ਇਤਿਹਾਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇਤਿਹਾਸ [ਨਾਂਪੁ] ਤਾਰੀਖ਼, ਹਿਸਟਰੀ; ਬਿਰਤਾਂਤ, ਵੇਰਵਾ , ਬੀਤੇ ਸਮੇਂ ਦੀ ਕਹਾਣੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਇਤਿਹਾਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਿਹਾਸ. ਸੰ. ਇਤਿ—ਹ—ਆਸ. ਇਹ ਪ੍ਰਸਿੱਧ ਥਾਂ. ਅਰਥਾਤ—ਅਜੇਹਾ ਗ੍ਰੰਥ ਜਿਸ ਵਿੱਚ ਬੀਤੀ ਹੋਈ ਯਥਾਰਥ ਘਟਨਾ ਦਾ ਕ੍ਰਮ ਅਨੁਸਾਰ ਜਿਕਰ ਹੋਵੇ. ਤਵਾਰੀਖ਼. ਹਿਸਟਰੀ (History)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਇਤਿਹਾਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

History

ਇਹ ਮੰਨਿਆ ਜਾਂਦਾ ਹੈ ਕਿ ਦੁਨੀਆ ਦੀ ਸਭ ਤੋਂ ਪਹਿਲੀ ਗਣਨਾ ਕਰਨ ਵਾਲੀ ਅਬਾਕਸ (Abacus) ਨਾਮਕ ਮਸ਼ੀਨ ਚੀਨ ਦੇ ਵਿਗਿਆਨੀਆਂ ਨੇ 3000 ਈ ਪੂ ਤਿਆਰ ਕੀਤੀ। ਇਸ ਮਗਰੋਂ ਗਣਨਾਵਾਂ ਕਰਨ ਵਾਲੇ ਅਨੇਕਾਂ ਯੰਤਰਾਂ ਦਾ ਵਿਕਾਸ ਕੀਤਾ ਗਿਆ। ਕੰਪਿਊਟਰ ਦੇ ਇਤਿਹਾਸ ਦੀ ਦਾਸਤਾਨ ਨੂੰ ਹੇਠਾਂ ਲਿਖੇ ਅਨੁਸਾਰ ਬਿਆਨ ਕੀਤਾ ਜਾ ਸਕਦਾ ਹੈ:


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਇਤਿਹਾਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਇਤਿਹਾਸ: ਇਸ ਦਾ ਪੁਰਾਣਾ ਨਾਂ ਕੀਟੋ ਸੀ। ਸਪੇਨੀਆਂ ਦੇ ਇਧਰ ਆਉਣ ਤੋਂ ਪਹਿਲਾਂ ਇਹ ਪੀਰੂ ਦੇ ਅਧੀਨ ਸੀ। ਸਪੇਨੀਆਂ ਨੇ 1534 ਈ. ਵਿਚ ਇਸ ਨੂੰ ਜਿੱਤਿਆ ਸੀ। ਪੀਰੂ ਦੀ ਇਹ ਵਾਇਸਰਾਇਲਟੀ ਸੀ ਅਤੇ ਪਿੱਛੇ ਨਿਊ ਗ੍ਰੇਨਾਡਾ ਦੀ ਵਾਇਸਰਾਇਲਟੀ ਰਿਹਾ । ਕਈ ਅਸਫ਼ਲ ਕੋਸ਼ਿਸਾਂ ਪਿੱਛੋਂ ਆਖ਼ਰ 24 ਮਈ, 1822 ਨੂੰ ਇਹ ਸਪੇਨ ਤੋਂ ਆਜ਼ਾਦ ਹੋ ਗਿਆ। ਸੰਨ 1830 ਤੱਕ ਇਹ ਗ੍ਰੇਟ ਕੋਲੰਬੀਆ ਦਾ ਹਿੱਸਾ ਰਿਹਾ । ਇਸ ਪਿੱਛੋਂ ਇਹ ਆਜ਼ਾਦ ਦੇਸ਼ ਦੇ ਤੌਰ ਤੇ ਹੋਂਦ ਵਿਚ ਆਇਆ ਅਤੇ ਫਿਰ ਪੀਰੂ ਅਤੇ ਚਿੱਲੀ ਦੇ ਸੰਘ ਵਿਚ ਸ਼ਾਮਲ ਹੋ ਕੇ 1866 ਈ. ਵਿਚ ਸਪੇਨ ਦੇ ਖਿਲਾਫ਼ ਵੀ ਲੜਿਆ । ਗਵਾਂਢੀ ਦੇਸ਼ਾਂ ਨਾਲ ਇਸ ਦੀਆਂ ਹੱਦਾਂ ਬਦਲਦੀਆਂ ਹੀ ਰਹੀਆਂ ਹਨ। ਪੀਰੂ ਨਾਲ ਕਈ ਸੰਧੀਆਂ ਦੇ ਬਾਵਜੂਦ ਵੀ ਹੱਦਾਂ ਦਾ ਫੈਸਲਾ ਨਹੀਂ ਹੋ ਸਕਿਆ। ਸੰਨ 1945 ਤੋਂ ਇਹ ਸੁੰਯਕਤ ਰਾਸ਼ਟਰ ਸੰਘ ਦਾ ਮੈਂਬਰ ਬਣਿਆ ਹੋਇਆ ਹੈ।

ਆਰਥਿਕਤਾ

ਖੇਤੀਬਾੜੀ – ਪੂੰਜੀ, ਆਵਾਜਾਈ ਦੇ ਸਾਧਨਾਂ ਅਤੇ ਸਿੱਖੇ ਹੋਏ ਕਾਮਿਆਂ ਦੀ ਘਾਟ ਕਾਰਨ ਇਥੋਂ ਦਾ ਮੁੱਖ ਕਿੱਤਾ ਖੇਤੀ ਹੈ। ਆਰਥਿਕ ਤੌਰ ਤੇ ਭਾਵੇਂ ਦੇਸ਼ ਦੀ 5 ਫ਼ੀਸਦੀ ਭੂਮੀ ਹੀ ਉਪਯੋਗ ਵਿਚ ਲਿਆਂਦੀ ਗਈ ਹੈ ਜਿਸ ਵਿਚ ਅੱਧੀ ਭੂਮੀ ਉਪਰ ਵਾਹੀ ਕੀਤੀ ਜਾਂਦੀ ਹੈ । ਅੱਧੀ ਉੱਤੇ ਫ਼ਸਲਾਂ ਉਗਾਈਆਂ ਜਾਂਦੀਆ ਹਨ ਤੇ ਅੱਧੀ ਤੇ ਚਰਾਂਦਾਂ ਹਨ। ਕੇਲਾ ਇਥੋਂ ਦੀ ਮੁੱਖ ਫਸਲ ਹੈ। ਇਸ ਤੋਂ ਇਲਾਵਾ ਕਈ ਹੋਰ ਫਸਲਾਂ ਵੀ ਕਾਸ਼ਤ ਕੀਤੀਆ ਜਾਂਦੀਆਂ ਹਨ। ਕੇਲਾ, ਕਾਫ਼ੀ, ਕੋਕੋ ਅਤੇ ਖੰਡ ਇਥੋਂ ਦੇ ਹੋਰ ਉਤਪਾਦਨ ਹਨ। ਇਥੇ ਕੋਕੋ ਬਹੁਤ ਹੁੰਦੀ ਹੈ। ਸੰਨ 1963 ਤੱਕ ਇਹ ਕੇਲੇ ਉਗਾਉਣ ਵਾਲਾ ਵੱਡਾ ਦੇਸ਼ ਬਣ ਗਿਆ ਸੀ।

