ਊਧਮ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਊਧਮ ਸਿੰਘ. ਰਾਜਾ ਗੁਲਾਬ ਸਿੰਘ ਡੋਗਰੇ ਦਾ ਪੁਤ੍ਰ ਜੋ ਕੌਰ ਨੌਨਿਹਾਲ ਸਿੰਘ ਦੇ ਨਾਲ ਫੱਟੜ ਹੋ ਕੇ ੫ ਨਵੰਬਰ ਸਨ ੧੮੪੦ ਨੂੰ ਮੋਇਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਊਧਮ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਊਧਮ ਸਿੰਘ (1899-1940) : ਇਕ ਕ੍ਰਾਂਤੀਕਾਰੀ ਦੇਸ਼ਭਗਤ ਜਿਸਦਾ ਮੁੱਢਲਾ ਨਾਂ ਸ਼ੇਰ ਸਿੰਘ ਸੀ। ਇਸਦਾ ਜਨਮ 26 ਦਸੰਬਰ 1899 ਨੂੰ ਸੁਨਾਮ ਵਿਖੇ ਹੋਇਆ ਜੋ ਉਸ ਸਮੇਂ ਪਟਿਆਲਾ ਸ਼ਾਹੀ ਰਿਆਸਤ ਦਾ ਇਕ ਸ਼ਹਿਰ ਸੀ। ਇਸਦਾ ਪਿਤਾ , ਟਹਿਲ ਸਿੰਘ ਉਸ ਸਮੇਂ ਨੇੜਲੇ ਪਿੰਡ ਉਪਲੀ ਵਿਚ ਰੇਲਵੇ ਫ਼ਾਟਕ ਤੇ ਚੌਂਕੀਦਾਰ ਵਜੋਂ ਨੌਕਰੀ ਕਰਦਾ ਸੀ। ਸ਼ੇਰ ਸਿੰਘ ਅਜੇ ਸੱਤ ਸਾਲ ਦਾ ਵੀ ਨਹੀਂ ਹੋਇਆ ਸੀ ਕਿ ਇਸਦੇ ਸਿਰ ਉੱਤੋਂ ਮਾਂ-ਬਾਪ ਦਾ ਸਾਇਆ ਉੱਠ ਗਿਆ। 24 ਅਕਤੂਬਰ 1907 ਨੂੰ, ਇਸ ਨੂੰ ਇਸਦੇ ਭਰਾ ਮੁਕਤਾ ਸਿੰਘ ਸਮੇਤ ਸੈਂਟਰਲ ਖ਼ਾਲਸਾ ਯਤੀਮਖਾਨਾ , ਅੰਮ੍ਰਿਤਸਰ , ਵਿਚ ਦਾਖਲ ਕਰਵਾ ਦਿੱਤਾ ਗਿਆ। ਯਤੀਮਖਾਨੇ ਵਿਚ ਹੀ ਦੋਵਾਂ ਭਰਾਵਾਂ ਨੇ ਅੰਮ੍ਰਿਤ ਛਕ ਲਿਆ ਅਤੇ ਇਹਨਾਂ ਦੇ ਨਾਂ ਬਦਲ ਕੇ ਸ਼ੇਰ ਸਿੰਘ ਤੋਂ ਊਧਮ ਸਿੰਘ ਅਤੇ ਮੁਕਤਾ ਸਿੰਘ ਤੋਂ ਸਾਧੂ ਸਿੰਘ ਰੱਖ ਦਿੱਤੇ ਗਏ। 1917 ਵਿਚ ਊਧਮ ਸਿੰਘ ਦੇ ਭਰਾ ਦਾ ਵੀ ਦੇਹਾਂਤ ਹੋ ਗਿਆ ਅਤੇ ਇਹ ਇਸ ਸੰਸਾਰ ਵਿਚ ਇਕੱਲਾ ਹੀ ਰਹਿ ਗਿਆ।
1918 ਵਿਚ, ਦਸਵੀਂ ਪਾਸ ਕਰਨ ਤੋਂ ਬਾਅਦ ਊਧਮ ਸਿੰਘ ਨੇ ਯਤੀਮਖਾਨਾ ਛੱਡ ਦਿੱਤਾ। 13 ਅਪ੍ਰੈਲ 1919 ਨੂੰ ਵਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਦੌਰਾਨ ਊਧਮ ਸਿੰਘ ਉਥੇ ਹਾਜ਼ਰ ਸੀ ਜਦੋਂ ਲੋਕਾਂ ਦੇ ਸ਼ਾਂਤਮਈ ਇਕੱਠ ਉੱਤੇ ਜਨਰਲ ਰੈਗਨਾਲਡ ਐਡਵਰਡ ਹੈਰੀ ਡਾਇਰ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਲਗਪਗ ਇਕ ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਘਟਨਾ ਨੇ, ਜਿਸ ਨੂੰ ਊਧਮ ਸਿੰਘ ਬੜੇ ਗੁੱਸੇ ਅਤੇ ਦੁਖੀ ਮਨ ਨਾਲ ਮੁੜ ਯਾਦ ਕਰਦਾ ਹੁੰਦਾ ਸੀ, ਇਸ ਨੂੰ ਕ੍ਰਾਂਤੀ ਦੀ ਰਾਹ ਤੇ ਤੋਰ ਦਿੱਤਾ। ਇਸ ਤੋਂ ਛੇਤੀ ਪਿੱਛੋਂ ਹੀ ਇਸ ਨੇ ਭਾਰਤ ਛੱਡ ਦਿੱਤਾ ਅਤੇ ਅਮਰੀਕਾ ਪਹੁੰਚ ਗਿਆ। 1920ਵਿਆਂ ਦੇ ਸ਼ੁਰੂ ਵਿਚ ਬੱਬਰ ਅਕਾਲੀਆਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਤੋਂ ਜਾਣੂ ਹੋ ਕੇ ਇਹ ਬਹੁਤ ਉਤਸ਼ਾਹਿਤ ਹੋਇਆ ਅਤੇ ਆਪਣੇ ਦੇਸ਼ ਵਾਪਸ ਆ ਗਿਆ। ਇਹ ਗੁਪਤ ਰੂਪ ਵਿਚ ਆਪਣੇ ਨਾਲ ਕੁਝ ਪਿਸਤੌਲਾਂ ਲਿਆਇਆ ਜਿਸ ਕਾਰਨ ਅੰਮ੍ਰਿਤਸਰ ਪੁਲੀਸ ਨੇ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਊਧਮ ਸਿੰਘ ਨੂੰ ‘ਅਸਲਾ ਐਕਟ` ਅਧੀਨ ਚਾਰ ਸਾਲ ਦੀ ਸਜ਼ਾ ਸੁਣਾਈ ਗਈ। 1931 ਵਿਚ ਰਿਹਾ ਹੋਣ ਤੇ ਇਹ ਆਪਣੀ ਜੱਦੀ ਰਿਹਾਇਸ਼ ਸੁਨਾਮ ਵਾਪਸ ਆਇਆ ਪਰ ਸਥਾਨਿਕ ਪੁਲੀਸ ਦੁਆਰਾ ਪਰੇਸ਼ਾਨ ਕੀਤੇ ਜਾਣ ਤੇ ਇਹ ਫਿਰ ਅੰਮ੍ਰਿਤਸਰ ਵਾਪਸ ਚਲਾ ਗਿਆ ਅਤੇ ਉੱਥੇ ਜਾ ਕੇ ਇਸਨੇ ਸਾਈਨਬੋਡਰ ਪੇਂਟਰ ਦੀ ਦੁਕਾਨ ਖੋਲ ਲਈ ਅਤੇ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਰਖ ਲਿਆ। ਇਹ ਉਹ ਨਾਂ ਸੀ ਜਿਸਦੀ ਵਰਤੋਂ ਇਸਨੇ ਬਾਅਦ ਵਿਚ ਇੰਗਲੈਂਡ ਵਿਚ ਕੀਤੀ ਸੀ। ਇਸ ਨਾਂ ਨੂੰ ਅਪਨਾਉਣ ਦਾ ਭਾਵ ਭਾਰਤ ਦੇ ਸਾਰੇ ਧਰਮਾਂ ਦੀ ਏਕਤਾ ਉੱਪਰ ਬਲ ਦੇਣਾ ਸੀ ਜੋ ਭਾਰਤੀ ਰਾਜਨੀਤਿਕ ਸੁਤੰਤਰਤਾ ਅੰਦੋਲਨ ਦਾ ਆਧਾਰ ਸੀ।
ਊਧਮ ਸਿੰਘ, ਭਗਤ ਸਿੰਘ ਦੇ ਕ੍ਰਾਂਤੀਕਾਰੀ ਕੰਮਾਂ ਅਤੇ ਉਸਦੇ ਕ੍ਰਾਂਤੀਕਾਰੀ ਸਾਥੀਆਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। 