ਉਲਟੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉਲਟੀ. ਵਿ—ਵਿਰੁੱਧ. ਵਿਪਰੀਤ. “ਸਤਿਗੁਰੁ ਮਿਲਿਐ ਉਲਟੀ ਭਈ.” (ਸ੍ਰੀ ਮ: ੩) ੨ ਸੰਗ੍ਯਾ—ਡਾਕੀ. ਵਮਨ. ਛਰਦਿ. ਕ਼ਯ (ਕੈ਼) ਮੇਦੇ ਵਿੱਚ ਜਾਕੇ, ਪਰਤਕੇ ਬਾਹਰ ਆਉਂਦੀ ਹੈ, ਇਸ ਲਈ ਨਾਉਂ ‘ਉਲਟੀ’ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉਲਟੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਉਲਟੀ (ਗੁ.। ਦੇਖੋ , ਉਲਟ) (ਬ੍ਰਿਤੀ) ਉਲਟ ਗਈ , ਅਪਣੇ ਪ੍ਰਵਾਹ ਤੋਂ ਬਦਲ ਕੇ ਟਿਕਾਉ ਵਿਚ ਆਈ। ਯਥਾ-‘ਸਤਗੁਰਿ ਮਿਲਿਐ ਉਲਟੀ ਭਈ’। ਦੇਖੋ, ‘ਉਲਟੀ ਰੇ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਉਲਟੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਉਲਟੀ : ਕਦੇ ਕਦੇ ਮਿਹਦਾ ਖਾਧੀ ਪੀਤੀ ਖ਼ੁਰਾਕ ਨੂੰ ਬਹਾਰ ਉਲਟ ਦਿੰਦਾ ਹੈ। ਇਸ ਅਮਲ ਨੂੰ ਉਲਟੀ ਆਖਦੇ ਹਨ। ਉਲਟੀ ਕਰਨਾ ਇੱਛਾ ਅਧੀਨ ਅਮਲ ਨਹੀਂ। ਇਸ ਦਾ ਕੇਂਦਰ ਦਿਮਾਗ਼ ਦੀ ਜਤ੍ਹ ਵਿਚ ਹੈ, ਜਿਸ ਦੇ ਝੂਣੇ ਜਾਣ ਤੇ ਉਲਟੀ ਆਉਂਦੀ ਹੈ। ਗੁੱਸਾ, ਡਰ, ਫਿਕਰ ਆਦਿ ਕੋਈ ਵੀ ਤਿੱਖਾ ਵੇਗ ਜਜ਼ਬਾਤੀ ਬੰਦੇ ਨੂੰ ਉਲਟੀ ਲਿਆਉਣ ਲਈ ਕਵੀ ਹੈ। ਜੇ ਅਸਲੀ ਮੁਢਲਾ ਕਾਰਨ ਭੁਲਿਆ ਵਿਸਰਿਆ ਅਚੇਤ ਮਨ ਵਿਚ ਲੁਕਿਆ ਹੋਵੇ ਤਾਂ ਉਸ ਨਾਲ ਮੇਲ ਖਾਂਦੀ ਕੋਈ ਵੀ ਘਟਨਾ ਉਸੇ ਮਨੋਭਾਵ ਨੂੰ ਮੁੜ ਜਗਾ ਕੇ ਉਲਟੀ ਲੈ ਆਉਂਦੀ ਹੈ। ਸਮੁੰਦਰੀ ਤੇ ਹਵਾਈ ਜਹਾਜ਼ਾਂ ਜਾਂ ਪਹਾੜਾਂ ਵਿਚ ਬੱਸ ਦਾ ਸਫ਼ਰ, ਦਿਮਾਗ਼ ਦੀਆਂ ਅਰਧ-ਚਕਰੀ ਨਾਲੀਆਂ (semicircular canals) ਨੂੰ ਹਦੋਂ ਵਧ ਟੁੰਬ ਕੇ ਉਲਟੀ ਦਾ ਕਾਰਨ ਬਣਦਾ ਹੈ। ਗਰਭ ਦੇ ਸ਼ੁਰੂ ਦੇ ਦਿਨਾਂ ਵਿਚ ਉਲਟੀਆਂ ਦਾ ਕਾਰਨ ਸ਼ਾਇਦ ਪ੍ਰਤਿਵਰਤੀ ਕਿਰਿਆ (reflex action) ਹੈ। ਦਿਮਾਗ਼ ਦੀ ਝਿੱਲੀ ਦੀ ਸੋਜ ਤੇ ਦਿਮਾਗ਼ ਦੀ ਰਸੌਲੀ ਉਲਟੀ ਦੇ ਕੇਂਦਰ ਉਤੇ ਬੋਝ ਪਾ ਕੇ ਉਲਟੀ ਲਿਆਉਂਦੇ ਹਨ।
ਮਿਹਦੇ ਦੀ ਝਿੱਲੀ ਦਾ ਕਿਸੇ ਤਰ੍ਹਾਂ ਦੀ ਖਾਰਸ਼ ਨਾਲ ਸੁਜ ਜਾਣਾ ਵੀ ਉਲਟੀ ਦਾ ਕਾਰਨ ਹੁੰਦਾ ਹੈ। ਲੋੜੋਂ ਵੱਧ ਭਾਰੀ ਗਲੀ ਸੜੀ ਰੋਗਾਣੂਆਂ ਵਾਲੀ ਖ਼ੁਰਾਕ ਖਾਣ ਤੇ, ਮਿਹਦੇ ਦੀ ਝਿੱਲੀ ਵਿਚ ਖਾਰਸ਼ ਪੈਦਾ ਹੁੰਦੀ ਹੈ ਤੇ ਉਹ ਸੁੱਕ ਜਾਂਦੀ ਹੈ। ਇਨਫਲੂਐਨਜ਼ਾ ਤੇ ਕੁਝ ਹੋਰ ਬੀਮਾਰੀਆਂ ਦੀ ਵਿਹੁ ਲਹੂ ਵਿਚੋਂ ਮਿਹਦੇ ਅੰਦਰ ਰਿਸ ਕੇ ਇਸ ਨੂੰ ਉਲਟੀ ਦੇ ਲਈ ਪ੍ਰੇਰਦੀ ਹੈ। ਉਲਟੀ ਲਿਆਉਣ ਵਾਲੀਆਂ ਦਵਾਈਆਂ ਕੁਝ ਮਿਹਦੇ ਨੂੰ ਝੂਣਦੀਆਂ ਹਨ ਤੇ ਕੁਝ ਉਲਟੀ ਦੇ ਕੇਂਦਰ ਨੂੰ ਉਕਸਾਉਂਦੀਆਂ ਹਨ ਤੇ ਕੁਝ ਉਲਟੀ ਦੇ ਕੇਂਦਰ ਨੂੰ ਉਕਸਾਉਂਦੀਆਂ ਹਨ। ਜਿਗਰ, ਗੁਰਦੇ ਤੇ ਆਂਦਰ ਵਿਚੋਂ ਉਠਦੀ ਪੀੜ ਦੀ ਝੁਣਝੁਣੀ, ਸਿੱਧੀ ਉਲਟੀ ਦੇ ਕੇਂਦਰ ਉਤੇ ਅਸਰ ਕਰਦੀ ਹੈ। ਕਦੇ ਕਦੇ ਉਲਟੀ ਦਾ ਕੋਈ ਮਾਨਸਕ ਕਾਰਨ ਵੀ ਹੁੰਦਾ ਹੈ।
ਇਲਾਜ–––ਠੀਕ ਇਲਾਜ ਉਲਟੀ ਦੇ ਕਾਰਨ ਨੂੰ ਦੂਰ ਕਰਨਾ ਹੈ।
ਹ. ਪੁ.–ਏ ਟੈਕਸਟ-ਬੁਕ ਆਫ ਮੈਡੀਸਨਜ਼
ਲੇਖਕ : ਜਸਵੰਤ ਗਿਲ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-10, ਹਵਾਲੇ/ਟਿੱਪਣੀਆਂ: no
ਉਲਟੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉਲਟੀ, ਵਿਸ਼ੇਸ਼ਣ : ਵਿਰੋਧ ਭਾਵ ਵਾਲੀ, ਪੁੱਠੀ, ਮੁੱਧੀ, ਖ਼ਿਲਾਫ਼, ਕਿਰਿਆ ਸਗੋਂ, ਪੁੱਠੀ ਤਰ੍ਹਾਂ, ਡਾਕੀ, ਇਸਤਰੀ ਲਿੰਗ : ਡਾਕਣੀ, ਉੱਪਰਛਲ, ਹੁੱਕਲੀ
