੋਇਆ. ਇਨ੍ਹਾਂ ਨੇ ੧੮ ਸਾਲ ਦੀ ਉਮਰ ਵਿੱਚ ਪਲਟਨ ਨੰ: ੪ ਬਰਮਾ ਵਿੱਚ ਭਰਤੀ ਹੋ ਕੇ ਕੁਝ ਸਮਾਂ ਨੌਕਰੀ ਕੀਤੀ. ਫੇਰ ਸੁਤੰਤ੍ਰ ਹੋ ਕੇ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਕਰਦੇ ਰਹੇ. ਆਪ ਨੇ ਹਜਾਰਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਾਕੇ ਸੁਮਾਰਗ ਪਾਇਆ. ਸੰਤ ਜੀ ਪੂਰੇ ਤਿਆਗੀ ਅਤੇ ਕਰਮਯੋਗ ਦੇ ਅਭ੍ਯਾਸੀ ਸਨ. ਇਨ੍ਹਾਂ ਦੇ ਬਣਾਏ ਗੁਰੁਸਾਗਰ ਮਸਤੂਆਣੇ ਅਤੇ ਦਮਦਮੇ ਸਾਹਿਬ ਦੇ ਆਲੀਸ਼ਾਨ ਤੇ ਮਨੋਹਰ ਮੰਦਿਰ ਇਨ੍ਹਾਂ ਦੀ ਅਟਲ ਯਾਦਗਾਰ ਹਨ.1 ਸੰਤ ਅਤਰ ਸਿੰਘ ਜੀ ਦਾ ੧੯ ਮਾਘ ਸੰਮਤ ੧੯੮੩ ਨੂੰ ਸੰਗਰੂਰ ਦੇਹਾਂਤ ਹੋਇਆ ਅਤੇ ਸਸਕਾਰ ਮਸਤੂਆਣੇ ਕੀਤਾ ਗਿਆ, ਜਿੱਥੇ ਇਨ੍ਹਾ ਦੇ ਅੰਗੀਠੇ ਤੇ ਆਲੀਸ਼ਾਨ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਬਣਾਇਆ ਗਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅਤਰ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਤਰ ਸਿੰਘ : ਕੂਕਿਆਂ ਦੇ ਬਾਈ ਸੂਬਿਆਂ ਅਰਥਾਤ ਗਵਰਨਰਾਂ ਜਾਂ ਪ੍ਰਤੀਨਿਧੀਆਂ ਵਿਚੋਂ ਇਕ ਸੀ ਜੋ ਉਨੀਂਵੀਂ ਸਦੀ ਦੇ ਅੰਤਿਮ ਅੱਧ ਵਿਚ ਵੱਖ ਵੱਖ ਭਾਗਾਂ ਵਿਚ ਨਾਮਧਾਰੀ ਜਾਂ ਕੂਕਿਆਂ ਦੀ ਦੇਸ਼ ਭਗਤੀ ਅਤੇ ਸਮਾਜ ਸੁਧਾਰ ਦੇ ਕੰਮਾਂ ਦੇ ਸਮਰਥਨ ਵਿਚ ਸਰਗਰਮ ਸੀ। ਅਤਰ ਸਿੰਘ ਲੁਧਿਆਣੇ ਜ਼ਿਲੇ ਦਾ ਵਸਨੀਕ ਸੀ। ਇਹ 1832 ਵਿਚ ਬੁੱਧ ਸਿੰਘ ਦੇ ਘਰ ਜਨਮਿਆ। ਆਪਣੀ ਸਾਰੀ ਜਾਇਦਾਦ ਵੇਖ ਕੇ ਆਪਣੀਆਂ ਦੋ ਧੀਆਂ ਸਮੇਤ ਇਹ ਕੂਕਾ ਸਿਧਾਂਤਾਂ ਦਾ ਪ੍ਰਚਾਰਕ ਬਣ ਗਿਆ। ਮਾਰਚ 1875 ਵਿਚ ਇਸ ਨੂੰ ਪਾਬੰਦੀਸ਼ੁਦਾ ਕੂਕਿਆਂ ਦੇ ਇਕੱਠ ਵਿਚ ਸ਼ਾਮਲ ਹੋਣ ਅਤੇ ਬਰਤਾਨਵੀ ਸਰਕਾਰ ਦੇ ਵਿਰੁੱਧ ਵਿਦਰੋਹੀ ਭਾਸ਼ਾ ਵਰਤਣ ਲਈ ਗ੍ਰਿਫ਼ਤਾਰ ਕਰ ਲਿਆ ਗਿਆ।
ਲੇਖਕ : ਮ.ਲ.ਅ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First