1932 ਵਿਚ, ਊਧਮ ਸਿੰਘ ਜਦੋਂ ਕਸ਼ਮੀਰ ਦੇ ਦੌਰੇ ਤੇ ਸੀ, ਉਸ ਸਮੇਂ ਉਸ ਕੋਲੋਂ ਭਗਤ ਸਿੰਘ ਦਾ ਚਿੱਤਰ ਬਰਾਮਦ ਹੋਇਆ ਸੀ। ਇਹ ਹਮੇਸ਼ਾਂ ਉਸਦਾ ਜ਼ਿਕਰ ਆਪਣੇ ਰਹਿਨੁਮਾ ਦੇ ਤੌਰ ਤੇ ਕਰਦਾ ਸੀ। ਊਧਮ ਸਿੰਘ ਰਾਜਨੀਤਿਕ ਗੀਤ ਗਾਉਣ ਦਾ ਸ਼ੌਕ ਰਖਦਾ ਸੀ ਅਤੇ ਇਹ ਕ੍ਰਾਂਤੀਕਾਰੀਆਂ ਦੇ ਉੱਘੇ ਗੀਤਕਾਰ ਰਾਮ ਪ੍ਰਸਾਦ ਬਿਸਮਲ ਦਾ ਬਹੁਤ ਪ੍ਰਸੰਸਕ ਸੀ। ਕਸ਼ਮੀਰ ਵਿਚ ਕੁੱਝ ਮਹੀਨੇ ਰਹਿਣ ਤੋਂ ਬਾਅਦ, ਊਧਮ ਸਿੰਘ ਭਾਰਤ ਤੋਂ ਚਲਾ ਗਿਆ। ਇਹ ਕੁਝ ਸਮਾਂ ਮਹਾਂਦੀਪ ਵਿਚ ਘੁੰਮਦਾ-ਫਿਰਦਾ ਰਿਹਾ, ਅਤੇ ਤੀਹਵਿਆਂ ਦੇ ਮੱਧ ਵਿਚ ਇੰਗਲੈਂਡ ਪਹੁੰਚ ਗਿਆ। ਇਹ ਇਥੇ ਜੱਲਿਆਂਵਾਲਾ ਬਾਗ ਦੇ ਦੁਖਾਂਤਕ ਸਾਕੇ ਦਾ ਬਦਲਾ ਲੈਣ ਦੀ ਤਾਕ ਵਿਚ ਸੀ। ਅੰਤ ਲੰਮੀ ਉਡੀਕ ਤੋਂ ਬਾਅਦ ਇਹ 13 ਮਾਰਚ 1940 ਨੂੰ ਇਹ ਘੜੀ ਵੀ ਆ ਗਈ। ਉਸ ਦਿਨ 4.30 ਵਜੇ ਕੈਕਸਟਨ ਹਾਲ , ਲੰਦਨ ਵਿਚ ਜਿਥੇ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵਲੋਂ ਸਾਂਝੇ ਤੌਰ ਤੇ ਆਯੋਜਿਤ ਮੀਟਿੰਗ ਹੋ ਰਹੀ ਸੀ, ਊਧਮ ਸਿੰਘ ਨੇ ਆਪਣੀ ਪਿਸਤੌਲ ਤੋਂ ਸਰ ਮਾਈਕਲ ਓ’ਡਵਾਇਰ ਉੱਤੇ ਜੋ ਅੰਮ੍ਰਿਤਸਰ ਦੇ ਖੂਨੀ ਸਾਕੇ ਸਮੇਂ ਪੰਜਾਬ ਦਾ ਗਵਰਨਰ ਸੀ ਪੰਜ-ਛੇ ਗੋਲੀਆਂ ਚਲਾਈਆਂ। ਓ`ਡਵਾਇਰ ਦੇ ਦੋ ਗੋਲੀਆਂ ਲੱਗੀਆਂ ਤੇ ਜ਼ਮੀਨ ਤੇ ਡਿੱਗਣ ਸਾਰ ਉਸਦੇ ਪ੍ਰਾਣ ਨਿਕਲ ਗਏ। ਮੀਟਿੰਗ ਦੀ ਪ੍ਰਧਾਨਗੀ ਕਰ ਰਿਹਾ ਭਾਰਤ ਲਈ ਵਿਦੇਸ਼ ਵਿਭਾਗ ਦਾ ਮੁਖੀ ਲਾਰਡ ਜੈਟਲੈਂਡ ਵੀ ਜਖ਼ਮੀ ਹੋ ਗਿਆ। ਊਧਮ ਸਿੰਘ ਨੂੰ ਤੁਰੰਤ ਹੀ ਉਸਦੀ ਧੂੰਆਂ ਛੱਡਦੀ ਪਿਸਤੌਲ ਸਮੇਤ ਫੜ ਲਿਆ ਗਿਆ। ਅਸਲ ਵਿਚ ਊਧਮ ਸਿੰਘ ਨੇ ਉਥੋਂ ਫ਼ਰਾਰ ਹੋਣ ਦਾ ਯਤਨ ਹੀ ਨਹੀਂ ਕੀਤਾ ਸੀ ਅਤੇ ਲਗਾਤਾਰ ਇਹ ਕਹਿੰਦਾ ਰਿਹਾ ਕਿ ਉਸਨੇ ਆਪਣੇ ਦੇਸ਼ ਵੱਲੋਂ ਲਗਾਈ ਗਈ ਸੇਵਾ ਪੂਰੀ ਕਰ ਦਿੱਤੀ ਹੈ।
1 ਅਪ੍ਰੈਲ 1940 ਨੂੰ, ਊਧਮ ਸਿੰਘ ਉੱਤੇ ਰਸਮੀ ਤੌਰ ਤੇ ਸਰ ਮਾਈਕਲ ਓ’ਡਵਾਇਰ ਦੇ ਕਤਲ ਦਾ ਇਲਜ਼ਾਮ ਲਾਇਆ ਗਿਆ। 4 ਜੂਨ 1940 ਨੂੰ, ਇਸ ਉੱਤੇ ਸੈਂਟਰਲ ਕ੍ਰੀਮਿਨਲ ਕੋਰਟ, ਓਲਡ ਬੈਲੇ ਵਿਚ ਜਸਟਿਸ ਐਟਕਿੰਨਸਨ ਅੱਗੇ ਮੁਕੱਦਮਾ ਚਲਾਇਆ ਗਿਆ, ਜਿਸਨੇ ਇਸ ਨੂੰ ਮੌਤ ਦੀ ਸਜ਼ਾ ਸੁਣਾਈ। ਇਸਦੇ ਪੱਖ ਵਿਚ ਮੁੜ ਵਿਚਾਰਨ ਲਈ ਇਕ ਦਰਖ਼ਾਸਤ ਭੇਜੀ ਗਈ ਜਿਹੜੀ 15 ਜੁਲਾਈ 1940 ਨੂੰ ਰੱਦ ਕਰ ਦਿੱਤੀ ਗਈ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਂਟਨਵਿੱਲੇ ਜੇਲ੍ਹ ਲੰਦਨ ਵਿਚ ਫਾਂਸੀ ਦੇ ਦਿੱਤੀ ਗਈ।
