ਅੱਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਕ (ਨਾਂ,ਪੁ) ਮਾਰੂ ਭੋਂਏਂ ਵਿੱਚ ਉੱਗਣ ਵਾਲਾ ਵਿਹੁਲੇ ਦੁੱਧ ਦੇ ਰਸ ਵਾਲਾ ਜੰਗਲੀ ਬੂਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੱਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੱਕ. ਦੇਖੋ, ਅਕ ੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅੱਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੱਕ : ਇਹ ਐਸਕਲੀਪੀਆਡੇਸੀ (Asclepiadaceae) ਕੁਲ ਦਾ ਬੂਟਾ ਹੈ, ਜਿਸ ਦੀ ਪ੍ਰਜਾਤੀ ਕੈਲੋਟ੍ਰਾੱਪਿਸ (Calotropis) ਅਤੇ ਜਾਤੀਆਂ ਪ੍ਰੋਸੈਰਾ (procera) ਅਤੇ ਜਾਈਗੈਂਟੀਆ (gigantea) ਹਨ। ਇਹ ਏਸ਼ੀਆ ਤੇ ਅਫ਼ਰੀਕਾ ਦੇ ਤਪਤ ਖੰਡ ਵਿਚ ਉਗਦਾ ਹੈ। ਇਸ ਦਾ ਪੌਦਾ ਛੋਟਾ ਹੁੰਦਾ ਹੈ ਅਤੇ ਇਸ ਦੇ ਛੋਟੇ ਪੌਦੇ, ਕੋਮਲ ਹਿੱਸਿਆਂ ਤੇ ਖ਼ਾਸ ਕਰਕੇ ਪੱਤਿਆਂ ਦੇ ਹੇਠਲੇ ਪਾਸੇ ਸੰਘਣੀ ਤੇ ਸ਼ਰੀਕ ਨਰਮ ਲੂਈਂ ਹੁੰਦੀ ਹੈ। ਇਸ ਦੇ ਫਲ ਵਿਚ ਬਹੁਤ ਸਾਰੇ ਬੀਜ ਚਪਟੇ ਤੇ ਨੁਕੀਲੇ ਅਤੇ ਕਈ ਰੇਸ਼ਮ ਵਰਗੇ ਬਰੀਕ ਲੰਮੇ ਵਾਲ ਹੁੰਦੇ ਹਨ, ਜਿਨ੍ਹਾਂ ਰਾਹੀਂ ਇਹ ਬੀਜ ਹਵਾ ਵਿਚ ਉੱਡਦੇ ਹਨ ਤੇ ਆਮ ਕਰਕੇ ‘ਬੁੱਖੀ-ਮਾਈ’ ਆਖੇ ਜਾਂਦੇ ਹਨ। ਇਹ ਰੇਸ਼ਮੀ ਵਾਲ ਕਈ ਵਾਰ ਸਰ੍ਹਾਣੇ ਭਰਨ ਲਈ ਵਰਤੇ ਜਾਂਦੇ ਹਨ। ਜੜ੍ਹ ਡੂੰਘੀ ਤੇ ਕਈ ਥਾਈਂ ਉਸ ਉੱਤੇ ਇਕ ਪਰਜੀਵੀ ਬੂਟਾ ਸਿਸਟਾਂਕੀ ਟਿਊਬੁਲੋਸਾ (Cistanche tubulosa) ਉਗ ਪੈਂਦਾ ਹੈ। ਬੂਟੇ ਦਾ ਦੁੱਧ, ਛਿਲਕਾ, ਪੱਤੇ, ਜੜ੍ਹਾਂ ਤੇ ਕਲੀਆਂ ਕਈ ਪਰਕਾਰ ਦੀਆਂ ਦਵਾਈਆਂ ਵਿਚ ਕੰਮ ਆਉਂਦੇ ਹਨ। ਤਣੇ ਤੋਂ ਰੇਸ਼ੇ ਕੱਢੇ ਜਾਂਦੇ ਹਨ। ਅੱਕ ਦੇ ਦੁੱਧ ਦੀ ਤਾਸੀਰ ਚੌਥੇ ਦਰਜੇ ਵਿਚ ਗਰਮ ਖ਼ੁਸ਼ਕ ਤੇ ਜ਼ਹਿਰੀਲੀ ਹੁੰਦੀ ਹੈ।

