ਆਕਿਲ ਦਾਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਕਿਲ ਦਾਸ. ਜੰਡਿਆਲੇ ਦਾ ਹਿੰਦਾਲੀ ਮਹੰਤ , ਜਿਸ ਨੇ ਲਹੌਰ ਦੇ ਹਾਕਿਮਾਂ ਨੂੰ ਸਹਾਇਤਾ ਦੇ ਕੇ ਅਨੇਕ ਸਿੱਖ ਕੈਦ ਕਰਾਏ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1191, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no
ਆਕਿਲ ਦਾਸ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਆਕਿਲ ਦਾਸ : ਅਠਾਰ੍ਹਵੀਂ ਸਦੀ ਦਾ ਹੰਦਾਲੀ ਸੰਪਰਦਾਇ ਦਾ ਮੁਖੀ ਸੀ। ਇਸ ਸੰਪਰਦਾਇ ਦਾ ਕੇਂਦਰ ਅੰਮ੍ਰਿਤਸਰ ਜ਼ਿਲੇ ਦਾ ਨਗਰ ਜੰਡਿਆਲਾ ਸੀ ਅਤੇ ਆਕਿਲ ਦਾਸ ਨੂੰ ਹਰਿਭਗਤ ਨਿਰੰਜਨੀਆ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਇਹ ਵਿਅਕਤੀ ਸਿੱਖਾਂ ਦਾ ਪੱਕਾ ਦੁਸ਼ਮਨ ਸੀ। ‘ਸ਼ਮਸ਼ੇਰ ਖ਼ਾਲਸਾ` ਦਾ ਲੇਖਕ ਗਿਆਨੀ ਗਿਆਨ ਸਿੰਘ ਇਸ ਬਾਰੇ ਕਹਿੰਦਾ ਹੈ, “ਆਕੁਲ ਦਾਸ ਹਰਿਭਗਤ ਨਾਂ ਨਾਲ ਪ੍ਰਸਿੱਧ ਸੀ।" ਇਹ ਸਰਕਾਰੀ ਮੁਖ਼ਬਰ ਸੀ ਅਤੇ ਸਿੱਖਾਂ ਦੀ ਜਾਸੂਸੀ ਕਰਨ ਵਿਚ ਬੜਾ ਅਨੰਦ ਲੈਂਦਾ ਸੀ। ਇਸ ਦੀ ਮੁਖ਼ਬਰੀ ਕਾਰਨ ਕਈ ਸਿੱਖ ਫੜੇ ਗਏ ਅਤੇ ਕਤਲ ਕੀਤੇ ਗਏ ਸਨ। ਭਾਈ ਤਾਰੂ ਸਿੰਘ ਅਤੇ ਭਾਈ ਮਹਿਤਾਬ ਸਿੰਘ ਮੀਰਾਂ ਕੋਟੀਆ ਵਰਗੇ ਨਾਮਵਰ ਸ਼ਹੀਦ ਸਿੱਖ ਇਸ ਦੀ ਹੀ ਈਰਖਾ ਦੇ ਸ਼ਿਕਾਰ ਸਨ। 