ਅੰਜੁਮਨ-ਇ-ਪੰਜਾਬ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੰਜੁਮਨ-ਇ-ਪੰਜਾਬ : ਦੀ ਨੀਂਹ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਗੋਟਲਿਬ ਵਿਲਹੈਮ ਲੈਟਨਰ ਦੁਆਰਾ 21 ਜਨਵਰੀ 1865 ਨੂੰ ਲਾਹੌਰ ਵਿਚ ਰੱਖੀ ਗਈ ਸੀ ਜੋ ਪਿੱਛੋਂ ਸਰਕਾਰੀ ਕਾਲਜ, ਲਾਹੌਰ ਦਾ ਪਹਿਲਾ ਪ੍ਰਿੰਸੀਪਲ ਅਤੇ ਉਪਰੰਤ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਰਜਿਸਟਰਾਰ ਬਣਿਆ। ਇਹ ਇਕ ਸੇਵਾ ਸੰਸਥਾ ਸੀ ਜਿਸ ਦਾ ਉਦੇਸ਼ ਸਥਾਨਿਕ ਭਾਸ਼ਾ-ਸਾਹਿਤ ਦੀ ਉਨਤੀ ਅਤੇ ਪ੍ਰਚਲਿਤ ਗਿਆਨ ਨੂੰ ਇਸ ਸੰਸਥਾ ਦੇ ਮਾਧਿਅਮ ਰਾਹੀਂ ਆਮ ਲੋਕਾਂ ਤੱਕ ਪਹੁੰਚਾਣਾ ਸੀ। ਇਸ ਦੇ ਮੁੱਖ ਕੰਮ ਵਿੱਦਿਅਕ ਇਕੱਤਰਤਾਵਾਂ ਅਤੇ ਸਮਾਜਿਕ ਮੁੱਦਿਆਂ ਬਾਰੇ ਸਨ ਜਿਨ੍ਹਾਂ ਵਿਚ ਵੈਦਿਕ ਅਤੇ ਯੂਨਾਨੀ ਦਵਾ ਦਾਰੂ, ਮੁਸ਼ਾਇਰੇ, ਅਖ਼ਬਾਰੀ, ਪੱਤਰਕਾਰੀ, ਇਕ ਜਨਤਿਕ ਲਾਇਬ੍ਰੇਰੀ, ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਦੀ ਪ੍ਰਣਾਲੀ ਸ਼ੁਰੂ ਕਰਨਾ, ਭਾਸ਼ਨ ਲੜੀਆਂ ਅਤੇ ਸਾਹਿਤਿਕ ਰਚਨਾਵਾਂ ਨੂੰ ਭਾਰਤੀ ਭਾਸ਼ਾਵਾਂ ਵਿਚ ਛਾਪਣਾ ਸ਼ਾਮਲ ਸੀ। ਅੰਜੁਮਨ ਸਾਹਿਤਿਕ, ਵਿਗਿਆਨਿਕ ਅਤੇ ਸਮਾਜਿਕ ਹਿੱਤ ਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਸਭਾਵਾਂ ਕਰਦੀ ਸੀ, ਸਰਕਾਰ ਨੂੰ ਯਾਦ ਪੱਤਰ ਭੇਜਦੀ ਸੀ। ਇਸ ਨੇ ਇਕ ਜਨਤਿਕ ਲਾਇਬ੍ਰੇਰੀ ਸਥਾਪਿਤ ਕੀਤੀ ਅਤੇ ਕਈ ਖੋਜ ਪ੍ਰਬੰਧ ਅਤੇ ਉਲਥੇ ਉਰਦੂ, ਹਿੰਦੀ ਅਤੇ ਪੰਜਾਬੀ ਵਿਚ ਸੰਕਲਿਤ ਕੀਤੇ। ਇਸ ਨੇ ਇਕ ਓਰੀਐਂਟਲ ਸਕੂਲ ਸ਼ੁਰੂ ਕੀਤਾ ਅਤੇ ਇਹ 1880 ਵਿਚ ਪੰਜਾਬ ਯੂਨੀਵਰਸਿਟੀ ਕਾਲਜ ਸਥਾਪਿਤ ਕਰਨ ਵਿਚ ਸਹਾਇਕ ਸਾਬਤ ਹੋਈ ਜਿਸ ਦੇ ਜ਼ਿੰਮੇ ਜਿਥੋਂ ਤਕ ਸੰਭਵ ਸੀ, ਪੰਜਾਬ ਦੀਆਂ ਸਥਾਨਿਕ ਭਾਸ਼ਾਵਾਂ ਦੇ ਮਾਧਿਅਮ ਰਾਹੀਂ ਯੂਰਪੀਅਨ ਸਾਇੰਸ ਬਾਰੇ ਗਿਆਨ ਦੇ ਪ੍ਰਸਾਰ ਦਾ ਕਾਰਜ ਸੀ ਅਤੇ ਆਮ ਕਰਕੇ ਸਥਾਨਿਕ ਭਾਸ਼ਾਈ ਸਾਹਿਤ ਦੇ ਵਿਸਤਾਰ ਅਤੇ ਸੁਧਾਰ ਦੇ ਪ੍ਰਬੰਧ ਲਈ ਉਤਸ਼ਾਹ ਦੇਣਾ, ਗਿਆਨਵਾਨਾਂ ਨੂੰ ਪ੍ਰਾਚੀਨ ਪੂਰਬੀ ਭਾਸ਼ਾਵਾਂ ਦੇ ਅਧਿਐਨ ਲਈ ਉਤਸ਼ਾਹਿਤ ਕਰਨਾ ਅਤੇ ਸੂਬੇ ਦੇ ਸੂਝਵਾਨ ਅਤੇ ਅਸਰ ਰਸੂਖ਼ ਵਾਲੀ ਸ਼੍ਰੇਣੀ ਨੂੰ ਜਨਤਿਕ ਵਿੱਦਿਆ ਦੇ ਪਸਾਰ ਅਤੇ ਦੇਖਭਾਲ ਕਰਨ ਲਈ ਸਰਕਾਰੀ ਅਫ਼ਸਰਾਂ ਨਾਲ ਜੋੜਨਾ ਸੀ। 14 ਅਕਤੂਬਰ 1882 ਨੂੰ ਇਸ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਵਿਚ ਤਬਦੀਲ ਕਰ ਦਿੱਤਾ ਗਿਆ ਜਿਹੜਾ ਮੁੱਢਲੇ ਰੂਪ ਵਿਚ ਅੰਜੁਮਨ ਦੀ ਮਿਹਨਤ ਦਾ ਨਤੀਜਾ ਸੀ।
ਅੰਜੁਮਨ ਦੇ 1865 ਵਿਚ ਸ਼ੁਰੂ ਹੋਣ ਸਮੇਂ , 244 ਮੈਂਬਰ ਸਨ। ਇਸ ਦੇ ਪੱਕੇ ਮੈਂਬਰਾਂ ਵਿਚੋਂ ਕਈ ਸਰਕਾਰ ਦੀ ਸਰਪ੍ਰਸਤੀ ਅਧੀਨ ਨਾਬਾਲਿਗ ਬੱਚੇ ਸਨ ਜੋ ਮਾਰੇ ਗਏ ਸਿੱਖ ਸਰਦਾਰਾਂ ਦੇ ਜਿਉਂਦੇ ਵਾਰਸ ਸਨ। ਅੰਜੁਮਨ ਦੇ ਪ੍ਰਸਿੱਧ ਸਿੱਖ ਮੈਂਬਰਾਂ ਵਿਚੋਂ ਸਨ ਰਾਜਾ ਹਰਬੰਸ ਸਿੰਘ ਅਤੇ ਉਸ ਦਾ ਪ੍ਰਬੰਧਕ ਸਲਾਹਕਾਰ ਰਾਇ ਮੂਲ ਸਿੰਘ। ਅੰਜੁਮਨ ਸਾਮ੍ਹਣੇ ਪੜ੍ਹੇ ਜਾਂਦੇ ਪੇਪਰਾਂ ਵਿਚ ਉਹ ਗੁਰਮੁਖੀ ਲਿਪੀ ਵਿਚ ਲਿਖੀ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਸਿੱਖਾਂ ਦੇ ਹੱਕਾਂ ਦੀ ਵਕਾਲਤ ਕਰਦੇ ਸਨ। ਇਸ ਪਿੱਛੋਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਕਾਲਜ ਦੀ ਸੈਨੇਟ ਵਿਚ ਸਿੱਖ ਹਿੱਤਾਂ ਦੀ ਨੁਮਾਇੰਦਗੀ ਕੀਤੀ। ਉਹਨਾਂ ਨੇ ਪੰਜਾਬ ਸਿੱਖਿਆ ਵਿਭਾਗ ਦੇ ਬ੍ਰਿਟਿਸ਼ ਅਫ਼ਸਰਾਂ ਦੇ ਵੈਰਭਾਵ ਦਾ ਮੁਕਾਬਲਾ ਕੀਤਾ ਜਿਹੜੇ ਸਮਝਦੇ ਸਨ ਕਿ ਪੰਜਾਬੀ ਇਕ ਬਿਨਾਂ ਸਾਹਿਤਿਕ ਪਰੰਪਰਾ ਦੇ ਕੁਰੱਖ਼ਤ ਉਪਬੋਲੀ ਹੈ ਅਤੇ ਇਸ ਲਈ ਪੰਜਾਬ ਯੂਨੀਵਰਸਿਟੀ ਕਾਲਜ ਦੀ ਵਿਵਸਥਿਤ ਪਾਠ-ਪ੍ਰਣਾਲੀ ਵਿਚ ਲਾਗੂ ਕਰਨੀ ਅਣਉਚਿਤ ਹੈ। ਇਸ ਅਹਿਮ ਮੌਕੇ ਤੇ ਪੰਜਾਬ ਯੂਨੀਵਰਸਿਟੀ ਕਾਲਜ ਦੀ ਸੈਨੇਟ ਵਿਚ ਪੰਜਾਬੀ ਦੀ ਵਕਾਲਤ ਕਰਨ ਵਾਲੇ ਸਿੱਖ ਵਿਦਵਾਨ ਸਰਦਾਰ ਅੱਤਰ ਸਿੰਘ ਭਦੌੜੀਏ ਦੀ ਇਕ ਵਧੀਆ ਸੰਗਠਿਤ ਨਿੱਜੀ ਲਾਇਬ੍ਰੇਰੀ ਪਾਸਾ ਪਲਟਣ ਲਈ ਉਹਨਾਂ ਦੇ ਹੱਕ ਵਿਚ ਗਈ। ਅੱਤਰ ਸਿੰਘ ਨੇ ਗੁਰਮੁਖੀ ਵਿਚ ਲਿਖੀਆਂ 389 ਰਚਨਾਵਾਂ ਦੀ ਸੂਚੀ ਪੇਸ਼ ਕੀਤੀ ਜਿਹੜੀਆਂ ਉਸਨੇ ਬਹੁਤ ਮਿਹਨਤ ਕਰਕੇ ਆਪਣੀ ਲਾਇਬ੍ਰੇਰੀ ਵਿਚ ਇਕੱਤਰ ਕੀਤੀਆਂ ਸਨ। ਇਸ ਨੇ ਇਹ ਸਿੱਧ ਕਰ ਦਿੱਤਾ ਕਿ ਪੰਜਾਬੀ ਕੋਲ ਆਪਣਾ ਲਿਖਤੀ ਸਾਹਿਤ ਹੈ ਭਾਵੇਂ ਇਹ ਜ਼ਿਆਦਾ ਪੜ੍ਹਿਆ ਨਹੀਂ ਜਾਂਦਾ ਅਤੇ 1877 ਵਿਚ ਹੁਣੇ ਜਿਹੇ ਹੀ ਸਿੱਖ ਵਿਦਵਾਨਾਂ ਵਲੋਂ ਇਸਦਾ ਗਹੁ ਨਾਲ ਅਧਿਐਨ ਕੀਤਾ ਗਿਆ ਸੀ।
