ਆਧੁਨਿਕੀਕਰਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਆਧੁਨਿਕੀਕਰਨ : ਸਾਰੇ ਸਮਾਜਿਕ ਵਿਗਿਆਨਾਂ ਨੇ ਅਜੋਕੇ ਸਮਾਜ ਵਿੱਚ ਆਧੁਨਿਕੀਕਰਨ (Modernisation) ਦੀ ਪ੍ਰਕਿਰਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਅਰਥ-ਵਿਗਿਆਨੀ ਆਧੁਨਿਕੀਕਰਨ ਦੀ ਪਰਿਭਾਸ਼ਾ ਕਰਨ ਲੱਗਿਆਂ ਮੁੱਖ ਤੌਰ ’ਤੇ ਇਸ ਗੱਲ ਉੱਪਰ ਜ਼ੋਰ ਦਿੰਦੇ ਹਨ ਕਿ ਮਨੁੱਖ ਨੇ ਕੁਦਰਤੀ ਸਾਧਨਾਂ ਉੱਪਰ ਟੈਕਨਾਲੋਜੀ ਰਾਹੀਂ ਨਿਯੰਤਰਨ ਕਰਕੇ ਕਿਵੇਂ ਆਰਥਿਕ ਖ਼ੁਸ਼ਹਾਲੀ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ। ਰਾਜਨੀਤੀ-ਵਿਗਿਆਨੀਆਂ ਨੇ ਇਸ ਪੱਖ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ ਕਿ ਆਧੁਨਿਕ ਰਾਜਾਂ ਨੇ ਕਿਸ ਤਰ੍ਹਾਂ ਦੀਆਂ ਨੀਤੀਆਂ ਅਪਣਾ ਕੇ ਸਮਾਜਾਂ ਵਿੱਚ ਵਿਕਾਸ ਦੀਆਂ ਪ੍ਰਕਿਰਿਆਵਾਂ ਨੂੰ ਤੇਜ਼ ਕਰਨ ਦਾ ਯਤਨ ਕੀਤਾ ਹੈ। ਮਾਨਵ-ਵਿਗਿਆਨੀ ਅਤੇ ਸਮਾਜ-ਵਿਗਿਆਨੀ ਆਧੁਨਿਕੀਕਰਨ ਦੀ ਵਿਆਖਿਆ ਕਰਦੇ ਹੋਏ ਆਧੁਨਿਕ ਸਮਾਜਾਂ ਵਿੱਚ ਵਿਭੇਦੀਕਰਨ ਦੀ ਪ੍ਰਕਿਰਿਆ ਵੱਲ ਵਧੇਰੇ ਧਿਆਨ ਦਿੰਦੇ ਹਨ। ਉਹਨਾਂ ਨੇ ਇਹ ਗੱਲ ਪਤਾ ਲਗਾਉਣ ਦਾ ਯਤਨ ਕੀਤਾ ਹੈ ਕਿ ਆਧੁਨਿਕ ਸਮਾਜਾਂ ਵਿੱਚ ਕਿਵੇਂ ਨਵੀਆਂ ਸੰਰਚਨਾਵਾਂ ਉੱਭਰ ਰਹੀਆਂ ਹਨ ਅਤੇ ਸਮਾਜ ਵਿੱਚ ਕਿਹੜੇ ਨਵੇਂ ਕਾਰਜ ਕਰ ਰਹੀਆਂ ਹਨ। ਸਮਾਜ-ਵਿਗਿਆਨੀਆਂ ਨੇ ਸਮਾਜਿਕ ਸੰਰਚਨਾ ਵਿੱਚ ਆ ਰਹੇ ਪਰਿਵਰਤਨਾਂ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਹੈ ਜੋ ਨਵੇਂ ਕਿੱਤਿਆਂ, ਨਵੀਂ ਸਿੱਖਿਆ ਪ੍ਰਨਾਲੀ ਅਤੇ ਨਵੀਆਂ ਸਮੁਦਾਵਾਂ ਵਜੋਂ ਵਾਪਰਦੇ ਹਨ। ਸਮਾਜ-ਵਿਗਿਆਨੀਆਂ ਨੇ ਆਧੁਨਿਕੀਕਰਨ ਦੇ ਕੁਝ ਵਿਘਟਨਕਾਰੀ ਪੱਖਾਂ ਵੱਲ ਵੀ ਧਿਆਨ ਦਿੱਤਾ ਹੈ ਜਿਵੇਂ ਵੱਧ ਰਹੇ ਤਣਾਅ, ਮਾਨਸਿਕ ਬਿਮਾਰੀਆਂ, ਹਿੰਸਾ, ਤਲਾਕ, ਪਰਵਾਰਾਂ ਦਾ ਕਮਜ਼ੋਰ ਪੈਣਾ ਆਦਿ।

ਹਨਟਿੰਗਟਨ ਨੇ ਆਧੁਨਿਕੀਕਰਨ ਦੀ ਪ੍ਰਕਿਰਿਆ ਦੇ ਨੌਂ ਮੁੱਖ ਲੱਛਣ ਦੱਸੇ ਹਨ ਜੋ ਆਮ ਤੌਰ ’ਤੇ ਸਾਰੇ ਵਿਦਵਾਨਾਂ ਦੁਆਰਾ ਸ੍ਵੀਕਾਰ ਕੀਤੇ ਜਾਂਦੇ ਹਨ। ਇਹ ਲੱਛਣ ਹਨ :

1.        ਆਧੁਨਿਕੀਕਰਨ ਇੱਕ ਕ੍ਰਾਂਤੀਕਾਰੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਜੋਂ ਪੇਂਡੂ ਸੱਭਿਅਤਾ ਦੀ ਥਾਂ ’ਤੇ ਸ਼ਹਿਰੀ ਸੱਭਿਅਤਾ ਵਧੇਰੇ ਮਹੱਤਵਪੂਰਨ ਹੋ ਰਹੀ ਹੈ, ਜਿਸ ਦਾ ਸਿੱਟਾ ਇਹ ਹੈ ਕਿ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪੱਖਾਂ ਵਿੱਚ ਚੌਖੇ ਪਰਿਵਰਤਨ ਆਏ ਹਨ।

2.       ਆਧੁਨਿਕੀਕਰਨ ਇੱਕ ਜਟਿਲ ਅਤੇ ਬਹੁਪੱਖੀ ਪ੍ਰਕਿਰਿਆ ਹੈ। ਇਸ ਦੁਆਰਾ ਗਿਆਨ, ਵਿਹਾਰ ਅਤੇ ਸੰਸਥਾਵਾਂ ਵਿੱਚ ਬਹੁਤ ਮਹੱਤਵਪੂਰਨ ਪਰਿਵਰਤਨ ਹੋਏ ਹਨ।

3.       ਆਧੁਨਿਕੀਕਰਨ ਇੱਕ ਪ੍ਰਨਾਲੀਬੱਧ ਪ੍ਰਕਿਰਿਆ ਹੈ। ਸਮਾਜ ਦੇ ਕਿਸੇ ਇੱਕ ਪੱਖ ਵਿੱਚ ਪਰਿਵਰਤਨ ਦੂਜੇ ਪੱਖਾਂ ਉੱਪਰ ਡੂੰਘਾ ਪ੍ਰਭਾਵ ਪਾਉਂਦਾ ਹੈ ਕਿਉਂਕਿ ਸਾਰੇ ਸਮਾਜਿਕ ਪੱਖ ਇੱਕ ਦੂਜੇ ਨਾਲ ਇੱਕ ਵਿਸ਼ੇਸ਼ ਵਿਵਸਥਾ ਰਾਹੀਂ ਜੁੜੇ ਹੁੰਦੇ ਹਨ।

4.       ਇਹ ਪੂਰੀ ਦੁਨੀਆ ਵਿੱਚ ਵਾਪਰ ਰਹੀ ਪ੍ਰਕਿਰਿਆ ਹੈ। ਕੋਈ ਵੀ ਵਿਚਾਰ ਜਾਂ ਤਕਨੀਕ ਭਾਵੇਂ ਕਿਸੇ ਇੱਕ ਦੇਸ ਵਿੱਚ ਜਨਮ ਲਵੇ ਪਰ ਉਹ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ।

5.       ਇਹ ਬੜੀ ਲੰਮੀ ਪ੍ਰਕਿਰਿਆ ਹੈ। ਅਜਿਹਾ ਕੋਈ ਸਾਧਨ ਹੋਂਦ ਵਿੱਚ ਨਹੀਂ ਆਇਆ, ਜਿਸ ਰਾਹੀਂ ਥੋੜ੍ਹੇ ਸਮੇਂ ਵਿੱਚ ਕਿਸੇ ਦੇਸ ਜਾਂ ਸਮਾਜ ਵਿੱਚ ਆਧੁਨਿਕੀਕਰਨ ਲਿਆਂਦਾ ਜਾ ਸਕੇ।

6.       ਇਹ ਕਈ ਪੜਾਵਾਂ ਵਿੱਚ ਹੋਣ ਵਾਲੀ ਪ੍ਰਕਿਰਿਆ ਹੈ। ਇਤਿਹਾਸਿਕ ਅਨੁਭਵ ਤੋਂ ਇਹੋ ਪਤਾ ਚੱਲਦਾ ਹੈ ਕਿ ਕੋਈ ਵੀ ਪਰੰਪਰਾਗਤ ਸਮਾਜ ਕਈ ਪੜਾਵਾਂ ਵਿੱਚੋਂ ਲੰਘ ਕੇ ਆਧੁਨਿਕ ਸਮਾਜ ਬਣਦਾ ਹੈ।

