ਓਪੇਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

          ਓਪੇਰਾ: ਸੰਗੀਤ ਨਾਟਕ ਨੂੰ ਓਪੇਰਾ ਕਹਿੰਦੇ ਹਨ। ਅਜੋਕੇ ਓਪੇਰੇ ਦਾ ਜਨਮ 1597 ਈ. ਵਿਚ ਇਟਲੀ ਦੇ ਫ਼ਲੋਰੈਂਸ ਸ਼ਹਿਰ ਵਿਚ ‘ਲਾ ਦਾਫਨੈ’ (La Daphne) ਨਾ ਦਾ ੳਪੇਰਾ ਸਟੇਜ ਕਰਨ ਨਾਲ ਹੋਇਆ ਸੀ। ਇਹ ਓਪੇਰਾ ਪੇਸ਼ ਕਰਨ ਵਾਲਿਆਂ ਨੂੰ ਉਸ ਵੇਲੇ ਖੁਦ ਇਹ ਪਤਾ ਨਹੀਂ ਸੀ ਕਿ ਉਹ ਸਹਿਜ ਸੁਭਾ ਹੀ ਇਕ ਮਹੱਤਵਪੂਰਨ ਕਲਾ ਨੂੰ ਜਨਮ ਦੇ ਰਹੇ ਹਨ। ਉਸ ਤੋਂ ਮਗਰੋਂ ਦੀਆਂ ਚਾਰ ਸਦੀਆਂ ਦੇ ਦੌਰਾਨ ਓਪੇਰਾ ਦੀ ਵਿਆਖਿਆ ਕਈ ਢੰਗਾਂ ਨਾਲ ਹੋਈ ਹੈ, ਪਰ ਰਿਵਾਜ ਅਤੇ ਤਜਰਬੇ ਦੇ ਆਧਾਰ ਤੇ ਇਹੋ ਹੀ ਮੰਨਿਆ ਜਾਂਦਾ ਹੈ ਕਿ ਓਪੇਰਾ ਕਵਿਤਾ ਵਿਚ ਲਿਖਿਆ ਨਾਟਕ ਹੁੰਦਾ ਹੈ ਜਿਸ ਵਿਚ ਬਾਤ ਚੀਤ ਕਵਿਤਾ ਵਿਚ ਹੀ ਪੇਸ਼ ਕੀਤਾ ਜਾਂਦੀ ਹੈ। ਇਸ ਦਾ ਇਤਿਹਾਸਕ ਕਾਰਨ ਇਹ ਹੈ ਕਿ 16ਵੀਂ ਸਦੀ ਤਕ ਇਹ ਮੰਨਿਆ ਜਾਂਦਾ ਸੀ ਕਿ ਨਾਟਕ ਕਵਿਤਾ ਵਿਚ ਹੋਣਾ ਚਾਹੀਦਾ ਹੈ। ਜੇ ਨਾਟਕ ਲਈ ਕਵਿਤਾ ਜ਼ਰੂਰੀ ਹੈ ਤਾਂ ਸੰਗੀਤ ਲਈ ਜ਼ਮੀਨ ਆਪਣੇ ਆਪ ਹੀ ਤਿਆਰ ਹੋ ਜਾਂਦੀ ਹੈ ਕਿਉਂ ਜੋ ਕਵਿਤਾ ਅਤੇ ਸੰਗੀਤ ਦੋਹਾਂ ਦਾ ਹੀ ਮੂਰਤੀਮਾਨ ਕੀਤੀਆਂ ਜਾ ਸਕਣ ਵਾਲੀਆਂ ਭਾਵਨਾਵਾਂ ਅਤੇ ਕਲਪਨਾਵਾਂ ਨਾਲ ਵਧੇਰੇ ਸਬੰਧ ਹੈ। ਇਸ ਲਈ ਜਦੋਂ ਤਕ ਨਾਟਕ ਕਵਿਤਾ ਵਿਚ ਲਿਖੇ ਜਾਂਦੇ ਰਹੇ ਉਦੋਂ ਤਕ ਕੋਈ ਖ਼ਾਸ ਔਖਿਆਈ ਪੇਸ਼ ਨਹੀਂ ਆਈ। ਪਰ ਸਮਾਂ ਬੀਤਣ ਨਾਲ ਨਾਟਕ ਗੱਦ ਵਿਚ ਲਿਖਿਆ ਜਾਣ ਲਗ ਪਿਆ ਅਤੇ ਓਪੇਰਾ ਲਿਖਣ ਵਾਲਿਆਂ ਦੀ ਕਠਨਾਈ ਵਧਦੀ ਗਈ

          ਓਪੇਰੇ ਦਾ ਜਨਮ ਇਟਲੀ ਵਿਚ ਹੋਇਆ ਸੀ, ਇਸ ਲਈ ਇਸ ਦੇ ਸਾਰੇ ਅੰਗਾਂ ਉਪਰ ਇਤਾਲਵੀ ਅਸਰ ਹੋਣਾ ਲਾਜ਼ਮੀ ਸੀ। ਪਰ ਫਰਾਂਸ ਅਤੇ ਜਰਮਨੀ ਦੀ ਕਲਾ ਨੇ ਵੀ ਉਪੇਰਾ ਨੂੰ ਸ਼ਿੰਗਾਰਨ ਅਤੇ ਵਿਕਸਿਤ ਕਰਨ ਵਿਚ ਹਿੱਸਾ ਪਾਇਆ ਹੈ। ਇਸ ਕਰਕੇ ਸਮਾਂ ਬੀਤਣ ਨਾਲ ਓਪੇਰਾ ਕਈ ਸ਼ਾਖਾਂ ਵਿਚ ਵਧਣ ਫੁੱਲਣ ਲੱਗਾ।