ਊਧਮ ਸਿੰਘ ਅਸਲ ਵਿਚ ਇਰਾਦੇ ਦਾ ਪੱਕਾ ਵਿਅਕਤੀ ਸੀ ਅਤੇ ਮੁਕੱਦਮੇ ਦੌਰਾਨ ਜੱਜ ਦੇ ਸਾਮ੍ਹਣੇ ਆਪਣੇ ਦਰਜ ਕਰਵਾਏ ਬਿਆਨ ਤੋਂ ਇਲਾਵਾ ਇਸ ਦੀ ਕੋਈ ਵੀ ਲਿਖਤ ਇਤਿਹਾਸਕਾਰਾਂ ਨੂੰ ਨਹੀਂ ਮਿਲ ਸਕੀ ਹੈ। ਸਰ ਮਾਈਕਲ ਓ`ਡਵਾਇਰ ਨੂੰ ਮਾਰਨ ਤੋਂ ਬਾਅਦ ਆਪਣੇ ਜੇਲ ਦੇ ਦਿਨਾਂ ਦੌਰਾਨ ਊਧਮ ਸਿੰਘ ਵੱਲੋਂ ਸ਼ਿਵ ਸਿੰਘ ਜੌਹਲ ਨੂੰ ਲਿਖੇ ਪੱਤਰਾਂ ਨੂੰ ਕੁਝ ਹੀ ਸਮਾਂ ਪਹਿਲਾਂ ਲੱਭ ਲਿਆ ਗਿਆ ਹੈ ਅਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਪੱਤਰ ਇਸ ਨੂੰ ਖੁਸ਼ਮਿਜਾਜ਼ ਵਿਅਕਤੀ ਦੇ ਨਾਲ ਬੜੇ ਹੌਂਸਲੇ ਵਾਲਾ ਮਨੁੱਖ ਵੀ ਦਰਸਾਉਂਦੇ ਹਨ। ਇਹ ਆਪਣੇ ਆਪ ਨੂੰ ਹਿਜ਼ ਮਜੈਸਟੀ ਕਿੰਗ ਜਾਰਜ ਦਾ ਮਹਿਮਾਨ ਕਹਿੰਦਾ ਹੁੰਦਾ ਸੀ ਅਤੇ ਇਹ ਆਪਣੀ ਮੌਤ ਨੂੰ ਆਪਣੀ ਦੁਲਹਨ ਦੇ ਤੌਰ ਤੇ ਵੇਖਦਾ ਸੀ ਜਿਸ ਨੂੰ ਇਸ ਨੇ ਵਿਆਹੁਣਾ ਸੀ। ਅਖ਼ੀਰ ਤਕ ਖੁਸ਼ ਤਬੀਅਤ ਰਹੇ ਅਤੇ ਫਾਂਸੀ ਦੇ ਤਖ਼ਤੇ ਵਲ ਬੜੇ ਚਾਅ ਨਾਲ ਜਾਂਦੇ ਹੋਏ ਇਸ ਨੇ ਆਪਣੇ ਜੀਵਨ ਵਿਚ ਆਪਣੇ ਆਦਰਸ਼ ਭਗਤ ਸਿੰਘ ਦੀ ਮਿਸਾਲ ਨੂੰ ਆਪਣੇ ਸਾਮ੍ਹਣੇ ਰੱਖਿਆ। ਮੁਕੱਦਮੇ ਦੌਰਾਨ, ਊਧਮ ਸਿੰਘ ਨੇ ਇਹ ਬੇਨਤੀ ਕੀਤੀ ਸੀ ਕਿ ਉਸ ਦੀਆਂ ਅਸਥੀਆਂ ਨੂੰ ਉਸਦੇ ਦੇਸ਼ ਭੇਜ ਦਿੱਤਾ ਜਾਵੇ, ਪਰ ਇਸਦੀ ਆਗਿਆ ਨਹੀਂ ਦਿੱਤੀ ਗਈ। 1975 ਵਿਚ ਪੰਜਾਬ ਸਰਕਾਰ ਦੇ ਜ਼ੋਰ ਪਾਉਣ ਤੇ, ਭਾਰਤ ਸਰਕਾਰ ਅੰਤ ਵਿਚ ਊਧਮ ਸਿੰਘ ਦੀਆਂ ਅਸਥੀਆਂ ਨੂੰ ਵਾਪਸ ਵਤਨ ਲਿਆਉਣ ਵਿਚ ਕਾਮਯਾਬ ਹੋ ਗਈ। ਇਸ ਮੌਕੇ ਤੇ ਲੱਖਾਂ ਲੋਕ ਇਸ ਦੀ ਯਾਦ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ ਸਨ।