7.       ਆਪਣੀ ਆਖਰੀ ਸ਼ਕਲ ਵਿੱਚ ਇਹ ਸਮਰੂਪਤਾ ਲਿਆਉਣ ਵਾਲੀ ਪ੍ਰਕਿਰਿਆ ਹੈ। ਜਦੋਂ ਆਧੁਨਿਕੀਕਰਨ ਆਪਣੇ ਵਿਕਸਿਤ ਚਰਨ ਵਿੱਚ ਪਹੁੰਚ ਜਾਂਦਾ ਹੈ ਤਾਂ ਆਧੁਨਿਕ ਸਮਾਜਾਂ ਵਿੱਚ ਅੰਤਰ ਘੱਟ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਇਕਸੁਰਤਾ ਆ ਜਾਂਦੀ ਹੈ।

8.       ਆਧੁਨਿਕੀਕਰਨ ਦੀ ਪ੍ਰਕਿਰਿਆ ਨੂੰ ਪਲਟਾਇਆ ਨਹੀਂ ਜਾ ਸਕਦਾ। ਕੁਝ ਕੁ ਖ਼ਰਾਬੀਆਂ ਅਤੇ ਗੜਬੜੀਆਂ ਦੇ ਬਾਵਜੂਦ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ ਅਤੇ ਇਸ ਨੂੰ ਕੋਈ ਵੀ ਸਮਾਜ ਤਿਆਗ ਨਹੀਂ ਸਕਦਾ।

9.       ਇਹ ਪ੍ਰਗਤੀ ਵੱਲ ਲਿਜਾਣ ਵਾਲੀ ਪ੍ਰਕਿਰਿਆ ਹੈ ਜੋ ਲੰਮੇ ਸਮੇਂ ਵਿੱਚ ਸਮਾਜ ਨੂੰ ਮਨੁੱਖ ਖ਼ੁਸ਼ਹਾਲੀ ਅਤੇ ਸੰਸਕ੍ਰਿਤਿਕ ਉਚਤਾ ਵੱਲ ਲੈ ਜਾਂਦੀ ਹੈ।

ਐੱਸ.ਸੀ. ਦੂਬੇ ਅਨੁਸਾਰ ਉੱਪਰ ਦੱਸੀਆਂ ਵਿਸ਼ੇਸ਼ਤਾਵਾਂ ਤੋਂ ਇਲਾਵਾ ਆਧੁਨਿਕੀਕਰਨ ਦੀਆਂ ਤਿੰਨ ਹੋਰ ਵਿਸ਼ੇਸ਼ਤਾਵਾਂ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ। ਇਹ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ :

1.        ਇਹ ਤਕਲੀਫ਼ ਦੇਣ ਵਾਲੀ ਪ੍ਰਕਿਰਿਆ ਹੈ। ਇਸ ਦੀ ਨੀਂਹ ਸਮਾਜ ਦੇ ਕਈ ਵਰਗਾਂ ਦੇ ਸ਼ੋਸ਼ਣ ਉੱਪਰ ਰੱਖੀ ਗਈ ਹੈ। ਇਸ ਕਾਰਨ ਹੋਈਆਂ ਪ੍ਰਾਪਤੀਆਂ ਦੇ ਬਾਵਜੂਦ ਇਸ ਨੇ ਸਮਾਜ ਨੂੰ ਕਈ ਕਿਸਮ ਦੀਆਂ ਪਰੇਸ਼ਾਨੀਆਂ ਵੀ ਦਿੱਤੀਆਂ ਹਨ।

2.       ਇਹ ਬਹੁ-ਰੇਖੀ ਪ੍ਰਕਿਰਿਆ ਹੈ। ਇਤਿਹਾਸਿਕ ਅਨੁਭਵ ਇਹ ਸੰਕੇਤ ਕਰਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ ਆਧੁਨਿਕੀਕਰਨ ਲਈ ਸਾਰੇ ਸਮਾਜਾਂ ਦੀ ਰਾਹ ਇੱਕ ਹੀ ਹੋਵੇ। ਉਹ ਵੱਖ-ਵੱਖ ਰਾਹਾਂ ਤੇ ਚੱਲ ਕੇ ਵੀ ਆਧੁਨਿਕੀਕਰਨ ਵੱਲ ਜਾ ਸਕਦਾ ਹੈ।

