ਅਸ਼ਟਪਦੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਟਪਦੀ : ਅੱਠਾਂ ਪਦਾਂ ਦੇ ਛੰਦ ਜਾਂ ਅੱਠਾਂ ਪਉੜੀਆਂ ਦੇ ਪ੍ਰਬੰਧ ਦਾ ਨਾਮ ਅਸ਼ਟਪਦੀ ਹੈ। ਇਸ ਦਾ ਸ਼ਾਬਦਿਕ ਅਰਥ ਵੀ ਹੈ ਅੱਠ ਪਦਾਂ ਵਾਲੀ ਰਚਨਾ। ਮੂਲ ਰੂਪ ਵਿੱਚ ਅਸ਼ਟਪਦੀ ਅੱਠ ਪਦਿਆਂ ਵਾਲੀ ਕਾਵਿ ਰਚਨਾ ਹੈ ਜਿਸ ਨੂੰ ਸੁਤੰਤਰ ਕਾਵਿ-ਰੂਪ ਦਾ ਗੌਰਵ ਹਾਸਲ ਹੈ। ਦੁਪਦੇ, ਤਿਪਦੇ, ਚਉਪਦੇ, ਪੰਚਪਦੇ ਤੇ ਛਿਪਦੇ ਕ੍ਰਮਵਾਰ ਦੋ, ਤਿੰਨ, ਚਾਰ, ਪੰਜ ਤੇ ਛੇ ਪਦਾਂ ਦੇ ਹੁੰਦੇ ਹਨ। ਅਸ਼ਟਪਦੀ ਦੇ ਅੱਠ ਪਦ ਹੁੰਦੇ ਹਨ। ਇਹ ਅੱਠ ਦੇ ਅੱਠ ਇੱਕੋ ਛੰਦ ਜਾਂ ਚਾਲ ਵਿੱਚ ਵੀ ਹੋ ਸਕਦੇ ਹਨ ਤੇ ਵੱਖ-ਵੱਖ ਛੰਦਾਂ ਜਾਂ ਚਾਲਾਂ ਵਿੱਚ ਵੀ। ਗੁਰੂ ਗ੍ਰੰਥ ਸਾਹਿਬ ਵਿੱਚ ਅਸ਼ਟਪਦੀ ਦੇ ਸਿਰਲੇਖ ਹੇਠ ਦਰਜ ਕਈ ਰਚਨਾਵਾਂ ਵਿੱਚ ਇਸ ਦਾ ਸਬੂਤ ਮਿਲਦਾ ਹੈ। ਇੱਕੋ ਛੰਦ ਤੇ ਚਾਲ ਵਾਲੀਆਂ ਇੱਕੋ ਨਿਸ਼ਚਿਤ ਰੂਪ ਵਿਧਾਨ ਵਾਲੀਆਂ ਅਸ਼ਟਪਦੀਆਂ ਦੀ ਕਲਾਸਕੀ ਉਦਾਹਰਨ ਸੁਖਮਨੀ ਦੀਆਂ ਚੌਵੀ ਅਸ਼ਟ- ਪਦੀਆਂ ਵਿੱਚ ਵੇਖੀ ਜਾ ਸਕਦੀ ਹੈ।

