ਆਗਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਗਰਾ. ਯੂ. ਪੀ. ਵਿੱਚ ਜਮਨਾ ਦੇ ਕਿਨਾਰੇ ਇੱਕ ਨਗਰ, ਜਿਸ ਨੂੰ ਬਾਦਸ਼ਾਹ ਸਿਕੰਦਰ ਲੋਦੀ ਨੇ ਸਭ ਤੋਂ ਪਹਿਲਾਂ ਰਾਜਧਾਨੀ ਬਣਾਇਆ. ਉਸ ਨੇ ਜਮਨਾ ਦੇ ਕਿਨਾਰੇ “ਬਦਲਗੜ੍ਹ” ਨਾਮਕ ਕਿਲਾ ਰਚਿਆ. ਫੇਰ ਬਾਬਰ ਨੇ ੧੦ ਮਈ ਸਨ ੧੫੨੬ ਨੂੰ ਇਸ ਤੇ ਆਪਣਾ ਅਧਿਕਾਰ ਜਮਾਇਆ ਅਰ ਅਕਬਰ ਬਾਦਸ਼ਾਹ ਨੇ ਸਨ ੧੫੬੬ ਵਿੱਚ ਆਗਰੇ ਨੂੰ ਮੁਗ਼ਲ ਰਾਜ ਦੀ ਰਾਜਧਾਨੀ ਥਾਪਿਆ ਅਤੇ ਲਾਲ ਪੱਥਰ ਦਾ ਵਡਾ ਸੁੰਦਰ ਅਤੇ ਪੱਕਾ ਕਿਲਾ, ਕਾਸਿਮਖ਼ਾਨ ਮੀਰ ਬਹਰ ਦੀ ਮਾਰਫਤ ੩੬ ਲੱਖ ਰੁਪਯਾ ਖਰਚਕੇ ਜਮਨਾ ਦੇ ਸੱਜੇ ਪਾਸੇ ਤਿਆਰ ਕਰਵਾਇਆ.

      ਅਕਬਰ ਨੇ ਇਸ ਸ਼ਹਿਰ ਨੂੰ ਵਡੀ ਰੌਨਕ ਦਿੱਤੀ ਅਤੇ ਨਾਉਂ “ਅਕਬਰਾਬਾਦ” ਰੱਖਿਆ. ਆਗਰੇ ਦੇ ਕਿਲੇ ਵਿੱਚ ਸ਼ਾਹਜਹਾਂ ਨੇ ਦੀਵਾਨੇ ਖ਼ਾਸ ਸਨ ੧੬੩੭ ਵਿੱਚ ਅਤੇ ਮੋਤੀ ਮਸਜਿਦ ਸਨ ੧੬੫੪ ਵਿੱਚ ਬਹੁਤ ਸੁੰਦਰ ਬਣਵਾਈ. ਔਰੰਗਜ਼ੇਬ ਨੇ ਸਨ ੧੬੫੮ ਵਿੱਚ ਨਗੀਨਾ ਮਸਜਿਦ ਬੇਗਮਾਂ ਲਈ ਤਿਆਰ ਕਰਵਾਈ. ਦੇਖੋ, ਅਕਬਰ ਅਤੇ ਸ਼ਾਹ ਜਹਾਂ.

      ਆਗਰਾ ਦਿੱਲੀ ਤੋਂ ੧੨੨ ਮੀਲ ਹੈ. ਪਿਛਲੀ ਮਰਦੁਮ ਸ਼ੁਮਾਰੀ ਅਨੁਸਾਰ ਆਬਾਦੀ ੧੮੫, ੯੪੬ ਹੈ. ਇਸ ਤੇ ਅੰਗ੍ਰੇਜ਼ਾਂ ਦਾ ਅਧਿਕਾਰ ੧੭ ਅਕਤੂਬਰ ਸਨ ੧੮੦੩ ਨੂੰ ਹੋਇਆ ਅਤੇ ਇਸ ਨੂੰ ਯੂ. ਪੀ. ਦੀ ਰਾਜਧਾਨੀ ਥਾਪਿਆ ਗਿਆ. ਸਨ ੧੮੬੧ ਵਿੱਚ ਇੱਥੋਂ ਰਾਜਧਾਨੀ ਬਦਲ ਕੇ ਅਲਾਹਾਬਾਦ ਲਿਆਂਦੀ ਗਈ.