ਲੇਖਕ : ਮਨ.ਸ.ਗ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਊਧਮ ਸਿੰਘ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਊਧਮ ਸਿੰਘ (1882-1926) : ਇਕ ਕ੍ਰਾਂਤੀਕਾਰੀ ਅਤੇ ਗ਼ਦਰ ਲੀਡਰ , ਜਿਸ ਦਾ ਜਨਮ 15 ਮਾਰਚ 1882 ਨੂੰ ਅੰਮ੍ਰਿਤਸਰ ਜ਼ਿਲੇ ਦੇ ਕਸੇਲ ਪਿੰਡ ਵਿਚ ਹੋਇਆ ਸੀ। ਇਸਦੇ ਪਿਤਾ ਦਾ ਨਾਂ ਮੇਵਾ ਸਿੰਘ ਅਤੇ ਮਾਤਾ ਦਾ ਨਾਂ ਹੁਕਮ ਕੌਰ ਸੀ। ਇਸ ਨੇ ਆਪਣੇ ਜੀਵਨ ਦੇ ਮੁੱਢਲੇ ਦਿਨ ਆਪਣੇ ਪਿੰਡ ਵਿਚ ਮੱਝਾਂ ਚਾਰ ਕੇ ਅਤੇ ਆਪਣੇ ਥੋੜੇ ਜਿਹੇ ਖੇਤਾਂ ਵਿਚ ਖੇਤੀ ਦਾ ਕੰਮ ਕਰਕੇ ਗੁਜ਼ਾਰੇ ਸਨ। ਇਸ ਕੋਲ ਕੋਈ ਸਕੂਲੀ ਵਿੱਦਿਆ ਨਹੀਂ ਸੀ। 1907 ਵਿਚ, ਇਸਨੇ ਵਿਦੇਸ਼ ਵਿਚ ਆਪਣੀ ਕਿਸਮਤ ਅਜਮਾਉਣ ਲਈ ਆਪਣਾ ਘਰਬਾਰ ਛੱਡ ਦਿੱਤਾ ਸੀ। ਇਹ ਪਹਿਲਾਂ ਮਲਾਯਾ ਰਾਜ ਦੇ ਪੈਨਾਂਗ ਅਤੇ ਫਿਰ ਤੇਪਿੰਗ ਸ਼ਹਿਰ ਵਿਚ ਗਿਆ, ਜਿਥੇ ਇਸਨੇ ਮਲਾਯਾ ਸਟੇਟਸ ਗਾਈਡਸ ਵਿਚ ਸਿਗਨਲਰ ਵਜੋਂ ਨੌਕਰੀ ਕੀਤੀ। ਇਥੋਂ ਹੀ ਇਸਨੇ ਮਲਯ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ‘ਗਾਈਡਸ` ਤੋਂ ਅਸਤੀਫ਼ਾ ਦੇ ਕੇ ਅਮਰੀਕਾ ਵਲ ਚਲਾ ਗਿਆ। ਅਮਰੀਕਾ ਵਿਚ ਇਹ ਭਾਈ ਸੋਹਨ ਸਿੰਘ ਭਕਨਾ ਵਰਗੇ ਕ੍ਰਾਂਤੀਕਾਰੀਆਂ ਦੇ ਸੰਪਰਕ ਵਿਚ ਆਇਆ, ਜਿਹਨਾਂ ਨੇ ਓਰੇਗੋਨ ਰਾਜ ਵਿਚ ਲਕੜੀ ਚਿਰਾਈ ਦੇ ਕਾਰਖਾਨੇ ਵਿਚ ਨੌਕਰੀ ਲੱਭਣ ਵਿਚ ਇਸ ਦੀ ਮਦਦ ਕੀਤੀ। ਊਧਮ ਸਿੰਘ ਛੇਤੀ ਹੀ ਗ਼ਦਰ ਲਹਿਰ ਵਿਚ ਸ਼ਾਮਲ ਹੋ ਗਿਆ ਸੀ। ਜਦੋਂ ਗ਼ਦਰ ਲਹਿਰ ਦੇ ਆਗੂਆਂ ਨੇ ਭਾਰਤ ਵਾਪਸ ਆ ਕੇ ਹਥਿਆਰਬੰਦ ਵਿਦਰੋਹ ਕਰਨ ਦਾ ਫ਼ੈਸਲਾ ਕੀਤਾ ਤਾਂ ਊਧਮ ਸਿੰਘ ਨੂੰ ਵੀ ਕ੍ਰਾਂਤੀਕਾਰੀਆਂ ਨੂੰ ਫ਼ੌਜੀ ਸਿਖਲਾਈ ਦੇਣ ਲਈ ਨਿਯੁਕਤ ਕੀਤੇ ‘ਜਰਨੈਲਾਂ` ਵਿਚ ਇਕ ਜਰਨੈਲ ਨਿਯੁਕਤ ਕੀਤਾ ਗਿਆ ਸੀ। ਭਾਰਤ ਨੂੰ ਵਾਪਸ ਆਉਂਦੇ ਸਮੇਂ ਰਾਹ ਵਿਚ ਇਹ ਕੈਨਟੋਨ ਅਤੇ ਪੈਨਾਂਗ ਵਿਚ ਹਥਿਆਰ ਖਰੀਦਣ ਲਈ ਗਿਆ। ਭਾਰਤ ਪਹੁੰਚਣ ਤੇ ਤੋਸ਼ਾ ਮਾਰੂ ਜਹਾਜ਼ ਉੱਤੇ ਹੀ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁਲਤਾਨ ਜੇਲ ਵਿਚ ਭੇਜ ਦਿੱਤਾ ਗਿਆ। ਇਸ ਉੱਤੇ ਮੁਕੱਦਮਾ ਚਲਾਇਆ ਗਿਆ ਜਿਸ ਨੂੰ ਪਹਿਲਾ ‘ਲਾਹੌਰ ਕਾਂਸਪੀਰੇਸੀ ਕੇਸ` ਵਜੋਂ ਜਾਣਿਆ ਜਾਂਦਾ ਹੈ। ਇਸਨੂੰ ਕਾਲੇਪਾਣੀ ਦੀ ਸਜ਼ਾ ਸੁਣਾਈ ਗਈ। ਊਧਮ ਸਿੰਘ ਨੂੰ ਪਹਿਲਾਂ ਅੰਡੇਮਾਨ ਅਤੇ ਬਾਅਦ ਵਿਚ ਕੋਇੰਬੇਤੂਰ ਭੇਜਿਆ ਗਿਆ। 