ਅਰਥ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਰਥ : ‘ਅਰਥ` ਕਈ ਖੇਤਰਾਂ ਵਿੱਚ ਵਰਤਿਆ ਜਾਣ ਵਾਲਾ ਤਕਨੀਕੀ ਸ਼ਬਦ ਹੈ। ਇਸ ਦੀ ਪਰਿਭਾਸ਼ਾ ਅਤੇ ਪ੍ਰਕਿਰਤੀ ਦਾ ਅਧਿਐਨ, ਮਨੋਵਿਗਿਆਨ, ਤਰਕ ਸ਼ਾਸਤਰ ਅਤੇ ਭਾਸ਼ਾ-ਵਿਗਿਆਨ ਵਿੱਚ ਕੀਤਾ ਜਾਂਦਾ ਹੈ। ਮਾਨਵੀ ਵਸਤੂ ਜਗਤ ਦੇ ਪਦਾਰਥਾਂ, ਪ੍ਰਕਿਰਿਆਵਾਂ, ਸੰਕਲਪਾਂ ਅਤੇ ਸੰਬੰਧਾਂ ਬਾਰੇ ਸ਼ਬਦਾਂ ਦੁਆਰਾ ਪ੍ਰਗਟ ਸੂਚਨਾ ਤੇ ਸੁਨੇਹੇ ਨੂੰ ‘ਅਰਥ` ਕਿਹਾ ਜਾ ਸਕਦਾ ਹੈ।

     ਮਨੁੱਖ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਭਾਸ਼ਾ ਰਾਹੀਂ ਮਨ ਵਿੱਚ ਗ੍ਰਹਿਣ ਕਰਦਾ ਹੈ। ਉਸ ਦਾ ਵਸਤੂ- ਜਗਤ ਮਾਨਸਿਕ ਸੰਕਲਪਾਂ ਦੇ ਰੂਪ ਵਿੱਚ ਉਸ ਦੇ ਦਿਮਾਗ਼ ਅੰਦਰ ਜਮ੍ਹਾਂ ਹੁੰਦਾ ਰਹਿੰਦਾ ਹੈ। ਸੰਚਾਰ ਪ੍ਰਕਿਰਿਆ ਦੌਰਾਨ ਇਹਨਾਂ ਮਾਨਸਿਕ ਸੰਕਲਪਾਂ ਨੂੰ ਭਾਸ਼ਾ ਰਾਹੀਂ ਜਾਂ ਗ਼ੈਰ-ਭਾਸ਼ਾਈ ਚਿੰਨ੍ਹਾਂ ਦੁਆਰਾ ਸੰਚਾਰਿਤ ਕੀਤਾ ਜਾਂਦਾ ਹੈ। ਇਹ ਮਾਨਸਿਕ ਵਜੂਦ ਉਸ ਦੇ ਦਿਮਾਗ਼ ਅੰਦਰ ਸੋਚ, ਸੂਝ ਭਾਵ ਤੇ ਭਾਵਨਾਵਾਂ ਪੈਦਾ ਕਰਦੇ ਹਨ। ਇਹਨਾਂ ਸੰਬੰਧੀ ਹਰੇਕ ਤਰ੍ਹਾਂ ਦੀ ਸੂਚਨਾ ਤੇ ਸੁਨੇਹੇ ਦਾ ਸੰਚਾਰ ਦੋ ਤਰ੍ਹਾਂ ਕੀਤਾ ਜਾ ਸਕਦਾ ਹੈ। ਇੱਕ ਭਾਸ਼ਾ ਦੇ ਮਾਧਿਅਮ ਰਾਹੀਂ, ਵਾਕਾਂ ਤੇ ਉਚਾਰਾਂ ਦੀ ਸਿਰਜਣਾ ਕਰ ਕੇ ਜਿਵੇਂ ਇਸ ਕੁੜੀ ਦਾ ਵਿਆਹ ਹੋ ਗਿਆ ਹੈ। ਦੂਜਾ ਗ਼ੈਰ- ਭਾਸ਼ਾਈ ਮਾਧਿਅਮ ਰਾਹੀਂ; ਦਿੱਖ ਪੱਧਰ ਦੇ ਸਥੂਲ ਸੰਚਾਰ ਚਿੰਨ੍ਹਾਂ ਜਿਵੇਂ ਚੂੜਾ, ਸੰਧੂਰ, ਲਾਲ ਰੰਗ ਦੇ ਕਪੜੇ, ਵੰਗਾਂ ਦਾ ਪ੍ਰਦਰਸ਼ਨ ਕਰ ਕੇ। ਦੋਹਾਂ ਸਥਿਤੀਆਂ ਵਿੱਚ ਇਸ ਸੰਚਾਰ ਦਾ ਇੱਕ ਮਾਨਸਿਕ ਪੱਧਰ ਹੁੰਦਾ ਹੈ ਅਤੇ ਦੂਜਾ ਭਾਸ਼ਾਈ ਪੱਧਰ। ਇਸੇ ਲਈ ‘ਅਰਥ` ਦੇ ਸੰਕਲਪ ਦੀ ਸਿਰਜਣਾ ਵੀ ਇਹਨਾਂ ਦੋਹਾਂ ਖੇਤਰਾਂ (ਮਨੋਵਿਗਿਆਨ ਅਤੇ ਭਾਸ਼ਾ-ਵਿਗਿਆਨ) ਦੇ ਅਧਿਐਨ ਸਦਕਾ ਹੋਈ ਹੈ।

