ਆਨੰਦਪੁਰ ਸਾਹਿਬ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨੰਦਪੁਰ ਸਾਹਿਬ: ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਇਕ ਪ੍ਰਸਿੱਧ ਨਗਰ ਜਿਸ ਦੀ ਸਥਾਪਨਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਬਿਲਾਸਪੁਰ ਦੇ ਰਾਜੇ ਤੋਂ ਸਤਲੁਜ ਨਦੀ ਦੇ ਕੰਢੇ ਮਾਖੋਵਾਲ ਪਿੰਡ ਦੀ ਧਰਤੀ ਖ਼ਰੀਦ ਕੇ ਸੰਨ 1665 ਈ. (1722 ਬਿ.) ਵਿਚ ਕੀਤੀ ਸੀ। ਇਸ ਨਗਰ ਤੋਂ ਲਗਭਗ 12 ਕਿ.ਮੀ. ਦੀ ਵਿਥ ਉਤੇ ਸ਼ਿਵਾਲਕ ਪਹਾੜੀਆਂ ਵਿਚ ਨੈਣਾ ਦੇਵੀ ਦਾ ਮੰਦਿਰ ਸਥਿਤ ਹੈ। ਇਸ ਨਗਰ ਵਿਚ ਸੰਨ 1699 ਈ. (1756 ਬਿ.) ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸਾ ’ ਸਾਜਿਆ ਅਤੇ ਉਦੋਂ ਤੋਂ ਇਹ ‘ਖ਼ਾਲਸੇ ਦੀ ਜਨਮਭੂਮੀ’ ਵਜੋਂ ਪ੍ਰਸਿੱਧ ਹੈ। ਇਥੇ ਦਸਮ ਗੁਰੂ ਜੀ ਨੇ ਖ਼ਾਲਸੇ ਨੂੰ ਧਰਮ-ਯੁੱਧ ਲਈ ਸੈਨਿਕ ਸਿਖਲਾਈ ਦਿੱਤੀ ਅਤੇ ਸਿੱਖਾਂ ਦੇ ਮਨੋਬਲ ਨੂੰ ਵਧਾਉਣ ਲਈ ਵੀਰ-ਰਸੀ ਸਾਹਿਤ ਦੀ ਰਚਨਾ ਕੀਤੀ ਅਤੇ ਕਰਵਾਈ।

            ਨਗਰ ਦੀ ਸੁਰਖਿਆ ਲਈ ਗੁਰੂ ਸਾਹਿਬ ਨੇ 1690 ਈ. (1747 ਬਿ.) ਵਿਚ ਪੰਜ ਕਿਲ੍ਹੇ ਬਣਵਾਏ, ਜਿਵੇਂ ਅਨੰਦਗੜ੍ਹ, ਲੋਹਗੜ੍ਹ , ਫਤਹਿਗੜ੍ਹ, ਕੇਸਗੜ੍ਹ ਅਤੇ ਹੋਲਗੜ੍ਹ। ਗੁਰ-ਇਤਿਹਾਸ ਨਾਲ ਸੰਬੰਧਿਤ ਹੁਣ ਅਨੇਕ ਗੁਰੂ-ਧਾਮ ਇਸ ਨਗਰ ਵਿਚ ਮੌਜੂਦ ਹਨ, ਜਿਵੇਂ ਕੇਸਗੜ੍ਹ, ਅਨੰਦਗੜ੍ਹ, ਅਕਾਲ-ਬੁੰਗਾ, ਗੁਰੂ ਕੇ ਮਹਿਲ , ਸੀਸਗੰਜ, ਦਮਦਮਾ ਸਾਹਿਬ , ਲੋਹਗੜ੍ਹ, ਹੋਲਗੜ੍ਹ, ਫਤਹਿਗੜ੍ਹ, ਮੰਜੀ ਸਾਹਿਬ, ਭੋਰਾ ਸਾਹਿਬ ਆਦਿ। ਰੋਪੜ-ਨੰਗਲ ਸੜਕ ਉਪਰ ਵਸੇ ਹੋਣ ਕਾਰਣ ਹੁਣ ਇਸ ਨਗਰ ਵਿਚ ਕਾਫ਼ੀ ਵਿਕਾਸ ਹੋ ਗਿਆ ਹੈ ਅਤੇ ਦੇਸ਼ ਦੀ ਵੰਡ ਤੋਂ ਬਾਦ ਸ਼ਰਧਾਲੂਆਂ ਦੀ ਆਵਾਜਾਈ ਵਿਚ ਵੀ ਬਹੁਤ ਵਾਧਾ ਹੋਇਆ ਹੈ।

            ਕੇਸਗੜ੍ਹ ਗੁਰੂ-ਧਾਮ ਵਿਚ ਦਸਮ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਸੰਨ 1699 ਈ. ਵਿਚ ਵਿਸਾਖੀ ਵਾਲੇ ਦਿਨ ਅੰਮ੍ਰਿਤ ਪਾਨ ਕਰਾ ਕੇ ਇਕ ਨਵੇਂ ਭਾਈਚਾਰੇ ਦਾ ਉਦਘਾਟਨ ਕੀਤਾ। ਇਸ ਲਈ ਸਿੱਖ ਧਰਮ ਦੇ ਤਖ਼ਤਾਂ ਵਿਚ ਇਸ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਥੇ ਹੁਣ ਕਈ ਯਾਦਗਾਰੀ ਸ਼ਸਤ੍ਰ ਅਤੇ ਹੋਰ ਵਸਤੂਆਂ ਸੁਰਖਿਅਤ ਹਨ, ਜਿਵੇਂ ਬੰਦੂਕ, ਨਾਗਣੀ, ਭਾਲਾ, ਸੈਫ਼ , ਦੁਧਾਰਾ ਖੰਡਾ , ਕਟਾਰ ਆਦਿ। ਇੰਗਲੈਂਡ ਤੋਂ ਵਾਪਸ ਮੰਗਵਾਏ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤ੍ਰ ਵੀ ਇਥੇ ਹੀ ਰਖੇ ਹੋਏ ਹਨ।

            ਅਨੰਦਗੜ੍ਹ ਕਿਲ੍ਹਾ ਕੇਸਗੜ੍ਹ ਤੋਂ ਲਗਭਗ ਪੌਣਾ ਕਿਲੋਮੀਟਰ ਦੱਖਣ ਵਾਲੇ ਪਾਸੇ ਬਣਿਆ ਹੋਇਆ ਹੈ। ਇਸ ਦੀ ਉਸਾਰੀ ਆਨੰਦਪੁਰ ਨਗਰ ਦੀ ਰਖਿਆ ਲਈ ਕਰਵਾਈ ਗਈ ਸੀ। ਇਸ ਦੇ ਅੰਦਰ ਇਕ ਬਾਉਲੀ ਵੀ ਬਣੀ ਹੋਈ ਹੈ। ਇਸ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਪਹਾੜੀ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਨਾਲ ਮਸਤ ਕਰਕੇ ਪੇਲਿਆ ਸੀ ਅਤੇ ਜਿਸ ਨੂੰ ਬਚਿਤ੍ਰ ਸਿੰਘ ਨੇ ਸਿਰ ਵਿਚ ਬਰਛਾ ਮਾਰ ਕੇ ਵਾਪਸ ਭਜਾ ਦਿੱਤਾ ਸੀ।

            ਹੋਲਗੜ੍ਹ ਕਿਲ੍ਹਾ ਨਗਰ ਦੇ ਉੱਤਰ-ਪੱਛਮ ਦਿਸ਼ਾ ਵਲ ਲਗਭਗ ਡੇਢ ਕਿ. ਮੀ. ਦੀ ਦੂਰੀ ’ਤੇ ਬਣਿਆ ਹੋਇਆ ਹੈ। ਇਥੇ ਹੀ ਗੁਰੂ ਜੀ ਨੇ ਹੋਲਾ-ਮਹੱਲਾ ਉਤਸਵ ਮਨਾਉਣ ਦਾ ਆਰੰਭ ਕੀਤਾ ਸੀ।

            ਲੋਹਗੜ੍ਹ ਕਿਲ੍ਹਾ ਆਨੰਦਪੁਰ ਨਗਰ ਤੋਂ ਲਗਭਗ ਡੇਢ ਕਿ.ਮੀ. ਦੀ ਵਿਥ ਉਤੇ ਦੱਖਣ-ਪੱਛਮ ਵਾਲੀ ਦਿਸ਼ਾ ਵਿਚ ਬਣਿਆ ਹੋਇਆ ਹੈ। ਇਸੇ ਤਰ੍ਹਾਂ ਫਤਹਿਗੜ੍ਹ ਕਿਲ੍ਹਾ ਉਤਰ ਦਿਸ਼ਾ ਵਲ ਸਥਿਤ ਹੈ। ਇਨ੍ਹਾਂ ਕਿਲ੍ਹਿਆਂ ਦੇ ਬਣਵਾਉਣ ਦਾ ਮੁੱਖ ਪ੍ਰਯੋਜਨ ਆਨੰਦਪੁਰ ਨਗਰ ਅਤੇ ਕੇਸਗੜ੍ਹ ਦੀ ਰਖਿਆ ਕਰਨੀ ਸੀ। ਇਨ੍ਹਾਂ ਸਥਾਨਾਂ ਉਤੇ ਪੁਰਾਣੀਆਂ ਇਮਾਰਤਾਂ ਦੇ ਕੁਝ ਚਿੰਨ੍ਹ ਮੌਜੂਦ ਹਨ। ਹੁਣ ਹਰ ਇਕ ਥਾਂ ਉਤੇ ਸੁੰਦਰ ਗੁਰਦੁਆਰੇ ਨਿਰਮਿਤ ਹੋ ਚੁਕੇ ਹਨ।

