ਓਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਓਡ (ਨਾਂ,ਪੁ) ਇੱਕ ਤੋਂ ਦੂਜੀ ਥਾਂ ਘੁੰਮ ਫ਼ਿਰ ਕੇ ਭੇਡਾਂ, ਬੱਕਰੀਆਂ ਚਾਰਨ ਵਾਲੀ ਇੱਕ ਖ਼ਾਨਾਬਦੋਸ਼ ਜਾਤੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3414, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਓਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਓਡ [ਨਾਂਪੁ] ਧਰਤੀ ਦੇ ਅੰਦਰ ਪਾਣੀ ਆਦਿ ਦੀ ਸਥਿਤੀ ਜਾਣਨ ਵਾਲ਼ੀ ਇੱਕ ਜਾਤੀ; ਭੇਡਾਂ/ਬੱਕਰੀਆਂ ਪਾਲਣ ਵਾਲ਼ੀ ਇੱਕ ਟੱਪਰੀਵਾਸ ਜਾਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3402, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਓਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਓਡ. ਸੰਗ੍ਯਾ—ਧਰਤੀ ਦੇ ਅੰਦਰਲੇ ਭੇਤ ਜਾਣਨ ਵਾਲੀ ਇੱਕ ਜਾਤਿ. ਇਸ ਜਾਤਿ ਦੇ ਲੋਕ ਅਕਸਰ ਰੋੜ ਵੱਟੇ ਆਦਿਕ ਪੁੱਟ (ਖਣ) ਕੇ ਕਢਦੇ ਹਨ ਤੇ ਖੂਹ ਲਾਉਂਦੇ ਹਨ, ਅਤੇ ਤਜਰਬੇ ਤੋਂ ਅੰਦਾਜ਼ਾ ਲਾਕੇ ਦੱਸ ਸਕਦੇ ਹਨ ਕਿ ਖਾਰਾ ਅਥਵਾ ਮਿੱਠਾ ਜਲ ਕਿਸ ਤਰ੍ਹਾਂ ਦੀ ਜ਼ਮੀਨ ਹੇਠੋਂ ਨਿਕਲਦਾ ਹੈ. ਲੋਕੀ ਇਹਨਾਂ ਦੀ ਮਦਦ ਪੁਰਾਣੇ (ਦੱਬੇ ਹੋਏ) ਖੂਹਾਂ ਨੂੰ ਲਭਣ ਵਿਚ ਭੀ ਬਹੁਤ ਲੈਂਦੇ ਹਨ. ਦੇਖੋ, ਓਡਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਓਡ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਓਡ: ਇਹ ਮਿਸ਼ਰਤ ਛੰਦ ਦੇ ਢਾਂਚੇ ਵਿਚ, ਆਮ ਤੌਰ ਤੇ ਜੋਸ਼ੀਲੀ ਸੁਰ ਵਿਚ ਅਤੇ ਉੱਚ–ਸ਼ੈਲੀ ਵਿਚ ਲਿਖੀ ਜਾਣ ਵਾਲੀ ਉਹ ਸੰਬੋਧਨਾਤਮਕ ਕਵਿਤਾ ਹੈ ਜਿਸ ਦਾ ਵਿਸ਼ਾ ਵਿਸ਼ਵ ਵਿਆਪੀ ਝੁਕਾ ਵਾਲਾ ਹੁੰਦਾ ਹੈ। ਇਸ ਦਾ ਜਨਮ ਨਾਚ ਅਤੇ ਸਾਜ਼ਾਂ ਨਾਲ ਗਾਏ ਜਾਣ ਵਾਲੇ ਯੂਨਾਨੀ ਕੋਰਸ ਵਿਚੋਂ ਹੋਇਆ।
ਪਿੰਡਾਰ ਦੀ ਓਡ ਦਾ ਆਧਾਰ–ਯੂਨਾਨ ਵਿਚ ਓਡ ਦਾ ਮੁੱਖ ਆਦਰਸ਼ ਯੂਨਾਨੀ ਦੁਖਾਂਤਾਂ ਦੇ ਕੋਰਸਾਂ ਵਿਚ ਮਿਲਦਾ ਹੈ। ਛੰਦ ਦੇ ਪੱਖ ਤੋਂ ਇਹ ਓਡ ਬਹੁਤ ਹੀ ਰਲਵੇਂ ਮਿਲਵੇ ਜਿਹੇ ਸਨ। ਕੋਰਸ ਦੇ ਤਿੰਨ ਅੰਗ ਸਨ ਪਹਿਲਾ ਸਟਰਾਫ਼ੀ (Strophe) ਜਿਸ ਵਿਚ ਕੋਰਸ ਦੀ ਇਕ ਪਾਰਟੀ ਇਕ ਪਾਸਿਉਂ ਦੇਵਤੇ ਵੱਲ ਵਧਦੀ ਸੀ। ਦੂਜਾ ਅੰਗ ਸੀ ਐਂਟੀ ਸਟਰਾਫ਼ੀ। ਸਟਰਾਫ਼ੀ ਵਾਲਿਆਂ ਦੇ ਮੁਕਾਬਲੇ ਵਿਚ ਦੂਜੀ ਪਾਰਟੀ ਜੋ ਦੇਵਤੇ ਵੱਲ ਨੂੰ ਦੂਜੇ ਪਾਸਿਉਂ ਵਧਦੀ ਸੀ ਉਸ ਨੂੰ ਐਂਟੀ ਸਟਰਾਫ਼ੀ ਕਹਿੰਦੇ ਸਨ। ਤੀਜਾ ਅੰਗ ਇਪੋਡ ਸੀ। ਜਦੋਂ ਉਪਰੋਕਤ ਦੋਵੇਂ ਪਾਰਟੀਆਂ ਦੇਵਤੇ ਦੇ ਸਾਹਮਣੇ ਇਕ ਥਾਂ ਖੜੋ ਕੇ ਗਾਉਂਦੀਆਂ ਸਨ ਉਸ ਅਵਸਥਾ ਨੂੰ ਇਪੋਡ ਕਿਹਾ ਜਾਂਦਾ ਸੀ। ਇਹ ਇਪੋਡ ਖ਼ਾਸ ਮੌਕਿਆਂ ਤੇ ਹੀ ਹੁੰਦਾ ਸੀ। ਐਲਕਮੈਨ (Alcman-630 ਈ. ਪੂ.) ਨੇ ਸਭ ਤੋਂ ਪਹਿਲਾਂ ਸਟਰਾਫ਼ੀ ਨੂੰ ਆਪਣੀ ਕਵਿਤਾ ਪਾਰਥੀਨੀਆ (Parthenia) ਵਿਚ ਸੋਹਣੀ ਤਰ੍ਹਾਂ ਸ਼ਾਮਲ ਕਰਕੇ ਪੇਸ਼ ਕੀਤਾ। ਪਰ ਅਜਿਹੀ ਮਿਹਨਤ ਨਾਲ ਇਕ ਖ਼ਾਸ ਸਕੀਮ ਨੂੰ ਮੁੱਖ ਰੱਖ ਕੇ ਰਚੇ ਗਏ ਓਡ, ਪਿੰਡਾਰਕ ਓਡ ਦੇ ਨਾਂ ਨਾਲ ਮਸ਼ਹੂਰ ਹਨ ਕਿਉਂਕਿ ਪਿੰਡਾਰ (522-422 ਈ. ਪੂ.) ਨੇ ਆਪਣੀ ਜਿੱਤ ਸਬੰਧੀ ਓਡਜ਼ ਵਿਚ ਇਸ ਢਾਂਚੇ ਨੂੰ ਵਰਤਿਆ ਸੀ। ਜਿੱਤ ਸਬੰਧੀ ਇਹ ਓਡ ਓਲਿੰਪਿਕ ਖੇਡਾਂ ਵਿਚ ਜਿੱਤਣ ਦੇ ਮੌਕੇ ਤੇ ਲਿਖੇ ਗਏ ਸਨ।
