ਇਕਾਦਸ਼ੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਕਾਦਸ਼ੀ (ਨਾਂ,ਇ) ਯਾਰਵ੍ਹੀਂ ਤਿਥਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਇਕਾਦਸ਼ੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਇਕਾਦਸ਼ੀ  : ਭਾਰਤੀ ਜੋਤਿਸ਼ ਅਨੁਸਾਰ ਚੰਨ ਵਰ੍ਹੇ ਦਾ ਆਰੰਭ ਚੇਤ ਦੇ ਮਹੀਨੇ ਤੋਂ ਹੁੰਦਾ ਹੈ। ਚੰਨ ਵਰ੍ਹੇ ਦੇ ਹਰੇਕ ਪੰਦਰਵਾੜੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ਜਿਨ੍ਹਾਂ ਦੇ ਨਾਂ ਹਨ : (1) ਸ਼ੁਕਲ (ਚਾਨਣਾ) ਪੱਖ ਅਤੇ (1 1) ਬਹੁਲ ਜਾਂ ਕ੍ਰਿਸ਼ਣ (ਹਨੇਰਾ) ਪੱਖ 1  1 ਚਾਨਣੇ ਅਤੇ ਹਨੇਰੇ ਪੱਖ ਦੇ ਗਿਆਰ੍ਹਵੇਂ ਦਿਨ ਨੂੰ 'ਇਕਾਦਸ਼ੀ' ਕਿਹਾ ਜਾਂਦਾ ਹੈ।

        'ਇਕਾਦਸ਼ੀ' ਸ਼ਬਦ ਦਾ ਮੂਲ ਸੰਸਕ੍ਰਿਤ ਰੂਪ 'ਏਕਾਦਸ਼' ਹੈ। ਏਕਾਦਸ਼ ਦਾ ਅਰਥ ਹੈ : ਦਸ ਉੱਪਰ ਇਕ, ਭਾਵ ਗਿਆਰਾਂ। ਹਿੰਦੂ ਮਿਥਿਹਾਸ ਅਨੁਸਾਰ ਇਕਾਦਸ਼ੀ ਵਿਸ਼ਨੂੰ ਦੀ ਨੀਂਦਰ ਅਵਸਥਾ ਵਿਚੋਂ ਪੈਦਾ ਹੋਈ ਸੀ। ਵੈਸ਼ਨਵ ਮਤ ਅਨੁਸਾਰ ਇਕਾਦਸ਼ੀ ਨੂੰ ਵਰਤ ਰਖਣਾ ਪੁੰਨ ਸਮਝਿਆ ਜਾਂਦਾ ਹੈ। ਵੱਖ ਵੱਖ ਨਛੱਤਰਾਂ ਵਿਚ ਪੂਰਾ ਸਾਲ ਚੰਨ ਦੀ ਘੁੰਮਣ ਘੇਰੀ ਕਾਰਨ ਚੰਨ ਵਰ੍ਹੇ ਦੇ ਹਰੇਕ ਮਹੀਨੇ ਦੇ ਦਿਨਾਂ ਵਿਚ ਇਕਸਾਰਤਾ ਨਹੀਂ ਰਹਿੰਦੀ। ਇਹੋ ਕਾਰਨ ਹੈ ਕਿ ਚੰਨ ਮਹੀਨੇ ਦੀਆਂ ਤਿਥਾਂ (ਦਿਨ) ਘਟਦੀਆਂ ਵਧਦੀਆਂ ਰਹਿੰਦੀਆਂ ਹਨ। ਇਨ੍ਹਾਂ ਦਿਨਾਂ ਦੀ ਘਾਟ ਪੂਰੀ ਕਰਨ ਲਈ ਤਿੰਨ ਚਾਰ ਵਰ੍ਹਿਆਂ ਪਿੱਛੋਂ ਸਾਲ ਦੇ ਬਾਰ੍ਹਾਂ ਮਹੀਨਿਆਂ ਦੀ ਥਾਂ ਤੇ ਤੇਰ੍ਹਵਾਂ ਮਹੀਨਾ ਮਿੱਥ ਲਿਆ ਜਾਂਦਾ ਹੈ। ਵਿਗਿਆਨਿਕ ਵਿਧੀ ਨਾਲ ਨਿਸ਼ਚਿਤ ਕੀਤੇ ਇਸ ਵਾਧੂ ਮਹੀਨੇ ਨੂੰ ਲੌਦ ਆਖਿਆ ਜਾਂਦਾ ਹੈ।