     ਇਉਂ ਲਗਦਾ ਹੈ ਕਿ ਸਤ ਜਾਂ ਸਤ ਤੋਂ ਵਧੇਰੇ ਪਦਾਂ ਦੇ ਸਮੂਹ ਵਾਲੀਆਂ ਰਚਨਾਵਾਂ ਨੂੰ ਅਸ਼ਟਪਦੀ ਦਾ ਨਾਮ ਦੇਣ ਦੀ ਪਰੰਪਰਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਸਤ, ਨੌਂ, ਦਸ ਅਤੇ ਸਤਾਈ ਪਦਾਂ ਦੀਆਂ ਅਸ਼ਟਪਦੀਆਂ ਮਿਲਦੀਆਂ ਹਨ। ਸਿਰੀ ਰਾਗ ਵਿੱਚ ਪਹਿਲੀ ਅਸ਼ਟਪਦੀ ਸਤ ਪਦਾਂ ਦੀ ਹੈ, ਗਿਆਰ੍ਹਵੀਂ ਨੌਂ ਪਦਾਂ ਦੀ ਤੇ ਤੇਰ੍ਹਵੀਂ ਦਸ ਪਦਾਂ ਦੀ। ਇਸ ਦੇ ਛੰਤ ਵੀ ਕਈ ਪ੍ਰਕਾਰ ਦੇ ਹੋ ਸਕਦੇ ਹਨ। ਰਾਗ ਮਾਰੂ ਵਿੱਚ ਅਸ਼ਟਪਦੀਆਂ ਦਾ ਛੰਦ ਨਿਸ਼ਾਨੀ ਹੈ ਜਿਸ ਵਿੱਚ ਤੇਈ ਮਾਤਰਾਵਾਂ ਵਾਲੇ ਚਾਰ ਚਾਰ ਚਰਨ ਹਨ। ਵਿਸ਼ਰਾਮ 13 ਅਤੇ 10 ਉੱਤੇ ਹੈ। ਰਾਗ ਮਲ੍ਹਾਰ ਵਿੱਚ ਅਠਾਈ ਮਾਤਰਾਵਾਂ ਵਾਲੇ ਚਾਰ-ਚਾਰ ਚਰਨਾਂ ਵਾਲੀ ਅਸ਼ਟਪਦੀ ਹੈ। ਇਸ ਵਿੱਚ 16 ਤੋਂ 22 ਮਾਤਰਾਵਾਂ ਉੱਤੇ ਵਿਸ਼ਰਾਮ ਹੈ। ਸੁਖਮਨੀ ਦੀਆਂ ਅਸ਼ਟਪਦੀਆਂ ਦੀ ਸਰਲਤਾ, ਲੈਅ ਤੇ ਮਿਠਾਸ ਮਨ ਨੂੰ ਮੋਹ ਲੈਂਦੇ ਹਨ। ਇਹ ਚੌਪਈ ਛੰਦ ਵਿੱਚ ਹਨ। ਦੋ ਸਤਰਾਂ ਉਦਾਹਰਨ ਵਜੋਂ ਵੇਖੋ :

     ਜਨਮ ਮਰਨ ਤਾ ਕਾ ਦੂਖੁ ਨਿਵਾਰੈ

      ਦੁਲਭ ਦੇਹ ਤਤਕਾਲ ਉਧਾਰੈ

     ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਰਚਿਤ ਅਸ਼ਟਪਦੀਆਂ ਦੀ ਕੁੱਲ ਗਿਣਤੀ 275 ਹੈ ਜਿਨ੍ਹਾਂ ਵਿੱਚੋਂ ਪਹਿਲੇ, ਤੀਜੇ, ਚੌਥੇ ਤੇ ਪੰਜਵੇਂ ਗੁਰੂ ਦੁਆਰਾ ਰਚੀਆਂ ਅਸ਼ਟਪਦੀਆਂ ਦੀ ਗਿਣਤੀ ਕ੍ਰਮਵਾਰ 107, 79, 46 ਅਤੇ 43 ਹੈ। ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸਤਾਈ ਪਦਿਆਂ ਜਿਹੀਆਂ ਲੰਬੀਆਂ ਅਸ਼ਟਪਦੀਆਂ ਵਿੱਚ ਪਦੇ ਇੱਕ ਹੀ ਤੁਕ ਦੇ ਹਨ। ਇਸ ਤਰ੍ਹਾਂ ਅਸ਼ਟਪਦੀਆਂ ਦੇ ਬੰਦ ਇੱਕ, ਦੋ, ਤਿੰਨ, ਚਾਰ, ਅੱਠ ਜਾਂ ਦਸ ਤੁਕਾਂ ਦੇ ਹੋ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਬੰਦਾਂ ਜਾਂ ਤੁਕਾਂ ਦੀ ਗਿਣਤੀ ਬਾਰੇ ਕੋਈ ਕਰੜਾ ਨੇਮ ਨਹੀਂ ਅਪਣਾਇਆ ਗਿਆ।