      ਇਸ ਸ਼ਹਿਰ ਦੇ ਮਾਈਥਾਨ ਮਹੱਲੇ ਵਿੱਚ ਅਤੇ ਬਾਹਰ ਇੱਕ ਬਾਗ ਵਿੱਚ ਨੌਮੇ ਸਤਿਗੁਰੂ ਦੇ ਪਵਿਤ੍ਰ ਗੁਰੁਦ੍ਵਾਰੇ ਹਨ. ਬਾਗ ਵਿੱਚ ਦਸ਼ਮੇਸ਼ ਜੀ ਦਾ ਭੀ ਇੱਕ ਪਵਿਤ੍ਰ ਅਸਥਾਨ ਹੈ. ਗੁਰੁਪ੍ਰਤਾਪ ਸੂਰਯ ਅਨੁਸਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਭੀ ਬਾਦਸ਼ਾਹ ਜਹਾਂਗੀਰ ਨਾਲ ਇਸ ਸ਼ਹਿਰ ਵਿੱਚ ਪਧਾਰੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਗਰਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਗਰਾ : ਉਸ ਸਮੇਂ ਸਿੱਖ ਸੰਗਤ ਦਾ ਇਕ ਕੇਂਦਰ ਬਣ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਚਾਰਾਂ ਵਿਚੋਂ ਪਹਿਲੀ ਉਦਾਸੀ ਸਮੇਂ ਏਥੇ ਪਧਾਰੇ ਸਨ। ਇਸ ਤੋਂ ਪਿੱਛੋਂ ਭਾਈ ਜੇਠਾ ਜੀ (ਪਿੱਛੋਂ ਗੁਰੂ ਰਾਮਦਾਸ ਜੀ) ਗੁਰੂ ਅਮਰਦਾਸ ਜੀ ਵੱਲੋਂ ਅਕਬਰ ਦੇ ਦਰਬਾਰ ਵਿਚ ਪਧਾਰੇ ਸਨ। ਨੌਵੇਂ ਗੁਰੂ , ਗੁਰੂ ਤੇਗ ਬਹਾਦਰ ਜੀ ਆਪਣੀ 1665-66 ਦੀ ਪੂਰਬੀ ਭਾਰਤ ਦੀ ਫੇਰੀ ਸਮੇਂ ਇਸ ਸ਼ਹਿਰ ਵਿਚੋਂ ਦੀ ਲੰਘੇ ਸਨ। ਇਸ ਪਿੱਛੋਂ ਦਸਵੇਂ ਅਤੇ ਅੰਤਮ ਗੁਰੂ, ਗੁਰੂ ਗੋਬਿੰਦ ਸਿੰਘ ਜੀ ਜਦੋਂ ਜੁਲਾਈ 1707-08 ਵਿਚ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਿਲੇ ਤਾਂ ਉਹ ਵੀ ਆਗਰੇ ਆਏ ਸਨ। ਇਸ ਪ੍ਰਕਾਰ ਚਾਰ ਗੁਰੂ ਸਾਹਿਬਾਨ ਦੀ ਚਰਨ ਛੁਹ ਪ੍ਰਾਪਤ ਕਰਕੇ ਇਹ ਸ਼ਹਿਰ ਸਿੱਖਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਗਿਆ।

ਗੁਰਦੁਆਰਾ ਮਾਈ ਥਾਨ : ਗੁਰੂ ਤੇਗ ਬਹਾਦਰ ਜੀ ਦੀ ਪੂਰਬ ਵੱਲ ਦੀ ਦੂਸਰੀ ਯਾਤਰਾ ਸਮੇਂ ਏਥੇ ਆਉਣ ਦੀ ਯਾਦ ਵਿਚ ਸ਼ਹਿਰ ਵਿਖੇ ਇਕੋ ਇਕ ਗੁਰਦੁਆਰਾ ਹੈ। ਕਿਹਾ ਜਾਂਦਾ ਹੈ ਕਿ ਏਥੇ ਇਕ ਸ਼ਰਧਾਲੂ ਬਿਰਧ ਇਸਤਰੀ ਮਾਈ ਜੱਸੀ ਰਹਿੰਦੀ ਸੀ ਜਿਸਨੇ ਆਪਣੇ ਹੱਥੀਂ ਸੂਤ ਕੱਤਕੇ ਇਕ ਕੂਲਾ ਸੂਤੀ ਕੱਪੜਾ ਤਿਆਰ ਕੀਤਾ ਸੀ ਅਤੇ ਬੜੇ ਸਮੇਂ ਤੋਂ ਉਸਨੇ ਆਪਣੇ ਮਨ ਵਿਚ ਗੁਰੂ ਜੀ ਨੂੰ ਇਹ ਕੱਪੜਾ ਆਪਣੇ ਘਰ ਵਿਖੇ ਭੇਂਟ ਕਰਨ ਦੀ ਇੱਛਾ ਧਾਰੀ ਹੋਈ ਸੀ। ਗੁਰੂ ਜੀ ਇਸ ਸ਼ਹਿਰ ਵਿਚ ਧੁਰ ਅੰਦਰ ਆ ਕੇ ਇਸ ਮਾਈ ਦੇ ਘਰ ਪਧਾਰੇ ਅਤੇ ਉਸ ਦੀ ਭੇਟਾ ਸਵੀਕਾਰ ਕੀਤੀ। ਗੁਰੂ ਜੀ ਨੇ ਮਾਈ ਦੀ ਸ਼ਰਧਾ ਭਾਵਨਾ ਤੋਂ ਬਹੁਤ ਖੁਸ਼ ਹੋ ਕੇ ਬਚਨ ਕੀਤਾ ਕਿ ਉਸ ਦਾ ਨਾਂ ਹਮੇਸ਼ਾਂ ਸਜੀਵ ਰਹੇਗਾ। ਮਾਈ ਜੱਸੀ ਦਾ ਘਰ ਹੁਣ ਗੁਰਦੁਆਰਾ ਮਾਈ ਥਾਨ ਕਰਕੇ ਪ੍ਰਸਿੱਧ ਹੈ। ਗੁਰਦੁਆਰੇ ਦੇ ਨਾਂ ‘ਤੇ ਉਸ ਮੁਹੱਲੇ ਦਾ ਨਾਮ ਵੀ ਮੁਹੱਲਾ ਮਾਈ ਥਾਨ ਹੈ।

    ਇਕ ਤੰਗ ਗਲੀ ਵਿਚ ਸਥਿਤ ਗੁਰਦੁਆਰੇ ਦਾ ਇਕ ਖੁੱਲ੍ਹਾ ਵਰਗਾਕਾਰ ਦੀਵਾਨ ਹਾਲ ਹੈ ਜਿਸਦੇ ਵਿਚਕਾਰ ਚਿੱਟੇ ਸੰਗਮਰਮਰ ਦੀ ਛੱਤ ਵਾਲੀ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਡਿਉਢੀ ਉਪਰ ਇਕ ਕਮਰੇ ਵਿਚ ਅਜਾਇਬ ਘਰ ਬਣਿਆ ਹੋਇਆ ਹੈ ਜਿਸ ਵਿਚ ਬਹੁਤਾ ਕਰਕੇ ਸਿੱਖ ਇਤਿਹਾਸ ਦੇ ਸ਼ਹੀਦੀ ਪ੍ਰਸੰਗਾਂ ਨਾਲ ਸੰਬੰਧਿਤ ਚਿੱਤਰ ਰੱਖੇ ਹੋਏ ਹਨ। ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਾਂ ਨਾਲ ਰਜਿਸਟਰਡ ਹੈ ਅਤੇ ਆਗਰੇ ਦੇ ਸ੍ਰੀ ਗੁਰੂ ਤੇਗ ਬਹਾਦਰ ਸੈਂਟਰਲ ਬੋਰਡ ਦੇ ਪ੍ਰਬੰਧ ਅਧੀਨ ਹੈ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਆਗਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਗਰਾ : ਜ਼ਿਲ੍ਹਾ – ਇਹ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦਾ ਇਕ ਉੱਘਾ ਜ਼ਿਲ੍ਹਾ ਹੈ। ਇਸਦਾ ਰਕਬਾ 4,816 ਵ. ਕਿ. ਮੀ. ਅਤੇ ਆਬਾਦੀ 27,51,021 (1991) ਹੈ। ਇਸੇ ਹੀ ਨਾਂ ਦਾ ਸ਼ਹਿਰ ਇਸ ਦਾ ਸਦਰ ਮੁਕਾਮ ਹੈ। ਇਸ ਦੇ ਉੱਤਰ ਵਿਚ ਮਥੁਰਾ ਅਤੇ ਏਟਾਹ, ਪੂਰਬ ਵਿਚ ਮੇਨਪੁਰੀ ਅਤੇ ਇਟਾਵਾ, ਦੱਖਣ ਵਿਚ ਗਵਾਲੀਅਰ ਅਤੇ ਧੌਲਪੁਰ ਅਤੇ ਪੱਛਮ ਵਿਚ ਭਰਤਪੁਰ ਹੈ। ਜਮਨਾ ਦਰਿਆ ਤੋਂ ਇਲਾਵਾ ਚੰਬਲ, ਅਤੇ ਬਾਣਗੰਗਾ ਇਥੋਂ ਦੇ ਮੁੱਖ ਦਰਿਆ ਹਨ। ਜ਼ਿਲ੍ਹੇ ਦਾ ਵਧੇਰੇ ਹਿੱਸਾ ਦਰਿਆ ਜਮਨਾ ਦੇ ਦੱਖਣ-ਪੱਛਮ ਵਿਚ ਵੱਸਿਆ ਹੋਇਆ ਹੈ। ਇਥੋਂ ਦੀ ਜ਼ਮੀਨ ਬੜੀ ਜ਼ਰਖੇਜ਼ ਹੈ। ਦੱਖਣ-ਪੱਛਮੀ ਇਲਾਕਾ ਪਹਾੜੀ ਹੈ। ਸਾਰੇ ਜ਼ਿਲ੍ਹੇ ਦਾ ਪੌਣਪਾਣੀ ਲਗਭਗ ਇਕ ਜਿਹਾ ਹੀ ਹੈ। ਇਥੇ ਸਰਦੀਆਂ ਵਿਚ ਕਾਫ਼ੀ ਠੰਡ ਅਤੇ ਗਰਮੀਆਂ ਵਿਚ ਕੜਾਕੇ ਦੀ ਗਰਮੀ ਪੈਂਦੀ ਹੈ। ਇਥੇ ਔਸਤਨ 65 ਸੈਂ. ਮੀ. ਸਾਲਾਨਾ ਦੇ ਕਰੀਬ ਬਾਰਸ਼ ਹੁੰਦੀ ਹੈ।