        ਇਕਾਦਸ਼ੀਆਂ ਦੇ ਨਾਂ ––  ਵੱਖ ਵੱਖ ਪੁਰਾਣ ਗ੍ਰੰਥਾਂ ਵਿਚ ਸਾਲ ਵਿਚ ਆਉਣ ਵਾਲੀਆਂ 24 ਇਕਾਦਸ਼ੀਆਂ (ਹਰ ਮਹੀਨੇ 2 X 12) ਦੀ ਮਹਿਮਾ ਦਾ ਵਰਣਨ ਕੀਤਾ ਗਿਆ ਹੈ ਪਰ ਲੌਦ ਵਾਲੇ ਸਾਲ ਵਿਚ ਤੇਰ੍ਹਵਾਂ ਮਹੀਨਾ ਪਾਉਣ ਕਾਰਨ ਇਕਾਦਸ਼ੀਆਂ ਦੀ ਗਿਣਤੀ 26 ਹੋ ਜਾਂਦੀ ਹੈ। ਇਨ੍ਹਾਂ ਇਕਾਦਸ਼ੀਆਂ ਦਾ ਮਹੱਤਵ ਦਰਸਾਉਣ ਲਈ ਵੱਖਰੀਆਂ ਵੱਖਰੀਆਂ ਕਥਾਵਾਂ ਪ੍ਰਚਲਿਤ ਹਨ। ਇਨ੍ਹਾਂ ਦੇ ਨਾਂ ਅਤੇ ਮਹਿਮਾ ਕ੍ਰਮਵਾਰ ਇਸ ਪ੍ਰਕਾਰ ਹਨ:

        (1) ਪਾਪਮੋਚਿਨੀ ਇਕਾਦਸ਼ੀ––– ਚੇਤ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਪਾਪਾਂ ਤੋਂ ਛੁਟਕਾਰਾ ਮਿਲਦਾ ਹੈ।

        (2) ਕਾਮਦਾ ਇਕਾਦਸ਼ੀ––ਚੇਤ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।

        (3) ਵਰੂਥਿਨੀ ਇਕਾਦਸ਼ੀ –––ਵਿਸਾਖ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਵਾਲੀ ਇਸਤਰੀ ਲੰਮੇ ਸਮੇਂ ਤਕ  ਸੁਹਾਗਵਤੀ ਰਹਿੰਦੀ ਹੈ ਅਤੇ ਮੌਤ ਪਿਛੋਂ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ।

        (4) ਮੋਹਿਨੀ ਇਕਾਦਸ਼ੀ –––  ਵਿਸਾਖ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਦੁਨਿਆਵੀ ਦੁੱਖਾਂ ਪਾਪਾਂ ਅਤੇ ਮੋਹ ਜਾਲ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

        (5) ਅਪਰਾ ਇਕਾਦਸ਼ੀ–– ਜੇਠ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਨੂੰ ਬਹੁਤ ਸਾਰੇ ਪੈਸੇ ਅਤੇ ਮਾਲ ਮੱਤੇ ਦੀ ਪ੍ਰਾਪਤੀ ਹੁੰਦੀ ਹੈ।

        (6) ਨਿਰਜਲਾ ਇਕਾਦਸ਼ੀ–––  ਜੇਠ ਦੇ ਚਾਨਣੇ ਪੱਖ ਦਾ ਵਰਤ। ਇਸ ਦਿਨ ਵਰਤ ਰੱਖਣ ਵਾਲਾ ਵਿਅਕਤੀ ਤਿਹਾਇਆ ਰਹਿ ਕੇ ਆਪਣੇ ਸੰਜਮ ਅਤੇ ਸੰਤੋਖ ਦਾ ਪ੍ਰਗਟਾਵਾ ਕਰਨਾ ਹੈ।