1921 ਵਿਚ ਇਹ ਜੇਲ੍ਹ ਵਿਚੋਂ ਫ਼ਰਾਰ ਹੋ ਗਿਆ ਅਤੇ ਰੋਂਗਟੇ ਖੜੇ ਕਰਨ ਵਾਲੇ ਬਹੁਤ ਸਾਰੇ ਸਾਹਸੀ ਕਾਰਨਾਮਿਆਂ ਤੋਂ ਬਾਅਦ ਇਹ ਪੰਜਾਬ ਪਹੁੰਚ ਗਿਆ ਅਤੇ ਫਿਰ ਉਥੋਂ ਇਹ ਕਾਬੁਲ ਵਲ ਚਲਾ ਗਿਆ। ਕਾਬੁਲ ਵਿਚ, ਇਸਨੇ ਖ਼ਾਲਸਾ ਦੀਵਾਨ ਦੀ ਸਥਾਪਨਾ ਕੀਤੀ ਅਤੇ ਜਲਾਲਾਬਾਦ ਤੋਂ ਤਕਰੀਬਨ 10 ਕਿ. ਮੀ. ਦੂਰ , ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਦ ਵਿਚ ‘ਗੁਰਦੁਆਰੇ ਚਸ਼ਮਾ ਸਾਹਿਬ’ ਵਿਖੇ ਧਾਰਮਿਕ ਸਮਾਗਮ ਵਿਚ ਸਿੱਖਾਂ ਨੂੰ ਇਕੱਠਾ ਹੋਣ ਲਈ ਅਫ਼ਗਾਨ ਰਾਜੇ ਤੋਂ ਪਰਵਾਨਗੀ ਮੰਗੀ। ਇਹ ਭੇਸ ਬਦਲ ਕੇ ਵਸਾਖੀ ਦੇ ਤਿਉਹਾਰ ਤੇ ਕਈ ਵਾਰ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਆਉਂਦਾ ਰਿਹਾ ਸੀ। ਇਹ ਤੇਜਾ ਸਿੰਘ ਸਮੁੰਦਰੀ ਅਤੇ ਮਾਸਟਰ ਤਾਰਾ ਸਿੰਘ ਵਰਗੇ ਅਕਾਲੀ ਆਗੂਆਂ ਦੇ ਸੰਪਰਕ ਵਿਚ ਹਮੇਸ਼ਾਂ ਰਿਹਾ ਅਤੇ ਇਸਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਅਧੀਨ ਸਿੱਖਾਂ ਦੀ ਇਕ ਗੁਪਤ ਸਭਾ ਬਣਾਉਣ ਦੀ ਵੀ ਹਿਮਾਇਤ ਕੀਤੀ ਸੀ। 20 ਜਨਵਰੀ 1926 ਨੂੰ, ਜਦੋਂ ਇਕ ਵਾਰ ਇਹ ਆਪਣੀ ਅੰਮ੍ਰਿਤਸਰ ਦੀ ਯਾਤਰਾ ਕਰਕੇ ਵਾਪਸ ਕਾਬੁਲ ਜਾ ਰਿਹਾ ਸੀ ਤਾਂ ਦੋ ਪਠਾਨਾਂ ਨੇ ਰਾਹ ਵਿਚ ਇਸਦੀ ਲੁੱਟਮਾਰ ਕੀਤੀ ਅਤੇ ਇਸਨੂੰ ਕਤਲ ਕਰ ਦਿੱਤਾ। ਜਦੋਂ ਮੁਸਲਮਾਨ ਭਾਈਚਾਰੇ ਨੇ ਊਧਮ ਸਿੰਘ ਦੇ ਕ੍ਰਾਂਤੀਕਾਰੀ ਜੀਵਨ ਬਿਰਤਾਂਤ ਦੀਆਂ ਕਹਾਣੀਆਂ ਸੁਣੀਆਂ ਤਾਂ ਇਹਨਾਂ ਦੋਵਾਂ ਪਠਾਨਾਂ ਨੂੰ ਉਹਨਾਂ ਦੀ ਬਰਾਦਰੀ ਵਿਚੋਂ ਛੇਕ ਦਿੱਤਾ ਗਿਆ ਸੀ।