          ਸੰਨ 1501 ਵਿਚ ਦਿੱਲੀ ਦੇ ਸੁਲਤਾਨ ਸਿਕੰਦਰ ਲੋਧੀ ਨੇ ਇਥੇ ਜਮਨਾ ਦੇ ਖੱਬੇ ਕੱਢੇ ਤੇ ਆਪਣਾ ਮਹੱਲ ਬਣਵਾਇਆ ਅਤੇ ਇਹ ਦਿੱਲੀ ਸਲਤਨਤ ਦੀ ਰਾਜਧਾਨੀ ਬਣਿਆ। ਸੰਨ 1526 ਵਿਚ ਮੁਗ਼ਲ ਬਾਦਸ਼ਾਹ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾ ਕੇ ਆਪਣਾ ਰਾਜ ਕਾਇਮ ਕੀਤਾ ਅਤੇ ਇਸ ਜ਼ਿਲ੍ਹੇ ਨੂੰ ਵੀ ਆਪਣੇ ਅਧੀਨ ਕਰ ਲਿਆ। ਸੰਨ 1527 ਵਿਚ ਫ਼ਤਹਿਪੁਰ ਸੀਕਰੀ ਕੋਲ ਕਨਵਾਹਾ ਵਿਖੇ ਬਾਬਰ ਅਤੇ ਰਾਜਪੂਤਾਂ ਵਿਚਕਾਰ ਫੈਸਲਾਕੁੰਨ ਲੜਾਈ ਹੋਈ। ਬਾਦਸ਼ਾਹ ਹੁਮਾਯੂੰ ਵੀ ਸੰਨ 1540 ਤੀਕ ਇਥੇ ਹੀ ਰਿਹਾ। ਬਾਦਸ਼ਾਹ ਅਕਬਰ ਨੇ ਜਮਨਾ ਦੇ ਸੱਜੇ ਕੰਢੇ ਤੇ ਆਗਰਾ ਸ਼ਹਿਰ ਵਸਾਇਆ। ਮਗਰੋਂ 1569-70 ਦੌਰਾਨ ਅਕਬਰ ਨੇ ਇਸੇ ਜ਼ਿਲ੍ਹੇ ਵਿਚ ਫ਼ਤਹਿਪੁਰ ਸੀਕਰੀ ਸ਼ਹਿਰ ਆਬਾਦ ਕੀਤਾ। ਆਗਰੇ ਤੋਂ 3 ਕਿ. ਮੀ. ਦੀ ਦੂਰੀ ਤੇ ਸਿਕੰਦਰਾ ਵਿਖੇ ਇਸੇ ਮਹਾਨ ਬਾਦਸ਼ਾਹ ਦਾ ਮਕਬਰਾ ਹੈ। ਜਹਾਂਗੀਰ ਨੇ ਆਪਣਾ ਵਧੇਰੇ ਸਮਾਂ ਆਗਰੇ ਤੋਂ ਬਾਹਰ ਦਿੱਲੀ, ਪੰਜਾਬ ਅਤੇ ਕਾਬਲ ਵਿਚ ਗੁਜ਼ਾਰਿਆ ਜਿਸ ਕਾਰਨ ਉਸ ਕਾਲ ਵਿਚ ਇਸ ਦਾ ਵਧੇਰੇ ਵਿਕਾਸ ਨਾ ਹੋ ਸਕਿਆ। ਸ਼ਾਹਜਹਾਨ ਨੇ ਇਥੇ ਤਾਜ ਮਹਿਲ ਅਤੇ ਹੋਰ ਮਹੱਤਵਪੂਰਨ ਤੇ ਸੁੰਦਰ ਇਮਾਰਤਾਂ ਬਣਵਾ ਕੇ ਇਸਦੀ ਮਕਬੂਲੀਅਤ ਨੂੰ ਵਧਾ ਦਿੱਤਾ। ਸੰਨ 1658 ਵਿਚ ਔਰੰਗਜ਼ੇਬ ਨੇ ਇਸੇ ਜ਼ਿਲ੍ਹੇ ਵਿਚ ਸਾਮੂਗੜ੍ਹ ਵਿਖੇ ਆਪਣੇ ਪਿਤਾ ਸ਼ਾਹਜਹਾਨ ਵਿਰੁੱਧ ਕੀਤੀ ਬਗ਼ਾਵਤ ਵਿਚ ਜਿੱਤ ਪ੍ਰਾਪਤ ਕੀਤੀ ਅਤੇ ਦਿੱਲੀ ਦਾ ਤਖ਼ਤ ਹਾਸਲ ਕਰ ਲਿਆ। ਸੰਨ 1666 ਤੋਂ ਇਹ ਜ਼ਿਲ੍ਹਾ ਪ੍ਰਾਂਤਕ ਗਵਰਨਰਾਂ ਅਧੀਨ ਹੀ ਰਿਹਾ ਅਤੇ ਬਰਬਰ ਜਾਟਾਂ ਦੇ ਹਮਲਿਆਂ ਦਾ ਸਾਹਮਣਾ ਕਰਦਾ ਰਿਹਾ। ਔਰੰਗਜ਼ੇਬ ਦੀ ਮੌਤ ਮਗਰੋਂ ਉਸ ਦੇ ਪੁੱਤਰਾਂ ਵਿਚਕਾਰ ਖ਼ਾਨਾਜੰਗੀ ਵੀ ਇਸੇ ਜ਼ਿਲ੍ਹੇ ਵਿਚ ਜਾਜਾਓ ਵਿਖੇ ਹੋਈ। ਸੰਨ 1803 ਵਿਚ ਜ਼ਿਲ੍ਹੇ ਉਪਰ ਬਰਤਾਨਵੀ ਸਾਮਰਾਜ ਦਾ ਕਬਜ਼ਾ ਹੋ ਗਿਆ। ਸੰਨ 1843 ਤੋਂ 1857 ਦੌਰਾਨ ਇਹ ਉੱਤਰ-ਪੱਛਮੀ ਪ੍ਰਾਤਾਂ ਦਾ ਸਦਰ ਮੁਕਾਮ ਰਿਹਾ।

          ਇਥੋਂ ਦੀ ਜ਼ਮੀਨ ਬੜੀ ਉਪਜਾਊ ਹੈ। ਜੌਂ, ਜਵੀ, ਕਣਕ ਅਤੇ ਕਪਾਹ ਇਥੋਂ ਦੀਆਂ ਮੁੱਖ ਫ਼ਸਲਾਂ ਹਨ। ਇਨ੍ਹਾਂ ਤੋਂ ਇਲਾਵਾ ਛੋਲੇ, ਬਾਜਰਾ, ਜਵਾਰ ਆਦਿ ਦੀ ਖੇਤੀ ਵੀ ਹੁੰਦੀ ਹੈ।

          ਆਗਰਾ ਜ਼ਿਲ੍ਹੇ ਦੇ ਖ਼ੈਰਾਬਾਦ ਅਤੇ ਕਿਰੌਲੀ ਦੇ ਖੇਤਰਾਂ ਵਿਚ ਬਲੂਆ ਪੱਥਰ ਕੱਢਿਆ ਜਾਂਦਾ ਹੈ, ਜਿਸ ਦੀ ਵਰਤੋਂ ਇਮਾਰਤਾਂ ਬਣਾਉਣ ਲਈ ਕੀਤੀ ਜਾਂਦੀ ਹੈ। ਸੂਤੀ ਅਤੇ ਊਨੀ ਗ਼ਲੀਚਿਆਂ ਦਾ ਉਦਯੋਗ ਕਾਫ਼ੀ ਉੱਨਤ ਹੈ। ਮੁਗ਼ਲ ਕਾਲ ਦੀਆਂ ਬਣੀਆਂ ਸੁੰਦਰ ਇਮਾਰਤਾਂ ਇਥੇ ਵੱਖ ਵੱਖ ਥਾਵਾਂ ਤੇ ਅੱਜ ਵੀ ਮੌਜੂਦ ਹਨ ਅਤੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ।