ਓਡ ਦਾ ਅਜੋਕਾ ਰੂਪ ਸੰਬੋਧਨ ਕਾਵਿ ਜਿਹਾ ਹੈ ਜਿਸ ਦਾ ਅਰੰਭ ਰੋਮਨ ਕਵੀ ਹੋਰੇਸ (65-8 ਈ. ਪੂ.) ਦੇ ਓਡ ਨਾਲ ਹੁੰਦਾ ਹੈ। ਹੋਰੇਸ ਦੀ “ਕਾਰਮਿਨਾ” (ਜਿਸ ਦਾ ਸਦਾ ਓਡਜ਼ ਦੇ ਰੂਪ ਵਿਚ ਅਨੁਵਾਦ ਹੋਇਆ) ਉਨ੍ਹਾਂ ਛੰਦਾਂ ਵਿਚ ਹੈ, ਜਿਨ੍ਹਾਂ ਨੂੰ ਯੂਨਾਨੀ ਦੇ ਅਤੇ ਖ਼ਾਸ ਕਰਕੇ ਸਾਫ਼ੋ (620 ਈ. ਪੂ.) ਐਲਸੀਅਸ (611–580 ਈ. ਪੂ.) ਅਤੇ ਐਨਕ੍ਰਿਊਨ (563–478 ਈ. ਪੂ.) ਦੇ ਗੀਤਾਂ ਵਿਚ ਮਾਂਜਿਆ ਸੰਵਾਰਿਆ ਗਿਆ ਸੀ। ਹੋਰੇਸ ਦੇ ਲਗਭਗ ਸਾਰੇ ਓਡ ਕਿਸੇ ਚੀਜ਼ ਜਾਂ ਵਿਅਕਤੀ ਨੂੰ ਸੰਬੋਧਨ ਕਰ ਕੇ ਲਿਖੇ ਗਏ ਹਨ ਅਤੇ ਉਨ੍ਹਾਂ ਵਿਚੋਂ ਕੁਝ ਬੜੀ ਗ਼ੰਭੀਰਤਾ ਨਾਲ ਰੋਮ ਅਤੇ ਰੋਮਨਾਂ ਦੇ ਅਖ਼ਲਾਕੀ ਜੀਵਨ ਦੀ ਮਹੱਤਤਾ ਗਾਉਂਦੇ ਹਨ।
ਪੁਨਰਜਾਗਰਿਤੀ–ਕਾਲ ਦੀ ਕਲਾਸੀਕਲ ਲਹਿਰ ਦੇ ਅਰੰਭ ਦੇ ਨਾਲ ਨਾਲ ਹੀ ਕਈ ਦੇਸ਼ਾਂ ਦੇ ਕਵੀਆਂ ਨੇ ਓਡ ਨੂੰ ਅਪਣਾਇਆ। ਇਤਾਲਈ ਕਵੀ ਪੀਟ੍ਰਾਰਕ (1304-74) ਨੇ ਰਿਏਂਜ਼ੀ ਨੂੰ ਸੰਬੋਧਤ ਆਪਣੀਆਂ ਦੋਸ਼–ਭਗਤੀ ਦੀਆਂ ਕਵਿਤਾਵਾਂ ‘ਇਤਾਲੀਆਮੀਆਂ’ ਅਤੇ ‘ਸਪਿਰੀਤੋਜ਼ੇਤੀਲ’ ਵਿਚ ਹੋਰੇਸ ਦੀ ਪਰੰਪਰਾ ਨੂੰ ਅਪਣਾਇਆ। ਫਰਾਂਸੀਸੀ ਕਵੀ ਪੀਅਰ ਰਾਂਸਾਰਦ ਨੇ ਆਪਣੇ ਕੁਝ ਓਡਜ਼ (1550–52 ਈ.) ਵਿਚ ਪਿੰਡਾਰੀ ਸ਼ੈਲੀ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ।