        (7) ਯੋਗਿਨੀ ਇਕਾਦਸ਼ੀ–––  ਹਾੜ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਨੂੰ ਇਸ ਸੰਸਾਰ ਦੇ ਸਾਰੇ ਭੋਗ ਅਤੇ ਨਾਲ ਹੀ ਪਰਲੋਕ ਵਿਚ ਮੁਕਤੀ ਮਿਲਦੀ ਹੈ।

        (8) ਪਦਮਾ ਇਕਾਦਸ਼ੀ–––  ਹਾੜ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਸਭ ਪ੍ਰਕਾਰ ਦੀਆਂ ਕੁਦਰਤੀ ਅਤੇ ਗੈਰ-ਕੁਦਰਤੀ ਮੁਸੀਬਤਾਂ ਤੋਂ ਛੁਟਕਾਰਾ ਪਾ ਲੈਂਦਾ ਹੈ। ਇਸ ਤਿਥੀ ਦੇ ਕੁਝ ਹੋਰ ਨਾ ਵੀ ਹਨ ਜਿਵੇਂ 'ਪਦਮਨਾਭਾ ਇਕਾਦਸ਼ੀ, 'ਹਰਿ ਸ਼ਯਨੀ ਇਕਾਦਸ਼ੀ', 'ਦੇਵ ਸ਼ਯਨੀ ਇਕਾਦਸ਼ੀ', 'ਹਰਿ ਸ਼ਯਨੀ' ਦਾ ਅਰਥ ਹੈ 'ਵਿਸ਼ਨੂੰ ਦਾ ਸੌਣਾ'। ਇਸ ਦਿਨ ਤੋਂ ਵਰਖਾ ਰੁੱਤ ਦੇ ਚੁਮਾਸੇ ਦਾ ਆਰੰਭ ਮੰਨਿਆ ਜਾਂਦਾ ਹੈ।

        (9) ਕਾਮਿਕਾ ਇਕਾਦਸ਼ੀ––– ਸਾਵਣ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਬ੍ਰਾਹਮਣ ਹੱਤਿਆ ਅਤੇ ਭਰੂਣ ਹੱਤਿਆ ਦਾ ਪਾਪ ਦੂਰ ਹੋ ਜਾਂਦਾ ਹੈ।

        (10) ਪਵਿੱਤਰਾ-ਇਕਾਦਸ਼ੀ––– ਸਾਵਣ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਨੂੰ ਸੰਤਾਨ ਦਾ ਸੁੱਖ ਪ੍ਰਾਪਤ ਹੁੰਦਾ ਹੈ।

        (11) ਅਜਾ ਇਕਾਦਸ਼ੀ–––ਭਾਦੋਂ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਰਾਜਾ ਹਰੀਸ਼ਚੰਦਰ ਦਾ ਸੱਪ ਦਾ ਡੰਗਿਆ ਹੋਇਆ ਪੁੱਤਰ ਜਿਉਂਦਾ ਹੋ ਗਿਆ ਸੀ।

        (12) ਪਰਿਵਰਤਿਨੀ ਇਕਾਦਸ਼ੀ–– ਭਾਦੋਂ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਨੂੰ ਇਕ ਹਜ਼ਾਰ ਅਸ਼੍ਵਮੇਧ ਯੱਗਾਂ ਦਾ ਫ਼ਲ ਪ੍ਰਾਪਤ ਹੋ ਜਾਂਦਾ ਹੈ। ਇਸ ਨੂੰ ਵਾਮਨ ਇਕਾਦਸ਼ੀ ਵੀ ਕਿਹਾ ਜਾਂਦਾ ਹੈ।

        (13) ਇੰਦਰਾ ਇਕਾਦਸ਼ੀ––– ਅੱਸੂ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਦੀ ਉਮਰ ਵਧਦੀ ਹੈ, ਪੈਸੇ ਦੀ ਕਮੀ ਨਹੀਂ ਰਹਿੰਦੀ ਅਤੇ ਰੋਗ ਨੇੜੇ ਨਹੀਂ ਆਉਂਦਾ।