          ਹ. ਪੁ.– ਐਨ. ਬ੍ਰਿ. ਮਾ. 1:123; ਇੰਪ. ਗ. ਇੰਡ. 5:73


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਆਗਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਗਰਾ : ਸ਼ਹਿਰ – ਭਾਰਤ ਦਾ ਇਕ ਪ੍ਰਸਿੱਧ ਇਤਿਹਾਸਕ ਸ਼ਹਿਰ ਹੈ ਜਿਹੜਾ ਉੱਤਰ ਪ੍ਰਦੇਸ਼ ਦੇ ਇਸੇ ਨਾਂ ਦੇ ਜ਼ਿਲ੍ਹੇ ਵਿਚ ਜਮਨਾ ਨਦੀ ਦੇ ਕੰਢੇ ਉੱਤੇ ਵਸਿਆ ਹੋਇਆ ਹੈ।

          ਪੁਰਾਣਾ ਆਗਰਾ ਜਮਨਾ ਦੇ ਖੱਬੇ ਕੰਢੇ ਉੱਤੇ ਵਸਿਆ ਹੋਇਆ ਸੀ ਪਰ ਉਹ ਸ਼ਹਿਰ ਹੁਣ ਉੱਜੜ-ਪੁੱਜੜ ਚੁੱਕਾ ਹੈ ਤੇ ਉਸ ਦਾ ਕੋਈ ਖੁਰਾਖੋਜ ਵੀ ਨਹੀਂ ਮਿਲਦਾ। ਇਸ ਦਾ ਕਾਰਨ ਦਰਿਆ ਦਾ ਵਹਿਣ ਬਦਲਣਾ ਹੈ। ਅਜੋਕੇ ਆਗਰੇ ਤੋਂ 25 ਕਿਲੋਮੀਟਰ ਦੱਖਣ ਵਾਲੇ ਪਾਸੇ ਜਮਨਾ ਦਾ ਇਕ ਪੁਰਾਣਾ ਵਹਿਣ ਮਿਲਦਾ ਹੈ। ਹੋ ਸਕਦਾ ਹੈ ਕਿ ਪੁਰਾਣਾ ਆਗਰਾ ਇਸ ਦੇ ਕੰਢੇ ਤੇ ਹੀ ਵਸਿਆ ਹੋਵੇ। ਉਹ ਆਗਰਾ ਤਾਂ ਸ਼ਾਇਦ ਇਕ ਹਿੰਦੂ ਨਗਰੀ ਹੋਵੇ ਪਰ ਅਜੋਕਾ ਸ਼ਹਿਰ ਮੁਸਲਮਾਨਾਂ ਦਾ ਵਸਾਇਆ ਹੋਇਆ ਹੈ।

          ਆਗਰੇ ਦਾ ਲੜੀਬੱਧ ਇਤਿਹਾਸ ਲੋਧੀਆਂ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ। ਸਿਕੰਦਰ ਲੋਧੀ ਅਤੇ ਇਬਰਾਹੀਮ ਲੋਧੀ ਦੋਹਾਂ ਦੇ ਸਮੇਂ ਵਿਚ ਇਹ ਸ਼ਹਿਰ ਹਿੰਦੁਸਤਾਨ ਦੀ ਰਾਜਧਾਨੀ ਸੀ। ਸੰਨ 1526 ਵਿਚ ਇਹ ਸ਼ਹਿਰ ਮੁਗ਼ਲ ਖ਼ਾਨਦਾਲ ਦੇ ਮੋਢੀ ਬਾਬਰ ਦੇ ਹੱਥਾਂ ਵਿਚ ਚਲਾ ਗਿਆ। ਇਥੋਂ ਹੀ ਕੋਹਿਨੂਰ ਹੀਰਾ ਮੁਗ਼ਲਾਂ ਦੇ ਹੱਥ ਆਇਆ ਪਰ ਇਸ ਸ਼ਹਿਰ ਦੀ ਉੱਨਤੀ ਬਾਬਰ ਦੇ ਪੋਤਰੇ ਅਕਬਰ ਦੇ ਸਮੇਂ ਵਿਚ ਸ਼ੁਰੂ ਹੋਈ। ਅਕਬਰ ਨੇ ਆਗਰੇ ਦੇ ਕਿਲੇ ਦੀ ਉਸਾਰੀ 1566 ਈ. ਵਿਚ ਸ਼ੁਰੂ ਕੀਤੀ ਤੇ ਇਸ ਦਾ ਨਾਂ ਅਕਬਰਾਬਾਦ ਰੱਖਿਆ ਪਰ ਕਿਲੇ ਦੀਆਂ ਬਹੁਤੀਆਂ ਇਮਾਰਤਾਂ ਜਹਾਂਗੀਰ ਅਤੇ ਸ਼ਾਹਜਹਾਨ ਨੇ ਬਣਵਾਈਆਂ। ਉਦੋਂ ਇਸ ਸ਼ਹਿਰ ਦੀ ਹਾਲਤ ਚੰਗੀ ਦੱਸੀ ਜਾਂਦੀ ਸੀ। ਆਗਰਾ ਉਦੋਂ ਇਕ ਚਾਰ ਦੀਵਾਰੀ ਨਾਲ ਘਿਰਿਆ ਹੋਇਆ ਸੀ ਜਿਸ ਵਿਚ ਸੋਲ੍ਹਾਂ ਵੱਡੇ ਦਰਵਾਜ਼ੇ ਅਤੇ ਕਈ ਗੁੰਬਦ ਅਤੇ ਬੁਰਜ ਸਨ। ਸ਼ਹਿਰ ਦਾ ਖੇਤਰਫਲ ਲਗਭਗ 18 ਵ. ਕਿ. ਮੀ. ਸੀ।

