ਉਤਾਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਤਾਰਾ (ਨਾਂ,ਪੁ) 1 ਡੇਰਾ; ਬਸੇਰਾ 2 ਬਲੀ ਜਾਂ ਦਾਨ ਵਜੋਂ ਸਿਰ ਤੋਂ ਵਾਰੀ ਹੋਈ ਵਸਤ 3 ਕਿਸੇ ਲਿਖ਼ਤ ਦੀ ਨਕਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3938, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਉਤਾਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਤਾਰਾ [ਨਾਂਪੁ] ਨਕਲ , ਕਾਪੀ; ਬਰਾਤ ਆਦਿ ਦਾ ਡੇਰਾ; ਡੋਲੀ ਵਿੱਚੋਂ ਵਹੁਟੀ ਨੂੰ ਉਤਾਰਨ ਦੀ ਰਸਮ; ਭੈੜੀ ਨਜ਼ਰ ਲੱਗੀ ਦੂਰ ਕਰਨ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉਤਾਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਤਾਰਾ. ਦੇਖੋ, ਉਤਾਰਣਾ। ੨ ਸੰਗ੍ਯਾ—ਨਕਲ. ਕਾਪੀ. “ਉਸ ਨੇ ਗੁਰੁਬਾਣੀ ਦਾ ਸ਼ੁੱਧ ਉਤਾਰਾ ਕੀਤਾ ਹੈ.” (ਲੋਕੋ) ੩ ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਕ੍ਰਿਯਾ, ਜਿਸ ਦ੍ਵਾਰਾ ਆਫਤ ਦਾ ਉਤਰਨਾ ਮੰਨਿਆ ਜਾਂਦਾ ਹੈ. ਕਿਸੇ ਰੋਗੀ ਦੇ ਸਿਰ ਤੋਂ ਵਾਰਕੇ ਅੰਨ ਵਸਤ੍ਰ ਪਸ਼ੂ ਪੰਛੀ ਆਦਿਕ ਦਾਨ ਕਰਨ ਦੀ ਰਸਮ । ੪ ਧਾਵਾ. ਹਮਲਾ. “ਤਹਾਂ ਆਪ ਕੀਨੋ ਹੁਸੈਨੀ ਉਤਾਰੰ.” (ਵਿਚਿਤ੍ਰ) ੫ ਡੇਰਾ. ਵਿਸ਼੍ਰਾਮ ਦਾ ਅਸਥਾਨ । ੬ ਨਿਸਤਾਰਾ. ਪਾਰ ਉਤਰਨ ਦੀ ਕ੍ਰਿਯਾ. “ਪਾਰ ਉਤਾਰਾ ਹੋਇ.” (ਧਨਾ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉਤਾਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉਤਾਰਾ : ਜੋ ਕੁਝ ਪਕੜ ਵਾਲੇ ਜਾਂ ਭੂਤ ਪਰੇਤ ਦੇ ਸਾਏ ਵਾਲੇ ਦੇ ਸਿਰ ਤੋਂ ਵਾਰ ਕੇ ਉਸ ਭੂਤ ਪਰੇਤ ਜਾਂ ਆਸੇਬ ਨੂੰ ਦਿੱਤਾ ਜਾਂਦਾ ਹੈ ਉਸਨੂੰ ਉਤਾਰਾ ਕਿਹਾ ਜਾਂਦਾ ਹੈ। ਇਹ ਅਮਲ ਇਸ ਲਈ ਕੀਤਾ ਜਾਂਦਾ ਹੈ ਕਿ ਭੂਤ ਪਰੇਤ ਉਸ ਵਿਅਕਤੀ ਦਾ ਖਹਿੜਾ ਛਡ ਜਾਣ।
ਇਹ ਉਤਾਰਾ ਕਈ ਕਿਸਮਾਂ ਦਾ ਹੁੰਦਾ ਹੈ। ਜਿਹੋ ਜਿਹਾ ਭੂਤ ਪਰੇਤ ਮੰਨਿਆ ਜਾਂਦਾ ਹੈ, ਉਹੋ ਜਿਹਾ ਉਤਾਰਾ ਉਸ ਨੂੰ ਦਿਤਾ ਜਾਂਦਾ ਹੈ। ਇਨ੍ਹਾਂ ਵਿਚੋਂ ਕੁਝ ਭੂਤਾਂ ਪਰੇਤਾਂ ਜਾਂ ਆਸੇਬਾਂ ਦੇ ਨਾਂ, ਉਨ੍ਹਾਂ ਦੇ ਲੱਛਣ ਅਤੇ ਉਤਾਰੇ ਇਸ ਤਰ੍ਹਾਂ ਹਨ :–
ਸਤੀ–––– ਇਸ ਦੀ ਪਕੜ ਵਾਲੇ ਦਾ ਮਨ ਨਿਸਚਲ ਨਹੀਂ ਰਹਿੰਦਾ। ਉਹ ਬੇ ਔਲਾਦ ਹੋ ਜਾਂਦਾ ਹੈ ਅਤੇ ਉਸ ਨੂੰ ਸਤੀ ਦਾ ਇਤਿਹਾਸ ਸੁਣਨ ਦਾ ਸ਼ੌਕ ਹੋ ਜਾਂਦਾ ਹੈ। ਉਹ ਚੁੱਪ ਰਹਿੰਦਾ ਹੈ ਤੇ ਜਦੋਂ ਬੋਲਦਾ ਹੈ, ਵਰ ਦੇਂਦਾ ਹੈ। ਵਧੀਆ ਚੀਜ਼ਾਂ ਵਲ ਉਸ ਦੀ ਰੁਚੀ ਰਹਿੰਦੀ ਹੈ।
ਉਤਾਰਾ –– ਪਕੜ ਵਾਲਾ ਨਹਾ ਕੇ ਸ਼ੁੱਧ ਹੁੰਦਾ ਹੈ ਤੇ ਮੱਥਾ ਟੇਕਦਾ ਹੈ। ਫਿਰ ਸ਼ੁਕਲ ਪੱਖ ਦੀ ਚੌਦਸ ਨੂੰ ਜਾਂ ਤਾਂ ਸਵਾ ਪੰਜ ਗਜ਼ ਕਪੜਾ ਜਾਂ ਲਾਲ ਪੀਲੇ ਰੰਗ ਦਾ ਕਮੀਜ਼, ਦੁਪੱਟਾ ਤੇ ਸਲਵਾਰ ਆਪਣੀ ਕੁਲ ਦੀ ਲੜਕੀ ਜਾਂ ਕੁਲ ਦੇ ਪ੍ਰੋਹਤ ਨੂੰ ਭੋਜਨ ਕਰਾ ਕੇ ਦਿੰਦਾ ਹੈ। ਇਹ ਅਮਲ ਸਵੇਰ ਵੇਲੇ ਕੀਤਾ ਜਾਂਦਾ ਹੈ।
ਦੇਵੀ (ਵਜਲਨੀ) –– ਪਕੜ ਵਾਲੇ ਨੂੰ ਅਧਰੰਗ ਹੋ ਜਾਂਦਾ ਹੈ। ਸਰੀਰ ਦਾ ਲਹੂ ਸੁਕ ਜਾਂਦਾ ਹੈ। ਮੂੰਹ ਅਤੇ ਹੱਥ ਪੈਰ ਵਿੰਗੇ ਹੋ ਜਾਂਦੇ ਹਨ। ਕਮਜ਼ੋਰੀ ਹੋ ਦੇ ਯਾਦਾਸ਼ਤ ਕਾਇਮ ਨਹੀਂ ਰਹਿੰਦੀ।
ਉਤਾਰਾ –– ਪਕੜ ਵਾਲੇ ਬੱਚੇ ਨੂੰ ਕੋਲ ਬਿਠਾ ਕੇ ਸ਼ਰਾਬ ਦੀ ਧੂਣੀ ਦਿੰਦੇ ਹਨ, ਤੇ ਛੇਲੀ ਦੇ ਗਲ ਵਿਚ ਖਮ੍ਹਣੀ ਬੰਨ੍ਹ ਕੇ ਉਸ ਨੂੰ ਛੱਡ ਦੇਂਦੇ ਹਨ। ਇਹ ਅਮਲ ਅਸ਼ਟਮੀ ਦੀ ਰਾਤ ਨੂੰ ਕਰਦੇ ਹਨ।
ਸ਼ਾਕਣੀ–ਡਾਕਣੀ –– ਪਕੜ ਵਾਲੇ ਦੇ ਸਾਰੇ ਅੰਗਾਂ ਵਿਚ ਪੀੜ ਹੁੰਦੀ ਹੈ, ਅੱਖਾਂ ਦੁਖਦੀਆਂ ਹਨ, ਬੇਹੇਸ਼ੀ ਹੋ ਜਾਂਦੀ ਹੈ, ਉਸ ਦਾ ਸਾਰਾ ਸਰੀਰ ਕੰਬਦਾ ਹੈ। ਉਹ ਆਪ ਮੁਹਾਰਾ ਰੋਂਦਾ, ਹਸਦਾ ਤੇ ਵਿਰਲਾਪ ਕਰਦਾ ਹੈ। ਭੁੱਖ ਘਟ ਜਾਂਦੀ ਹੈ, ਅਵਾਜ਼ ਖਰਾਬ ਹੋ ਜਾਂਦੀ ਹੈ। ਉਸਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ, ਬੁਖਾਰ ਹੋ ਜਾਂਦਾ ਹੈ ਤੇ ਚੱਕਰ ਆਉਂਦੇ ਰਹਿੰਦੇ ਹਨ।
ਉਤਾਰਾ –– ਇਹ ਪਹਾੜ ਦਾ ਜਾਦੂ ਹੈ ਤੇ ਬਹੁਤ ਖ਼ਤਰਨਾਕ ਹੈ। ਸੋ ਇਸ ਦਾ ਉਪਾ ਕਰਨ ਲਈ ਦਿਨਾਂ ਦੇ ਵਿਚਾਰ ਦੀ ਲੋੜ ਨਹੀਂ। ਬਕਰੇ ਦੀ ਕਲੇਜੀ ਵਿਚ ਮੰਤਰ ਪੜ੍ਹ ਕੇ ਸਤ ਸੂਈਆਂ ਚੋਭਦੇ ਹਨ ਤੇ ਇਸ ਨੂੰ ਕਪੂਰ ਕੱਚਰੀ ਦੀ ਧੂਫ਼ ਦੇ ਕੇ ਸੱਤ ਸੱਤ ਲੌਂਗ ਤੇ ਇਲਾਚੀਆਂ ਅਤੇ ਸੰਧੁਰ ਉਤੇ ਰਖ ਕੇ ਕਸਰ ਵਾਲੇ ਦਾ ਹੱਥ ਲਵਾ ਕੇ ਫਿਰ ਇਨ੍ਹਾਂ ਚੀਜ਼ਾਂ ਨੂੰ ਜੰਗਲ ਜਾਂ ਸ਼ਮਸ਼ਾਨ ਵਿਚ ਰੱਖ ਆਉਂਦੇ ਹਨ।