ਖਣਿਜ – ਸੋਨਾ, ਚਾਂਦੀ, ਜਿਸ਼ਤ, ਗੰਧਕ ਅਤੇ ਤਾਂਬਾਂ ਇਥੇ ਮਿਲਦਾ ਹੈ ਪਰ ਪੈਟਰੋਲ ਇਥੋਂ ਦਾ ਵਰਣਨਯੋਗ ਖਣਿਜ ਹੈ। ਇਸ ਦੇਸ਼ ਵਿਚ 2.5 ਬਿਲੀਅਨ ਬੈਰਲ ਤੇਲ ਦੇ ਜ਼ਖੀਰੇ ਹਨ।

ਸੱਨਅਤਾਂ – ਘੱਟ ਉੱਨਤ ਦੇਸ਼ਾਂ ਵਾਲੀਆਂ ਸੱਨਅਤਾਂ ਇਥੇ ਉੱਨਤ ਹਨ। ਡੱਬਾਬੰਦ ਭੋਜਨ, ਸ਼ਰਾਬ, ਪੇਅ ਪਦਾਰਥ, ਸਿਗਰਟ, ਮਾਚਸਾਂ, ਕੱਪੜੇ, ਇਮਾਰਤੀ, ਸਾਮਾਨ, ਦਵਾਈਆਂ, ਰਬੜ ਆਦਿ ਦੀਆਂ ਚੀਜ਼ਾਂ, ਬਿਸਕੁਟ, ਨਕਲੀ ਰੇਸ਼ਮ, ਸੀਮਿੰਟ ਆਦਿ ੳਦਯੋਗ ਚੰਗੀ ਉੱਨਤੀ ਕਰ ਰਹੇ ਹਨ। ਇਸ ਤੋਂ ਇਲਾਵਾਂ ਖੰਡ ਤਿਆਰ ਕਰਨ ਅਤੇ ਜੁੱਤੀਆਂ ਬਣਾਉਣ ਦੇ ਉਦਯੋਗ ਵੀ ਹਨ। ਇਥੈ ਸੰਸਾਰ ਪ੍ਰਸਿੱਧ ਪੈਨਾਮਾ ਹੈਟ ਬਣਾਏ ਜਾਂਦੇ ਹਨ।

ਆਵਾਜਾਈ ਦੇ ਸਾਧਨ – ਆਵਾਜਾਈ ਦੇ ਸਾਧਨ ਵਧੀਆ ਨਹੀਂ ਹਨ । ਸੰਨ 1908 ਵਿਚ ਰੇਲ ਪਟੜੀ ਬਣਾਈ ਗਈ ਸੀ । ਕੀਟੋ ਤੋਂ ਗਵਾਈਆਕੀਲ ਤੱਕ ਰੇਲ ਪਟੜੀ ਮੁਕੰਮਲ ਕੀਤੀ ਜਾ ਚੁਕੀ ਹੈ। ਪੈਨ ਅਮਰੀਕੀ ਸਾਗਰ ਉੱਤਰ ਅਤੇ ਦੱਖਣ ਵੱਲ ਦਾ ਰਾਹ ਹੈਂ। ਪਹਾੜੀ ਇਲਾਕੇ ਵਿਚ ਲਾਮਾ ਨਾਂ ਦੇ ਪਸ਼ੂ ਅਤੇ ਗਧਾ ਢੋ ਢੁਆਈ ਦੇ ਕੰਮ ਆਉਂਦੇ ਹਨ। ਮੈਦਾਨੀ ਇਲਾਕੇ ਵਿਚ ਦਰਿਆਈ ਕਿਸ਼ਤੀਆਂ ਮਾਲ ਢੋਦੀਆਂ ਹਨ।

ਵਪਾਰ – ਇਥੋਂ ਕੱਚਾ ਮਾਲ ਬਾਹਰ ਜਾਂਦਾ ਹੈ। ਪੱਕਾ ਮਾਲ ਬਾਹਰੋਂ ਮੰਗਵਾਇਆ ਜਾਂਦਾ ਹੈ। ਬਾਹਰ ਭੇਜੀਆਂ ਸਾਰੀਆਂ ਚੀਜ਼ਾਂ ਦਾ 90 ਫ਼ੀਸਦੀ ਹਿੱਸਾ ਖਣਿਜਾਂ ਤੇ ਖੇਤੀ ਦੀਆਂ ਉਪਜਾਂ ਦਾ ਹੁੰਦਾ ਹੈ। ਬਾਹਰ ਭੇਜੀਆਂ ਜਾਂਦੀਆਂ ਚੀਜ਼ਾਂ ਕੋਕੋ, ਕਾਹਵਾ, ਕੋਲਾ, ਚੌਲ, ਕੱਚਾ ਪੈਟਰੋਲੀਅਮ, ਪੈਨਾਮਾ, ਹੈਟ ਤੇ ਬਲਸਾਵੁੱਡ ਹਨ।

