ਉਦਾਰਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਦਾਰਵਾਦ [ਨਾਂਪੁ] (ਰਾਜਨੀਤਕ ਆਰਥਿਕਤਾ ਵਿੱਚ) ਨਰਮ ਵਿਚਾਰਾਂ ਦਾ ਸਿੱਧਾਂਤ, ਉਦਾਰ ਨੀਤੀ, ਅਕੱਟੜਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਦਾਰਵਾਦ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Liberalism ਉਦਾਰਵਾਦ: ਉਦਾਰਵਾਦ ਦਾ ਭਾਵ ਆਜ਼ਾਦੀ ਅਤੇ ਸਮਾਨਤਾ ਦੀ ਮਹੱਤਤਾ ਵਿਚ ਵਿਸ਼ਵਾਸ ਤੋਂ ਹੈ। ਉਦਾਰਵਾਦੀ ਇਹਨਾਂ ਸਿਧਾਂਤਾਂ ਸਬੰਧੀ ਆਪਣੀ ਸੂਝ ਅਨੁਸਾਰ ਵਿਸਤ੍ਰਿਤ ਵਿਚਾਰ ਰੱਖਦੇ ਹਨ, ਪਰੰਤੂ ਅਧਿਕ ਕਰਕੇ ਉਦਾਰਵਾਦੀ ਸੰਵਿਧਾਨ , ਉਦਾਰ ਲੋਕਤੰਤਰ, ਸੁਤੰਤਰ ਅਤੇ ਨਿਆਂ-ਸੰਗਤ ਚੋਣਾਂ , ਮਾਨਵੀ-ਅਧਿਕਾਰ, ਪੂੰਜੀਵਾਦ, ਮੁਕਤ ਵਪਾਰ ਅਤੇ ਚਰਚ ਤੇ ਰਾਜ ਦੀ ਅਲਹਿਦਗੀ ਜਿਹੇ ਬੁਨਿਆਦੀ ਵਿਚਾਰਾਂ ਦੀ ਹਮਾਇਤ ਕਰਦੇ ਹਨ।

      ਉਦਾਰਵਾਦ ਪਹਿਲਾਂ ਜਾਗ੍ਰਿਤੀ ਯੁੱਗ ਵਿਚ ਇਕ ਸ਼ਕਤੀਸ਼ਾਲੀ ਤਾਕਤ ਦੇ ਰੂਪ ਵਿਚ ਉਭਰਿਆ ਅਤੇ ਉਹਨਾਂ ਕਈ ਬੁਨਿਆਦੀ ਮਨੌਤਾਂ ਨੂੰ ਇਸ ਨੇ ਨਕਾਰ ਦਿੱਤਾ ਜੋ ਸਰਕਾਰ ਦੇ ਆਰੰਭਿਕ ਸਿਧਾਂਤਾਂ ਵਜੋਂ ਬਹੁਤ ਹੀ ਪ੍ਰਭਾਵੀ ਸਨ ਜਿਵੇਂ ਕਿ ਵਿਰਾਸਤੀ ਰੁਤਬਾ, ਉਦਾਰਵਾਦੀ ਦਾਰਸਨਿਕ ਜਾਹਨ ਲਾੱਕ, ਜਿਸਨੂੰ ਆਮ ਕਰਕੇ ਵਿਸ਼ੇਸ਼ ਦਾਰਸ਼ਨਿਕ ਪਰੰਪਰਾ ਵਜੋਂ ਉਦਾਰਵਾਦ ਦੀ ਸਥਾਪਨਾ ਦਾ ਬਾਨੀ ਸਮਝਿਆ ਜਾਂਦਾ ਹੈ, ਨੇ ਪ੍ਰਾਕ੍ਰਿਤਕ ਅਧਿਕਾਰਾਂ ਅਤੇ ਸਮਾਜਿਕ ਮੁਆਇਦੇ ਦੀ ਧਾਰਨ ਨੂੰ ਲਾਗੂ ਕੀਤਾ ਤਾਂ ਜੋ ਕਾਨੂੰਨ ਦਾ ਸ਼ਾਸਨ ਸਰਕਾਰ ਵਿਚ ਨਿਰੰਕੁਸ਼ਵਾਦ ਦੀ ਥਾਂ ਲੈ ਸਕੇ , ਕਿ ਸ਼ਾਸਕ ਸ਼ਾਗਿਤਾਂ ਦੀ ਸਹਿਮਤੀ ਅਧੀਨਸਨ ਅਤੇ ਕਿ ਪ੍ਰਾਈਵੇਟ ਵਿਅਕਤੀਆਂ ਨੂੰ ਜੀਵਨ , ਆਜ਼ਾਦੀ ਅਤੇ ਸੰਪਤੀ ਦਾ ਬੁਨਿਆਦੀ ਅਧਿਕਾਰ ਪ੍ਰਾਪਤ ਸੀ

