ਆਦਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਦਤ [ਨਾਂਇ] ਵਾਦੀ , ਸੁਭਾਅ , ਵਤੀਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਦਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Habit_ਆਦਤ: ਆਦਤ ਦਾ ਮਤਲਬ ਹੈ ਕੋਈ ਕੰਮ ਵਾਰ ਵਾਰ ਕਰਨ ਦੀ ਰੁੱਚੀ। ਕੋਈ ਕੰਮ ਇਕ ਵਾਰ ਕਰਨ ਲਈ ਮਨੁੱਖ ਦੀ ਆਦਤ ਨਹੀਂ ਬਣ ਜਾਂਦੀ। ਜਦੋਂ ਅਸੀਂ ਕਿਸੇ ਵਿਅਕਤੀ ਦੀ ਕਿਸੇ ਆਦਤ ਦਾ ਜ਼ਿਕਰ ਕਰਦੇ ਹਾਂ ਤਾਂ ਸਾਡਾ ਮਤਲਬ ਇਹ ਹੁੰਦਾ ਹੈ ਕਿ ਉਹ ਵਿਅਕਤੀ ਉਹ ਖ਼ਾਸ ਕੰਮ ਮੁੜ ਘਿੜ ਕਰਦਾ ਹੈ। ਕਦੇ ਕਦਾਈ ਕੀਤਾ ਕੋਈ ਕੰਮ ਆਦਤ ਨਹੀਂ ਬਣ ਜਾਂਦਾ। ਆਦਤ ਸਾਬਤ ਕਰਨ ਲਈ ਕੁਝ ਘਟਨਾਵਾਂ ਸਾਬਤ ਕਰਨੀਆਂ ਪੈਂਦੀਆਂ ਹਨ। ਕੀ ਕਿਸੇ ਵਿਅਕਤੀ ਦੀ ਕੋਈ ਆਦਤ ਬਣ ਗਈ ਹੈ ਜਾਂ ਨਹਂੀਂ, ਇਹ ਹਰੇਕ ਕੇਸ ਦੇ ਤੱਥਾਂ ਅਤੇ ਹਾਲਾਤ ਤੋਂ ਅਨੁਮਾਨ ਲਾਉਣਾ ਪੈਂਦਾ ਹੈ। ਵਿਜੇ ਨਾਰਾਇਨ ਸਿੰਘ ਬਨਾਮ ਬਿਹਾਰ ਰਾਜ (ਏ ਆਈ ਆਰ 1984 ਐਸ ਸੀ 1334) ਅਨੁਸਾਰ ਅਦਾਲਤ ਦੁਆਰਾ ਅਨੁਮਾਨ ਲਾਉਣ ਲਈ ਇਹ ਜ਼ਰੂਰੀ ਹੈ ਕਿ ਕੰਮ ਮੁੜਮੁੜ ਸੁਭਾਵਕ ਤੌਰ ਤੇ ਅਤੇ ਇਕੋ ਰੂਪ ਵਿਚ ਕੀਤੇ ਗਏ ਹੋਣ ਨ ਕਿ ਕਦੇ ਕਦਾਈਂ ਵਖ ਵਖ ਸ਼ਕਲਾਂ ਵਿਚ ਕੀਤੇ ਗਏ ਹੋਣ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਆਦਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਦਤ : ਵਿਆਪਕ ਅਰਥਾਂ ਵਿਚ ਕਿਸੇ ਘਟਨਾ ਦੇ ਮੁੜ ਮੁੜ ਵਾਪਰਨ ਦੀ ਦ੍ਰਿੜ੍ਹ ਤਤਪਰਤਾ ਨੂੰ ਆਦਤ ਆਖਿਆ ਜਾਂਦਾ ਹੈ। ਅੱਜਕੱਲ੍ਹ ਆਦਤ ਅਤੇ ਪਰਵਿਰਤੀ ਵਿਚਕਾਰ ਫ਼ਰਕ ਇੰਨਾ ਨਿਰਪੇਖ ਨਹੀਂ ਸਮਝਿਆ ਜਾਂਦਾ ਜਿੰਨਾ ਕਿ ਇਹ ਪਹਿਲੇ ਵਕਤਾਂ ਵਿਚ ਸਮਝਿਆ ਜਾਂਦਾ ਸੀ। ਪੁਰਾਣੇ ਅਨੁਭਵਵਾਦੀਆਂ ਜਿਨ੍ਹਾਂ ਦਾ ਆਖ਼ਰੀ ਪ੍ਰਤੀਨਿਧ ਜੇ.ਐਸ.ਮਿੱਲ ਹੈ, ਦੇ ਖਿਆਲ ਅਨੁਸਾਰ, ਜੇ ਸਾਰੀਆਂ ਨਹੀਂ ਤਾਂ ਬਹੁਤੀਆਂ ਪ੍ਰਵਿਰਤੀਆਂ ਜੀਵਨ ਦੇ ਪਹਿਲੇ ਹਿੱਸੇ ਵਿਚ ਪੈਦਾ ਹੋਈਆਂ ਆਦਤਾਂ ਹੀ ਹੁੰਦੀਆਂ ਹਨ ਪਰੰਤੂ ਉਨ੍ਹਾਂ ਦੇ ਪੈਦਾ ਹੋਣ ਦਾ ਕੋਈ ਨਿਸ਼ਾਨ ਸਾਡੀ ਦਯਾਦ ਵਿਚ ਬਾਕੀ ਨਹੀਂ ਰਿਹਾ ਹੁੰਦਾ। ਹੁਣ ਅਨੁਭਵਵਾਦੀਆਂ ਦਾ ਇਹ ਵਿਚਾਰ ਅਜੋਕੇ ਵਾਸਵਾਦੀ ਸਿਧਾਂ ਅੱਗੇ ਫਿੱਕਾ ਪੈ ਕੇ ਖ਼ਮ ਹੋ ਚੁੱਕਾ ਹੈ।

