ਆਦੀਨਾ ਬੇਗ ਖ਼ਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਦੀਨਾ ਬੇਗ ਖ਼ਾਨ (ਦੇ. 1758) : ਕੁਝ ਮਹੀਨਿਆਂ ਲਈ 1758 ਈ. ਵਿਚ ਪੰਜਾਬ ਦਾ ਗਵਰਨਰ ਸੀ। ਫ਼ਾਰਸੀ ਦੇ ਇਕ ਅਣਪ੍ਰਕਾਸ਼ਿਤ ਖਰੜੇ ਅਹਵਾਲ-ਇ-ਆਦੀਨਾ ਬੇਗ ਖ਼ਾਨ ਅਨੁਸਾਰ ਇਹ ਇਕ ਚੰਨੂ , ਅਰਾਈਂ ਕਿਸਾਨ ਦਾ ਪੁੱਤਰ ਸੀ।ਅਰਾਈਂ ਆਮ ਤੌਰ ਤੇ ਪੰਜਾਬ ਦੇ ਦੁਆਬਾ ਖੇਤਰ ਵਿਚ ਸਥਾਪਿਤ ਸਨ। ਆਦੀਨਾ ਬੇਗ ਖ਼ਾਨ ਦਾ ਜਨਮ ਲਾਹੌਰ ਦੇ ਨੇੜੇ ਅਜੋਕੇ ਸ਼ੇਖੂਪੁਰਾ ਜ਼ਿਲੇ ਦੇ ਪਿੰਡ ਸ਼ਰਕਪੁਰ ਵਿਖੇ ਹੋਇਅ। ਆਦੀਨਾ ਬੇਗ ਦਾ ਪਾਲਣ-ਪੋਸ਼ਣ ਜਲਾਲਾਬਾਦ ਖ਼ਾਨਪੁਰ ਅਤੇ ਜਲੰਧਰ ਦੁਆਬ ਦੇ ਬਜਵਾੜਾ ਦੇ ਮੁਗਲ ਘਰਾਣਿਆਂ ਵਿਚ ਹੋਇਆ। ਇਸ ਨੇ ਆਪਣਾ ਕੰਮ-ਕਾਜੀ ਜੀਵਨ ਇਕ ਸਿਪਾਹੀ ਵਜੋਂ ਸ਼ੁਰੂ ਕੀਤਾ ਅਤੇ ਸੁਲਤਾਨਪੁਰ ਲੋਧੀ ਨੇੜੇ ਲੋਹੀਆਂ ਖੇਤਰ ਵਿਚ ਕੰਗ ਪਿੰਡ ਵਿਖੇ ਮਾਲੀਆ ਉਗਰਾਹੁਣ ਲਈ ਕਾਰਦਾਰ ਦੇ ਅਹੁਦੇ ਤਕ ਜਾ ਪਹੁੰਚਾ। ਪਹਿਲਾਂ ਇਸ ਨੇ ਕੰਗ ਖੇਤਰ ਦੇ ਅੱਧੀ ਦਰਜਨ ਪਿੰਡ ਪਟੇ ਤੇ ਲਏ ਅਤੇ ਮਗਰੋਂ ਇਕ ਸਾਲ ਵਿਚ ਹੀ ਸਾਰਾ ਕੰਗ-ਖੇਤਰ ਪਟੇ ਤੇ ਲੈ ਲਿਆ। ਕੁਝ ਸਮੇਂ ਪਿੱਛੋਂ ਲਾਹੌਰ ਦੇ ਸੂਬੇਦਾਰ ਨਵਾਬ ਜ਼ਕਰੀਆ ਖ਼ਾਨ ਨੇ ਇਸ ਨੂੰ ਸੁਲਤਾਨਪੁਰ ਲੋਧੀ ਦਾ ਫ਼ੌਜਦਾਰ ਥਾਪ ਦਿੱਤਾ। ਨਾਦਿਰ ਸ਼ਾਹ ਦੇ ਹਮਲੇ (1739) ਪਿੱਛੋਂ ਜਦੋਂ ਸਿੱਖ ਸ਼ਕਤੀਸ਼ਾਲੀ ਹੋਣ ਲਗੇ ਤਾਂ ਜ਼ਕਰੀਆ ਖ਼ਾਨ ਨੇ ਆਦੀਨਾ ਬੇਗ ਖ਼ਾਨ ਨੂੰ ਸਿੱਖਾਂ ਨੂੰ ਦਬਾਉਣ ਲਈ ਜਲੰਧਰ ਦੁਆਬ ਦਾ ਨਾਜ਼ਮ (ਪ੍ਰਬੰਧਕ) ਲਗਾ ਦਿੱਤਾ। ਚਲਾਕ ਆਦੀਨਾ ਬੇਗ ਖ਼ਾਨ ਨੇ ਆਪਣਾ ਅਹੁਦਾ ਕਾਇਮ ਰੱਖਣ ਲਈ ਸਿੱਖਾਂ ਨੂੰ ਦਬਾਉਣ ਦੀ ਥਾਂ ਉਹਨਾਂ ਨੂੰ ਅੰਦਰੋ ਅੰਦਰੀ ਚੁੱਕਦਾ ਰਿਹਾ। ਪਰ ਜ਼ਕਰੀਆ ਖ਼ਾਨ ਵਲੋਂ ਜ਼ੋਰ ਪੈਣ ਤੇ ਇਸ ਨੂੰ ਆਪਣੇ ਇਲਾਕੇ ਵਿਚੋਂ ਸਿੱਖਾਂ ਨੂੰ ਬੇਦਖਲ ਕਰਨਾ ਪਿਆ। ਫੇਰ ਵੀ ਆਦੀਨਾ ਬੇਗ ਨੂੰ ਸਰਕਾਰੀ ਖਜ਼ਾਨੇ ਦੀ ਪੂਰੀ ਰਕਮ ਨਾ ਜਮ੍ਹਾਂ ਕਰਾਉਣ ਦੇ ਦੋਸ਼ ਵਿਚ ਕੈਦ ਕਰ ਲਿਆ ਗਿਆ ਅਤੇ ਤਸੀਹੇ ਵੀ ਦਿੱਤੇ ਗਏ। ਇਕ ਸਾਲ ਪਿੱਛੋਂ ਰਿਹਾਈ ਉਪਰੰਤ ਇਸ ਨੂੰ ਸ਼ਾਹ ਨਵਾਜ ਖ਼ਾਨ ਅਧੀਨ ਉਪ ਨਾਜ਼ਮ ਨਿਯੁਕਤ ਕੀਤਾ ਗਿਆ। 1 ਜੁਲਾਈ 1745 ਨੂੰ ਜ਼ਕਰੀਆ ਖ਼ਾਨ ਦੀ ਮੌਤ ਪਿੱਛੋਂ ਉਸ ਦੇ ਪੁੱਤਰਾਂ ਯਾਹੀਆ ਖ਼ਾਨ ਅਤੇ ਸ਼ਾਹ ਨਵਾਜ਼ ਖ਼ਾਨ ਵਿਚਕਾਰ ਲਾਹੌਰ ਦੀ ਨਜ਼ਾਮਤ ਪ੍ਰਾਪਤ ਕਰਨ ਲਈ ਦੌੜ ਲੱਗ ਪਈ। ਆਦੀਨਾ ਬੇਗ ਨੇ ਚਤੁਰਾਈ ਨਾਲ ਦੋਹਾਂ ਭਰਾਵਾਂ ਨਾਲ ਚੰਗੇ ਸੰਬੰਧ ਬਣਾਈ ਰਖੇ। ਸ਼ਾਹ ਨਵਾਜ਼ ਖ਼ਾਨ ਨੇ ਲਾਹੌਰ ਉਪਰ ਕਬਜ਼ਾ ਕਰਨ ਮਗਰੋਂ ਆਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਫ਼ੌਜਦਾਰ ਨਿਯੁਕਤ ਕਰ ਦਿੱਤਾ। ਇਸੇ ਦੌਰਾਨ ਨਾਦਿਰ ਸ਼ਾਹ ਦੀ 19 ਜੂਨ 1747 ਨੂੰ ਮੌਤ ਉਪਰੰਤ ਅਹਮਦ ਸ਼ਾਹ ਦੁੱਰਾਨੀ ਕਾਬਲ ਅਤੇ ਕੰਧਾਰ ਦਾ ਬਾਦਸ਼ਾਹ ਬਣ ਗਿਆ। ਸ਼ਾਹ ਨਵਾਜ਼ ਨੇ ਆਦੀਨਾ ਬੇਗ ਦੀ ਸਲਾਹ ਤੇ ਅਹਮਦ ਸ਼ਾਹ ਦੁਰਾੱਨੀ ਨੂੰ ਪੰਜਾਬ ਉਪਰ ਹਮਲਾ ਕਰਨ ਲਈ ਸੱਦਾ ਦਿੱਤਾ ਪਰ ਨਾਲ ਹੀ ਦੁੱਰਾਨੀ ਦੇ ਹਮਲੇ ਦੀ ਯੋਜਨਾ ਬਾਰੇ ਦਿੱਲੀ ਦੀ ਮੁਗ਼ਲ ਸਰਕਾਰ ਨੂੰ ਵੀ ਸੁਚੇਤ ਕਰ ਦਿੱਤਾ। ਅਹਮਦ ਸ਼ਾਹ ਜਦੋਂ ਲਾਹੌਰ ਵੱਲ ਵਧਿਆ ਤਾਂ ਸ਼ਾਹ ਨਵਾਜ਼ ਦਿੱਲੀ ਨੂੰ ਭੱਜ ਗਿਆ। ਮੁਗ਼ਲ ਦਰਬਾਰ ਦੇ ਵਜ਼ੀਰ ਕਮਰ ਉਦ-ਦੀਨ ਦਾ ਲੜਕਾ , ਮੁਈਨ ਉਲ-ਮੁਲਕ ਉਰਫ਼ ਮੀਰ ਮੰਨੂੰ ਸਰਹਿੰਦ ਦੇ ਨੇੜੇ ਮਾਨੂਪੁਰ ਵਿਖੇ ਅਹਮਦ ਸ਼ਾਹ ਨੂੰ ਰੋਕਣ ਵਿਚ ਸਫ਼ਲ ਹੋ ਗਿਆ। ਇਸ ਸਮੇਂ ਆਦੀਨਾ ਬੇਗ ਮੁਈਨ ਉਲ-ਮੁਲਕ ਨਾਲ ਰਲ ਗਿਆ ਅਤੇ ਮਾਨੂਪੁਰ ਦੀ ਲੜਾਈ ਵਿਚ ਜ਼ਖਮੀ ਹੋਇਆ। ਅਹਮਦ ਸ਼ਾਹ ਦੇ ਹਾਰ ਕੇ ਕਾਬਲ ਵੱਲ ਪਰਤ ਜਾਣ ਉਪਰੰਤ ਮੁਈਨ ਉਲ-ਮੁਲਕ ਨੂੰ ਲਾਹੌਰ ਦਾ ਨਾਜ਼ਮ ਨਿਯੁਕਤ ਕਰ ਦਿੱਤਾ ਗਿਆ। ਉਸ ਨੇ ਕੌੜਾ ਮੱਲ ਨੂੰ ਆਪਣਾ ਦੀਵਾਨ ਬਣਾ ਲਿਆ ਅਤੇ ਆਦੀਨਾ ਬੇਗ ਨੂੰ ਪਹਿਲਾਂ ਵਾਂਗ ਜਲੰਧਰ ਦੁਆਬ ਦਾ ਫ਼ੌਜਦਾਰ ਬਣਿਆ ਰਹਿਣ ਦਿੱਤਾ। ਅਹਮਦ ਸ਼ਾਹ ਦੁੱਰਾਨੀ ਨੇ ਦਸੰਬਰ 1751 ਈਸਵੀ ਵਿਚ ਤੀਜੀ ਵਾਰ ਪੰਜਾਬ ਤੇ ਹਮਲਾ ਕੀਤਾ। ਇਸ ਵਾਰ ਮੁਈਨ ਉਲ-ਮੁਲਕ ਨੂੰ ਅਹਮਦ ਸ਼ਾਹ ਦੁੱਰਾਨੀ ਦੀ ਈਨ ਮੰਨਣੀ ਪਈ। ਦੁੱਰਾਨੀ ਨੇ ਮੁਈਨ ਨੂੰ ਆਪਣੇ ਵੱਲੋਂ ਹੀ ਲਾਹੌਰ ਦਾ ਨਾਜ਼ਮ ਮੰਨ ਲਿਆ। ਮੀਰ ਮੰਨੂੰ ਅਤੇ ਆਦੀਨਾ ਬੇਗ ਨੇ ਆਪਣੀ ਸ਼ਕਤੀ ਸਿੱਖਾਂ ਨੂੰ ਦਬਾਉਣ ਵਲ ਲਾ ਦਿੱਤੀ। ਮਾਰਚ 1753 ਦੇ ਹੋਲੇ ਮਹੱਲੇ ਦੇ ਅਵਸਰ ਤੇ ਆਦੀਨਾ ਬੇਗ ਨੇ ਆਨੰਦਪੁਰ ਵਿਖੇ ਸਿੱਖਾਂ ਦੇ ਭਰਵੇਂ ਇਕੱਠ ਉੱਪਰ ਹਮਲਾ ਕਰਕੇ ਭਾਰੀ ਗਿਣਤੀ ਵਿਚ ਸਿੱਖ ਕਤਲ ਕਰ ਦਿੱਤੇ। ਸਿੱਖਾਂ ਨੇ ਬਦਲਾ ਲੈਣ ਲਈ ਜਲੰਧਰ ਅਤੇ ਬਾਰੀ ਦੁਆਬਾਂ ਵਿਚ ਪਿੰਡਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਆਦੀਨਾ ਬੇਗ ਜਿਵੇਂ ਜਲਦੀ ਹੀ ਦੁਸ਼ਮਣੀ ਮੁੱਲ ਲੈਂਦਾ ਸੀ ਉਵੇਂ ਹੀ ਸਮਝੌਤਾ ਕਰਨ ਵਿਚ ਵੀ ਬਹੁਤ ਤੇਜ਼ ਸੀ। ਇਸ ਨੇ ਆਪਣੇ ਇਲਾਕੇ ਦੇ ਮਾਲੀਆ ਦਾ ਕੁੱਝ ਹਿੱਸਾ ਸਿੱਖਾਂ ਨਾਲ ਵੰਡਣਾ ਮੰਨ ਲਿਆ ਅਤੇ ਕਈ ਹੋਰਾਂ ਸਮੇਤ ਜੱਸਾ ਸਿੰਘ ਰਾਮਗੜ੍ਹੀਆ ਨੂੰ ਆਪਣੀ ਫ਼ੌਜ ਵਿਚ ਸ਼ਾਮਲ ਕਰ ਲਿਆ।

    ਮੁਈਨ ਉਲ-ਮੁਲਕ ਦੀ 3 ਨਵੰਬਰ, 1753 ਨੂੰ ਮੌਤ ਹੋ ਗਈ ਅਤੇ ਇਸ ਦੀ ਵਿਧਵਾ ਮੁਰਾਦ ਬੇਗਮ ਉਰਫ਼ ਮੁਗਲਾਨੀ ਬੇਗਮ ਦੇ ਸਮੇਂ ਵਿਚ ਆਦੀਨਾ ਬੇਗ ਨੇ ਜਲੰਧਰ ਦੁਆਬ ਵਿਚ ਲਗਭਗ ਸੁਤੰਤਰ ਰਾਜ ਹੀ ਬਣਾ ਲਿਆ ਅਤੇ ਆਪਣਾ ਪ੍ਰਭਾਵ ਸਰਹਿੰਦ (ਮਾਰਚ 1755) ਤਕ ਵਧਾ ਲਿਆ। ਦਿੱਲੀ ਦੇ ਬਾਦਸ਼ਾਹ ਵੱਲੋਂ ਇਸ ਨੂੰ ਜਫ਼ਰ ਜੰਗ ਖਾਂ ਦਾ ਖ਼ਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਕਾਂਗੜੇ ਦੇ ਪਹਾੜੀ ਰਾਜੇ ਨੇ ਇਸਦੀ ਪ੍ਰਮੁੱਖਤਾ ਮੰਨ ਲਈ। ਮਈ 1756 ਵਿਚ ਇਸ ਨੂੰ ਦਿੱਲੀ ਦੀ ਮੁਗਲ ਸਰਕਾਰ ਵਲੋਂ ਸਾਲਾਨਾ 30 ਲੱਖ ਦੇ ਖ਼ਿਰਾਜ ਦੇਣ ਤੇ ਲਾਹੌਰ ਤੇ ਮੁਲਤਾਨ ਦੀਆਂ ਸਰਕਾਰਾਂ ਦਾ ਨਾਜ਼ਮ ਮੰਨ ਲਿਆ ਗਿਆ। ਕੁਝ ਹੀ ਸਮੇਂ ਪਿੱਛੋਂ ਅਹਿਮਦ ਸ਼ਾਹ ਦੁੱਰਾਨੀ ਮੁਗਲਾਨੀ ਬੇਗਮ ਦੀ ਮਦਦ ਲਈ ਪੰਜਾਬ ਆਇਆ ਤਾਂ ਆਦੀਨਾ ਬੇਗ ਨੇ ਸ਼ਿਵਾਲਿਕ ਪਹਾੜੀਆਂ ਵਿਚ ਜਾ ਸ਼ਰਨ ਲਈ। ਅਫ਼ਗਾਨਾਂ ਨੇ ਮੁੜ ਇਸ ਨੂੰ ਜਲੰਧਰ ਦੁਆਬ ਦਾ ਫ਼ੌਜਦਾਰ ਨਿਯੁਕਤ ਕਰ ਦਿੱਤਾ। ਤੈਮੂਰ ਸ਼ਾਹ ਦੀ ਲਾਹੌਰ ਦੀ ਨਜ਼ਾਮਤ (1757-58) ਦੇ ਸਮੇਂ ਆਦੀਨਾ ਬੇਗ ਨੇ ਅਫ਼ਗਾਨਾਂ ਨੂੰ ਕੱਢਣ ਲਈ ਸੰਗੀ-ਸਾਥੀ ਲਭਣੇ ਸ਼ੁਰੂ ਕਰ ਦਿੱਤੇ। ਇਸ ਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ ਅਤੇ ਇਸ ਪ੍ਰਕਾਰ ਤਕੜੀ ਸੈਨਿਕ ਵਹੀਰ ਇਕੱਠੀ ਕਰਕੇ ਆਦੀਨਾ ਬੇਗ ਅਤੇ ਸਿੱਖਾਂ ਨੇ ਮਾਹਲਪੁਰ (ਜ਼ਿਲਾ ਹੁਸ਼ਿਆਰਪੁਰ) ਵਿਖੇ ਅਫ਼ਗਾਨਾਂ ਨੂੰ ਤਕੜੀ ਹਾਰ ਦਿੱਤੀ।ਉਪਰੰਤ ਆਦੀਨਾ ਬੇਗ ਨੇ ਇਕ ਹਜ਼ਾਰ ਰੁਪਏ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਕਰਕੇ ਅਤੇ ਜਲੰਧਰ ਦੁਆਬ ਲਈ ਸਵਾ ਲੱਖ ਰਾਖੀ ਵਜੋਂ ਦੇ ਕੇ ਸਿੱਖਾਂ ਪ੍ਰਤੀ ਆਪਣੀ ਕ੍ਰਿਤਗਤਾ ਪ੍ਰਗਟ ਕੀਤੀ। ਆਦੀਨਾ ਬੇਗ ਸਿੱਖ ਸਰਦਾਰਾਂ ਨਾਲ ਗੱਠ-ਜੋੜ ਦਾ ਭਰਮ ਬਣਾਈ ਰੱਖਣਾ ਤਾਂ ਚਾਹੁੰਦਾ ਸੀ ਪਰ ਨਾਲ ਹੀ ਉਹ ਉਹਨਾਂ ਦੇ ਪੰਜਾਬ ਵਿਚ ਪ੍ਰਭਾਵੀ ਸ਼ਕਤੀ ਬਣਨ ਵਿਚ ਰੁਕਾਵਟਾਂ ਪਾਉਂਦਾ ਸੀ। ਇਸੇ ਲਈ ਇਸ ਨੇ ਮਰਾਠਿਆਂ ਨੂੰ ਦਿੱਲੀ ਦੀ ਜਿੱਤ ਉਪਰੰਤ ਪੰਜਾਬ ਆਉਣ ਦਾ ਸੱਦਾ ਦੇ ਦਿੱਤਾ ਅਤੇ ਨਾਲ ਹੀ ਉਹਨਾਂ ਨੂੰ ਰੋਜ਼ਾਨਾ ਇਕ ਲੱਖ ਰੁਪਏ ਦੇਣ ਦਾ ਵਾਅਦਾ ਵੀ ਕੀਤਾ। ਇਸ ਨੇ ਸਿੱਖਾਂ ਨੂੰ ਵੀ ਅਫ਼ਗਾਨਾਂ ਵਿਰੁੱਧ ਮਰਾਠਿਆਂ ਦੀ ਸਹਾਇਤਾ ਲਈ ਪ੍ਰੇਰਿਆ। ਉਸ ਸਮੇਂ ਮਰਾਠਿਆਂ ਦੀ ਅਗਵਾਈ ਰਘੁਨਾਥ ਰਾਓ ਕਰ ਰਿਹਾ ਸੀ। ਮਰਾਠੇ, ਸਿੱਖ ਅਤੇ ਆਦੀਨਾ ਬੇਗ ਅਪ੍ਰੈਲ 1758 ਵਿਚ ਲਾਹੌਰ ਦਾਖਲ ਹੋ ਗਏ। ਆਦੀਨਾ ਬੇਗ ਨੇ 75 ਲੱਖ ਸਾਲਾਨਾ ਮਰਾਠਿਆਂ ਨੂੰ ਦੇਣਾ ਮੰਨ ਕੇ ਉਹਨਾਂ ਤੋਂ ਪੰਜਾਬ ਦੀ ਸੂਬੇਦਾਰੀ ਪ੍ਰਾਪਤ ਕਰ ਲਈ। ਹੁਣ ਪੰਜਾਬ ਦੇ ਤਿੰਨ ਮਾਲਕ ਸਨ: ਮੁਗਲ, ਅਫ਼ਗਾਨ ਅਤੇ ਮਰਾਠੇ। ਪਰੰਤੂ ਅਸਲ ਮਾਲਕ ਆਦੀਨਾ ਬੇਗ ਅਤੇ ਸਿੱਖ ਹੀ ਸਨ। ਆਦੀਨਾ ਬੇਗ ਆਪਣਾ ਕੋਈ ਵਿਰੋਧੀ ਸਹਿਣ ਨਹੀਂ ਕਰ ਸਕਦਾ ਸੀ ਇਸ ਲਈ ਇਸ ਨੇ ਸਿੱਖਾਂ ਦੇ ਵਿਰੁੱਧ ਮੁਹਿੰਮ ਵਿੱਢ ਦਿੱਤੀ ਅਤੇ ਆਪਣੀ ਫ਼ੌਜੀ ਸ਼ਕਤੀ ਵਧਾ ਲਈ। ਸਿੱਖਾਂ ਦੇ ਜੰਗਲਾਂ ਵਿਚ ਗੁਪਤ ਟਿਕਾਣੇ ਨਾਸ਼ ਕਰਨ ਲਈ ਹਜ਼ਾਰਾਂ ਲਕੜਹਾਰੇ ਦਰਖ਼ਤ ਕੱਟਣ ਲਈ ਲਾ ਲਏ। ਨਾਲ ਹੀ ਰਾਮ ਰੌਣੀ (ਅੰਮ੍ਰਿਤਸਰ) ਦੀ ਗੜ੍ਹੀ ਦਾ ਘੇਰਾ ਘੱਤ ਲਿਆ। ਪਰ ਸਿੱਖਾਂ ਨਾਲ ਟਾਕਰੇ ਤੋਂ ਪਹਿਲਾਂ ਹੀ ਆਦੀਨਾ ਬੇਗ 10 ਸਤੰਬਰ 1758 ਨੂੰ ਬਟਾਲਾ ਵਿਖੇ ਸੂਲ ਦੇ ਦਰਦ ਨਾਲ ਮਰ ਗਿਆ। ਇਸ ਦਾ ਮ੍ਰਿਤਕ ਸਰੀਰ ਇਸ ਦੀ ਇੱਛਾ ਅਨੁਸਾਰ ਹੁਸ਼ਿਆਰਪੁਰ ਤੋਂ ਦੋ ਕਿਲੋਮੀਟਰ ਉੱਤਰ ਵੱਲ ਖ਼ਾਨਪੁਰ ਦੇ ਸਥਾਨ ਦੇ ਦਫ਼ਨਾ ਦਿੱਤਾ ਗਿਆ।


ਲੇਖਕ : ਭ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.