ਉਚਾਰ-ਖੰਡ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਉਚਾਰ-ਖੰਡ : ਉਚਾਰਨ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਉਚਾਰ-ਖੰਡ ਕਿਹਾ ਜਾਂਦਾ ਹੈ। ਉਚਾਰ-ਖੰਡ ਤੋਂ ਛੋਟੀ ਇਕਾਈ ਧੁਨੀ ਹੈ ਪਰ ਵਿਅੰਜਨ ਧੁਨੀਆਂ ਇਕੱਲੀਆਂ ਨਹੀਂ ਉਚਾਰੀਆਂ ਜਾ ਸਕਦੀਆਂ। ਇਸ ਲਈ ਉਚਾਰਨ ਦੀ ਸਭ ਤੋਂ ਛੋਟੀ ਇਕਾਈ ਧੁਨੀ ਨਹੀਂ, ਉਚਾਰ-ਖੰਡ ਹੈ। ਸ਼ਬਦ ‘ਚਾਰ` ਵਿੱਚ /ਚ/, /ਆ/ ਅਤੇ /ਰ/ ਤਿੰਨ ਧੁਨੀਆਂ ਹਨ ਪਰ ਉਚਾਰ-ਖੰਡ ਇੱਕ ਹੀ ਹੈ। ਸ਼ਬਦ ‘ਤਰਦਾ` ਵਿੱਚ ‘ਤਰ` ਅਤੇ ‘ਦਾ` ਦੋ ਉਚਾਰ-ਖੰਡ ਹਨ। ਉਚਾਰ-ਖੰਡ ਅਜਿਹੀ ਧੁਨੀਆਤਮਿਕ ਇਕਾਈ ਹੈ ਜੋ ਉਚਾਰਨ ਸਮੇਂ ਦੋ ਰੋਕਾਂ ਦੇ ਵਿਚਕਾਰ ਪੈਦਾ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਦੋ ਧੁਨੀਆਂ ਦੇ ਵਿਚਕਾਰਲੇ ਠਹਿਰਾਓ ਵਾਲੇ ਹਿੱਸੇ ਨੂੰ ਉਚਾਰ-ਖੰਡ ਕਿਹਾ ਜਾਂਦਾ ਹੈ। ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੇ ਉਚਾਰ-ਖੰਡਾਂ ਦੇ ਆਧਾਰ ਤੇ ਸ਼ਬਦ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਇੱਕ ਉਚਾਰ-ਖੰਡੀ ਸ਼ਬਦ ਅਤੇ ਬਹੁ ਉਚਾਰ-ਖੰਡੀ ਸ਼ਬਦ। ਪਰੰਪਰਾਵਾਦੀ ਭਾਸ਼ਾ-ਵਿਗਿਆਨੀ ਉਚਾਰ-ਖੰਡ ਨੂੰ ਵਿਅੰਜਨ ਅਤੇ ਸ੍ਵਰ ਦੇ ਜੋੜ ਬਰਾਬਰ ਮੰਨਦੇ ਹਨ ਪਰੰਤੂ ਆਧੁਨਿਕ ਭਾਸ਼ਾ-ਵਿਗਿਆਨੀ ਦੱਸਦੇ ਹਨ ਕਿ ਇੱਕ ਇਕੱਲਾ ਸ੍ਵਰ ਵੀ ਉਚਾਰ-ਖੰਡ ਹੋ ਸਕਦਾ ਹੈ। ਉਦਾਹਰਨ ਵਜੋਂ ਪੰਜਾਬੀ ਦੀਆਂ / ਆ, ਏ, ਓ / ਸ੍ਵਰ ਧੁਨੀਆਂ ਉਚਾਰ-ਖੰਡ ਵਜੋਂ ਵਰਤੋਂ ਵਿੱਚ ਆਉਂਦੀਆਂ ਹਨ। ਧੁਨੀ- ਵਿਗਿਆਨ ਦੇ ਪੱਖ ਤੋਂ ਉਚਾਰ-ਖੰਡ ਨੂੰ ਉਚਾਰਨ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ ਵਿਉਂਤ ਦੇ ਪੱਖ ਤੋਂ ਉਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਿਤ ਕੀਤਾ ਜਾਂਦਾ ਹੈ। ਉਚਾਰ-ਖੰਡ ਦੀ ਅੰਦਰੂਨੀ ਬਣਤਰ ਵਿੱਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ-ਉਚਾਰ-ਖੰਡ ਦਾ ਅਰੰਭ, ਸਿਖਰ ਅਤੇ ਅੰਤ। ਅਰੰਭ, ਉਚਾਰ-ਖੰਡ ਦਾ ਉਹ ਹਿੱਸਾ ਹੈ ਜੋ ਉਚਾਰ-ਖੰਡ ਦੇ ਸ਼ੁਰੂ ਵਿੱਚ ਵਿਅੰਜਨ ਰਾਹੀਂ ਸਾਕਾਰ ਹੁੰਦਾ ਹੈ, ਜਿਵੇਂ ‘ਚਾਰ` ਵਿੱਚ ‘ਚ`। ਉਚਾਰ-ਖੰਡ ਦੇ ਸਿਖਰ ਵਿੱਚ ਹਮੇਸ਼ਾਂ ਸ੍ਵਰ ਹੁੰਦਾ ਹੈ, ਜਿਵੇਂ ‘ਚਾਰ` ਵਿੱਚ ‘ਆ`। ਉਚਾਰ-ਖੰਡ ਦੀ ਬਣਤਰ ਵਿੱਚ ਸ੍ਵਰ ਜ਼ਰੂਰ ਹੁੰਦਾ ਹੈ ਜਦੋਂ ਕਿ ਵਿਅੰਜਨ ਦਾ ਹੋਣਾ ਜ਼ਰੂਰੀ ਨਹੀਂ ਹੈ। ‘ਆ` ਅਜਿਹਾ ਸ਼ਬਦ ਹੈ ਜਿਸ ਵਿੱਚ ਇੱਕ ਉਚਾਰ-ਖੰਡ ਹੈ ਜੋ ਇਕੱਲਾ ਸ੍ਵਰ ਹੈ। ਧੁਨੀ-ਵਿਗਿਆਨ ਦੇ ਪੱਖੋਂ ਉਚਾਰ-ਖੰਡਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇਹ ਵਰਗ ਹਨ-ਖੁੱਲ੍ਹੇ ਉਚਾਰ-ਖੰਡ ਅਤੇ ਬੰਦ ਉਚਾਰ-ਖੰਡ। ਖੁੱਲ੍ਹੇ ਉਚਾਰ-ਖੰਡ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਤ ਵਿੱਚ ਸ੍ਵਰ ਧੁਨੀਆਂ ਆਉਂਦੀਆਂ ਹਨ। ਬੰਦ ਉਚਾਰ-ਖੰਡ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਤ ਵਿੱਚ ਵਿਅੰਜਨ ਧੁਨੀਆਂ ਆਉਂਦੀਆਂ ਹਨ। ਉਦਾਹਰਨ ਵਜੋਂ ਪੰਜਾਬੀ ਵਿੱਚ ‘ਜਾਓ`, ‘ਆਓ` ਖੁੱਲ੍ਹੇ ਉਚਾਰ-ਖੰਡ ਹਨ। ‘ਜਾਲ`, ‘ਪਾਰ` ਆਦਿ ਬੰਦ ਉਚਾਰ-ਖੰਡ ਦੀਆਂ ਉਦਾਹਰਨਾਂ ਹਨ। ਇੱਕ ਸ਼ਬਦ ਵਿੱਚ ਅਕਸਰ ਇੱਕ ਜਾਂ ਇੱਕ ਤੋਂ ਵੱਧ ਉਚਾਰ-ਖੰਡ ਹੋ ਸਕਦੇ ਹਨ ਜਿਵੇਂ ‘ਕੇਸਰ` ਸ਼ਬਦ ਵਿੱਚ ਦੋ ਉਚਾਰ-ਖੰਡ ਹਨ, ‘ਕੇ` ਅਤੇ ‘ਸਰ`। ਕਈ ਡਿਕਸ਼ਨਰੀਆਂ ਵੀ ਅਜਿਹੀਆਂ ਹਨ ਜਿਨ੍ਹਾਂ ਵਿੱਚ ਦਰਜ ਕੀਤੇ ਸ਼ਬਦਾਂ ਵਿੱਚ ਉਚਾਰ-ਖੰਡਾਂ ਦੀ ਪਛਾਣ ਨਿਰਧਾਰਿਤ ਕਰਨ ਲਈ ਹਾਈਫਨ ਲਗਾ ਦਿੱਤੇ ਜਾਂਦੇ ਹਨ। ਸ਼ਬਦਾਂ ਵਿੱਚ ਉਚਾਰ-ਖੰਡ ਨੂੰ ਨਿਰਧਾਰਿਤ ਕਰਨ ਲਈ ਧੁਨੀ ਵਿਉਂਤ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ।