          ਔਰੰਗਜ਼ੇਬ ਦੇ ਸਮੇਂ ਜਦੋਂ ਮੁਗ਼ਲ ਹਕੂਮਤ ਦੀ ਰਾਜਧਾਨੀ ਦਿੱਲੀ ਬਣਾ ਦਿੱਤੀ ਗਈ ਤਾਂ ਆਗਰੇ ਦੀ ਢਹਿੰਦੀ ਕਲਾ ਦੇ ਚਿੰਨ੍ਹ ਉੱਭਰਨ ਲੱਗੇ ਅਠਾਰ੍ਹਵੀਂ ਸਦੀ ਦੇ ਦੂਜੇ ਅੱਧ ਵਿਚ ਜਾਟਾਂ, ਮਰਾਠਿਆਂ ਤੇ ਮੁਸਲਮਾਨਾਂ ਆਦਿ ਕਈ ਕੌਮਾਂ ਨੇ ਆਗਰੇ ਨੂੰ ਆਪਣੇ ਕਬਜ਼ੇ ਵਿਚ ਲੈਣ ਦੇ ਜਤਨ ਕੀਤੇ। ਅੰਤ 1803 ਈ. ਵਿਚ ਇਹ ਸ਼ਹਿਰ ਈਸਟ ਇੰਡੀਆ ਕੰਪਨੀ ਦੇ ਕਬਜ਼ੇ ਵਿਚ ਚਲ ਗਿਆ। ਪਿੱਛੋਂ ਜਦੋਂ ਉੱਤਰੀ ਹਿੰਦੁਸਤਾਨ ਵਿਚ ਅੰਗਰੇਜ਼ੀ ਰਾਜ ਦਾ ਪਸਾਰਾ ਹੋ ਗਿਆ ਅਤੇ 1835 ਈ. ਵਿਚ ਆਗਰੇ ਦੀ ਪ੍ਰੈਜ਼ੀਡੈਂਸੀ ਬਣਾਈ ਗਈ, ਤਾਂ ਆਗਰੇ ਨੂੰ ਉਸ ਦਾ ਸਦਰ ਮੁਕਾਮ ਬਣਾਇਆ ਗਿਆ ਪਰ 1857 ਈ. ਦੇ ਗ਼ਦਰ ਦੇ ਪਿੱਛੋਂ ਸਦਰ ਮੁਕਾਮ ਅਲਾਹਬਾਦ ਬਣਾ ਦਿੱਤਾ ਗਿਆ। ਤਦ ਤੋਂ ਮੁੜ ਆਗਰੇ ਦੀ ਉਹ ਪੁਰਾਣੀ ਸ਼ਾਨ ਫੇਰ ਕਦੇ ਨਹੀਂ ਦੇਖੀ ਗਈ।

