ਅਫਲਾਤੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਫਲਾਤੂ ਅ਼ ਯੂ ਪਲਾਟੋਨ. ਅੰ. Plato. ਪੱਛਮ ਦੇ ਪ੍ਰਾਚੀਨ ਫ਼ਿਲਾਸਫ਼ਰਾਂ ਵਿੱਚੋਂ ਇੱਕ ਵਡੀ ਉੱਚੀ ਪਦਵੀ ਦਾ ਮਹਾਤਮਾ. ਇਸ ਦਾ ਜਨਮ ਯੂਨਾਨ ਦੀ ਰਾਜਧਾਨੀ ਐਥਿਨਜ਼ (Athens) ਵਿੱਚ ਈਸਵੀ ਸਨ ਦੇ ਆਰੰਭ ਤੋਂ ਪਹਿਲਾਂ ੪੨੮ ਵਿੱਚ ਹੋਇਆ. ਇਸ ਦਾ ਪਿਤਾ ਐਰਿਸਟਨ (Ariston) ਅਤੇ ਮਾਤਾ ਪ੍ਰਿ੖੷ਨੀ ਸੀ. ਅਫਲਾਤੂਨ ਦਾ ਅਸਲੀ ਨਾਉਂ ਐਰਿਸੋ਍†ਕਲੀਜ਼ (Aristocles) ਸੀ, ਪਰ ਇਸ ਦੀ ਛਾਤੀ ਅਤੇ ਮਸਤਕ ਦੀ ਵਿਸ਼ਾਲਤਾ ਤੋਂ ਇਸ ਦਾ ਨਾਉਂ ਪਲਾਟੋਨ (ਚੌੜਾ) ਪੈ ਗਿਆ. ਪ੍ਰਾਚੀਨ ਇਤਿਹਾਸਕਾਰ ਓਲਿੰਪੂਡੋਰਸ ਲਿਖਦਾ ਹੈ ਕਿ ਦੁੱਧ ਚੁੰਘਦੇ ਅਫਲਾਤੂਨ ਨੂੰ ਇਸ ਦੇ ਮਾਤਾ ਪਿਤਾ ਨੇ ਜਦ ਪਹਾੜੀ ਦੇਵਤਿਆਂ ਤੋਂ ਵਰ ਪ੍ਰਾਪਤੀ ਲਈ ਹੀਮੈਟਸ ਪਰਬਤ ਤੇ ਰੱਖਿਆ, ਤਾਂ ਸ਼ਹਦ ਦੀ ਮੱਖੀਆਂ ਨੇ ਇਸ ਦੇ ਹੋਠਾਂ ਨੂੰ ਸ਼ਹਦ ਲਾ ਦਿੱਤਾ, ਜਿਸ ਤੋਂ ਇਸ ਦਾ ਵਿਸ਼ੇ੄ਣ ਐਥਿਨਜ਼੍ਵੀ ‘ਮਧੁਕਰ’ ਹੋਇਆ, ਅਰ ਕਵੀਆਂ ਨੇ ਇਸ ਦਾ ਭਾਵ ਕੱਢਿਆ ਕਿ ਇਸ ਦੇ ਮੁਖ ਤੋਂ ਸ਼ਹਦ ਥੀਂ ਭੀ ਅਧਿਕ ਮਿੱਠੀ ਬਾਣੀ ਦਾ ਪ੍ਰਵਾਹ ਚਲੇਗਾ.

 