          ਇਟਲੀ ਵਿਚ ਓਪੇਰਾ ਪੰਜ ਐਕਟਾਂ ਦਾ ਹੁੰਦਾ ਸੀ ਅਤੇ ਫਰਾਂਸ ਵਿਚ ਸਿਰਫ ਤਿੰਨਾਂ ਐਕਟਾਂ ਦਾ ਇਟਲੀ ਵਿਚ ਇਸ ਦਾ ਸੰਗੀਤਕ ਪੱਖ ਵਧੇਰੇ ਮਜ਼ਬੂਤ ਸੀ ਪਰ ਫ਼ਰਾਂਸ ਵਿਚ ਇਸ ਦੇ ਵਿਸ਼ੇ–ਵਸਤੂ ਦੇ ਵਧੇਰੇ ਜ਼ੋਰ ਦਿੱਤਾ ਜਾਂਦਾ ਸੀ। ਇਸ ਦੇ ਬਾਵਜੂਦ ਅਸਲੀਅਤ ਇਹ ਹੈ ਕਿ ਓਪੇਰਾ ਦੇ ਇਤਿਹਾਸ ਵਿਚ ਇਟਲੀ ਅਤੇ ਜਰਮਨੀ ਦੇ ਵਿਦਵਾਨਾਂ ਦੇ ਅਸਰ ਕਰਕੇ ਹੀ ਨਵਾਂ ਮੋੜ ਆਇਆ। ਓਪੇਰੇ ਵਿਚ ਸੁਖਾਂਤ ਅਤੇ ਦੁਖਾਂਤ ਦੋਨੇ ਆ ਸਕਦੇ ਹਨ। ਇਸ ਤੋਂ ਇਲਾਵਾ ਹਾਸੇ ਮਖ਼ੌਲ ਤੋਂ ਲੈ ਕੇ ਵਿਅੰਗ ਤਕ ਓਪੇਰੇ ਵਿਚ ਸ਼ਾਮਲ ਹਨ। ਇਟਲੀ ਦੇ ਓਪੇਰਾਕਾਰ ਤਿੰਨ–ਏਕਤਾਵਾਂ (Three unities) ਨੂੰ ਨਹੀਂ ਮੰਨਦੇ। ਉਹ ਸੰਗੀਤ ਅਤੇ ਸਟੇਜ ਦੀ ਸ਼ਾਨਦਾਰ ਸਜਾਵਟ ਉਤੇ ਵਧੇਰੇ ਧਿਆਨ ਦਿੰਦੇ ਹਨ। ਪਰ ਦੂਜੇ ਓਪੇਰਾ ਲੇਖਕਾਂ ਨੇ ਓਪੇਰੇ ਦੇ ਲਿਬਰੈਟੋ (Liberetto) ਵਲ ਵਧੇਰੇ ਧਿਆਨ ਦਿਤਾ ਹੈ। ਓਪੇਰੇ ਵਿਚ ਹੁਣ ਤਕ ਰੈਸੀਟੇਸ਼ਨ (Recitation) ਵਿਚ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਰਹੀ ਹੈ। ਪੁਰਾਣੀਆਂ ਸਾਲਿਲੋਕੀਜ਼ (Soliloquies) ਨੂੰ ਤਾ ਕਿਸੇ ਨਾ ਕਿਸੇ ਤਰ੍ਹਾਂ ਸੰਗੀਤ ਵਿਚ ਬੰਨ੍ਹਿਆ ਜਾਂਦਾ ਸੀ ਪਰ ਅੱਜ ਹੀ ਨਾਟਕ ਕਲਾ ਵਿਚ ਸਾਲਿਲੋਕੀਜ਼ ਲਈ ਕੋਈ ਥਾਂ ਨਹੀਂ। ਅੱਜ ਦੇ ਓਪੇਰੇ ਦੀ ਸਮੱਸਿਆ ਇਹ ਹੈ ਕਿ ਹੁਣ ਨਿਤਾਪਰਤੀ ਦੀ ਬੋਲਚਾਲ ਵਿਚ ਕਵਿਤਾ ਨੂੰ ਨਹੀਂ ਵਰਤਿਆ ਜਾਂਦਾ ਤਾਂ ਓਪੇਰੇ ਦੀ ਗਲਬਾਤ ਨੂੰ ਕਵਿਤਾ ਵਿਚ ਕਿਵੇਂ ਪੇਸ਼ ਕੀਤਾ ਜਾਵੇ।

          ਨਾਟਕਾਂ ਵਾਂਗ ਹੀ ਓਪੇਰੇ ਦੀ ਕਹਾਣੀ ਵੀ ਮੁੱਢ ਵਿਚ ਕਿਸੇ ਧਾਰਮਕ ਕਥਾ ਤੋਂ ਹੀ ਲਈ ਜਾਂਦੀ ਸੀ। ਮੱਧ–ਯੁੱਗ ਵਿਚ ਇਸ ਦੀ ਥਾਂ ਬੀਰਤਾ ਦੀਆਂ ਕਹਾਣੀਆਂ ਨੇ ਲੈ ਲਈ। ਇਸ ਦਾ ਭਾਵ ਇਹ ਹੋਇਆ ਕਿ ਓਪੇਰਾ ਯੂਨਾਨ ਤੋਂ ਚੱਲ ਕੇ ਰੋਮ ਆਇਆ। ਇਸ ਕਰਕੇ ਉਸ ਸਮੇਂ ਦੇ ਓਪੇਰਿਆਂ ਵਿਚ ਵੱਡਾ ਬਣਨ ਦੀ ਇੱਛਾ ਅਤੇ ਪਿਆਰ ਦੋ ਹੀ ਭਾਵਨਾਵਾਂ ਪਰਧਾਨ ਹਨ। ਅਜ ਨਾਟਕ ਜੀਵਨ ਨੂੰ ਪੇਸ਼ ਕਰਦਾ ਹੈ ਇਸ ਲਈ ਓਪੇਰਿਆਂ ਨੂੰ ਵੀ ਇਹੋ ਅਸਲੀਅਤ ਆਪਣਾਉਣੀ ਪਈ ਹੈ। ਇਹ ਸਭ ਕੁਝ ਚਾਰ ਸੌ ਸਾਲਾਂ ਵਿਚ ਹੋਇਆ ਹੈ। ਕਹਾਣੀ ਦੇ ਨਾਲ ਨਾਲ ਸੰਗੀਤ ਦੇ ਤਾਲਮੇਲ ਵਿਚ ਵੀ ਤਬਦੀਲੀ ਹੋਈ ਹੈ। ਮੁੱਢ ਵਿਚ ਓਪੇਰੇ ਵਿਚ ਲਿਬਰੈਟੋ ਹੀ ਪਰਧਾਨ ਹੁੰਦਾ ਸੀ ਅਤੇ ਸੰਗੀਤ ਦੀ ਦੂਜੀ ਥਾਂ ਹੁੰਦੀ ਸੀ ਪਰ ਹੌਲੀ ਹੌਲੀ ਲਿਬਰੈਟੋ ਦੂਜੇ ਨੰਬਰ ਤੇ ਹੁੰਦਾ ਗਿਆ ਅਤੇ ਸੰਗੀਤ ਪਰਧਾਨ ਹੁੰਦਾ ਸੀ ਅਤੇ ਸੰਗੀਤ ਦੀ ਦੂਜੀ ਥਾਂ ਹੁੰਦੀ ਸੀ ਪਰ ਹੌਲੀ ਹੌਲੀ ਲਿਬਰੈਟੋ ਦੂਜੇ ਨੰਬਰ ਤੇ ਹੁੰਦਾ ਗਿਆ ਅਤੇ ਸੰਗੀਤ ਪਰਧਾਨ ਹੋ ਗਿਆ। ਪਹਿਲਾਂ ਕਹਾਣੀ ਨੂੰ ਦਿਲਖਿਚਵਾਂ ਬਣਾਉਣ ਲਈ ਗਾਣੇ, ਦੁਗਾਣੇ ਅਤੇ ਸਮੂਹਗਾਨ ਦਾ ਪ੍ਰਬੰਧ ਸੀ। ਇਸ ਤੋਂ ਪਿਛੋਂ ਲਗਾਤਾਰ ਸੰਗੀਤ ਦੇ ਸਿੱਧਾਂਤ ਨੇ ਸਾਰੇ ਓਪੇਰੇ ਨੂੰ ਹੀ ਸੰਗੀਤਮਈ ਬਣਾ ਦਿੱਤਾ। ਹੁਣ ਵਾਤਾਵਰਨ ਨੂੰ ਚਿਤਰਨ ਤੇ ਦਰਸਾਉਣ ਲਈ ਵੀ ਸੰਗੀਤ ਦਾ ਪ੍ਰਬੰਧ ਹੋਣ ਲੱਗਾ। ਇਸੇ ਲਈ ਓਪੇਰੇ ਵਿਚ ਸੰਗੀਤ–ਡਾਇਰੈਕਟਰ ਦੀ ਜਿੰਨੀ ਮਹਾਨਤਾ ਹੈ ਓਨੀ ਲੇਖਕ ਦੀ ਨਹੀਂ। ਇਕ ਸਮਾਂ ਸੀ ਜਦੋਂ ਬਾਦਸ਼ਾਹ ਤੇ ਜਗੀਰਦਾਰ ਹਰ ਤਰ੍ਹਾਂ ਦੀ ਕਲਾ ਦੀ ਸਰਪ੍ਰਸਤੀ ਕਰਦੇ ਸਨ। ਇਟਲੀ ਵਿਚ ਵੀ ਉਸ ਸਮੇਂ ਇਹੋ ਹਾਲ ਸੀ। ਇਸੇ ਲਈ ਕੁਝ ਸਮਾਂ ਤਾਂ ਓਪੇਰੇ ਦਾ ਮਤਲਬ ਸਟੇਜ਼, ਸ਼ਾਨਦਾਰ ਸਾਜ਼ ਸਾਮਾਨ ਅਤੇ ਸੋਹਣੇ ਨਜ਼ਾਰੇ ਪੇਸ਼ ਕਰਨਾ ਹੀ ਲਿਆ ਜਾਂਦਾ ਸੀ। ਪੈਰਿਸ ਦੇ ਕਿਸੇ ਓਪੇਰਾ ਘਰ ਵਿਚ ਦਾਖਲ ਹੁੰਦਿਆਂ ਹੀ ਬਾਕਰ, ਬਾਲਕੋਨੀਆਂ ਅਤੇ ਛੱਜਿਆਂ ਵਾਲੇ ਹਾਲ ਨਜ਼ਰ ਆਉਂਦੇ ਹਨ। ਇਹ ਅਠਾਰ੍ਹਵੀਂ ਤੇ ਉਨ੍ਹੀਵੀਂ ਸਦੀ ਦੀ ਯਾਦਗਾਰ ਹਨ। ਏਥੇ ਬੈਠ ਕੇ ਹੀ ਅਮੀਰ ਲੋਕ ਗਲੱਕ (Gluck) ਤੇ ਮੌਜ਼ਾਰਟ (Mozart), ਬੀਥੋਵਿਨ (Beethoven) ਅਤੇ ਵੈਬਰ (Weber), ਵੈਗਨਰ (Wagner) ਅਤੇ ਵਰਦੀ (Verdi) ਦੇ ਮਹਾਨ ਸੰਗੀਤ ਮਈ ਓਪੇਰੇ ਵੇਖਿਆ ਕਰਦੇ ਸਨ। ਇਟਲੀ, ਫਰਾਂਸ ਅਤੇ ਜਰਮਨੀ ਦੇ ਓਪੇਰਾ ਵੇਖਿਆ ਕਰਦੇ ਸਨ। ਇਟਲੀ, ਫਰਾਂਸ ਅਤੇ ਜਨਮਨੀ ਦੇ ਓਪੇਰਾ–ਘਰਾਂ ਵਿਚ ਹੀ ਇਨ੍ਹਾਂ ਮਹਾਨ ਓਪੇਰਾਕਾਰਾਂ ਨੂੰ ਆਪਣੀਆਂ ਕਾਮਯਾਬੀਆਂ ਅਤੇ ਨਾਕਾਮਯਾਬੀਆਂ ਦਾ ਸਾਹਮਣਾ ਕਰਨਾ ਪਿਆ। ਸੋਲ੍ਹ ਵੀਂ ਸਦੀ ਦੇ ਨੇੜੇ ਤੇੜੇ ਇਟਲੀ ਸਾਰੀ ਯੂਰਪੀਨ ਕਲਾ, ਸਾਹਿਤ ਅਤੇ ਸਭਿਆਚਾਰ ਦਾ ਕੇਂਦਰ ਸੀ। ਸਭ ਤੋਂ ਪਹਿਲਾਂ ਫ਼ਲੋਰੈਂਸ ਵਿਚ ਓਪੇਰਾ ਖੇਡਿਆ ਗਿਆ। ਅਜ ਜਿਹੜਾ ਸਭ ਤੋਂ ਪੁਰਾਣਾ ਓਪੇਰਾ “ਯੂਰੀਡੀਸ” (1600 ਈ.) ਲਿਖਤੀ ਰੂਪ ਵਿਚ ਮਿਲਦਾ ਹੈ ਉਹ ਵੀ ਸਭ ਤੋਂ ਪਹਿਲਾਂ ਏਥੇ ਹੀ ਖੇਡਿਆ ਗਿਆ ਸੀ। ਇਸ ਤੋਂ ਮਗਰੋਂ ਵੈਨਿਸ ਸ਼ਹਿਰ ਓਪੇਰੇ ਏਥੇ ਹੀ ਖੇਡਿਆ ਗਿਆ ਸੀ। ਯੂਰਪ ਦੇ ਸਾਰੇ ਕਲਾ ਪ੍ਰੇਮੀ ਵੈਨਿਸ ਜਾਂਦੇ ਅਤੇ ਮਹਾਨ ਓਪੇਰਿਆਂ ਨੂੰ ਵੇਖਕੇ ਖੁਸ਼ ਹੁੰਦੇ ਸਨ। ਸੰਨ 1637 ਵਿਚ ਵੈਨਿਸ ਵਿਚ ਇਕ ਪਬਲਿਕ ਓਪੇਰਾ–ਘਰ ਕਾਇਮ ਹੋਇਆ ਜਿਸ ਕਰਕੇ ੳਪੇਰੇ ਉਤੇ ਹੌਲੀ ਹੌਲੀ ਪੇਸ਼ਾਵਰਾਂ ਦਾ ਅਸਰ ਪਿਆ। ਹੁਣ ਓਪੇਰਾ ਨਿਰੀ ਸ਼ੋਕੀਆ ਕਲਾ ਨਾ ਰਿਹਾ ਸਗੋਂ ਆਮਦਨ ਦਾ ਵਸੀਲਾ ਬਣ ਗਿਆ। ਓਪੇਰੇ ਲਈ ਲੋੜੀਂਦੀ ਅਪਟੂਡੇਟ ਇਮਾਰਤ ਦੀ ਲੋੜ ਪੈਣ ਦੇ ਕਾਰਨ ਉਸ ਸਮੇਂ ਦੀ ਸਟੇਜ ਦੀ ਬਣਤਰ ਦੇ ਵਿਕਾਸ ਵਿਚ ਨਾਟਕਾਂ ਨਾਲੋਂ ਓਪੇਰਿਆਂ ਦਾ ਵਧੇਰੇ ਹੱਥ ਹੈ। ਉਨ੍ਹਾਂ ਦਿਨਾਂ ਵਿਚ ਘੁੰਮਣ ਵਾਲੀ ਸਟੇਜ ਤਾਂ ਅਜੇ ਬਣੀ ਨਹੀਂ ਸੀ ਇਸ ਲਈ ਓਪੇਰੇ ਦੇ ਖਾਸ ਨਜ਼ਾਰਿਆਂ ਨੂੰ ਪੇਸ਼ ਕਰਨਾ ਕਾਫੀ ਔਖਾ ਕੰਮ ਸੀ। ਘੁੰਮਣ ਵਾਲੀ ਸਟੇਜ ਦੀ ਸਮੱਸਿਆ ਜਾਪਾਨ ਵਾਲਿਆਂ ਨੇ 18ਵੀਂ ਸਦੀ ਵਿਚ ਹੱਲ ਕਰ ਦਿੱਤੀ।

          ਓਪੇਰਾ ਹੌਲੀ ਹੌਲੀ ਯੂਰਪ ਦੇ ਦੂਜੇ ਦੇਸ਼ਾਂ ਵਿਚ ਹਰਮਨ ਪਿਆਰਾ ਹੁੰਦਾ ਗਿਆ। ਹੁਣ ਆਸਟਰੀਆ, ਫਰਾਂਸ ਅਤੇ ਜਰਮਨੀ ਵਿਚ ਵੀ ਇਸ ਦੇ ਕੇਂਦਰ ਬਣ ਗਏ ਹਨ। ਸਦੀਆਂ ਤਕ ਇਟਲੀ ਦੇ ਸੰਗੀਤ ਮਾਹਰ, ਕਲਾਕਾਰ, ਨਾਟਕ ਲੇਖਕ ਅਤੇ ਐਕਟਰ ਸਾਰੇ ਯੂਰਪ ਦੇ ਓਪੇਰਾ ਘਰਾਂ ਤੇ ਛਾਏ ਰਹੇ। ਓਪੇਰਾ ਇਟਲੀ ਦੀ ਕੌਮੀ ਕਲਾਤਮਕ ਸਨਅਤ ਰਿਹਾ ਹੈ ਤੇ ਵੈਨੀਸ਼ੀਅਨ ਸੰਗੀਤ, ਹਾਰ ਸ਼ਿੰਗਾਰ, ਐਕਟਿੰਗ ਆਦਿ ਹੀ ਪਰਮਾਣੀਕ ਮੰਨੇ ਜਾਂਦੇ ਹਨ। ਫ਼ਰਾਂਸ ਵਿਚ ਵੀ ਇਤਾਲਵੀ ਸਜ–ਧਜ ਨਾਲ ਜਰਮਨ ਸੰਗੀਤ ਦੇ ਕੇ ਇਸ ਕਲਾ ਨੂੰ ਸਟੇਜ ਤੇ ਪੇਸ਼ ਕੀਤਾ ਗਿਆ। ਓਪੇਰੇ ਦੀ ਬੋਲੀ ਸ਼ਰ ਵਿਚ ਇਤਾਲਵੀ ਰਹੀ। ਸਮਾਂ ਬੀਤਣ ਮਗਰੋਂ ਫ਼ਰਾਂਸ ਦੀ ਬੋਲੀ ਵੀ ਪਰਚਲਤ ਹੋ ਗਈ ਪਰ ਦੂਜੇ ਦੇਸ਼ਾਂ ਵਿਚ ਓਪੇਰੇ ਦੀ ਬੋਲੀ ਇਤਾਲਵੀ ਹੀ ਰਹੀ। ਇਟਲੀ ਦਾ ਅਸਰ ਏਥੋਂ ਤਕ ਸੀ ਕਿ ਕਈ ਵਾਰ ਇਟਲੀ ਤੋਂ ਬਾਹਰਲੇ ਓਪੇਰਾ–ਕਾਰ ਆਪਣਾ ਨਾਂ ਵੀ ‘ਇਤਾਲਵੀ’ ਰੱਖ ਲਿਆ ਕਰਦੇ ਸਨ।

          ਫ਼ਰਾਂਸ ਵਿਚ ਓਪੇਰੇ ਦੀ ਨੀਂਹ ਰੱਖਣ ਵਾਲਾ ਜਾਂ ਬੈਪਤੀਸਤੇ ਲੂੱਲੀ (Jean Baptiste Lully 1633-1687 ਈ.) ਇਕ ਇਤਾਲਵੀ ਸੀ। ਉਹਨੂੰ ਲੂਈ ਚੋਧਵੇਂ ਦੇ ਰਾਜ ਸਮੇਂ ਫ਼ਰਾਂਸ ਵਿਚ ਲਿਆਂਦਾ ਗਿਆ ਸੀ। ਭਾਵੇਂ ਆਮ ਤੌਰ ਤੇ ਫ਼ਰਾਂਸੀਸੀ ਓਪੇਰਾਕਾਰ ਸੰਗੀਤ ਦੇ ਮਾਹਰ ਨਹੀਂ ਹੁੰਦੇ ਪਰ ਰੋਮੋ (Rameau 1683-1764 ਈ.) ਇਕ ਅਜਿਹਾ ਫ਼ਰਾਂਸੀਸੀ ਸੀ ਜੋ ਸੰਗੀਤ ਦਾ ਬਹੁਤ ਵੱਡਾ ਮਾਹਰ ਸੀ ਤੇ ਇਹੋ ਹੀ ਸ਼ਾਇਦ ਪਹਿਲਾ ਓਪੇਰਾਕਾਰ ਹੈ ਜਿਸ ਨੇ ਸਾਜ਼ਾਂ ਦੀ ਵਰਤੋਂ ਸਮੁੰਦਰ ਅਤੇ ਅਨ੍ਹੇਰੀ ਦੀ ਆਵਾਜ਼ ਪੈਦਾ ਕਰਨ ਲਈ ਕੀਤੀ। ਭਾਵੇਂ ਲੂੱਲੀ ਵੀ ਇਹ ਤਜਰਬਾ ਕਰ ਚੁੱਕਾ ਸੀ ਪਰ ਇਸ ਵਿਚ ਬਾਕਾਇਦਗੀ ਰੇਮੋ ਨੇ ਹੀ ਲਿਆਂਦੀ। ਜਰਮਨੀ ਵਾਲਿਆਂ ਨੇ ਓਪੇਰੇ ਵਿਚ ਫਲਸਫ਼ਾ ਦਾਖਲ ਕੀਤਾ। ਜਰਮਨ ਓਪੇਰਾਕਾਰ ਗਲੱਕ ਨੂੰ ਓਪੇਰੇ ਦਾ ਸੁਧਾਰਕ ਕਿਹਾ ਜਾਂਦਾ ਹੈ। ਅੱਜ ਦੋ ਸੌ ਸਾਲਾਂ ਦੇ ਮਗਰੋਂ ਵੀ ਉਸਦੀਆਂ ਰਚਨਾਵਾਂ ਨੂੰ ਸੁਣਨਾ ਇਕ ਕਲਾਤਮਕ ਤਜਰਬਾ ਹੈ। ਗਲੱਕ ਨੇ ਸੰਗੀਤ ਦੇ ਦਾਰਸ਼ਨਿਕ ਪੱਖ ਨੂੰ ਮਜ਼ਬੂਤ ਬਣਾਇਆ ਅਤੇ ਉਸ ਨੂੰ ਓਪੇਰੇ ਰਾਹੀਂ ਪੇਸ਼ ਕੀਤਾ।

          ਓਪੇਰਾਕਾਰਾਂ ਵਿਚ ਦੂਜਾ ਪਰਸਿੱਧ ਨਾਂ ਮੌਜ਼ਾਰਟ ਦਾ ਹੈ। ਭਾਵੇਂ ਉਸ ਨੇ ਤਾਂ ਅੱਠਾਂ ਸਾਲਾਂ ਦੀ ਉਮਰ ਵਿਚ ਹੀ ਇਕ ਓਪੇਰਾ ਲਿਖ ਦਿੱਤਾ ਸੀ ਪਰ ਜਿਸ ਓਪੇਰੇ ਦੀ ਇਤਿਹਾਸ ਵਿਚ ਮਹੱਤਤਾ ਹੈ ਉਸ ਦੀ ਰਚਨਾ ਉਹਨੇ ਚੌਵੀਂ ਸਾਲਾਂ ਉਮਰ ਵਿਚ ਕੀਤੀ। ਇਹ ਓਪੇਰਾ “ਇੰਡੋਮੀਨੀਓ” (Idomeneo -1781 ਈ.) ਸੀ। ਮੋਜ਼ਾਰਟ ਨੂੰ ਲਾਸਾਨੀ ਓਪੇਰਾਕਾਰ ਮੰਨਿਆ ਜਾਂਦਾ ਹੈ। ਓਪੇਰੇ ਦੇ ਇਤਿਹਾਸ ਵਿਚ ਜਿਨ੍ਹਾਂ ਕਲਾਸੀਕਲ ਓਪੇਰਿਆਂ ਦੀ ਗਿਣਤੀ ਕੀਤੀ ਜਾਂਦੀ ਹੈ, ਉਨ੍ਹਾਂ ਵਿਚ “ਮੈਜਿਕ ਫਲੂਟ” (Magic Flute) ਦੀ ਖਾਸ ਥਾਂ ਹੈ। ਇਸ ਓਪੇਰੇ ਨੂੰ ਜਰਮਨ ਓਪੇਰਿਆਂ ਦੀ ਨੀਂਹ ਮੰਨਿਆ ਜਾਂਦਾ ਹੈ। ਇਸ ਓਪੇਰੇ ਤੋਂ ਮੌਜ਼ਾਰਟ ਨੂੰ ਬਹੁਤ ਹੀ ਸ਼ੁਹਰਤ ਮਿਲੀ। ਬੀਥੋਵਿਨ ਦੇ ਨਾਂ ਦੇ ਨਾਲ ਬਗਾਵਤ ਦੀ ਭਾਵਨਾ ਸਾਕਾਰ ਹੋ ਜਾਂਦੀ ਹੈ। ਓਪੇਰੇ ਦੇ ਇਤਿਹਾਸ ਵਿਚ ਉਹ ਸ਼ੈਲੇ ਜਾਂ ਬਾਇਰਨ ਦੇ ਬਰਾਬਰ ਹੈ। ਉਸ ਦਾ ਬਾਗ਼ੀਆਨਾਂ ਸੰਗੀਤ ਸਾਡੇ ਵਧੇਰੇ ਨੇੜੇ ਹੈ।