     ਗੁਰੂ ਗ੍ਰੰਥ ਸਾਹਿਬ ਵਿੱਚ ਹੀ ਅਸ਼ਟਪਦੀਆਂ ਦੇ ਸਭ ਤੋਂ ਪੁਰਾਣੇ ਨਮੂਨੇ ਪ੍ਰਾਪਤ ਹਨ। ਇਹਨਾਂ ਨੂੰ ਨੀਝ ਨਾਲ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਅਸ਼ਟਪਦੀ ਦਾ ਸੰਬੰਧ ਪ੍ਰਸੰਸਾ ਜਾਂ ਮਹਿਮਾ ਨਾਲ ਹੈ। ਇਹ ਮਹਿਮਾ ਪ੍ਰਭੂ, ਉਸ ਦੇ ਨਾਮ, ਸੰਤ, ਸਾਧ, ਬ੍ਰਹਮ ਗਿਆਨੀ ਜਾਂ ਗੁਰੂ ਕਿਸੇ ਦੀ ਵੀ ਹੋ ਸਕਦੀ ਹੈ। ਸੁਖਮਨੀ ਵਿੱਚ ਇਸ ਦੇ ਪ੍ਰਮਾਣ ਵਜੋਂ ਪੂਰੀਆਂ ਦੀਆਂ ਪੂਰੀਆਂ ਅਸ਼ਟਪਦੀਆਂ ਨਾਮ, ਸਿਮਰਨ, ਸੰਤ, ਸਾਧ, ਬ੍ਰਹਮਗਿਆਨੀ ਉੱਤੇ ਕੇਂਦਿਰਤ ਹੋ ਕੇ ਲਿਖੀਆਂ ਵੇਖੀਆਂ ਜਾ ਸਕਦੀਆਂ ਹਨ। ਇਹਨਾਂ ਤੋਂ ਇਸ ਕਾਵਿ ਰੂਪ ਨੂੰ ਵਰਣਨ ਜਾਂ ਬਿਰਤਾਂਤ ਲਈ ਵਰਤੇ ਜਾਣ ਦੀਆਂ ਸੰਭਾਵਨਾਵਾਂ ਦਾ ਅੰਦਾਜ਼ਾ ਵੀ ਲੱਗ ਸਕਦਾ ਹੈ। ਗੁਰੂ ਸਾਹਿਬਾਨ ਨੇ ਅਸ਼ਟਪਦੀਆਂ ਨੂੰ ਵਰਣਨ ਦੇ ਨਾਲ-ਨਾਲ ਪ੍ਰਗੀਤਕ ਉਦੇਸ਼ਾਂ ਦੀ ਪੂਰਤੀ ਲਈ ਵੀ ਵਰਤਿਆ ਹੈ। ਉਂਞ ਵੀ ਗੁਰਬਾਣੀ ਦੀ ਸਮੁੱਚੀ ਪ੍ਰਕਿਰਤੀ ਹੀ ਪ੍ਰਗੀਤਕ ਵਧੇਰੇ ਹੈ। ਪੰਜਾਬੀਆਂ ਦਾ ਸੁਭਾਅ ਤੇ ਪੰਜਾਬੀ ਕਵਿਤਾ ਦਾ ਸੁਭਾਅ ਵੀ ਪ੍ਰਗੀਤ ਦੇ ਵੱਧ ਨੇੜੇ ਹੈ। ਇਸੇ ਕਾਰਨ ਪੰਜਾਬੀ ਵਿੱਚ ਪ੍ਰਗੀਤਕ ਰਚਨਾਵਾਂ ਛੇਤੀ ਤੇ ਵਧੇਰੇ ਲੋਕ-ਪ੍ਰਿਆ ਹੁੰਦੀਆਂ ਹਨ।