     ਭਾਸ਼ਾ-ਵਿਗਿਆਨ ਵਿੱਚ ‘ਅਰਥ` ਨੂੰ ਸ਼ਬਦ, ਵਾਕ ਤੇ ਪਾਠ (text) ਤਿੰਨ੍ਹਾਂ ਪੱਧਰਾਂ ਦੇ ਪਰਿਪੇਖ ਵਿੱਚ ਸਮਝਣ ਦੇ ਯਤਨ ਕੀਤੇ ਗਏ ਹਨ। ਇਸੇ ਲਈ ਸ਼ਬਦਾਂ ਦੇ ਹਵਾਲੇ ਨਾਲ ਅਰਥਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਅਤੇ ਵਰਤੋਂ ਦੇ ਆਧਾਰ `ਤੇ ਅਰਥਾਂ ਨੂੰ ਛੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ:

      1. ਕੇਂਦਰੀ ਜਾਂ ਅਭਿਧਾ ਅਰਥ : ਇੱਕ ਸ਼ਬਦ ਦੇ ਆਮ ਪ੍ਰਚਲਿਤ ਅਤੇ ਕੋਸ਼ ਵਿੱਚ ਦਰਜ ਅਰਥਾਂ ਨੂੰ ਕੇਂਦਰੀ ਜਾਂ ਅਭਿਧਾ ਅਰਥ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ‘ਗਊ` ਸ਼ਬਦ ਦਾ ਕੇਂਦਰੀ ਜਾਂ ਅਭਿਧਾ ਹੈ ਦੁਧਾਰੂ ਪਸ਼ੂ।

      2. ਪਰਿਵਰਤਤ ਜਾਂ ਲਕਸ਼ਣਾਂ ਅਰਥ : ਇੱਕ ਸ਼ਬਦ ਦੀ ਜਦੋਂ ਵਾਕ ਵਿੱਚ ਵਰਤੋਂ ਕੀਤੀ ਜਾਂਦੀ ਹੈ ਤਾਂ ਪ੍ਰਸੰਗ ਅਨੁਸਾਰ ਉਸ ਦੇ ਅਰਥਾਂ ਵਿੱਚ ਤਬਦੀਲੀ ਆ ਸਕਦੀ ਹੈ। ਇਸ ਤਰ੍ਹਾਂ ਸੰਚਾਰਿਤ ਅਰਥ ਨੂੰ ਪਰਿਵਰਤਤ ਜਾਂ ਲਕਸ਼ਣਾ ਅਰਥ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ‘ਇਹ ਮੁੰਡਾ ਤਾਂ ਨਿਰਾ ਗਊ ਹੈ` ਵਾਕ ਵਿੱਚ ‘ਗਊ` ਅਭਿਧਾ ਅਰਥ ਦਾ ਸੰਚਾਰ ਨਹੀਂ ਕਰ ਰਿਹਾ ਬਲਕਿ ਇਹ ‘ਸਾਊ ਸੁਭਾਅ` ਬਾਰੇ ਸੂਚਨਾ ਸੰਚਾਰਿਤ ਕਰ ਰਿਹਾ ਹੈ। ਇਸ ਲਈ ਇਹ ਇਸ ਦਾ ਪਰਿਵਰਤਤ ਜਾਂ ਲਕਸ਼ਣਾ ਅਰਥ ਹੈ।

