ਅੱਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਲਾ (ਵਿ,ਪੁ) ਕੱਚਾ ਫਲ਼; ਸੱਜਰਾ ਜਖ਼ਮ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਅੱਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅੱਲਾ. ਵਿ—ਕੱਚਾ. ਅਪਕ੍ਵ। ੨ ਸੰਗ੍ਯਾ—ਅੱਲਾ.2 ਰੱਬ. ਕਰਤਾਰ. ਦੇਖੋ, ਅਲਾ। ੩ ਸੰ. अल्ला ਮਾਤਾ. ਮਾਂ । ੪ ਧਣੀਆਂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਅੱਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਅੱਲਾ : ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਨੂੰ ਮੁਸਲਮਾਨ ਸੱਚੇ ਰੱਬ ਲਈ ਵਰਤਦੇ ਹਨ। ਇਹ ਸ਼ਬਦ ‘ਇਲਾਹ’ ਰੂਪ ਵਿਚ ਇਸਲਾਮ ਤੋਂ ਪਹਿਲਾਂ ਵੀ ਸਾਮੀ ਤੇ ਅਰਬੀ ਸ਼ਿਲਾਲੇਖਾਂ ਵਿਚ ਮਿਲਦਾ ਹੈ।
ਇਸਲਾਮ ਤੋਂ ਪਹਿਲਾਂ ਵੀ ਅਰਬਾਂ ਨੂੰ ਇਸ ਸ਼ਬਦ ਦਾ ਇਲਮ ਸੀ। ਉਹ ਮੱਕੇ ਦੇ ਬੁੱਤਾਂ ਵਿੱਚੋਂ ਇਕ ਸੀ ਜੋ ਸ਼ਾਇਦ ਸਭ ਤੋਂ ਵੱਡਾ ਸੀ। ਇਕ ਹੋਰ ਸੁਝਾਉ ਅਨੁਸਾਰ ਇਹ ਸ਼ਬਦ ਅਰਾਮੀ ਭਾਸ਼ਾ ਦੇ ਸ਼ਬਦ ‘ਅਲਾਹਾ’ ਤੋਂ ਬਣਿਆ ਹੈ।
(ੳ) ਕੁਰਾਨ ਵਿਚ ਅੱਲਾ : ਇਕ ਹਦੀਸ ਤੋਂ ਪਤਾ ਚਲਦਾ ਹੈ ਕਿ 96ਵੀਂ ਆਇਤ ਹਜ਼ਰਤ ਮੁਹੰਮਦ ਸਾਹਿਬ ਉੱਤੇ ਸਭ ਤੋਂ ਪਹਿਲਾਂ ਉਤਰੀ। ਰੱਬ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਜ਼ਿੰਮੇ ਇਹ ਕੰਮ ਲਾਇਆ ਕਿ ਆਪ ਅੱਲਾ ਸ਼ਬਦ ਦਾ ਪਰਚਾਰ ਕਰਨ। ਇਸ ਸਭ ਤੋਂ ਪਹਿਲੀ ਨਾਜ਼ਲ ਹੋਈ ਸੂਰਤ ਵਿਚ ਹਜ਼ਰਤ ਮੁਹੰਮਤ ਨੂੰ ਇਹ ਦੱਸਿਆ ਗਿਆ ਕਿ ਅੱਲਾ ਤੇਰਾ ਰੱਬ ਹੈ, ਮਨੁੱਖ-ਮਾਤਰ ਦਾ ਪੈਦਾ ਕਰਨ ਵਾਲਾ ਹੈ, ਦਾਤਾ ਹੈ। ਜਿਸ ਗਿਆਨ ਤੋਂ ਮਨੁੱਖ ਵਾਂਝਾ ਹੈ, ਉਸ ਨੂੰ ਉਹ ਗਿਆਨ ਅੱਲਾ ਹੀ ਦਿੰਦਾ ਹੈ। ਕੁਰਾਨ ਦੇ ਪ੍ਰਮੁਖ ਵਾਕ ‘ਬਿਸਮਿੱਲਾਹਿਰਹਮਾ-ਨਿਰਹੀਮ’ ਵਿਚ ਇਸ ਗੱਲ ਨੂੰ ਪਰਗਟ ਕੀਤਾ ਗਿਆ ਹੈ। ਹਰ ਸੂਰਾ ਦੇ ਆਰੰਭ ਵਿਚ ਇਸਨੂੰ ਦੁਹਰਾਇਆ ਜਾਂਦਾ ਹੈ। ਸੰਭਵ ਹੈ ਕਿ ਇਸ ਵਿਚ ਇਸਲਾਮ ਦੇ ਜਨਮ ਤੋਂ ਪਹਿਲੇ ਦੱਖਣੀ ਅਰਬ ਦੇ ਸ਼ਬਦ ਰਹਿਮਾਨ ਵੱਲ ਸੰਕੇਤ ਹੋਵੇ ਅਤੇ ਰਹਿਮਾਨ ਰੱਬ ਦਾ ਸਭ ਤੋਂ ਵੱਡਾ (ਅਸਲੀ) ਨਾਂ ਸਮਝਿਆ ਜਾਂਦਾ ਹੋਵੇ। ਫਿਰ ਵੀ ਇਹ ਸਪਸ਼ਟ ਹੈ ਕਿ ‘ਰਹਮ’ ਧਾਤੂ ਦਾ ਭਾਵ ਇਸਲਾਮੀ ਰਾਜ ਵਿਚ “ਰਹਿਮਤ”, “ਰਹਿਮ” ਤੇ “ਦਇਆ” ਲਿਆ ਜਾਣ ਲੱਗਾ। ਇਸੇ ਕਾਰਨ ਹਜ਼ਰਤ ਮੁਹੰਮਦ ਦੇ ਉਦੇਸ਼ ਦਾ ਆਰੰਭ ਅੱਲਾ ਸ਼ਬਦ ਤੋਂ ਹੋਇਆ ਜਿਸ ਦੇ ਗੁਣ ਰਹਿਮਾਨ, ਸਿਰਜਣਹਾਰ ਤੇ ਉਦਾਰ ਹਨ। ਉਹ ਆਪਣੇ ਪੈਗ਼ੰਬਰ ਰਾਹੀਂ (ਜਿਸ ਦਾ ਉਹ ਵਿਸ਼ੇਸ਼ ਤੌਰ ਤੇ ਮਾਲਿਕ ਹੈ) ਮਨੁੱਖ ਮਾਤਰ ਨੂੰ ਸਿੱਖਿਆ ਦੇਂਦਾ ਹੈ।