        (14) ਪਾਪ-ਅੰਕੁਸ਼ਾ ਇਕਾਦਸ਼ੀ–– ਅੱਸੂ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਪਾਪਾਂ ਦੇ ਫ਼ਲ ਉੱਤੇ ਉਸੇ ਤਰ੍ਹਾਂ ਕਾਬੂ ਪਾ ਲੈਂਦਾ ਹੈ ਜਿਵੇਂ ਇਕ ਮਹਾਵਤ ਵੱਡੇ ਹਾਥੀ ਨੂੰ ਅੰਕੁਸ਼ ਨਾਲ ਕਾਬੂ ਵਿਚ ਰਖਦਾ ਹੈ।

        (15) ਰਮਾ ਇਕਾਦਸ਼ੀ––– ਕੱਤਕ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਵਾਲੇ ਵਿਅਕਤੀ ਉਤੇ ਲੱਛਮੀ ਦੀ ਅਪਾਰ ਕਿਰਪਾ ਹੋ ਜਾਂਦੀ ਹੈ ਅਤੇ ਉਸ ਕੋਲ ਰੁਪਏ ਪੈਸੇ ਦੀ ਥੁੜ ਨਹੀਂ ਰਹਿੰਦੀ।

        (16) ਪ੍ਰਬੋਧਿਨੀ ਇਕਾਦਸ਼ੀ–––  ਕੱਤਕ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਨੂੰ ਘਰ ਬੈਠਿਆਂ ਸਮੂਹ ਤੀਰਥਾਂ ਦੇ ਇਸ਼ਨਾਨ ਦਾ ਫ਼ਲ ਪ੍ਰਾਪਤ ਹੋ ਜਾਂਦਾ ਹੈ।

        (17) ਉਤਪੰਨਾ ਇਕਾਦਸ਼ੀ–––ਮੱਘਰ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਕਰੋੜਾਂ ਵਰ੍ਹਿਆ ਤਕ ਵਿਸ਼ਨੂੰ ਲੋਕ ਵਿਚ ਨਿਵਾਸ ਕਰਦਾ ਹੈ। ਸ਼ਾਇਦ ਇਕਾਦਸ਼ੀ ਦੇ ਦਿਨ ਵਰਤ ਰੱਖਣ ਦਾ ਸਿਲਸਿਲਾ ਮੱਘਰ ਤੋਂ ਹੀ ਆਰੰਭ ਹੋਇਆ ਸੀ। ਇਸੇ ਲਈ ਇਸ ਦਾ ਨਾਂ 'ਉਤਪੰਨਾ' (ਪੈਦਾਇਸ਼) ਇਕਾਦਸ਼ੀ ਪਿਆ ਹੈ।

        (18) ਮੋਕਸ਼ਦਾ ਇਕਾਦਸ਼ੀ––ਮੱਘਰ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਮੁਕਤੀ ਦਾ ਅਧਿਕਾਰੀ ਬਣ ਜਾਂਦਾ ਹੈ।

        (19) ਸਫਲਾ ਇਕਾਦਸ਼ੀ––– ਪੋਹ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਮਨੁੱਖ ਨੂੰ ਹਰ ਪ੍ਰਕਾਰ ਦੇ ਕੰਮਾਂ ਵਿਚ ਸਫ਼ਲਤਾ ਪ੍ਰਾਪਤ ਹੁੰਦੀ ਹੈ।

        (20) ਪੁੱਤ੍ਰਦਾ ਇਕਾਦਸ਼ੀ–––ਪੋਹ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਵਾਲੇ ਵਿਅਕਤੀ ਦੇ ਘਰ ਪੁੱਤਰ ਪੈਦਾ ਹੁੰਦਾ ਹੈ।

        (21) ਸ਼ਟ-ਤਿਲਾਂ ਇਕਾਦਸ਼ੀ–––ਮਾਘ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਇਨਸਾਨ ਦੇ ਕੋਠੇ ਅੰਨ-ਦਾਣੇ ਨਾਲ ਭਰੇ ਰਹਿੰਦੇ ਹਨ। ਤਿਲ ਦੀ ਤਾਸੀਰ ਗਰਮ ਹੁੰਦੀ ਹੈ। ਮਾਘ ਦੇ ਮਹੀਨੇ ਵਿਚ ਤਿਲਾਂ ਦਾ ਦਾਨ ਅਤੇ ਸੇਵਨ ਕਰਨ ਕਾਰਨ ਇਸ ਦਾ ਨਾਂ 'ਸ਼ਟ(ਛੇ) ਤਿਲਾਂ' ਇਕਾਦਸ਼ੀ ਪਿਆ ਹੈ।

        (22) ਜਯਾ ਇਕਾਦਸ਼ੀ–– ਮਾਘ ਦੇ ਚਾਨਣੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਇੰਦਰ ਦੇ ਸਰਾਪ ਕਾਰਨ ਪਿਸ਼ਾਚ (ਪ੍ਰੇਤ) ਬਣਿਆ ਹੋਇਆ ਗੰਧਰਵ ਰਾਜ ਦਾ ਪੁੱਤਰ ਮਾਲਯਵਾਨ ਉਸ ਜੂਨੀ ਤੋਂ ਛੁੱਟ ਗਿਆ ਸੀ।

        (23) ਵਿਜਯਾ ਇਕਾਦਸ਼ੀ––– ਫੱਗਣ ਦੇ ਹਨੇਰੇ ਪੱਖ ਦਾ ਵਰਤ ਜਿਸ ਨੂੰ ਰੱਖਣ ਨਾਲ ਰਾਮ ਚੰਦਰ ਜੀ ਨੇ ਰਾਖ਼ਸ਼ਾਂ ਉਤੇ ਜਿੱਤ ਪ੍ਰਾਪਤ ਕੀਤੀ ਸੀ।

        (24) ਆਮਲਕਾ ਇਕਾਦਸ਼ੀ––– ਫੱਗਣ ਦੇ ਚਾਨਣੇ ਪੱਖ ਦਾ ਵਰਤ। ਇਸ ਦਿਨ ਔਲੇ (ਆਮਲ-ਆਂਵਲਾ) ਦੀ ਪੂਜਾ ਕਰਨੀ ਜ਼ਰੂਰੀ ਹੈ। ਇਸੇ ਕਾਰਨ ਇਸ ਦਾ ਇਹ ਨਾਂ ਪਿਆ ਹੈ।

        (25) ਪਰਮਾ ਇਕਾਦਸ਼ੀ–––  ਲੌਦ ਦਾ ਮਹੀਨਾਂ ਭਾਵੇਂ ਸਾਲ ਦੇ ਕਿਸੇ ਵੀ ਮਹੀਨੇ ਵਿਚ ਆਵੇ ਪਰ ਇਸ ਵਾਧੂ ਮਹੀਨੇ ਦੇ ਹਨੇਰੇ ਪੱਖ ਦੇ ਗਿਆਰ੍ਹਵੇਂ ਦਿਨ ਨੂੰ 'ਪਰਮਾ ਇਕਾਦਸ਼ੀ' ਕਿਹਾ ਜਾਂਦਾ ਹੈ। 'ਪਰਮਾ ਇਕਾਦਸ਼ੀ' ਦਾ ਵਰਤ ਰੱਖਣ ਵਾਲਾ ਵਿਅਕਤੀ ਸੰਸਾਰ ਵਿਚ ਨਾਮਣਾ ਖੱਟਦਾ ਹੈ ਅਤੇ ਮੌਤ ਪਿਛੋਂ ਉਸ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ।

        (26)  ਪਦਿਮਨੀ ਇਕਾਦਸ਼ੀ––– ਲੌਦ ਮਹੀਨੇ ਦੇ ਚਾਨਣੇ ਪੱਖ ਦੀ ਇਕਾਦਸ਼ੀ ਦਾ ਇਹ ਨਾਂ ਹੈ। ਇਸ ਦਿਨ ਵਰਤ ਰੱਖਣ ਵਾਲਾ ਮਨੁੱਖ ਜੀਵਨ ਦੇ ਅੰਤ ਵਿਚ 'ਪਦਮ-ਨਾਭ' (ਵਿਸ਼ਨੂੰ) ਲੋਕ ਵਿਚ ਜਾਂਦਾ ਹੈ।

