ਆਲੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲੂ (ਨਾਂ,ਪੁ) ਬੂਟੇ ਦੀਆਂ ਭੋਂਏਂ ਅੰਦਰਲੀਆਂ ਜੜ੍ਹਾਂ ਨੂੰ ਲੱਗਣ ਵਾਲੀ ਗੋਲ ਅਕਾਰ ਵਿੱਚ ਕੰਦ ਸ਼੍ਰੇਣੀ ਦੀ ਪ੍ਰਸਿੱਧ ਸਬਜ਼ੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਲੂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Potato (ਪਅਟੇਇਟਅਉ) ਆਲੂ: ਇਹ ਸਦੀਵੀ ਜੜੀ-ਬੂਟੀ (perennial herb) ਤੋਂ ਪ੍ਰਾਪਤ ਜੜ੍ਹ ਫ਼ਸਲ (solanum tuberosum) ਹੈ, ਜਿਹੜੀ ਦੱਖਣੀ ਅਮਰੀਕਾ ਦੇ ਏਨਡੀਜ਼ ਪਹਾੜੀ ਖੇਤਰ ਦੀ ਉਤਪਤ ਹੈ ਜਿਥੋਂ ਇਸ ਦਾ ਸੰਚਾਰ ਸੰਸਾਰ ਦੇ ਬਾਕੀ ਭਾਗਾਂ ਵਿੱਚ ਹੋਇਆ। ਮਾਨਵੀ ਖ਼ੁਰਾਕ ਦਾ ਮਹੱਤਵਪੂਰਨ ਅੰਸ਼ ਹੈ। ਇਸ ਦੀ ਫ਼ਸਲ ਅਨੇਕ ਪ੍ਰਕਾਰ ਦੇ ਜਲਵਾਯੂ ਵਿੱਚ ਭਰਪੂਰ ਮਾਤਰਾ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਆਲੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲੂ [ਨਾਂਪੁ] (ਇਕ ਕੰਦ ਮੂਲ ਭਾਵ ਪੌਦੇ ਦੀ ਜੜ੍ਹ ਨੂੰ ਲੱਗਣ ਵਾਲ਼ੀ) ਇਕ ਸਬਜ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਲੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਲੂ ਸੰ. ਸੰਗ੍ਯਾ—ਇੱਕ ਪ੍ਰਕਾਰ ਦਾ ਕੰਦ , ਜੋ ਗੋਲ ਅਤੇ ਆਂਡੇ ਦੀ ਸ਼ਕਲ ਦਾ ਜ਼ਮੀਨ ਵਿੱਚ ਹੁੰਦਾ ਹੈ, ਜਿਸ ਦੀ ਤਰਕਾਰੀ ਆਮ ਲੋਕ ਵਰਤਦੇ ਹਨ. ਇਸ ਦਾ ਬੀਜ ਪਹਲੇ ਪਹਲ ਸਰ ਵਾਲਟਰ ਰੇਲੇ (Sir Walter Raleigh) ਸਨ ੧੫੮੪ ਵਿੱਚ ਅਮ੍ਰੀਕਾ ਤੋਂ ਲਿਆਇਆ ਸੀ. ਅੰ. Potato. L. Solanum tuberosum. ੨ ਸੁਰਾਹੀ. ਝਾਰੀ । ੩ ਫ਼ਾ   ਆਲੂ. ਸੰ. ਆਲੂਕ. ਇੱਕ ਪ੍ਰਕਾਰ ਦਾ ਫਲ, ਜੋ ਗਰਮੀਆਂ ਵਿੱਚ ਪਕਦਾ ਹੈ ਅਤੇ ਖਟ ਮਿਠਾ ਹੁੰਦਾ ਹੈ. “ਨਾਸਪਾਤਿ ਪਿਸਤਾ ਰਸ ਆਲੂ.” (ਗੁਪ੍ਰਸੂ) ਦੇਖੋ, ਆਲੂਚਾ ਅਤੇ ਆਲੂ ਬੁਖਾਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਲੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਆਲੂ : ਇਸ ਦੀ ਕੁਲ ਸੋਲੇਨੇਸੀ ਅਤੇ ਬਨਸਪਤੀ ਵਿਗਿਆਨਕ ਨਾਂ ਸੋਲੇਨਮ ਟਿਊਬਰੋਸਮ ਹੈ। ਸਭ ਤੋਂ ਪਹਿਲਾਂ ਇਹ ਦੱਖਣੀ ਅਮਰੀਕਾ ਦੀਆਂ ਪੀਰੂ ਅਤੇ ਚਿੱਲੀ ਸਟੇਟਾਂ ਵਿਚ ਪੈਦਾ ਕੀਤੀ ਜਾਣ ਲੱਗਾ। ਕੁਝ ਵਿਗਿਆਨੀਆਂ ਦਾ ਵਿਚਾਰ ਹੈ ਕਿ ਅਮਰੀਕਾ ਦੇ ਪਤਾ ਲੱਗਣ ਤੋਂ ਪਹਿਲਾਂ ਵੀ ਉਥੋਂ ਦੇ ਵਸਨੀਕ ਆਲੂ ਦੀ ਖੇਤੀ ਕਰਦੇ ਸਨ। ਇਸ ਕੁਲ ਦੀ ਹਰ ਇਕ ਜਾਤੀ ਵਿਚ ਇਕ ਰਸਾਇਣਕ ਪਦਾਰਥ ਸੋਲੇਨਿਨ ਹੁੰਦਾ ਹੈ। ਅਸਲ ਵਿਚ ਆਲੂ ਧਰਤੀ ਹੇਠ ਉੱਗਣ ਵਾਲੇ ਤਣਿਆਂ ਦੀ ਇਕ ਕਿਸਮ ਹੈ ਜਿਸ ਨੂੰ ਟਿਊਬਰ ਆਖਦੇ ਹਨ। ਇਹ ਟਿਊਬਰ ਆਪਣੇ ਵਿਚ ਖ਼ੁਰਾਕ ਜਮ੍ਹਾਂ ਕਰ ਲੈਂਦੇ ਹਨ ਤੇ ਖਾਣ ਦੇ ਕੰਮ ਆਉਂਦੇ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਅਪਸਥਾਨੀ ਜੜ੍ਹਾਂ ਨਿਕਲਦੀਆਂ ਹਨ। ਇਸ ਪੌਦੇ ਦੇ ਪੱਤੇ ਸੰਯੁਕਤ ਕਿਸਮ ਦੇ ਹੁੰਦੇ ਹਨ। ਫੁੱਲ ਵਿਚ ਰੰਗਦਾਰ ਪੱਤੀ–ਪੁੰਜ ਜਾਂ ਕੋਰੋਲਾ ਚਿੱਟਾ ਜਾਂ ਹਲਕੇ ਪੀਲੇ ਰੰਗ ਦਾ ਹੁੰਦਾ ਹੈ। ਇਸ ਵਿਚ ਪੰਜ ਪੱਤੀਆਂ ਹੁੰਦੀਆਂ ਹਨ। ਪੁੰਕੇਸਰ ਪੰਜ ਹੁੰਦੇ ਹਨ ਜਿਨ੍ਹਾਂ ਦੇ ਸਿਰਿਆਂ ਉੱਤੇ ਵੱਡੇ ਵੱਡੇ ਪਰਾਗ ਕੋਸ਼ ਲੱਗੇ ਹੁੰਦੇ ਹਨ। ਬੀਜਦਾਨੀ ਦੇ ਦੋ ਖ਼ਾਨੇ ਹੁੰਦੇ ਹਨ। ਸਟਾਈਲ ਇਕ ਅਤੇ ਸਟਿਗਮਾਂ ਦੋ ਭਾਗਾਂ ਵਿਚ ਵੰਡਿਆ ਹੁੰਦਾ ਹੈ। ਮਨੁੱਖ ਦੇ ਭੋਜਨ ਵਿਚ ਆਲੂ ਇਸ ਹੱਦ ਤੱਕ ਪ੍ਰਧਾਨ ਹੈ ਕਿ ਇਸ ਨੂੰ ਸਬਜ਼ੀਆਂ ਦਾ ਬਾਦਸ਼ਾਹ ਵੀ ਕਹਿ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਦੀ ਮਸਾਲੇਦਾਰ ਸਬਜ਼ੀ, ਪਕੌੜੇ, ਚਿਪਸ, ਚਟਨੀ ਅਤੇ ਪਾਪੜ ਆਦਿ ਕਈ ਸੁਆਦੀ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਸ ਤੋਂ ਡੈਕਸਟ੍ਰੀਨ, ਗੁਲੂਕੋਜ਼ ਅਤੇ ਅਲਕੋਹਲ ਆਦਿ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਵਿਚ ਪ੍ਰੋਟੀਨ ਵਧੀਆ ਦਰਜੇ ਦੇ ਪਰ ਘੱਟ ਮਿਕਦਾਰ ਵਿਚ ਹੁੰਦੇ ਹਨ। ਸਟਾਰਚ, ਵਿਟਾਮਿਨ ‘ਬੀ’ ਅਤੇ ‘ਸੀ’ ਇਸ ਵਿਚ ਜ਼ਿਆਦਾ ਮਿਕਦਾਰ ਵਿਚ ਹੁੰਦੇ ਹਨ। ਭਾਰਤ ਵਿਚ ਇਸ ਦੀ ਖੇਤੀ 17ਵੀਂ ਸਦੀ ਤੋਂ ਪਹਿਲਾਂ ਨਹੀਂ ਸੀ ਹੁੰਦੀ ਪਰ ਅਜੋਕੇ ਸਮੇਂ ਵਿਚ ਤਾਂ ਇਹ ਹਰ ਪਿੰਡ ਵਿਚ ਹਮੇਸ਼ਾ ਮਿਲ ਸਕਦੇ ਹਨ। ਸੰਸਾਰ ਵਿਚ ਇਸ ਦੀ ਪੈਦਾਵਾਰ ਚੌਲਾਂ ਨਾਲੋਂ ਦੁੱਗਣੀ ਅਤੇ ਕਣਕ ਨਾਲੋਂ ਤਿੰਨ ਗੁਣੀ ਹੈ। ਭਾਰਤ ਵਿਚ ਆਲੂ ਦੀ ਖੇਤੀ ਲਗਭਗ 2,89,350 ਹੈਕਟੇਅਰ ਵਿਚ ਹੁੰਦੀ ਹੈ ਜਿਸ ਵਿਚੋਂ ਲਗਭਗ 296,75,739 ਕੁਇੰਟਲ ਆਲੂ ਉੱਤਰ ਪ੍ਰਦੇਸ਼ ਵਿਚ ਪੈਦਾ ਹੁੰਦਾ ਹੈ। ਆਲੂ ਦੀ ਪੈਦਾਵਾਰ ਕਈ ਯੂਰਪੀ ਦੇਸ਼ਾਂ ਵਿਚ 220 ਕੁਇੰਟਲ ਫ਼ੀ ਹੈਕਟੇਅਰ ਹੈ ਪਰ ਭਾਰਤ ਵਿਚ ਆਲੂ ਦੀ ਉਪਜ ਅਜੇ 103 ਕੁਇੰਟਲ ਫ਼ੀ ਹੈਕਟੇਅਰ ਹੀ ਹੈ।

          ਆਲੂ ਦੀ ਖੇਤੀ ਵੱਖ–ਵੱਖ ਤਰ੍ਹਾਂ ਦੀ ਜਲਵਾਯੂ ਵਿਚ ਕੀਤੀ ਜਾ ਸਕਦੀ ਹੈ। ਸਮੁੰਦਰ ਦੀ ਸਤ੍ਹਾ ਤੋਂ ਲੈ ਕੇ 2,750 ਮੀ. ਦੀ ਉਚਾਈ ਤੱਕ ਇਸ ਦੀ ਖੇਤੀ ਹੋ ਸਕਦੀ ਹੈ। ਇੰਗਲੈਂਡ, ਆਇਰਲੈਂਡ ਅਤੇ ਉੱਤਰੀ ਜਰਮਨੀ ਵਿਚ ਸਭ ਤੋਂ ਵਧੀਕ ਆਲੂ ਪੈਦਾ ਹੋਣ ਦਾ ਵੱਡਾ ਕਾਰਨ ਉਨ੍ਹਾਂ ਥਾਵਾਂ ਦਾ ਆਲੂ ਦੇ ਵਾਧੇ ਲਈ ਲੋੜੀਂਦੀ ਠੰਢੀ ਰੁੱਤ ਹੈ। ਇਸ ਦੇ ਵਧਣ ਫੁੱਲਣ ਲਈ ਸਭ ਤੋਂ ਚੰਗਾ ਤਾਪਮਾਨ 15.5°-23.9°ਸੈਂ. ਹੈ। ਜ਼ਿਆਦਾ ਬਾਰਸ਼ ਵਾਲੇ ਇਲਾਕੇ ਵਿਚ ਇਸ ਦੀ ਪੈਦਾਵਾਰ ਚੰਗੀ ਨਹੀਂ ਹੁੰਦੀ। ਘੱਟ ਬਾਰਸ਼ ਪਰ ਸਿੰਚਾਈ ਦੇ ਸਾਧਨਾਂ ਵਾਲੇ ਇਲਾਕੇ ਇਸ ਲਈ ਵਧੇਰੇ ਚੰਗੇ ਸਾਬਤ ਹੁੰਦੇ ਹਨ। ਭਾਰਤ ਵਿਚ ਪਹਾੜੀ ਥਾਵਾਂ ਉੱਤੇ ਗਰਮ ਰੁੱਤ ਵਿਚ ਅਤੇ ਮੈਦਾਨਾਂ ਵਿਚ ਸਿਆਲ ਦੀ ਰੁੱਤੇ ਇਸ ਦੀ ਖੇਤੀ ਹੁੰਦੀ ਹੈ।