ਲੋਕ – ਇਸ ਦੇਸ਼ ਦੇ ਦੋ ਮਹੱਤਵਪੂਰਨ ਖੰਡ ਹਨ ਜਿਨ੍ਹਾਂ ਵਿਚ 2 ਵੱਡੇ ਸ਼ਹਿਰ-ਕੀਟੋ ਅਤੇ ਗਵਾਈਆਕੀਲ ਹਨ। ਗਵਾਈਆਕੀਲ ਸਮੁੰਦਰੀ ਤਟ ਉੱਤੇ ਵੱਸੀ ਬੰਦਰਗਾਹ ਹੈ । ਸੰਨ 1820 ਦੇ ਸਾਲ ਵਿਚ ਬਸਤੀਵਾਦੀ ਯੁਗ ਦੇ ਖ਼ਤਮ ਹੋਣ ਵੇਲੇ ਦੇਸ਼ ਦੀ 10 ਫ਼ੀਸਦੀ ਆਬਾਦੀ ਇਸੇ ਖੇਤਰ ਵਿਚ ਸੀ। ਦੇਸ਼ ਦੀ ਆਬਾਦੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧਦੀ ਆ ਰਹੀ ਹੈ। ਦੇਸ਼ ਦੀ ਬਹੁਤੀ ਵਸੋਂ ਪ੍ਰਾਂਤਕ ਰਾਜਧਾਨੀਆਂ ਵਿਚ ਹੈ। ਕੀਟੋ ਰਾਜਧਾਨੀ ਤੋਂ ਇਲਾਵਾ ਗਵਾਈਆਕੀਲ ਅਤੇ ਕਵੈਂਕਾ ਇਥੋਂ ਦੇ ਵੱਡੇ ਸ਼ਹਿਰ ਹਨ। ਇਹ ਸ਼ਹਿਰ ਸੰਸਕ੍ਰਿਤਕ ਕੇੱਦਰ ਵੀ ਹੈ। ਕਵੇਕਾ ਨੂੰ ਆਮ ਕਰਕੇ 'ਏਥਨਜ' ਸ਼ਹਿਰ ਕਰਕੇ ਵੀ ਜਾਣਿਆ ਜਾਂਦਾ ਹੈ । ਸ਼ਹਿਰਾਂ ਦੀ ਗਿਣਤੀ ਵਧਣ ਦੇ ਬਾਵਜੂਦ ਵੀ ਇਹ ਅਜੇ ਵੀ ਪੇਂਡੂ ਅਤੇ ਜ਼ਰਾਇਤੀ ਦੇਸ਼ ਹੈ। ਲੋਕ ਖੇਤੀ ਕਰਦੇ ਹਨ। ਇਸ ਦੇਸ਼ ਵਿਚ ਵੱਸੇ ਲੋਕ ਇੰਡੀਅਨ ਹਨ। ਇਨਾਂ ਦਾ ਰਹਿਣ ਸਹਿਣ ਵੱਖਰਾ ਹੈ ਜਿਸ ਤੋਂ ਇਹ ਇੰਡੀਅਨ ਜਾਪਦੇ ਹਨ । ਆਮ ਤੌਰ ਤੇ ਇਸ ਦੇਸ਼ ਵਿਚ ਗ਼ਰੀਬੀ ਵਿਚ ਰਹਿਣ ਵਾਲਾ, ਝੁੱਗੀ ਝੌਂਪੜੀ ਵਿਚ ਰਹਿਣ ਵਾਲਾ ਅਤੇ ਭੁੰਜੇ ਸੌਣ ਵਾਲਾ ਇੰਡੀਅਨ ਸਮਝਿਆ ਜਾਂਦਾ ਹੈ। ਇਹੋ ਜਿਹੇ ਲੋਕ ਹੀ ਇਸ ਦੇਸ਼ ਵਿਚ ਰਹਿੰਦੇ ਹਨ । ਇਨ੍ਹਾਂ ਸਭ ਦਾ ਮੂਲ ਭਾਵੇਂ ਵੱਖਰਾ ਹੋਵੇ ਤੇ ਬੋਲੀ ਵੀ ਵੱਖਰੀ ਪਰ ਅਜਿਹੀ ਇਕ ਤਿਹਾਈ ਵਸੋਂ ਨੂੰ ਇੰਡੀਅਨ ਹੀ ਕਿਹਾ ਜਾ ਸਕਦਾ ਹੈ। ਸਿਰਫ਼ 15 ਫ਼ੀਸਦੀ ਹੀ ਇੰਡੀਅਨ ਭਾਸ਼ਾ ਬੋਲਦੇ ਹਨ। ਇਨ੍ਹਾਂ ਇੰਡੀਅਨਾਂ ਤੋਂ ਬਿਨਾ ਇਥੇ ਹੋਰ ਕਈ ਸਮੂਹ ਵੀ ਹਨ ਜਿਨ੍ਹਾਂ ਨੇ ਆਪਣੀ ਵੱਖਰੀ ਹੋਂਦ ਬਰਕਰਾਰ ਰੱਖੀ ਹੈ। ਧਰਮ- ਇਥੋਂ ਦੇ ਸਾਰੇ ਲੋਕ ਰੋਮਨ ਕੈਥੋਲਿਕ ਹਨ। ਸਿਹਤ- ਇਸ ਦੇਸ਼ ਵਿਚ ਅਜਿਹੀਆਂ ਸਹੂਲਤਾ ਦੀ ਥੁੜ੍ਹ ਹੈ। ਇਸੇ ਕਰਕੇ ਇਥੋਂ ਦੇ ਲੋਕ ਸਿਹਤਮੰਦ ਨਹੀਂ ਹਨ।

ਰਾਜ ਪ੍ਰਬੰਧ – ਇਹ ਲੋਕਰਾਜੀ ਪ੍ਰਸ਼ਾਸਕੀ ਪ੍ਰਣਾਲੀ ਵਾਲਾ ਦੇਸ਼ ਹੈ। ਪ੍ਰੈਜ਼ੀਡੈਂਟ ਅਤੇ ਉਪ-ਪ੍ਰੈਜ਼ੀਡੈਂਟ ਇਸ ਦੇਸ਼ ਦੀ ਸਰਕਾਰ ਦੇ ਮੁਖੀ ਹਨ। ਪ੍ਰੈਜ਼ੀਡੈਂਟ ਪੰਜ ਸਾਲਾਂ ਲਈ ਚੁਣਿਆ ਜਾਂਦਾ ਹੈ। ਇਸ ਮੁਖੀ ਦੀ ਸਹਾਇਤਾ ਲਈ ਕੈਬਨਿਟ ਹੁੰਦੀ ਹੈ । ਇਥੇ ਇਕ-ਸਦਨੀ ਪ੍ਰਸ਼ਾਸਕੀ ਸੰਸਥਾ ਹੈ ਜਿਸ ਨੂੰ ਨੈਸ਼ਨਲ ਚੈਂਬਰ ਆਫ਼ ਰਿਪ੍ਰੀਜ਼ੈਟੇਟਿਵ ਕਹਿੰਦੇ ਹਨ। ਇਸ ਦੇ 69 ਮੈਂਬਰ ਹੁੰਦੇ ਹਨ ਜਿਹੜੇ ਆਮ ਚੋਣਾਂ ਵਿਚ ਬਾਲਗਾਂ ਰਾਹੀਂ ਚੁਣੇ ਜਾਂਦੇ ਹਨ। ਇਹ 5 ਸਾਲਾਂ ਲਈ ਚੁਣੇ ਜਾਂਦੇ ਹਨ। ਸਥਾਨਕ ਪ੍ਰਸਾਸ਼ਨ ਲਈ ਇਸ ਦੇਸ਼ ਨੂੰ 20 ਪ੍ਰਾਂਤਾਂ ਵਿਚ ਵੰਡਿਆ ਗਿਆ ਹੈ। ਪ੍ਰਾਂਤ ਅਗੋਂ ਖੰਡਾਂ ਵਿਚ ਵੰਡੇ ਹੁੰਦੇ ਹਨ। ਹਰੇਕ ਕੈਨਟਨ ਦੀ ਆਪਣੀ ਮਿਉਂਸਪਲਟੀ ਹੁੰਦੀ ਹੈ । ਪ੍ਰਾਂਤਾਂ ਦਾ ਪ੍ਰਬੰਧ ਗਵਰਨਰਾਂ ਦੇ ਅਧੀਨ ਹੈ। ਪ੍ਰਾਂਤਾ ਵਿਚ 155 ਕੈਨਟਨ, 212 ਸ਼ਹਿਰੀ ਪੈਰਿਸ਼ ਅਤੇ 715 ਦੇਹਾਤੀ ਪੈਰਿਸ਼ ਹਨ।