            ਗੁਰਦੁਆਰਾ ਮਾਤਾ ਜੀਤੋ ਜੀ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਮਾਤਾ ਜੀ ਦਾ ਸਸਕਾਰ ਕੀਤਾ ਗਿਆ ਸੀ। ਇਹ ਗੁਰਦੁਆਰਾ ਨਗਰ ਤੋਂ ਲਗਭਗ ਦੋ ਕਿ.ਮੀ. ਦੱਖਣ-ਪੱਛਮ ਦਿਸ਼ਾ ਵਲ ਹੈ।

            ਗੁਰਦੁਆਰਾ ਸੀਸ ਗੰਜ ਸ਼ਹਿਰ ਵਿਚ ਬਣਿਆ ਹੋਇਆ ਹੈ। ਇਸ ਸਥਾਨ ਉਤੇ ਭਾਈ ਜੈਤੇ ਦੁਆਰਾ ਦਿੱਲੀ ਤੋਂ ਲਿਆਉਂਦਾ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਸਸਕਾਰਿਆ ਗਿਆ ਸੀ। ਆਨੰਦਪੁਰ ਛਡਣ ਵੇਲੇ ਦਸਮ ਗੁਰੂ ਨੇ ਗੁਰਬਖ਼ਸ਼ ਨਾਂ ਦੇ ਉਦਾਸੀ ਸੰਤ ਨੂੰ ਇਸ ਸਥਾਨ ਦੀ ਉਚੇਚੀ ਸੇਵਾ ਕਰਨ ਦੀ ਤਾਕੀਦ ਕੀਤੀ ਸੀ।

            ਗੁਰਦੁਆਰਾ ਦਮਦਮਾ ਸਾਹਿਬ ਉਸ ਸਥਾਨ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਜੀ ਸੰਗਤ ਨੂੰ ਉਪਦੇਸ਼ ਦਿੰਦੇ ਹੁੰਦੇ ਸਨ। ਇਥੇ ਦਸਮ ਗੁਰੂ ਨੂੰ ਗੁਰ-ਗੱਦੀ ਪ੍ਰਦਾਨ ਕੀਤੀ ਗਈ ਸੀ ਅਤੇ ਇਥੇ ਹੀ ਗੁਰੂ ਜੀ ਨੇ ਮਸੰਦਾਂ ਨੂੰ ਸਜ਼ਾ ਦਿੱਤੀ ਸੀ।

            ਅਕਾਲ ਬੁੰਗਾ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਨੇੜੇ ਹੈ। ਇਥੇ ਬੈਠ ਕੇ ਦਸਮ ਗੁਰੂ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਮਹਾਪ੍ਰਸਥਾਨ ਤੋਂ ਬਾਦ, ਵਿਆਕੁਲ ਹੋਈ ਸੰਗਤ ਨੂੰ ਉਪਦੇਸ਼ ਕਰਦੇ ਸਨ।

            ਥੜਾ ਸਾਹਿਬ ਉਹ ਸਥਾਨ ਹੈ ਜਿਥੇ ਗੁਰੂ ਤੇਗ਼ ਬਹਾਦਰ ਜੀ ਬੈਠ ਕੇ ਸੰਗਤ ਨੂੰ ਸੰਬੋਧਨ ਕਰਦੇ ਸਨ। ਇਥੇ ਹੀ ਕਸ਼ਮੀਰੀ ਪੰਡਿਤ ਆਪਣੇ ਧਰਮ ਦੀ ਰਖਿਆ ਲਈ ਬੇਨਤੀ ਕਰਨ ਆਏ ਸਨ ਅਤੇ ਵਿਚਾਰ ਮਗਨ ਬੈਠੇ ਨੌਵੇਂ ਗੁਰੂ ਜੀ ਨੂੰ ਬਾਲਕ ਗੋਬਿੰਦ ਰਾਇ ਨੇ ਮਹਾ-ਬਲਿਦਾਨ ਦੇਣ ਲਈ ਅਰਜ਼ੋਈ ਕੀਤੀ ਸੀ।