ਕੁਰਾਨ ਅੱਲਾ ਦੀ ਹੋਂਦ, ਸੁਭਾਉ ਤੇ ਗੁਣਾਂ ਬਾਰੇ ਕੋਈ ਧਾਰਮਿਕ ਭਫ਼ਸੀਲ ਨਹੀਂ ਦਿੰਦਾ। ਇਸਲਾਮ ਨੇ ਕੁਰਾਨ ਨੂੰ ਸਦਾ ਅੱਲਾ ਵੱਲੋਂ ਆਦਮੀ ਤੇ ਉਤਰਿਆ ਹੋਇਆ ਕਲਾਮ ਸਮਝਿਆ ਹੈ। ਇਸ ਵਿਚ ਅੱਲਾ ਤੇ ਉਹੀ ਕੁਝ ਆਖਿਆ ਹੈ ਜੋ ਆਪਣੇ ਬਾਰੇ ਆਖਣਾ ਚਾਹੁੰਦਾ ਹੈ। ਅੱਲਾ ਦਇਆਵਾਨ ਹੈ ਜੋ ਉਸ ਉਪਦੇਸ਼ ਦੀ ਸਿੱਖਿਆ ਦਿੰਦਾ ਹੈ ਜੋ ਗ਼ੈਬ ਵਿਚ ਵਿਸ਼ਵਾਸ ਰੱਖਣ ਵਾਲੇ ਨੇਕ ਬੰਦਿਆਂ ਨੂੰ ਸੰਬੋਧਨ ਕਰ ਕੇ ਦਿੱਤਾ ਗਿਆ ਹੈ। ਅੱਲਾ ਰਹੱਸਮਈ ਤੇ ਅਪਹੁੰਚ ਹੈ, ਉਹ ਪਰਿਪੂਰਣ ਹੈ ਅਤੇ ਉਹੀ ਸੰਸਾਰ ਨੂੰ ਚਲਾਉਂਦਾ ਹੈ। ਅੱਖਾਂ ਉਸ ਨੂੰ ਨਹੀਂ ਵੇਖ ਸਕਦੀਆਂ ਪਰ ਉਹ ਸਭ ਕੁਝ ਵੇਖ ਸਕਦਾ ਹੈ।
ਕੁਰਾਨ ਦੀਆਂ ਆਇਤਾਂ ਦੇ ਸੂਰਤਾਂ ਵਿਚ ਦਿੱਤੇ ਗਏ ਵਿਸ਼ਿਆਂ ਵਿਚੋਂ ਹੇਠਾਂ ਦਿੱਤੇ ਤਿੰਨ ਜ਼ਿਆਦਾ ਅਹਿਮ ਹਨ, ਭਾਵੇਂ ਇਨ੍ਹਾਂ ਸਾਰਿਆਂ ਦਾ ਮੁੱਖ ਮੰਤਵ ਇਕੋ ਹੈ।
1. ਅੱਲਾ ਦੁਨੀਆ ਦਾ ਖ਼ਾਲਿਕ ਹੈ, ਕਿਆਮਤ ਦੇ ਦਿਨ ਦਾ ਮਾਲਿਕ ਉਹ ਸਭ ਦਾ ਸਿਰਜਣਹਾਰ ਹੈ ਤੇ ਹਰ ਸ਼ੈ ਦਾ ਮੂਲ ਕਾਰਨ ਹੈ। ਆਪਣੇ ਹੁਕਮ ‘ਕੁਨ’ ਅਰਥਾਤ ‘ਹੈ ਜਾ’ ਨਾਲ ਉਸ ਨੇ ਸੰਸਾਰ ਪੈਦਾ ਕੀਤਾ ਹੈ। ਉਹ ਸ਼ੁਭ ਕਰਮਾਂ ਦਾ ਸੋਮਾ ਹੈ, ਮਹਾਨ ਨਿਆਂਕਾਰੀ ਹੈ ਅਤੇ ਹਰ ਤਰ੍ਹਾਂ ਨਿਰਪੱਖ ਹੈ।
ਸਭ ਤੋਂ ਪੁਰਾਣੀਆਂ ਸੂਰਤਾਂ ਵਿਚ ਕੁੱਲ ਦੁਨੀਆ ਉੱਤੇ ਅੱਲਾ ਦੀ ਪੂਰਨ ਪ੍ਰਭੁਤਾ ਦਾ ਵੇਰਵਾ ਹੈ ਅਤੇ ਉਸ ਨੂੰ ਬਹੁਤ ਹੀ ਨਿਆਂਕਾਰੀ ਦੱਸਿਆ ਗਿਆ ਹੈ। ਫਿਰ ਮਨੁੱਖੀ ਮਨ ਨੂੰ ਕਿਆਮਤ ਦੀ ਘੜੀ ਦਾ ਡਰ ਦੇ ਕੇ ਆਖ਼ਰੀ ਹਲੂਣਾ ਦਿੱਤਾ ਗਿਆ ਹੈ। ਇਸ ਘੜੀ ਬਾਬਤ ਇਹ ਦੱਸਿਆ ਗਿਆ ਹੈ ਕਿ ਕਿਸੇ ਵਕਤ ਵੀ ਆ ਸਕਦੀ ਹੈ ਤੇ ਸਿਰਫ਼ ਅੱਲਾ ਨੂੰ ਹੀ ਉਸ ਦਾ ਪਤਾ ਹੈ।
ਮੱਕੇ ਦੇ ਦੋਹਾਂ ਕਾਲਾਂ ਵਿਚ ਉਤਰੀਆ ਸੂਰਤਾਂ ਵਿਖੇ ਉਪਰੋਕਤ ਗੱਲ ਉੱਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ ਤੇ ਮਦੀਨੇ ’ਚ ਉਤਰੀਆਂ ਆਇਤਾਂ ਵਿਚ ਸਜ਼ਾ ਤੇ ਜਜ਼ਾ ਦਾ ਵੇਰਵਾ ਹੈ।