     ਅਸ਼ਟਪਦੀ ਦੇ ਕਾਵਿ-ਰੂਪ ਨੂੰ ਅਜੋਕੇ ਯੁੱਗ ਵਿੱਚ ਵਰਣਨਾਤਮਿਕ, ਬਿਰਤਾਂਤਿਕ ਤੇ ਪ੍ਰਗੀਤਕ ਕਿਸੇ ਵੀ ਉਦੇਸ਼ ਦੀ ਪੂਰਤੀ ਲਈ ਵਰਤਿਆ ਜਾ ਸਕਦਾ ਹੈ। ਅਜਿਹਾ ਕਰ ਕੇ ਕਵੀ ਆਪਣੀ ਪਰੰਪਰਾ ਨਾਲ ਜੁੜ ਕੇ ਲੋਕ-ਮਨਾਂ ਦੇ ਵੱਧ ਨੇੜੇ ਹੋ ਸਕਦੇ ਹਨ। ਇਸ ਦੇ ਬਾਵਜੂਦ ਅਜੇ ਤੱਕ ਪੰਜਾਬੀ ਵਿੱਚ ਅਜਿਹੇ ਯਤਨ ਨਹੀਂ ਹੋਏ।

     ਸੁਖਮਨੀ ਦੀਆਂ ਸ਼ਾਸਤਰੀ ਨੇਮ-ਵਿਧਾਨ ਦੀ ਕਰੜੀ ਪਾਲਣਾ ਕਰਨ ਵਾਲੀਆਂ ਅਸ਼ਟਪਦੀਆਂ ਤੋਂ ਰਤਾ ਵੱਖਰੇ ਪਰ ਉਸੇ ਪ੍ਰਕਾਰ ਦੇ ਕਰੜੇ ਨੇਮ-ਵਿਧਾਨ ਦਾ ਪਾਲਣ ਕਰਨ ਵਾਲੀ ਇੱਕ ਅਸ਼ਟਪਦੀ ਗਉੜੀ ਰਾਗ ਵਿੱਚ ਆਦਿ ਗ੍ਰੰਥ ਦੇ ਪੰਨਾ 725 ਉੱਤੇ ਦਰਜ ਹੈ। ਗੁਰੂ ਨਾਨਕ ਰਚਿਤ ਇਸ ਅਸ਼ਟਪਦੀ ਦੇ ਅੱਠ ਪਦ ਹਨ। ਰਹਾਉ ਵਾਲਾ ਦੋ ਤੁਕਾ ਪਦ ਵਾਧੂ ਹੈ। ਬਾਕੀ ਹਰ ਪਦ ਦੀਆਂ ਤਿੰਨ ਸਤਰਾਂ ਹਨ। ਇਸ ਅਸ਼ਟਪਦੀ ਦਾ ਬਿਰਤਾਂਤ ਕੇਵਲ ਇਹ ਹੈ ਕਿ ਅਕਾਲ ਪੁਰਖ ਤੇ ਉਸ ਦੇ ਨਾਮ ਬਿਨਾਂ ਹੋਰ ਕੋਈ ਚਾਰਾ ਨਹੀਂ। ਗੁਰੂ ਨਾਨਕ ਦੇਵ ਦੀ ਇਹ ਅਸ਼ਟਪਦੀ ਇਸ ਲੋਕ ਰੂਪਾਕਾਰ ਨੂੰ ਆਪਣੀ ਦਾਰਸ਼ਨਿਕ ਲੋੜ ਅਨੁਕੂਲ ਢਾਲਦੀ ਦਿਸਦੀ ਹੈ।


ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਅਸ਼ਟਪਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸ਼ਟਪਦੀ [ਨਾਂਇ] ਅੱਠ ਪਦਾਂ ਵਾਲ਼ਾ ਕਾਵਿ ਰੂਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਸ਼ਟਪਦੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਅਸ਼ਟਪਦੀ: ਇਕ ਅਜਿਹਾ ਛੰਦ-ਵਿਧਾਨ ਜਾਂ ਪਦੀ- ਸਮੁੱਚ ਜਿਸ ਵਿਚ ਲਗਭਗ ਅੱਠ ਪਦੀਆਂ ਸ਼ਾਮਲ ਹੋਣ। ਇਸ ਉਤੇ ਭਾਵੇਂ ਕਿਸੇ ਖ਼ਾਸ ਛੰਦ ਦੇ ਲੱਛਣ ਤਾਂ ਆਰੋਪਿਤ ਨਹੀਂ ਕੀਤੇ ਜਾ ਸਕਦੇ, ਪਰ ਇਸ ਵਿਚ ਤੋਲ ਅਤੇ ਅਨੁਪ੍ਰਾਸ ਨੂੰ ਜ਼ਰੂਰ ਨਿਭਾਇਆ ਗਿਆ ਹੈ। ਵਿਦਵਾਨਾਂ ਨੇ ਇਨ੍ਹਾਂ ਨਾਲ ਚੌਪਈ, ਨਿਸ਼ਾਨੀ ਆਦਿ ਛੰਦਾਂ ਦੀ ਨੇੜਤਾ ਦਰਸਾਈ ਹੈ। ‘ਅਸ਼ਟਪਦੀ’ ਨੂੰ ਕੁਝ ਵਿਦਵਾਨਾਂ ਨੇ ਛੰਦਗਤ ਕਾਵਿ-ਰੂਪ ਕਿਹਾ ਹੈ ਅਤੇ ਕੁਝ ਨੇ ਸ਼ੈਲੀਗਤ ਕਾਵਿ-ਰੂਪ।