          ਆਦਤ ਸ਼ਬਦ ਦੀ ਇਕ ਹੋਰ ਇਤਰਾਜ਼ ਯੋਗ ਵਰਤੋਂ ਇਸ ਨੂੰ ਪਰਾਣਹੀਣ (ਇਨਆਰਗੈਨਿਕ) ਵਸਤਾਂ ਤਕ ਵਿਸਥਾਰਿਤ ਕਰਨਾ ਹੈ। ਵਿਲੀਅਮ ਜੇਮਜ਼ ਨੇ ਆਪਣੀ ਕਿਤਾਬ ‘ਪ੍ਰਿੰਸੀਪਲਜ਼ ਆਫ਼ ਸਾਈਕਾਲੋਜੀ’ ਵਿਚ ਮਾਦੇ ਦੇ ਮੂਲ ਅਣੂਆਂ ਦੀਆਂ ਆਦਤਾਂ ਦਾ ਜ਼ਿਕਰ ਕੀਤਾ ਹੈ ਪਰੰਤੂ ਪਰਾਣਹੀਣ ਵਸਤਾਂ ਦੀਆਂ ਇਨ੍ਹਾਂ ਅਖੌਤੀ ਆਦਤਾਂ ਵਿਚ ਸੰਸ਼ੋਧਨ ਹੋਣ ਦੀ ਯੋਗਤਾ ਨਹੀਂ ਹੁੰਦੀ। ਇਸ ਲਈ ਇਨ੍ਹਾਂ ਨੂੰ ਆਦਤਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਆਦਮ ਬਾਰੇ ਮੂਲ ਗੱਲ ਇਹ ਹੈ ਕਿ ਆਦਤ ਜਾਨਦਾਰ ਚੀਜ਼ਾਂ ਵਿਚਕਾਰ ਹੋ ਰਹੀਆਂ ਤਬਦੀਲੀਆਂ ਦੇ ਅਸਰ ਦਾ ਹੀ ਨਾਂ ਹੈ। ਅਰਸਤੂ ਨੇ ਵੀ ਇਹੋ ਆਖਿਆ ਸੀ ਕਿ ਪਰਾਣਹੀਨ ਵਸਤਾਂ ਵਿਚ ਆਦਤ ਦੀ ਹੋਂਦ ਨੂੰ ਨਹੀਂ ਮੰਨਿਆ ਜਾ ਸਕਦਾ।

