ਉਦਾਸੀ,ਮਤ ਸਰੋਤ :
ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਉਦਾਸੀ,ਮਤ/ਸੰਪ੍ਰਦਾਇ : ਉਦਾਸੀ (ਉਦਾਸਿਨ੍ਰ) ਸੰਸਕ੍ਰਿਤ ਦਾ ਸ਼ਬਦਵ ਹੈ ਅਤੇ ਇਸ ਦਾ ਅਰਥ ਹੈ ਵਿਰਕ੍ਰਤ, ਜੋ ਵਿਅਕਤੀ ਸੰਸਾਰਿਕ ਬੰਧਨਾ ਤੋਂ ਮੁਕਤ ਹੋਵੇ। ਪ੍ਰਾਚੀਨ ਕਾਲ ਵਿਚ ਆਸ਼੍ਰਮ –ਵਿਵਸਥਾ ਦੇ ਚਾਰ ਵਿਕਾਸ –ਕ੍ਰਮਾਂ ਵਿਚੋਂ ਤੀਜਾ ਬਾਨਪ੍ਰਸਥ ਸੀ। ‘ਮਨੁ ਸਮ੍ਰਿਤੀ’(6/1-2) ਅਨੁਸਾਰ ਵਿਅਕਤੀ ਨੂੰ ਸੰਸਾਰਿਕ ਕਾਰਜਾਂ ਤੋਂ ਉਦਾਸੀਨ ਹੋ ਕੇ ਤਪ,ਵੇਦ ਅਧਿਐਨ, ਯੁੱਗ, ਦਾਨ ਆਦਿ ਕਰਕੇ ਬਨ ਵਿਚ ਜੀਵਨ ਬਿਤਾਉਣਾ ਚਾਹੀਦਾ ਹੈ। ਬਾਨਪ੍ਰਸਥ ਦੀ ਅਵਧੀ ਸਾਮਪਤ ਹੋਣ ਤੋਂ ਬਾਦ ਸੰਨਿਆਸ ਆਸ਼੍ਰਮ ਵਿਚ ਪ੍ਰਵੇਸ਼ ਕਰਨਾ ਹੁੰਦਾ ਹੈ। ‘ਮਨੁ ਸਮਿਤੀ’(6/33) ਅਨੁਸਾਰ ਇਸ ਵਿਚ ਵਿਅਕਤੀ ਨੂੰ ਸੰਸਾਰਿਕ ਸੰਬੰਧਾ ਦਾ ਪੂਰੀ ਤਰ੍ਹਾਂ ਤਿਆਗ ਕਰਕੇ ਅਤੇ ਅ-ਨਾਗਰਿਕ ਹੋ ਕੇ ਇਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਰਹਿਣਾ ਚਾਹੀਦਾ ਹੈ।
ਕਲਾਂਤਰ ਵਿਚ ਸੰਨਿਆਸ ਆਸ਼੍ਰਮ ਦੀ ਅਵਸਥਾ ਵਿਚ ਪੁਹੰਚਣ ਤੋਂ ਇਲਾਵਾ ਵੀ ਕਈ ਲੋਕ ਸੰਨਿਆਸੀ ਬਣ ਜਾਂਦੇ ਸਨ। ਇਸ ਤਰ੍ਹਾਂ ਦੇ ਕਈ ਸੰਨਿਆਸੀ ਦਲ ਭਾਰਤ ਵਿਚ ਪ੍ਰਾਚੀਨ ਕਾਲ ਤੋਂ ਮੌਜੂਦ ਸਨ। ਉਨ੍ਹਾਂ ਤੋਂ ਹੀ ਬੈਰਾਗੀ,ਕਾਪੜੀ,ਨਾਗੇ,ਉਦਾਸੀ,ਮੋਨੀ ਆਦਿ ਨਾਂ ਵਾਲੇ ਕਈ ਵਰਗ ਪ੍ਰਚਿਤ ਹੋ ਗਏ। ਗੁਰੂ ਨਾਨਕ ਦੀ ਬਾਣੀ ਵਿਚ ਅਜਿਹੇ ਵਰਗਾਂ ਦੇ ਸੰਕੇਤ ਮਿਲਦੇ ਹਨ—‘ਸੋ ਗਿਰਹੀ ਸੋ ਦਾਸ ਉਦਾਸੀ ਜਿਨਿ ਗੁਰਮੁਖਿ ਆਪੁ ਪਛਾਨਿਆ’(ਅ.