          ਅੱਕ ਦਾ ਦੁੱਧ ਚਮੜੀ ਤੇ ਜ਼ਖ਼ਮ ਕਰ ਦੇਂਦਾ ਹੈ ਅਤੇ ਇਸ ਨੂੰ ਖਾ ਜਾਂਦਾ ਹੈ। ਬਲਗ਼ਮ ਨੂੰ ਕੱਟਣ ਵਾਸਤੇ ਇਹ ਬੜੀ ਲਾਭਦਾਇਕ ਚੀਜ਼ ਹੈ। ਇਸ ਨਾਲ ਵਾਲ ਵੀ ਸਾਫ਼ ਕੀਤੇ ਜਾਂਦੇ ਹਨ। ਖਟੀਕ ਅੱਕ ਦੇ ਦੁੱਧ ਨਾਲ ਕੱਚੇ ਚਮੜੇ ਉਪਰੋਂ ਵਾਲ ਲਾਹੁੰਦੇ ਹਨ। ਅੱਕ ਦੇ ਦੁੱਧ ਦਾ ਲੇਪ ਕਰਨ ਨਾਲ ਦੱਦਰ ਹਟ ਜਾਂਦੀ ਹੈ ਅਤੇ ਬਵਾਸੀਰ ਦੇ ਮਹੁਕੇ ਝੜ ਜਾਂਦੇ ਹਨ। ਸ਼ਹਿਦ ਵਿਚ ਮਿਲਾ ਦੇ ਵਰਤਣ ਨਾਲ ਬੱਚਿਆਂ ਦਾ ਪੱਕਿਆ ਹੋਇਆ ਮੂੰਹ ਠੀਕ ਹੋ ਜਾਂਦਾ ਹੈ। ਅੱਕ ਦੇ ਦੁੱਧ ਨੂੰ ਰੂੰ ਦੇ ਫੰਬੇ ਤੇ ਲਾ ਕੇ ਦੁਖਦੇ ਦੰਦ ਤੇ ਰੱਖਣ ਨਾਲ ਦਰਦ ਦੂਰ ਹੋ ਜਾਂਦਾ ਹੈ। ਕੋੜ੍ਹ, ਪਾਉਂ ਤੇ ਫੋੜੇ ਫਿਨਸੀ ਲਈ ਲਾਭਦਾਇਕ ਹੈ। ਜਿਗਰ ਦੀਆਂ ਬੀਮਾਰੀਆਂ, ਜਲੋਧਰ ਤੇ ਕੀੜਿਆਂ ਲਈ ਬਹੁਤ ਗੁਣਕਾਰੀ ਹੈ। ਜੇ ਅਜਵਾਇਣ ਨੂੰ ਅੱਕ ਦੇ ਦੁੱਧ ਵਿਚ ਕਈ ਵਾਰੀ ਭਿਉਂ ਕੇ ਛਾਂ ਵਿਚ ਸੁਕਾ ਲਈਏ ਤਾਂ ਬਲਗ਼ਮੀ ਖੰਘ ਤੇ ਦਮੇਂ ਲਈ ਲਾਭਦਾਇਕ ਹੈ।