      ਅਮਰੀਕੀ ਕ੍ਰਾਂਤੀ ਅਤੇ ਫਰਾਂਸੀਸੀ ਕ੍ਰਾਂਤੀ ਵਿਚ ਇਨਕਲਾਬੀਆ ਨੇ ਅਤਿਆਚਾਰੀ ਸ਼ਾਸਨ ਦਾ ਹਥਿਆਰਬੰਦ ਤਖ਼ਤਾ ਉਲਟੱਣ ਨੂੰ ਉਚਿਤ ਸਿੱਧ ਕਰਨ ਲਈ ਉਦਾਰ ਦਾਰਸ਼ਿਨਕਤਾ ਦਾ ਪ੍ਰਯੋਗ ਕੀਤਾ। ਉਨ੍ਹੀਵੀਂ ਸਦੀ ਵਿਚ ਯੂਰਪ, ਲਾਤੀਨੀ ਅਮਰੀਕਾ ਅਤੇ ਉਤਰੀ ਅਮਰੀਕਾ ਜਿਹੇ ਰਾਸ਼ਟਰਾਂ ਵਿਚ ਉਦਾਰ ਸਰਕਾਰਾਂ ਸਥਾਪਤ ਹੋਈਆਂ। ਵੀਹਵੀਂ ਸਦੀ ਵਿਚ ਵੀ ਉਦਾਰ ਵਿਚਾਰਾਂ ਦਾ ਹੋਰ ਵਿਸਤਾਰ ਹੋਇਆ ਜਦੋਂ ਦੋ ਵਿਸ਼ਵ ਯੁੱਧਾਂ ਵਿਚ ਉਦਾਰ ਲੋਕਤੰਤਰਾਂ ਦੀ ਜਿੱਤ ਹੋਈ ਅਤੇ ਫ਼ਾਸਿਸਟਵਾਦ ਅਤੇ ਸਾਮਵਾਦ ਦੀਆਂ ਮੁੱਖ ਵਿਚਾਰਧਾਰਾਤਮਕ ਵੰਗਾਰਾਂ ਤੋਂ ਇਨ੍ਹਾਂ ਰਾਸ਼ਟਰਾਂ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ। ਰੂੜੀਵਾਦ, ਮੂਲਵਾਦ ਅਤੇ ਸੈਨਿਕ ਤਾਨਾਸ਼ਾਹੀ ਉਦਾਰਵਾਦ ਦੇ ਸ਼ਕਤੀਸ਼ਾਲੀ ਵਿਰੋਧੀ ਬਣੇ ਰਹੇ। ਅੱਜ ਉਦਾਰਵਾਦੀ ਸਾਰੇ ਮੁੱਖ ਮਹਾਦੀਪਾਂ ਵਿਚ ਰਾਜਨੀਤਿਕ ਤੌਰ ਤੇ ਸੰਗਠਿਤ ਹਨ। ਉਨ੍ਹਾਂ ਨੇ ਗਣਤੰਤਰਾਂ ਦੇ ਵਿਕਾਸ , ਨਾਗਰਿਕ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾਵਾਂ ਦੇ ਪਸਾਰ, ਆਧੁਨਿਕ ਭਲਾਈ ਰਾਜ ਦੀ ਸਥਾਪਨਾ, ਧਾਰਮਿਕ ਸਹਿਨਸ਼ੀਲਤਾ ਅਤੇ ਧਾਰਮਿਕ ਸੁਤੰਤਰਤਾ ਦੀ ਸਥਾਪਨਾ ਅਤੇ ਵਿਸ਼ਵ-ਵਿਆਪਕਤਾ ਦੇ ਵਿਕਾਸ ਵਿਚ ਨਿਰਣਾਇਕ ਭੂਮਿਕਾ ਨਿਭਾਈ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਉਦਾਰਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਉਦਾਰਵਾਦ : ਉਦਾਰਵਾਦ (Liberalism) ਸ਼ਬਦ ਦੀ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸ (Liberalis) ਤੋਂ ਹੋਈ ਹੈ ਜਿਸਦਾ ਅਰਥ ‘ਸੁਤੰਤਰ ਵਿਅਕਤੀ’ ਹੈ। ਇੰਞ ਉਦਾਰਵਾਦ ਦਾ ਮੁੱਖ ਕੇਂਦਰ ਬਿੰਦੂ ਵਿਅਕਤੀ ਦੀ ਸੁਤੰਤਰਤਾ ਹੈ। ਉਦਾਰਵਾਦ ਦਾ ਫ਼ਲਸਫ਼ਾ ਵਿਅਕਤੀ ਦੀ ਸੁਤੰਤਰਤਾ, ਲੋਕਤੰਤਰੀ ਸੰਸਥਾਵਾਂ ਅਤੇ ਸੁਤੰਤਰ ਉਦਯੋਗੀ ਦੀ ਪ੍ਰੋੜ੍ਹਤਾ ਕਰਦਾ ਹੈ। ਵਿਅਕਤੀ ਦਾ ਪੂਰਨ ਵਿਕਾਸ ਸੁਤੰਤਰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸੰਸਥਾਵਾਂ ਵਿੱਚ ਹੀ ਸੰਭਵ ਹੋ ਸਕਦਾ ਹੈ। ਉਦਾਰਵਾਦ ਫ਼ਲਸਫ਼ੇ ਦਾ ਵਿਕਾਸ ਯੂਨਾਨ ਵਿੱਚ ਸੁਕਰਾਤ ਦੇ ਵਿਚਾਰਾਂ ਤੋਂ ਸ਼ੁਰੂ ਹੋ ਕੇ 16ਵੀਂ ਸਦੀ ਵਿੱਚ ਕੁਲੀਨ ਵਰਗ ਅਤੇ ਚਰਚ ਦੀ ਸੱਤਾ ਦੇ ਵਿਰੋਧ ਦੇ ਰੂਪ ਵਿੱਚ ਅਤੇ 17ਵੀਂ ਸਦੀ ਵਿੱਚ ਰਾਜਿਆਂ ਦੇ ਦੈਵੀ ਅਧਿਕਾਰ ਦੇ ਸਿਧਾਂਤ ਦੇ ਵਿਰੋਧ ਦੇ ਰੂਪ ਵਿੱਚ ਹੋਇਆ। 18ਵੀਂ ਸਦੀ ਵਿੱਚ ਉਦਾਰਵਾਦੀਆਂ ਨੇ ਸੁਤੰਤਰ ਵਪਾਰ ਅਤੇ ਖੁੱਲ੍ਹੀ ਪ੍ਰਤਿਯੋਗਤਾ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਪੁਨਰ ਜਾਗ੍ਰਿਤੀ ਅੰਦੋਲਨ, ਸੁਧਾਰ ਅੰਦੋਲਨ ਨੇ ਇਸ ਵਿਚਾਰਧਾਰਾ ਦੇ ਵਿਕਾਸ ਵਿੱਚ ਯੋਗਦਾਨ ਪਾਇਆ। 20ਵੀਂ ਸਦੀ ਵਿੱਚ ਸਮਾਜਵਾਦੀ ਵਿਚਾਰਧਾਰਾ ਦੇ ਆਉਣ ਨਾਲ ਉਦਾਰਵਾਦੀ ਲਹਿਰ ਵਿੱਚ ਪਰਿਵਰਤਨ ਆਇਆ ਜਿਵੇਂ ਇਸਨੇ ਰਾਜ ਦੀ ਦਖ਼ਲ-ਅੰਦਾਜ਼ੀ ਦਾ ਖੁੱਲ੍ਹਾ ਸਮਰਥਨ ਕੀਤਾ।