1758 ਈ: ਵਿਚ ਇਸ ਦੇ ਮੁਖ਼ਬਰੀ ਕਰਨ ਤੇ ਪੰਜਾਬ ਦੇ ਨਾਜ਼ਮ ਆਦੀਨਾ ਬੇਗ ਨੇ ਇਸ ਨੂੰ ਸਿੱਖਾਂ ਦੇ ਵਿਰੁੱਧ ਦੀਵਾਨ ਹੀਰਾ ਮੱਲ ਨਾਲ ਭੇਜ ਦਿੱਤਾ। ਸਿੱਖ ਇਸ ਸਮੇਂ ਅਜੋਕੇ ਗੁਰਦਾਸਪੁਰ ਜ਼ਿਲੇ ਵਿਚ ਅਦੀਨਾ ਨਗਰ ਦੇ ਨੇੜੇ ਇਕੱਤਰ ਸਨ। ਕਾਦੀਆਂ ਦੇ ਨੇੜੇ ਘਮਸਾਨ ਦੀ ਲੜਾਈ ਹੋਈ ਜਿਸ ਵਿਚ ਦੀਵਾਨ ਹੀਰਾ ਮੱਲ ਤਾਂ ਮਾਰਿਆ ਗਿਆ ਪਰੰਤੂ ਆਕਿਲ ਦਾਸ ਭੱਜਣ ਵਿਚ ਸਫ਼ਲ ਹੋ ਗਿਆ। ਅਕਤੂਬਰ 1761 ਈ: ਨੂੰ ਅੰਮ੍ਰਿਤਸਰ ਵਿਖੇ ਹੋਏ ‘ਸਰਬੱਤ ਖ਼ਾਲਸਾ` ਦੇ ਦੀਵਾਨ ਵਿਚ ਆਕਿਲ ਦਾਸ ਨੂੰ ਸਿੱਖਾਂ ਨੂੰ ਤੰਗ ਕਰਨ ਕਾਰਨ ਦੰਡ ਦੇਣ ਲਈ ਸਰਬ ਸੰਮਤੀ ਨਾਲ ਗੁਰਮਤਾ ਪਾਸ ਕੀਤਾ ਗਿਆ। ਆਕਿਲ ਦਾਸ ਨੂੰ ਇਸ ਬਾਰੇ ਅਗਾਊਂ ਸੂਚਨਾ ਮਿਲ ਗਈ। ਫਲਸਰੂਪ ਉਸ ਨੇ ਆਪਣੇ ਵਿਸ਼ੇਸ਼ ਦੂਤ ਰਾਹੀਂ ਅਹਮਦ ਸ਼ਾਹ ਦੁੱਰਾਨੀ ਕੋਲੋਂ ਆਪਣੀਆਂ ਕੀਤੀਆਂ ਸੇਵਾਵਾਂ ਦੇ ਬਦਲੇ ਆਪਣੀ ਸੁਰੱਖਿਆ ਲਈ ਸਹਾਇਤਾ ਮੰਗੀ। ਸਿੱਖਾਂ ਨੇ ਜਨਵਰੀ 1762 ਈ: ਵਿਚ ਜੰਡਿਆਲਾ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਨੇ ਨਗਰ ਤੇ ਕਬਜ਼ਾ ਕਰ ਲੈਣਾ ਸੀ ਪਰੰਤੂ ਚਾਲਬਾਜ਼ ਹੰਦਾਲੀਏ ਨੇ ਕਿਲੇ ਦੀਆਂ ਕੰਧਾਂ ਤੇ ਗਾਵਾਂ ਦੇ ਧੜ ਦੇ ਮਾਸ ਦੇ ਲੋਥੜੇ ਲਟਕਾ ਦਿੱਤੇ। ਘੇਰਾ ਘੱਤਣ ਵਾਲਿਆਂ ਦੀ ਧਾਰਮਿਕ ਭਾਵਨਾਵਾਂ ਦਾ ਆਪਣੇ ਹਿਤ ਵਿਚ ਲਾਭ ਲੈਣ ਲਈ ਅਤੇ ਉਹਨਾਂ ਨੂੰ ਨਗਰ ਤੋਂ ਪਰਾਂ ਹਟਾਉਣ ਲਈ ਆਕਿਲ ਦਾਸ ਨੇ ਇਹ ਚਲਾਕੀ ਵਰਤੀ।ਸਿੱਖਾਂ ਨੇ ਘੇਰਾ ਉਠਾ ਲਿਆ ਅਤੇ ਖਿੰਡਦੇ ਹੋਏ ਸਰਹਿੰਦ ਵੱਲ ਨੂੰ ਚਲੇ ਗਏ।