    ਅਫਲਾਤੂਨ ਛੋਟੀ ਉਮਰ ਵਿੱਚ ਹੀ ਛੰਦਵਿਦ੍ਯਾ ਦਾ ਪੰਡਿਤ ਹੋ ਗਿਆ ਸੀ. ਇੱਕ ਦਿਨ ਕਿਸੇ ਭੀੜੀ ਗਲੀ ਵਿੱਚੋਂ ਲੰਘਦਿਆਂ ਇਸ ਨੂੰ ਮਹਾਰਿਖੀ ਸੁਕਰਾਤ ਮਿਲ ਪਿਆ, ਜਿਸ ਦਾ ਦਰਸ਼ਨ ਇਸ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ. ਸੁਕਰਾਤ ਨੇ ਆਪਣੀ ਸੋਟੀ ਨਾਲ ਅਫਲਾਤੂਨ ਦਾ ਰਸਤਾ ਰੋਕਕੇ ਪੁੱਛਿਆ ਕਿ ਚਿਰੰਜੀਵ! ਮੈਨੂੰ ਨੇਕੀ ਦੇ ਮਦਰਸੇ ਦਾ ਪਤਾ ਦੱਸ! ਸੁਕਰਾਤ ਦੇ ਇਹ ਸ਼ਬਦ ਸੁਣਕੇ ਅਫਲਾਤੂਨ ਵਿਸਮਾਦ ਵਿੱਚ ਹੋ ਗਿਆ, ਅਰ ਕਿਹਾ ਕਿ ਮਹਾਰਾਜ! ਮੈਨੂੰ ਇਸ ਦਾ ਗ੍ਯਾਨ ਨਹੀਂ. ਤਾਂ ਸੁਕਰਾਤ ਨੇ ਇਸ ਵੱਲ ਇਸ਼ਾਰਾ ਕਰਕੇ ਆਪਣੇ ਸਾਥੀਆਂ ਨੂੰ ਕਿਹਾ ਕਿ—ਏਹੋ ਹੰਸ ਹੈ ਜੋ ਰਾਤ ਸੁਪਨੇ ਵਿੱਚ ਮੇਰੀ ਛਾਤੀ ਤੇ ਬੈਠਕੇ ਉਡ ਗਿਆ ਸੀ! ਇਸ ਸਮੇ ਅਫਲਾਤੂਨ ਦੀ ਉਮਰ ਵੀਹ ਵਰ੍ਹਿਆਂ ਦੀ ਸੀ. ਇਸ ਦੇ ਚਿੱਤ ਤੇ ਤਤ੍ਵਗ੍ਯਾਨੀ ਸੁਕਰਾਤ ਦਾ ਅਜੇਹਾ ਅਸਰ ਹੋਇਆ ਕਿ ਉਸ ਦੀ ਸੰਗਤਿ ਵਿੱਚ ਰਹਿਕੇ ਅਵਸਥਾ ਵਿਤਾਉਣੀ ਕਲ੍ਯਾਣ ਦਾ ਸਾਧਨ ਸਮਝਿਆ, ਅਰ ਸੁਕਰਾਤ ਦੇ ਦੇਹਾਂਤ ਤੀਕ ਉਸ ਦੀ ਸੇਵਾ ਕਰਕੇ ਸਿਖ੍ਯਾ ਪ੍ਰਾਪਤ ਕੀਤੀ.

    ਸੁਕਰਾਤ ਦੇ ਮਰਨ ਪਿੱਛੋਂ ਕੁਝ ਚਿਰ ਅਫਲਾਤੂਨ ਦੇਸ਼ਾਂਤਰਾਂ ਵਿੱਚ ਫਿਰਦਾ ਰਿਹਾ, ਅਰ ਬੀ.ਸੀ. ੩੮੮ ਦੇ ਲਗਪਗ ਜਗਤ ਵਿਖ੍ਯਾਤ ਐਕੈਡਿਮੀ ਬਾਗ ਵਿੱਚ ਇਸਥਿਤ ਹੋ ਗਿਆ, ਜਿੱਥੇ ਨਿਰੰਤਰ ੪੦ ਵਰ੍ਹਿਆਂ ਤਕ ਆਪ ਸੂਖਮ ਵਿਚਾਰਾਂ ਦਾ ਚਿੰਤਨ, ਅਤੇ ਆਪਣੇ ਸਤਸੰਗੀਆਂ ਨੂੰ ਤਤ੍ਵਵਿਦ੍ਯਾ ਦਾ ਦਾਨ ਕਰਦਾ ਰਿਹਾ. ਇਸ ਦੇ ਚੇਲੇ ਅਤੇ ਸ਼੍ਰੋਤੇ ਪੁਰਖ ਇਸਤ੍ਰੀਆਂ ਦੋਵੇਂ ਸਨ, ਅਰ ਉਨ੍ਹਾਂ ਦੀ ਸਚਾਈ ਇਤਨੀ ਉਜਾਗਰ ਹੋ ਗਈ ਸੀ ਕਿ ਜੇ ਉਹ ਅਦਾਲਤ ਵਿੱਚ ਗਵਾਹੀ ਲਈ ਸੱਦੇ ਜਾਂਦੇ, ਤਾਂ ਉਨ੍ਹਾਂ ਤੋਂ ਕਸਮ ਨਹੀਂ ਉਠਵਾਈ ਜਾਂਦੀ ਸੀ.