ਆਲੂ ਦੀ ਸਫ਼ਲ ਉਪਜ ਲਈ ਜਲਵਾਯੂ ਮਗਰੋਂ ਮਿੱਟੀ ਦੀ ਮਹੱਤਤਾ ਹੈ। ਮਿੱਟੀ ਦੇ ਯੋਗ ਹੋਣ ਦੀ ਪਰਖ ਲਈ ਆਲੂਆਂ ਦੀ ਉਪਜ, ਉਨ੍ਹਾਂ ਦੇ ਜਲਦੀ ਤਿਆਰ ਹੋ ਜਾਣ, ਖਾਣ ਵਿਚ ਸੁਆਦੀ ਹੋਣ ਅਤੇ ਚਿਰ ਤੱਕ ਖ਼ਰਾਬ ਨਾ ਹੋਣ ਆਦਿ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਸ ਲਈ ਉਹੋ ਮਿੱਟੀ ਸਭ ਤੋਂ ਚੰਗੀ ਹੁੰਦੀ ਹੈ ਜੋ ਉਪਜਾਊ, ਦਰਮਿਆਨੇ ਕਣ ਵਾਲੀ, ਭੁਰਭੁਰੀ ਤੇ ਡੂੰਘੀ ਹੋਵੇ ਅਤੇ ਬਹੁਤੀ ਕੱਲਰ ਵਾਲੀ ਨਾ ਹੋਵੇ। ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਦਿਆਂ ਹੋਇਆਂ ਆਲੂ ਲਈ ਸਭ ਤੋਂ ਚੰਗੀ ਮਿੱਟੀ ਹਿਊਮਸ ਵਾਲੀ ਹੈ। ਮਿੱਟੀ ਵਿਚ ਜ਼ਿਆਦਾ ਨਮੀ ਦਾ ਹੋਣਾ ਆਲੂ ਲਈ ਮਾੜਾ ਹੈ।

ਮਿੱਟੀ ਨੂੰ ਕਈ ਵਾਰੀ ਹਲ ਵਾਹ ਕੇ, ਚੰਗੀ ਤਰ੍ਹਾਂ ਭੁਰਭੁਰੀ ਅਤੇ ਪੋਲੀ ਕਰ ਲੈਣਾ ਚਾਹੀਦਾ ਹੈ। ਮਿੱਟੀ ਜਿੰਨੀ ਵਧੀਕ ਪੋਲੀ ਤੇ ਭੁਰਭੁਰੀ ਹੋਵੇਗੀ ਉੰਨੀ ਹੀ ਉਹ ਆਲੂ ਦੀ ਉਪਜ ਲਈ ਮੁਨਾਸਬ ਹੋਵੇਗੀ। ਇਸ ਅਸਰ ਆਲੂ ਦੇ ਆਕਾਰ, ਗੁਣ ਅਤੇ ਉਪਜ ਉੱਤੇ ਪੈਂਦਾ ਹੈ। ਇਸ ਲਈ 24–25 ਸੈਂ. ਮੀ. ਡੂੰਘੀ ਵਾਹੀ ਕਰ ਲੈਣੀ ਚੰਗੀ ਹੈ।

ਆਲੂ ਦੀਆਂ ਜੜ੍ਹਾਂ ਕਾਫ਼ੀ ਡੂੰਘਾਈ ਨਹੀਂ ਜਾਂਦੀਆਂ ਅਤੇ ਤਿੰਨ ਚਾਰ ਮਹੀਨਿਆਂ ਵਿਚ ਹੀ ਆਲੂ ਦੀ ਫ਼ਸਲ ਤਿਆਰ ਹੋ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਖ਼ਾਦ ਉੱਪਰ ਦੀ ਮਿੱਟੀ ਵਿਚ ਹੀ ਮਿਲਾਈ ਜਾਵੇ, ਜਿਸ ਨਾਲ ਉਹ ਛੇਤੀ ਅਤੇ ਅਸਾਨੀ ਨਾਲ ਬੂਟਿਆਂ ਨੂੰ ਮਿਲ ਜਾਏ। ਸੜੇ ਗੋਹੇ ਦੀ ਖ਼ਾਦ ਫ਼ੀ ਹੈਕਟੇਅਰ 373 ਕੁਇੰਟਲ ਅਤੇ 9 ਕੁਇੰਟਲ ਆਰਿੰਡ ਜਾ ਨਿੰਮ ਦੀ ਖਲ ਆਲੂ ਬੀਜਣ ਤੋਂ ਦੋ ਹਫ਼ਤੇ ਪਹਿਲਾਂ ਮਿੱਟੀ ਵਿਚ ਚੰਗੀ ਤਰ੍ਹਾਂ ਮਿਲਾ ਦੇਣੀ ਚਾਹੀਦੀ ਹੈ। ਜਿਨ੍ਹਾਂ ਵੱਟਾ ਉੱਤੇ ਆਲੂ ਬੀਜਣਾ ਹੋਵੇ, ਉਨ੍ਹਾਂ ਵਿਚ ਉਪਰ ਲਿਖੀ ਖਾਦ ਤੋਂ ਇਲਾਵਾ ਅਮੋਨੀਅਮ ਸਲਫੇਟ 1.1 ਕੁਇੰਟਲ ਅਤੇ ਸੁਪਰ ਫ਼ਾਸਫ਼ੇਟ 5.5 ਕੁਇੰਟਲ ਫ਼ੀ ਹੈਕਟੇਅਰ ਦੇ ਹਿਸਾਬ ਨਾਲ ਛਿੜਕ ਕੇ ਮਿੱਟੀ ਵਿਚ ਮਿਲਾਉਣੀ ਚਾਹੀਦੀ ਹੈ। ਇਸ ਮਗਰੋਂ ਇਨ੍ਹਾਂ ਵੱਟਾਂ ਉੱਤੇ ਹੀ ਆਲੂ ਬੀਜ ਦਿੱਤਾ ਜਾਵੇ। ਹੋਰ ਖਾਦ ਦੇਣ ਲੱਗਿਆਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਘੱਟੋ ਘੱਟ 170ਕਿ. ਗ੍ਰਾ. ਨਾਈਟ੍ਰੋਜਨ, ਫ਼ੀ ਹੈਕਟੇਅਰ ਮਿੱਟੀ ਵਿਚ ਸ਼ਾਮਲ ਹੋ ਜਾਵੇ।