            ‘ਪਦੀ’ ਤੋਂ ਭਾਵ ਹੈ ਤੁਕ ਜਾਂ ਤੁਕ-ਸਮੂਹ। ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਅਸ਼ਟਪਦੀਆਂ ਵਿਚਲੀਆਂ ਪਦੀਆਂ ਦੀਆਂ ਤੁਕਾਂ ਦੀ ਗਿਣਤੀ ਇਕ ਤੋਂ ਚਾਰ ਤਕ ਹੈ। ਆਮ ਤੌਰ ’ਤੇ ਪਹਿਲੀ ਪਦੀ ਤੋਂ ਬਾਦ ਇਕ ਜਾਂ ਦੋ ਤੁਕਾਂ ਦਾ ‘ਰਹਾਉਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਹਰ ਅਸ਼ਟਪਦੀ ਵਿਚ ਅੱਠ ਪਦੀਆਂ ਹੀ ਹੋਣ। ਇਹ ਗਿਣਤੀ ਵਧ-ਘਟ ਹੋ ਸਕਦੀ ਹੈ। ਕਿਉਂਕਿ ਸੱਤ , ਅੱਠ, ਨੌਂ, ਦਸ , ਬਾਰ੍ਹਾਂ ਜਾਂ ਇਸ ਤੋਂ ਵਧ ਪਦੀਆਂ ਦੇ ਸਮੁੱਚ ਗੁਰੂ ਗ੍ਰੰਥ ਸਾਹਿਬ ਵਿਚ ਉਪਲਬਧ ਹਨ। ਇਸ ਪਦੀ-ਸਮੁੱਚ ਨੂੰ ‘ਅਸ਼ਟਪਦੀਆਂ’ ਸਿਰਲੇਖ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਅਧਿਕਤਰ ਇਹ ਸਮੁੱਚ ਅੱਠ ਪਦੀਆਂ ਵਾਲੇ ਹਨ। ਇਨ੍ਹਾਂ ਅਸ਼ਟਪਦੀਆਂ ਵਿਚ ਗੁਰੂ ਸਾਹਿਬਾਨ ਦੇ ਦਾਰਸ਼ਨਿਕ, ਧਾਰਮਿਕ ਅਤੇ ਸਮਾਜਿਕ ਸਿੱਧਾਂਤਾਂ ਦੀ ਵਿਆਖਿਆ ਹੋਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਸ਼ਟਪਦੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸ਼ਟਪਦੀ : ਇਹ ਅੱਠਾਂ ਪਦਾਂ ਦੇ ਛੰਦ ਜਾਂ ਪਉੜੀ ਦੇ ਪ੍ਰਬੰਧ ਦਾ ਨਾਉਂ ਹੈ। ਗੁਰਬਾਣੀ ਵਿਚ ਕਈ ਵੇਰ ਇਸੇ ਸਿਰਲੇਖ ਹੇਠ ਅੱਠਾਂ ਦੀ ਥਾਂ ਸੱਤ, ਨੌ ਜਾਂ ਦਸ ਪਦਾਂ ਦੀਆਂ ਅਸ਼ਟਪਦੀਆਂ ਵੀ ਆ ਜਾਂਦੀਆਂ ਹਨ ਜਿਵੇਂ ਕਿ ਸਿਰੀ ਰਾਗ ਮਹਲਾ ੧ ਦੀਆਂ ਅਸ਼ਟਪਦੀਆਂ ਵਿਚੋਂ ਪਹਿਲੀ, ਗਿਆਰ੍ਹਵੀਂ ਤੇ ਤੇਰ੍ਹਵੀਂ ਅਸ਼ਟਪਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਸ਼ਟਪਦੀਆਂ ਕਈ ਕਿਸਮਾਂ ਦੇ ਛੰਦਾਂ ਵਿਚ ਲਿਖੀਆਂ ਗਈਆਂ ਹਨ, ਜਿਵੇਂ ਕਿ ਰਾਗ ਮਾਰੂ ਵਿਚ ਉਪਮਾਨ ਜਾਂ ਨਿਸ਼ਾਨੀ ਛੰਦ ਜਿਸ ਵਿਚ ਚਾਰ ਚਰਣ ਹੁੰਦੇ ਹਨ ਤੇ ਹਰਕੇ ਚਰਣ ਵਿਚ 23 ਮਾਤਰਾ। ਪਹਿਲਾ ਵਿਸ਼ਰਾਮ 13 ਮਾਤਰਾ ਤੇ ਦੂਜਾ 10 ਤੇ, ਅੰਤ ਦਾ ਗੁਰੂ ਹੁੰਦੇ ਹਨ, ਜਿਵੇਂ ‘ਹੁਕਮ ਭਇਆ ਰਹਣਾ ਨਹੀਂ ਧੁਰਿ ਫਾਟੇ ਚੀਰੈ। ਏਹੁ ਮਨੁ ਅਵਗਣਿ ਬਾਪਿਆ ਸਹੁ ਦੇਹ ਸਰੀਰੈ’ (ਪੰਨਾ 1012) । (2) ਰਾਗ ਮਲ੍ਹਾਰ ਵਿਚ ਸਾਰੇ ਛੰਦ ਚਾਰ ਚਾਰ ਚਰਣਾਂ ਵਾਲੇ ਹੁੰਦੇ ਹਨ ਤੇ ਪ੍ਰਤਿ ਚਰਣ 28 ਮਾਤਰਾ ਹੁੰਦੀਆਂ ਹਨ। ਪਹਿਲਾ ਵਿਸ਼ਰਾਮ 16 ਮਾਤਰਾ ਤੇ ਹੁੰਦਾ ਹੈ ਤੇ ਦੂਜਾ 12 ਮਾਤਰਾ ਤੇ, ਅੰਤ ਵਿਚ ਦੋ ਗੁਰੂ ਹੁੰਦੇ ਹਨ ਜਿਵੇਂ :–

          ‘ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰੁ ਨੀਂਦ ਨ ਪਾਈ।

          ਸੂਰ ਚਰ੍ਹੈ ਪ੍ਰਿਉ ਦੇਖੈ ਨੈਨੀ, ਨਿਵਿ ਨਿਵਿ ਲਾਗੈ ਪਾਈ।’