          ਆਰਗੈਨਿਕ ਅਮਲ ਦੇ ਰੂਪ ਵਿਚ ਆਦਤ ਦੀ ਹੋਂਦ ਬਨਸਪਤੀਆਂ ਵਿਚ ਜ਼ਰੂਰ ਮੰਨੀ ਜਾਂਦੀ ਹੈ। ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਆਦਤ ਦਾ ਅਮਲ ਸੁਚੇਤ ਪ੍ਰਯਤਨ ਰਾਹੀਂ ਹੀ ਨਹੀਂ ਸਗੋਂ ਅਚੇਤ ਸਨਸਨੀ ਰਾਹੀਂ ਵੀ ਹੁੰਦਾ ਰਹਿੰਦਾ ਹੈ। ਇਹੀ ਗੱਲ ਕਿ ਆਦਤ ਦੇ ਅਮਲ ਅਚੇਤਤਾ ਨਾਲ ਕੀਤੇ ਜਾਂਦੇ ਹਨ, ਆਦਤ ਦਾ ਜੀਵ–ਵਿਗਿਆਨਕ ਜਾਂ ਸਰੀਰ–ਵਿਗਿਆਨਤ ਪੱਖ ਅਖਵਾਉਂਦਾ ਹੈ। ਜਦੋਂ ਅਸੀਂ ਕੋਈ ਆਦਤ ਬਣਾਉਣੀ ਸ਼ੁਰੂ ਕਰਦੇ ਹਾਂ ਤਾਂ ਪਹਿਲਾਂ ਤਾਂ ਉਸਦਾ ਅਮਲ ਹੌਲੀ ਹੌਲੀ ਧਿਆਨ ਨਾਲ, ਕੁਝ ਜਤਨ ਨਾਲ ਅਤੇ ਕੁਝ ਔਖ ਨਾਲ ਕੀਤਾ ਜਾਂਦਾ ਹੈ, ਪਰੰਤੂ ਵਾਰ ਵਾਰ ਕਰਨ ਦੇ ਸਿੱਟੇ ਵਜੋਂ ਇਹ ਅਮਲ ਸੌਖਿਆ ਹੀ ਹੋ ਜਾਂਦਾ ਹੈ। ਇਹ ਸੌਖ ਤੇ ਸਹਿਜੇ ਹੀ ਅਮਲ ਦਾ ਹੋ ਜਾਣਾ ਆਦਤ ਦਾ ਇਕ ਨਿਖੜਵਾਂ ਲੱਛਣ ਹੈ। ਇਹੀ ਸੌਖ ਤੇ ਸਹਿਜੇ ਨਾਲ ਹੋਣ ਦਾ ਅਮਲ ਆਦਤ ਨੂੰ ਸੁਚੇਤਤਾ ਦੇ ਘੇਰੇ ਤੋਂ ਦੂਰ ਲੈ ਜਾਂਦਾ ਹੈ। ਸੁਚੇਤਤਾ ਤਾਂ ਹੀ ਰਹਿੰਦੀ ਹੈ ਜੇ ਇਕ ਮਾਨਸਿਕ ਕਿਰਿਆ ਕੁਝ ਸਮੇਂ ਲਈ ਸਥਿਰ ਰਹੇ, ਪਰੰਤੂ ਜੇ ਇਕ ਮਾਨਸਿਕ ਕਿਰਿਆ ਦੇ ਬਿਲਕੁਲ ਮਗਰੋਂ ਅਰਥਾਤ ਉਸ ਦੇ ਨਾਲ ਹੀ ਉਸ ਦੀ ਥਾਂ ਦੂਸਰੀ ਮਾਨਸਿਕ ਕਿਰਿਆ ਲੈ ਲਵੇ ਤਾਂ ਮਾਨਸਿਕ ਸੁਚੇਤਤਾ ਨਿਖੜਵੀਂ ਨਹੀਂ ਰਹਿੰਦੀ। ਅਚੇਤ ਸਨਸਨੀ ਰਾਹੀਂ ਸੌਖੇ ਤੇ ਸਹਿਜੇ ਹੀ ਆਦਤ ਦੇ ਅਮਲ ਦਾ ਹੁੰਦੇ ਰਹਿਣਾ ਵਿਹਾਰਕ ਜੀਵਨ ਵਿਚ ਅਤਿ ਲਾਭਦਾਇਕ ਹੈ। ਬਾਹਰਲੀ ਦੁਨੀਆ ਦੀ ਸੂਝ ਲਈ ਵੀ ਅਚੇਤ ਸਨਸਨੀ ਦਾ ਉਪਰੋਕਤ ਕਾਰਜ ਮਹੱਤਵਪੂਰਨ ਹੈ। ਆਦਤ ਦਾ ਮਨੋਵਿਗਿਆਨਕ ਪੱਖ ਵੲਸ ਦੇ ਸਰੀਰ–ਵਿਗਿਆਨਕ ਪੱਖ ਤੋਂ ਕੁਝ ਵੱਖਰਾ ਹੈ। ਮਾਨਸਿਕ ਪੱਖ ਤੋਂ ਆਦਤ ਮਨ ਦੇ ਸੁਝਾਵ ਜਾਂ ਸਹਿਚਾਰ ਦੀਆਂ ਕਿਰਿਆਵਾਂ ਨਾਲ ਸਬੰਧ ਹੈ। ਮਨੋਵਿਗਿਆਨਕ ਪੱਖ ਤੋਂ ਆਦਤ ਸਾਡੇ ਨਾਲ ਲਗਾਤਾਰ ਵਾਪਰੀਆਂ ਘਟਨਾਵਾਂ ਦਾ ਫਲ ਹੈ। ਇਸ ਸਬੰਧ ਵਿਚ ਦੋ ਗੱਲਾਂ ਅਤਿ ਜ਼ਰੂਰੀ ਹਨ ਕਿ ਘਟਨਾ ਦਾ ਅਸਰ ਉਸ ਦੀ ਮੂਲ ਡੂੰਘਾਈ ਦੇ ਅਨੁਪਾਤ ਅਨੁਸਾਰ ਵੀ ਹੁੰਦਾ ਹੋਵੇ ਅਤੇ ਘਟਨਾ ਦੇ ਵਾਰ ਵਾਰ ਵਾਪਰਨ ਦੀ ਕਿਰਿਆ ਦੇ ਅਨੂਸਾਰ ਵੀ। ਇਸ ਅਸਰ ਦੀਆਂ ਇਹ ਦੋ ਸ਼ਰਤਾਂ ਆਦਤ ਦੇ ਅਮਲ ਵਿਚ ਵੀ ਜ਼ਰੂਰੀ ਹੁੰਦੀਆਂ ਹਨ। ਕਦੇ ਕਦੇ ਕੋਈ ਭਾਰੀ ਸਦਮਾਂ ਸਾਡੇ ਸੁਚੇਤ ਅਨੁਭਵ ਤੇ ਡੂੰਘੀ ਸੱਟ ਮਾਰਦਾ ਹੈ ਅਤੇ ਸਿੱਟੇ ਵਜੋਂ ਕੋਈ ਨਵੀਂ ਆਦਤ ਪੂਰੇ ਰੂਪ ਵਿਚ ਪ੍ਰਗਟ ਹੋ ਜਾਂਦੀ ਹੈ। ਅਜਿਹੀ ਆਦਤ ਦੀ ਸੂਰਤ ਵਿਚ ਵੀ ਇਹ ਜ਼ਰੂਰੀ ਹੈ ਕਿ ਉਹ ਮੁੜ ਮੁੜ ਵਾਪਰਦੀ ਰਹੇ, ਨਹੀਂ ਤਾਂ ਉਸ ਅਮਲ ਦਾ ਸੌਖ ਨਾਲ ਅਤੇ ਸਹਿਜੇ ਹੀ ਵਾਪਰਨਾ ਖ਼ਤਮ ਹੋ ਜਾਵੇਗਾ। ਜਮਾਂਦਰੂ ਰੁਚੀਆਂ ਵੀ ਖ਼ਤਮ ਹੋ ਜਾਂਦੀਆਂ ਹਨ, ਜੇ ਉਨ੍ਹਾਂ ਨੂੰ ਦੁਹਰਾਇਆ ਨਾ ਜਾਵੇ। ਸਦਾਚਾਰਕ ਅਤੇ ਧਾਰਮਿਕ ਆਦਤਾਂ ਨੂੰ ਵੀ ਉਸੇ ਆਰਗੈਨਿਕ ਢੰਗ ਨਾਲ ਪਕਾਉਣਾ ਚਾਹੀਦਾ ਹੈ ਜਿਸ ਤੋਂ ਸਾਰਾ ਜੀਵਨ ਵਿਕਸਿਤ ਹੋਇਆ ਹੈ।