ਆਲੂ ਦੀ ਖੇਤੀ ਭਾਰਤ ਦੇ ਮੈਦਾਨੀ ਤੇ ਪਹਾੜੀ ਦੋਹਾਂ ਹਿੱਸਿਆਂ ਵਿਚ ਹੁੰਦੀ ਹੈ। ਮੈਦਾਨਾਂ ਵਿਚ ਬੀਜੇ ਜਾਣ ਵਾਲੇ ਆਲੂ ਤਿੰਨ ਕਿਸਮਾਂ ਵਿਚ ਵੰਡੇ ਜਾ ਸਕਦੇ ਹਨ।

(ੳ) ਛੇਤੀ ਪੱਕ ਜਾਣ ਵਾਲੀਆਂ ਕਿਸਮਾਂ 60–90 ਦਿਨਾਂ ਵਿਚ ਤਿਆਰ ਹੋ ਜਾਦੀਆਂ ਹਨ ਪਰ ਇਨ੍ਹਾਂ ਦੀ ਉਪਜ ਬਹੁਤੀ ਨਹੀਂ ਹੁੰਦੀ। ਇਹ ਕਿਸਮਾਂ ਹਨ : (1) ਸਾਠਾ–ਛੋਟੇ ਆਕਾਰ ਦੇ ਇਹ ਆਲੂ 60–75 ਦਿਨਾਂ ਵਿਚ ਤਿਆਰ ਹੋ ਜਾਂਦੇ ਹਨ। (2) ਗੋਲਾ–ਇਹ ਇਕ ਮਿਲੀ ਜੁਲੀ ਕਿਸਮ ਹੈ ਜਿਸ ਵਿਚ ਦੋ ਹੋਰ ਕਿਸਮਾਂ ਮਿਲੀਆਂ ਹੁੰਦੀਆਂ ਹਨ। ਇਨ੍ਹਾਂ ਦੀ ਖੇਤੀ ਬਹੁਤੀ ਨਹੀਂ ਹੁੰਦੀ ਕਿਉਂਕਿ ਮਿਲੀ ਜੁਲੀ ਕਿਸਮ ਹੋਣ ਕਰਕੇ ਕਿਸਾਨ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ। ਇਹ ਵੀ ਲਗਭਗ 60 ਕੁ ਦਿਨਾਂ ਵਿਚ ਤਿਆਰ ਹੋ ਜਾਂਦੀ ਹੈ।

(ਅ) ਦਰਮਿਆਨੀ ਕਿਸਮਾਂ ਦੇ ਆਲੂ ਜੋ ਤਿੰਨ ਤੋਂ ਚਾਰ ਮਹੀਨਿਆਂ ਵਿਚ ਤਿਆਰ ਹੁੰਦੇ ਹਨ, ਇਹ ਹਨ : (1) ਅਪਟੂਡੇਟ–ਇਹ ਬਹੁਤ ਸੁਹਣੀ ਕਿਸਮ ਹੈ। ਇਸ ਕਿਸਮ ਦੇ ਆਲੂ ਸਫ਼ੈਦ ਤੇ ਮੋਟੇ ਮੋਟੇ ਹੁੰਦੇ ਹਨ। (2) ਦੋਗਲੇ– 45,208,209,2236 ਅਤੇ ਓ. ਐਨ. 2186 ਆਦਿ। ਇਹ ਦੋਗਲੇ ਆਲੂ, ਆਲੂਆਂ ਦੇ ਕੇਂਦਰੀ ਖੋਜ ਫ਼ਾਰਮ ਵਿਚ ਪੈਦਾ ਕੀਤੇ ਜਾ ਰਹੇ ਹਨ, ਜਿਥੋਂ ਹੋਰ ਥਾਵਾਂ ਤੇ ਕਾਸ਼ਤ ਕਰਨ ਲਈ ਉਨ੍ਹਾਂ ਨੂੰ ਵੰਡਿਆ ਜਾਂਦਾ ਹੈ।

(ੲ) ਜ਼ਿਆਦਾ ਸਮੇਂ ਤਿਆਰ ਹੋਣ ਵਾਲੇ ਆਲੂ ਜੋ ਚਾਰ ਤੋਂ ਪੰਜ ਮਹੀਨਿਆਂ ਵਿਚ ਤਿਆਰ ਹੁੰਦੇ ਹਨ। ਇਨ੍ਹਾਂ ਦੀ ਉਪਜ ਬਹੁਤ ਹੁੰਦੀ ਹੈ। ਇਹ ਹਨ : (1) ਫਲਵਾ– ਇਹ ਮੈਦਾਨੀ ਹਿੱਸੇ ਵਿਚ ਕਿਸੇ ਕਿਸੇ ਥਾਂ ਬੀਜਿਆ ਜਾਂਦਾ ਹੈ। ਬੂਟਿਆਂ ਨਾਲ ਫੁੱਲ ਲਗਦੇ ਹਨ ਇਸ ਕਿਸਮ ਦੇ ਆਲੂ ਸਫੈਦ ਹੁੰਦੇ ਹਨ। ਇਸ ਦੀ ਉਪਜ ਵਧੇਰੇ ਹੁੰਦੀ ਹੈ। (2) ਦਾਰਜੀਲਿੰਗ ਲਾਲ – ਇਹ ਫਲਵੇ ਨਾਲੋਂ ਕੁਝ ਪਹਿਲਾਂ ਤਿਆਰ ਹੁੰਦਾ ਹੈ। ਆਲੂ ਲਾਲ ਰੰਗ ਦਾ ਹੁੰਦਾ ਹੈ ਪਰ ਇਸ ਨੂੰ ਫਲਵੇ ਵਾਂਗ ਬਹੁਤ ਸਮੇਂ ਤੱਕ ਸਾਂਭ ਕੇ ਨਹੀਂ ਰੱਖਿਆ ਜਾ ਸਕਦਾ। ਰੱਖਣ ਲਈ ਫਲਵਾ ਸਭ ਤੋਂ ਚੰਗੀ ਹੈ। ਪਹਾੜੀ ਹਿੱਸੇ ਵਿਚ ਪੈਦਾ ਹੋਣ ਵਾਲੀਆਂ ਕਿਸਮਾਂ ਮਾਰਚ ਜਾਂ ਅਪ੍ਰੈਲ ਵਿਚ ਬੀਜੀਆਂ ਜਾਂਦੀਆਂ ਹਨ। ਇਹ ਹਨ: (1) ਅਪਟੂਡੇਟ, (2) ਕ੍ਰੇਗਸ ਡੀਫ਼ਾਇੰਸ, (3) ਦੋਗਲੇ 9 ਅਤੇ 2090 ਅਤੇ (4) ਗ੍ਰੇਟ ਸਕਾਟ।

ਆਲੂਆਂ ਦੀ ਖੇਤੀ ਲਈ ਬੀਜ ਦੀ ਚੋਣ ਬਹੁਤ ਮਹੱਤਵਪੂਰਨ ਗੱਲ ਹੈ। ਇਸ ਵਿਚ ਨੁਕਸ ਰਹਿ ਜਾਣ ਨਾਲ ਜੋ ਨੁਕਸਾਨ ਹੁੰਦਾ ਹੈ ਉਹ ਖਾਦ ਜਾਂ ਕਿਸੇ ਵੀ ਹੋਰ ਉਪਾਅ ਨਾਲ ਪੂਰਾ ਨਹੀਂ ਹੋ ਸਕਦਾ। ਕਿੰਨਾ ਬੀਜ ਅਤੇ ਕਿੰਨੀ ਕਿੰਨੀ ਵਿੱਥ ਉੱਤੇ ਬੀਜਿਆ ਜਾਏ ਇਹ ਸਾਰਾ ਕੁਝ ਆਲੂ ਦੀ ਕਿਸਮ, ਆਕਾਰ ਤੇ ਮਿੱਟੀ ਦੀ ਉਪਜਾਊ ਸ਼ਕਤੀ ਉੱਤੇ ਨਿਰਭਰ ਹੈ। ਇਕ ਕਤਾਰ ਤੋਂ ਦੂਜੀ ਕਤਾਰ ਵਿਚ ਵਿੱਥ 45 ਤੋਂ 75 ਸੈਂ. ਮੀ. ਤੱਕ ਅਤੇ ਇਕ ਕਤਾਰ ਵਿਚ ਇਕ ਬੀਜ ਤੋਂ ਦੂਜੇ ਬੀਜ ਤੱਕ ਵਿੱਥ 15 ਤੋਂ 30 ਸੈਂ. ਮੀ. ਹੋਣੀ ਚਾਹੀਦੀ ਹੈ। ਬੀਜ ਤੋਂ ਭਾਵ ਆਲੂ ਜਾਂ ਇਸ ਦੇ ਅਜਿਹੇ ਟੁਕੜੇ ਤੋਂ ਹੈ ਜੋ ਬੀਜਣ ਦੇ ਕੰਮ ਆ ਸਕੇ। ਵੱਡੇ ਆਲੂ ਕੱਟ ਕੇ ਅਤੇ ਛੋਟੇ ਕੱਟਣ ਤੋਂ ਬਗ਼ੈਰ ਬੀਜੇ ਜਾਣੇ ਚਾਹੀਦੇ ਹਨ ਪਰ ਹਰ ਟੁਕੜੇ ਵਿਚ ‘ਅੱਖ’ ਦਾ ਹੋਣਾ ਜ਼ਰੂਰੀ ਹੈ। ਇਹ ਹੈਕਟੇਅਰ ਵਿਚ 9 ਕੁਇੰਟਲ ਤੋਂ ਲੈ ਕੇ 35 ਕੁਇੰਟਲ ਤੱਕ ਆਲੂ ਬੀਜਿਆ ਜਾਂਦਾ ਹੈ। ਬੀਜ ਕਿੰਨਾ ਵੱਡਾ ਹੋਵੇ ਇਹ ਆਲੂ ਦੀ ਕਿਸਮ ਉੱਤੇ ਨਿਰਭਰ ਹੈ। ਫਲਵਾ, ਦਾਰਜੀਲਿੰਗ ਅਤੇ ਸਾਠੇ ਬੀਜ 2.5 ਸੈਂ. ਮੀ. ਅਤੇ ਬਾਕੀ ਕਿਸਮਾਂ ਦੇ 3.7 ਤੋਂ 4.3 ਸੈਂ. ਮੀ. ਵਿਆਸ ਦੇ ਹੋਣੇ ਚਾਹੀਦੇ ਹਨ। ਇਹ ਬੀਜ ਮੈਦਾਨਾਂ ਵਿਚ ਸਤੰਬਰ, ਅਕਤੂਬਰ ਤੇ ਨਵੰਬਰ ਤੱਕ ਅਤੇ ਪਹਾੜਾਂ ਵਿਚ ਫਰਵਰੀ ਤੋਂ ਜੂਨ ਤੱਕ ਬੀਜੇ ਜਾਂਦੇ ਹਨ। ਬੀਜ ਨੂੰ ਵੱਟਾਂ ਉੱਤੇ ਬੀਜਿਆ ਜਾਂਦਾ ਹੈ ਪਰ ਹਰ ਹਾਲਤ ਵਿਚ 10 ਜਾਂ 12ਸੈਂ. ਮੀ. ਤੋਂ ਵੱਧ ਡੂੰਘਾਈ ਤੇ ਨਹੀਂ ਬੀਜਿਆ ਜਾਣ ਚਾਹੀਦਾ।