        ਮੁੱਖ ਤੌਰ ਤੇ ਹਰੇਕ ਇਕਾਦਸ਼ੀ ਦੀ ਕਥਾ ਵਿਚ ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਵਿਚੋਂ ਕਿਸੇ ਨਾ ਕਿਸੇ ਦੀ ਮਹਿਮਾ ਦਰਸਾ ਕੇ ਉਸ ਦੀ ਪੂਜਾ ਲਈ ਪ੍ਰੇਰਿਆ ਜਾਂਦਾ ਹੈ। ਇਸੇ ਕਾਰਨ 'ਵ੍ਰਿਧ ਹਾਰਤਿ ਸਮ੍ਰਿਤੀ' ਵਿਚ 'ਇਕਾਦਸ਼ੀ ਲਈ 'ਹਰਿ ਵਾਸਰ' ('ਹਰਿ' ਅਰਥਾਤ ਵਿਸ਼ਨੂੰ ਦਾ' ਦਿਨ) ਦੀ ਵਰਤੋਂ ਹੋਈ ਹੈ। ਅੱਠ ਵਰ੍ਹੇ ਦੀ ਉਮਰ ਤੋਂ ਲੈ ਕੇ ਅੱਸੀ ਸਾਲਾਂ ਤਕ ਦਾ ਕੋਈ ਵੀ ਇਸਤਰੀ ਜਾਂ ਪੁਰਸ਼ ਇਕਾਦਸ਼ੀ ਦਾ ਵਰਤ ਰਖ ਸਕਦਾ ਹੈ ਪਰ ਵਿਧਵਾ ਇਸਤਰੀਆਂ, ਬ੍ਰਾਹਮਣਾਂ, ਪੁੱਤਰਵਾਨ ਪੁਰਸ਼ਾਂ ਅਤੇ ਇਸਤਰੀਆਂ ਵਾਸਤੇ ਇਹ ਵਰਤ ਰੱਖਣਾ ਜ਼ਰੂਰੀ ਦੱਸਿਆ ਗਿਆ ਹੈ। ਉਮਰ, ਰੋਗ, ਯਾਤਰਾ ਆਦਿ ਮਜਬੂਰੀਆਂ ਕਾਰਨ ਉਪਵਾਸ ਨਾ ਰਖ ਸਕਣ ਵਾਲੇ ਇਨਸਾਨ ਨੂੰ 'ਮਾਰਕੰਡੇਯ ਪੁਰਾਣ' ਅਨੁਸਾਰ ਕੁਝ ਛੋਟਾਂ ਵੀ ਦਿੱਤੀਆਂ ਗਈਆਂ ਹਨ।

       

ਸਿੱਖ ਧਰਮ ਵਿਚ ਇਕਾਦਸ਼ੀ

ਸਿੱਖ ਧਰਮ ਵਿਚ ਇਕਾਦਸ਼ੀ–– ਸਿੱਖ ਮਤ ਵਿਚ ਵਰਤ ਆਦਿ ਰਖਣੇ ਵਰਜਿਤ ਹਨ। ਇਸ ਸਬੰਧ ਵਿਚ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹਨ। ਅੰਨ ਤਿਆਗਣ ਅਤੇ ਹਠ ਨੇਮਾਂ ਦਾ ਨਿਖੇਧ ਕਰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਇਕਾਦਸੀ ਦੀ ਥਾਂ ਉਤਮ ਵਰਤ ਦਾ ਉਪਦੇਸ਼ ਇਸ ਪ੍ਰਕਾਰ ਕਰਦੇ ਹਨ :–

                ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ǁ

                ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ ǁ

                ਮਨਿ ਸੰਤੋਖੁ ਸਰਬ ਜੀਅ ਦਇਆ ǁ

                ਇਨ ਬਿਧਿ ਬਰਤੁ ਸੰਪੂਰਨ ਭਇਆ ǁ

          ਗੁਰਮਤਿ ਦੇ ਨਿਯਮਾਂ ਅਨੁਸਾਰ ਸੱਚ ਦੀ ਪਕੜ ਅਤੇ ਸੱਚ ਦੇ ਧਾਰਨ ਕਰਨ ਦੇ ਵਰਤ ਨੂੰ ਮਹੱਤਵ ਦਿਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਹਨ ਕਿ ਅੰਨ ਦਾ ਤਿਆਗ ਕਰਕੇ ਲੋਕ ਸਰੀਰ ਨੂੰ ਦੁੱਖ ਦਿੰਦੇ ਹਨ ਪਰ ਗੁਰੂ ਦੇ ਗਿਆਨ ਤੋਂ ਬਿਨਾ ਤ੍ਰਿਪਤੀ ਨਹੀਂ ਹੋ ਸਕਦੀ। ਆਪ ਰਾਮਕਲੀ ਰਾਗ ਵਿਚ ਇਉਂ ਫ਼ਰਮਾਉਂਦੇ ਹਨ :–

                ਅੰਨੁ ਨ ਖਹਿ ਦੇਹੀ ਦੁਖੁ ਦੀਜੈ ǁ  

               ਬਿਨ  ਗੁਰ ਗਿਆਨ ਤ੍ਰਿਪਤਿ ਨਹੀਂ ਥੀਜੈ ।

 ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਗੁਰਮੁਖਾਂ ਨੂੰ ਇਕ ਪ੍ਰਭੂ ਵਿਚ ਮਨ ਲਾਉਣਾ ਇਕਾਦਸ਼ੀ ਆਦਿ ਵਰਤਾਂ ਤੋਂ ਚੰਗਾ ਲਗਦਾ ਹੈ।

                ਸਿੱਖ ਮਤ ਵਿਚ ਸਰੀਰਕ ਰੋਗਾਂ ਕਾਰਨ ਵਰਤ ਰੱਖਣਾ ਵਰਜਿਤ ਨਹੀਂ। ਅਲਪ ਅਹਾਰ ਦੀ ਸ਼ਕਲ ਵਿਚ ਵਰਤ ਰੱਖਣ ਨੂੰ ਨਿਤ ਦਾ ਅਸੂਲ ਬਣਾਉਣ ਉੱਪਰ ਗੁਰਬਾਣੀ ਵਿਚ ਜ਼ੋਰ ਦਿਤਾ ਗਿਆ ਹੈ।

                ਮੁਸਲਮਾਨ ਇਕਾਦਸ਼ੀ ਨੂੰ ਯਾਰ੍ਹਵੀਂ ਕਹਿੰਦੇ ਹਨ ਤੇ ਬੜੀ ਪਵਿੱਤਰ ਤਿੱਥ ਮੰਨਦੇ ਹਨ। ਇਸ ਦਿਨ ਉਹ ਪੀਰਾਂ ਦੀਆਂ ਦਰਗਾਹਾਂ ਤੇ ਨਿਆਜ਼ਾਂ ਚਾੜ੍ਹਦੇ ਹਨ।


ਲੇਖਕ : ਡਾ. ਨਵਰਤਨ ਕਪੂਰ ਅਤੇ ਪ੍ਰੋ. ਪ੍ਰਕਾਸ਼ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-01-12-38, ਹਵਾਲੇ/ਟਿੱਪਣੀਆਂ: ਹ. ਪੁ.–ਏਕਾਦਸ਼ੀ ਮਹਾਤਮ-ਪ੍ਰੋ. ਜਗਨ ਨਾਥ ਸ਼ਰਮਾ; ਮ. ਕੋ.

ਇਕਾਦਸ਼ੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਇਕਾਦਸ਼ੀ, (ਸੰਸਕ੍ਰਿਤ) / ਇਸਤਰੀ ਲਿੰਗ : ਗਿਆਰ੍ਹਵੀਂ ਤਿੱਥ, ਯਾਰਵੀਂ (ਮੁਸਲਮਾਨੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-19-03-52-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.