ਮਾਪ ਤੋਲ ਪ੍ਰਣਾਲੀ – ਇਥੇ ਮੀਟ੍ਰਿਕ ਸਿਸਟਮ ਲਾਗੂ ਹੈ । ਸਥਾਨਕ ਸਪੇਨੀ ਮਾਪ ਤੋਲ ਦੇ ਢੰਗ ਵੀ ਲਾਗੂ ਹਨ।

ਕਰੰਸੀ – ਸਕਰੇ ਇਥੋਂ ਦੀ ਕਰੰਸੀ ਹੈ। ਇਸ ਵਿਚ 100 ਸੈਤਾਵਸ ਹੁੰਦੇ ਹਨ । ਨਿਕਲ ਅਤੇ ਤਾਂਬੇ ਦੀ ਮਿਲੀ ਜੁਲੀ ਧਾਤ ਦੇ ਸਿੱਕੇ ਵੀ ਇਥੇ ਚਾਲੂ ਹਨ।

ਝੰਡਾ – ਇਕਵੇਡਾਰ ਦੇ ਝੰਡੇ ਵਿਚ ਕ੍ਰਮਵਾਰ ਪੀਲੇ, ਨੀਲੇ, ਅਤੇ ਲਾਲ ਰੰਗ ਦੀਆਂ ਲੇਟਵੀਆਂ ਪੱਟੀਆਂ ਹਨ। ਇਨ੍ਹਾਂ ਪੱਟੀਆਂ ਵਿਚੋਂ ਪੀਲੇ ਰੰਗ ਦੀ ਪੱਟੀ ਚੌੜਾਈ ਦੂਜੀਆਂ ਦੋਹਾਂ ਪੱਟੀਆਂ ਦੇ ਬਰਾਬਰ ਹੈ। ਹੇਠਲੀਆਂ ਦੋਵੇ ਪੱਟੀਆਂ ਦੀ ਚੌੜਾਈ ਇਕੋ ਜਿਹੀ ਹੈ । ਝੰਡੇ ਦੇ ਕੇਂਦਰ ਵਿਚ ਨੈਸ਼ਨਲ ਆਰਮਜ਼ ਦਾ ਚਿੰਨ੍ਹ ਹੈ। ਇਹ ਚਿੰਨ ਨੀਲੀ ਪੱਟੀ ਦੇ ਹੇਠਲੇ ਸਿਰੇ ਤੋਂ ਸ਼ੁਰੂ ਹੋ ਕੇ ਪੀਲੀ ਪੱਟੀ ਦੇ ਮੱਧ ਤੱਕ ਦੀ ਉਚਾਈ ਵਿਚ ਆਉਂਦਾ ਹੈ। ਹ. ਪੁ-ਐਨ. ਬ੍ਰਿ. ਮੈ. 17:1036; ਸਟੇ. ਯੀ. ਬੁ. - 1993 - 94:513

 

 

 

 


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਇਤਿਹਾਸ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਇਤਿਹਾਸ: ਇਤਿਹਾਸ ਬੀਤੇ ਸਮੇਂ ਦੀਆਂ ਘਟਨਾਵਾਂ, ਥਾਵਾਂ, ਲੋਕਾਂ, ਵਿਸ਼ੇਸ਼ ਵਿਅਕਤੀਆਂ ਅਤੇ ਕਾਲਾਂ ਦਾ ਨਿਯਮਿਤ ਰੂਪ ਵਿਚ ਕਾਲ ਕ੍ਰਮ ਅਨੁਸਾਰ ਕੀਤਾ ਗਿਆ ਵਰਣਨ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਪੁਰਾਣੇ ਸਮਿਆਂ ਵਿਚ ਮਨੁੱਖ ਜਾਤੀ ਨਾਲ ਸਬੰਧਤ ਵਾਪਰੀਆਂ ਘਟਨਾਵਾਂ ਦੇ ਕੀਤੇ ਗਏ ਮੁਲਾਂਕਣ ਨੂੰ ਇਤਿਹਾਸ ਕਹਿੰਦੇ ਹਨ। ਇਤਿਹਾਸ ਰਾਹੀਂ ਸਾਨੂੰ ਸਾਰੇ ਕੁਦਰਤੀ ਅਤੇ ਗ਼ੈਰਕੁਦਰਤੀ ਪੱਖਾਂ ਨਾਲ ਸਬੰਧਤ ਮਹੱਤਵਪੂਰਨ ਤੱਥਾਂ ਦੀ ਜਾਣਕਾਰੀ ਅਤੇ ਗਿਆਨ ਪ੍ਰਾਪਤ ਹੁੰਦਾ ਹੈ। ਪ੍ਰਾਚੀਨ ਸਮਿਆਂ ਅੰਦਰ ਇਨ੍ਹਾਂ ਗੱਲਾਂ ਦਾ ਵਰਣਨ ਕਵਿਤਾ ਜਾਂ ਡਰਾਮਿਆਂ ਰਾਹੀਂ ਕੀਤਾ ਜਾਂਦਾ ਸੀ।ਇਤਿਹਾਸ ਦੇ ਦੋ ਮੁੱਖ ਆਧਾਰ ਹਨ, ਪਹਿਲਾ ਕੋਈ ਖ਼ਾਸ ਸਮਾਂ ਅਤੇ ਦੂਜਾ ਉਸ ਸਮੇਂ ਦੇ ਕਿਸੇ ਖ਼ਾਸ ਘਟਨਾ-ਸਥਾਨ ਦੇ ਬਚੇ-ਖੁਚੇ ਨਿਸ਼ਾਨ ਜੋ ਕਿਸੇ ਨਾ ਕਿਸੇ ਰੂਪ ਵਿਚ ਮਿਲਦੇ ਹਨ। ਜੀਵਨ ਦੀ ਬਹੁਪੱਖੀ ਵਿਆਪਕਤਾ ਕਾਰਨ ਥੋੜ੍ਹੀ ਜਿਹੀ ਸਾਮਗੱਰੀ ਦੇ ਸਹਾਰੇ ਬੀਤੇ ਯੁੱਗ ਜਾ ਸਮਾਜ ਦੇ ਚਿੱਤਰ ਪੇਸ਼ ਕਰਨਾ ਕਾਫ਼ੀ ਔਖਾ ਕੰਮ ਹੈ। ਜਿਉਂ ਜਿਉਂ ਸਮੱਗਰੀ ਵਧਦੀ ਜਾਂਦੀ ਹੈ, ਤਿਉਂ-ਤਿਉਂ ਬੀਤੇ ਯੁੱਗ ਅਤੇ ਸਮਾਜ ਦੀ ਰੂਪ-ਰੇਖਾ ਘੜਨਾ ਸੌਖਾ ਹੁੰਦਾ ਜਾਂਦਾ ਹੈ। ਫਿਰ ਵੀ ਜਿੰਨੇ ਕੁ ਵਸੀਲੇ ਸਾਡੇ ਕੋਲ ਹਨ, ਇਨ੍ਹਾਂ ਦੇ ਹੁੰਦਿਆਂ ਹੋਇਆ ਇਹ ਨਹੀਂ ਕਿਹਾ ਜਾ ਸਕਦਾ ਕਿ ਕਲਪਨਾ ਰਾਹੀਂ ਘੌੜਿਆ ਚਿੱਤਰ ਯਕੀਨੀ ਤੌਰ ਤੇ ਠੀਕ ਜਾਂ ਸੱਚਾ ਹੀ ਹੋਵੇਗਾ। ਇਸ ਲਈ ਸਭ ਵਿਦਵਾਨਾ ਦਾ ਵਿਚਾਰ ਹੈ ਕਿ ਇਤਿਹਾਸ ਦੀ ਸੰਪੂਰਨਤਾ ਇਕ ਅਸੰਭਵ ਜਿਹੀ ਚੀਜ਼ ਹੈ ਪਰ ਜੇ ਸਾਡਾ ਅਨੁਭਵ ਤੇ ਗਿਆਨ ਚੋਖਾ ਹੋਵੇ, ਇਤਿਹਾਸਕ ਸਾਮੱਗਰੀ ਦੀ ਦਲੀਲਾਂ ਭਰੇ ਢੰਗ ਨਾਲ ਜਾਂਚ ਸੁਚੱਜੀ ਤੇ ਵਿਕਸਿਤ ਹੋਈ ਹੋਵੇ ਤਾਂ ਸਾਡਾ ਬੀਤੇ ਸਮੇਂ ਦਾ ਖਿੱਚਿਆ ਚਿੱਤਰ ਮੰਨਣਯੋਗ ਤੇ ਪ੍ਰਮਾਣਿਕ ਹੋ ਸਕਦਾ ਹੈ। ਮੁਕਦੀ ਗੱਲ ਹੈ ਇਹ ਹੈ ਕਿ ਇਤਿਹਾਸਕ ਰਚਨਾ ਲਈ ਚੋਖੀ ਸਮੱਗਰੀ, ਵਿਗਿਆਨਕ ਢੰਗ ਨਾਲ ਉਸ ਦੀ ਜਾਂਚ, ਉਸ ਤੋਂ ਪ੍ਰਾਪਤ ਗਿਆਨ ਦੀ ਮਹੱਤਤਾ ਨੂੰ ਸਮਝਣ ਦੀ ਸ਼ਕਤੀ ਦੇ ਨਾਲ ਇਤਿਹਾਸਕ ਕਲਪਨਾ ਦੀ ਸਮੱਰਥਾ ਅਤੇ ਇਕ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰ ਸਕਣ ਦੀ ਯੋਗਤਾ ਦੀ ਲੋੜ ਹੈ। ਇਹ ਵੀ ਯਾਦ ਰਹੇ ਕਿ ਆਮ ਪਰਿਭਾਸ਼ਾ ਅਨੁਸਾਰ 'ਇਤਿਹਾਸ’ ਨਾ ਤਾਂ ਕੇਵਲ ਵਿਗਿਆਨ ਹੈ ਤੇ ਨਾ ਹੀ ਮਨੋਕਲਪਿਤ ਫ਼ਲਸਫ਼ਾ ਜਾਂ ਸਹਿਤਕ ਰਚਨਾ ਹੈ। ਇਤਿਹਾਸ ਇਨਾਂ ਸਾਰਿਆਂ ਦੇ ਸੁਮੇਲ ਨਾਲ ਰਚਿਆ ਜਾਂਦਾ ਹੈ।ਲਿਖਤੀ ਇਤਿਹਾਸ ਦਾ ਮੁੱਢ ਕਵਿਤਾ ਜਾਂ ਵਾਰਤਕ ਵਿਚ ਵੀਰ-ਕਹਾਣੀਆਂ ਦੇ ਰੂਪ ਵਿਚ ਬੱਝਾ। ਫਿਰ ਯੋਧਿਆਂ ਤੇ ਪ੍ਰਸਿੱਧ ਘਟਨਾਵਾਂ ਦੇ ਸਬੰਧ ਵਿਚ ਸੁਣੀ-ਸੁਣਾਈ ਜਾ ਲੇਖਕ ਵੱਲੋ ਪੁੱਛ ਗਿਛ ਨਾਲ ਵਾਰਤਕ ਵਿਚ ਇਸ ਦੀ ਰਚਨਾ ਹੋਣ ਲੱਗੀ। ਇਸ ਤਰ੍ਹਾਂ ਦੀਆਂ ਲਿਖਤਾ ਮਿੱਟੀ ਦੀਆਂ ਠੀਕਰੀਆਂ, ਦਰਖ਼ਤਾਂ ਦੀਆਂ ਛਿੱਲਾ, ਜਾਨਵਰਾਂ ਦੀਆਂ ਖੱਲਾਂ ਤੇ ਕੱਪੜਿਆਂ ਉੱਤੇ ਲਿਖੀਆਂ ਮਿਲਦੀਆਂ ਹਨ। ਸੌਖਾ ਹੋ ਗਿਆ। ਲਿਖਣ-ਸਮੱਗਰੀ ਨਾਲ ਹੋਰ ਕਈ ਕਿਸਮ ਦੀ ਸਮੱਗਰੀ ਜਿਵੇਂ ਖੰਡਰਾਂ, ਖੋਪਰੀਆਂ, ਭਾਂਡੇ, ਧਾਤਾਂ, ਅਨਾਜ, ਸਿੱਕੇ, ਖਿਡਾਉਣੇ ਤੇ ਆਵਾਜਾਈ ਦੇ ਸਾਧਨਾਂ ਆਦਿ ਰਾਹੀਂ ਇਤਿਹਾਸ ਦਾ ਗਿਆਨ-ਖੇਤਰ ਅਤੇ ਖ਼ਜ਼ਾਨਾ ਵਧਦਾਂ ਚਲਾ ਗਿਆ। ਨਾਲ ਹੀ ਇਸ ਸਮੱਗਰੀ ਦੀ ਜਾਂਚ-ਪੜਤਾਲ ਨਾਲ ਵਿਗਿਆਨਕ ਕਲਾ ਦਾ ਵੀ ਵਿਕਾਸ ਹੁੰਦਾ ਚਲਾ ਗਿਆ ਹੈ। ਭਾਵੇਂ ਪ੍ਰਾਪਤ ਹੋਏ ਗਿਆਨ ਨੂੰ ਭਾਸ਼ਾ ਵਿਚ ਲਿਖਣ ਦੀ ਕਲਾ ਨੇ ਅਸਚਰਜਤਾ ਦੀ ਹੱਦ ਤੱਕ ਉੱਨਤ ਕਰ ਦਿੱਤਾ ਹੈ, ਫਿਰ ਵੀ ਬੀਤੇ ਸਮੇਂ ਦਾ ਇਤਿਹਾਸ ਲਿਖਣ ਲਈ ਅਭਿਆਸ ਦੀ ਲੋੜ ਹੈ ਪਰੰਤੂ ਇਤਿਹਾਸ ਲਿਖਣਾ ਵਿਅਕਤੀ ਦੀ ਆਪਣੀ ਸਮਰੱਥਾ ਅਤੇ ਸੂਖਮ ਤੇ ਡੂੰਘੀ ਸੂਝ ਤੇ ਨਿਰਭਰ ਕਰਦਾ ਹੈ। ਭਾਵੇਂ ਇਤਿਹਾਸ ਦਾ ਮੁੱਢ ਏਸੀਆ ਵਿਚ ਬੱਝਿਆ ਪਰ ਇਸ ਦਾ ਵਿਕਾਸ ਯੂਰਪ ਵਿਚ ਵਿਸ਼ੇਸ ਰੂਪ ਵਿਚ ਹੋਇਆ।