ਉਦਾਰਵਾਦੀ ਫ਼ਲਸਫ਼ੇ ਦੇ ਵਿਕਾਸ ਵਿੱਚ ਸਮੇਂ-ਸਮੇਂ ਸਿਰ ਮਹਾਨ ਦਾਰਸ਼ਨਿਕਾਂ ਜਿਵੇਂ ਜਾਹਨ ਲਾੱਕ, ਰੂਸੋ, ਵੋਲਟੇਅਰ, ਐਡਮੰਡ ਬਰਕ, ਬਥਮ, ਜੇ. ਐੱਸ. ਮਿੱਲ, ਜੀ.ਐੱਚ. ਗ੍ਰੀਨ, ਐੱਚ.ਜੇ. ਲਾਸਕੀ, ਜੀ.ਡੀ. ਐੱਚ ਕੋਲ, ਫਰੀਡਮੈਨ, ਹੈਰਲਡ ਡੀ. ਲਾਸਵੈਲ ਆਦਿ ਨੇ ਮਹੱਤਵਪੂਰਨ ਯੋਗਦਾਨ ਪਾਇਆ।

ਉਦਾਰਵਾਦ ਦੇ ਰੂਪ ਹਨ : (1) ਪਰੰਪਰਾਵਾਦੀ ਜਾਂ ਨਕਾਰਾਤਮਿਕ ਉਦਾਰਵਾਦ ਅਤੇ (2) ਆਧੁਨਿਕ ਜਾਂ ਸਾਕਾਰਾਤਮਿਕ ਉਦਾਰਵਾਦ।

ਪਰੰਪਰਾਵਾਦੀ ਉਦਾਰਵਾਦ : ਪਰੰਪਰਾਵਾਦੀ ਉਦਾਰਵਾਦ ਦਰਅਸਲ ਵਿਅਕਤੀਵਾਦ ਦਾ ਹੀ ਦੂਜਾ ਨਾਮ ਹੈ। ਜਾਹਨ ਲਾੱਕ, ਐਡਿਮ ਸਮਿੱਥ ਅਤੇ ਹਰਬਰਟ ਸਪੈਂਸਰ ਇਸਦੇ ਮਹਾਨ ਪੈਰੋਕਾਰ ਸਨ। ਇਹ ਦਾਰਸ਼ਨਿਕ ਵਿਅਕਤੀ ਨੂੰ ਸਮਾਜਿਕ ਆਰਥਿਕ, ਰਾਜਨੀਤਿਕ ਵਿਵਸਥਾ ਦਾ ਕੇਂਦਰ ਬਿੰਦੂ ਮੰਨਦੇ ਸਨ। ਇਹ ਵਿਅਕਤੀ ਦੀ ਸੁਤੰਤਰਤਾ ਅਤੇ ਰਾਜ ਦੀ ਸ਼ਕਤੀ ਨੂੰ ਪਰਸਪਰ ਵਿਰੋਧੀ ਮੰਨਦੇ ਸਨ। ਇਹਨਾਂ ਦਾ ਵਿਅਕਤੀ ਦੀ ਸੰਪੂਰਨ ਮਹੱਤਤਾ ਅਤੇ ਅਧਿਆਤਮਿਕ ਸਮਾਨਤਾ, ਵਿਅਕਤੀ ਦੀ ਤਰਕਸ਼ੀਲਤਾ ਵਿੱਚ ਪੂਰਨ ਵਿਸ਼ਵਾਸ ਸੀ। ਇਹ ਵਿਅਕਤੀ ਦੇ ਅਧਿਕਾਰਾਂ ਉੱਪਰ ਵਧੇਰੇ ਜ਼ੋਰ ਦਿੰਦੇ ਸਨ ਅਤੇ ਰਾਜ ਦੀ ਦਖ਼ਲ ਨਾ ਦੇਣ ਦੀ ਨੀਤੀ ਦੇ ਹਾਮੀ ਸਨ। ਇਹਨਾਂ ਅਨੁਸਾਰ ਰਾਜ ਨੂੰ ਘੱਟ ਤੋਂ ਘੱਟ ਕੰਮ ਸੌਂਪੇ ਜਾਣੇ ਚਾਹੀਦੇ ਹਨ। ਇਹਨਾਂ ਅਨੁਸਾਰ ਵਿਅਕਤੀ ਨੂੰ ਜੀਵਨ, ਸੁਤੰਤਰਤਾ ਅਤੇ ਸੰਪਤੀ ਦਾ ਅਧਿਕਾਰ ਕੁਦਰਤ ਵੱਲੋਂ ਅਤੇ ਰਾਜ ਦੀ ਹੋਂਦ ਤੋਂ ਪਹਿਲਾਂ ਦੇ ਪ੍ਰਾਪਤ ਹਨ। ਇਹ ਦਾਰਸ਼ਨਿਕ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦੇ ਹਨ ਕਿਉਂਕਿ ਰਾਜ ਦੁਆਰਾ ਲਗਾਈਆਂ ਬੰਦਸ਼ਾਂ ਵਿਅਕਤੀ ਦੀ ਸੁਤੰਤਰਤਾ ਨੂੰ ਖ਼ਤਮ ਕਰ ਦਿੰਦੀਆਂ ਹਨ।