ਆਕਿਲ ਦਾਸ ਭਾਈ ਤਾਰੂ ਸਿੰਘ ਦੀ 1745ਈ: ਵਿਚ ਹੋਈ ਸ਼ਹੀਦੀ ਲਈ ਮੁੱਖ ਦੋਸ਼ੀ ਦੇ ਤੌਰ ਤੇ ਸਾਮ੍ਹਣੇ ਆ ਚੁਕਾ ਸੀ। ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਦਾ ਹੈ “ਕਿ ਇਕ ਵਾਰੀ ਲਾਹੌਰ ਦੇ ਨਾਜ਼ਮ ਨੇ ਆਪਣੇ ਅਹਿਲਕਾਰਾਂ ਕੋਲੋਂ ਪੁੱਛਿਆ ਕਿ ਸਿੱਖ ਖਾਂਦੇ ਕਿਥੋਂ ਹਨ? ਮੈਂ ਖਾਣ ਪੀਣ ਦੇ ਉਹਨਾਂ ਦੇ ਸਾਰੇ ਵਸੀਲੇ ਨਸ਼ਟ ਕਰ ਦਿੱਤੇ ਹਨ। ਨਾ ਹੀ ਉਹ ਕੋਈ ਟੈਕਸ ਉਗਰਾਹੁੰਦੇ ਅਤੇ ਨਾ ਹੀ ਖੇਤੀ ਜਾਂ ਵਪਾਰ ਕਰ ਸਕਦੇ ਹਨ। ਸਰਕਾਰੀ ਨੌਕਰੀ ਵਿਚ ਉਹਨਾਂ ਨੂੰ ਭਰਤੀ ਨਹੀਂ ਕੀਤਾ ਜਾਂਦਾ। ਇਸ ਸਮੇਂ ਉਹਨਾਂ ਦੇ ਸਾਰੇ ਗੁਰਦੁਆਰਿਆਂ ਦੇ ਚੜ੍ਹਾਵੇ ਤੇ ਵੀ ਪਾਬੰਦੀ ਲਗੀ ਹੋਈ ਹੈ। ਖਾਣ ਪੀਣ ਦੀ ਕੋਈ ਵਸਤੂ ਉਹਨਾਂ ਨੂੰ ਮਿਲਦੀ ਨਹੀਂ। ਡਾਢੀ ਭੁੱਖ ਕਾਰਨ ਇਹ ਮਰਦੇ ਕਿਉਂ ਨਹੀਂ। ਫ਼ੌਜੀ ਦਸਤਿਆਂ ਨੇ ਉਹਨਾਂ ਦੇ ਸਾਰੇ ਰਾਹ ਰੋਕੇ ਹੋਏ ਹਨ। ਇਹ ਫ਼ੌਜੀ ਦਸਤੇ ਉਹਨਾਂ ਦੀ ਭਾਲ ਕਰਦੇ ਹਨ ਅਤੇ ਜਿਥੇ ਕਿਤੇ ਵੀ ਸਿੱਖ ਉਹਨਾਂ ਨੂੰ ਦਿਸ ਜਾਂਦੇ ਹਨ ਮਾਰ ਦਿੱਤੇ ਜਾਂਦੇ ਹਨ। ਜਿਨ੍ਹਾਂ ਪਿੰਡਾਂ ਵਿਚ ਸਿੱਖਾਂ ਦੀ ਵਸੋਂ ਸੀ ਉਹ ਸਾਰੇ ਹੀ ਅੱਗ ਲਾ ਕੇ ਮੈਂ ਤਬਾਹ ਕਰ ਦਿੱਤੇ ਹਨ। ਇਹਨਾਂ ਦੇ ਦੂਰ-ਪਾਰ ਦੇ ਰਿਸ਼ਤੇਦਾਰ ਵੀ ਮੈਂ ਤਬਾਹ ਕਰ ਦਿੱਤੇ ਹਨ। ਇਹਨਾਂ ਦੇ ਛਿਪਣ-ਟਿਕਾਣਿਆਂ ਤੋਂ ਕੱਢ ਕੱਢ ਕੇ ਮੈਂ ਇਹਨਾਂ ਨੂੰ ਕਤਲ ਕਰ ਦਿੱਤਾ ਹੈ। ਮੁਗਲ ਬਾਜ ਹਨ ਅਤੇ ਸਿੱਖ ਉਹਨਾਂ ਲਈ ਬਟੇਰਿਆਂ ਵਰਗੇ ਹਨ। ਵੱਡੀ ਗਿਣਤੀ ਵਿਚ ਇਹਨਾਂ ਨੂੰ ਫੜਿਆ ਅਤੇ ਮਾਰ ਦਿਤਾ ਗਿਆ ਹੈ। ਰੋਟੀ ਪਾਣੀ ਤੋਂ ਬਿਨਾਂ ਕੋਈ ਜੀ ਨਹੀਂ ਸਕਦਾ। ਮੈਨੂੰ ਨਹੀਂ ਪਤਾ ਕਿ ਕਿਵੇਂ ਜੀ ਰਹੇ ਹਨ?``
ਸਿੱਖਾਂ ਦੇ ਜਾਨੀ ਦੁਸ਼ਮਨ ਆਕਿਲ ਦਾਸ (ਹਰਿਭਗਤ ਨਿਰੰਜਨੀਆ) ਨੇ ਉੱਤਰ ਵਿਚ ਕਿਹਾ ‘ਸਿੱਖ ਅਜੇਹੇ ਲੋਕ ਹਨ ਜੋ ਆਪਣੇ ਨਾਲ ਦੇ ਸਿੱਖ ਭਰਾਵਾਂ ਨੂੰ ਖੁਆਏ ਬਿਨਾਂ ਆਪ ਨਹੀਂ ਖਾਂਦੇ। ਉਹ ਆਪ ਤਾਂ ਕੱਪੜਿਆਂ ਅਤੇ ਖਾਣ ਤੋਂ ਬਿਨਾਂ ਰਹਿ ਸਕਦੇ ਹਨ ਪਰੰਤੂ ਆਪਣੇ ਸਾਥੀ ਸਿੰਘਾਂ ਦੀ ਤੰਗੀ ਸਹਿਨ ਨਹੀਂ ਕਰ ਸਕਦੇ। ਉਹ ਆਪ ਤਾਂ ਅੱਗ ਸੇਕ ਦੇ ਠੰਡ ਦਾ ਮੌਸਮ ਲੰਘਾ ਸਕਦੇ ਹਨ ਪਰੰਤੂ ਆਪਣੇ ਕਪੜੇ ਆਪਣੇ ਸਾਥੀ ਸਿੰਘਾਂ ਲਈ ਭੇਜ ਦਿੰਦੇ ਹਨ। ਇਹਨਾਂ ਵਿਚ ਬਹੁਤੇ ਅਜੇਹੇ ਹਨ ਜੋ ਖੂਨ ਪਸੀਨੇ ਨਾਲ ਮਿਹਨਤ ਕਰਕੇ ਆਟਾ ਪੀਹ ਕੇ ਆਪਣੇ ਸਾਥੀ ਸਿੰਘਾਂ ਲਈ ਭੇਜਦੇ ਹਨ। ਇਹ ਲੋਕ ਉਹਨਾਂ ਲਈ ਕਰੜ੍ਹੀ ਘਾਲ ਨਾਲ ਕੀਤੀ ਹੋਈ ਥੋੜੀ ਜਿਹੀ ਕਮਾਈ ਵੀ ਕਰੀ ਜਾਂਦੇ ਹਨ। ਜਲਾਵਤਨੀ ਵਿਚ ਰਹਿੰਦੇ ਸਿੱਖਾਂ ਲਈ ਧਨ ਕਮਾਉਣ ਖਾਤਰ ਇਹ ਦੂਰ ਦੁਰੇਡੇ ਵੀ ਚਲੇ ਜਾਂਦੇ ਹਨ।`