ਇਤਿਹਾਸ ਵਿਚ ਲਗਭਗ ਉਨੀਂ ਕੁ ਸਚਾਈ ਹੁੰਦੀ ਹੈ ਜਿੰਨੀ ਕੁ ਵਿਗਆਨ ਦੇ ਫ਼ਲਸਫ਼ੇ ਵਿਚ। ਜਿਸ ਤਰ੍ਹਾਂ ਵਿਗਿਆਨ ਤੇ ਫ਼ਲਸਫੇ਼ ਵਿਚ ਤਬਦੀਲੀਆਂ ਹੁੰਦੀਆਂ ਹਨ ਉਸ ਤਰ੍ਹਾਂ ਇਤਿਹਾਸ ਦੇ ਲਿਖਣ ਵਿਚ ਵੀ ਇਹ ਗੱਲ ਹੁੰਦੀ ਰਹਿੰਦੀ ਹੈ। ਮਨੁੱਖ ਦੇ ਵਧਦੇ ਹੋਏ ਗਿਆਨ ਦੇ ਸਾਧਨਾਂ ਦੀ ਸਹਾਇਤਾ ਨਾਲ ਇਤਿਹਾਸ ਦਾ ਸੁਧਾਰ ਉਨ੍ਹਾਂ ਦੀ ਦੁਹਾਰਾਈ ਤੇ ਸੁਧਾਈ ਹੁੰਦੀ ਰਹਿੰਦੀ ਹੈ। ਹਰ ਜ਼ਮਾਨੇ ਵਿਚ ਨਵੇਂ ਸਵਾਲ ਉੱਠਦੇ ਰਹਿੰਦੇ ਹਨ ਤੇ ਇਤਿਹਾਸ ਵਿਚੋਂ ਇਨਾਂ ਦੇ ਜਵਾਬ ਮਿਲਦੇ ਰਹਿੰਦੇ ਹਨ। ਇਸੇ ਲਈ ਹਰ ਸਮੇਂ ਦਾ ਸਮਾਜ ਜਾਂ ਵਿਅਕਤੀ ਇਤਿਹਾਸ ਅਧਿਐਨ ਆਪਣੇ ਦ੍ਰਿਸ਼ਟੀਕੋਣ ਨਾਲ ਕਰਦਾ ਰਹਿੰਦਾ ਹੈ। ਇਹ ਸਭ ਹੁੰਦੇ ਹੋਏ ਵੀ ਇਤਿਹਾਸਕ ਸਾਧਾਨਾਂ ਦੀ ਵਿਗਿਆਨਕ ਖੋਜ ਤੇ ਛਾਣ-ਬੀਣ, ਤਾਰੀਖਵਾਰ ਘਟਨਾਵਾਂ ਦੀ ਵਰਣਨ, ਹਾਲਾਤ ਦੀਆਂ ਲੋੜਾਂ, ਘਟਨਾਵਾਂ ਦੇ ਸਿਲਸਿਲੇ ਦੀ ਬਾਰੀਕੀ ਨਾਲ ਪੁਣ-ਛਾਣ ਤੇ ਉਨ੍ਹਾਂ ਤੋਂ ਸਿੱਟੇ ਕੱਢਣ ਲਈ ਬੜੀ ਸਾਵਧਾਨੀ ਅਤੇ ਸੰਜਮ ਦੀ ਲੋੜ ਹੈ। ਇਨਾਂ ਤੋਂ ਬਿਨਾਂ ਇਤਿਹਾਸਕ ਕਲਪਨਾ ਤੇ ਮਨ-ਘੜਤ ਕਿੱਸੇ ਕਹਾਣੀਆਂ ਵਿਚ ਕੋਈ ਫ਼ਰਕ ਨਹੀਂ ਰਹੇਗਾ।ਇਤਿਹਾਸ ਲਿਖਣ ਸਮੇਂ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਇਸ ਵਿਚ ਜੋ ਵੀ ਗੱਲ ਲਿਖੀ ਜਾਵੇ ਉਹ ਵਾਪਰੀਆਂ ਘਟਨਾਵਾਂ ਤੇ ਸਹੀ ਹਾਲਤਾਂ ਉੱਤੇ ਆਧਾਰਿਤ ਹੋਵੇ। ਖਿਆਲੀ ਜਾਂ ਫ਼ਰਜ਼ੀ ਗੱਲਾਂ ਪੇਸ਼ ਕਰ ਕੇ ਇਤਿਹਾਸਕ ਘਟਨਾਵਾਂ ਰਾਹੀਂ ਉਨ੍ਹਾਂ ਦੀ ਪੁਸ਼ਟੀ ਕਰਨ ਦੇ ਯਤਨ ਕਰਨਾ ਇਤਿਹਾਸਕ ਖੋਜ ਪੱਖੋਂ ਫਜ਼ੂਲ ਹੈ। ਇਕ ਹੋਰ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਇਤਿਹਾਸ ਇਕ ਬੌਧਿਕ ਤੇ ਸਿਰਜਨਾਤਮਕ ਕਲਾ ਹੈ। ਇਸ ਲਈ ਇਸ ਵਿਚ ਉਨ੍ਹਾਂ ਗੱਲਾਂ ਨੂੰ ਪੱਕੇ ਸਬੂਤਾਂ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜੋ ਕੇਵਲ ਸੰਭਵ ਤੇ ਸੁਭਾਵਕ ਹੀ ਹੋਣ। ਇਤਿਹਾਸ ਦਾ ਮੁੱਖ ਨਿਸ਼ਾਨਾ ਸਹੀ ਗਿਆਨ ਪ੍ਰਾਪਤ ਕਰਨਾ ਹੈ। ਕਿਸੇ ਖਾਸ ਸਿੱਧਾਂਤ ਜਾਂ ਵਿਚਾਰ ਦੀ ਪ੍ਰੜ੍ਹੋਤਾ, ਪ੍ਰਚਾਰ ਜਾਂ ਵਿਰੋਧ ਕਰਨਾ ਜਾਂ ਉਸ ਨੂੰ ਕੋਈ ਲਹਿਰ ਚਲਾਉਣ ਲਈ ਵਰਤਣਾ ਇਤਿਹਾਸ ਦੀ ਗਲਤ ਵਰਤੋਂ ਕਰਨਾ ਹੈ। ਅਜਿਹਾ ਕਰਨ ਨਾਲ ਇਤਿਹਾਸ ਦੀ ਮਹੱਤਤਾ ਹੀ ਨਸ਼ਟ ਨਹੀਂ ਹੋ ਜਾਂਦੀ ਸਗੋਂ ਫ਼ਾਇਦੇ ਦੀ ਥਾਂ ਨੁਕਸਾਨ ਹੋਣ ਲੱਗ ਪੈਂਦਾ ਹੈ ਤੇ ਅੰਤ ਵਿਚ ਬੜਾ ਭਿਆਨਕ ਸਿੱਟਾ ਨਿਕਲਦਾ ਹੈ।ਇਤਿਹਾਸ ਦਾ ਖੇਤਰ ਬੜਾ ਵਿਸ਼ਾਲ ਹੈ। ਇਥੋਂ ਤੱਕ ਕਿ ਇਤਿਹਾਸ ਦਾ ਵੀ ਇਤਿਹਾਸ ਹੁੰਦਾ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਵਿਗਿਆਨਕ, ਦਾਰਸ਼ਨਿਕ ਆਦਿ ਕਈ ਹੋਰ ਦ੍ਰਿਸ਼ਟੀਕੋਣਾਂ ਵਾਂਗ ਇਤਿਹਾਸਕ ਦ੍ਰਿਸ਼ਟੀਕੋਣ ਦੀ ਵੀ ਆਪਣੀ ਨਿੱਜੀ ਵਿਸ਼ੇਸਤਾ ਹੁੰਦੀ ਹੈ। ਇਹ ਇਕ ਵਿਚਾਰ-ਸ਼ੈਲੀ ਹੈ ਜੋ ਆਰੰਭਕ ਸਮੇਂ ਤੋਂ ਤੇ ਖ਼ਾਸ ਤੌਰ ਤੇ ਸਤਾਰ੍ਹਵੀ ਸਦੀ ਤੋਂ ਸਭਿਅ ਸੰਸਾਰ ਵਿਚ ਪ੍ਰਚਲਿਤ ਹੋ ਗਈ। ਉਨ੍ਹੀਵੀਂ ਸਦੀ ਤੋਂ ਲਗਭਗ ਹਰ ਵਿਸ਼ੇ ਦੀ ਜਾਣਕਾਰੀ ਲਈ ਉਸ ਦੇ ਵਿਕਾਸ ਦੇ ਇਤਿਹਾਸ ਦਾ ਗਿਆਨ ਜ਼ਰੂਰੀ ਸਮਝਿਆ ਜਾਂਦਾ ਹੈ ।