          ਆਗਰੇ ਦੀ ਸਭ ਤੋਂ ਮਸ਼ਹੂਰ ਇਮਾਰਤ ਤਾਜ ਮਹਿਲ ਹੈ ਭਾਵੇਂ ਇਥੇ ਹੋਰ ਵੀ ਵੱਡੀਆਂ ਵੱਡੀਆਂ ਤੇ ਸੁੰਦਰ ਇਮਾਰਤਾਂ ਹਨ ਜਿਨ੍ਹਾਂ ਤੋਂ ਮੁਗ਼ਲਾਂ ਦੇ ਸਮੇਂ ਦੀ ਉਸਾਰੀ ਕਲਾ ਦੀ ਮਹੱਤਤਾ ਜ਼ਾਹਰ ਹੁੰਦੀ ਹੈ। ਆਗਰੇ ਦਾ ਕਿਲਾ 2.5 ਕਿ. ਮੀ. ਦੇ ਘੇਰ ਵਿਚ ਹੈ ਅਤੇ ਇਸ ਵਿਚ ਮੋਤੀ ਮਸਜਿਦ ਅਤੇ ਜਹਾਂਗੀਰ ਮਹਿਲ ਬੜੀਆਂ ਸੁੰਦਰ ਇਮਾਰਤਾਂ ਹਨ। ਜਮਨਾ ਦੇ ਦੂਜੇ ਪਾਸੇ ਇਤਮਾਦੁੱਦੌਲਾ ਦਾ ਮਕਬਰਾ ਸੁੰਦਰਤਾ ਵਿਚ ਤਾਜ ਮਹਿਲ ਦਾ ਟਾਕਰਾ ਕਰਦਾ ਹੈ। ਆਗਰੇ ਤੋਂ 8 ਕਿ. ਮੀ. ਪੱਛਮ ਵੱਲ ਸਿਕੰਦਰਾਬਾਦ ਵਿਚ ਸ਼ਹਿਨਸ਼ਾਹ ਅਕਬਰ ਦਾ ਮਕਬਰਾ ਹੈ। ਇਹ ਇਮਾਰਤ ਅਕਬਰ ਦੇ ਜਿਉਂਦਿਆਂ ਹੀ ਬਣਨੀ ਸ਼ੁਰੂ ਹੋ ਗਈ ਸੀ ਅਤੇ ਜਹਾਂਗੀਰ ਨੇ ਇਸ ਨੂੰ ਪੂਰਾ ਕਰਵਾਇਆ ਸੀ ਤਾਂ ਵੀ ਇਥੋਂ ਸਭ ਤੋਂ ਵੱਧ ਵੇਖਣਯੋਗ ਇਮਾਰਤ ਤਾਜ ਮਹਿਲ ਹੀ ਹੈ ਜਿਸ ਵਿਚ ਸ਼ਾਹ ਜਹਾਨ ਅਤੇ ਉਸ ਦੀ ਬੇਗ਼ਮ ਮੁਮਤਾਜ਼ ਮਹਲ ਦੀਆਂ ਕਬਰਾਂ ਹਨ। ਸਾਰੀ ਇਮਾਰਤ ਸੰਗਮਰਮਰ ਦੀ ਬਣੀ ਹੋਈ ਹੈ।

          ਆਗਰਾ ਪੱਛਮੀ ਉੱਤਰ-ਪ੍ਰਦੇਸ਼ ਦਾ ਸਭ ਤੋਂ ਵੱਡਾ ਵਿੱਦਿਆ ਕੇਂਦਰ ਹੈ। ਇਥੋਂ ਦਾ ਆਗਰਾ ਕਾਲਜ, ਜੋ 1823 ਈ. ਵਿਚ ਕਾਇਮ ਹੋਇਆ ਸੀ, ਦੇਸ਼ ਦੇ ਸਭ ਤੋਂ ਪੁਰਾਣੇ ਕਾਲਜਾਂ ਵਿਚੋਂ ਇਕ ਹੈ। ਹੋਰ ਵਿੱਦਿਅਕ ਸੰਸਥਾਵਾਂ ਵਿੱਚੋਂ ਜਾਨਜ਼ ਕਾਲਜ ਅਤੇ ਬਲਵੰਤ ਰਾਜਪੂਤ ਕਾਲਜ ਦੇ ਨਾਂ ਵਰਣਨਯੋਗ ਹਨ। ਸ਼ੁਰੂ ਵਿਚ ਇਨ੍ਹਾਂ ਕਾਲਜਾਂ ਦਾ ਸਬੰਧ ਕਲਕੱਤਾ ਅਤੇ ਅਲਾਹਾਬਾਦ ਯੂਨੀਵਰਸਿਟੀਆਂ ਨਾਲ ਸੀ ਪਰ 1927 ਈ. ਵਿਚ ਆਗਰਾ ਯੂਨੀਵਰਸਿਟੀ ਕਾਇਮ ਹੋ ਜਾਣ ਪਿੱਛੋਂ ਇਹ ਕਾਲਜ ਉਸ ਦਾ ਅੰਗ ਬਣ ਗਏ। ਆਗਰੇ ਦੇ ਨੇੜੇ ਇਕ ਛੋਟੀ ਜਿਹੀ ਬਸਤੀ ਦਿਆਲਬਾਗ਼ ਰਾਧਾਸੁਆਮੀ ਸੰਪਰਦਾਇ ਦਾ ਵੱਡਾ ਕੇਂਦਰ ਹੈ। ਆਗਰੇ ਦੀਆਂ ਬਣੀਆਂ ਹੋਈਆਂ ਦਰੀਆਂ ਅਤੇ ਕਾਲੀਨ ਭਾਰਤ ਵਿਚ ਮਸ਼ਹੂਰ ਹਨ। ਚਮੜੇ ਦਾ ਕੰਮ ਵੀ ਇਥੇ ਚੰਗਾ ਹੁੰਦਾ ਹੈ।

          ਆਬਾਦੀ – 8,99,195 (1991)

          27˚ 10' ਉ. ਵਿਥ.; 73˚ 00' ਪੁ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.