ਗ੍ਰੰ.1332)। ਗੁਰੂ ਅਰਜੁਨ ਦੇਵ ਨੇ ਸਿਰੀ ਰਾਗ ਵਿਚ ਲਿਖਿਆ ਹੈ—‘ਮੋਨੀ ਮੋਨਿਧਾਰੀ।/ਸਨਿਆਸੀ ਬ੍ਰਹਮਚਾਰੀ।/ਉਦਾਸੀ ਉਦਾਸਿ ਰਾਤਾ’(ਅ.ਗ੍ਰੰ.71)। ਪਰ ਇਸ ਉਦਾਸੀ ਵਰਗ ਨਾਲ ਗੁਰੂ ਨਾਨਕ ਦੇ ਨਾਮ-ਲੇਵਾ ਉਦਾਸੀ ਮਤ (ਉਦਾਸੀ ਸੰਪ੍ਰਦਾਇ ) ਦਾ ਕੋਈ ਸੰਬੰਧ ਨਹੀਂ ਹੈ। ਬੰਬਈ ਪ੍ਰਦੇਸ਼ ਦੇ ਗਜ਼ਟੀਅਰ ( ਸੈਂਚੀ 9,ਭਾਗ ਪਹਿਲਾ) ਵਿਚ ਇਕ ਉਦਾਸੀ ਨਾਂ ਨਾਲ ਪ੍ਰਸਿਧ ਦਾ ਉਲੇਖ ਮਿਲਦਾ ਹੈ। ਸੂਰਤ ਦੇ ਬਰਦੋਲੀ ਇਲਾਕੇ ਦੇ ਉਦਕਾਂਬਾਲੀਆਂ ਵਿਚ ਉਸ ਦਾ ਪ੍ਰਚਾਰ ਅਤੇ ਪ੍ਰਚਲਨ ਸੀ। ਉਸ ਦਾ ਆਰੰਭ ਕਿਸੇ ਗੋਪਾਲਦਾਸ ਨਾਂ ਦੇ ਵਿਅਕਤੀ ਨੇ ਸਤਾਰ੍ਹਵੀਂ ਸਦੀ ਈ.ਦੇ ਸ਼ੁਰੂ ਵਿਚ ਕੀਤਾ। ਪਰ ਉਸ ਦਾ ਵੀ ਨਾਨਕ-ਪੰਥੀ ਉਦਾਸੀ ਨਾਲ ਕੋਈ ਸੰਬੰਧ ਨਹੀਂ ਹੈ।
ਗੁਰੂ ਨਾਨਕ ਦਾ ਨਾਮ-ਲੇਵਾ ਉਦਾਸੀ-ਮਤ ਉਪਰਕੋਤ ਪਰੰਪਰਾਵਾਂ ਤੋਂ ਭਿੰਨ ਹੈ। ਇਸ ਸੰਪ੍ਰਦਾਇ ਦਾ ਆਰੰਭ ਗੁਰੂ ਨਾਨਕ ਦੇਵ ਦੀਆਂ ਧਰਮ-ਪ੍ਰਚਾਰ ਲਈ ਕੀਤੀਆਂ ਯਾਤ੍ਰਵਾਂ ਵਿਚੋਂ ਲਭਿਆ ਜਾ ਸਕਦਾ ਹੈ। ਉਨ੍ਹਾਂ ਯਾਤ੍ਰਾਵਾਂ( ਉਦਾਸੀਆਂ) ਵੇਲੇ ਜੋ ਭੇਖ ਗੁਰੂ ਨਾਨਕ ਦੇਵ ਨੇ ਧਾਰਣ ਕੀਤਾ, ਉਸ ਨੂੰ ਭਾਈ ਗੁਰਦਾਸ ਨੇ ‘ਉਦਾਸੀ ਭੇਖ ’ ਦਾ ਨਾਂ ਦਿੱਤਾ—‘ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ’(1/24)। ਗੁਰੂ ਨਾਨਕ ਦੇਵ ਨੇ ਸੰਸਾਰਿਕ ਮੋਹ ਮਾਇਆ ਅਤੇ ਪਰਿਵਾਰਿਕ ਸੰਬੰਧਾ ਤੋਂ ਉੱਚੇ ਉਠ ਕੇ ਲੋਕ ਕਲਿਆਣ ਲਈ ਦੇਸ਼-ਵਿਦੇਸ਼ ਦੀ ਯਾਤ੍ਰਾ ਕੀਤੀ। ਇਸ ਗੱਲ ਦੀ ਪੁਸ਼ਟੀ ਜਨਮ ਸਾਖੀ ਸਾਹਿਤ ਤੋਂ ਸਹਿਜ ਹੀ ਹੋ ਜਾਂਦੀ ਹੈ। ਉਦਾਸੀਆਂ ਤੋਂ ਬਾਦ ਗੁਰੂ
ਜੀ ਨੇ ਉਦਾਸੀਆਂ ਦਾ ਭੇਖ ਉਤਾਰ ਦਿੱਤਾ ਅਤੇ ਫਿਰ ਗ੍ਰਹਿਸਥੀਆਂ ਵਾਲੇ ਬਸਤ੍ਰ ਧਾਰਣ ਕਰ ਲਏ। ਭਾਈ ਗੁਰਦਾਸ ਅਨੁਸਾਰ—‘ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ।/ ਪਹਿਰ ਸੰਸਾਰੀ ਕਪੜੇ ਮੰਜੀ ਬੈਠੀ ਕੀਆ ਅਵਤਾਰਾ’(1/38)।
ਗੁਰੂ ਨਾਨਕ ਦੁਆਰਾ ਤਿਆਗਿਆ ਉਦਾਸੀ ਭੇਖ ਉਨ੍ਹਾਂ ਦੇ ਵੱਡੇ ਸੁਪੁੱਤਰ ਬਾਬਾ ਸਿਰੀਚੰਦ ਨੇ ਧਾਰਣ ਕਰ ਲਿਆ ਅਤੇ ਗ੍ਰਿਹਸਥੀਆਂ ਵਾਲੇ ਜੀਵਨ ਦਾ ਤਿਆਗ ਕਰਕੇ ਧਰਮ ਪ੍ਰਚਾਰ ਵਿਚ ਜੁਟ ਗਏ। ਇਥੋਂ ਗੁਰੂ ਨਾਨਕ ਪੰਥ ਅਤੇ ਉਦਾਸੀ ਪੰਥ ਵਿਚ ਇਕ ਬੁਨੀਆਦੀ ਅੰਤਰ ਪੈਦਾ ਹੋ ਗਿਆ ਜਿਸ ਦਾ ਅਧਾਰ ਨਿਵ੍ਰਿੱਤੀ ਅਤੇ ਪ੍ਰਵ੍ਰਿੱਤੀਮੂਲਕ ਮਾਨਤਾਵਾਂ ਹਨ। ਇਸ ਤੋਂ ਭਿੰਨ ਬਾਬਾ ਸਿਰੀ ਚੰਦ ਨੇ ਗੁਰੂ ਨਾਨਾਕ ਦੇਵ ਦੇ ਸਿਧਾਂਤਾਂ ਨੂੰ ਅਪਣਾਇਆ ਅਤੇ ਗੁਰੂ ਨਾਨਕ ਬਾਣੀ ਤਥਾ ਕਾਲਾਂਤਰ ਵਿਚ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਵਿਚ ਗ੍ਰਹਿਣ ਕੀਤਾ। ਗੁਰੂ ਨਾਨਕ ਦੇਵ ਦਾ ਸੁਪੱਤਰ ਹੋਣ ਕਰਣ ਪਰਵਤੀ ਗੁਰੂ ਸਾਹਿਬਾਨ ਵਲੋਂ ਬਾਬਾ ਸਿਰੀ ਚੰਦ ਨੂੰ ਮਾਣ ਸਤਿਕਾਰ ਮਿਲਦਾ ਰਿਹਾ। ਇਥੋਂ ਤਕ ਕਿ ਬਾਬਾ ਜੀ ਦੇ ਅੰਤ-ਕਾਲ ਵੇਲੇ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਧਰਮ-ਪ੍ਰਚਾਰ ਲਹਿਰ ਨੂੰ ਜਾਰੀ ਰੱਖਣ ਲਈ ਛੇਵੇਂ ਗੂਰੂ ਸਾਹਿਬ ਨੇ ਆਪਣੇ ਸੁਪੱਤਰ ਬਾਬਾ ਗੁਰਦਿੱਤਾ ਨੂੰ ਬਾਬਾ ਜੀ ਦੇ ਹਵਾਲੇ ਕਰ ਦਿੱਤਾ। ਬਾਬਾ ਗੁਰਦਿੱਤਾ ਨੇ ਪ੍ਰਚਾਰ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਧੂਣੀਆਂ ਦੀ ਸਥਾਪਨਾ ਕਰਕੇ ਉਨ੍ਹਾਂ ਦੇ ਸੰਚਾਲਨ ਲਈ ਆਪਣੇ ਚਾਰ ਸਿਦਕੀ ਸੇਵਕਾਂ—ਅਲਮਸਤ ,ਬਾਲੂ ਹਸਨਾ ,ਫੂਲ ਅਤੇ ਗੋਇੰਦ –ਨੂੰ ਨਿਯੁਗਤ ਕੀਤਾ (ਇਨ੍ਹਾਂ ਵਿਚੋਂ ਦੋ ਗੌੜ ਬ੍ਰਾਹਮਣ ਸਨ)। ਇਨ੍ਹਾਂ ਨੇਵ ਕ੍ਰਮਵਾਰ ਨਾਨਕਮੱਤਾ ,ਡੇਰਾਦੂਨ,ਹੈਦਾਰਾਬਾਦ ਅਤੇ ਬਹਾਦਰਗੜ੍ਹ ਨੂੰ ਆਪਣੇ ਪ੍ਰਚਾਰ ਦਾ ਕੇਂਦਰ ਬਣਾਇਆ। ਪਰਵਰਤੀ ਗੁਰੂ ਸਾਹੀਬਾਨ ਵਲੋਂ ਛੇ ਬਖ਼ਸ਼ਿਸ਼ਾਂ ਵੀ ਹੋਇਆਂ ,ਜਿਵੇਂ ਸੁਥਰੇਸਾਹੀਏ,ਸੰਗਤ ਸਾਹਿਬੀਏ,ਜੀਤੁਮੱਲੀਏ, ਭਗਤ-ਭਵਾਨੀਏ ਅਤੇ ਮੀਹਾ-ਸ਼ਾਹੀਏ। ਇਹ ਸਾਰੀਆ ਬਖ਼ਸ਼ਿਸ਼ਾਂ ਇਨ੍ਹਾਂ ਹੀ ਨਾਵਾਂ ਵਾਲੇ ਸਾਧਾਂ ਨਾਲ ਸੰਬੰਧਿਤ ਸਨ ਅਤੇ ਇਨ੍ਹਾਂ ਦੇ ਵੱਖਰੇ-ਵੱਖਰੇ ਪ੍ਰਚਾਰ-ਖੇਤਰ ਸਨ। ਇਸ ਤਰ੍ਹਾਂ ਚਾਰ ਧੂਣਿਆਂ ਅਤੇ ਛੇ ਬਖ਼ਸ਼ਿਸ਼ਾਂ ਵਾਲੇ ਇਹ ਦਸ ਸਾਧ ‘ਦਸਨਾਮੀ ਸਾਧੂ’ ਅਖਵਾਏ ਜਿਨ੍ਹਾਂ ਵਿਚ ਅਧਿਕਤਰ ਬ੍ਰਾਹਮਣ ਸਨ। ਫਲਸਰੂਪ ਪੁਜਾਰੀ ਅਤੇ ਬ੍ਰਾਹਮਣੀ ਪ੍ਰਵਿੱਤੀਆਂ ਸਹਿਜੇ-ਸਹਿਜੇ ਇਸ ਸੰਪ੍ਰਦਾਇ ਵਿਚ ਪ੍ਰਵੇਸ਼ ਕਰਨ ਲੱਗੀਆਂ ਅਤੇ ਪੰਚ-ਦੇਵ ਉਪਾਸਨਾ (ਬ੍ਰਹਮਾ, ਵਿਸ਼ਣੂ, ਸ਼ਿਵ, ਦੁਰਗਾ ਅਤੇ ਗਣੇਸ਼ ਦੀ ਪੂਜਾ) ਨੇ ਆਪਣਾ ਵਿਸ਼ੇਸ਼ ਸ਼ਥਾਨ ਬਣਾ ਲਿਆ। ਮੂਲ ਰੂਪ ਵਿਚ ਨਿਰਗੁਣਵਾਦੀ ਉਦਾਸੀ ਸੰਪ੍ਰਦਾਇ ਵਿਚ ਸਗੁਣ ਉਪਾਸਨਾ ਪ੍ਰਚਲਿਤ ਹੋ ਗਈ।
ਉਨ੍ਹਵੀਂ ਸਦੀ ਬਾਬਾ ਪ੍ਰਤੀਮ ਦਾਸ ਅਤੇ ਬਾਬਾ ਬਨਖੰਡੀ ਨੇ ਖਿੰਡੀ-ਪੁੰਡੀ ਇਸ ਸੰਪ੍ਰਦਾਇ ਨੂੰ ਸੰਗਠਿਤ ਕਰਕੇ ਵੱਡੇ ਅਖਾੜੇ ਦੀ ਸਥਾਪਨਾ ਕੀਤੀ ਅਤੇ ਸਿੰਧ ਪ੍ਰਾਂਤ ਵਿਚ ਸਾਧੂ –ਬੇਲਾ ਕਾਇਮ ਕੀਤਾ। ਚੂੰਕਿ ਇਹ ਦੋਵੇਂ ਮਹੰਤ ਸਗਣਵਾਦੀ ਰੁੱਚੀਆਂ ਵਾਲੇ ਬ੍ਰਾਹਮਣ ਸਨ, ਇਸ ਲਈ ਸਗੁਣ- ਉਪਾਸਨਾ ਅਤੇ ਪੰਚ-ਦੇਵ ਉਪਾਸਨਾ ਨੇ ਉਦਾਸੀ ਸੰਪ੍ਰਦਾਇ ਵਿਚ ਆਪਣਾ ਦ੍ਰਿੜ੍ਹ ਸਥਾਨ ਬਣਾ ਲਿਆ। ਸੰਨ 1900 ਈ.ਤਕ ਪਹੁੰਚ ਕੇ ਇਸ ਸੰਪ੍ਰਦਾਇ ਦਾ ਸਿੱਧਾਤਿਕ ਸਰੂਪ ਉਹ ਨਾ ਰਿਹਾ ਜੋ ਇਸ ਦੇ ਆਰੰਭ ਵੇਲੇ ਸੀ। ਪਰ ਉਦੋਂ ਤਕ ਇਹ ਸਿੱਖ ਪੰਥ ਦੀ ਸ਼ਾਖਾ ਹੀ ਮੰਨੀ ਜਾਂਦੀ ਰਹੀ ਸੀ।
ਗੁਰੂਦੁਆਰਾ ਐਕਟ ਪਾਸ ਹੋਣ ਨਾਲ ਸੰਨ 1926ਈ. ਤੋਂ ਕਾਨੂੰਨੀ ਤੌਰ ਤੇ ਉਦਾਸੀ ਸੰਪ੍ਰਦਾਇ ਸਿੱਖ ਧਰਮ ਤੋਂ ਵੱਖ ਘੋਸ਼ਿਤ ਕਰ ਦਿੱਤੀ ਗਈ। ਹੌਲੀ ਹੌਲੀ ਉਦਾਸੀ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਬੰਦ ਹੁੰਦਾ ਗਿਆ ਅਤੇ ਅਧਿਕਾਂਸ਼ ਡੇਰੇ ਸਨਾਤਨੀ ਮੰਦਿਰਾਂ ਦਾ ਰੂਪ ਧਾਰਣ ਕਰ ਚੁੱਕੇ ਹਨ।