          ਅੱਕ ਦੀਆਂ ਟਹਿਣੀਆਂ ਤੇ ਪੱਤਿਆਂ ਦੀ ਤਾਸੀਰ––ਇਹ ਤੀਜੇ ਦਰਜੇ ਵਿਚ ਗਰਮ ਅਤੇ ਖ਼ੁਸ਼ਕ ਹੁੰਦੀ ਹੈ। ਜੇ ਅੱਕ ਦੇ ਤਾਜ਼ੇ ਪੱਤਿਆਂ ਨੂੰ ਗਰਮ ਕਰ ਕੇ ਵਰਮ ਉਤੇ ਬੰਨ੍ਹਿਆ ਜਾਵੇਂ ਤਾਂ ਸੋਜ ਹਟ ਜਾਂਦੀ ਹੈ। ਇਹ ਠੰਢ ਕਾਰਨ ਹੁੰਦੇ ਦਰਦਾਂ ਨੂੰ ਵੀ ਠੀਕ ਕਰਦੇ ਹਨ। ਜੇ ਪੱਤਿਆਂ ਨੂੰ ਜ਼ੈਤੂਨ ਦੇ ਤੇਲ ਵਿਚ ਕਾੜ੍ਹ ਕੇ ਲੇਪ ਕੀਤਾ ਜਾਵੇ ਤਾਂ ਅਧਰੰਗ, ਤਸ਼ੰਨੁਜ (ਅਕੜਾ) ਅਤੇ ਪੱਠਿਆਂ ਦੀ ਸੁਸਤੀ ਦੂਰ ਹੋ ਜਾਂਦੀ ਹੈ। ਅੱਕ ਦੀ ਰੂੰ ਪੱਥਰੀ ਲਈ ਬੜੀ ਗੁਣਕਾਰੀ ਹੈ।

          ਅੱਕ ਗਰਮ ਤਬੀਅਤ ਵਾਲਿਆਂ ਨੂੰ ਨੁਕਸਾਨ ਪੁਚਾਉਂਦਾ ਹੈ। ਦੁੱਧ ਅਤੇ ਤੇਲ ਇਸ ਦੇ ਸੋਧਕ ਹਨ। ਮਿਸਰ ਵਾਲੇ ਕਹਿੰਦੇ ਹਨ ਕਿ ਇਸ ਦੇ ਧੂਏਂ ਨਾ ਮੱਛਰ ਭੱਜ ਜਾਂਦਾ ਹੈ।

          ਪਹਾੜੀ ਅੱਕ ਜਿਸ ਨੂੰ ਗੁਲਾਬੰਦੀ ਅੱਕ ਕਹਿੰਦੇ ਹਨ, ਆਮ ਅੱਕ ਤੋਂ ਵੱਖ ਇਕ ਹੋਰ ਪੌਦਾ ਜਿਸ ਨੂੰ ਪੰਜਾਬ ਵਿਚ ਵਾੜਾਂ ਦੇ ਤੌਰ ਤੇ ਲਾਉਂਦੇ ਹਨ। ਇਹ ਬਹੁਤ ਉੱਚਾ ਹੁੰਦਾ ਹੈ। ਇਸ ਦੇ ਪੱਤੇ ਨਰਮ, ਮੁਲਾਇਮ ਅਤੇ ਗੂੜ੍ਹੇ ਹਰੇ ਹੁੰਦੇ ਹਨ। ਇਸ ਦੇ ਫੁੱਲ ਵੱਡੇ ਵੱਡੇ, ਚਿੱਟੇ ਜਾਮਣੀ ਰੰਗ ਦੇ ਹੁੰਦੇ ਹਨ। ਇਸ ਨੂੰ ਕੁਕੜੀਆਂ ਨਹੀਂ ਲਗਦੀਆਂ ਅਤੇ ਨਾ ਹੀ ਇਸ ਵਿਚ ਦੁੱਧ ਹੁੰਦਾ ਹੈ।

          ਹ. ਪੁ.––ਮਖਜਨਲ ਅਦਵੀਆ, ਮੌਲਵੀ ਨੂਰ ਕਰੀਮ.


ਲੇਖਕ : ਜਗਜੀਤ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23573, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no

ਅੱਕ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੱਕ  : ਪੰਜਾਬ ਵਿਚ ਮਿਲਣ ਵਾਲਾ ਇਹ ਅਜਿਹਾ ਦਵਾਈ ਪੌਦਾ ਹੈ ਜਿਸ ਦਾ ਹਰੇਕ ਹਿੱਸਾ ਕਿਸੇ ਨਾ ਕਿਸੇ ਬੀਮਾਰੀ ਲਈ ਲਾਹੇਵੰਦ ਹੈ । ਇਸ ਦੀਆਂ ਦੋ ਕਿਸਮਾਂ ਹਨ ਆਮ ਅੱਕ ਜਿਸ ਨੂੰ ਦੇਸੀ ਅੱਕ ਵੀ ਕਿਹਾ ਜਾਂਦਾ ਹੈ ਅਤੇ ਦੂਜੀ ਪਹਾੜੀ ਅੱਕ ਜਾਂ ਗੁਲਾਬੰਸੀ (ਗੁਲਾਬਾਸੀ ) ਅੱਕ।