          ਆਦਤਾਂ ਪੱਕ ਕੇ ਤਬੀਅਤਾ ਬਣ ਜਾਂਦੀਆਂ ਹਨ ਅਤੇ ਇਹ ਤਬੀਅਤਾਂ ਮਨੁੱਖ ਦੇ ਸੰਸਕਾਰੀ ਅਸਲੇ ਨਾਲੋਂ ਵਧੇਰੇ ਪੱਕੀਆਂ ਹੁੰਦੀਆਂ ਹਨ। ਜਮਾਂਦਰੂ ਪ੍ਰਵਿਰਤੀਆਂ ਇਕ ਦੂਜੀ ਦੀਆ ਵਿਰੋਧ ਵੀ ਹੋ ਸਕਦੀਆਂ ਹਨ, ਪਰ ਇਨ੍ਹਾਂ ਵਿਰੋਧੀ ਪ੍ਰਵਿਰਤੀਆਂ ਵਿਚਕਾਰ ਤਾਲਮੇਲ ਪੈਦਾ ਕਰਨ ਵਾਲੇ ਕਰਨ ਵਾਤਾਵਰਣ ਅਤੇ ਸਿਖਲਾਈ ਹਨ। ਇਹ ਕਾਰਨ ਇਸ ਗੱਲ ਦਾ ਫੈਸਲਾ ਕਰਦੇ ਹਨ ਕਿ ਕਿਹੜੀਆਂ ਕਿਹੜੀਆਂ ਪ੍ਰਵਿਰਤੀਆਂ ਨੇ ਅਮਲ ਰਾਹੀਂ ਆਦਤਾਂ ਬਣ ਜਾਣਾ ਹੈ।