      3. ਸੁਝਾਊ ਜਾਂ ਵਿਅੰਜਨਾ ਅਰਥ : ਜਦੋਂ ਇੱਕ ਸ਼ਬਦ ਦੀ ਪ੍ਰਸੰਗਿਕ ਵਰਤੋਂ ਕੇਂਦਰੀ ਜਾਂ ਪਰਿਵਰਤਤ ਅਰਥਾਂ ਦੀ ਥਾਂ ਸੁਝਾਊ ਅਰਥ ਨੂੰ ਸੰਚਾਰਿਤ ਕਰੇ ਤਾਂ ਇਸ ਅਰਥ ਨੂੰ ਸੁਝਾਊ ਜਾਂ ਵਿਅੰਜਨਾ ਅਰਥ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ‘ਮੁੰਡੇ ਨੂੰ ਗੁੱਸੇ ਨਾ ਹੋ। ਕਹਿੰਦੇ ਐ ਬਈ ਦੁੱਧ ਦੇਣ ਵਾਲੀ ਗਾਂ ਦੀਆਂ ਛੜਾਂ ਵੀ ਸਹਿਣੀਆਂ ਪੈਂਦੀਆਂ ਨੇ` ਵਾਕ ਵਿੱਚ ‘ਗਾਂ` ਸ਼ਬਦ ਕੇਂਦਰੀ ਜਾਂ ਪਰਿਵਰਤਤ ਅਰਥਾਂ ਦੀ ਥਾਂ ‘ਮੁੰਡੇ` ਦੀਆਂ ਵਿਸ਼ੇਸ਼ਤਾਵਾਂ ਨੂੰ, ਨਫ਼ੇ ਤੇ ਨੁਕਸਾਨ ਦੇ ਪਰਿਪੇਖ ਵਿੱਚ ਸੁਝਾਊ ਰੂਪ ਵਿੱਚ ਸੰਚਾਰਿਤ ਕਰਦਾ ਹੈ। ਇਸ ਲਈ ਇਹ ਇਸ ਦੇ ਵਿਅੰਜਨਾ ਅਰਥ ਹਨ।

      4. ਕੋਸ਼ੀ ਅਰਥ : ਇੱਕ ਸ਼ਬਦ ਦੇ ਆਮ ਪ੍ਰਚਲਿਤ ਅਤੇ ਕੋਸ਼ ਵਿੱਚ ਦਰਜ ਅਰਥਾਂ ਨੂੰ ਕੋਸ਼ੀ ਅਰਥ ਕਿਹਾ ਜਾਂਦਾ ਹੈ ਜਿਵੇਂ ‘ਬੱਚਾ` ਦਾ ਅਰਥ ਹੈ ਬਾਲ, ਨਿਆਣਾ ਆਦਿ।

      5. ਵਿਆਕਰਨਿਕ ਅਰਥ : ਇੱਕ ਸ਼ਬਦ ਦੇ ਰੂਪਾਂਤ੍ਰਿਤ ਰੂਪਾਂ ਰਾਹੀਂ ਸੰਚਾਰਿਤ ਅਰਥਾਂ ਨੂੰ ਵਿਆਕਰਨਿਕ ਅਰਥ ਕਿਹਾ ਜਾ ਸਕਦਾ ਹੈ। ਉਦਾਹਰਨ ਵਜੋਂ ਬੱਚਾ, ਬੱਚੇ, ਬੱਚੀ, ਬੱਚੀਆਂ, ਬੱਚਿਆਂ, ਬਚਿਓ, ਬੱਚੀਏ ਆਦਿ ਰੂਪਾਂਤਰੀ ਰੂਪ ‘ਬੱਚਾ` ਦੇ ਲਿੰਗ, ਵਚਨ ਤੇ ਕਾਰਕ ਨੂੰ ਸੰਚਾਰਿਤ ਕਰਦੇ ਹਨ। ਇਹ ‘ਬੱਚਾ` ਸ਼ਬਦ ਦੇ ਵਿਆਕਰਨਿਕ ਅਰਥ ਹਨ। ਇਸ ਤਰ੍ਹਾਂ ਸ਼ਬਦ-ਰੂਪਾਂ ਦੇ ਕੋਸ਼ੀ ਤੇ ਵਿਆਕਰਨਿਕ ਅਰਥ ਹੋ ਸਕਦੇ ਹਨ ਪਰ ਕੁਝ ਸ਼ਬਦਾਂ ਦੇ ਕੋਸ਼ੀ ਅਰਥ ਨਹੀਂ ਹੁੰਦੇ ਕੇਵਲ ਵਿਆਕਰਨਿਕ ਅਰਥ ਹੀ ਹੁੰਦੇ ਹਨ। ਉਦਾਹਰਨ ਵਜੋਂ ‘ਨੇ`, ‘ਤੋਂ` ਦੇ ਵਿਆਕਰਨਿਕ ਕਾਰਜ ਤਾਂ ਹਨ ਪਰ ਕੋਸ਼ੀ ਅਰਥ ਨਹੀਂ। ਇਹੋ ਵਿਆਕਰਨ ਕਾਰਜ ਇਹਨਾਂ ਦੇ ਵਿਆਕਰਨਿਕ ਅਰਥ ਹੁੰਦੇ ਹਨ।

      6. ਬਹੁ-ਅਰਥਕ ਅਰਥ : ਇੱਕ ਸ਼ਬਦ ਦੀ ਇੱਕ ਤੋਂ ਵਧੇਰੇ ਅਰਥਾਂ ਵਿੱਚ ਵਰਤੋਂ ਨੂੰ ਬਹੁ-ਅਰਥਕਤਾ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ‘ਸ਼ਬਦ` ਦੇ ਬਹੁ- ਅਰਥਕ ਅਰਥ ਹਨ। ਵਿਆਕਰਨਿਕ ਅਧਿਐਨ ਦੀ ਇਕਾਈ ਨੂੰ ਸ਼ਬਦ ਕਿਹਾ ਜਾਂਦਾ ਹੈ ਅਤੇ ਗੁਰਬਾਣੀ ਗਾਇਨ ਦੀ ਇੱਕ ਇਕਾਈ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ।

     ਕੋਸ਼ਕਾਰੀ ਦੇ ਪ੍ਰਸੰਗ ਵਿੱਚ ਅਰਥਾਂ ਦੇ ਆਧਾਰ `ਤੇ ਸ਼ਬਦਾਂ ਨੂੰ ਹੇਠ ਲਿਖੇ ਅਨੁਸਾਰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ :

      1. ਪਰਿਆਇਵਾਚੀ ਜਾਂ ਸਮਾਨਾਰਥਕ ਸ਼ਬਦ : ਜਿਨ੍ਹਾਂ ਸ਼ਬਦਾਂ ਰਾਹੀਂ ਸਮਾਨ ਸੂਚਨਾ ਦਾ ਸੰਚਾਰ ਹੁੰਦਾ ਹੋਵੇ ਉਹਨਾਂ ਨੂੰ ਪਰਿਆਇਵਾਚੀ ਜਾਂ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਪਿਆਰ, ਮੋਹ, ਇਸ਼ਕ, ਮੁਹੱਬਤ ਪਰਿਆਇਵਾਚੀ ਜਾਂ ਸਮਾਨਾਰਥਕ ਸ਼ਬਦ ਹਨ।

      2. ਵਿਪਰਿਆਇਵਾਚੀ ਜਾਂ ਵਿਰੋਧਾਰਥਕ ਸ਼ਬਦ : ਜਿਨ੍ਹਾਂ ਸ਼ਬਦਾਂ ਰਾਹੀਂ ਵਿਰੋਧੀ ਜਾਂ ਉਲਟਭਾਵੀ ਸੂਚਨਾ ਦਾ ਸੰਚਾਰ ਹੁੰਦਾ ਹੋਵੇ ਅਤੇ ਉਹਨਾਂ ਨੂੰ ਵਿਪਰਿਆਇਵਾਚੀ ਜਾਂ ਵਿਰੋਧਾਰਥਕ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਗੋਰਾ- ਕਾਲਾ, ਉੱਚਾ-ਨੀਵਾਂ ਆਦਿ।

      3. ਸਮਰੂਪ ਸ਼ਬਦ : ਜਿਹੜੇ ਸ਼ਬਦਾਂ ਦਾ ਔਰਥੋਗਰਾਫੀ ਪੱਧਰ ਦਾ ਰੂਪ ਅਰਥਾਤ ਲਿਖਤੀ ਰੂਪ ਸਮਾਨ ਹੋਵੇ ਪਰ ਉਹ ਵੱਖੋ-ਵੱਖਰੇ ਅਰਥਾਂ ਦਾ ਸੰਚਾਰ ਕਰਨ ਉਹਨਾਂ ਨੂੰ ਸਮਰੂਪ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਖੰਡ (ਹਿੱਸਾ) ਅਤੇ ਖੰਡ (ਚੀਨੀ) ਵਿੱਚ।

      4. ਸਮਧੁਨੀ ਸ਼ਬਦ : ਜਿਨ੍ਹਾਂ ਸ਼ਬਦਾਂ ਦਾ ਉਚਾਰਨ ਸਮਾਨ ਹੋਵੇ ਪਰ ਅਰਥ ਵੱਖੋ-ਵੱਖਰੇ ਹੋਣ ਉਹਨਾਂ ਨੂੰ ਸਮਧੁਨੀ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਨਾਲਾ (ਪਜਾਮੇਂ ਦਾ) ਅਤੇ ਨਾਲਾ (ਗੰਦੇ ਪਾਣੀ ਦਾ)।