ਲੇਖਕ : ਦਵਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no
ਉਚਾਰ-ਖੰਡ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਉਚਾਰ-ਖੰਡ: ਉਚਾਰਨ ਦਾ ਇਕ ਹਿੱਸਾ ਜਿਹੜਾ ਆਮ ਤੌਰ ’ਤੇ ਇਕੱਲੀ ਧੁਨੀ ਨਾਲੋਂ ਵੱਡਾ ਹੁੰਦਾ ਹੈ ਅਤੇ ਸ਼ਬਦ ਤੋਂ ਛੋਟਾ ਹੁੰਦਾ ਹੈ, ਉਸ ਨੂੰ ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿਚ ਉਚਾਰ-ਖੰਡ ਕਿਹਾ ਜਾਂਦਾ ਹੈ। ਇਕ ਸਥਾਨਕ ਬੁਲਾਰਾ ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਉਚਾਰ-ਖੰਡਾਂ ਦੀ ਸਹਿਜੇ ਹੀ ਨਿਸ਼ਾਨਦੇਹੀ ਕਰ ਸਕਦਾ ਹੈ। ਇਕ ਚੰਗੇ ਕੋਸ਼ ਵਿਚ ਇੰਦਰਾਜ ਵਜੋਂ ਵਰਤੀ ਗਈ ਸ਼ਾਬਦਿਕ ਇਕਾਈ ਨੂੰ ਉਚਾਰ-ਖੰਡਾਂ ਵਿਚ ਵੰਡ ਕੇ ਪ੍ਰਸਤੁਤ ਕੀਤਾ ਗਿਆ ਹੁੰਦਾ ਹੈ। ਸ਼ਬਦ ਦੀ ਬਣਤਰ ਵਿਚ ਵਿਚਰਨ ਵਾਲੇ ਉਚਾਰ-ਖੰਡਾਂ ਦੇ ਅਧਾਰ ’ਤੇ ਸ਼ਬਦ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਇਕ ਉਚਾਰ-ਖੰਡੀ ਸ਼ਬਦ ਅਤੇ (ii) ਬਹੁ ਉਚਾਰ-ਖੰਡੀ ਸ਼ਬਦ। ਇਸ ਪਛਾਣ ਦੇ ਬਾਵਜੂਦ ਉਚਾਰ-ਖੰਡ ਦੀ ਸਥਾਪਤੀ ਕੋਈ ਅਸਾਨ ਮਸਲਾ ਨਹੀਂ ਹੈ ਕਿਉਂਕਿ ਇਨ੍ਹਾਂ ਦੀ ਸਥਾਪਤੀ ਲਈ ਕਈ ਸਿਧਾਂਤਕ ਅਧਾਰ ਹਨ ਜਿਨ੍ਹਾਂ ਵਿਚੋਂ ਧੁਨੀ ਵਿਗਿਆਨਕ ਅਤੇ ਧੁਨੀ-ਵਿਉਂਤ ਪ੍ਰਮੁੱਖ ਹਨ। ਪਰੰਪਰਾਵਾਦੀ ਭਾਸ਼ਾ ਵਿਗਿਆਨੀਆਂ ਅਨੁਸਾਰ (ਵਿਅੰਜਨ+ਸਵਰ) ਦੇ ਯੋਜਨ ਨੂੰ ਉਚਾਰ-ਖੰਡ ਮੰਨਿਆ ਜਾਂਦਾ ਹੈ ਜਦੋਂ ਕਿ ਆਧੁਨਿਕ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਇਕੱਲਾ ਸਵਰ ਵੀ ਉਚਾਰ-ਖੰਡ ਵਜੋਂ ਕਾਰਜ ਕਰ ਸਕਦਾ ਹੈ ਜਿਵੇਂ, ਪੰਜਾਬੀ ਵਿਚ ‘ਆ, ਏ, ਓ’ ਆਦਿ ਸਵਰ ਧੁਨੀਆਂ ਉਚਾਰ-ਖੰਡ ਵਜੋਂ ਵਿਚਰਦੀਆਂ ਹਨ। ਧੁਨੀ ਵਿਗਿਆਨ ਦੀ ਦ੍ਰਿਸ਼ਟੀ ਤੋਂ ਉਚਾਰ-ਖੰਡ ਨੂੰ ਉਚਾਰਨ ਅਨੁਸਾਰ ਸਥਾਪਤ ਕੀਤਾ ਜਾਂਦਾ ਹੈ ਜਦੋਂ ਕਿ ਧੁਨੀ-ਵਿਉਂਤ ਪੱਖੋਂ ਉਚਾਰ-ਖੰਡ ਨੂੰ ਸ਼ਬਦ ਰਚਨਾ ਅਨੁਸਾਰ ਸਥਾਪਤ ਕੀਤਾ ਜਾਂਦਾ ਹੈ ਅਤੇ ਧੁਨੀ-ਵਿਉਂਤ ਦੀ ਇਕ ਇਕਾਈ ਵਜੋਂ ਸਾਕਾਰ ਕੀਤਾ ਜਾਂਦਾ ਹੈ। ਉਚਾਰ-ਖੰਡ ਦੀ ਅੰਦਰੂਨੀ ਬਣਤਰ ਵਿਚ ਤਿੰਨ ਤੱਤ ਕਾਰਜਸ਼ੀਲ ਹੁੰਦੇ ਹਨ ਜੋ ਉਸ ਦੇ ਅਰੰਭ, ਅੰਤ ਅਤੇ ਵਿਚਕਾਰ ਵਿਚਰਦੇ ਹਨ ਇਨ੍ਹਾਂ ਨੂੰ ਕ੍ਰਮਵਾਰ Onset, Nucleus ਅਤੇ Coda ਕਿਹਾ ਜਾਂਦਾ ਹੈ। ਉਚਾਰ-ਖੰਡ ਦਾ ਕੇਂਦਰੀ ਤੱਤ Nucleus ਨੂੰ ਮੰਨਿਆ ਜਾਂਦਾ ਹੈ ਅਤੇ ਇਹ ਹਮੇਸ਼ਾ ਸਵਰ ਹੁੰਦਾ ਹੈ। ਇਸ ਲਈ ਉਚਾਰ-ਖੰਡ ਦੀ ਬਣਤਰ ਵਿਚ ਇਹ ਇਕ ਲਾਜ਼ਮੀ ਤੱਤ ਵਜੋਂ ਵਿਚਰਦਾ ਹੈ। ਧੁਨੀ ਵਿਗਿਆਨ ਦੀ ਦਰਿਸ਼ਟੀ ਤੋਂ ਉਚਾਰ-ਖੰਡਾਂ ਨੂੰ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : (i) ਖੁੱਲ੍ਹੇ ਉਚਾਰ-ਖੰਡ ਅਤੇ (ii) ਬੰਦ ਉਚਾਰ-ਖੰਡ। ਪਹਿਲੀ ਪਰਕਾਰ ਦੇ ਉਚਾਰ-ਖੰਡਾਂ ਦੇ ਅੰਤ ਤੇ ਸਵਰ ਧੁਨੀਆਂ ਆਉਂਦੀਆਂ ਹਨ ਜਦੋਂ ਕਿ ਦੂਜੀ ਪਰਕਾਰ ਦੇ ਉਚਾਰ-ਖੰਡਾਂ ਦੇ ਅੰਤ ’ਤੇ ਵਿਅੰਜਨ ਧੁਨੀਆਂ ਵਿਚਰਦੀਆਂ ਹਨ। ਪੰਜਾਬੀ ਦੇ ਇਕਹਿਰੇ ਉਚਾਰ-ਖੰਡੀ ਸ਼ਬਦਾਂ ਦੇ ਸੱਤ ਪੈਟਰਨ ਹਨ ਜਿਵੇਂ : (i) v (ਸਵਰ) : ਆ, ਏ, ਓ (ii) vc (ਸਵਰ+ਵਿਅੰਜਨ) : ਆਗ, ਇੱਖ, (iii) cv (ਵਿਅੰਜਨ+ਸਵਰ) : ਪਾ, ਗਾ, ਚਾ (iv) cvc (ਵਿਅੰਜਨ+ਸਵਰ+ਵਿਅੰਜਨ) : ਮੀਤ, ਸੀਤ, ਕਰ (v) cvcc (ਵਿਅੰਜਨ+ਸਵਰ+ਵਿਅੰਜਨ+ਵਿਅੰਜਨ) : ਦੱਸ, ਰੁੱਤ, ਰੱਤ (vi) vcc (ਸਵਰ+ਵਿਅੰਜਨ+ਵਿਅੰਜਨ) : ਅੱਖ, ਅੱਗ, ਇੱਟ (vii) ccv (ਵਿਅੰਜਨ+ਵਿਅੰਜਨ+ਸਵਰ) : ਪ੍ਰਭੂ, ਸ੍ਵੈ, ਸਵਰ ਆਦਿ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Rajwinder Singh,
( 2015/06/27 12:00AM)
Please Login First