    ਅਫਲਾਤੂਨ ਨੇ ਬਹੁਤ ਉੱਤਮ ਗ੍ਰੰਥ ਲਿਖੇ ਹਨ, ਅਰ ਵਿਦ੍ਵਾਨਾਂ ਦਾ ਸੌਭਾਗ੍ਯ ਹੈ ਕਿ ਉਹ ਸਮੇ ਦੀ ਹੇਰਾ ਫੇਰੀ ਦਾ ਸ਼ਿਕਾਰ ਨਹੀਂ ਹੋਏ. ਇਨ੍ਹਾਂ ਗ੍ਰੰਥਾਂ ਦਾ ਸ਼ੁੱਧ ਅਤੇ ਸਰਲ ਅਨੁਵਾਦ (ਉਲਥਾ) ਤਕਰੀਬਨ ਯੂਰਪ ਦੀਆਂ ਸਭ ਬੋਲੀਆਂ ਵਿੱਚ ਹੋ ਗਿਆ ਹੈ. ਹੁਣ ਯੂਰਪ ਅਤੇ ਅਮ੍ਰੀਕਾ ਦੇ ਵਿਦ੍ਵਾਨ ਹੀ ਨਹੀਂ. ਬਲਕਿ ਭਾਰਤ ਦੇ ਭੀ ਵਡੇ ਤੋਂ ਵਡੇ ਵਿਚਾਰਸ਼ੀਲ ਪ੍ਰੇਮ ਤੇ ਸਤਿਕਾਰ ਨਾਲ ਆਖਦੇ ਹਨ ਕਿ ਜੇ ਵੇਦਵ੍ਯਾਸ ਰਿਖੀ ਤੁੱਲ ਕੋਈ ਮਹਾਤਮਾ ਯੂਰਪ ਵਿੱਚ ਪ੍ਰਗਟਿਆ ਹੈ, ਤਾਂ ਉਹ ਕੇਵਲ ਅਫਲਾਤੂਨ ਸੀ. ਇਸ ਤਤ੍ਵਗ੍ਯਾਨੀ ਨੂੰ ਵਿਦ੍ਯਾ ਅਤੇ ਗ੍ਯਾਨ ਦੀ ਮੂਰਤਿ ਕਹਿਣਾ ਅਤ੍ਯੁਕ੍ਤਿ ਨਹੀਂ, ਇਸੇ ਲਈ ਐਮਰਸਨ ਲਿਖਦਾ ਹੈ ਕਿ—ਅਫ਼ਲਾਤੂਨ ਫ਼ਿਲਸਫ਼ਾ ਹੈ ਅਤੇ ਫ਼ਿਲਸਫ਼ਾ ਅਫ਼ਲਾਤੂਨ ਹੈ.

    ਅਫਲਾਤੂਨ ਦੇ ਬਹੁਤ ਸਿੱਧਾਂਤ ਗੁਰੁਮਤ ਅਨੁਕੂਲ ਹਨ, ਇੱਥੋਂ ਤਕ ਕਿ ਕੇਸ਼ਾਂ ਦੇ ਸੰਬੰਧ ਵਿੱਚ ਭੀ ਦਸ਼ਮੇਸ਼ ਦੀ ਮਰਯਾਦਾ ਦੀ ਅਨੁਕੂਲਤਾ ਹੈ. (ਦੇਖੋ, ਉਸ ਦਾ ਗ੍ਰੰਥ Timaeus ਅਤੇ ਉਸ ਦੇ ਬੁਤ). ਇਸ ਵਿ੄੥ ਤੇ ਸਿੱਖ ਖੋਜੀ ਭਾਈ ਧਰਮ ਅਨੰਤ ਸਿੰਘ ਜੀ ਨੇ ੩੦੦ ਤੋਂ ਉੱਪਰ ਸਫਿਆਂ ਦਾ, “ਅਫਲਾਤੂਨ ਤੇ ਸਤਿਗੁਰੂ” (Plato and the True Enlightener of the Soul) ਨਾਮੇ ਪੁਸਤਕ ਅੰਗ੍ਰੇਜ਼ੀ ਵਿੱਚ, ਮੂਲ ਯੂਨਾਨੀ ਗ੍ਰੰਥ ਵਿਚਾਰਕੇ ਰਚਿਆ ਹੈ, ਜੋ ਲੰਡਨ ਤੋਂ ਸਨ ੧੯੧੨ ਵਿੱਚ (Luzac and Co., ਦ੍ਵਾਰਾ) ਪ੍ਰਕਾਸ਼ਿਤ ਹੋਇਆ ਸੀ.

    ਅਫਲਾਤੂਨ ਬੀ.ਸੀ. ੩੪੮ ਵਿੱਚ ਆਪਣੇ ਜਨਮ ਦਿਨ, ਜਦ ਕਿ ਉਹ ਕੁਝ ਸੱਜਨਾਂ ਨੂੰ ਭੋਜਨ ਛਕਾ ਰਿਹਾ ਸੀ ਅਰ ਠੀਕ ੮੧ ਵਰ੍ਹਿਆਂ ਦਾ ਹੋ ਚੁਕਾ ਸੀ, ਕਾਲਵਸ ਹੋ ਗਿਆ. ਕਈ ਲਿਖਦੇ ਹਨ ਕਿ ਉਹ ਸਰੀਰ ਤਿਆਗਣ ਵੇਲੇ ਲਿਖਣ ਵਿੱਚ ਮਸਰੂਫ ਸੀ.

    ਅਫਲਾਤੂਨ ਦੀ ਦਾਨਾਈ ਅਤੇ ਵਿਦ੍ਵੱਤਾ ਦਾ ਸਿੱਕਾ ਲੋਕਾਂ ਦੇ ਚਿੱਤ ਤੇ ਅਜਿਹਾ ਬੈਠਾ ਹੈ ਕਿ ਜਦ ਕਿਸੇ ਯੋਗ੍ਯ ਆਦਮੀ ਦੀ ਉਸਤਤਿ ਕਰਦੇ ਹਨ, ਤਦ ਉਸ ਨੂੰ ਅਫਲਾਤੂਨ ਦੀ ਉਪਮਾਂ ਦਿੰਦੇ ਹਨ।

    ੨ ਖ਼ਾ. ਲਿਹਾਫ਼. ਲੇਫ਼. ਰਜਾਈ. ਗੁੱਦੜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.