          ਜਰਮਨ ਰੋਮਾਂਟਿਕ ਲਹਿਰ ਦਾ ਲਾਸਾਨੀ ਓਪੇਰਾਕਾਰ ਵੈਬਰ ਹੈ। ਬੱਚਿਆਂ ਲਈ ਵੀ ਉਸ ਨੇ ਇਕ ਮਸ਼ਹੂਰ ਓਪੇਰਾ ਲਿਖਿਆ। ਆਪਣੇ ਓਪੇਰਿਆਂ ਰਾਹੀਂ ਉਸ ਨੇ ਰੋਮਾਂਟਿਕ ਓਪੇਰਿਆਂ ਨੂੰ ਉਹੋ ਹੀ ਮਾਣ ਦਿਵਾਇਆ ਜੋ ਰਾਜ ਦਰਬਾਰਾਂ ਵਾਲੇ ਓਪੇਰਿਆਂ ਨੂੰ ਮਿਲਿਆ ਹੋਇਆ ਸੀ। “ਯਰੀਅੇਤ” (Euryanthe) ਨਾ ਦੋ ਓਪੇਰੇ ਵਿਚ ਕੋਈ ਗਲਬਾਤ ਨਹੀਂ ਸਗੋਂ ਲਗਾਤਾਰ ਸੰਗੀਤ ਹੀ ਹੈ। ਸਾਰੇ ਜਰਮਨ ਓਪੇਰਾਕਾਰਾਂ ਨੇ ਗਾਇਕਾਂ ਨਾਲੋਂ ਵਧੇਰੇ ਜ਼ੋਰ ਸਾਜ਼ ਉਤੇ ਦਿੱਤਾ ਹੈ।

          ਓਪੇਰਾਕਾਰਾਂ ਵਿਚੋਂ ਵੈਬਰ ਜਿਥੇ ਸ਼ਕਲ ਵਿਚ ਬਹੁਤ ਸੋਹਣਾ ਸੀ ਉਥੇ ਰਿਚਰਡ ਵੈਗਨਰ (1813-1883) ਕੋਝਾ, ਮਧਰਾ, ਵੱਡੇ ਸਿਰ ਵਾਲਾ, ਘੁਮੰਡੀ ਅਤੇ ਖੁਦਗਰਜ਼ ਸੀ। ਪਰ ਉਹ 19ਵੀਂ ਸਦੀ ਦੇ ਕਲਾਤਮਕ ਜੀਵਨ ਦਾ ਵੰਡਾ ਥੰਮ੍ਹ ਸੀ। ਉਹ ਇਕੋ ਇਕ ਓਪੇਰਾਕਾਰ ਸੀ ਜੋ ਆਪ ਲਿਬਰੈਟੋ ਵੀ ਲਿਖਦਾ ਸੀ। ਇਸ ਦੇ ਓਪੇਰੇ ਦਾ ਨਾਂ “ਦੀ ਰਿੰਗ” (The Ring) ਹੈ ਜੋ ਬਹੁਤ ਹੀ ਮਹੱਤਤਾ ਰਖਦਾ ਹੈ। ਵੈਗਨਰ ਦੇ ਵਿਚਾਰਾਂ ਨੂੰ ਉਸ ਸਮੇਂ ਦੇ ਓਪੇਰਾ ਘਰਾਂ ਦੀ ਸਟੇਜ ਤੇ ਪੇਸ਼ ਨਹੀਂ ਸੀ ਕੀਤਾ ਜਾ ਸਕਦਾ, ਇਸ ਲਈ ਉਸ ਨੇ ਬੇਰੁਥ (Beyruth) ਨਾਂ ਦੇ ਕਸਬੇ ਵਿਚ ਇਕ ਓਪੇਰਾ ਘਰ ਖੋਲ੍ਹਿਆ ਜੋ ਮਗਰੋਂ ਆ ਕੇ ਓਪੇਰੇ ਦੇ ਇਤਿਹਾਸ ਵਿਚ ਸਭਿਆਚਾਰਕ ਕੇਂਦਰ ਬਣ ਗਿਆ। ਵੈਗਨਰ ਦਾ ਹੀ ਸਮਕਾਲੀ ਇਤਾਲਵੀ ਓਪੇਰਾਕਾਰ ਵਰਦੀ (1813-1901) ਸੀ ਜੋ ਬਹੁਤ ਵਿਰੋਧੀ ਹਾਲਤ ਵਿਚ ਇਟਲੀ ਦੇ ਓਪੇਰਾ–ਖੇਤਰ ਵਿਚ ਆਇਆ ਸੀ। ਉਸ ਦੇ ਸਮਕਾਲੀ ਰਾਸਿਨੀ (Rossini) ਨੇ ਸਟੇਜ ਛੱਡ ਦਿੱਤੀ ਸੀ। ਬੈਲਿਨੀ (Belllini) ਦੀ ਮੌਤ ਹੋ ਚੁੱਕੀ ਸੀ ਅਤੇ ਡਾਨੀਜ਼ੇਤੀ (Danizetti) ਪਾਗਲ ਹੋ ਗਿਆ ਸੀ। ਵਰਦੀ ਦੇ ਰਾਹ ਵਿਚ ਵੀ ਸਮੇਂ ਦੇ ਹਾਕਮਾਂ ਨੇ ਰੁਕਾਵਟਾ ਪਾਈਆਂ। ਉਸ ਸਮੇਂ ‘ਆਜ਼ਾਦੀ’ ਦਾ ਨਾਂ ਲੈਣ ਵੀ ਮੁਸ਼ਕਲ ਸੀ। ਵਰਦੀ ਨੇ ਪਹਿਲੀ ਵਾਰ ਸਮਕਾਲੀ ਜੀਵਨ ਉਪਰ ਓਪੇਰੇ ਵਿਚ ਦੁਖਾਂਤ ਪੇਸ਼ ਕੀਤਾ। ਅਜੇ ਤਕ ਦੇਖਣ ਵਾਲੇ ਅਜੋਕੇ ਰੂਪ ਵਿਚ ਦੁਖਾਂਤ ਦੇ ਆਦੀ ਨਹੀਂ ਹੋਏ ਸਨ। ਸੋਏਜ਼ ਨਹਿਰ ਦੇ ਉਦਘਾਟਨ ਦੇ ਮੌਕੇ ਤੇ ਵਰਦੀ ਨੇ ਕਾਹਿਰਾ ਵਿਚ ਓਪੇਰਾ ਪੇਸ਼ ਕੀਤਾ ਸੀ। ਕਿਉਂਕਿ ਇਹ ਵੈਗਨਰ ਦਾ ਸਮਕਾਲੀ ਸੀ ਇਸ ਲਈ ਇਤਿਹਾਸਕਾਰ ਅਕਸਰ ਵਰਦੀ ਨਾਲ ਬੇਇਨਸਾਫੀ ਕਰ ਜਾਂਦੇ ਹਨ।

          ਪਿਛਲੇ ਦਿਨੀਂ ਪੂਰਬੀ ਯੂਰਪ ਵਿਚ ਸੋਵੀਅਤ ਰੂਸ ਤੋਂ ਇਲਾਵਾ ਯੂਗੋਸਲਾਵੀਆ ਵਿਚ ਵੀ ਓਪੇਰੇ ਨੂੰ ਸੁਰਜੀਤ ਅਤੇ ਵਿਕਸਿਤ ਕਰਨ ਦੇ ਜਤਨ ਕੀਤੇ ਗਏ ਹਨ। ਸੰਸਾਰ ਵਿਚ ਮਸ਼ਹੂਰ ਓਪੇਰਾ ਗਾਇਕਾ ਮੇਰੀਆਨਾ ਰਾਦੇਵ (Mariana Radev) ਜ਼ਾਗ੍ਰੇਬ (Zagreb) ਦੀ ਵਸਨੀਕ ਹੈ ਅਤੇ ਉਥੋਂ ਦੇ ਕੌਮੀ ਓਪੇਰਾ ਘਰ ਦੀ ਮਸ਼ਹੂਰ ਸਟਾਰ ਹੈ।

          ਪੂਰਬੀ ਦੇਸ਼ਾਂ ਵਿਚ ਓਪੇਰਾ ਦੇ ਖੇਤਰ ਵਿਚ ਚੀਨ ਨੇ ਬੜਾ ਸ਼ਾਨਦਾਰ ਕੰਮ ਕੀਤਾ ਹੈ। ਅਸਲ ਵਿਚ ਚੀਨੀ ਓਪੇਰਾ ਸੰਸਾਰ ਦੇ ਸਭ ਤੋਂ ਪੁਰਾਣੇ ਓਪੇਰਿਆਂ ਵਿਚੋਂ ਹੈ ਅਤੇ ਸਟੇਜ ਦੇ ਪੱਛਮੀ ਆਲੋਚਕਾਂ ਨੇ ਭਾਵੇਂ ਇਸਦਾ ਜ਼ਿਕਰ ਨਹੀਂ ਕੀਤਾ ਪਰ ਕਈ ਪੱਖਾਂ ਤੋਂ ਚੀਨੀ ਓਪੇਰੇ ਦਾ ਕੋਈ ਹੋਰ ਸਾਨੀ ਨਹੀਂ ਹੈ। ਭਾਰਤ ਵਿਚ ਓਪੇਰਾ ਲਿਖਣ ਅਤੇ ਓਪੇਰਾ ਸੰਗਠਨ ਕਰਨ ਦੀਆਂ ਕੁਝ ਕੋਸ਼ਿਸ਼ਾਂ ਹੋਣ ਲਗ ਪਈਆਂ ਹਨ।

          ਪੰਜਾਬੀ ਵਿਚ ਵੀ ਓਪੇਰਾ ਲਿਖਣ ਦਾ ਜਤਨ ਕੀਤਾ ਗਿਆ ਹੈ ਪਰ ਓਪੇਰਾ ਪੰਜਾਬੀ ਸੁਭਾ ਦੇ ਅਨੁਕੂਲ ਨਾ ਹੋਣ ਕਰਕੇ ਵਧੇਰੇ ਪਰਚਲਤ ਨਹੀਂ ਹੋਇਆ। ਸੇਖੋਂ ਦਾ ਬਾਬਾ ਬੋਹੜ ਇਸ ਸਬੰਧ ਵਿਚ ਸਭ ਤੋਂ ਵਧੇਰੇ ਪ੍ਰਸਿੱਧ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6374, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.