ਅਸਟਪਦੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਟਪਦੀ. ਸੰ. ਅ੄਍ਪਦੀ. ਸੰਗ੍ਯਾ—ਅੱਠ ਪਦਾਂ ਦਾ ਇਕੱਠ । ੨ ਅੱਠ ਛੰਦ ਇੱਕ ਪ੍ਰਬੰਧ ਵਿੱਚ ਲਿਖੇ ਹੋਏ. ਇਹ ਛੰਦ ਦੀ ਖਾਸ ਜਾਤਿ ਨਹੀਂ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕ ਛੰਦ ਅਸਟਪਦੀ ਸਿਰਲੇਖ ਹੇਠ ਦੇਖੀਦੇ ਹਨ. ਜਿਵੇਂ—ਮਾਰੂ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਨਿਸ਼ਾਨੀ ਛੰਦ ਵਿੱਚ ਹੈ—

ਇਹ ਮਨੁ ਅਵਗੁਣਿ ਬਾਂਧਿਆ ਸਹੁ ਦੇਹ ਸਰੀਰੈ.***

ਮਲਾਰ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਸਾਰ ਛੰਦ ਵਿੱਚ ਹੈ, ਯਥਾ—

     ਚਕਵੀ ਨੈਨ ਨੀਦ ਨਹਿ ਚਾਹੈ,

          ਬਿਨੁ ਪਿਰੁ ਨੀਦ ਨ ਪਾਈ.

     ਸੂਰ ਚਰੈ ਪ੍ਰਿਉ ਦੇਖੈ ਨੈਨੀ,

          ਨਿਵਿ ਨਿਵਿ ਲਾਗੈ ਪਾਈ.***

ਗਉੜੀ ਰਾਗ ਵਿੱਚ ਇਨ੍ਹਾਂ ਹੀ ਸਤਿਗੁਰਾਂ ਦੀ ਅਸਟਪਦੀ ਚੌਪਾਈ ਛੰਦ ਵਿੱਚ ਹੈ, ਯਥਾ—

ਨਾ ਮਨ ਮਰੈ ਨ ਕਾਰਜ ਹੋਇ,

ਮਨ ਵਸਿ ਦੂਤਾਂ ਦੁਰਮਤਿ ਦੋਇ.***

ਇਵੇਂ ਹੀ ਸੁਖਮਨੀ ਦੀਆਂ ਅਸਟਪਦੀਆਂ ਰੂਪ—ਚੌਪਾਈ ਛੰਦ ਵਿੱਚ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਸਟਪਦੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਸਟਪਦੀ : ਸ਼ਬਦ ਦਾ ਮੂਲ ਸ੍ਰੋਤ ਸੰਸਕ੍ਰਿਤ ਦਾ ਸ਼ਬਦ ਅਸ਼ਟਪਦ ਜਾਂ ਅਸ਼ਟਪਦਾ ਹੈ। ਇਹ ਇਕ ਕਾਵਿਕ ਵੰਨਗੀ ਹੈ ਜਿਸ ਵਿਚ ਅੱਠ ਪਦ ਹੁੰਦੇ ਹਨ। ਇਸ ਵਾਸਤੇ ਕੋਈ ਵਿਸ਼ੇਸ਼ ਤੁਕਾਂਤ ਵਿਧਾਨ , ਰਾਗ ਜਾਂ ਛੰਦ ਨਿਰਧਾਰਿਤ ਨਹੀਂ ਹੈ, ਪਰੰਤੂ ਇਸਦੇ ਅੱਠੇ ਪਦਾਂ ਦਾ ਇਕੋ ਛੰਦ ਅਤੇ ਰਾਗ ਵਿਚ ਹੋਣਾ ਲਾਜ਼ਮੀ ਹੈ। ਹਰ ਪਦੇ ਦੀਆਂ ਤੁਕਾਂ ਦਾ ਆਮ ਤੌਰ ਤੇ ਤੁਕਾਂਤ, ਮੇਲ ਖਾਂਦਾ ਹੈ।