ਸਾਰੀ ਵਿਥਿਆ ਸੁਣ ਕੇ ਨਵਾਬ ਨੇ ਮਾਯੂਸੀ ਵਿਚ ਸਿਰ ਹਿਲਾਇਆ ‘ਸੱਚੀ ਮੁੱਚੀ ਇਹ ਹਠੀ ਲੋਕ ਹਨ। ਇਹਨਾਂ ਨੂੰ ਖ਼ਤਮ ਕਰਨਾ ਸਾਡੀ ਸਮਰੱਥਾ ਤੋਂ ਬਾਹਰ ਹੈ। ਇਹਨਾਂ ਨੂੰ ਤਾਂ ਰੱਬ ਹੀ ਖ਼ਤਮ ਕਰ ਸਕਦਾ ਹੈ`। ਆਕਿਲ ਦਾਸ ਨੇ ਫਿਰ ਜੁਆਬ ਦਿੱਤਾ: ‘ਮਾਝੇ ਦੇ ਇਕ ਪਿੰਡ ਪੂਹਲੇ ਵਿਚ ਇਕ ਤਾਰੂ ਸਿੰਘ ਨਾਂ ਦਾ ਸਿੱਖ ਰਹਿੰਦਾ ਹੈ। ਇਹ ਜ਼ਮੀਨ ਵਾਹੁੰਦਾ ਹੈ ਅਤੇ ਸਰਕਾਰ ਨੂੰ ਮਾਲੀਆ ਦਿੰਦਾ ਹੈ। ਇਹ ਤਾਰੂ ਸਿੰਘ ਆਪ ਤਾਂ ਬਹੁਤ ਘੱਟ ਖਾਂਦਾ ਹੈ ਅਤੇ ਜੋ ਕੁਝ ਬਚਦਾ ਹੈ ਉਹ ਸਭ ਕੁਝ ਜੰਗਲ ਵਿਚ ਰਹਿ ਰਹੇ ਆਪਣੇ ਭਰਾਵਾਂ ਨੂੰ ਭੇਜ ਦਿੰਦਾ ਹੈ। ਉਸਦੀ ਮਾਤਾ ਅਤੇ ਇਕ ਭੈਣ ਹੈ ਜੋ ਸਖ਼ਤ ਮਿਹਨਤ ਕਰਦੀਆਂ ਹਨ। ਉਹਨਾਂ ਦਾ ਅਹਾਰ ਬਹੁਤ ਘਟ ਹੈ ਅਤੇ ਆਪ ਘਰ ਵਿਚ ਖੱਦਰ ਦਾ ਬੁਣਿਆ ਹੋਇਆ ਕਪੜਾ ਹੀ ਪਹਿਨਦੀਆਂ ਹਨ। ਇਹ ਜੋ ਕੁਝ ਵੀ ਬਚਾਉਂਦੇ ਹਨ ਸਭ ਸਿੱਖਾਂ ਨੂੰ ਭੇਜ ਦਿੰਦੇ ਹਨ। ਸਿੱਖਾਂ ਤੋਂ ਬਿਨਾਂ ਹੋਰ ਕਿਸੇ ਨਾਲ ਉਹਨਾਂ ਦੀ ਕੋਈ ਸਾਂਝ ਨਹੀਂ ਹੈ। ਇਹ ਆਪਣੇ ਗੁਰੂਆਂ ਦੀ ਬਾਣੀ ਪੜ੍ਹਦੇ ਹਨ। ਮੌਤ ਤੋਂ ਇਹਨਾਂ ਨੂੰ ਕੋਈ ਭੈ ਨਹੀਂ ਹੈ। ਇਹ ਗੰਗਾ ਜਾਂ ਜਮਨਾ ਇਸ਼ਨਾਨ ਕਰਨ ਲਈ ਨਹੀ ਜਾਂਦੇ। ਇਹ ਆਪਣੇ ਗੁਰੂ ਦੁਆਰਾ ਬਣਾਏ ਗਏ ਅੰਮ੍ਰਿਤਸਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ`।