ਆਧੁਨਿਕ ਯੁੱਗ ਦੇ ਉਦਾਸੀ ਸਾਧਾਂ ਅਤੇ ਵਿਦਵਾਨਾਂ ਨੇ ‘ਉਦਾਸੀ’ਨਾਂ ਦੀ ਵਿਆਖਿਆ ਅਤੇ ਇਸ ਦਾ ਉਦਭਵ ਆਪਣੇ ਆਪਣੇ ਢੰਗ ਨਾਲ ਕਰਕੇ ਇਸ ਦਾ ਸੰਬੰਧ ਬ੍ਰਹਮਾ ਦੇ ਪੁੱਤਰ ਸਨਤਕੁਮਾਰ ਨਾਲ ਸਥਾਪਿਤ ਕਰਨ ਦਾ ਯਤਨ ਕੀਤਾ ਹੈ।
ਧਾਰਿਮਕ ਖੇਤਰ ਵਿਚ ਉਦਾਸੀ ਸਾਧਾਂ ਨੇ ਇਕ ਨਵੇਂ ਪ੍ਰਕਾਰ ਦੀ ਸਾਧੂ ਸੰਪ੍ਰਦਾਇ ਨੂੰ ਜਨਮ ਦਿੱਤਾ ਜੋ ਵਾਸਤਵ ਵਿਚ ਲੁਪਤ ਹੋਏ ਨਾਥ-ਪੰਥ ਦੀ ਸਥਾਨ-ਪੂਰਤੀ ਕਰਦੀ ਹੈ। ਇਨ੍ਹਾਂ ਸਾਧਾਂ ਵਿਚੋਂ ਕਈ ਜੱਟਾ-ਧਾਰੀ ,ਕਈ ਮੋਨੇ , ਕਈ ਭਸਮਾਧਾਰੀ ਨਾਗੇ ਹਨ। ਅਧਿਕਤਰ ਗੇਰੂਏ ਬਸਤ੍ਰ ਧਾਰਣ ਕਰਦੇ ਹਨ। ਇਸ ਸੰਪ੍ਰਦਾਇ ਨੂੰ ਚਲਾਉਣ ਦਾ ਮੂਲ ਕਾਰਣ ਗੁਰੂ ਨਾਨਕ ਦੇਵ ਦਾ ਮਤ ਦਾ ਪ੍ਰਚਾਰ ਕਰਨਾ ਸੀ। ਸਿੱਖ ਧਰਮ ਦੇ ਵਿਕਾਸ ਵਿਚ ਇਸ ਸੰਪ੍ਰਦਾਇ ਦਾ ਮੱਹਤਵਪੂਰਨ ਯੋਗਦਾਨ ਹੈ। ਗੁਰੂ ਨਾਨਕ ਦੇਵ ਸੰਬਧੀ ਜਿਤਨੇ ਵੀ ਗੁਰੂ-ਧਾਮ ਬਣੇ ,ਦੇਸ਼ ਦੇ ਜਿਸ ਕੋਨੇ ਵਿਚ ਬਣੇ ,ਦੇਸ਼ ਤੋਂ ਬਹਾਰ ਵੀ ਬਣੇ ,ਇਨ੍ਹਾਂ ਦੀ ਸਥਾਪਨਾ ਵਿਚ ਉਦਾਸੀ ਸਾਧਾਂ ਦੀ ਮੱਹਤਵਪੂਰਣ ਭੂਮਿਕਾ ਹੈ। ਇਸ ਤੋਂ ਇਲਾਵ ਗੁਰਮੁਖੀ ਦਾ ਪ੍ਰਚਾਰ ਵੀ ਕੀਤਾ ਗਿਆ। ਸਾਹਿੱਤਕ ਖੇਤਰ ਵਿਚ ਮੁੱਢਲੇ ਸਾਧਾਂ ਵਿਚ ਹਰੀਆ ਜੀ ,ਆਨੰਦਘਨ ,ਅਮੀਰਦਾਸ ,ਸੁਖਬਾਸੀ ਰਾਮ ,ਸੰਤ ਰੇਣ ਰਾਮਦਾਸ ਆਦਿ ਨੇ ਅਨੇਕ ਸਾਹਿੱਤਕ ਰਚਾਨਾਵਾਂ ਕੀਤੀਆਂ। ਪੰਜਾਬ ਤੋਂ ਬਾਹਰਲੇ ਉਦਾਸੀਆਂ ਵੱਲੋਂ ਤਿਆਰ ਕੀਤੀਆਂ ਬਹੁਤ ਸਾਰੀਆਂ ਸਾਹਿੱਤਕ ਰਚਨਾਵਾਂ ਦੀ ਬਿਰਤੀ ਸਨਾਤਨ ਧਰਮ ਵਾਲੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First