ਮੱਕੇ ਤੇ ਮਦੀਨੇ ਦੋਵੇਂ ਥਾਂਵਾਂ ਦੇ ਉਪਦੇਸ਼ ਵਿਚ ਅੱਲਾ ਨੂੰ ਰਹੱਸਮਈ ਸਮਝਣ ਤੇ ਜ਼ੋਰ ਹੈ। ਮੱਕੇ ਦਾ ਉਪਦੇਸ਼ ਸਿੱਧਾ ਤੇ ਸਰਲ ਹੈ। ਮਦੀਨੇ ਦੇ ਪ੍ਰਚਾਰ ਵਿਚ ਹਰ ਮੁਸਲਮਾਨ ਨੂੰ ਚਾਹੇ ਉਹ ਮੋਮਿਨ ਹੈ ਚਾਹੇ ਮੁਨਾਫ਼ਿਕ, ਉਪਦੇਸ਼ ਦਿੱਤਾ ਗਿਆ ਹੈ ਕਿ ਉਹ ਕਿਆਮਤ ਦਾ ਹਰ ਵੇਲੇ ਤੇ ਹਰ ਹਾਲਤ ਵਿਚ ਖ਼ਿਆਲ ਰੱਖੇ ਅਤੇ ਜ਼ੋਰ ਦਿੱਤਾ ਗਿਆ ਹੈ ਕਿ ਉਹ ਬਾਕਾਇਦਾ ਈਮਾਨ ਲਿਆਵੇ।
2. ਅੱਲਾ ਇਕ ਹੈ ਤੇ ਵਾਹਦਹੁਲਾਸ਼ਰੀਕ ਹੈ।
ਮੱਕੇ ਦੇ ਲੋਕਾਂ ਨੂੰ, ਜੋ ਰੱਬ ਦੇ ਸ਼ਰੀਕ ਤੇ ਧੀਆਂ ਦਾ ਵਜੂਦ ਦੱਸਦੇ ਹਨ, 39ਵੀਂ ਤੇ 43ਵੀਂ ਸੂਰਤ ਵਿਚ ਲ੍ਹਾਨ-ਤ੍ਹਾਨ ਕੀਤੀ ਗਈ ਹੈ। ਮੱਕੇ ਦੇ ਦੌਰ ਦੀ ਇਕ ਆਇਤ ਵਿਚ ਇਹ ਸਾਫ਼ ਦੱਸਿਆ ਗਿਆ ਹੈ। ਕਿ ਅੱਲਾ ਆਪਣੀ ਹਸਤੀ ਵਿਚ ਇਕ ਹੈ। ਪੂਜਯ ਹੋਣ ਦੇ ਗੁਣ ਅਨੁਸਾਰ ‘ਅਹਦ’ ਅਰਥਾਤ ਇਕ ਹੈ, ਇਕ ਵਾਰ ਦੋ ਨਾਂ ਆਉਂਦੇ ਹਨ ‘ਵਾਹਿਦ’ ਤੇ ‘ਅਹਦ’। ਤਿਹੱਤਰਵੀਂ ਸੂਰਤ ਵਿਚ, ਜਿਸ ਦੇ ਕਾਰਨ ਕਿਹਾ ਜਾਂਦਾ ਹੈ ਕਿ ਹਜ਼ਰਤ ਉਮਰ ਮੁਸਲਮਾਨ ਹੋਏ ਸਨ, ਇਹ ਵੇਰਵਾ ਸਾਫ਼ ਹੈ ਕਿ ਕੋਈ ਪੂਜਯ ਨਹੀਂ ਸਿਵਾਇ ਉਸ ਇਕ ਦੇ। ਮੱਕੇ ਦੇ ਦੂਜੇ ਕਾਲ ਦੀਆਂ ਸੂਰਤਾਂ ਵਿਚ ਆਇਆ ਹੈ ਕਿ ‘ਮੈਂ ਅੱਲਾ ਹਾਂ, ਮੇਰੇ ਬਿਨਾਂ ਕੋਈ ਹੋਰ ਪੂਜਣ ਯੋਗ ਨਹੀਂ ਹੈ।’ ਆਖ਼ਰੀ ਸੂਰਤ ਵਿਚ ਜੋ ਕੁਝ ਲੋਕਾਂ ਦੇ ਖ਼ਿਆਲ ਅਨੁਸਾਰ ਮਦੀਨੇ ਦੀਆਂ ਸੂਰਤਾਂ ਵਿਚ ਹੈ, ਅੱਲਾ ਦੀ ਤੌਹੀਦ ਪੂਰਣ ਰੂਪ ਵਿਚ ਪੇਸ਼ ਕੀਤੀ ਗਈ ਹੈ। ‘ਅੱਲਾ ਇਕੱਲਾ ਹੈ, ਉਹ ਮਾਲਿਕ ਹੈ, ਨਾ ਉਸ ਤੋਂ ਕੋਈ ਪੈਦਾ ਹੁੰਦਾ ਹੈ ਨਾ ਉਹ ਆਪ ਕਿਸੇ ਤੋਂ ਪੈਦਾ ਹੋਇਆ ਹੈ, ਕੋਈ ਉਸ ਦਾ ਸਾਨੀ ਨਹੀਂ।
3. ਅੱਲਾ ਸਰਵ-ਸ਼ਕਤੀਮਾਨ ਤੇ ਰਹਿਮਾਨ ਹੈ।
ਕੁਰਾਨ ਵਿਚ ਅੱਲਾ ਨੂੰ ਵਾਰ ਵਾਰ ਸ੍ਰਿਸ਼ਟੀ ਦਾ ਮਾਲਿਕ, ਰਹੀਮ ਤੇ ਕਰੀਮ ਦੱਸਿਆ ਗਿਆ ਹੈ ਜਿਸ ਦੀ ਕੁਦਰਤ ਵਿਚ ਕਿਸੇ ਦਾ ਦਖ਼ਲ ਨਹੀਂ ਹੈ। ਮਦੀਨੇ ਵਿਚ ਉਤਰੀ ਹੋਈ ਇਕ ਸੂਰਤ ਵਿਚ ਤਸਲੀਮ-ਓ-ਰਜ਼ਾ ਨੂੰ ਧਾਰਨ ਕਰਨ ਦਾ ਉਪਦੇਸ਼ ਹੈ। ‘ਰੱਬ ਆਸਰਾ ਹੈ ਤੇ ਆਗੂ ਹੈ’, ਇਹ ਆਇਤ ਰੱਬ ਦੇ ਕਹਿਹ ਹੋਣ ਦਾ ਐਲਾਨ ਕਰਦੀ ਹੈ ਉਨ੍ਹਾਂ ਲੋਕਾਂ ਉੱਤੇ ਜੋ ਰੱਬ ਦੀਆਂ ਰਹਿਮਤਾਂ ਦਾ ਸਤਿਕਾਰ ਨਹੀਂ ਕਰਦੇ।’
(ਅ) ਅੱਲਾ ਦੇ ਨਾਂ ਤੇ ਚਿੰਨ੍ਹ – ਇੰਜ ਅੱਲਾ ਨੇ ਆਪਣੇ ਅਕਥਨੀ ਹੋਣ ਦਾ ਗੁਪਤ ਭੇਦ ਆਪਣੇ ਪੈਗ਼ੰਬਰਾਂ ਰਾਹੀਂ ਮੁੜ ਮੁੜ ਜ਼ਾਹਿਰ ਕੀਤਾ ਹੈ ਅਤੇ ਮਨੁੱਖ ਨੂੰ ਆਖਿਆ ਹੈ ਕਿ ਉਹ ਅੱਲਾ ਦੀ ਸਾਰੀ ਸ੍ਰਿਸ਼ਟੀ ਉੱਤੇ ਅਧਿਕਾਰ ਰੱਖੇ ਤੇ ਉਸ ਦੇ ਹਰ ਤਰ੍ਹਾਂ ਪੂਰਨ ਹੋਣ ਤੇ ਵਿਸ਼ਵਾਸ ਰੱਖੇ, ਕਿਉਂ ਜੋ ਅੱਲਾ ਹੀ ਮੁੱਢ ਹੈ, ਅੱਲਾ ਹੀ ਅੰਤ ਹੈ, ਅੱਲਾ ਹੀ ਗੁਪਤ ਹੈ ਤੇ ਅੱਲਾ ਹੀ ਪਰਗਟ ਹੈ।