          ਆਦਤ ਦਾ ਵਿਕਾਸ ਹੀ ਸਾਰੀ ਸਿੱਖਿਆ ਦਾ ਉਦੇਸ਼ ਹੈ। ਆਦਤ ਪੈਦਾ ਕਰਨ ਦੀ ਸਮਰੱਥਾ ਹੀ ਸਿੱਖਣ–ਯੋਗਤਾ ਹੈ। ਸਿੱਖਣ–ਯੋਗਤਾ ਦਾ ਅਰਥ ਕੇਵਲ ਨਵੀਆਂ ਆਦਤਾਂ ਬਣਾਉਣਾ ਹੀ ਨਹੀਂ, ਸਗੋਂ ਪੁਰਾਣੀਆਂ ਭੈੜੀਆਂ ਆਦਤਾਂ ਨੂੰ ਸੁਧਾਰਨਾ ਵੀ ਹੈ।

                                                                                          


ਲੇਖਕ : ਹਰੀ ਚੰਦ ਪ੍ਰਾਸ਼ਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਆਦਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਦਤ, (ਅਰਬੀ) / ਇਸਤਰੀ ਲਿੰਗ : ੧. ਬਾਣ, ਵਾਦੀ, ਸੁਭਾ, ੨. ਰੀਤ, ਵਰਤਾਰਾ, ਚਾਲ, (ਲਾਗੂ ਕਿਰਿਆ : ਪਾਉਣਾ, ਪੈਣਾ, ਪੈ ਜਾਣਾ, ਬਣਨਾ, ਹੋਣਾ)

–ਆਦਤ ਕਰਨਾ, ਮੁਹਾਵਰਾ : ਆਪਣੇ ਬਣੇ ਹੋਏ ਸੁਭਾ ਵਿਚ ਵਰਤਣਾ, ਆਪਣੀ, ਵਾਦੀ ਤੋਂ ਬਾਜ਼ ਨਾ ਰਹਿਣਾ

–ਆਦਤ ਤੋਂ ਨਾ ਪੈਣਾ, ਮੁਹਾਵਰਾ : ਆਪਣੀ ਆਦਤ ਕਰ ਕੇ ਰਹਿਣਾ

–ਆਦਤ ਬਣ ਜਾਣਾ, ਮੁਹਾਵਰਾ : ਸੁਭਾ ਪੱਕ ਜਾਣਾ, ਆਪਣੀ ਕਿਸੇ ਵਾਦੀ ਤੋਂ ਬਾਜ਼ ਨਾ ਰਹਿ ਸਕਣ ਦੀ ਹਾਲਤ ਨੂੰ ਪਹੁੰਚ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-03-29-57, ਹਵਾਲੇ/ਟਿੱਪਣੀਆਂ:

ਆਦਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਦਰ, (ਸੰਸਕ੍ਰਿਤ) / ਪੁਲਿੰਗ : ੧. ਇੱਜ਼ਤ ਨਾਲ ਪੇਸ਼ ਆਉਣ ਦਾ ਭਾਵ ਸਨਮਾਨ, ਸਤਿਕਾਰ ਅਦਬ, ਲਿਹਾਜ਼, ਇੱਜ਼ਤ, ਕਦਰ; ੨. ਆਗਤ ਭਾਗਤ, ਖਾਤਰ (ਲਾਗੂ ਕਿਰਿਆ : ਕਰਨਾ, ਦੇਣਾ, ਪਾਉਣਾ, ਮਿਲਣਾ)

–ਆਦਰਨਾ, ਕਿਰਿਆ ਸਕਰਮਕ : ਆਦਰ ਕਰਨਾ, ਇੱਜ਼ਤ ਕਰਨਾ, ਆਉ ਭਗਤ ਕਰਨਾ, ਖਿਦਮਤ ਕਰਨਾ, ਆਏ ਦੀ ਸੇਵਾ ਕਰਨਾ

–ਆਦਰ ਭਾ, ਆਦਰ ਭਾਉ, ਪੁਲਿੰਗ : ਸਨਮਾਨ, ਸਤਿਕਾਰ, ਖਾਤਰਦਾਰੀ, ਪ੍ਰੇਮ ਭਾਵਨਾ

–ਆਦਰ ਮਾਨ, ਪੁਲਿੰਗ : ਆਦਰ ਭਾਉ, ਇੱਜ਼ਤ ਸਨਮਾਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-03-30-36, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.