ਪਰੇਤ –– ਪਕੜ ਵਾਲਾ ਸਵੇਰੇ ਹੀ ਉਠ-ਉਠ ਘਰੋਂ ਬਾਹਰ ਨਸਦਾ ਹੈ, ਮਾੜੀਆਂ ਗੱਲਾਂ ਮੂੰਹੋਂ ਕੱਢਦਾ ਹੈ ਤੇ ਚੀਕਦਾ ਹੈ। ਉਸ ਦੀ ਖਾਣ ਪੀਣ ਦੀ ਰੁਚੀ ਘੱਟ ਜਾਂਦੀ ਹੈ, ਲੰਮੇ ਸਾਹ ਲੈਂਦਾ ਹੈ ਅਤੇ ਰੋਂਦਾ ਹੈ। ਉਸ ਦਾ ਸਰੀਰ ਵੀ ਕੰਬਦਾ ਹੈ।
ਉਤਾਰਾ –– ਇਹਦੇ ਲਈ ਬ੍ਰਾਹਮਣ ਨੂੰ ਭੋਜਨ ਖੁਆਉਂਦੇ ਹਨ ਤੇ ਕਪੜੇ ਦਿੰਦੇ ਹਨ। ਪੁਤਲਾ ਬਣਾ ਕੇ ਦਾਹ ਕਰਦੇ ਹਨ ਜਾਂ ਕਿਸੇ ਨੂੰ ਫੜਾ ਕੇ ਉਸ ਪਾਸੋਂ ਜ਼ਮੀਨ ਵਿਚ ਦਬਵਾ ਦਿੰਦੇ ਹਨ। ਇਹ ਸਭ ਕੁਝ ਸ਼ੁਕਲ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ।
ਬ੍ਰਹਮ–ਰਾਖਸ਼ –– ਇਸ ਦੀ ਪਕੜ ਵਾਲਾ ਬ੍ਰਾਹਮਣ, ਦੇਵਤੇ ਤੇ ਗੁਰੂ ਨਾਲ ਵੈਰ ਕਰਦਾ ਹੈ। ਉਹਿ ਵੇਦ-ਵੇਦਾਂਤ ਦਾ ਜਾਣੂੰ ਹੁੰਦਾ ਹੈ, ਆਪਣੇ ਸਰੀਰ ਨੂੰ ਆਪ ਦੁੱਖ ਦਿੰਦਾ ਹੈ ਪਰ ਦੂਜਿਆਂ ਨੂੰ ਨਹੀਂ ਮਾਰਦਾ।
ਉਤਾਰਾ –– ਕਪਲਾ ਗਊ ਦੇ ਦੁੱਧ ਵਿਚ ਸੱਤਾਂ ਖੂਹਾਂ ਦਾ ਪਾਣੀ ਰਲਾ ਕੇ ਕੱਚੀ ਲੱਸੀ ਬਣਾਉਂਦੇ ਹਨ ਅਤੇ ਉਸ ਵਿਚ ਪੀਲੀ ਸਰ੍ਹੋਂ ਪਾਉਂਦੇ ਹਨ। ਕਸਰ ਵਾਲੇ ਨੂੰ ਕਾਲੇ ਰੰਗ ਦੇ ਗਧੇ ਤੇ ਬਿਠਾ ਕੇ ਉੱਪਰ ਦੱਸੀ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਂਦੇ ਹਨ। ਇਹ ਅਮਲ ਸਨਿਚਰ ਜਾਂ ਐਤਵਾਰ ਨੂੰ ਕਰਦੇ ਹਨ।
ਭੂਤ–– ਪਕੜ ਵਾਲੇ ਦੀ ਗੱਲਬਾਤ ਅਤੇ ਗਿਆਨ ਅਗਿਆਨ ਵੱਲ ਰੁੱਚੀ ਨਹੀਂ ਰਹਿੰਦੀ। ਉਸ ਦੀ ਰਹਿਣੀ-ਬਹਿਣੀ ਅਜੀਬ ਜਿਹੇ ਢੰਗ ਦੀ ਹੋ ਜਾਂਦੀ ਹੈ ਜੋ ਆਮ ਮਨੁੱਖ ਨਾਲੋਂ ਕੁਝ ਉਲਟ ਜੇਹੀ ਲਗਦੀ ਹੈ।
ਉਤਾਰਾ –– ਇਸ ਲਈ ਚਾਰ ਇਕ ਪਾਸੀਆਂ ਰੋਟੀਆਂ ਪਕਾ ਕੇ ਤੇਲ ਨਾਲ ਚੋਪੜ ਲੈਂਦੇ ਹਨ। ਫਿਰ ਤਵੇ ਦੀ ਕਾਲਖ ਉਤੇ ਤੇਲ ਪਾ ਕੇ ਉਸ ਸਿਆਹੀ ਨਾਲ ਰੋਟੀਆਂ ਉਤੇ ਆਦਮੀ ਦੀ ਸ਼ਕਲ ਬਣਾਉਂਦੇ ਹਨ। ਬਕਰੇ ਦੀ ਇਕ ਛਟਾਂਕ ਜਾਂ ਪੂਰੀ ਕਲੇਜੀ ਲੈਂਦੇ ਹਨ। ਕਸਰ ਵਾਲੇ ਦੇ ਚਾਰੇ ਪਾਸੇ ਇਹ ਚਾਰ ਰੋਟੀਆਂ ਖੜੀਆਂ ਕਰਕੇ ਇਸ ਤਰ੍ਹਾਂ ਦਬਦੇ ਹਨ ਕਿ ਉਨ੍ਹਾਂ ਦਾ ਕੁਝ ਹਿੱਸਾ ਜ਼ਮੀਨ ਤੋਂ ਬਾਹਰ ਰਹਿੰਦਾ ਹੈ। ਜੇ ਫਰਸ਼ ਪੱਕਾ ਹੋਵੇ ਤਾਂ ਇਹ ਅਮਲ ਫਰਸ਼ ਉਤੇ ਸੁਆਹ ਰੱਖ ਕੇ ਕਰ ਲਿਆ ਜਾਂਦਾ ਹੈ। ਫਿਰ ਅੱਗ ਉੱਤੇ ਕਲੇਜੀ ਨੂੰ ਸ਼ਰਾਬ ਦੀ ਧੂਣੀ ਦਿੰਦੇ ਹਨ, ਜਿਸ ਤੇ ਭੂਤ ਬੋਲ ਕੇ ਚਲਿਆ ਜਾਂਦਾ ਹੈ। ਫਿਰ ਸਾਰੇ ਸਾਮਾਨ ਨੂੰ ਚੁਕ ਕੇ ਮਸਾਣਾਂ ਵਿਚ ਰੱਖ ਆਉਂਦੇ ਹਨ। ਮਸਾਣਾਂ ਵੱਲ ਜਾਂਦੇ ਹੋਏ ਨਾ ਜਾਂਦਿਆਂ ਪਰਤ ਕੇ ਵੇਖਦੇ ਹਨ ਨਾ ਆਉਂਦਿਆਂ ਅਤੇ ਰੋਟੀਆਂ ਆਦਿ ਨੂੰ ਸਾਹਮਣੇ ਵੱਲ ਰਖਦੇ ਹਨ ਕਿਉਂਕਿ ਪਿੱਠ ਵੱਲ ਕਰਨ ਤੇ ਸਾਰਾ ਭਾਰ ਪੈ ਜਾਂਦਾ ਹੈ ਅਤੇ ਤੁਰਨਾ ਔਖਾ ਹੋ ਜਾਂਦਾ ਹੈ। ਇਹ ਅਮਲ ਮੰਗਲਵਾਰ ਤੋਂ ਬਿਨਾਂ ਕਿਸੇ ਦਿਨ ਕੀਤਾ ਜਾ ਸਕਦਾ ਹੈ।
ਦੇਵਤਾ –– ਇਹ ਪਕੜ ਵਾਲੇ ਦਾ ਸੁਭਾ ਬ੍ਰਾਹਮਣ ਵਾਂਗ ਸੰਤੁਸ਼ਟ ਪਵਿੱਤਰ ਤੇ ਸਹਿਨ-ਸ਼ੀਲ ਹੁੰਦਾ ਹੈ। ਉਸ ਦੀ ਰੁਚੀ ਸੋਹਣੇ ਫੁੱਲਾਂ ਦੇ ਹਾਰਾਂ, ਸੁਗੰਧਤ ਚੀਜ਼ਾਂ ਆਦਿ ਵੱਲ ਰਹਿੰਦੀ ਹੈ। ਉਹ ਅੱਖਾਂ ਨਹੀ ਮੀਚਦਾ, ਅਨਪੜ੍ਹ ਹੋ ਕੇ ਵੀ ਸੰਸਕ੍ਰਿਤ ਦੇ ਸ਼ਲੋਕ ਉਚਾਰਦਾ ਹੈ । ਉਸ ਦੇ ਸਰੀਰ ਦਾ ਬਲ ਵੱਧਦਾ ਜਾਂਦਾ ਹੈ ਤੇ ਉਹ ਲੋਕਾਂ ਨੂੰ ਉਨ੍ਹਾਂ ਦੇ ਮਨਚਾਹੇ ਵਰਦਾਨ ਦਿੰਦਾ ਹੈ।
ਉਤਾਰਾ –– ਇਹਦੇ ਲਈ ਕਾਰਤ ਵੀਰਯ (ਸ਼ਿਵਾ ਦੇ ਪੁੱਤਰ) ਦਾ ਮੰਤਰ ਕਸਰ ਵਾਲੇ ਨੂੰ ਸੁਣਾਇਆ ਜਾਂਦਾ ਹੈ ਤੇ ਮੰਤਰ ਪੜ੍ਹ ਕੇ ਜਲ ਦਿੱਤਾ ਜਾਂਦਾ ਹੈ। ਦੇਵਤਾ ਪਾਸੋਂ ਪੁੱਛ ਕੇ ਉਹਦੀ ਭੇਟਾ ਦਿੰਦਾ ਹਨ।
ਯਕਸ਼ –– ਕਸਰ ਵਾਲੇ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਉਹ ਮੈਲੇ ਤੇ ਖ਼ੂਨੀ ਰੰਗ ਦੇ ਕਪੜੇ ਪਹਿਨਦਾ ਹੈ। ਦਿਲ ਦਾ ਭੇਤ ਲੁਕਾ ਕੇ ਰਖਦਾ ਹੈ, ਤੇਜ਼ ਚਲਦਾ ਹੈ ਅਤੇ ਬੜੇ ਤੇਜ ਵਾਲਾ ਹੁੰਦਾ ਹੈ। ਉਹ ਸ਼ਹਿਨਸ਼ੀਲ ਹੁੰਦਾ ਹੈ ਤੇ ਹਰ ਵੇਲੇ ਕਹਿੰਦਾ ਹੈ, ‘ਕਿਸੇ ਨੂੰ ਕੀ ਦੇਵਾਂ ?’
ਉਤਾਰਾ –– ਇਸ ਲਈ ਲਾਲ ਕਨੇਰ ਦੇ ਪੰਜ, ਸੱਤ ਜਾਂ ਯਾਰ੍ਹਾਂ ਫੁੱਲ ਲੈਂਦੇ ਦੇ ਹਨ। ਮਿੱਠੇ ਤੇਲ ਦਾ ਦੀਵਾ ਬਾਲ ਕੇ ਉਸ ਵਿਚ ਫੁੱਟੀ ਕੌਡ ਰਖਦੇ ਹਨ। ਰਾਤ ਦੇ ਨੌ ਵਜੇ ਕਸਰ ਵਾਲੇ ਦੇ ਸਰ੍ਹਾਣੇ ਵੱਲ ਦੀ ਥਾਂ ਨੂੰ ਪੋਚਾ ਫੇਰ ਕੇ ਜਾਂ ਪਾਣੀ ਦਾ ਛਿੱਟਾ ਦੇ ਕੇ ਫੁੱਲ ਤੇ ਦੀਵਾ (ਬਿਨਾਂ ਬਾਲਣ ਦੇ) ਉਸ ਥਾਂ ਰਖਦੇ ਹਨ। ਯਾਰਾਂ ਵਜੇ ਦੀਵਾ ਬਾਲ ਕੇ ਇਹ ਚੀਜ਼ਾਂ ਕਰਸ ਵਾਲੇ ਨੂੰ ਛੁਹਾਉਂਦੇ ਹਨ। ਦੀਵੇ ਨੂੰ ਕੋਈ ਹੱਥ ਨਾਲ ਬੁਝਾ ਦਿੰਦਾ ਹੈ, ਕੋਈ ਨਹੀਂ। ਕਸਰ ਵਾਲੇ ਦੇ ਕੰਨ ਵਿਚ ਕਹਿੰਦੇ ਹਨ, ‘‘ ਆਉ ਬਾਬਾ ਜੀ ਮੇਰੇ ਨਾਲ ਚਲੋ।’ ਫਿਰ ਉਨ੍ਹਾਂ ਚੀਜ਼ਾਂ ਨੂੰ ਕਿਸੇ ਕਿੱਕਰ ਦੇ ਹੇਠਾਂ ਰਖ ਕੇ ਕਹਿੰਦੇ ਹਨ, ‘ਲੌ ਬਾਬਾ ਜੀ ਏਬੇ ਬੈਠ ਜਾਉ। ਇਹੀ ਤੁਹਾਡਾ ਅਸਥਾਨ ਹੈ।’ ਇਹ ਕਹਿ ਕੇ ਵਾਪਸ ਆ ਜਾਂਦੇ ਹਨ। ਇਹ ਅਮਲ ਕਿਸੇ ਵੀ ਦਿਨ ਕੀਤਾ ਜਾ ਸਕਦਾ ਹੈ।
ਪਿੱਤਰ –– ਇਸ ਕਸਰ ਵਾਲਾ ਦੱਭ ਉਤੇ ਪਿੱਤਰਾਂ ਨੂੰ ਪਿੰਡ ਦਿੰਦਾ ਰਹਿੰਦਾ ਹੈ। ਇਸ ਦਾ ਸੁਭਾ ਸ਼ਾਂਤ ਹੁੰਦਾ ਹੈ। ਇਹ ਸੱਜੇ ਮੋਢੇ ਤੇ ਪਰਨਾ ਰਖ ਕੇ ਮਿੱਤਰਾਂ ਦੇ ਨਸਿੱਤ ਤਰਪਣ ਕਰਦਾ ਰਹਿੰਦਾ ਹੈ ਅਤੇ ਪਿੱਤਰ-ਭਗਤੀ ਵਿਚ ਬੜੀ ਸ਼ਰਧਾ ਨਾਲ ਲਗਾ ਰਹਿੰਦਾ ਹੈ। ਇਸ ਦੀ ਰੁਚੀ ਮਾਂਹ, ਤਿਲ, ਗੁੜ, ਖੀਰ ਆਦਿ ਖਾਣ ਵਲ ਵਧੇਰੇ ਹੁੰਦੀ ਹੈ।
ਉਤਾਰਾ –– ਇਹਦੇ ਲਈ ਸਵਾ ਗਜ਼ ਚਿੱਟਾ ਕਪੜਾ ਤੇ ਚਾਰ ਕੌਰੀਆਂ ਠੂਠੀਆਂ ਲੈਂਦੇ ਹਨ। ਸ਼ਾਮ ਨੂੰ ਮਸਾਣਾਂ ਵਿਚ ਜਾ ਕੇ ਸੁੱਚੇ ਪਾਣੀ ਨਾਲ ਧੋਣ ਮਗਰੋਂ ਉਨ੍ਹਾਂ ਠੂਠੀਆਂ ਨੂੰ ਮਸਾਣਾਂ ਦੇ ਚੌਹਾਂ ਖੂੰਜਿਆਂ ਵਿਚ ਰਖ ਕੇ ਦੁੱਧ ਨਾਲ ਭਰ ਦਿੰਦੇ ਹਨ। ਫਿਰ ਪਿੱਤਰਾਂ ਦਾ ਧਿਆਨ ਧਰ ਕੇ ਮੱਥਾ ਟੇਕਣ ਮਗਰੋਂ ਉਹ ਸਵਾ ਗਜ਼ ਕਪੜਾ ਉਥੇ ਹੀ ਰੱਖ ਦਿੰਦੇ ਹਨ ਤੇ ਘਰ ਮੁੜ ਆਉਂਦੇ ਹਨ। ਇਹ ਅਮਲ ਕਿਸੇ ਦਿਨ ਵੀ ਕੀਤਾ ਜਾ ਸਕਦਾ ਹੈ।
ਰਾਖਸ਼ –– ਪਕੜ ਵਾਲਾ ਮਾਸ, ਖ਼ੂਨ ਤੇ ਸ਼ਰਾਬ ਵਲ ਵਧੇਰੇ ਰੁਚੀ ਰਖਦਾ ਹੈ। ਆਮ ਤੌਰ ਤੇ ਬੇਸ਼ਰਮ, ਬੇਹਯਾ, ਕਰੋਧੀ, ਗੰਦਾ ਅਤੇ ਅਪਵਿੱਤਰ ਰਹਿੰਦਾ ਹੈ। ਅਕਸਰ ਰਾ ਤਨੂੰ ਸੋਚਾਂ ਵਿਚ ਪਿਆ ਰਹਿੰਦਾ ਹੈ।