–ਉਲਟੀ ਸਮਝ, ਇਸਤਰੀ ਲਿੰਗ : ਕੁਮੱਤ, ਭੁੱਲ, ਕੁਵੱਲ
–ਉਲਟੀ ਸਮਝਣਾ, ਕਿਰਿਆ ਸਕਰਮਕ : ਕਿਸੇ ਗੱਲ ਨੂੰ ਪੁੱਠਾ, ਗ਼ਲਤ ਜਾਂ ਵਿਰੁੱਧ ਸਮਝਣਾ, ਸ਼ੱਕੀ ਤਬੀਅਤ ਹੋਣਾ
–ਉਲਟੀ ਸਿੱਧੀ, ਵਿਸ਼ੇਸ਼ਣ / ਇਸਤਰੀ ਲਿੰਗ : ਬੁਰੀ ਗੱਲ, ਗਾਲ੍ਹ, ਮੂੰਹ ਆਈ, ਅਬਾ ਤਬਾ
–ਉਲਟੀਆਂ ਸਿੱਧੀਆਂ ਸੁਣਾਉਣਾ, ਮੁਹਾਵਰਾ : ਬੁਰਾ ਭਲਾ ਆਖਣਾ, ਕੋਸਣਾ
–ਉਲਟੀ ਹਵਾ ਚੱਲਣਾ, ਮੁਹਾਵਰਾ : ਸਮਾਜ ਜਾਂ ਦੁਨੀਆ ਦੀਆਂ ਚਾਲੂ ਰੀਤਾਂ ਦੇ ਵਿਰੁੱਧ ਹੋਣਾ, ਜ਼ਮਾਨਾ ਹੋਰ ਹੋਣਾ
–ਉਲਟੀ ਖੋਪਰੀ ਅੰਨ੍ਹਾ ਗਿਆਨ, ਅਖੌਤ : ਬੇਸਮਝ ਪੁਰਸ਼ ਦੀ ਸੂਝ ਉਲਟੀ ਹੁੰਦੀ ਹੈ
–ਉਲਟੀ ਗੰਗਾ ਪਹੋਏ ਨੂੰ, ਅਖੌਤ : ਅਸੂਲ ਦੇ ਉਲਟ ਕੰਮ
–ਉਲਟੀ ਗੰਗਾ ਵਹਾਉਣਾ, ਉਲਟੀ ਗੰਗਾ ਵਗਾਉਣਾ, ਮੁਹਾਵਰਾ : ਲੋਕ ਰੀਤੀ ਤੋਂ ਉਲਟ ਜਾਂ ਵਿਲੱਖਣ ਕਿਰਿਆ ਕਰਨਾ
–ਉਲਟੀ ਗੰਗਾ ਵਹਿਣਾ, ਉਲਟੀ ਗੰਗਾ ਵਗਣਾ, ਮੁਹਾਵਰਾ : ਕਿਸੇ ਰੀਤੀ ਦਾ ਧਰਮ ਜਾਂ ਲੋਕ ਰੀਤੀ ਦੇ ਵਿਰੁੱਧ ਹੋਣਾ
–ਉਲਟੀ ਪੱਟੀ ਪੜ੍ਹਾਉਣਾ, ਮੁਹਾਵਰਾ : ਖੋਟੀ ਮੱਤ ਦੇਣਾ, ਕੁਰਾਹੇ ਪਾਉਣਾ, ਗ਼ਲਤ ਰਾਹ ਵਿਖਾਉਣਾ, ਮੁਖਾਲਫਤ ਕਰਨਾ
–ਉਲਟੀ ਮੱਤ, ਇਸਤਰੀ ਲਿੰਗ : ਪੁੱਠੀ ਸਮਝ, ਖੋਟੀ ਮੱਤ
–ਉਲਟੀ ਮਾਲਾ ਫੇਰਨਾ, ਮੁਹਾਵਰਾ : ਕਿਸੇ ਨੂੰ ਹਾਨੀ ਪਹੁੰਚਾਉਣ ਦੇ ਆਸ਼ੇ ਨਾਲ ਮੰਤਰ ਪੜ੍ਹਨਾ ਜਾਂ ਕੋਈ ਬੁਰਾ ਚਿਤਵਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-28-03-32-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First