ਲੇਖਕ : ਸ.ਸ.ਜ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਊਧਮ ਸਿੰਘ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਊਧਮ ਸਿੰਘ : ਇਹ ਸ਼ਹੀਦ ਦਾ ਜਨਮ 26 ਦਸੰਬਰ, 1899 ਨੂੰ ਸੁਨਾਮ (ਜ਼ਿਲ੍ਹਾ ਸੰਗਰੂਰ) ਵਿਚ ਸਰਦਾਰ ਟਹਿਲ ਸਿੰਘ ਦੇ ਘਰ ਹੋਇਆ। ਸਰਦਾਰ ਟਹਿਲ ਸਿੰਘ ਰੇਲਵੇ ਵਿਚ ਚੌਕੀਦਾਰ ਤੇ ਕਾਂਅ ਵਾਲਾ ਸੀ। ਛੋਟੀ ਉਮਰ ਵਿਚ ਮਾਪਿਆਂ ਦਾ ਸਾਇਆ ਸਿਰ ਤੋਂ ਉਠ ਜਾਣ ਕਾਰਨ ਊਧਮ ਸਿੰ ਖਾਲਸਾ ਯਤੀਮਖ਼ਾਨਾ, ਅੰਮ੍ਰਿਤਸਰ ਵਿਚ ਪਲਿਆ। ਭਾਵੇਂ ਬਾਕਾਇਦਾ ਵਿੱਦਿਆ ਪਰਾਪਤ ਕਰਨ ਦਾ ਅਵਸਰ ਨਾ ਮਿਲ ਸਕਿਆ, ਪਰ ਬੁੱਧੀ ਬੜੀ ਤੇਜ਼ ਸੀ। ਕਈ ਜ਼ਬਾਨਾਂ ਅਤੇ ਹੁਨਰ ਜਾਣਦਾ ਸੀ। ਮਕੈਨਿਕ ਦੇ ਤੌਰ ਤੇ ਵਧੇਰੇ ਸਫਲ ਰਿਹਾ। ਸੰਨ 1919 ਵਿਚ ਜਲ੍ਹਿਆਂਵਾਲਾ ਬਾਗ਼ ਦੇ ਹੱਤਿਆ ਕਾਂਡ ਦੇ ਫਟੜਾਂ ਦੀ ਸੇਵਾ ਉਤੇ ਲੱਗੇ ਹੋਣ ਕਾਰਨ ਸਾਰੀ ਦੁਰਘਟਨਾ ਦੀ ਦਰਦਨਾਕ ਝਾਕੀ ਇਸ ਦੀਆਂ ਅੱਖਾਂ ਅੱਗੋਂ ਲੰਘੀ, ਜਿਸ ਦਾ ਉਸ ਦੇ ਨਿਰਛਲ ਤੇ ਕੋਮਲ ਦਿਲ ਉਤੇ ਇੰਨਾਂ ਡੂੰਘਾ ਅਸਰ ਪਿਆ ਕਿ ਉਸ ਨੇ ਇਸ ਜ਼ੁਲਮ ਦਾ ਬਦਲਾ ਲੈਣ ਦੀ ਪੱਕੀ ਠਾਣ ਲਈ। ਕਿਹਾ ਜਾਂਦਾ ਹੈ ਕਿ ਲਾਸ਼ਾਂ ਦੇ ਢੇਰ ਵਿਚ ਖੜੋਕੇ ਉਸ ਨੇ ਪ੍ਰਣ ਕੀਤਾ ਕਿ ਮੈਂ ਪੰਜਾਬ ਦੇ ਗਵਰਨਰ ਓਡਵਾਇਰ ਨੂੰ ਮਾਰ ਕੇ ਇਸ ਜ਼ੁਲਮ ਦਾ ਬਦਲਾ ਲਵਾਂਗਾ। ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਤੋਂ ਛੇਤੀ ਮਗਰੋਂ ਉਹ ਇਨਕਲਾਬੀਆਂ ਦੀ ਪਾਰਟੀ ਵਿਚ ਰਲ ਗਿਆ। ਨੌਜਵਾਨ ਭਾਰਤ ਸਭਾ ਦਾ ਮੈਂਬਰ ਬਣ ਕੇ ਕੁਝ ਕੰਮ ਕੀਤਾ। ਇਕ ਠੇਕੇਦਾਰ ਦੀ ਸਹਾਇਤਾ ਨਾਲ ਇਹ ਮੈਕਸੀਕੋ ਰਾਹੀਂ ਅਮਰੀਕਾ ਜਾ ਪੁੱਜਾ। ਚੰਗਾ ਮਕੈਨਿਕ ਹੋਣ ਕਰਕੇ ਹਵਾਈ ਜਹਾਜ਼ਾਂ ਦੀ ਇਕ ਕੰਪਨੀ ਵਿਚ ਨੌਕਰ ਹੋ ਗਿਆ ਤੇ ਉਥੇ ਹੀ ਸ਼ਾਦੀ ਕੀਤੀ। ਛੇਤੀ ਹੀ ਉਥੇ ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਉਸ ਨੇ ਮੇਲ ਮਿਲਾਪ ਕਰ ਲਿਆ। ਹਿੰਦੁਸਤਾਨ ਵਾਪਸ ਆਉਣ ਤੇ ਇਸ ਕੋਲੋਂ ਹਥਿਆਰ ਅਤੇ ਬੰਬ ਫੜੇ ਗਏ ਜਿਸ ਕਾਰਨ ਅੰਮ੍ਰਿਤਸਰ ਸਟੇਸ਼ਨ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਇਸ ਜੁਰਮ ਵਿਚ ਇਸ ਨੂੰ ਚਾਰ ਸਾਲ ਕੈਦ ਹੋਈ ਤੇ ਘਰ ਬਾਰ ਸਭ ਕੁਝ ਜ਼ਬਤ ਹੋ ਗਿਆ। ਰਿਹਾਈ ਪਿੱਛੋਂ ਕਿਸੇ ਹੋਰ ਨਾਂ ਥੱਲੇ ਇਹ ਇੰਗਲੈਂਡ ਜਾ ਪੁੱਜਾ ਅਤੇ 1933 ਤੋਂ 1940 ਤਕ ਉਥੇ ਹੀ ਰਿਹਾ। ਉਹਨੀਂ ਦਿਨੀ ਹਿੰਦੁਸਤਾਨ ਵਿਚ ਉਸ ਦਾ ਗੁਪਤ ਨਾਂ ਰਾਮ ਮੁਹੰਮਦ ਸਿੰਘ ਸੀ। ਉਹ ਪੂਰੇ 20 ਸਾਲ ਦੇਸ਼-ਪਿਆਰ ਅਤੇ ਜਲ੍ਹਿਆਂਵਾਲੇ ਹੱਤਿਆ-ਕਾਂਡ ਦਾ ਗ਼ਮ ਤੇ ਗੁੱਸਾ ਦਿਲ ਵਿਚ ਲਈ ਫਿਰਦਾ ਰਿਹਾ। ਅਖ਼ੀਰ 13 ਮਾਰਚ, 1940 ਨੂੰ ਜਦੋਂ ਓਡਵਾਇਰ ਇੰਡੀਆ ਹਾਊਸ ਵਿਚ ਲੈਕਚਰ ਦੇ ਰਿਹਾ ਸੀ, ਤਾਂ ਊਧਮ ਸਿੰਘ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਦਾ ਦੁਨੀਆਂ ਭਰ ਵਿੱਚ ਚਰਚਾ ਹੋਇਆ। ਅਦਾਲਤ ਵਿੱਚ ਬਿਆਨ ਦਿੰਦਿਆਂ ਉਸ ਨੇ ਕਿਹਾ––‘‘ ਮੈਂ ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦਾ ਬਦਲਾ ਲੈ ਲਿਆ ਹੈ। ਮੈਂ ਆਪਣੇ ਦੇਸ਼ ਦੀ ਸ਼ਾਨ ਵਿਰੁੱਧ ਓਡਵਾਇਰ ਦਾ ਘ੍ਰਿਣਾ ਭਰਿਆ ਲੈਕਚਰ ਸਹਾਰ ਨਹੀਂ ਸਕਿਆ। ਮੈ ਜੋ ਕੁਝ ਕੀਤਾ ਹੈ ਆਪਣੇ ਦੇਸ਼ ਲਈ ਕੀਤਾ ਹੈ।’’ ਜੁਲਾਈ 31, 1940 ਨੂੰ ਉਸ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿਤਾ ਗਿਆ।
ਪੰਜਾਬ ਸਰਕਾਰ ਦੇ ਉੱਦਮ ਨਾਲ ਇਸ ਮਹਾਨ ਸ਼ਹੀਦ ਦੀਆਂ ਅਸਥੀਆਂ ਨੂੰ ਇੰਗਲੈਂਡ ਤੋਂ 23 ਜੁਲਾਈ 1974 ਨੂੰ ਚੰਡੀਗਤ੍ਹ ਵਿਖੇ ਲਿਆਂਦਾ ਗਿਆ। ਭਾਰਤ ਸਰਕਾਰ ਤੇ ਖ਼ਾਸ ਕਰਕੇ ਪੰਜਾਬ ਦੇ ਵਾਸੀਆਂ ਨੇ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਜੁਲਾਈ 31, 1974 ਨੂੰ ਇਸ ਅਮਰ-ਸ਼ਹੀਦ ਦੀ ਅੰਤਮ ਇਛਾ ਨੂੰ ਪੂਰਿਆਂ ਕਰਦਿਆਂ ਇਸਦਾ ਸੰਸਕਾਰ ਸੁਨਾਮ ਵਿਚ ਕੀਤਾ ਗਿਆ। ਇਸ ਦੇ ਸਨਮਾਨ ਵਿਚ ਪੰਜਾਬ ਸਰਕਾਰ ਨੇ ਸੁਨਾਮ ਦਾ ਨਾਂ ਬਦਲਕੇ ‘ਸੁਨਾਮ ਊਧਮ ਸਿੰਘ ਵਾਲਾ’ ਰਖ ਦਿੱਤਾ।
ਹ. ਪੁ. ––ਤਾਰੀਖੇ ਸੁਨਾਮ : ਸੱਯਾਰ ਸੁਨਾਮੀ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First