ਅੱਲਾ ਵੱਲੋਂ ਮਨੁੱਖ ਉੱਤੇ ਇਨਕਸ਼ਾਫ਼ ਹੁੰਦੇ ਰਹਿੰਦੇ ਹਨ। ਰੱਬ ਕੁਦਰਤ ਤੋਂ ਪਛਾਣਿਆ ਜਾਂਦਾ ਹੈ। ਸ੍ਰਿਸ਼ਟੀ ਦੀ ਰਚਨਾ ਇਸ ਹੱਦ ਤੱਕ ਵਿਚਿੱਤਰ ਹੈ ਕਿ ਮਨੁੱਖ ਕਈ ਵਾਰ ਕਿਸੇ ਦੀ ਪੂਜਾ ਕਰਨ ਲਗ ਪੈਂਦਾ ਹੈ ਪਰ ਉਸ ਲਈ ਇਹ ਵਿਸ਼ਵਾਸ ਜ਼ਰੂਰੀ ਹੈ ਕਿ ਰੱਬ ਤੋਂ ਬਿਨਾਂ ਇਹ ਸਭ ਰਚਨਾ ਨਾਸ਼ਮਾਨ ਹੈ। ਮਨੁੱਖ ਨੂੰ ਅੱਲਾ ਦੀ ਅਗਵਾਈ ਵਿਚ ਇਸ ਨਾਸ਼ਮਾਨ ਤੇ ਮਿਥਿਆ ਜਗਤ ਵਿਚ ‘ਆਵੱਸ਼ਯਕ’ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਕੁਰਾਨ ਦਾ ਵਾਕ ਹੈ ਕਿ ਕੇਵਲ ਅੱਲਾ ਹੀ ਇਕ ਅਨਾਦੀ ਹਸਤੀ ਹੈ। ਇਸ ਲਈ ਅੱਲਾ ਦੀ ਆਕ੍ਰਿਤੀ ਨੂੰ ਛੱਡ ਕੇ ਸਭ ਕੋਈ ਨਾਸ਼ਮਾਨ ਹੈ। ਕਿਆਮਤ ਨੂੰ ਸਭ ਫ਼ਨਾਹ ਹੋ ਕੇ ਮੁੜ ਸੁਰਜੀਤ ਹੋਵੇਗਾ। ਅੱਲਾ ਦੀ ਕਾਰੀਗਰੀ ਦੇ ਚਿੰਨ੍ਹ ਸੰਸਾਰ ਦੀ ਰਚਨਾ ਤੋਂ ਪ੍ਰਗਟ ਹੁੰਦੇ ਹਨ, ਇਨ੍ਹਾਂ ਚਿਨ੍ਹਾਂ ਅਨੁਸਾਰ ਹੀ ਅੱਲਾ ਦੇ ਨਾਂ ਰੱਖੇ ਗਏ ਹਨ ਜੋ ਅਤੀ ਸੁੰਦਰ ਹੈ। ਵਿਦਵਾਨਾਂ ਤੇ ਨੇਕ ਬੰਦਿਆਂ ਨੇ ਕੁਰਾਨ ਤੇ ਹਦੀਸ ਵਿੱਚੋਂ ਬੜੇ ਗਹੁ ਨਾਲ ਅਤਿ ਸੁੰਦਰ 99 ਨਾਂ ਚੁਣ ਲਏ ਹਨ। ਇਹ ਲੋਕ ਇਨ੍ਹਾਂ ਦਾ ਜਾਪ ਕਰਦੇ ਹਨ ਤੇ ਧਿਆਨ ਧਰਦੇ ਹਨ। ਇਨ੍ਹਾਂ ਵਿਚੋਂ ਕੁਝ ਇਹ ਹਨ:-
ਇਕ ਤੇ ਬੇਨਜ਼ੀਰ, ਜੀਉਂਦਾ, ਸੈਭੰਗ, ਸੱਚ, ਵੱਡਾ, ਉੱਚਾ ਤੇ ਮਹਾਨ, ਪ੍ਰਕਾਸ਼ ਤੇ ਪ੍ਰਕਾਸ਼ਿਤ, ਸਿੱਧ, ਸਰਵ ਸ਼ਕਤੀਮਾਨ, ਵਿਚਿੱਤਰ, ਕਰਤਾ, ਸੁਣਨ ਵਾਲਾ, ਵੇਖਣ ਵਾਲਾ, ਤਿਰਕਾਲ ਦਰਸ਼ੀ, ਸਾਕਸ਼ੀ, ਉਦਾਰ, ਦਾਤਾ, ਸਦਾ ਖ਼ਿਮਾ ਕਰਨ ਵਾਲਾ, ਰੱਖਿਅਕ, ਦਇਆਵਾਨ, ਬਖ਼ਸ਼ਣਹਾਰ ਆਦਿ।
ਅੱਲਾ ਆਦਮੀ ਦੀ ਸ਼ਾਹਰਗ ਤੋਂ ਵੀ ਉਸ ਦੇ ਨੇੜੇ ਹੈ। ਹਰ ਇਕ ਚੀਜ਼, ਜੋ ਆਦਮੀ ਨੂੰ ਉਸ ਦੀ ਰੂਹ ਸੁਝਾਉਂਦੀ ਹੈ, ਅੱਲਾ ਉਸ ਨੂੰ ਜਾਣਦਾ ਹੈ।
(ੲ) ਦੋ ਪ੍ਰਕਾਰ ਦੀਆਂ ਆਇਤਾਂ – 1. ਸਜ਼ਾ ਤੇ ਜਜ਼ਾ ਅਤੇ ਕਜ਼ਾ ਤੇ ਕਦਰ ਬਾਰੇ ਕੁਰਾਨ ਵਿਚ ਅੱਲਾ ਵੱਲੋਂ ਜੋ ਆਇਤਾਂ ਉਤਰੀਆਂ ਹਨ ਉਨ੍ਹਾਂ ਬਾਰੇ ਲੋਕਾਂ ਵਿਚ ਮਤ-ਭੇਦ ਪੈਦਾ ਹੋਏ। ਸੰਸਾਰ ਬਾਰੇ ਅੱਲਾ ਦੀਆਂ ਇੱਛਾਵਾਂ ਤੋਂ ਉਸ ਦੀ ਅਪਾਰ ਸ਼ਕਤੀ ਪਰਗਟ ਹੈ। ਉਸ ਦੇ ਪੱਕੇ ਹੁਕਮ ਵਿਚ ਇਸ ਦੀ ਪ੍ਰੋੜ੍ਹਤਾ ਕੀਤੀ ਗਈ ਹੈ ਕਿ ਮਨੁੱਖ ਸਭ ਜੀਵ ਜੰਤੂਆਂ ਵਾਂਗ ਅੱਲਾ ਦਾ ਪੈਦਾ ਕੀਤਾ ਹੋਇਆ ਹੈ। ਨਾਲ ਹੀ ਇਹ ਵੀ ਦੱਸਿਆ ਹੈ ਕਿ ਇਹ ਇਸ ਨਿਆਂਕਾਰੀ, ਨਿਰਪੱਖ ਤੇ ਸੱਚੇ ਦਾਤੇ ਦੀ ਅਸੀਮ ਕੁਦਰਤ ਹੈ। ਇਹ ਗੱਲ ਮਨੁੱਖ ਉੱਤੇ ਸਪਸ਼ਟ ਕਰ ਦਿੱਤੀ ਗਈ ਹੈ ਕਿ ਇਸ ਦੇ ਹਰ ਕੰਮ ਦਾ ਫ਼ਲ ਜ਼ਰੂਰ ਹੈ। ਕੰਮ ਚੰਗਾ ਹੈ ਤਾਂ ਜਜ਼ਾ ਤੇ ਭੈੜਾ ਹੈ ਤਾਂ ਉਸਦੀ ਸਜ਼ਾ ਮਿਲੇਗੀ।