ਆਕਿਲ ਦਾਸ ਦੀ ਇਹ ਗਲ ਸੁਣ ਕੇ ਤਾਰੂ ਸਿੰਘ ਨੂੰ ਫੜ੍ਹਨ ਲਈ ਤੁਰੰਤ ਇਕ ਫ਼ੌਜੀ ਟੁਕੜੀ ਭੇਜੀ ਗਈ। ਤਾਰੂ ਸਿੰਘ ਨੂੰ ਫੜ ਲਿਆ ਗਿਆ ਅਤੇ ਲਾਹੌਰ ਲਿਆਂਦਾ ਗਿਆ। ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਜਿਥੇ ਉਸ ਨੂੰ ਕਈ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਰਤਨ ਸਿੰਘ ਭੰਗੂ ਲਿਖਦਾ ਹੈ ਕਿ, ‘ਜਿਵੇਂ ਜਿਵੇਂ ਤੁਰਕ ਤਾਰੂ ਸਿੰਘ ਨੂੰ ਤਸੀਹੇ ਦਿੰਦੇ ਸਨ ਤਿਵੇਂ-ਤਿਵੇਂ ਉਸ ਦੇ ਚਿਹਰੇ ‘ਤੇ ਖੁਸ਼ੀ ਦੀ ਲਾਲੀ ਦੀ ਭਾਹ ਵਧੇਰੇ ਹੁੰਦੀ ਜਾਂਦੀ। ਜਦੋਂ ਉਸਨੂੰ ਖਾਣ-ਪੀਣ ਨੂੰ ਨਾ ਦਿੱਤਾ ਗਿਆ ਤਾਂ ਉਸਦੇ ਚਿਹਰੇ ਤੇ ਸੰਤੋਖ ਦੀ ਝਲਕ ਸਾਫ਼ ਦਿਖਾਈ ਦਿੰਦੀ ਸੀ। ਉਹ ਗੁਰੂ ਦੇ ਹੁਕਮ ਅੰਦਰ ਖੁਸ਼ ਸੀ।`
ਅੰਤ ਤਾਰੂ ਸਿੰਘ ਨੂੰ ਨਵਾਬ ਦੇ ਸਾਮ੍ਹਣੇ ਪੇਸ਼ ਕੀਤਾ ਗਿਆ। ਤਾਰੂ ਸਿੰਘ ਗੁਸਤਾਖੀ-ਭਰਪੂਰ ਦਲੇਰੀ ਨਾਲ ਸਿੱਖੀ-ਸੰਬੋਧਨ ‘ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ` ਕਹਿ ਕੇ ਨਾਜ਼ਮ ਦੇ ਸਾਮ੍ਹਣੇ ਪੇਸ਼ ਹੋਇਆ। ਲਾਹੌਰ ਦਾ ਨਾਜ਼ਮ ਇਸ ਤਰ੍ਹਾਂ ਬੌਂਦਲ ਗਿਆ ‘ਜਿਵੇਂ ਕਿਸੇ ਨੇ ਉਸਦੀ ਉਂਗਲ ਨੂੰ ਚੀਰ ਕੇ ਉਸ ਤੇ ਲੂਣ ਪਾ ਦਿੱਤਾ ਹੋਵੇ।`
ਤਾਰੂ ਸਿੰਘ ਨੇ ਕਿਹਾ, ‘ਜੇਕਰ ਅਸੀਂ ਖੇਤੀ ਕਰਦੇ ਹਾਂ ਤਾਂ ਅਸੀਂ ਇਸ ਲਈ ਮਾਲੀਆ ਦਿੰਦੇ ਹਾਂ। ਜੇਕਰ ਅਸੀਂ ਵਪਾਰ ਕਰਦੇ ਹਾਂ ਤਾਂ ਅਸੀਂ ਕਰ (ਟੈਕਸ) ਤਾਰਦੇ ਹਾਂ। ਜੋ ਬਚਦਾ ਹੈ, ਉਹ ਸਾਡੇ ਨਿਰਬਾਹ ਲਈ ਹੈ। ਜੋ ਅਸੀਂ ਖਾ ਪੀ ਕੇ ਬਚਾਉਂਦੇ ਹਾਂ ਉਸ ਨਾਲ ਅਸੀਂ ਆਪਣੇ ਭਰਾਵਾਂ ਦੀ ਸੇਵਾ ਕਰਦੇ ਹਾਂ। ਅਸੀਂ ਤੁਹਾਡੇ ਤੋਂ ਕੁਝ ਨਹੀਂ ਲੈਂਦੇ। ਫਿਰ ਤੁਸੀਂ ਸਾਨੂੰ ਦੰਡ ਕਿਸ ਗੱਲ ਦਾ ਦਿੰਦੇ ਹੋ?