ਆਲੂ ਲਗਭਗ ਪੰਦਰਾਂ ਦਿਨਾਂ ਵਿਚ ਉੱਗਦਾ ਹੈ। ਵੱਟਾਂ ਦੇ ਵਿਚਕਾਰਲੀਆਂ ਖਾਲੀਆਂ ਵਿਚ ਪਾਣੀ ਦੇਂਦੇ ਹਨ। ਦਸ ਬਾਰੇ ਦਿਨਾਂ ਦਾ ਵਕਫ਼ਾ ਪਾ ਕੇ ਸਿੰਜਾਈ ਕਰਨੀ ਚਾਹੀਦੀ ਹੈ। ਬੂਟੇ ਜਿਉਂ ਜਿਉਂ ਵਧਦੇ ਜਾਣ ਤਿਉਂ ਤਿਉਂ ਇਨ੍ਹਾਂ ਦੀਆਂ ਜੜ੍ਹਾਂ ਨੂੰ ਢੱਕਣ ਲਈ ਮਿੱਟੀ ਚਾੜ੍ਹੀ ਜਾਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਢੱਕੀਆਂ ਹੋਈਆਂ ਜੜ੍ਹਾਂ ਦੇ ਨਾਲ ਆਲੂ ਲਗਦੇ ਹਨ। ਮਿੱਟੀ ਤੋਂ ਬਾਹਰ ਚਾਨਣ ਵਿਚ ਆ ਜਾਣ ਨਾਲ ਇਹ ਸ਼ਾਖਾਂ ਹਰੀਆਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਆਲੂ ਨਹੀਂ ਲਗਦੇ। ਇਸ ਲਈ ਦੋ ਜਾਂ ਤਿੰਨ ਵਾਰੀ ਮਿੱਟੀ ਚੜ੍ਹਾਈ ਜਾਂਦੀ ਹੈ। ਜਦੋਂ ਬੂਟਿਆਂ ਦੀਆਂ ਪੱਤੀਆਂ ਪੀਲੀਆਂ ਹੋ ਜਾਣ ਤਾਂ ਆਲੂ ਕੱਢ ਲੈਣੇ ਚਾਹੀਦੇ ਹਨ। ਛੇਤੀ ਤਿਆਰ ਹੋਣ ਵਾਲੀਆਂ ਕਿਸਮਾਂ ਦੀ ਉਪਜ 75 ਕੁਇੰਟਲ ਤੋਂ 140 ਕੁਇੰਟਲ ਅਤੇ ਦੇਰੀ ਨਾਲ ਤਿਆਰ ਹੋਣ ਵਾਲੀਆਂ ਕਿਸਮਾਂ ਦੀ ਉਪਜ 140 ਤੋਂ 350 ਕੁਇੰਟਲ ਫ਼ੀ ਹੈਕਟਅਰ ਹੁੰਦੀ ਹੈ।

ਆਲੂਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਅਤੇ ਬੀਮਾਰੀਆਂ ਹੇਠ ਅਨੂਸਾਰ ਹਨ: (1) ਸਫੈਦ ਕੀੜਾ–ਇਹ ਆਲੂ ਦੇ ਗੁੱਦੇ ਨੂੰ ਖਾਂਦਾ ਹੈ ਜਿਸ ਨਾਲ ਆਲੂ ਵਿਚ ਸੜ੍ਹਾਂਦ ਪੈਦਾ ਹੋਣ ਲਗ ਪੈਂਦੀ ਹੈ। ਇਸ ਤੋਂ ਬਚਣ ਲਈ ਖੇਤ ਵਿਚ ਡੀ.ਡੀ.ਟੀ. ਛਿੜਕਣੀ ਚਾਹੀਦੀ ਹੈ। (2) ਪੱਤੀਆਂ ਖਾਣ ਵਾਲਾ ਕੀੜਾ–ਫਲੀਅ ਬੀਟਲ– ਇਸ ਨੂੰ 4 ਫ਼ੀ ਸਦੀ ਡੀ.ਡੀ.ਟੀ. ਛਿੜਕ ਕੇ ਮਾਰਨਾ ਚਾਹੀਦਾ ਹੈ। (3) ਪਟੈਟੋ ਟਿਊਬਰ ਮਾਥ–ਇਸ ਨਾਂ ਦੇ ਕੀੜੇ ਆਲੂ ਵਿਚ ਮੋਰੀ ਕਰਕੇ ਇਸ ਦਾ ਗੁੱਦਾ ਖਾਂਦੇ ਹਨ। ਇਹ ਗੁਦਾਮ ਵਿਚ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ। ਗੁਦਾਮ ਵਿਚ ਆਲੂਆਂ ਨੂੰ ਰੇਤ ਨਾਲ ਜਾਂ ਲੱਕੜੀ ਦੇ ਕੋਲੇ ਦੇ ਚੂਰੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਪੰਜ ਫ਼ੀ ਸਦੀ ਡੀ.