                                                          (ਪੰਨਾ 1273)

          (3) ਰਾਗ ਗਉੜੀ ਵਿਚ ਚੌਪਈ ਛੰਦ ‘ਨਾ ਮਨ ਮਰੈ ਨ ਕਾਰਜ ਹੋਇ’–ਆਦਿ ਵਾਲਾ ਰੂਪ ਵਰਤਿਆ ਗਿਆ ਹੈ। (4) ਇਵੇਂ ਹੀ ਸੁਖਮਨੀ ਦੀਆਂ ਅਸ਼ਟਪਦੀਆਂ ਰੂਪ–ਚੌਪਾਈ ਛੰਦ ਵਿਚ ਹਨ, ਜਿਵੇਂ ‘ਜਨਮ ਮਰਨ ਤਾ ਕਾ ਦੂਖੁ ਨਿਵਾਰੈ, ਦੁਲਭ ਦੇਹ ਤਤਕਾਲ ਉਧਾਰੈ।’

          ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ ਅਸ਼ਟਪਦੀਆਂ 275 ਹਨ, ਜਿਨ੍ਹਾਂ ਵਿਚੋਂ ਮਹਲੇ ਪਹਿਲੇ ਦੀਆਂ 107, ਮਹਲੇ ਤੀਜੇ ਦੀਆਂ 79, ਮਹਲੇ ਚੌਥੇ ਦੀਆਂ 46 ਤੇ ਮਹਲੇ ਪੰਜਵੇਂ ਦੀਆਂ 43 ਹਨ।

          ਰਾਗ–ਕ੍ਰਮ ਅਨੁਸਾਰ ਸਿਰੀਰਾਗ ਵਿਚ 29, ਮਾਝ ਵਿਚ 39, ਗਉੜੀ ਵਿਚ 42, ਆਸਾ ਵਿਚ 17, ਗੁਜਰੀ ਵਿਚ 9, ਵਡਹੰਸ ਵਿਚ 2, ਸੋਰਠਿ ਵਿਚ 10, ਧਨਾਸਰੀ ਵਿਚ 3, ਤਿਲੰਗ ਵਿਚ 2, ਸੂਹੀ ਵਿਚ

11, ਬਿਲਾਵਲ ਵਿਚ 11, ਗੌਂਡ ਵਿਚ 1, ਰਾਮਕਲੀ ਵਿਚ 22, ਨਟ ਨਾਰਾਇਨ ਵਿਚ 6, ਮਾਰੂ ਵਿਚ 15, ਭੈਰਉ ਵਿਚ 6, ਬਸੰਤ ਵਿਚ 11, ਸਾਰੰਗ ਵਿਚ 7, ਮਲ੍ਹਾਰ ਵਿਚ 8, ਕਾਨੜੇ ਵਿਚ 6, ਕਲਿਆਣ ਵਿਚ 6 ਅਤੇ ਪ੍ਰਭਾਤੀ ਵਿਚ 12 ਹਨ।

          ਹ. ਪੁ.– ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਤੇਜਾ ਸਿੰਘ ; ਬਾਣੀ ਬਿਉਦਾ ਡਾਕਟਰ ਚਰਨ ਸਿੰਘ; ਮ. ਕੋ.

 


ਲੇਖਕ : ਸ਼ਮਸ਼ੇਰ ਸਿੰਘ ਅਸ਼ੋਕ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-14, ਹਵਾਲੇ/ਟਿੱਪਣੀਆਂ: no