ਇਤਿਹਾਸ ਦੇ ਅਧਿਐਨ ਨਾਲ ਮਨੁੱਖੀ ਸਮਾਜ ਦੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਅਤੀਤ ਦੇ ਅਮਲੀ ਜੀਵਨ ਦਾ ਗਿਆਨ ਪ੍ਰਾਪਤ ਹੁੰਦਾ ਹੈ। ਉਸ ਨਾਲ ਮੁਨੱਖੀ ਹਾਲਤਾਂ ਨੂੰ ਜਾਂਚਣ, ਜਾਤੀ ਵਿਚਾਰਾਂ ਅਤੇ ਲੋਕ-ਝੁਕਾਵਾਂ ਨੂੰ ਸਮਝਣ ਅਤੇ ਪਰਖਣ ਲਈ ਇਕ ਕਸੌਟੀ ਲੱਭ ਜਾਂਦੀ ਹੈ।ਆਮ ਤੌਰ ਤੇ ਸ਼ਹਿਰਾਂ, ਪ੍ਰਾਂਤਾਂ ਅਤੇ ਵਿਸ਼ੇਸ਼ ਦੇਸ਼ਾਂ ਜਾਂ ਯੁਗਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ। ਹੁਣ ਇਸ ਪਾਸੇ ਇਹ ਯਤਨ ਹੋਣ ਲਗ ਪਏ ਹਨ ਕਿ ਜੇ ਸੰਭਵ ਹੋ ਸਕੇ ਤਾਂ ਕੇਵਲ ਸਭਿਅ ਸੰਸਾਰ ਹੀ ਨਹੀਂ ਸਗੋਂ ਸਾਰੀ ਮਨੁੱਖ ਜਾਤੀ ਦੇ ਸਮੁੱਚੇ ਵਿਕਾਸ ਜਾਂ ਵਿਨਾਸ਼ ਦਾ ਅਧਿਐਨ ਵੀ ਭੂਗੋਲ ਵਾਂਗ ਕੀਤਾ ਜਾਵੇ। ਇਸ ਨਿਸ਼ਾਨੇ ਦੀ ਪੂਰਤੀ ਭਾਵੇਂ ਅਸੰਭਵ ਨਹੀਂ ਫਿਰ ਵੀ ਔਖੀ ਜ਼ਰੂਰ ਹੈ। ਦੁਨੀਆ ਦਾ ਤਸੱਲੀਬਖ਼ਸ਼ ਇਤਿਹਾਸ ਲਿਖਣ ਲਈ ਬਹੁਤ ਲੰਮੇ ਸਮੇਂ, ਯਤਨ ਤੇ ਕਈ ਵਿਅਕਤੀਆਂ ਦੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਕੁਝ ਵਿਦਵਾਨਾਂ ਦੀ ਰਾਏ ਹੈ ਕਿ ਵਿਸ਼ਵ-ਇਤਿਹਾਸ ਅਤੇ ਮਨੁੱਖੀ-ਝਕਾਵਾਂ ਦੇ ਅਧਿਐਨ ਨਾਲ ਜੇ ਕੁਝ ਸਰਬਵਿਆਪੀ ਸਿੱਧਾਂਤ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਤਿਹਾਸ, ਸਮਾਜ-ਸ਼ਾਸਤਰ ਵਿਚ ਬਦਲ ਕੇ ਆਪਣੀ ਵੱਖਰੀ ਹਸਤੀ ਗੁਆ ਬੈਠੇਗਾ। ਅਸਲ ਵਿਚ ਇਹ ਇੰਨੀ ਤੌਖਲੇ ਵਾਲੀ ਗੱਲ ਨਹੀਂ ਹੈ ਕਿਉਂਕਿ ਸਮਾਜ-ਸ਼ਾਸਤਰ ਲਈ ਇਤਿਹਾਸ ਦੀ ਉੱਨੀ ਹੀ ਲੋੜ ਹੈ ਜਿੰਨੀ ਇਤਿਹਾਸ ਲਈ ਸਮਜ-ਸ਼ਾਸਤਰ ਦੀ। ਸੱਚ ਤਾਂ ਇਹ ਹੈ ਕਿ ਸਮਾਜ-ਸ਼ਾਸਤਰ ਦਾ ਆਧਾਰ ਵੀ ਇਤਿਹਾਸ ਹੀ ਹੁੰਦਾ ਹੈ। ਭਾਵੇਂ ਹੀਰੋਡੋਟਸ ਨੂੰ ਇਤਿਹਾਸ ਦਾ ਮੋਢੀ ਕਿਹਾ ਜਾਂਦਾ ਹੈ ਪਰ ਲਿਮੂ ਰਿਕਾਰਡ ਦੇ ਸਮੇਂ ਤੋਂ ਇਤਿਹਾਸ ਰਿਕਾਰਡ ਕਰਨ ਦੇ ਚੰਗੇ ਪ੍ਰਬੰਧ ਬਾਰੇ ਪਤਾ ਲਗਦਾ ਹੈ। ਏਸ਼ੀਆ ਦੇ ਦੇਸ਼ਾਂ ਵਿਚ ਇਤਿਹਾਸ ਲਿਖਣ ਦਾ ਸਿਹਰਾ ਚੀਨੀਆਂ ਅਤੇ ਉਨ੍ਹਾਂ ਤੋਂ ਵੀ ਵੱਧ ਮੁਸਲਮਾਨ ਲਿਖਾਰੀਆਂ ਦੇ ਸਿਰ ਹੈ। ਇਹ ਲੋਕ ਤਾਰੀਖਵਾਰ ਘਟਨਾਵਾਂ ਬਿਆਨ ਕਰਨ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਹਿੰਦੂਆਂ ਵਿਚ ਇਤਿਹਾਸ ਬਾਰੇ ਇਕ ਅਜੀਬ ਰਿਵਾਜ ਪ੍ਰਚਲਿਤ ਸੀ। ਇਤਿਹਾਸ ਨੂੰ ਘਟਨਾਵਾਂ ਅਨੁਸਾਰ ਲੜੀਵਾਰ ਜੋੜਣ ਦੀ ਥਾਂ ਉਹ ਵੱਖ-ਵੱਖ ਸਮਿਆਂ ਵਿਚ ਹੋਏ ਸਭਿਆਚਾਰਕ ਅਤੇ ਧਾਰਮਕ ਵਿਕਾਸ ਜਾਂ ਵਿਨਾਸ਼ ਦੇਝ ਕੂਝ ਮੂਲ ਤੱਤ ਇਕੱਠੇ ਕਰ ਕੇ ਵਿਚਾਰਾਂ ਤੇ ਭਾਵਨਾਵਾਂ ਵਿਚ ਹੋਈਆਂ ਤਬਦੀਲੀਆਂ ਤੇ ਝੁਕਾਵਾਂ ਦਾ ਇਸ਼ਾਰੇ ਮਾਤਰ ਵਰਣਨ ਕਰ ਛਡਦੇ ਸਨ ਤੇ ਇਸੇ ਨਾਲ ਸੰਤੁਸ਼ਟ ਹੋ ਜਾਂਦੇ ਸਨ। ਉਨ੍ਹਾਂ ਦਾ ਇਤਿਹਾਸ ਬਹੁਤਾ ਕਵਿਤਾ ਵਿਚ ਮਿਲਦਾ ਹੈ ਜਿਸ ਵਿਚ ਕੱਚੀ ਪੱਕੀ ਸਾਮੱਗਰੀ ਮਿਲੀ-ਜੁਲੀ ਤੇ ਉਲਝੀ ਪਈ ਹੈ। ਉਸ ਨੂੰ ਸੁਲਾਝਾਉਣ ਦੇ ਕੁਝ ਯਤਨ ਹੋ ਰਹੇ ਹਨ ਪਰ ਘਟਨਾਵਾਂ ਦੇ ਤਾਰੀਖਵਾਰ ਨਾ ਜੁੜੇ ਹੋਣ ਕਾਰਨ ਸਖ਼ਤ ਮੁਸ਼ਕਲ ਪੇਸ਼ ਆ ਰਹੀ ਹੈ।ਵੀਹਵੀਂ ਸਦੀ ਵਿਚ ਪੱਛਮੀ ਵਿਦਿਆ ਦੇ ਆਉਣ ਨਾਲ ਹਿੰਦੁਸਤਾਨ ਵਿਚ ਇਤਿਹਾਸਕ ਖੋਜ ਦੇ ਕੰਮ ਵਿਚ ਦਿਨੋ-ਦਿਨ ਕਾਫ਼ੀ ਉੱਨਤੀ ਹੋਈ ਹੈ। ਇਤਿਹਾਸ ਦੀਆਂ ਇਕ ਨਹੀਂ ਹਜ਼ਾਰਾਂ ਧਾਰਾਵਾਂ ਹਨ। ਮੋਟੇ ਤੌਰ ਤੇ ਉਨ੍ਹਾਂ ਦੀ ਵਰਤੋਂ ਰਾਜਨੀਤਿਕ, ਆਰਥਿਕ ਤੇ ਸਮਾਜਿਕ ਖੇਤਰਾਂ ਵਿਚ ਹੁੰਦੀ ਹੈ। ਇਸ ਤੋਂ ਇਲਾਵਾ ਇਤਿਹਾਸ ਹੁਣ ਕੇਵਲ ਵਿਅਕਤੀਆਂ ਤੱਕ ਹੀ ਸੀਮਤ ਨਹੀਂ ਰਿਹਾ, ਇਸ ਵਿਚ ਆਮ ਜਨਤਾ ਅਤੇ ਲੋਕਾਂ ਦੇ ਪਰਸਪਰ ਸਬੰਧਾਂ ਦਾ ਗਿਆਨ ਪ੍ਰਾਪਤ ਕਰਨ ਦੀ ਰੁਚੀ ਵੱਧ ਗਈ ਹੈ। ਆਧੁਨਿਕ ਇਤਿਹਾਸਕਾਰਾਂ ਦਾ ਮੁੱਖ ਉਦੇਸ਼ ਮਨੁੱਖੀ ਸਰਗਰਮੀਆਂ ਦਾ ਸਹੀ ਸਰੂਪ ਸਥਾਪਿਤ ਕਰਨਾ ਅਤੇ ਉਨ੍ਹਾਂ ਬਾਰੇ ਵੱਧ ਗਿਆਨ ਪ੍ਰਾਪਤ ਕਰਨਾ ਹੈ।