    ਗੁਰੂ ਗ੍ਰੰਥ ਸਾਹਿਬ ਵਿਚ ਅਸ਼ਟਪਦੀ (ਅਸਟਪਦੀ) ਨਾਂ ਦੀ ਕਾਵਿਕ ਵੰਨਗੀ ਵੱਖ ਵੱਖ ਰਾਗਾਂ ਅਤੇ ਛੰਦਾਂ ਵਿਚ ਉਪਲਬਧ ਹੈ। ਉਦਾਹਰਨ ਵਜੋਂ ਗੁਰੂ ਨਾਨਕ ਦੇਵ ਜੀ ਨੇ ਗਉੜੀ ਅਤੇ ਮਾਰੂ ਰਾਗਾਂ ਵਿਚ ਅਸ਼ਟਪਦੀ ਦੀ ਰਚਨਾ ਕੀਤੀ, ਪਰੰਤੂ ਗਉੜੀ ਰਾਗ ਅਧੀਨ ਅਸ਼ਟਪਦੀ ਚੌਪਈ ਛੰਦ ਵਿਚ ਹੈ ਜਦੋਂ ਕਿ ਮਾਰੂ ਰਾਗ ਅਧੀਨ ਇਹ ਨਿਸ਼ਾਨੀ ਛੰਦ ਵਿਚ ਹੈ। ਗੁਰੂ ਅਰਜਨ ਦੇਵ ਦੁਆਰਾ ਰਚਿਤ ‘ਸੁਖਮਨੀ` ਦੀਆਂ ਸਾਰੀਆਂ ਦੀਆਂ ਸਾਰੀਆਂ 24 ਅਸ਼ਟਪਦੀਆਂ ਗਉੜੀ ਰਾਗ ਅਤੇ ਚੌਪਈ ਛੰਦ ਵਿਚ ਹਨ। ਬੇਸ਼ੱਕ ‘ਸੁਖਮਨੀ` ਦੀ ਹਰ ਅਸ਼ਟਪਦੀ ਦੇ ਹਰ ਪਦੇ ਦੀਆਂ 10 ਤੁਕਾਂ ਹਨ ਪਰ ਆਮ ਤੌਰ ਤੇ ਸਲੋਕਾਂ ਵਿਚ ਤੁਕਾਂ ਦੀ ਇਹ ਗਿਣਤੀ ਦੋ ਤੋਂ ਚਾਰ ਤੀਕ ਸੀਮਤ ਹੁੰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਸਟਪਦੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਅਸਟਪਦੀ (ਸੰਖ. ਵਾ.। ਅਖ੍ਟਪਦ) ਅੱਠ ਪਦਾਂ ਵਾਲੇ ਸ਼ਬਦ। ਇਥੇ ਪਦ ਅਨੇਕ ਤੁਕਾਂ ਦੇ ਸਮੁਦਾਇ ਰੂਪ ਪਾਠਾਂ ਦਾ ਨਾਮ ਹੈ। ਸੁਖਮਨੀ ਬਾਣੀ ਦੇ ਪਦਾਂ ਵਿਚ ਤੁਕਾਂ ਦਸ ਦਸ ਹਨ। ਸਤ ਪਦ, ਨੌ ਪਦ ਵਾਲੇ ਬੀ ਅਸਟਪਦੀ ਵਿਚ ਹਨ, ਸੋ ਛੇ ਪਦੀ ਤੋਂ ਅਗੇ ਦਸ ਪਦੀ ਤਕ ਦਾ ਨਾਮ ਅਸਟਪਦੀ ਹੈ। (ਬਾਣੀ ਬਿਉਰਾ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਅਸਟਪਦੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਸਟਪਦੀ : ਇਹ ਅੱਠ ਪਦਾਂ ਦੇ ਛੰਦ ਜਾਂ ਪਾਉੜੀ ਦੇ ਪ੍ਰਬੰਧ ਦਾ ਨਾਂ ਹੈ। ਗੁਰਬਾਣੀ ਵਿਚ ਅੱਠ ਦੀ ਥਾਂ ਸੱਤ, ਨੌ ਜਾਂ ਇਸ ਤੋਂ ਵੱਧ [ਕਈ ਵਾਰੀ 21 ਤੋਂ 24 ਪਦਿਆਂ ਦੀ ਰਚਨਾ ਨੂੰ ਵੀ ਅਸਟਪਦੀਆਂ ਹੀ ਕਿਹਾ ਹੈ ਜਿਵੇਂ ਸਿਰੀਰਾਗ ਵਿਚ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਅਸਟਪਦੀ 24 ਪਦਿਆਂ ਦੀ ਹੈ (ਪੰਨਾ 71 ਤੋਂ 73) ਅਤੇ ਗੁਰੂ ਅਰਜਨ ਦੇਵ ਜੀ ਦੀ 21 ਪਦਿਆਂ ਦੀ (ਪੰਨਾ 73 ਤੋਂ 74) । ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅਸਟਪਦੀਆਂ ਕਈ ਕਿਸਮ ਦੇ ਛੰਦਾਂ ਵਿਚ ਲਿਖੀਆਂ ਗਈਆਂ ਹਨ ਜਿਵੇਂ ਰਾਗ ਮਾਰੂ ਵਿਚ ਉਪਮਾਨ ਜਾਂ ਨਿਸ਼ਾਨੀ ਛੰਦ ਜਿਸ ਵਿਚ ਚਾਰ ਚਰਨ ਹੁੰਦੇ ਹਨ ਅਤੇ ਹਰੇਕ ਚਰਨ ਵਿਚ 23 ਮਾਤਰਾ; ਪਹਿਲਾ ਵਿਸ਼ਰਾਮ 13 ਮਾਤਰਾ ਤੇ, ਦੂਜਾ 10 ਤੇ, ਅੰਤ ਦੋ ਗੁਰੂ ਹੁੰਦੇ ਹਨ, ਜਿਵੇਂ:

                'ਹੁਕਮ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ǁ

                ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ ǁ (ਪੰਨਾ 1012)

        ਰਾਗ ਮਲਾਰ ਵਿਚ ਸਾਰੇ ਛੰਦ ਚਾਰ ਚਰਨਾਂ ਵਾਲੇ ਹਨ ਅਤੇ ਹਰੇਕ ਵਿਚ 28 ਮਾਤਰਾ ਹਨ; ਪਹਿਲਾ ਵਿਸ਼ਰਾਮ 16 ਮਾਤਰਾ ਤੇ, ਦੂਜਾ 12 ਮਾਤਰਾ ਅਤੇ ਅੰਤ ਵਿਚ ਦੋ ਗੁਰੂ ਹੁੰਦੇ ਹਨ ਜਿਵੇਂ:

        'ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰੁ ਨੀਂਦ ਨਾ ਪਾਂਈ ǁ

          ਸੂਰ ਚਰ੍ਹੈ ਪ੍ਰਿਉ ਦੇਖੈ ਨੈਨੀ ਨਿਵਿ ਨਿਵਿ ਲਾਗੇ ਪਾਂਈ ǁ

                                                        (ਪੰਨਾ 1273)

        ਰਾਗ ਗਾਉੜੀ ਵਿਚ ਚੌਪਈ ਛੰਦ 'ਨਾ ਮਨ ਮਰੈ ਨਾ ਕਾਰਜ ਹੋਇ' ਵਾਲਾ ਰੂਪ ਵਰਤਿਆ ਗਿਆ ਹੈ।

        ਸੁਖਮਨੀ ਸਾਹਿਬ ਵਿਚ ਅਸਟਪਦੀਆਂ ਦੇ ਰੂਪ ਚੌਪਈ ਛੰਦ ਵਿਚ ਹਨ ਜਿਵੇਂ

        '' ਜਨਮ ਮਰਨ ਤਾ ਕਾ ਦੂਖੁ ਨਿਵਾਰੈ ǁ

         ਦੁਲਭ ਦੇਹ ਤਤਕਾਲ ਉਧਾਰੈ ǁ               (ਪੰਨਾ 296)

        ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 286 ਅਸਟਪਦੀਆਂ ਹਨ। ਇਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੀਆਂ 107, ਗੁਰੂ ਅਮਰਦਾਸ ਜੀ ਦੀਆਂ 79, ਗੁਰੂ ਰਾਮਦਾਸ ਜੀ ਦੀਆਂ 46 ਅਤੇ ਅਰਜਨ ਦੇਵ ਜੀ ਦੀਆਂ 43 ਹਨ। 10 ਅਸਟਪਦੀਆਂ ਭਗਤਾਂ ਦੀਆਂ ਹਨ ਜਿਨ੍ਹਾਂ ਵਿਚ  5  ਕਬੀਰ ਜੀ, 1 ਭਗਤ ਬੇਣੀ,  1 ਭਗਤ ਰਵਿਦਾਸ, 2 ਭਗਤ ਨਾਮਦੇਵ ਅਤੇ 1 ਬਾਬਾ ਫ਼ਰੀਦ  ਦੀ ਹੈ। ਰਾਗਕ੍ਰਮ ਅਨੁਸਾਰ ਸਿਰੀ ਰਾਗ ਵਿਚ 29, ਮਾਝ ਵਿਚ 39, ਗਉੜੀ ਵਿਚ 42, ਆਸਾ ਵਿਚ 17, ਗੁਜਰੀ ਵਿਚ 9, ਵਡਹੰਸ ਵਿਚ 2, ਸੋਰਠਿ ਵਿਚ 10, ਧਨਾਸਰੀ ਵਿਚ 3, ਤਿਲੰਗ ਵਿਚ 2, ਸੂਹੀ ਵਿਚ 11, ਬਿਲਾਵਲ ਵਿਚ 11, ਗੋਂਡ ਵਿਚ 1, ਰਾਮਕਲੀ ਵਿਚ 22, ਨਟ ਨਾਰਾਇਨ ਵਿਚ 6, ਮਾਰੂ ਵਿਚ 15, ਭੈਰਉ ਵਿਚ 6,  ਬਸੰਤ ਵਿਚ 11, ਸਾਰੰਗ ਵਿਚ 7, ਮਲਾਰ ਵਿਚ 8, ਕਾਨੜੇ ਵਿਚ 6,  ਕਲਿਆਣ ਵਿਚ 6, ਅਤੇ ਪ੍ਰਭਾਤੀ ਵਿਚ 12 ਅਸਟਪਦੀਆਂ ਹਨ।

        ਸੁਖਮਨੀ ਸਾਹਿਬ ਦੀਆਂ ਅਸਟਪਦੀਆਂ ਵਿਚ ਹਰ ਬੰਦ ਦੀਆਂ 10 ਤੁਕਾਂ ਹਨ, ਸਿਵਾਇ ਪਹਿਲੀ ਅਸਟਪਦੀ ਦੇ ਦੂਜੇ ਬੰਦ ਦੇ ਜਿਥੇ ਰਹਾਉ ਦੀਆਂ ਦੋ ਤੁਕਾਂ ਅਧਿਕ ਹਨ।


ਲੇਖਕ : ਸ਼ਮਸ਼ੇਰ ਸਿੰਘ ਅਸ਼ੋਕ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-12-23-37, ਹਵਾਲੇ/ਟਿੱਪਣੀਆਂ: ਹ. ਪੁ– ਸ਼ਬਦਾਰਕ ਸ੍ਰੀ ਗੁਰੂ ਗ੍ਰੰਥ ਸਾਹਿਬ-ਤੇਜਾ ਸਿੰਘ; ਬਾਣੀ ਬਿਉਰਾ-ਡਾ. ਚਰਨ ਸਿੰਘ: ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.