        ਪਹਾੜੀ ਅੱਕ ਆਮ ਤੌਰ ਤੇ ਖੇਤਾਂ ਦੀਆਂ ਵਾੜਾਂ ਤੇ ਲਗਾਇਆ ਜਾਂਦਾ ਹੈ। ਇਸ ਦਾ ਕੱਦ ਬਹੁਤ ਉੱਚਾ ਹੁੰਦਾ ਹੈ। ਇਸ ਦੇ ਪੱਤੇ ਨਰਮ, ਮੁਲਾਇਮ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਫੁੱਲ ਵੱਡੇ ਵੱਡੇ ਗੁਲਾਬੀ ਜਾਂ ਜਾਮਨੀ ਰੰਗ ਦੇ ਹੁੰਦੇ ਹਨ। ਤਣੇ ਉਪਰ ਕੰਡੇ ਵੀ ਹੁੰਦੇ ਹਨ।

        ਦੇਸੀ ਅੱਕ ਦਾ ਪੌਦਾ ਛੋਟਾ ਹੁੰਦਾ ਹੈ ਅਤੇ ਇਸ ਦੇ ਕੋਮਲ ਹਿੱਸਿਆਂ ਤੇ ਖ਼ਾਸ ਕਰਕੇ ਪੱਤਿਆਂ ਦੇ ਹੇਠਲੇ ਹਿੱਸੇ ਤੇ ਸੰਘਣੀ ਪਰ ਬਾਰੀਕ ਲੂਈ ਹੁੰਦੀ ਹੈ। ਇਸ ਦੇ ਫਲ ਵਿਚ ਬਹੁਤ ਸਾਰੇ ਚਪਟੇ ਤੇ ਨੋਕਦਾਰ ਬੀਜ ਹੁੰਦੇ ਹਨ ਜਿਨ੍ਹਾਂ ਉੱਪਰ ਰੇਸ਼ਮ ਵਰਗੇ ਬਾਰੀਕ ਲੰਮੇ ਵਾਲੇ ਹੁੰਦੇ ਹਨ ਅਤੇ ਜਿਨ੍ਹਾਂ ਰਾਹੀਂ ਬੀਜਾਂ ਦੀ ਹਵਾਈ ਉਡਾਣ ਸੁਖਾਲੀ ਹੋ ਜਾਂਦੀ ਹੈ। ਇਨ੍ਹਾਂ ਨੂੰ ਛੋਟੇ ਬੱਚੇ 'ਬੁੱਢੀ ਮਾਈ' ਵੀ ਕਹਿੰਦੇ ਹਨ।   

 