ਆਮ ਤੌਰ ਤੇ ਇਹ ਆਖਿਆ ਜਾਂਦਾ ਹੈ ਕਿ ਕੁਰਾਨ ਵਿਚ ਬੇਸ਼ੁਮਾਰ ਆਇਤਾਂ ਇਕ ਦੂਜੀ ਦੀਆਂ ਵਿਰੋਧੀ ਹਨ। ਅਸਲ ਗੱਲ ਇਹ ਹੈ ਕਿ ਇਨ੍ਹਾਂ ਵਿਚ ਵਿਰੋਧ ਦੀ ਕੋਈ ਗੁੰਜਾਇਸ਼ ਨਹੀਂ। ਇਸ ਵਿਚ ਇਕ ਦੂਜੇ ਦੇ ਮੁਕਾਬਲੇ ਤੇ ਜ਼ਮੀਮੇ ਦੇ ਤੌਰ ਤੇ ਬਿਆਨ ਮੌਜੂਦ ਹਨ। ਇਨ੍ਹਾਂ ਦਾ ਮਕਸਦ ਮਨੁੱਖ ਦੇ ਦਿਲ ਵਿਚ ਅੱਲਾ ਵੱਲ ਜ਼ਰੂਰੀ ਧਿਆਨ ਦਿਵਾਉਣਾ ਹੈ। ਕੁਰਾਨ ਨਾ ਤਾਂ ਅਨਾਦੀ ਤਕਦੀਰ ਤੇ ਧਾਰਮਕ ਵਿਸ਼ੇ ਨੂੰ ਪੇਸ਼ ਕਰਦਾ ਹੈ, ਨਾ ਮਨੁੱਖੀ ਸੁਤੰਤਰਤਾ ਦੀ ਪ੍ਰਕਿਰਤੀ ਦੇ ਤਾਰਕਿਕ ਵਿਚਾਰ ਨੂੰ। ਇਹ ਅੱਲਾ ਤੇ ਸੰਸਾਰ ਦੇ ਵਿਚਕਾਰ ਜੋ ਸਬੰਧ ਹਨ, ਉਨ੍ਹਾਂ ਨੂੰ ਉਜਾਗਰ ਕਰਦਾ ਹੈ। ਪਾਪ ਦੀ ਪ੍ਰਕਿਰਤੀ ਦੇ ਵਿਸ਼ੇ ਸਬੰਧੀ ਇਹ ਚੁਪ ਹੈ। ਉਸ ਵਿਚ ਦਰਜ ਹੈ ਕਿ ਉਹ ਅੱਲਾ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਅਤੇ ਜੋ ਕੁਝ ਤੁਸਾਂ ਕੀਤਾ ਉਸ ਨੂੰ ਵੀ ਪੈਦਾ ਕੀਤਾ। ਇਹ ਬਿਆਨ ਹਰ ਮਨੁੱਖੀ ਕਰਮ ਉੱਤੇ ਲਾਗੂ ਕੀਤਾ ਗਿਆ ਹੈ। ਪਰ ਹਰ ਨੇਕੀ ਜੋ ਤੁਹਾਡੇ ਤੱਕ ਪੁਜਦੀ ਹੈ, ਅੱਲਾ ਵੱਲੋਂ ਹੈ। ਹਰ ਬਦੀ ਜੋ ਤੁਹਾਡੇ ਉਪਰ ਹੁੰਦੀ ਹੈ ਤੁਹਾਡੇ ਆਪਣੇ ਕਰਮਾਂ ਦਾ ਫ਼ਲ ਹੈ। ਬਦੀ ਦੀ ਕਿਸੇ ਯਥਾਰਥ ਪ੍ਰਕਿਰਤੀ ਨੂੰ ਸਵੀਕਾਰ ਕਰਨ ਦੀ ਕਿਸੇ ਇੱਛਾ ਨੂੰ ਇਸ ਵਿਚ ਪਰਗਟ ਨਹੀਂ ਕੀਤਾ ਗਿਆ ਹੈ।
ਕੁਰਾਨ ਵਾਰ ਵਾਰ ਆਖਦਾ ਹੈ ਕਿ ਕੋਈ ਚੀਜ਼ ਅੱਲਾ ਦੀ ਮਰਜ਼ੀ ਵਿਰੁੱਧ ਤੇ ਉਸਦੀ ਸ਼ਕਤੀ ਤੋਂ ਬਾਹਰ ਨਹੀਂ। ਇਹ ਵੀ ਸਪਸ਼ਟ ਹੈ ਕਿ ਸਜ਼ਾ ਤੇ ਜਜ਼ਾ ਰੱਬ ਦੇ ਇਖ਼ਤਿਆਰ ਵਿਚ ਹੈ। ਸਜ਼ਾ ਤੇ ਜਜ਼ਾ ਦਾ ਖ਼ਿਆਲ ਸਭ ਥਾਂ ਛਾਇਆ ਹੋਇਆ ਹੈ। ਜੋ ਅੱਲਾ ਦੀ ਸਹਾਇਤਾ ਲੈਣ ਤੋਂ ਨਾਂਹ ਕਰਦੇ ਹਨ, ਉਹ ਲਾਨ੍ਹਤੀ ਹਨ। ਛੋਟੀ ਤੋਂ ਛੋਟੀ ਨੇਕੀ ਦੀ ਜਜ਼ਾ ਤੇ ਛੋਟੀ ਤੋਂ ਛੋਟੀ ਬਦੀ ਦੀ ਸਜ਼ਾ ਮਿਲੇਗੀ।
ਚੰਗੇ ਕਰਮ ਕਰਨਾ, ਚੰਗੇ ਕਰਮ ਕਰਨ ਦਾ ਹੁਕਮ ਦੇਣਾ ਅਤੇ ਭੈੜੇ ਕੰਮਾਂ ਤੋਂ ਵਰਜਣਾ ਅੱਲਾ ਦੇ ਪ੍ਰਮੁੱਖ ਹੁਕਮਾਂ ਵਿੱਚੋਂ ਹਨ ਪਰ ਕਜ਼ਾ ਤੇ ਕਦਰ ਦਾ ਆਸਮਾਨੀ ਪੱਧਰ ਤੇ ਸੀਨ ਬਦਲਦਾ ਰਹਿੰਦਾ ਹੈ। ਅੱਲਾ ਦੀ ਮਰਜ਼ੀ ਤੇ ਕਿਸੇ ਦਾ ਅਖ਼ਤਿਆਰ ਨਹੀਂ। ਇਸ ਦੇ ਹੁਕਮਾਂ ਵਿਚ ਵੀ ਕਿਸੇ ਦਾ ਦਖ਼ਲ ਨਹੀਂ। ਕੁਝ ਰੂਹਾਂ ਤੇ ਉਸ ਖ਼ਾਸ ਤੌਰ ਤੇ ਮਿਹਰਬਾਨ ਹੈ। ਜਿਸ ਤੇ ਉਸ ਦੀ ਮਰਜ਼ੀ ਹੋਵੇ, ਉਹ ਕਿਰਪਾ ਕਰਦਾ ਹੈ। ਉਹੀ ਉੱਚਾ ਕਰਦਾ ਹੈ, ਉਹੀ ਨੀਂਵਾਂ ਕਰਦਾ ਹੈ। ਜਿਸ ਨੂੰ ਉਹ ਚਾਹੁੰਦਾ ਹੈ ਆਪਣਾ ਰਸਤਾ ਦੱਸਦਾ ਹੈ। ਜਿਸ ਨੂੰ ਚਾਹੁੰਦਾ ਹੈ ਗੁਮਰਾਹ ਕਰਦਾ ਹੈ। ਨਾ ਕੋਈ ਉਸ ਦੀ ਰੱਖਿਆ ਕਰ ਸਕਦਾ ਹੈ ਤੇ ਨਾ ਉਸ ਨੂੰ ਹਦਾਇਤ ਕਰ ਸਕਦਾ ਹੈ। ਜਿਸ ਨੂੰ ਗੁਮਰਾਹ ਕਰਦਾ ਹੈ ਉਸ ਦੀਆਂ ਅੱਖਾਂ ਉੱਪਰ ਪੱਟੀ ਬੰਨ੍ਹ ਦਿੰਦਾ ਹੈ ਤੇ ਕੰਨਾਂ ਤੇ ਦਿਲ ਉੱਤੇ ਮੁਹਰ ਲਾ ਦਿੰਦਾ ਹੈ।
ਇਨਸਾਨ ਦੀ ਆਪਣੀ ਜ਼ਿੰਮੇਵਾਰ ਤੇ ਅੱਲਾ ਦੀ ਅਟੱਲ ਮਰਜ਼ੀ, ਹੁਕਮ ਤੇ ਸ਼ਕਤੀ ਇਹ ਦੋ ਵਿਚਾਰ ਧਾਰਾਵਾਂ ‘ਹਿਸਾਬ ਦੇ ਦਿਨ’ ਦੇ ਸਮਝਣ ਵਿਚ ਇੱਕੋ ਨਹੀਂ ਜਾਪਦੀਆਂ। ਕਈ ਸਦੀਆਂ ਤੀਕ ਇਲਾਹੀ ਭੇਤ ਨੂੰ ਸਮਝਣ ਦਾ ਇਹ ਜਤਨ ਮੁਸਲਿਮ ਵਿਚਾਰਧਾਰਾ ਦੇ ਸਾਹਮਣੇ ਆਉਂਦਾ ਰਿਹਾ।
2. ਮਨੁੱਖੀ ਗੁਣਾਂ ਨੂੰ ਅੱਲਾ ਵਿਚ ਦੱਸਣ ਵਾਲੀਆਂ ਆਇਤਾਂ – ਕੁਰਾਨ ਵਿਚ ਬਹੁਤ ਸਾਰੀਆਂ ਅਜਿਹੀਆਂ ਆਇਤਾਂ ਹਨ ਜਿਨ੍ਹਾਂ ਨੂੰ ਜੇ ਲਫ਼ਜ਼ੀ ਹੈਸੀਅਤ ਤੋਂ ਵਿਚਾਰਿਆ ਜਾਵੇ ਤਾਂ ਮਨੁੱਖੀ ਗੁਣਾਂ ਤੇ ਕਰਮਾਂ ਦੀ ਅੱਲਾ ਵਿਚ ਮੌਜੂਦਗੀ ਦਾ ਸੰਦੇਹ ਪੈਦਾ ਹੁੰਦਾ ਹੈ। ਕੁਝ ਆਇਤਾਂ ਹਨ ਜਿਨ੍ਹਾਂ ਦਾ ਭਾਵ ਅਸਪਸ਼ਟ ਹੈ। ਉਹ ਆਇਤਾਂ ਅਜਿਹੀਆਂ ਆਇਤਾਂ ਤੋਂ, ਜਿਨ੍ਹਾਂ ਦਾ ਭਾਵ ਸਾਫ਼ ਤੇ ਸਪਸ਼ਟ ਹੈ, ਵੱਖਰੀਆਂ ਹਨ, “ਅੱਲਾ ਆਪਣੇ ਤਖ਼ਤ ਤੇ ਬੈਠਦਾ ਹੈ”, “ਉਹ ਆਉਂਦਾ ਹੈ” (ਹਰਕਤ), “ਅੱਲਾ ਦਾ ਹੱਥ ਹੈ”, “ਅੱਲਾ ਦਾ ਚਿਹਰਾ ਹੈ”, “ਅੱਲਾ ਦੀਆਂ ਅੱਖਾਂ ਹਨ” ਆਦਿ ਚੀਜ਼ਾਂ ਅੱਲਾ ਨੂੰ ਮਨੁੱਖੀ ਜਾਮੇ ਵਿਚ ਪੇਸ਼ ਕਰਦੀਆਂ ਹਨ।
ਇਨ੍ਹਾਂ ਆਇਤਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਇਸ ਕਾਰਨ ਹੈ ਕਿ ਇਹ ਇਲਮਿ-ਇਲਾਹੀ ਤੇ ਇਲਮਿ-ਤਫ਼ਸੀਰ ਦੇ ਬੇਸ਼ੁਮਾਰ ਸ਼ਾਸਤਰਾਰਥਾਂ ਤੇ ਵਿਆਖਿਆਵਾਂ ਦਾ ਕਾਰਨ ਬਣੀਆਂ।
(ਸ) ਸਿੱਟਾ – ਅੱਲਾ ਬਾਰੇ ਕੁਰਾਨ ਦੀ ਤਾਲੀਮ ਦਾ ਅੰਤਰੀਵ ਭਾਵ ਅੱਲਾ ਦਾ ਇਕ ਹੋਣਾ, ਉਸ ਦੀ ਪੂਰਣਤਾ ਦੀ ਵਡਿਆਈ ਤੇ ਉਸਦਾ ਸਦੀਵੀ ਹੋਣਾ ਹੈ। ਉਸ ਦੀ ਕੁਦਰਤ ਅਪਹੁੰਚ ਹੈ। ਉਹ ਹਰ ਥਾਂ ਮੌਜੂਦ ਹੈ ਤੇ ਸਭ ਦੇ ਨੇੜੇ ਹੈ। ਆਪਣੇ ਨਾਵਾਂ ਤੇ ਉੱਚੇ ਸ਼ਹਿਨਸ਼ਾਹੀ ਗੁਣਾਂ ਤੇ ਕੰਮਾਂ ਨਾਲ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਉਹ ਇਕ ਗੁੱਝਾ ਭੇਦ ਹੈ।