ਉਤਾਰਾ –– ਇਸ ਲਈ ਮਾਰੇ ਜਾ ਰਹੇ ਬਕਰੇ ਦਾ ਪਹਿਲਾ ਖ਼ੂਨ ਪੰਜ ਸੱਤ ਤੋਲੇ ਲੈਂਦੇ ਹਨ। ਫਿਰ ਸਤਨਾਜੇ ਦੀ ਇਕ ਪਾਸੀ ਰੋਟੀ ਪਕਾ ਕੇ ਉਸ ਨੂੰ ਚੋਪੜਦੇ ਨਹੀਂ, ਸਗੋਂ ਬਕਰੇ ਦੇ ਉਸ ਖ਼ੂਨ ਨਾਲ ਉਸ ਰੋਟੀ ਉਪਰ ਆਦਮੀ ਦੀ ਬੜੀ ਡਰਾਉਣੀ ਸ਼ਕਲ ਬਣਾਉਂਦੇ ਹਨ। ਜੇ ਖ਼ੂਨ ਜਮ ਚੁਕਾ ਹੋਵੇ ਤਾਂ ਉਸ ਵਿਚ ਪਾਣੀ ਰਲਾ ਲੈ ਦੇ ਹਨ। ਰਾਤ ਦੇ ਨੌਂ ਵਜੇ ਮੁਸ਼ਕ ਕਾਫੂਰ ਦੀ ਧੂਣੀ ਦੇਣ ਮਗਰੋਂ ਇਸ ਰੋਟੀ ਨਾਲ ਹੌਲੀ-ਹੌਲੀ 21 ਵਾਰ ਕਸਰ ਵਾਲੇ ਦੇ ਸਿਰ ਤੇ ਚੋਟਾਂ ਲਾਉਂਦੇ ਹਨ ਅਤੇ ਆਖ਼ਰੀ ਚੋਟ ਲਾਉਣ ਮਗਰੋਂ ਫ਼ੌਰਨ ਹੀ ਉਸ ਰੋਟੀ ਨੂੰ ਲੈ ਕੇ ਬਾਹਰ ਜੰਗਲ ਵਲ ਇਕ ਸਾਹ ਨਸ ਜਾਂਦੇ ਹਨ। ਜਿਥੇ ਮੁੱਕ ਜਾਵੇ, ਉਥੇ ਹੀ ਰੋਟੀ ਨੂੰ ਰਖ ਕੇ ਮੱਥਾ ਟੇਕਦੇ ਹਨ ਅਤੇ ਇਕ ਹੀ ਸਾਹ ਭੱਜੇ ਭੱਜੇ ਵਾਪਸ ਮੁੜ ਆਉਂਦੇ ਹਨ। ਜੇ ਸਾਹ ਰਾਹ ਵਿਚ ਹੀ ਮੁਕ ਜਾਵੇ ਤਾਂ ਅੱਗੇ ਨਹੀਂ ਵੱਧਦੇ ਤੇ ਉਥੇ ਹੀ ਨਮਸਕਾਰ ਕਰ ਕੇ ਪਿੱਛੇ ਵਲ ਭੱਜ ਪੈਦੇ ਹਨ। ਜੇ ਘਰ ਪੁੱਜਣ ਤੇ ਸਾਹ ਨਾ ਮੁੱਕੇ ਤਾਂ ਚੰਗਾ ਗਿਣਿਆ ਜਾਂਦਾ ਹੈ।
ਪਿਸ਼ਾਚ –– ਇਸ ਪਕੜ ਵਾਲਾ ਅਕਸਰ ਆਪਣੇ ਹੱਥ ਉੱਪਰ ਵਲ ਨੂੰ ਨਹੀਂ ਰਖਦਾ ਤੇ ਮੂੰਹ ਵਿਚੋਂ ਆਪ ਹੀ ਬਕਵਾਸ ਕਰਦਾ ਰਹਿੰਦਾ ਹੈ। ਉਹ ਸਰੀਰ ਨੂੰ ਗੰਦਾ ਰਖਦਾ ਹੈ। ਲਾਲਚੀ ਤੇ ਚੰਚਲ ਹੁੰਦਾ ਹੈ। ਖਾਂਦਾ ਬਹੁਤ ਹੈ ਅਤੇ ਜੰਗਲ ਵਿਚ ਰਹਿਣਾ ਵਧੇਰੇ ਪਸੰਦ ਕਰਦਾ ਹੈ। ਅਕਸਰ ਰੋਂਦਾ ਰਹਿੰਦਾ ਹੈ।
ਉਤਾਰਾ –– ਇਸ ਲਈ ਰਾਤ ਨੂੰ ਸੱਤ ਇਕ ਪਾਸੀਆਂ ਰੋਟੀਆਂ ਜਾਂ ਟਿੱਕੀਆਂ ਪਕਾ ਲੈਂਦੇ ਹਨ ਜਾਂ ਸੱਤ-ਪਕਵਾਨੀ ਅਰਥਾਤ ਸੱਤਾਂ ਕਿਸਮਾਂ ਦੀ ਮਠਿਆਈ ਲੈ ਲੈਂਦੇ ਹਨ। ਇਨ੍ਹਾਂ ਤੋਂ ਛੁੱਟ ਸਰਬਤ ਦਾ ਭਰਿਆ ਇਕ ਮਿੱਟੀ ਦਾ ਕੁੱਜਾ, ਸੱਤ ਸਾਦੇ ਪਾਨ, ਸੱਤ ਲੌਂਗ ਤੇ ਸੱਤ ਇਲਾਚੀਆਂ ਵੀ ਚਾਹੀਦੀਆਂ ਹਨ। ਲੌਂਗ, ਪਾਨ, ਇਲਾਚੀਆਂ ਆਦਿ ਨੂੰ ਕਸਰ ਵਾਲੇ ਨੂੰ ਛੁਹਾਉਂਦੇ ਹਨ ਤੇ ਅੱਗ ਉੱਤੇ ਇਕ ਵਾਰ ਸ਼ਰਬਤ ਦੀ ਧੂਫ ਦਿੰਦੇ ਹਨ। ਇਸ ਤੋਂ ਮਗਰੋਂ ਕੁੱਜੇ ਸਮੇਤ ਸਾਰੀਆਂ ਚੀਜ਼ਾਂ ਨੂੰ ਬਾਹਰ ਰੱਖ ਆਉਂਦੇ ਹਨ। ਇਹ ਅਮਲ ਕਿਸੇ ਵੀ ਦਿਨ ਕੀਤਾ ਜਾ ਸਕਦਾ ਹੈ।
ਮਸਾਣ –– ਇਸ ਦੇ ਕਾਰਨ ਤੀਵੀਆਂ ਦੀ ‘ਮਾਹਵਾਰੀ’ ਕਸੂਤੀ ਹੋ ਜਾਂਦੀ ਹੈ । ਰੰਗ ਕਾਲਾ ਪੈ ਜਾਂਦਾ ਹੈ ਤੇ ਗਰਦਨ ਪਤਲੀ ਹੋ ਜਾਂਦੀ ਹੈ, ਸਰੀਰ ਸੁਕਦਾ ਜਾਂਦਾ ਹੈ, ਦਿਲ ਘਟਦਾ ਹੈ, ਰੋਣ ਬਹੁਤਾ ਆਉਂਦਾ ਹੈ। ਮਾੜੇ ਮਾੜੇ ਸੁਪਨੇ ਆਉਂਦੇ ਹਨ। ਸਰੀਰ ਵਿਚ ਪੀੜ ਹੁੰਦੀ ਹੈ ਤੇ ਘਰ ਵਿਚ ਬਰਕਤ ਨਹੀਂ ਰਹਿੰਦੀ।