ਇਸ ਦੇ ਤਣੇ ਤੋਂ ਰੇਸ਼ੇ ਕੱਢੇ ਜਾਂਦੇ ਹਨ। ਅੱਕ ਦੇ ਪੌਦੇ ਵਿਚ ਕਈ ਬੀਮਾਰੀਆਂ ਨੂੰ ਠੀਕ ਕਰਨ ਦੇ ਗੁਣ ਹੁੰਦੇ ਹਨ। ਅੱਕ ਦੀ ਤਾਸੀਰ ਚੌਥੇ ਦਰਜੇ ਵਿਚ ਗਰਮ ਤੇ ਖ਼ੁਸ਼ਕ ਪਰ ਜ਼ਹਿਰੀਲੀ ਹੁੰਦੀ ਹੈ। ਇਸ ਦਾ ਦੁੱਧ ਚਮੜੀ ਦੇ ਜ਼ਖ਼ਮਾਂ ਨੂੰ ਭਰਦਾ ਹੈ ਅਤੇ ਬਲਗ਼ਮ ਨੂੰ ਖ਼ਾਰਜ ਕਰਨ ਵਿਚ ਸਹਾਇਕ ਹੁੰਦਾ ਹੈ। ਇਸ ਦੇ ਦੁੱਧ ਦੀ ਵਰਤੋਂ ਹੋਰ ਵੀ ਕਈ ਅਲਾਮਤਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਅੱਕ ਦੀਆਂ ਟਾਹਣੀਆਂ ਤੇ ਪੱਤਿਆਂ ਦੀ ਤਾਸੀਰ, ਤੀਜੇ ਦਰਜੇ ਵਿਚ ਗਰਮ ਤੇ ਖ਼ੁਸ਼ਕ ਹੁੰਦੀ ਹੈ। ਇਸ ਦੇ ਪੱਤਿਆਂ ਨੂੰ ਜੇਕਰ ਜੈਤੂਨ ਦੇ ਤੇਲ ਵਿਚ ਗਰਮ ਕਰ ਕੇ ਬੰਨ੍ਹ ਲਿਆ ਜਾਵੇ ਤਾਂ ਅਧਰੰਗ, ਅਕੜਾ ਅਤੇ ਪੱਠਿਆਂ ਦੀ ਸੁਸਤੀ ਦੂਰ ਹੋ ਜਾਂਦੀ ਹੈ। ਇਸ ਦੀ ਤਸੀਰ ਗਰਮ ਹੋਣ ਕਾਰਨ, ਇਹ ਗਰਮ ਤਬੀਅਤ ਵਾਲੇ ਵਿਅਕਤੀਆਂ ਲਈ ਨੁਕਸਾਨਦੇਹ ਸਾਬਤ ਹੁੰਦੀ ਹੈ। ਦੁੱਧ ਅਤੇ ਤੇਲ ਇਸ ਦੇ ਸੋਧਕ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਕੋਹੜ, ਹਰਪੀਜ਼, ਜਲੋਧਰ, ਜੋੜਾਂ ਦੇ ਦਰਦ, ਬੁਖ਼ਾਰ ਅਤੇ ਆਤਸ਼ਕ ਰੋਗਾਂ ਵਿਚ ਵੀ ਕੀਤੀ ਜਾਂਦੀ ਹੈ। ਇਹ ਗਰਭਪਾਤ ਲਈ ਵੀ ਲਾਹੇਵੰਦ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-04-56-43, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਵਿ. ਕੋ. : 206, ਮੈ. ਪ. ਇੰ. 4:64

ਅੱਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੱਕ, ਸੰਸਕ੍ਰਿਤ (ਅਰਕ) / ਪੁਲਿੰਗ : ਇਕ ਪਰਸਿੱਧ ਬੂਟਾ ਜਿਸਦਾ ਦੁੱਧ ਵਿਹੁਲਾ ਹੁੰਦਾ ਹੈ ਤੇ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ

–ਅੱਕ ਚੋਣਾ, ਮੁਹਾਵਰਾ : ਦੁਖ ਦੇਣਾ, ਕਸ਼ਟ ਦੇਣਾ, ਨਿਹਾਇਤ ਤੰਗ ਕਰਨਾ, ਨੁਕਸਾਨ ਪੁਚਾਉਣਾ

–ਅੱਕ ਟਿੱਡਾ, ਪੁਲਿੰਗ : ਅੱਕ ਤੇ ਰਹਿਣ ਵਾਲਾ ਹਰੇ ਪੀਲੇ ਰੰਗ ਦਾ ਟਿੱਡਾ

–ਅੱਕੀਂ ਪਲਾਹੀਂ ਹੱਥ ਪਾਉਣਾ, ਅੱਕੀਂ ਪਲਾਹੀਂ ਹੱਥ ਮਾਰਨਾ, ਮੁਹਾਵਰਾ : ਨਿਰਾਸ਼ਾ ਜਾਂ ਬੇਵਸੀ ਦੀ ਹਾਲਤ ਵਿਚ ਮਾਮੂਲੀ ਸਹਾਰਾ ਭਾਲਣਾ, ਕੁਝ ਨਾ ਸੁੱਝਣਾ, ਧਰੀ ਚੀਜ਼ ਨਾ ਲੱਭਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-01-07-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

'ਅਕ' ਪਿਛੇਤਰ ਦਾ ਕੀ ਅਰਥ ਹੋਵੇਗਾ ਜੀ ।


ਗੁਰੂਸੇਵਕ ਸਿੰਘ, ( 2022/10/12 07:3319)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.