ਡੀ.ਟੀ. ਛਿੜਕਣੀ ਚਾਹੀਦੀ ਹੈ। (4) ਪਟੈਟੋ ਬਲਾਈਟ– ਇਕ ਫ਼ੰਗਸ ਦੀ ਬੀਮਾਰੀ ਹੈ ਜਿਸ ਨਾਲ ਪੱਤਿਆਂ ਜਾਂ ਡੰਡੀਆਂ ਉੱਤੇ ਕਾਲੇ ਦਾਗ਼ ਪੈ ਜਾਂਦੇ ਹਨ। ਬੀਮਾਰੀ ਦਾ ਸ਼ੱਕ ਪੈਦਾ ਹੁੰਦਿਆ ਸਾਰ, ਬੋਰਡੋਮਿਕਸਚਰ ਜਾਂ ਬਰਗੰਡੀ ਮਿਕਸਚਰ ਦਾ ਇਕ ਫ਼ੀ. ਸਦੀ ਘੋਲ ਛਿੜਕਣਾ ਚਾਹੀਦਾ ਹੈ। (5) ਪਟੈਟੋ ਸਕੈਬ ਦੀ ਬੀਮਾਰੀ ਸੂਖ਼ਮ ਕੀੜਿਆਂ ਰਾਹੀਂ ਫ਼ੈਲਦੀ ਹੈ ਜਿਸ ਨਾਲ ਆਲੂ ਉੱਤੇ ਭੂਰੇ ਦਾਗ਼ ਪੈ ਜਾਂਦੇ ਹਨ। (6) ਰਿੰਗ ਰਾਟ ਦੀ ਬੀਮਾਰੀ ਫੈਲਣ ਦਾ ਵੱਡਾ ਕਾਰਨ ਬੈਕਟੀਰੀਆ ਹਨ। ਇਨ੍ਹਾਂ ਨਾਲ ਆਲੂ ਦੇ ਅੰਦਰ ਭੂਰੇ ਜਾਂ ਕਾਲੇ ਰੰਗ ਦਾ ਗੋਲ ਨਿਸ਼ਾਨ ਬਣ ਜਾਂਦਾ ਹੈ। (7) ਪੱਤੇ ਮੁੜਨਾ–ਇਸ ਰੋਗ ਵਿਚ ਆਲੂ ਦੀਆਂ ਪੱਤੀਆਂ ਕਿਨਾਰਿਆਂ ਵੱਲ ਮੁੜ ਜਾਂਦੀਆਂ ਹਨ। ਇਹ ਇਕ ਵਾਇਰਸ ਦਾ ਰੋਗ ਹੈ। (8) ਪਟੈਟੋ ਮੋਜ਼ੇਕ–ਇਕ ਤਰ੍ਹਾਂ ਦਾ ਆਲੂਆਂ ਦਾ ਕੌੜ੍ਹ ਹੈ। ਇਹ ਵਾਇਰਸ ਦਾ ਰੋਗ ਹੈ। ਹੋਰ ਬੀਮਾਰੀਆਂ ਜਿਵੇਂ ਕਿ ਸਟਿਪਲ–ਸਟ੍ਰੀਕ, ਕ੍ਰਿੰਕਲ, ਡ੍ਰਾਈ ਰਾਟ ਆਫ਼ ਪਟੈਟੋ ਅਤੇ ਪਟੈਟੋ ਵਾਰਟ ਆਦਿ ਵੀ ਆਲੂ ਨੂੰ ਬੜਾ ਨੁਕਸਾਨ ਪਹੁੰਚਾਉਂਦੀਆਂ ਹਨ।

ਬੀਜ ਲਈ ਆਲੂ ਨੂੰ ਹਮੇਸ਼ਾ ਖੁਸ਼ਕ ਤੇ ਠੰਢੇ ਥਾਂ ਤੇ ਰੱਖਣਾ ਚਾਹੀਦਾ ਹੈ। ਇਸ ਨੂੰ ਕੋਲਡ ਸਟੋਰੇਜ ਵਿਚ ਰੱਖਣਾ ਬਹੁਤ ਚੰਗਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-25, ਹਵਾਲੇ/ਟਿੱਪਣੀਆਂ: no

ਆਲੂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਲੂ, ਪੁਲਿੰਗ : ਇੱਕ ਪ੍ਰਸਿੱਧ ਗੋਲ ਸਬਜ਼ੀ ਜੋ ਧਰਤੀ ਅੰਦਰ ਆਪਣੇ ਬੂਟਿਆਂ ਦੀਆਂ ਜੜ੍ਹਾਂ ਨਾਲ ਲੱਗਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-10-47-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.