ਆਸ ਕੌਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸ ਕੌਰ. ਇਹ ਪਟਿਆਲਾ ਪਤਿ ਰਾਜਾ ਸਾਹਿਬ ਸਿੰਘ ਜੀ ਦੀ ਰਾਣੀ ਸੀ. ਇਸ ਨੇ ਬਹੁਤ ਚਿਰ ਆਪਣੇ ਪਤੀ ਦੇ ਸਮੇ ਅਰ ਆਪਣੇ ਸੁਪੁਤ੍ਰ ਮਹਾਰਾਜਾ ਕਰਮ ਸਿੰਘ ਜੀ ਦੀ ਨਾਬਾਲਗੀ ਦੇ ਵੇਲੇ ਰਾਜ ਦਾ ਪ੍ਰਬੰਧ ਉੱਤਮ ਰੀਤਿ ਨਾਲ ਕੀਤਾ. ਰਾਣੀ ਆਸ ਕੌਰ ਵਡੀ ਧਰਮਾਤਮਾ, ਦਿਲੇਰ ਅਤੇ ਚਤੁਰ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਸ ਕੌਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਸ ਕੌਰ : ਸਰਦਾਰ ਗੁਰਦਾਸ ਸਿੰਘ ਦੀ ਸੁਪੁੱਤਰੀ ਦਾ ਵਿਆਹ 1792 ਵਿਚ ਪਟਿਆਲਾ ਦੇ ਰਾਜਾ ਸਾਹਿਬ ਸਿੰਘ (1773-1813) ਨਾਲ ਹੋਇਆ ਸੀ ਅਤੇ 1798 ਵਿਚ ਇਹਨਾਂ ਦੇ ਘਰ ਇਕ ਸੁਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਕਰਮ ਸਿੰਘ ਰੱਖਿਆ ਗਿਆ। ਰਾਣੀ ਆਸ ਕੌਰ ਚੋਖੀ ਕਾਬਲੀਅਤ ਦੀ ਮਾਲਕ ਅਤੇ ਇਕ ਸੂਝਵਾਨ ਪ੍ਰਸ਼ਾਸਕ ਵਜੋਂ ਜਾਣੀ ਜਾਂਦੀ ਸੀ। ਆਪਣੇ ਪਤੀ ਦੇ ਰਾਜ ਕਾਲ ਦੌਰਾਨ ਅਤੇ ਉਪਰੰਤ ਆਪਣੇ ਸੁਪੁੱਤਰ, ਰਾਜ ਕਰਮ ਸਿੰਘ ਦੇ ਬਾਲਗ ਹੋਣ ਤੀਕ ਇਸ ਦੀਆਂ ਪ੍ਰਸ਼ਾਸਕੀ ਯੋਗਤਾਵਾਂ ਦੀ ਗੁਆਂਢੀ ਰਾਜਾਂ ਅਤੇ ਅੰਗਰੇਜ਼ ਸਰਕਾਰ ਵਲੋਂ ਚੋਖੀ ਪ੍ਰਸੰਸਾ ਹੋਈ। 1821 ਈਸਵੀ ਵਿਚ ਇਹ ਪਟਿਆਲਾ ਸ਼ਹਿਰ ਤੋਂ ਲਗਪਗ ਸੱਤ ਕਿਲੋਮੀਟਰ ਦੱਖਣ ਵੱਲ ਸਨੌਰ ਕਸਬੇ ਵਿਖੇ ਆਪਣੀ ਜਗੀਰ ਤੇ ਚਲੀ ਗਈ ਅਤੇ ਆਪਣੇ ਜੀਵਨ ਦੇ ਅੰਤਲੇ ਸਾਲ ਇਸ ਨੇ ਉਥੇ ਹੀ ਬਿਤਾਏ।


ਲੇਖਕ : ਸ.ਸ.ਭ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਆਸ ਕੌਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਆਸ ਕੌਰ  : ਇਹ ਪਟਿਆਲਾ ਦੇ ਮਹਾਰਾਜਾ ਸਾਹਿਬ ਸਿੰਘ ਦੀ ਰਾਣੀ ਸੀ। ਇਸ ਨੇ ਬਹੁਤ ਸਮਾਂ ਆਪਣੇ ਪਤੀ ਦੇ ਰਾਜ ਕਾਲ ਦੌਰਾਨ ਆਪਣਾ ਦਬ-ਦਬਾ ਕਾਇਮ ਰੱਖਿਆ ਅਤੇ ਆਪਣੇ ਪੁੱਤਰ ਮਹਾਰਾਜਾ ਕਰਮ ਸਿੰਘ ਦੀ ਨਾਬਾਲਗ਼ੀ ਵੇਲੇ ਰਾਜ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ। ਇਹ ਦਲੇਰ, ਚੁਸਤ ਅਤੇ ਧਰਮਾਤਮਾ ਔਰਤ ਸੀ। ਇਸ ਨੇ ਨਾਭਾ ਰਾਜ ਦੀ ਸਰਹੱਦ ਕੋਲ ਪੈਂਦੇ ਦੁਲੱਦੀ ਪਿੰਡ ਦੇ ਝਗੜੇ ਕਾਰਨ ਮਹਾਰਾਜਾ ਨਾਭਾ ਨਾਲ ਝਗੜਾ ਵੀ ਕੀਤਾ ਜਿਸ ਦੀ ਸਾਲਸੀ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਅਤੇ ਦੋਹਾਂ ਰਾਜਾਂ (ਨਾਭਾ ਅਤੇ ਪਟਿਆਲਾ) ਵਿਚਕਾਰ ਸੁਲਹ ਕਰਵਾਈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-31-03-05-32, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਵਿਚਾਰ / ਸੁਝਾਅ



Please Login First