ਉਤਾਰਾ –– ਇਸ ਲਈ ਹੇਠ ਲਿਖੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ–– ਦੋ ਤਿੰਨ ਮਾਸੇ ਸੰਧੂਰ, ਸੱਤ ਲੌਂਗ, ਸੱਤ ਜੋੜੇ ਕਿੱਕਰ ਦੇ ਜੁੜਵੇਂ ਕੰਡਿਆਂ ਦੇ, ਸਤ ਰੰਗ ਦੇ ਕੱਪੜਿਆਂ ਦੀਆਂ ਕਾਤਰਾਂ, ਢੱਕਣ ਵਾਲੀ ਕੋਰ ੜੋੜੀ, ਇਕ ਛਟਾਂਕ ਜਾਂ ਅੱਧ ਪਾ ਬਕਰੇ ਦੀ ਕਲੇਜੀ। ਇਹ ਸਾਰੀਆਂ ਚੀਜ਼ਾਂ ਤੋੜੀ ਵਿਚ ਪਾ ਕੇ ਚਪਣੀ ਨਾਲ ਢੱਕ ਦਿੰਦੇ ਹਨ ਅਤੇ ਉਸ ਦੇ ਉਪਰ ਤੇਲ ਦਾ ਚੌਮੁਖੀਆ ਦੀਵਾ ਬਾਲ ਕੇ ਰੱਖ ਦਿੰਦੇ ਹਨ। ਫਿਰ ਕਸਰ ਵਾਲੇ ਨੂੰ ਖੜਾ ਕਰਦੇ ਹਨ। ਇਸ ਸਭ ਕੁਝ ਨੂੰ ਉਸ ਦੇ ਪੈਰਾਂ ਵਲੋਂ ਸ਼ੁਰੂ ਕਰ ਕੇ ਸਿਰ ਨੂੰ ਛੁਹਾਉਂਦੇ ਹਨ। ਇਉਂ ਸੱਤ ਵਾਰੀ ਕਰਨ ਮਗਰੋਂ ਦੀਵੇ ਨੂੰ ਹੱਥ ਨਾਲ ਬੁਝਾ ਕੇ ਬਾਹਰ ਚੌਰਾਹੇ ਵਿਚ ਬਾਲ ਕੇ ਰਖ ਆਉਂਦੇ ਹਨ। ਕਦੇ ਕਦੇ ਦੀਵਾ ਬਲਦਾ ਹੋਇਆ ਵੀ ਬਾਹਰ ਲੈ ਜਾਂਦੇ ਹਨ, ਇਹ ਅਮਲ ਸਨਿਚਰਵਾਰ ਦੀ ਰਾਤ ਨੂੰ ਕੀਤਾ ਜਾਂਦਾ ਹੈ।
ਕਾਲੀ –– ਪਕੜ ਵਾਲੇ ਨੂੰ ਇਉਂ ਜਾਪਦਾ ਹੈ ਜਿਵੇ ਕੋੲ ਚੀਜ਼ ਉਸ ਦੇ ਦਿਲ ਨੂੰ ਕੁਤਰ ਕੁਤਰ ਕੇ ਖਾ ਰਹੀ ਹੁੰਦੀ ਹੈ। ਉਸ ਨੂੰ ਖੂਨੀ ਉਲਟੀ ਜਾਂ ਜੁਲਾਬ ਆਉਣ ਲਗ ਪੈਂਦੇ ਹਨ। ਉਲਟੀ ਵਿਚ ਮਾਸ ਦੇ ਛਿਛੜੇ ਆਉਣ ਤਾਂ ਇਸ ਨੂੰ ‘ਮਾਰਕੇਸ਼ ਕਾਲੀ’ ਦੀ ਪਕੜ ਕਹਿੰਦੇ ਹਨ।
ਉਤਾਰਾ –– ਮਸਾਣ ਦਾ ਉਤਾਰਾ ਦੇਣ ਤੇ ਜੇ ਕਲੇਜੀ ਕਾਲੀ ਤੋਂ ਲਾਲ ਹੋ ਜਾਏ ਤਾਂ ਕਾਲੀ ਦੀ ਪਕੜ ਸਮਝਦੇ ਹਨ। ਇਹਦੇ ਲਈ ਇਕ ਬੋਤਲ ਸ਼ਰਾਬ, ਬਕਰੇ ਦਾ ਮਾਸ ਸਵਾ ਸੇਰ, ਸੰਧੂਰ ਦੋ ਮਾਸੇ, ਸਾਦੇ ਪਾਨ ਸੱਤ, ਕੋਰੀ ਤੌੜੀ ਆਦਿ ਚੀਜ਼ਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਚੀਜ਼ਾਂ ਨੂੰ ਮਸਾਣ ਵਾਂਗ ਹੇਠੋਂ ਸ਼ੁਰੂ ਕਰਕੇ ਉਪਰ ਵਲ ਨੂੰ ਲਿਜਾ ਕੇ ਸਤ ਵਾਰ ਸਿਰ ਨੂੰ ਛੁਹਾਉਂਦੇ ਹਨ। ਇਸ ਨਾਲ ਖ਼ੂਨੀ ਉਲਟੀ ਫ਼ੌਰਨ ਬੰਦ ਹੋ ਜਾਂਦੀ ਹੈ। ਬੋਤਲ ਖੋਲ੍ਹ ਕੇ ਅੱਗ ਵਿਚ ਅਹੂਤੀ ਦਿੰਦੇ ਹਨ ਅਤੇ ਉਤਾਰਾ ਘਰ ਵਿਚ ਉਤਾਰ ਕੇ ਬਾਹਰ ਚੌਰਸਤੇ ਵਿਚ ਰਖ ਆਉਂਦੇ ਹਨ। ਪਰ ਬੋਤਲ ਨੂੰ ਘਰ ਹੀ ਰਖ ਲੈਂਦੇ ਹਨ। ਇਸ ਸ਼ਰਾਬ ਨੂੰ ਸਿਰਫ਼ ਆਮਲ ਹੀ ਪੀ ਸਕਦਾ ਹੈ ਹੋਰ ਕੋਈ ਪੀਵੇ ਤਾਂ ਪੀੜ ਹੋ ਜਾਂਦੀ ਹੈ।