ਸਰਦਾਰ (ਪਿੱਛੋਂ ਜਾ ਕੇ ਸਰ) ਅੱਤਰ ਸਿੰਘ ਦੀ ਪ੍ਰਭਾਵਸ਼ਾਲੀ ਲਾਇਬ੍ਰੇਰੀ ਨਾਲ ਪੰਜਾਬ ਯੂਨੀਵਰਸਿਟੀ ਕਾਲਜ ਵਿਚ ਪੰਜਾਬੀ ਅਧਿਐਨ ਨੂੰ ਸ਼ਾਮਲ ਕੀਤਾ ਗਿਆ। ਮਹੱਤਵਪੂਰਨ ਗੱਲ ਇਹ ਹੋਈ ਕਿ ਜਮਾਤਾਂ ਨੂੰ ਪੜ੍ਹਾਉਣ ਲਈ ਜੋ ਪਹਿਲਾ ਗੁਰਮੁਖੀ ਅਧਿਆਪਕ ਨਿਯੁਕਤ ਕੀਤਾ ਗਿਆ ਉਹ ਭਾਈ ਗੁਰਮੁਖ ਸਿੰਘ ਸੀ ਜੋ ਸਿੱਖ ਇਤਿਹਾਸ ਦਾ ਪ੍ਰਸਿੱਧ ਵਿਦਵਾਨ ਸੀ ਅਤੇ ਸਿੰਘ ਸਭਾ , ਨਵ-ਚੇਤਨਾ, ਦੀ ਮਹਾਨ ਹਸਤੀ ਸੀ। ਇਸ ਵਿਚਾਰ ਦਾ ਪੱਖ ਪੂਰਦੇ ਹੋਏ ਜਿਸਨੂੰ ਉਹ ‘ਅਰਧ ਨਿਰਪੱਖ` ਵਿੱਦਿਆ ਕਹਿੰਦਾ ਸੀ ਜਿਸਦਾ ਭਾਵ ਸੀ ਕਿ ਧਾਰਮਿਕ ਸਿੱਖਿਆ ਨੂੰ ਸਰਕਾਰੀ ਸਕੂਲਾਂ ਵਿਚ ਲਾਗੂ ਕੀਤਾ ਜਾਵੇ, ਜੀ.ਡਬਲਯੂ.ਲੇਟਨਰ ਨੇ ਪੰਜਾਬ ਯੂਨੀਵਰਸਿਟੀ ਕਾਲਜ ਵਿਚ ਗੁਰਮੁਖੀ ਅਤੇ ਹਿਸਾਬ ਪੜਾਉਣ ਲਈ ਭਾਈ ਗੁਰਮੁਖ ਸਿੰਘ ਦੀ ਨਿਯੁਕਤੀ ਨੂੰ ਗਰਮਜੋਸ਼ੀ ਨਾਲ ਪਰਵਾਨ ਕੀਤਾ। ਸਿੱਖ ਧਰਮ ਦੇ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਲੇਟਨਰ ਨੇ ਓਰੀਐਂਟਲ ਕਾਲਜ ਲਾਹੌਰ ਵਿਚ ‘ਭਾਈ ਕਲਾਸ` ਸ਼ੁਰੂ ਕੀਤੀ, ਜਿਥੇ ਗੁਰਮੁਖ ਸਿੰਘ ਪਰੰਪਰਾਵਾਦੀ ਸਿੱਖ ਵਿਦਵਾਨਾਂ ਦੇ ਲੜਕਿਆਂ ਨੂੰ ਪੜ੍ਹਾਉਂਦਾ ਸੀ। ਪ੍ਰਾਚੀਨ ਪੂਰਬੀ ਵਿੱਦਿਆ ਅਤੇ ਸਿੱਖ ਅਧਿਐਨ ਦੇ ਮੇਲ ਦਾ ਇਹ ਸਿੱਟਾ ਹੋਇਆ ਕਿ ਪੰਜਾਬ ਯੂਨੀਵਰਸਿਟੀ ਕਾਲਜ ਵਿਚ ‘ਬੁੱਧੀਮਾਨ` ਦੀ ਪ੍ਰੀਖਿਆ ਸ਼ੁਰੂ ਹੋ ਗਈ। ਅੱਤਰ ਸਿੰਘ ਪਹਿਲਾ ਪਰੀਖਿਅਕ ਬਣ ਗਿਆ। 1883 ਤਕ ਗੁਰਮੁਖੀ ਪਰੀਖਿਆਵਾਂ ਦੀ ਪ੍ਰਣਾਲੀ ਪੰਜਾਬ ਯੂਨੀਵਰਸਿਟੀ ਵਿਚ ਮਿਆਰੀ ਬਣਾ ਦਿੱਤੀ ਗਈ ਸੀ। ਅੰਜੁਮਨ ਦੇ ਪੂਰਬੀ ਵਿੱਦਿਆ ਦੇ ਵਿਸ਼ੇਸ਼ਗਾਂ ਦੁਆਰਾ ਸਮਰਥਨ ਕਰਨ ਤੇ 1880 ਵਿਚ ਸਿੰਘ ਸਭਾ ਨੇ ਰਸੂਖ ਵਾਲੇ ਸਿੱਖਾਂ ਦੇ ਦਸਤਖ਼ਤ ਕਰਵਾ ਕੇ ਪੰਜਾਬ ਯੂਨੀਵਰਸਿਟੀ ਕਾਲਜ ਨੂੰ ਇਕ ਦਰਖ਼ਾਸਤ ਦਿੱਤੀ ਜਿਸ ਵਿਚ ਇਹ ਮੰਗ ਕੀਤੀ ਗਈ ਕਿ ਉਹਨਾਂ ਨਵੇਂ ਸਕੂਲਾਂ ਨੂੰ ਪੰਜਾਬ ਯੂਨੀਵਰਸਿਟੀ ਕਾਲਜ ਦੀ ਸਰਪ੍ਰਸਤੀ ਮਿਲਣੀ ਚਾਹੀਦੀ ਹੈ ਜਿਹੜੇ ਉਹਨਾਂ ਨੇ ਖੋਲ੍ਹਣੇ ਹਨ ਅਤੇ ਕਾਲਜ ਦੀ ਦਾਖਲਾ ਪਰੀਖਿਆ ਪੰਜਾਬੀ ਵਿਚ ਹੋਣੀ ਚਾਹੀਦੀ ਹੈ ਜਿਵੇਂ ਕਿ ਉਸ ਸਮੇਂ ਉਰਦੂ ਅਤੇ ਹਿੰਦੀ ਬੋਲਣ ਵਾਲਿਆਂ ਲਈ ਕੀਤਾ ਜਾ ਰਿਹਾ ਸੀ। ਉਸੇ ਸਾਲ ਸਿੰਘ ਸਭਾ ਦੇ ਨੁਮਾਇੰਦੇ ਅੰਜੁਮਨ ਨਾਲ ਮਿਲਕੇ ਪੰਜਾਬ ਯੂਨੀਵਰਸਿਟੀ ਕਾਲਜ ਨੂੰ ਤਰੱਕੀ ਦੇ ਕੇ ਯੂਨੀਵਰਸਿਟੀ ਬਣਾਉਣ ਲਈ ਵਾਇਸਰਾਇ ਰਿਪਨ ਕੋਲ ਗਏ। ਜਦੋਂ ਅੰਜੁਮਨ ਦੇ ਕੰਮ-ਕਾਜ ਦਾ ਮੁੱਖ ਹਿੱਸਾ ਪੰਜਾਬ ਯੂਨੀਵਰਸਿਟੀ ਕਾਲਜ ਵਿਚ ਲੈ ਜਾਇਆ ਗਿਆ ਸੀ ਤਾਂ 1870 ਵਿਚ ਪੁਰਾਤਨ ਵਿੱਦਿਆ ਵਿਸ਼ੇਸ਼ਗਾਂ ਵਲੋਂ ਉਤਸ਼ਾਹਿਤ ਸੰਸਥਾ ਦੇ ਬਣਨ ਉਪਰੰਤ ਸੈਨੇਟ ਨੇ 1882 ਵਿਚ ਰਿਪਨ ਵਲੋਂ ਪੰਜਾਬ ਯੂਨੀਵਰਸਿਟੀ ਨੂੰ ਪੂਰਨ ਰੂਪ ਵਿਚ ਪਰਵਾਨਗੀ ਦੇਣ ਨਾਲ ਨਾਲ ਹੀ ਅੰਜੁਮਨ ਦਾ ਪੂਰੀ ਤਰ੍ਹਾਂ ਅੰਤ ਹੋ ਗਿਆ। ਇਸ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੀ ਸਥਾਪਨਾ ਪੂਰਾ ਹੋ ਗਿਆ ਸੀ। ਸਿੱਖ, ਹਿੰਦੂ ਅਤੇ ਮੁਸਲਮਾਨ ਕੌਮਾਂ ਵਿਚ ਵਧੇ ਹੋਏ ਮੁਕਾਬਲੇ ਨੇ ਬਹੁ-ਕੌਮੀ ਅੰਜੁਮਨ ਦੇ ਹੋਂਦ ਵਿਚ ਆਉਣ ਨੂੰ 1880 ਦੇ ਅੱਧ ਵਿਚ ਇਕ ਇਤਿਹਾਸਿਕ ਭੁੱਲ ਸਾਬਿਤ ਕਰ ਦਿੱਤਾ।
ਲੇਖਕ : ਜ.ਪ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First