ਅੰਗਰੇਜ਼ੀ ਕਵਿਤਾ ਵਿਚ ਤਿੰਨ ਵੱਖ–ਵੱਖ ਕਿਸਮਾਂ ਦੇ ਓਡ ਮਿਲਦੇ ਹਨ। ਪਹਿਲੀ ਕਿਸਮ ਸਮਾਨ ਚਰਨਾਂ ਵਾਲੀ ਹੋਰੇਸ ਵਰਗੀ ਸ਼ੈਲੀ ਜਿਸ ਵਿਚ ਇਕ ਹੀ ਸਟਰਾਫ਼ੀ ਵਾਲੇ ਗੀਤ ਹੋਣ ਅਤੇ ਹਰ ਇਕ ਵਿਚ ਵੱਖੋਂ ਵੱਖ ਲੰਮੀਆਂ ਪੰਗਤੀਆਂ ਹੋਣ। ਮਿਸਾਲ ਦੇ ਤੌਰ ਤੇ ਬੈਨ ਜਾਨਸਨ, ਰੇਂਡਾਲਫ, ਹੈਰਿਕ ਆਦਿ ਦੇ ਓਡ। ਪਰ ਮਗਰੋਂ ਦੀਆਂ ਰਚਨਾਵਾਂ ਵਿਚ ਨਿਯਮ ਅਨੁਸਾਰ ਚੱਲਣ ਦਾ ਝੁਕਾ ਮਿਲਦਾ ਹੈ, ਜਿਵੇਂ ਐਡਰਿਉ ਮਾਰਵਿਨ ਦੀ ਕਿਰਤ ‘ਹੋਰੇਸ਼ੀਅਨ ਓਡ ਅਪਾਨ ਕ੍ਰਾਮਵੈਲਜ਼ ਰੀਟਰਨ ਫ਼ਰਾਮ ਆਇਰਲੈਂਡ’ ਵਿਚ, ਗ੍ਰੇ ਦੇ ਛੋਟੇ ਓਡ ਵਿਚ ਅਤੇ ਕਾੱਲਿਨਜ਼, ਕੀਟਸ ਅਤੇ ਸਵਿਨਬਰਨ ਦੇ ਓਡਜ਼ ਵਿਚ। ਦੂਜੀ ਕਿਸਮ ਦੇ ਓਡ “ਨਿਯਮ ਰਹਿਤ ਓਡ” ਹਨ, ਜਿਨ੍ਹਾ ਦੇ ਚਰਨ ਆਪਣੇ ਢਾਂਚੇ ਅਤੇ ਲੰਬਾਈ ਵਿਚ ਇਕੋਂ ਜਿਹੇ ਨਹੀਂ ਹੁੰਦੇ ਅਤੇ ਉਨ੍ਹਾਂ ਦੀ ਲੈਟਅ ਅਤੇ ਸਵਰਆਘਾਤ ਕਈ ਤਰ੍ਹਾਂ ਨਾਲ ਹੁੰਦਾ ਹਨ। ਮਿਸਾਲ ਦੇ ਤੋਰ ਤੇ ਕਾਊਲੀ ਦਾ ‘ਪਿੰਡਰਿਕ ਓਡ’, ਡ੍ਰਾਈਡਨ ਦਾ ‘ਅਲੈਗਜ਼ੈਂਡਰਜ਼ ਫ਼ੀਸਟ’ ਅਤੇ ‘ਓਡ ਆਨ ਸੇਂਟ ਸਿਸਿਲੀਆਜ਼ ਡੇ’ , ਵਰਡਜ਼ਵਰਥ ਦਾ ‘ਇੰਟੀਮੇਸ਼ਨਜ਼ ਆਫ਼ ਇਮਾਰਟੈਲੇਟੀ’, ਕਾਲਰਿਜ ਦਾ ‘ਫ੍ਰਾਂਸ ਡੀਜੈਕਸ਼ਨ’, ਸ਼ੈਲੇ ਦਾ ‘ਓਡ ਟੂ ਨੇਪਲਜ਼’, ਟੈਨੀਸਨ ਦਾ ‘ਚਾਰਜ ਆਫ ਦੀ ਲਾਈਟ ਬ੍ਰੀਗੇਡ’ ਅਤੇ ‘ਓਡ ਆਨ ਦੀ ਡੈਥ ਆਫ ਵਾਲਿੰਗਟਨ (1854)’, ਕਾਵੈਂਟਰੀ ਪੈਟਮੋਰ ਦੇ 1868 ਦੇ ਓਡਜ਼, ਜੀ. ਐਮ. ਹਾਪਕਿਨਜ਼ ਦਾ ‘ਦੀ ਰੈਕ ਆਫ ਦੀ ਡੂਜ਼ਲੈਂਡ’। ਡਬਲਯੂ ਵਾਟਸਨ ਅਤੇ ਲਾਰੈਂਸ ਬਿਨੀਅਨ ਵੀ ਇਸ ਪਰੰਪਰਾ ਦੇ ਉੱਘੇ ਅਤੇ ਵਰਣਨ ਯੋਗ ਕਵੀਆਂ ਵਿਚੋਂ ਹਨ। ਤੀਜੀ ਕਿਸਮ ਨਿਯਮਤ ਪਿੰਡਾਰੀ ਓਡ ਦੀ ਹੈ, ਜਿਵੇਂ ਗ੍ਰੇ ਦਾ ‘ਪ੍ਰਾਗੈਸ ਆਫ਼ ਪੋਇਜ਼ੀ’ (1754), ਅਤੇ ‘ਦੀ ਬਾਰਡ’ (1757), ਵਾਲਟਰ ਸੈਵੇਜ਼ ਲੈਂਡਰ ਦਾ ‘ਓਡ ਟੂ ਸ਼ੈਲੇ’ ਅਤੇ ‘ਓਡ ਟੂ ਮਿਲਟਨ’। ਸਵਿਨ ਬਰਨ ਨੇ ਇਸ ਪਿੰਡਾਰੀ ਸ਼ੈਲੀ ਦੀ ਵਰਤੋਂ ਆਪਣੇ ਰਾਜਨੀਤਕ ਓਡਜ਼ ਵਿਚ ਕੀਤੀ ਹੈ।
ਅਜ ਕਲ੍ਹ ਓਡ ਗੀਤ ਦੀ ਸ਼ਕਲ ਵਿਚ ਸਵੀਕਾਰ ਕੀਤੇ ਜਾਂਦੇ ਹਨ ਅਤੇ ਇਹ ਮੁਕਾਬਲਤਨ ਲੰਮੇ ਵੀ ਹੁੰਦੇ ਹਨ ਜਿਨ੍ਹਾਂ ਵਿਚ ਕਵੀ ਆਪਣੇ ਦਿਲ ਦੇ ਗੰਭੀਰ ਤੋਂ ਗੰਭੀਰ ਭਾਵ ਪ੍ਰਗਟ ਕਰਦਾ ਹੈ।
ਲੇਖਕ : ਸ਼ਮਸ਼ੇਰ ਸਿੰਘ ਅਸ਼ੋਕ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-14, ਹਵਾਲੇ/ਟਿੱਪਣੀਆਂ: no
ਓਡ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਓਡ: ਇਹ ਪੱਛਮੀ ਪਾਕਿਸਤਾਨ, ਪੰਜਾਬ ਅਤੇ ਰਾਜਸਥਾਨ ਦੀ ਇਕ ਖ਼ਾਨਾ–ਬਦੋਸ਼ ਕੌਮ ਹੈ। ਓਡ ਫੁਟਕਲ ਮਜ਼ਦੂਰੀ ਨਹੀਂ ਕਰਦੇ, ਸਗੋਂ ਠੇਕੇ ਲੈ ਕੇ ਸੜਕਾਂ ਤੇ ਮਿੱਟੀ ਪਾਉਂਦੇ ਹਨ। ਇਹ ਨਹਿਰਾਂ ਪੁੱਟਦੇ ਤੇ ਰੇਲ ਦੀਆਂ ਪਟੜੀਆਂ ਤਿਆਰ ਕਰਦੇ ਹਨ। ਇਹ ਠੇਕੇ ਤੇ ਮਕਾਨ ਵੀ ਬਣਾ ਦਿੰਦੇ ਹਨ ਤੇ ਖੂਹ ਤਲਾ ਆਦਿ ਵੀ ਪੁੱਟ ਦਿੰਦੇ ਹਨ। ਸੂਬਾ ਸਰਹੱਦ ਦੇ ਇਲਾਕੇ ਵਿਚ ਓਡ ਫੇਰੀ ਦਾ ਕੰਮ ਕਰਦੇ ਹਨ।
ਓਡ ਹਿੰਦੂ ਤੇ ਮੁਸਲਮਾਨ ਦੋਵੇਂ ਜਾਤਾਂ ਦੇ ਹੁੰਦੇ ਹਨ। ਇਹ ਭਾਵੇਂ ਪੰਜਾਬੀ ਵੀ ਬੋਲਦੇ ਹਨ ਪਰ ਇਨ੍ਹਾਂ ਦੀ ਇਕ ਵੱਖਰੀ ਬੋਲੀ ਵੀ ਹੈ ਜਿਸ ਨੂੰ ਇਹ ‘ਓਡਕੀ’ ਕਹਿੰਦੇ ਹਨ। ਓਡ ਉੱਨ ਦੇ ਕਪੜੇ ਪਹਿਨਦੇ ਹਨ। ਇਹ ਕਹਿੰਦੇ ਹਨ ਕਿ ਇਨ੍ਹਾਂ ਦਾ ਵਡੇਰਾ ਕੋਈ ਭਗੀਰਥ ਨਾਮੀ ਸੀ, ਜੋ ਨਿੱਤ ਨਵਾਂ ਖੂਹ ਪੁੱਟ ਕੇ ਪਾਣੀ ਪੀਂਦਾ ਸੀ। ਉਸ ਨੇ ਇਹ ਪ੍ਰਣ ਕੀਤਾ ਸੀ ਕਿ ਉਹ ਇੱਕੋ ਹੀ ਖੂਹ ਤੋਂ ਦੋਬਾਰਾ ਪਾਣੀ ਨਹੀਂ ਪੀਏਗਾ। ਇਸ ਪ੍ਰਣ ਨੂੰ ਪਾਲਣ ਵਾਸਤੇ ਉਹ ਰੋਜ਼ ਇਕ ਨਵਾਂ ਖੂਹ ਪੁੱਟਦਾ ਸੀ। ਕਹਿੰਦੇ ਹਨ ਕਿ ਇਕ ਦਿਨ ਉਹ ਖੂਹ ਪੁੱਟਦਾ ਪੁੱਟਦਾ ਥੱਲੇ ਹੀ ਥੱਲੇ ਚਲਾ ਗਿਆ ਤੇ ਫੇਰ ਬਾਹਰ ਨਹੀਂ ਨਿਕਲਿਆ। ਉਸ ਦੇ ਸੋਗ ਵਜੋਂ ਇਹ ਲੋਕ ਉਸੇ ਦਿਨ ਤੋਂ ਊਨੀ ਕਪੜੇ ਪਹਿਨਦੇ ਹਨ।
ਓਡਾਂ ਦਾ ਮੂਲ ਦੇਸ਼ ਮਾਰਵਾੜ ਕਿਹਾ ਜਾਂਦਾ ਹੈ।
ਹ. ਪੁ. –ਗ.ਪੰ. ਕਾ. ਟ੍ਰਾ. 274
ਲੇਖਕ : –ਸ਼ਮਸ਼ੇਰ ਸਿੰਘ ਅਸ਼ੋਕ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-22, ਹਵਾਲੇ/ਟਿੱਪਣੀਆਂ: no
ਓਡ ਸਰੋਤ :
ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਓਡ : ਇਕ ਖ਼ਾਨਾ-ਬਦੋਸ਼ ਜਾ ਟੱਪਰੀਵਾਸ ਜਾਤਿ ਇਸ ਦਾ ਮੁੱਖ ਵਿਚਰਣ-ਖੇਤਰ ਰਾਜਲਥਾਨ ਅਤੇ ਪੰਜਾਬ ਰਿਹਾ ਹੈ। ਇਸ ਜਾਤਿ ਦਾ ਮੂਲ-ਸਥਾਨ ਕਿਹੜਾ ਅਤੇ ਕਿਥੇ ਹੈ ? ਇਸ ਬਾਰੇ ਵਿਦਵਾਨਾਂ ਵਿਚ ਮਤ ਭੇਦ ਹੈ,ਪਰ ਉਂਜ ਸਾਰੇ ਇਸ ਗੱਲ ਉਤੇ ਸਹਿਮਤ ਹਨ ਕਿ ਇਸ ਜਾਤਿ ਦੇ ਲੋਕ ਬਾਰ੍ਹਵੀਂ ਜਾਂ ਤੇਰ੍ਹਵੀਂ ਸਦੀ ਵਿਚ ਰਾਜਸਥਾਨ ਤੋਂ ਪੰਜਾਬ ਵਲ ਪਸਰੇ ਸਨ। ਇਨ੍ਹਾਂ ਦੇ ਵਿਸਰਜਨ ਦਾ ਕਾਰਣ ਭਿਆਨਕ ਕਾਲ ਜਾਂ ਸੋਕਾ ਮੰਨਿਆ ਜਾਂਦਾ ਹੈ।
ਓਡ ਆਪਣਾ ਸੰਬੰਧ ਕਿਸੇ ਭਗਰੀਥ ਨਾਲ ਜੋੜਦੇ ਹਨ ਜੋ ਮਿਥ ਅਨੁਸਾਰ ਨਿੱਤ ਨਵਾਂ ਖੂਹ ਪੁਟ ਕੇ ਪਾਣੀ ਪੀਂਦਾ ਸੀ। ਇਕ ਵਾਰ ਖੂਹ ਪੁਟਦਾ ਉਹ ਹੇਠਾਂ ਨੂੰ ਧਸ ਗਿਆ ਅਤੇ ਬਾਹਰ ਨਾ ਨਿਕਲ ਸਕਿਆ। ਓਡਾਂ ਦਾ ਵਿਸ਼ਵਾਸ ਹੈ ਕਿ ਉਹ ਪਤਾਲ ਲੋਕ ਵਿਚ ਬੈਠਾ ਆਪਣੀ ਸ਼ਕਤੀ ਸਾਰੀ ਜਾਤਿ ਦਾ ਧਿਆਨ ਰਖ ਰਿਹਾ ਹੈ। ਉਸ ਦਾ ਵਿਯੋਗ ਵਿਚ ਉਦੋਂ ਤੋਂ ਓਡ ਲੋਕ ਊਨੀ ਬਸਤ੍ਰ ਪਾਂਦੇ ਰਹੇ ਹਨ। ਪਰ ਕੁਝ ਵਿਦਵਾਨਾਂ ਅਧਿਕਤਰ ਇਹ ਬਕਰੀਆਂ ਜਾਂ ਭਿਡਾਂ ਹੀ ਪਲਦੇ ਸਨ, ਇਸ ਲਈ ਉਨ੍ਹਾਂ ਦੇ ਵਾਲਾਂ ਦੇ ਬਣੇ ਬਸਤ੍ਰ ਹੀ ਇਨ੍ਹਾਂ ਲਈ ਸੁਵਿਧਾ ਪੂਰਵਕ ਉਪਲਬਧ ਹੁੰਦੇ ਸਨ।