ਅਸ਼ਟਪਦੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਸ਼ਟਪਦੀ : ‘ਚਉਪਦੇ’ ਵਾਂਗ ‘ਅਸ਼ਟਮੀ’ ਵੀ ਪਦ–ਸਮੂਹ ਦਾ ਨਾਂ ਹੈ, ਇਹ ਕੋਈ ਛੰਦ–ਭੇਦ ਨਹੀਂ ਹੈ। ਇਸ ਨੂੰ ਚਉਪਦੇ ਵਾਂਗ ਸ਼ੈਲੀਅਤ ਕਾਵਿ ਭੇਦ ਕਿਹਾ ਜਾ ਸਕਦਾ ਹੈ। ਆਮ ਕਰਕੇ ਜਿਸ ਪਦ–ਸਮੂਹ ਵਿਚ ਅੱਠ ਪਦੇ/ਪਦੀਆਂ ਸੰਕਲਿਤ ਹੋਣ, ਉਸ ਨੂੰ ‘ਅਸ਼ਟਪਦੀ’ ਕਿਹਾ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿਚ ਸੱਤ ਤੋਂ ਲੈ ਕੇ ਬਾਰਾਂ ਪਦਿਆਂ/ਪਦੀਆਂ ਦੇ ਸਮੂਹ ਵੀ ‘ਅਸ਼ਟਪਦੀ’ ਸਿਰਲੇਖ ਅਧੀਨ ਰਖਿਆ ਗਿਆ ਹੈ ਕਿਉਂਕਿ ਇਸ ਪ੍ਰਕਾਰ ਦੇ ਪਦ–ਸਮੂਹਾਂ ਵਿਚੋਂ ਅਧਿਕਾਂਸ਼ ਅਸ਼ਟਪਦੀਆਂ ਹਨ। ‘ਪਦਾ’ ਤੋਂ ਭਾਵ ਹੈ ਤੁਕ–ਸਮੂਹ। ਇਸ ਨੂੰ ‘ਬੰਦ’ ਵੀ ਕਿਹਾ ਜਾਂਦਾ ਹੈ। ਗੁਰਬਾਣੀ ਵਿਚ ਇਨ੍ਹਾਂ ਪਦਿਆਂ/ਪਦੀਆਂ ਦੀ ਤੁਕ–ਸੰਖਿਆ ਇਕ ਤੋਂ ਦਸ ਤਕ ਹੈ। ਪਰ ਪਹਿਲੇ ਪਦੇ (ਬੰਦ ਤੋਂ ਬਾਅਦ ਇਕ ਜਾਂ ਦੋ ਪੰਕਤੀਆਂ ਰਹਾਉ (ਟੇਕ) ਦੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਸਾਰੀ ਅਸ਼ਟਪਦੀ ਦਾ ਕੇਂਦਰੀ ਭਾਵ ਸੰਯੋਜਿਤ ਹੁੰਦਾ ਹੈ। ਇਨ੍ਹਾਂ ਅਸ਼ਟਪਦੀਆਂ ਵਿਚ ਕਿਤੇ ਕਿਤੇ ਚੌਪਈ, ਸਾਰ, ਉਪਮਾਨ, ਨਿਸ਼ਾਨੀ ਆਦਿ ਛੰਦਾ ਦੇ ਅੰਸ਼ਿਕ ਲੱਛਣਾਂ ਨੂੰ ਘਟਾਇਆ ਜਾ ਸਕਦਾ ਹੈ। ਇਨ੍ਹਾਂ ਵਿਚ ਆਮ ਕਰਕੇ ਗੁਰੂ ਸਾਹਿਬਾਨ ਦੇ ਰਹੱਸਵਾਦੀ ਅਨੁਭਵ ਅਤੇ ਧਾਰਮਿਕ ਦ੍ਰਿਸ਼ਟੀਕੋਣ ਦੀ ਗੰਭੀਰ ਵਿਆਖਿਆ ਹੋਈ ਹੈ।

[ਸਹਾ. ਗ੍ਰੰਥ–ਮ. ਕੋ., ਡਾ. ਬਲਬੀਰ ਸਿੰਘ ਦਿਲ : ‘ਅਮਰ ਕਵੀ ਗੁਰੂ ਅਮਰਦਾਸ’; ਡਾ. ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’]


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.