ਲੇਖਕ : ਪਰਮਜੀਤ ਸਿੰਘ ਸਿੱਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 92372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਰਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਥ [ਨਾਂਪੁ] ਮਤਲਬ, ਮਾਅਨਾ, ਭਾਵ; ਪ੍ਰਯੋਜਨ, ਕਾਰਨ; ਧਨ , ਦੌਲਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 92352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਰਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਥ. ਸੰ. अर्थ्. ਧਾ—ਮੰਗਣਾ. ਚਾਹੁਣਾ. ਢੂੰਡਣਾ ਘੇਰਨਾ। ੨ ਸੰ. अर्थ—ਅਥ੗. ਸੰਗ੍ਯਾ—ਸ਼ਬਦ ਦਾ ਭਾਵ. ਪਦ ਦਾ ਤਾਤਪਰਯ. “ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ.” (ਗੁਪ੍ਰਸੂ) ੩ ਪ੍ਰਯੋਜਨ. ਮਤਲਬ. “ਪੁਛਿਆ ਢਾਢੀ ਸਦਿਕੈ, ਕਿਤੁ ਅਰਥਿ ਤੂੰ ਆਇਆ?” (ਮ: ੪ ਵਾਰ ਸ੍ਰੀ) “ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ.” (ਤੁਖਾ ਛੰਤ ਮ: ੪) ੪ ਧਨ. ਪਦਾਰਥ. “ਅਰਥ ਧਰਮ ਕਾਮ ਮੋਖ ਕਾ ਦਾਤਾ.” (ਬਿਲਾ ਮ: ੫) ੫ ਕਾਰਣ. ਹੇਤੁ. ਸਬਬ। ੬ ਸ਼ਬਦ , ਸਪਰਸ਼ ਰੂਪ , ਰਸ , ਗੰਧ, ਇਹ ਪੰਜ ਵਿ੄੥। ੭ ਫਲ. ਨਤੀਜਾ। ੮ ਸੰਪਤਿ. ਵਿਭੂਤਿ. “ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ.” (ਧਨਾ ਮ: ੯) ੯ ਵਿ—ਅ-ਰਥ. ਰਥ ਰਹਿਤ. ਰਥ ਤੋਂ ਬਿਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 92103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਰਥ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਰਥ (ਸੰ.। ਸੰਸਕ੍ਰਿਤ) ੧. ਧਨ , ਪਦਾਰਥ। ਯਥਾ-‘ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ’।

੨. ਨਮਿੱਤ, ਵਾਸਤੇ। ਯਥਾ-‘ਹਰਿ ਅਰਥ ਜੋ ਖਰਚਦੇ’। ਤਥਾ-‘ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 91829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਰਥ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਰਥ, ਸੰਸਕ੍ਰਿਤ / ਪੁਲਿੰਗ : ੧. ਸ਼ਬਦ ਦਾ ਭਾਵ, ਪਦ ਦਾ ਤਾਤਪਰਜ; ੨. ਪਰਯੋਜਨ, ਮਤਲਬ, ਕਾਰਣ; ੩. ਧਨ, ਦੌਲਤ

–ਅਰਥ ਸਾਰਨਾ, ਮੁਹਾਵਰਾ : ਮਤਲਬ ਪੂਰਾ ਕਰਨਾ, ਗਰਜ਼ ਪੂਰੀ ਕਰਨਾ

–ਅਰਥ ਲੱਗਣਾ, ਮੁਹਾਵਰਾ : ਸਕਾਰਥਾ ਹੋ ਜਾਣਾ, ਸਫ਼ਲ ਹੋ ਜਾਣਾ। ਕਿੱਸੇ ਸ਼ਬਦ ਜਾਂ ਵਾਕ ਦਾ ਮਤਲਬ ਸਮਝ ਲੈਣਾ

–ਅਰਥ ਸ਼ਾਸਤਰ, ਪੁਲਿੰਗ : ਕੌਟਿੱਲ ਰਚਿਤ ਨੀਤੀ ਸ਼ਾਸਤਰ, ਅਰਥ ਵਿਗਿਆਨ ਸਬੰਧੀ ਗ੍ਰੰਥ ਦਾ ਨਾਉਂ

–ਅਰਥ ਵਿਗਿਆਨ, ਪੁਲਿੰਗ : ਰਾਜ ਪ੍ਰਬੰਧ ਸਿਖਾਉਣ ਵਾਲੀ ਵਿਦਿਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 39468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-07-04-52-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.