            ਗੁਰਦੁਆਰਾ ਭੋਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਨਿਵਾਸ-ਸਥਾਨ ਦਾ ਉਹ ਗੁਫ਼ਾ-ਨੁਮਾ ਕਮਰਾ ਹੈ ਜਿਥੇ ਗੁਰੂ ਜੀ ਨਾਮ-ਸਿਮਰਨ ਦੀ ਤਪਸਿਆ ਕਰਦੇ ਸਨ।

            ਉਪਰੋਕਤ ਤੋਂ ਇਲਾਵਾ ਵੀ ਕੁਝ ਹੋਰ ਗੁਰਦੁਆਰੇ ਬਣੇ ਹੋਏ ਹਨ। ਅਸਲ ਵਿਚ, ਸਾਰਾ ਆਨੰਦਪੁਰ ਸਾਹਿਬ ਨੌਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਦੀ ਛੋਹ ਨਾਲ ਵਰਸਾਇਆ ਹੋਇਆ ਹੈ। ਇਸ ਲਈ ਆਨੰਦਪੁਰ ਖ਼ੁਦ ਆਪਣੇ ਆਪ ਵਿਚ ਇਕ ਵਿਸ਼ਾਲ ਗੁਰਦੁਆਰਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸਥਾਨ ਤੋਂ ਬਾਦ ਆਨੰਦਪੁਰ ਵਿਚ ਬੇ-ਰੌਣਕੀ ਹੋ ਗਈ। ਸੋਢੀ ਸੂਰਜ ਮੱਲ ਦੇ ਪੁੱਤਰ ਗੁਲਾਬ ਸਿੰਘ ਨੇ ਯਤਨ ਕੀਤਾ ਕਿ ਉਸ ਨੂੰ ਸਿੱਖ ਸੇਵਕ ਗੁਰੂ ਮੰਨਣ, ਪਰ ਅਜਿਹਾ ਸੰਭਵ ਨ ਹੋ ਸਕਿਆ। ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਸਸਕਾਰ ਵਾਲੀ ਥਾਂ ‘ਸੀਸਗੰਜ’ ਦੀ ਦੇਖ-ਭਾਲ ਪਹਿਲਾਂ ਵਾਂਗ ਉਦਾਸੀ ਸੰਤ ਭਾਈ ਗੁਰਬਖ਼ਸ਼ ਦਾਸ ਕਰਦਾ ਰਿਹਾ। ਸੋਢੀ ਗੁਲਾਬ ਸਿੰਘ ਨੇ ਆਨੰਦਪੁਰ ਦੇ ਵਿਕਾਸ ਵਿਚ ਕੁਝ ਰੁਚੀ ਵਿਖਾਈ। ਗੁਲਾਬ ਸਿੰਘ ਤੋਂ ਬਾਦ ਉਸ ਦਾ ਭਤੀਜਾ ਨਾਹਰ ਸਿੰਘ ਸੋਢੀ ਖ਼ਾਨਦਾਨ ਦਾ ਉਤਰਾਧਿਕਾਰੀ ਬਣਿਆ। ਦਲ ਖ਼ਾਲਸਾ ਦੀ ਚੜ੍ਹਤ ਹਰ ਪਾਸੇ ਹੋਣ ਲਗੀ। ਸੰਨ 1764 ਈ. ਵਿਚ ਸਰਹਿੰਦ ਨੂੰ ਜਿਤਣ ਤੋਂ ਬਾਦ ਬਹੁਤ ਸਾਰਾ ਇਲਾਕਾ ਸਿੱਖਾਂ ਦੇ ਕਬਜ਼ੇ ਵਿਚ ਆਇਆ। ਉਸ ਵਿਚੋਂ ਆਨੰਦਪੁਰ ਦੇ ਨੇੜੇ-ਤੇੜੇ ਦੇ ਇਲਾਕੇ ਦੀ ਮਾਲਕੀ ਸੋਢੀ ਨਾਹਰ ਸਿੰਘ ਨੂੰ ਸੌਂਪੀ ਗਈ, ਜੋ ਉਸ ਜੰਗ ਵਿਚ ਸ਼ਾਮਲ ਹੋਇਆ ਸੀ। ਇਸ ਤਰ੍ਹਾਂ ਆਨੰਦਪੁਰ ਵਿਚ ਫਿਰ ਰੌਣਕ ਪਰਤਣ ਲਗੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.