ਅਰਥ ਵਿਗਿਆਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਅਰਥ ਵਿਗਿਆਨ: ਆਧੁਨਿਕ ਭਾਸ਼ਾ ਵਿਗਿਆਨ ਵਿਚ ਅਰਥ ਵਿਗਿਆਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ। ਧੁਨੀ ਵਿਗਿਆਨ ਅਤੇ ਵਿਆਕਰਨ ਇਸੇ ਦੀਆਂ ਹੋਰ ਸ਼ਾਖਾਵਾਂ ਹਨ। ਭਾਰਤੀ ਅਰਥ ਪਰੰਪਰਾ ਦਾ ਇਕ ਲੰਮਾ ਇਤਿਹਾਸ ਹੈ ਪਰ ਪੱਛਮ ਵਿਚ ਇਸ ਦੀ ਵਰਤੋਂ ਇਸੇ ਸਦੀ ਵਿਚ ਹੋਣੀ ਸ਼ੁਰੂ ਹੋਈ। ਅਰਥ ਵਿਗਿਆਨ ਦਾ ਅੰਗਰੇਜ਼ੀ ਵਿਚ ਸਮਾਨਾਰਥਕ ਸ਼ਬਦ ਸਿਮਾਂਟਿਕਸ (Semantics) ਹੈ। ਇਸ ਦਾ ਸਰੋਤ ਯੁਨਾਨੀ ਹੈ ਅਤੇ ਫਰਾਂਸੀਸੀ ਵਿਚ (Semautique) ਵਜੋਂ ਅਪਣਾਇਆ ਗਿਆ। ਇਸ ਸੰਕਲਪ ਦੀ ਵਰਤੋਂ ਅਰਥਾਂ ਲਈ ਬਰੇਲ ਨੇ 1900 ਵਿਚ ਕੀਤੀ। ਅਮਰੀਕੀ ਸਰੰਚਨਾਵਾਦੀ ਭਾਸ਼ਾ ਵਿਗਿਆਨੀ ਬਲੂਮਫੀਲਡ ਇਸ ਵਿਸ਼ੇ ਨੂੰ ਭਾਸ਼ਾ ਵਿਗਿਆਨ ਦਾ ਵਿਸ਼ਾ ਨਹੀਂ ਮੰਨਦਾ। ਪਰ ਬਾਦ ਵਿਚ ਇਸ ਨੂੰ ਭਾਸ਼ਾ ਵਿਗਿਆਨ ਦੇ ਖੇਤਰ ਵਜੋਂ ਜਾਣਿਆ ਜਾਣ ਲੱਗਾ। ਸੋਸਿਓਰ ਦੇ ਚਿੰਨ੍ਹ, ਚਿਨਹਕ ਤੇ ਚਿਹਨਤ ਅਤੇ ਔਜਨ ਤੇ ਰਿਚਰਡਜ਼ ਦੇ Thought, Symbol, Referent ਸੰਕਲਪਾਂ ਨਾਲ ਇਸ ਖੇਤਰ ਨੂੰ ਖੋਜਣ ਲਈ ਉਤਸ਼ਾਹ ਮਿਲਿਆ। ਸੋਸਿਓਰ ਚਿੰਨ੍ਹ ਨੂੰ ਭਾਸ਼ਾਈ ਇਕਾਈ ਵਜੋਂ ਸਥਾਪਤ ਕਰਦਾ ਹੈ ਭਾਵੇਂ ਚਿੰਨ੍ਹ ਦਾ ਘੇਰਾ ਗੈਰ-ਭਾਸ਼ਾਈ ਸੰਚਾਰ ਤੱਕ ਫੈਲਿਆ ਹੋਇਆ ਹੈ। ਉਸ ਅਨੁਸਾਰ ਚਿੰਨ੍ਹ ਦੇ ਦੋ ਪੱਖ ਹਨ, ਉਸ ਦਾ ਰੂਪ ਅਤੇ ਅਰਥ। ਦੂਜੇ ਪਾਸੇ ਅੋਜਨ ਅਤੇ ਰਿਚਰਡਜ਼ ਅਨੁਸਾਰ ਚਿੰਨ੍ਹ ਅਤੇ ਸੋਚ ਰਾਹੀਂ ਵਸਤੂ ਤੱਕ ਪਹੁੰਚਿਆ ਜਾਂਦਾ ਹੈ। ਚਿੰਨ੍ਹ ਤੋਂ ਸਿੱਧੇ ਵਸਤੂ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਇਸ ਤੋਂ ਪਹਿਲਾਂ ਨਾਮਕਰਨ ਨੂੰ ਹੀ ਅਰਥ ਦਾ ਅਧਾਰ ਬਣਾਇਆ ਜਾਂਦਾ ਸੀ, ਜਿਸ ਦੀ ਇਕ ਨਿਸ਼ਚਿਤ ਸੀਮਾ ਹੈ। ਨਾਮਕਰਨ ਕੇਵਲ ਨਾਂਵ ਸ਼ਬਦਾਂ ਤੱਕ ਹੀ ਸੀਮਿਤ ਹੁੰਦਾ ਹੈ। ਹੁਣ ਇਸ ਸੰਕਲਪ ਨੂੰ ਵਿਗਿਆਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਜਿਸ ਰਾਹੀਂ ਸ਼ਬਦਾਂ ਦੇ ਅਰਥਾਂ ਦਾ ਅਧਿਅਨ ਕੀਤਾ ਜਾਵੇ, ਉਸ ਵਿਗਿਆਨ ਨੂੰ ਅਰਥ ਵਿਗਿਆਨ ਕਿਹਾ ਜਾਂਦਾ ਹੈ। ਭਾਰਤੀ ਅਰਥ ਪਰੰਪਰਾ ਵਿਚ ਅਪੋਹ ਭਾਵ ਨਿਖੇਧ ਰਾਹੀਂ, ਸਫੋਟ ਭਾਵ ਧੁਨੀਆਂ ਜਾਂ ਸ਼ਬਦਾਂ ਦੇ ਉਚਾਰਨ ਰਾਹੀਂ, ਧੁਨੀ ਭਾਵ ਸ਼ਬਦ ਦੀ ਵਰਤੋਂ ਰਾਹੀਂ ਅਰਥਾਂ ਦਾ ਅਧਿਅਨ ਕੀਤਾ ਜਾਂਦਾ ਰਿਹਾ ਹੈ। ਭਾਰਤੀ ਅਰਥ ਪਰੰਪਰਾ ਵਿਚ ਧੁਨੀ ਨੂੰ ਸ਼ਬਦਾਂ ਦੀਆਂ ਸ਼ਕਤੀਆਂ ਲਈ ਵਰਤਿਆ ਜਾਂਦਾ ਰਿਹਾ ਹੈ। ਇਹ ਸ਼ਕਤੀਆਂ ਅਭਿਧਾ (ਕੋਸ਼ਕ) ਲਕਸ਼ਣਾ (ਰੂਪਕ) ਅਤੇ ਵਿਅੰਜਣਾ (ਸੁਝਾਓ) ਮੂਲਕ ਹਨ ਜਿਨ੍ਹਾਂ ਰਾਹੀਂ ਸ਼ਬਦਾਂ ਦੇ ਅਰਥ ਸਬੰਧੀ ਭਰਪੂਰ ਚਰਚਾ ਹੋਈ ਮਿਲਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.