ਓਡ ਮੂਲ ਰੂਪ ਵਿਚ ਰਾਜਪੂਤ(ਛਤ੍ਰੀ) ਸਨ, ਬਾਦ ਵਿਚ ਕੁਝ ਕਬੀਲੇ ਮੁਸਲਮਾਨ ਵੀ ਹੋ ਗਏ। ਇਸ ਲਈ ਓਡ ਹਿੰਦੂ ਅਤੇ ਮੁਸਲਮਾਨ ਦੋਹਾਂ ਧਰਮਾਂ ਵਿਚ ਮਿਲਦੇ ਹਨ। ਇਧਰ ਉਧਰ ਨਿਖੜ ਕੇ ਰਹਿਣ ਇਨ੍ਹਾਂ ਦੇ ਵੱਖ-ਵੱਖ ਕਬੀਲਿਆਂ ਵਿਚ ਸਮਾਜਿਕ ਅਤੇ ਧਾਰਮਿਕ ਮਾਨਤਾਵਾਂ ਦਾ ਅੰਤਰ ਵੀ ਪੈਦਾ ਹੋ ਗਿਆ ਹੈ।
ਓਡਾਂ ਦਾ ਪਰੰਪਰਾਗਤ ਕੰਮ ਖੂਹ ਪੁੱਟਣਾ ਜਾਂ ਧਰਤੀ ਵਿਚੋਂ ਪੱਥਰ ਕੱਢਣਾ ਹੈ ਅਤੇ ਇਹੀ ਹੁਣ ਤਕ ਇਨ੍ਹਾਂ ਦਾ ਮੁੱਖ ਕਿੱਤਾ ਚਲਿਆ ਆ ਰਿਹਾ ਹੈ। ਇਨ੍ਹਾਂ ਨੂੰ ਖੂਹ ਪੁਟਣ ਵਿਚ ਇਤਨੀ ਮਹਾਨਤ ਹੈ ਕਿ ਇਹ ਮਿੱਟੀ ਸੁੰਘ ਕੇ ਹੀ ਉਸ ਹੇਠਲੇ ਪਾਣੀ ਦੇ ਸ੍ਰੋਤੇ ਜਾਂ ਜਲਾਸ਼ਯ ਦਾ ਅਨੁਮਾਨ ਲਗਾ ਲੈਂਦੇ ਹਨ ਅਤੇ ਪਾਣੀ ਦੇ ਖਾਰੇ ਜਾਂ ਮਿਠੇ ਹੋਣ ਦਾ ਵੀ ਨਿਰਣਾ ਕਰਨ ਵਿਚ ਸਮਰਥ ਹੁੰਦੇ ਹਨ। ਕਾਲ-ਚੱਕਰ ਕਰਕੇ ਲੁਪਤ ਹੋਏ ਪੁਰਾਣੇ ਖੂਹਾਂ ਦੀ ਨਿਸ਼ਾਨਦੇਹੀ ਵੀ ਇਹੀ ਲੋਕ ਕਰ ਸਕਦੇ ਹਨ। ਇਸ ਨਿਸ਼ਾਨਦੇਹੀ ਵਿਚ ਇਨ੍ਹਾਂ ਦੁਆਰਾ ਪਾਲੀਆਂ ਬਕਰੀਆਂ ਵੀ ਸਹਾਇਕ ਹੁੰਦੀਆਂ ਹਨ ਕਿਉਂਕਿ ਬਕਰੀਆਂ ਆਮ ਤੌਰ ਤੇ ਗੁੱਝੇ ਖੂਹ ਦੀ ਉਪਰਲੀ ਧਰਤੀ ਉਤੇ ਨਾ ਬੈਠ ਕੇ ਉਸ ਦੀ ਮੁੰਡੇਰ ਦੁਆਲੇ ਗੋਲਾਕਾਰ ਵਿਚ ਬਹਿੰਦੀਆਂ ਹਨ। ਉਨ੍ਹਾਂ ਦੀ ਇਸ ਬੈਠਣ-ਸਥਿਤੀ ਤੋਂ ਹੀ ਓਡ ਧਰਤੀ ਹੇਠਾਂ ਦੱਬੇ ਖੂਹ ਦਾ ਅੰਦਾਜ਼ਾ ਲਗਾ ਲੈਂਦੇ ਹਨ। ਗੁਰੂ ਰਾਮਦਾਸ ਨੇ ਓਡ ਦੇ ਇਸ ਵਿਸ਼ਿਸ਼ਟ ਕਾਰਜ ਦੇ ਉਪਮਾਨ ਰਾਹੀਂ ਜਿਗਿਆਸੂ ਦੇ ਅਧਿਆਤਮਿਕ ਜੀਵਨ ਵਿਚ ਗੁਰੂ ਦੇ ਕਰਤੱਵ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਸਤਿਗੁਰੂ ਜਿਗਿਆਸੂ ਦੇ ਮਨ ਅੰਦਰ ਲੁਪਤ ਨਾਮ-ਪਦਾਰਥ ਨੂੰ ਉਸ ਤਰ੍ਹਾਂ ਦਰਸਾ ਦਿੰਦਾ ਹੈ ਜਿਵੇਂ ਓਡ ਛਿਣ ਭਰ ਵਿਚ ਧਰਤੀ ਹੇਠਾਂ ਲੁਪਤ ਖੂਹ ਦਾ ਪਤਾ ਲਗਾ ਲੈਂਦਾ ਹੈ----‘ਜਿਓ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ’ (ਅ.ਗ੍ਰੰ. 1179)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਪੰਜਾਬੀ ਸਾਹਿਤ ਸੰਦਰਭ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no
ਓਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਓਡ, ਪੁਲਿੰਗ : ਧਰਤੀ ਦੇ ਅੰਦਰਲੇ ਭੇਤ ਜਾਨਣ ਵਾਲੀ ਇਕ ਜਾਤ, ਇਸ ਜਾਤ ਦੇ ਲੋਕ ਅਕਸਰ ਰੋੜ ਵੱਟੇ ਆਦਿਕ ਪੁੱਟ ਕੇ ਕੱਢਦੇ ਹਨ ਤੇ ਖੂਹ ਲਾਉਂਦੇ ਹਨ ਅਤੇ ਤਜ਼ਰਬੇ ਤੋਂ ਅੰਦਾਜ਼ਾ ਲਾ ਕੇ ਦੱਸ ਸਕਦੇ ਹਨ ਕਿ ਖਾਰਾ ਅਥਵਾ ਮਿੱਠਾ ਜਲ ਕਿਸ ਤਰ੍ਹਾਂ ਦੀ ਜ਼ਮੀਨ ਹੇਠੋਂ ਨਿਕਲਦਾ ਹੈ। ਲੋਕੀ ਇਨ੍ਹਾਂ ਦੀ ਮਦਦ ਪੁਰਾਣੇ (ਦਬੇ ਹੋਏ) ਖੂਹਾਂ ਨੂੰ ਲਭਣ ਵਿਚ ਭੀ ਬਹੁਤ ਲੈਂਦੇ ਹਨ (ਭਾਈ ਕਾਨ੍ਹ ਸਿੰਘ), ਭੇਡ ਬੱਕਰੀ ਪਾਲਣ ਵਾਲੀ ਇਕ ਟਪਰੀਵਾਸ ਮੁਸਲਮਾਨ ਜਾਤੀ
–ਓਡਨੀ, ਇਸਤਰੀ ਲਿੰਗ : ਓਡ ਦੀ ਵਹੁਟੀ, ਓਦ ਜਾਤ ਦੀ ਤ੍ਰੀਮਤੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-29-03-20-43, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First