3. ਇਸ ਨੂੰ ਨਿਰੰਤਰ ਅਤੇ ਕਦੇ ਸਮਾਪਤ ਨਾ ਹੋਣ ਵਾਲੀ ਪ੍ਰਕਿਰਿਆ ਨਹੀਂ ਮੰਨਿਆ ਜਾਣਾ ਚਾਹੀਦਾ। ਇਸ ਦੀਆਂ ਅੰਦਰੂਨੀ ਅਤੇ ਬਾਹਰੀ ਸੀਮਾਵਾਂ ਹਨ। ਮਨੁੱਖੀ ਅਨੁਭੂਤੀਆਂ ਆਧੁਨਿਕੀਕਰਨ ਦੀ ਰਾਹ ਅਤੇ ਮੰਜ਼ਲ ਦੋਵਾਂ ਨੂੰ ਬਦਲ ਸਕਦੀਆਂ ਹਨ।

ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਆਧੁਨਿਕੀਕਰਨ ਦੀ ਪਰਿਭਾਸ਼ਾ ਕਰਨ ਲੱਗਿਆਂ ਮੁੱਖ ਤੌਰ ’ਤੇ ਧਿਆਨ ਵਿਅਕਤੀਆਂ ਵੱਲ ਦੇਣਾ ਚਾਹੀਦਾ ਹੈ ਨਾ ਕਿ ਸਮਾਜਾਂ ਵੱਲ। ਇਹਨਾਂ ਵਿਦਵਾਨਾਂ ਵਿੱਚੋਂ ਮੁੱਖ ਹਨ : ਸਾਇਰਲ ਬਲੈਕ, ਡੇਵਿਡ ਮੈਕਲੇਲੈਂਡ, ਐਲਕਸ ਇੰਕਲਸ ਅਤੇ ਡੈਡੀਅਲ ਲਰਨਰ। ਇਹਨਾਂ ਵਿਦਵਾਨਾਂ ਵਿੱਚੋਂ ਆਧੁਨਿਕ ਵਿਅਕਤੀ ਦੇ ਲੱਛਣਾਂ ਦਾ ਵਿਸਥਾਰ ਨਾਲ ਵਰਣਨ ਐਲਕਸ ਇੰਕਲਸ ਨੇ ਕੀਤਾ ਹੈ। ਉਹ ਛੇ ਦੇਸਾਂ ਦੇ ਅਧਿਐਨ ਪਿੱਛੋਂ ਇਸ ਸਿੱਟੇ ਤੇ ਪੁੱਜਾ ਕਿ ਆਧੁਨਿਕ ਮਨੁੱਖ ਦੀਆਂ ਹੇਠ ਲਿਖੀਆਂ ਮਨੋਬਿਰਤੀਆਂ ਹੁੰਦੀਆਂ ਹਨ :

1. ਨਵੇਂ ਵਿਚਾਰਾਂ ਨੂੰ ਸ੍ਵੀਕਾਰ ਕਰਨ ਦੀ ਪ੍ਰਵਿਰਤੀ ਅਤੇ ਨਵੇਂ ਤਰੀਕਿਆਂ ਨੂੰ ਅਜ਼ਮਾਉਣਾ

2. ਆਪਣੇ ਵਿਚਾਰ ਪ੍ਰਗਟ ਕਰਨ ਲਈ ਤਿਆਰ ਰਹਿਣਾ

3. ਭੂਤਕਾਲ ਦੀ ਤੁਲਨਾ ਵਿੱਚ ਵਰਤਮਾਨ ਅਤੇ ਭਵਿਖ ਵੱਲ ਵਧੇਰੇ ਰੁਚੀ

4. ਸਮੇਂ ਦੀ ਪਾਬੰਦੀ

5. ਯੋਜਨਾ, ਸੰਗਠਨ ਅਤੇ ਕੁਸ਼ਲਤਾ ਵੱਲ ਵਧੇਰੇ ਧਿਆਨ ਦੇਣਾ

6. ਦੁਨੀਆ ਨੂੰ ਮਾਪਣ-ਯੋਗ ਸਮਝਣਾ

7. ਵਿਗਿਆਨ ਅਤੇ ਤਕਨਾਲੋਜੀ ਵਿੱਚ ਵਿਸ਼ਵਾਸ

8. ਵੰਡਣਾਤਮਿਕ ਨਿਆਂ ਵਿੱਚ ਵਿਸ਼ਵਾਸ

9. ਦੂਜਿਆਂ ਦੇ ਮਾਣ ਪ੍ਰਤਿ ਵਧੇਰੇ ਸੁਚੇਤ ਅਤੇ ਉਹਨਾਂ ਨੂੰ ਇੱਜ਼ਤ ਮਾਣ ਦੇਣ ਦੀ ਪ੍ਰਵਿਰਤੀ।


ਲੇਖਕ : ਜੀ.ਐੱਸ.ਭਟਨਾਗਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 1522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-25-03-56-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.