` ਨਾਜ਼ਮ ਬਹੁਤ ਗੁੱਸੇ ਵਿਚ ਸੀ ਅਤੇ ਉਸਨੇ ਤਾਰੂ ਸਿੰਘ ਨੂੰ ਸੁਣਾ ਕੇ ਕਿਹਾ,‘ਜੇਕਰ ਤੂੰ ਇਸਲਾਮ ਧਰਮ ਕਬੂਲ ਕਰ ਲਵੇਂ ਤਾਂ ਕੇਵਲ ਏਸੇ ਢੰਗ ਨਾਲ ਮੈਂ ਤੇਰੀ ਜਾਨ ਬਖਸ਼ ਸਕਦਾ ਹਾਂ`।
ਤਾਰੂ ਸਿੰਘ ਦਾ ਉੱਤਰ ਸੀ, ‘ਮੈਨੂੰ ਆਪਣੀ ਜ਼ਿੰਦਗੀ ਬਾਰੇ ਕੋਈ ਡਰ ਭੈ ਨਹੀਂ ਹੈ? ਮੈਂ ਮੁਸਲਮਾਨ ਕਿਉਂ ਬਣਾਂ? ਕੀ ਮੁਸਲਮਾਨ ਮਰਦੇ ਨਹੀਂ? ਮੈਂ ਆਪਣਾ ਧਰਮ ਈਮਾਨ ਕਿਉਂ ਛੱਡਾਂ?` ਤਾਰੂ ਸਿੰਘ ਨੇ ਕਿਹਾ, ‘ਮੇਰੀ ਸਿੱਖੀ ਮੇਰੇ ਕੇਸਾਂ ਅਤੇ ਆਖਰੀ ਸੁਆਸ ਤਕ ਨਿਭੇ।`
ਨਵਾਬ ਨੇ ਉਸ ਨੂੰ ਜ਼ਮੀਨ ਅਤੇ ਧਨ ਦੌਲਤ ਦਾ ਲਾਲਚ ਦੇ ਕੇ ਭਰਮਾਉਣਾ ਚਾਹਿਆ। ਜਦੋਂ ਉਸ ਨੇ ਦੇਖਿਆ ਕਿ ਤਾਰੂ ਸਿੰਘ ਦੀ ਦ੍ਰਿੜਤਾ ਅਹਿੱਲ ਹੈ ਤਾਂ ਉਸ ਨੇ ਭਾਈ ਤਾਰੂ ਸਿੰਘ ਦੇ ਸਿਰ ਉੱਤੇ ਕੇਸਾਂ ਸਮੇਤ ਖੋਪਰੀ ਉਤਾਰਨ ਦਾ ਫ਼ੈਸਲਾ ਕਰ ਲਿਆ। ਇਸ ਤੇ ਜਲਾਦਾਂ ਨੇ ਤੇਜ਼ ਧਾਰ ਦੀ ਰੰਬੀ ਨਾਲ ਹੌਲੀ ਹੌਲੀ ਭਾਈ ਤਾਰੂ ਦੀ ਖੋਪਰੀ ਉਤਾਰ ਦਿੱਤੀ।ਭਾਈ ਤਾਰੂ ਸਿੰਘ ਪ੍ਰਸੰਨ ਸੀ ਕਿ ਉਸਦੇ ਸਿਰ ਦੇ ਕੇਸ ਅੰਤ ਸਮੇਂ ਤਕ ਸੁਰਖਿਅਤ ਰਹੇ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1145, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First