ਆਧੁਨਿਕ ਉਦਾਰਵਾਦ : ਆਧੁਨਿਕ ਉਦਾਰਵਾਦ ਸਰਕਾਰ ਦੀ ਦਖ਼ਲ-ਅੰਦਾਜ਼ੀ ਨੂੰ ਵਿਅਕਤੀ ਦੀ ਸੁਤੰਤਰਤਾ ਲਈ ਕੋਈ ਖ਼ਤਰਾ ਮਹਿਸੂਸ ਨਹੀਂ ਸਮਝਦਾ। ਆਧੁਨਿਕ ਉਦਾਰਵਾਦੀਆਂ ਅਨੁਸਾਰ ਸਰਕਾਰ ਤਾਂ ਵਿਅਕਤੀ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਲਈ ਉਚਿਤ ਵਿਵਸਥਾਵਾਂ ਦਾ ਪ੍ਰਬੰਧ ਕਰਦੀ ਹੈ। ਇਹ ਅਜਿਹੀ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਚਾਹੁੰਦਾ ਹੈ, ਜੋ ਸਭ ਕਿਸਮਾਂ ਦੇ ਅਤਿਆਚਾਰਾਂ ਅਤੇ ਸ਼ੋਸ਼ਣ ਤੋਂ ਮੁਕਤ ਹੋਵੇ। ਆਧੁਨਿਕ ਉਦਾਰਵਾਦੀਆਂ ਅਨੁਸਾਰ ਵਿਅਕਤੀ ਇੱਕ ਉਦੇਸ਼ ਹੈ, ਰਾਜ ਇੱਕ ਸਾਧਨ ਹੈ। ਰਾਜ ਤਾਂ ਵਿਅਕਤੀ ਦੀ ਭਲਾਈ ਲਈ ਇੱਕ ਸਾਧਨ ਦਾ ਕੰਮ ਕਰਦਾ ਹੈ, ਜਿਸਨੇ ਵਿਅਕਤੀ ਦਾ ਸਰਬ-ਪੱਖੀ ਵਿਕਾਸ ਕੰਮ ਕਰਨਾ ਹੈ। ਇਹ ਵਿਚਾਰਧਾਰਾ ਵਿਅਕਤੀ ਨੂੰ ਵਿਚਾਰ ਪ੍ਰਗਟ ਕਰਨ, ਸੰਘ ਬਣਾਉਣ, ਭਾਸ਼ਣ ਦੇਣ, ਸਭਾਵਾਂ ਕਰਨ ਲਈ ਸੁਤੰਤਰਤਾ ਪ੍ਰਦਾਨ ਕਰਦੀ ਹੈ। ਉਦਾਰਵਾਦੀ ਵਿਅਕਤੀ ਨੂੰ ਇੱਕ ਤਰਕਸ਼ੀਲ ਪ੍ਰਾਣੀ ਮੰਨਦੇ ਹਨ, ਜੋ ਆਪਣੇ ਭਲੇ ਬੁਰੇ ਬਾਰੇ ਆਪ ਸੋਚਣ ਦੀ ਬੌਧਿਕ ਸ਼ਕਤੀ ਰੱਖਦਾ ਹੈ। ਆਧੁਨਿਕ ਉਦਾਰਵਾਦੀ ਰਾਜ ਨੂੰ ਇੱਕ ਬਨਾਵਟੀ ਸੰਸਥਾ ਮੰਨਦੇ ਹਨ, ਜੋ ਮਨੁੱਖ ਨੇ ਆਪਣੀ ਭਲਾਈ ਖ਼ਾਤਰ ਬਣਾਈ ਹੈ। ਰਾਜ ਦੀ ਉਤਪਤੀ ਵਿਅਕਤੀਆਂ ਦੀ ਆਪਸੀ ਸਹਿਮਤੀ ਦਾ ਸਿੱਟਾ ਹੈ। ਉਦਾਰਵਾਦ ਨੇ ਵਿਅਕਤੀ ਦੇ ਕੁਦਰਤੀ ਅਧਿਕਾਰਾਂ ਦਾ ਹਮੇਸ਼ਾਂ ਸਮਰਥਨ ਕੀਤਾ ਹੈ, ਇਸ ਲਈ ਕਿਸੇ ਰਾਜ ਜਾਂ ਸਰਕਾਰ ਨੂੰ ਇਹ ਹੱਕ ਨਹੀਂ ਕਿ ਉਹ ਇਹਨਾਂ ਅਧਿਕਾਰਾਂ ਨੂੰ ਖੋਹ ਲਵੇ। ਉਦਾਰਵਾਦੀਆਂ ਦਾ ਲੋਕਤੰਤਰ ਵਿੱਚ ਪੂਰਨ ਵਿਸ਼ਵਾਸ ਹੈ। ਉਹ ਲੋਕਾਂ ਦੀ ਪ੍ਰਭੂਸੱਤਾ ਅਤੇ ਲੋਕਾਂ ਦੇ ਸ਼ਾਸਨ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਸਰਬ-ਵਿਆਪਕ ਬਾਲਗ਼ ਮਤ ਅਧਿਕਾਰ, ਨਿਰਪੱਖ ਚੋਣਾਂ, ਸੁਤੰਤਰ ਨਿਆਂਪਾਲਿਕਾ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਨ। ਉਦਾਰਵਾਦੀਆਂ ਦਾ ਧਰਮ ਦੀ ਨਿਰਖੇਪਤਾ ਵਿੱਚ ਪੂਰਨ ਯਕੀਨ ਹੈ ਭਾਵੇਂ ਉਹਨਾਂ ਅਨੁਸਾਰ ਰਾਜ ਵਿੱਚ ਕਿਸੇ ਇੱਕ ਵਿਸ਼ੇਸ਼ ਧਰਮ ਨੂੰ ਤਰਜੀਹ ਨਹੀਂ ਦੇਣੀ ਚਾਹੀਦੀ ਭਾਵੇਂ ਕਿਸੇ ਧਰਮ ਦੀ ਵਿਰੋਧਤਾ ਨਹੀਂ ਕੀਤੀ ਜਾਣੀ ਚਾਹੀਦੀ। ਰਾਜ ਨੂੰ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਹੀ ਨਹੀਂ ਦੇਣਾ ਚਾਹੀਦਾ। ਆਧੁਨਿਕ ਉਦਾਰਵਾਦੀਆਂ ਦਾ ਮਨੁੱਖ ਦੇ ਪੂਰਨ ਕਲਿਆਣ ਵਿੱਚ ਵਿਸ਼ਵਾਸ ਹੈ। ਏ.ਪੀ. ਗਰੀਮਜ਼ ਅਨੁਸਾਰ, “ਉਦਾਰਵਾਦ ਅਸਲ ਵਿੱਚ ਮਾਨਵਤਾਵਾਦੀ ਹੈ। ਇਸ ਲਈ ਸਹਿਨਸ਼ੀਲਤਾ ਦੀ ਪੁਸ਼ਟੀ ਕਰਦਾ ਹੈ ਅਤੇ ਮਨੁੱਖਤਾ ਲਈ ਰਹਿਮ ਦੀ ਭਾਵਨਾ ਦੁਆਰਾ ਪ੍ਰੇਰਿਤ ਹੁੰਦਾ ਹੈ।” ਆਧੁਨਿਕ ਉਦਾਰਵਾਦ ਦਾ ਬਹੁਵਾਦੀ ਸਮਾਜ ਵਿੱਚ ਵਿਸ਼ਵਾਸ ਹੈ, ਜਿਸਦਾ ਭਾਵ ਹੈ ਕਿ ਉਹ ਸਮਾਜ ਜਿੱਥੇ ਵੱਖ-ਵੱਖ ਵਰਗਾਂ, ਧਰਮਾਂ, ਨਸਲਾਂ ਜਾਤੀਆਂ ਸੱਭਿਆਚਾਰਾਂ ਆਦਿ ਦੇ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਰਹਿਣ ਅਤੇ ਵਿਕਾਸ ਕਰਨ ਦੀ ਖੁੱਲ੍ਹ ਹੁੰਦੀ ਹੈ। ਉਦਾਰਵਾਦ ਅੰਤਰਰਾਸ਼ਟਰੀ ਪੱਧਰ ਤੇ ਰਾਜਾਂ ਦੇ ਸੰਗਠਨ ਦੀ ਹਿਮਾਇਤ ਕਰਦਾ ਹੈ। ਉਹ ‘ਜੀਓ ਅਤੇ ਜੀਣ ਦਿਓ’ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਹਨ। ਉਦਾਰਵਾਦੀ ਅੰਤਰਰਾਸ਼ਟਰੀ ਸਹਿਯੋਗ ਅਤੇ ਭਾਈਚਾਰੇ ਦੇ ਹਿਮਾਇਤੀ ਹਨ। ਹਰੇਕ ਰਾਸ਼ਟਰ ਨੂੰ ਆਪਣਾ ਵਿਕਾਸ ਕਰਨ ਦਾ ਅਧਿਕਾਰ ਹੁੰਦਾ ਹੈ। ਅੰਤਰਰਾਸ਼ਟਰੀ ਮਸਲਿਆਂ ਦਾ ਹੱਲ ਪਰਸਪਰ ਸਹਿਯੋਗ ਅਤੇ ਸ਼ਾਂਤੀਪੂਰਨ ਢੰਗਾਂ ਨਾਲ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ। ਉਦਾਰਵਾਦੀ ਅਜਿਹੀ ਵਾਤਾਵਰਨ ਦੀ ਵੀ ਆਸ ਰੱਖਦੇ ਹਨ ਜਿੱਥੇ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ, ਅਮੀਰ ਅਤੇ ਗ਼ਰੀਬ ਸਾਰੇ ਦੇਸ ਬਿਨਾਂ ਕਿਸੇ ਡਰ ਦੇ ਆਪਣਾ ਵਿਕਾਸ ਕਰ ਸਕਣ।

ਪੁਰਾਤਨ ਅਤੇ ਆਧੁਨਿਕ ਉਦਾਰਵਾਦ ਵਿਚਕਾਰ ਅੰਤਰ ਹੋਣ ਦੇ ਬਾਵਜੂਦ ਦੋਵੇਂ ਹੀ ਵਿਅਕਤੀ ਦੀ ਸੁਤੰਤਰਤਾ, ਅਧਿਕਾਰਾਂ, ਪ੍ਰਤਿਨਿਧੀ ਸੰਸਥਾਵਾਂ, ਪਰਸਪਰ ਮਿਲਵਰਤਣ ਅਤੇ ਸ਼ਹਿਨਸ਼ੀਲਤਾ ਆਦਿ ਦਾ ਸਮਰਥਨ ਕਰਦੇ ਹਨ। ਦੋਵੇਂ ਹੀ ਵਿਅਕਤੀ ਦੀ ਤਰਕਸ਼ੀਲਤਾ ਅਤੇ ਗੌਰਵ ਵਿੱਚ ਵਿਸ਼ਵਾਸ ਰੱਖਦੇ ਹਨ।

ਸਮਕਾਲੀ ਉਦਾਰਵਾਦ ਅਨੁਸਾਰ ਸਾਰੇ ਦੇਸਾਂ ਨੇ ਆਪਣੇ ਆਪਣੇ ਸੰਵਿਧਾਨਾਂ ਵਿੱਚ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਤਰਜੀਹ ਦਿੱਤੀ ਹੈ ਜਿਵੇਂ ਕਿ ਅਮਰੀਕਾ ਦਾ ਸੁਤੰਤਰਤਾ ਦਾ ਘੋਸ਼ਣਾ-ਪੱਤਰ ਅਤੇ ‘ਬਿਲ ਆਫ ਰਾਈਟਸ’ ਫ਼੍ਰਾਂਸ ਵਿੱਚ ਨੈਸ਼ਨਲ ਅਸੰਬਲੀ ਵਿੱਚ ਪ੍ਰਸਤਾਵ ਪਾਸ ਹੋਇਆ ਹੈ, ਜਿਸ ਰਾਹੀਂ ਵਿਅਕਤੀ ਨੂੰ ਪੂਰੇ ਅਧਿਕਾਰ ਪ੍ਰਦਾਨ ਕੀਤੇ ਗਏ ਹਨ। ਅੱਜ ਅੰਤਰਰਾਸ਼ਟਰੀ ਖੇਤਰਾਂ ਵਿੱਚ ਉਦਾਰਵਾਦ ਦਾ ਪੂਰਨ ਬੋਲਬਾਲਾ ਹੈ। ਮਨੁੱਖੀ ਅਧਿਕਾਰ ਕਮਿਸ਼ਨਾਂ ਦੀ ਸਥਾਪਨਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਪਰ ਹੋ ਚੁੱਕੀ ਹੈ ਤਾਂ ਕਿ ਕਿਸੇ ਵੀ ਮੁਲਕ ਵਿੱਚ ਨਾਗਰਿਕਾਂ ਨਾਲ ਸਰਕਾਰ ਕੋਈ ਵਧੀਕੀ ਨਾ ਕਰ ਸਕੇ। ਇੰਞ ਉਦਾਰਵਾਦ ਨੂੰ ਮਨੁੱਖੀ ਸੁਤੰਤਰਤਾ ਦੇ ਸਿਧਾਂਤ ਦੀ ਰੀੜ੍ਹ ਦੀ ਹੱਡੀ ਕਿਹਾ ਜਾ ਸਕਦਾ ਹੈ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਦਾਰਵਾਦ ਲੋਕਤੰਤਰ ਅਤੇ ਵਿਅਕਤੀਵਾਦ ਦਾ ਮਿਸ਼ਰਨ ਹੈ। ਉਦਾਰਵਾਦ ਦੀ ਰਾਜ ਦੇ ਆਰਥਿਕ ਖੇਤਰ ਵਿੱਚ ਦਖ਼ਲ ਨਾ ਦੇਣ ਦੀ ਨੀਤੀ ਕਾਰਨ ਅਤੇ ਰਾਜ ਨੂੰ ਇੱਕ ਬਣਾਉਟੀ ਸੰਸਥਾ ਸਮਝਣ ਲਈ ਬੇਹੱਦ ਆਲੋਚਨਾ ਹੋਈ ਹੈ ਪਰੰਤੂ ਇਸ ਦੇ ਬਾਵਜੂਦ ਆਧੁਨਿਕ ਯੁੱਗ ਵਿੱਚ ਉਦਾਰਵਾਦੀ ਵਿਚਾਰਧਾਰਾ ਨੇ ਬਹੁਤ ਪ੍ਰਭਾਵ ਪਾਇਆ ਹੈ ਜਿਵੇਂ ਉਦਾਰਵਾਦ ਨੇ ਕਨੂੰਨ ਦੇ ਸ਼ਾਸਨ, ਵਿਅਕਤੀ ਦੀ ਸੁਤੰਤਰਤਾ, ਸਰਬ-ਵਿਆਪਕ ਮੱਤ ਅਧਿਕਾਰ, ਪ੍ਰਤਿਨਿਧੀ ਸੰਸਥਾਵਾਂ, ਮਾਨਵਵਾਦ, ਧਰਮ ਨਿਰਪੇਖਤਾ, ਵਿਸ਼ਵਸ਼ਾਂਤੀ ਅਤੇ ਵਿਸ਼ਵ ਭਾਈਚਾਰੇ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।


ਲੇਖਕ : ਜੀ.ਐਸ.ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 6430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-02-22-10-18-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.