ਸੋਖੀਆ ਜਾਂ ਸੋਕਾ ਮਸਾਣ –– ਇਹ ਪਕੜ ਬੱਚਿਆਂ ਨੂੰ ਹੁੰਦੀ ਹੈ। ਬੱਚਾ ਸੁੱਕਣ ਲਗ ਜਾਂਦਾ ਹੈ।
ਉਤਾਰਾ –– ਇਹਦੇ ਲਈ ਸੱਤਾਂ ਖੂਹਾਂ ਦਾ ਪਾਣੀ ਤੇ ਸਤ ਨਰ ਦਰੱਖਤਾਂ ਦੇ ਪੱਤਰ ਤੇ ਇਕ ਘੀਆ ਲੈਂਦੇ ਹਨ। ਰਾਤ ਨੂੰ ਉਹ ਪੱਤਰ ਇਕ ਕੜਾਹੀ ਵਿਚ ਰਖ ਕੇ ਉਨ੍ਹਾਂ ਉਤੇ ਉਹ ਘੀਆ ਰਖ ਦਿੰਦੇ ਹਨ। ਕਦੇ ਕਦੇ ਪੰਧਰੇ ਦਾ ਆਬੀ ਜੰਤਰ ਵੀ ਰਖ ਦਿੰਦੇ ਹਨ। ਇਨ੍ਹਾਂ ਚੀਜ਼ਾਂ ਉਤੇ ਬੱਚੇ ਨੂੰ ਕਦੇ ਕਦੇ ਮਾਂ ਸਮੇਤ ਨੁਹਾਉਂਦੇ ਹਨ। ਇਸ ਪਾਣੀ ਨੂੰ ਕਿਸੇ ਭਾਂਡੇ ਵਿਚ ਪਾ ਕੇ ਧਰਤੀ ਵਿਚ ਦੱਬ ਦਿੰਦੇ ਹਨ। ਬੱਚੇ ਤੇ ਮਾਂ ਦੇ ਕਪੜੇ, ਕੰਘੀ, ਪਰਾਂਦਾ, ਕੋਈ ਤਵੀਤ ਆਦਿ ਜੋ ਕੁਝ ਵੀ ਹੋਵੇ, ਨਾਲ ਹੀ ਧਰਤੀ ਵਿਚ ਦਬ ਦਿੱਤਾ ਜਾਂਦਾ ਹੈ। ਇਉਂ ਕਰਨ ਮਗਰੋਂ ਸੌਂ ਜਾਂਦੇ ਹਨ ਅਤੇ ਆਪਣਾ ਪਰਛਾਵਾਂ ਕਿਸੇ ਉਤੇ ਨਹੀਂ ਪੈਣ ਦਿੰਦੇ। ਇਥੋਂ ਤਕ ਕਿ ਕਿਸੇ ਪਸ਼ੂ ਨੂੰ ਵੀ ਪਰਛਾਵੇਂ ਤੋਂ ਬਚਾਇਆ ਜਾਂਦਾ ਹੈ। ਸਵੇਰੇ ਚਾਰ ਵਜੇ ਉਠ ਕੇ ਇਸ਼ਨਾਨ ਮਗਰੋਂ ਨਵੇਂ ਕਪੜੇ ਪਾ ਲੈਂਦੇ ਹਨ।
ਭੈਰੋਂ – ਇਹ ਅਕਸਰ ਮਾਰ ਉਤੇ ਚਲਦਾ ਹੈ। ਭੈਰੋਂ 56 ਹਨ। ਇਨ੍ਹਾਂ ਵਿਚੋਂ ਕਾਲਾ ਭੈਰੋਂ ਬਲੀ ਹੈ।
ਉਤਾਰਾ – ਬਕਰੇ ਦਾ ਸਵਾ ਸੇਰ ਮਾਸ, ਲੂਣ, ਮਿਰਚ, ਮਸਾਲਾਂ ਆਦਿ ਪਾ ਕੇ ਕੋਰੀ ਤੌੜੀ ਵਿਚ ਰਿੰਨ੍ਹਦੇ ਹਨ। ਪਰ ਢੱਕਣ ਉਤੋਂ ਨਹੀ ਲਾਹੁੰਦੇ ਤੇ ਨਾ ਹੀ ਕੱਚਾ ਪੱਕਾ ਵੇਖਦੇ ਹਨ। ਸ਼ਰਾਬ ਦੀ ਬੋਤਲ ਜਾਂ ਅਧੀਆਂ ਤੌੜੀ ਸਮੇਤ ਸਤ ਵਾਰ ਪਕੜ ਵਾਲੇ ਦੇ ਸਿਰ ਨੂੰ ਛੁਹਾਉਂਦੇ ਹਨ ਤੇ ਰਾਤ ਦੇ ਨੌਂ ਵਜੇ ਦੇ ਕਰੀਬ ਸ਼ਮਸ਼ਾਨਾਂ ਵਿਚ ਰਖ ਆਉਂਦੇ ਹਨ। ਬੋਤਲ ਖੋਲ੍ਹ ਕੇ ਰਖੀ ਜਾਂਦੀ ਹੈ।
ਹ. ਪੁ. ––ਨਿਦਾਨ ਗ੍ਰੰਥ ; ਪੂਰਬ ਅੰਮ੍ਰਿਤ ਸਾਗਰ।
ਲੇਖਕ : ਲੋਕ ਚੰਦ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-08, ਹਵਾਲੇ/ਟਿੱਪਣੀਆਂ: no
ਉਤਾਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-24-10-36-35, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First