ਇਸਲਾਮ ਵਿਚ ਅੱਲਾ ਰੱਬ ਦਾ ਨਿੱਜੀ ਨਾਂ ਹੈ। ਇਸ ਤੋਂ ਉਸ ਦਾ ਇਕ ਲਾ-ਸ਼ਰੀਕ ਪੂਜਨੀਕ ਹੋਣਾ ਜ਼ਾਹਿਰ ਹੁੰਦਾ ਹੈ।
ਮੁਸਲਮਾਨ ਵਿਦਵਾਨਾਂ ਵਿਚ ਇਸ ਪ੍ਰਕਾਰ ਦੇ ਸੁਆਲ ਦੀ ਗੁੰਜਾਇਸ਼ ਨਹੀਂ। ਅਜਿਹਾ ਵਿਚਾਰ ਤਾਂ ਇਸਲਾਮ ਦੇ ਪੱਛਮੀ ਵਿਦਵਾਨ ਹੀ ਕਰਦੇ ਹਨ। ਅੱਲਾ ਨੂੰ ਦੇਹਧਾਰੀ ਸਮਝਣ ਦਾ ਵਿਚਾਰ ਇਸ ਕਾਰਨ ਪੈਦਾ ਹੁੰਦਾ ਹੈ ਕਿ ਉਹ ਜੀਉਂਦਾ ਹੈ, ਪੈਦਾ ਕਰਦਾ ਹੈ, ਸੰਸਾਰ ਵਿਚ ਹੋਰ ਕੰਮ ਕਰਦਾ ਹੈ ਤੇ ਆਦਮੀਆਂ ਨਾਲ ਗੱਲ ਕਰਦਾ ਹੈ ਪਰੰਤੂ ਇਸਲਾਮ ਅੱਲਾ ਨੂੰ ਦੇਹਧਾਰੀ ਕਹਿਣ ਨੂੰ ਤਿਆਰ ਨਹੀਂ। ਪੱਛਮੀ ਵਿਦਵਾਨਾਂ ਦੇ ਇਸ ਕਥਨ ਦੀ ਪ੍ਰੋੜ੍ਹਤਾ ਕਰਨ ਤੋਂ ਮੁਸਲਮਾਨ ਘਬਰਾਉਂਣੇ ਹਨ।
ਆਮ ਤੌਰ ਤੇ ਮੁਸਲਮਾਨ ਅੱਲਾ ਦੀ ਕੁਦਰਤ ਦੀ ਅਪਹੁੰਚਤਾ ਨੂੰ ਇਸ ਨਾਲ ਸੀਮਿਤ ਕਰਨਾ ਮਨਜ਼ੂਰ ਨਹੀਂ ਕਰਨਗੇ ਪਰੰਤੂ ਇਹ ਟਪਲਾ ਅਜੇ ਤੀਕ ਚਲਿਆ ਆਉਂਦਾ ਹੈ। ਅਸੀਂ ਇਹ ਸਪਸ਼ਟ ਕਰ ਦਈਏ ਕਿ ਹਿੰਦ-ਯੂਰਪੀ ਜ਼ਬਾਨਾਂ ਵਿਚ ਦੇਹ-ਧਾਰੀ ਅੱਲਾ ਤੋਂ ਭਾਵ ਇਕ ਮੁਕੰਮਲ ਪੂਰਣਤਾ ਹੈ ਜੋ ਆਪਣੀ ਹਸਤੀ ਤੋਂ ਕਾਇਮ ਹੈ, ਅਪਹੁੰਚ ਹੈ, ਪੂਰਣ ਹੈ, ਪੂਰਣਤਾ ਦਾ ਸੋਮਾ ਹੈ, ਹਰ ਸੰਸਾਰਕ ਚੀਜ਼ ਤੋਂ ਅਸੀਮ ਉੱਚਾ ਹੈ ਅਤੇ ਵਿਸ਼ਵਾਸ ਤੇ ਪੂਜਾ ਦਾ ਕੇਂਦਰ ਹੈ। ਕੁਰਾਨ ਦਾ ਵੀ ਇਹੀ ਉਪਦੇਸ਼ ਹੈ।
ਅੱਲਾ ਸਭ ਤੋਂ ਵੱਡਾ ਹਾਕਮ ਹੈ। ਨਿਆਇਕਾਰੀ ਤੇ ਸਖ਼ਤ ਹੈ। ਇਸੇ ਨਾਲ ਉਹ ਸਭ ਦੀ ਢੋਅ ਹੈ। ਦਾਤਾ ਤੇ ਦਿਆਲੂ ਹੈ। ਕੁਰਾਨ ਅਜਿਹੇ ਅੱਲਾ ਦੇ ਬਾਬਤ ਸਤਿਕਾਰਯੋਗ ਭੈ ਤੇ ਪਵਿੱਤਰਤਾ ਦਾ ਇੱਛੁਕ ਹੈ। ਇਸਦਾ ਸ਼ੁਕਰ ਕਰਨਾ ਜ਼ਰੂਰੀ ਹੈ। ਕੁਰਾਨ ਦੇ ਅੱਲਾ ਤੋਂ ਡਰਨ ਵਾਲੇ ਲੋਕ ਇਸ ਅਭੇਦ ਸਰਵ ਸ਼ਕਤੀਮਾਨ ਅੱਗੇ ਨਿਉਂਦੇ ਹਨ। ਕੇਵਲ ਬਗ਼ਾਵਤ ਕਰਨ ਵਾਲੇ ਲਾਅਨਤੀਆਂ ਨੂੰ ਸਜ਼ਾ ਦਾ ਭੈ ਹੁੰਦਾ ਹੈ। ਚੰਗੇ ਲੋਕ ਨਮਾਜ਼ ਪੜ੍ਹਦੇ ਹਨ ਤੇ ਧਨ ਜ਼ੁਕਾਤ ਜਾਂ ਖ਼ੈਰਾਤ ਵਿਚ ਦਿੰਦੇ ਹਨ। ਉਸ ਦੇ ਪ੍ਰੇਮੀ ਉਸ ਨੂੰ ਆਪਣਾ ਆਸਰਾ ਤੇ ਆਗੂ ਸਮਝਦੇ ਹਨ। ਉਸ ਕੋਲ ਸਭ ਤੋਂ ਵੱਡੀ ਪਨਾਹ ਹੈ।
ਇਲਮੁਲਕਲਾਮ ਦਾ ਵਿਕਾਸ – ਇਲਮੁਲਕਲਾਮ ਉਹ ਵਿਗਿਆਨ ਹੈ ਜੋ ਧਰਮ ਨੂੰ ਫ਼ਲਸਫ਼ੇ ਰਾਹੀਂ ਸਿੱਧ ਕਰਦਾ ਹੈ। ਬਲੂ ਉਮੱਯਾ ਦੇ ਰਾਜ ਵਿਚ ਕਈ ਫ਼ਿਰਕੇ ਜਿਵੇਂ ਮੁਰਜੀਆ, ਕਦਰੀਆ, ਜਬਾਰੀਆ ਪੈਦਾ ਹੋਏ। ਸੱਤਵੀਂ ਸਦੀ ਈਸਵੀ ਵਿਚ ਇਹ ਰਾਜਨੀਤਿਕ ਖੇਤਰ ਤੱਕ ਸੀਮਿਤ ਰਹੇ। ਅੱਠਵੀਂ ਤੇ 9ਵੀਂ ਸਦੀ ਵਿਚ ਇਨ੍ਹਾਂ ਨੇ ਧਾਰਮਿਕ ਰੂਪ ਧਾਰਨ ਕਰ ਲਿਆ। ਫਿਰ ਮੁਸਲਮਾਨ ਕਈ ਸਦੀਆਂ ਤੱਕ ਇਨ੍ਹਾਂ ਨੂੰ ਮੁਰਤਦ ਅਰਥਾਤ ਬੇਦੀਨ ਆਖਦੇ ਹਨ।
ਇਲਮੁਲਕਲਾਮ ਦੀ ਅਧਾਰ ਹਰ ਹਦੀਸਾਂ ਤੇ ਤਫ਼ਸੀਰਾਂ।
(1) ਹਦੀਸ – ਜਿਸ ਨੇ ਹੁਕਮੀ ਸਬੂਤ ਪੇਸ਼ ਕੀਤੇ ਇਨ੍ਹਾਂ ਵਿੱਚੋਂ ਛੇ ਪਰਮਾਣਿਕ ਹਨ, ਖ਼ਾਸ ਤੌਰ ਤੇ ਸਹੀਹ (ਕਿਤਾਬੁੱਤੌਹੀਦ) ਬੁਖ਼ਾਰੀ ਦੀ। ਬੇਸ਼ੁਮਾਰ ਹਦੀਸਾਂ ਵਿਚ ਇਕ ਪਾਸੇ ਤਾਂ ਅੱਲਾ ਦੇ ਰਹਿਮ ਦਾ ਬਿਆਨ ਹੈ, ਦੂਜੇ ਪਾਸੇ ਅੱਲਾ ਨੂੰ ਸਰਵ-ਸ਼ਕਤੀਮਾਨ ਸ਼ਹਿਨਸ਼ਾਹ ਦੱਸਿਆ ਗਿਆ ਹੈ। ਅੱਲਾ ਬਾਰੇ ਹੁਣ ਦੇ ਵਿਚਾਰਾਂ ਤੇ ਆਮ ਖ਼ਿਆਲਾਤ ਦੀ ਉਤਪੱਤੀ ਵਿਚ ਸਾਰੀਆਂ ਹਦੀਸਾਂ ਦਾ ਕਾਫ਼ੀ ਹਿੱਸਾ ਹੈ।
(2) ਤਫ਼ਸੀਰ – ਕੁਰਾਨ ਦੀਆਂ ਜਿਨ੍ਹਾਂ ਆਇਤਾਂ ਵਿਚ ਅੱਲਾ ਬਾਰੇ ਕੁਝ ਆਖਿਆ ਗਿਆ ਹੈ, ਉਸ ਦਾ ਉਨ੍ਹਾਂ ਦਾ ਵਰਤਣ ਤੇ ਸਮਝਣ ਵਿਚ ਕਾਫ਼ੀ ਹੱਥ ਹੈ। ਦੋ ਵਿਸ਼ੇ ਜਿਨ੍ਹਾਂ ਤੇ ਇਨ੍ਹਾਂ ਵਿਚ ਵਿਚਾਰ ਕੀਤਾ ਗਿਆ ਹੈ :-
(1) ਅੱਲਾ ਦਾ ਇਕ ਹੋਣਾ ਤੇ ਉਸ ਦੀ ਆਪਣੀ ਹਸਤੀ ਵਿਚ ਲਾਸ਼ਰੀਕ ਹੋਣਾ।
(2) ਨਿਆਂ – ਅਰਥਾਤ ਮਨੁੱਖੀ ਕਰਮਾਂ ਦੀ ਜਜ਼ਾ ਤੇ ਸਜ਼ਾ।
ਲੇਖਕ : ਲੋਕ ਚੰਦ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no
ਅੱਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਲਾ, ਵਿਸ਼ੇਸ਼ਣ : ਕੱਚਾ, ਨਾ ਪੱਕਿਆ ਹੋਇਆ (ਫਲ–)
–ਅੱਲਾ ਜ਼ਖਮ, ਪੁਲਿੰਗ: ਉਹ ਜ਼ਖਮ ਜਿਸ ਤੇ ਅੰਗੂਰ ਨਹੀਂ ਆਇਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-01-17-17, ਹਵਾਲੇ/ਟਿੱਪਣੀਆਂ:
ਅੱਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅੱਲਾ, ਅਰਬੀ / ਪੁਲਿੰਗ : ਰੱਬ, ਖੁਦਾ, ਪਰਮੇਸ਼ਰ
–ਅੱਲਾ ਬੇਲੀ, ਅਖੌਤ : ਰੱਬ ਰਾਖਾ ਹੈ, ਰੱਬ ਸਹਾਈ ਹੋਵੇ
–ਅੱਲਾ ਲੋਕ, ਵਿਸ਼ੇਸ਼ਣ : ਸਾਈਂ ਲੋਕ, ਫ਼ਕੀਰ, ਸੰਤ, ਸਿੱਧਾ ਸਾਦਾ
–ਅੱਲਾ ਵਾਲਾ, ਵਿਸ਼ੇਸ਼ਣ : ਆਸਤਕ, ਰੱਬੀ ਬੰਦਾ, ਪਰਮੇਸ਼ਰ ਦਾ ਭਗਤ, ਪ੍ਰੇਮੀ, ਸਾਈਂ ਲੋਕ
–ਅੱਲਾ ਵਾਲੀ, ਅਖੌਤ : ਰੱਬ ਰਾਖਾ ਹੈ, ਰੱਬ ਸਹਾਈ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-01-17-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First