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਇਤਿਹਾਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਇਤਿਹਾਸ, (ਸੰਸਕ੍ਰਿਤ) / ਪੁਲਿੰਗ : ਤਵਾਰੀਖ, ਪੁਰਾਣੇ ਸਮਿਆਂ ਦਾ ਹਾਲ, ਪਿਛਲਾ ਹਾਲ, ਹੋਈ ਬੀਤੀ, ਪੁਰਾਣੀ

–ਇਤਿਹਾਸਕ, ਵਿਸ਼ੇਸ਼ਣ : ਇਤਿਹਾਸ ਸਬੰਧੀ, ਤਵਾਰੀਖ ਸਬੰਧੀ, ਤਾਰੀਖੀ

–ਇਤਿਹਾਸਕਾਰ, ਪੁਲਿੰਗ : ਇਤਿਹਾਸ ਲਿਖਣ ਜਾਂ ਬਣਾਉਣ ਵਾਲਾ, ਮੁਵਰਖ, ਪੁਰਾਣਵਾਦੀ, ਤਾਰੀਖਦਾਨ, ਇਤਿਹਾਸ ਗਿਆਤ  ਜਾਂ ਇਤਿਹਾਸ ਲੇਖਕ

–ਇਤਿਹਾਸੀ, ਵਿਸ਼ੇਸ਼ਣ : ਇਤਿਹਾਸ ਸਬੰਧੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-12-59-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.