ਕਢਾਈ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਢਾਈ : ਕਢਾਈ ਸੂਈ ਦੇ ਨੱਕੇ (ਛੇਕ) ਵਿੱਚੋਂ ਲੰਘਾਏ ਧਾਗੇ ਨਾਲ ਕੱਪੜੇ ਦੀ ਸਤਹ ਨੂੰ ਵਿੰਨ੍ਹ ਕੇ ਬਣਾਏ ਨਮੂਨੇ ਨੂੰ ਕਿਹਾ ਜਾਂਦਾ ਹੈ। ਇਸ ਲੋਕ-ਕਲਾ ਨੂੰ ਸਦੀਆਂ ਤੋਂ ਬਹੁਤੇ ਮੁਲਕਾਂ ਦੀਆਂ ਬਜ਼ੁਰਗ ਸੁਆਣੀਆਂ ਵਿਰਾਸਤ ਦੇ ਰੂਪ ਵਿੱਚ ਅਗਲੇਰੀਆਂ ਪੀੜ੍ਹੀਆਂ ਨੂੰ ਸੌਂਪਦੀਆਂ ਰਹੀਆਂ ਹਨ। ਪਰ ਇਸ ਕਲਾ ਨੂੰ ਜੇਕਰ ਕੋਈ ਪ੍ਰਬੀਨਤਾ ਨਾਲ ਜੋੜ ਕੇ ਵਿਵਸਾਇ (ਕਿੱਤੇ) ਦੇ ਤੌਰ ’ਤੇ ਅਪਣਾ ਲਵੇ ਤਾਂ ਇਹ ਲੋਕ-ਕਲਾ ਕਸੀਦਾਕਾਰੀ ਦੀ ਕੋਟੀ ਵਿੱਚ ਆ ਜਾਂਦੀ ਹੈ।

     ਇੱਕ ਧਾਰਨਾ ਅਨੁਸਾਰ, ਇਹ ਕਲਾ ਕੱਪੜੇ ਦੀ ਬਣਤ ਤੋਂ ਵੀ ਪ੍ਰਾਚੀਨ ਹੈ। ਕਿਹਾ ਜਾਂਦਾ ਹੈ ਕਿ ਸੱਭਿਅਕ ਸਮਾਜਾਂ ਦੇ ਹੋਂਦ ਵਿੱਚ ਆਉਣ ਤੋਂ ਵੀ ਪਹਿਲਾਂ, ਜਾਂਗਲੀ ਮਨੁੱਖ ਨੇ ਨਾਚਾਂ ਸਮੇਂ ਚਿਹਰੇ ਤੇ ਚੜ੍ਹਾਏ ਜਾਣ ਵਾਲੇ ਮੁਖੌਟਿਆਂ, ਹਥਿਆਰਾਂ ਅਤੇ ਰੋਜ਼ਾਨਾ ਵਰਤੋਂ ਦੇ ਸਾਜ਼ੋ- ਸਾਮਾਨ ਦੀ ਸਜਾਵਟ ਲਈ ਜੋ ਨਮੂਨੇ ਪ੍ਰਕਿਰਤੀ ਦੀ ਦਿੱਖ ਵਿੱਚੋਂ ਚੁਣ ਕੇ ਬਣਾਏ, ਸਮਾਂ ਪਾ ਕੇ ਉਹੋ ਨਮੂਨੇ ਹੀ ਧਾਗੇ, ਧਾਤ ਦੀਆਂ ਰੰਗ-ਬਰੰਗੀਆਂ ਤਾਰਾਂ ਅਤੇ ਤੋਪਿਆਂ (ਟਾਂਕੇ) ਦੀਆਂ ਵਿਧੀਆਂ ਵਿੱਚ ਬਦਲ ਕੇ ਵੱਖ-ਵੱਖ ਮੁਲਕਾਂ ਅਤੇ ਪ੍ਰਾਂਤਾਂ ਵਿੱਚ ‘ਕਢਾਈ’ ਅਤੇ ‘ਕਸੀਦਾਕਾਰੀ’ ਦੇ ਵਿਭਿੰਨ ਨਾਵਾਂ ਨਾਲ ਪ੍ਰਸਿੱਧ ਹੋਏ।

     ਸੰਸਾਰ ਵਿੱਚ ਮੁੱਖਤਾ ਤਿੰਨ ਤਰ੍ਹਾਂ ਦੀ ਕਢਾਈ/ ਕਸੀਦਾਕਾਰੀ ਮਿਲਦੀ ਹੈ :

        1. ਰੋਜ਼ਾਨਾ ਅਤੇ ਵਿਆਹ ਸ਼ਾਦੀ ਸਮੇਂ ਵਰਤੋਂ ਵਿੱਚ ਆਉਣ ਵਾਲੇ ਵਸਤਰਾਂ ’ਤੇ ਕੀਤੀ ਜਾਣ ਵਾਲੀ ਕਢਾਈ। (ਪੇਂਡੂ ਲੋਕਾਂ ਦੇ ਵਰਤੋਂ ਵਿੱਚ ਆਉਣ ਵਾਲੀ ਉਪਰੋਕਤ ਕਿਸਮ ਦੀ ਕਢਾਈ ਲੋਕ-ਕਲਾ ਦੀ ਕੋਟੀ ਵਿੱਚ ਆਉਂਦੀ ਹੈ।)

        2. ਰਾਜੇ-ਮਹਾਰਾਜਿਆਂ ਦੇ ਵਸਤਰਾਂ ਤੇ ਕੀਤੀ ਜਾਣ ਵਾਲੀ ਕਢਾਈ। (ਇਹ ਕਸੀਦਾਕਾਰੀ ਦੀ ਕੋਟੀ ਵਿੱਚ ਆਉਂਦੀ ਹੈ ਕਿਉਂਕਿ ਜਿਸ ਨੂੰ ਇਵਜ਼ਾਨਾ ਦੇ ਕੇ ਕਾਰੀਗਰਾਂ ਦੁਆਰਾ ਕਢਵਾਇਆ ਜਾਂਦਾ ਹੈ।)

        3. ਧਾਰਮਿਕ ਅਕੀਦੇ ਨਾਲ ਸੰਬੰਧਿਤ ਵਸਤਰਾਂ ’ਤੇ ਕੀਤੀ ਜਾਣ ਵਾਲੀ ਕਸੀਦਾਕਾਰੀ।

     ਈਰਾਨ, ਚੀਨ, ਜਪਾਨ, ਯੂਰਪ, ਜਰਮਨ ਜਾਂ ਭਾਰਤ ਆਦਿ ਦੇ ਕਿਸੇ ਵੀ ਮੁਲਕ ਦੀ ਕਸੀਦਾਕਾਰੀ ਜਾਂ ਕਢਾਈ ਵਿੱਚ ਨਿਮਨ ਪ੍ਰਕਾਰ ਦੇ ਨਾਂਵਾਂ ਵਾਲੇ ਤੋਪੇ (ਟਾਂਕੇ) ਪ੍ਰਸਿੱਧ ਹੋਏ : ਮੱਛੀ ਤੋਪਾ, ਕੱਚਾ ਤੋਪਾ, ਚੋਪ ਤੋਪਾ, ਲੌਂਗ ਤੋਪਾ, ਰਫ਼ੂਗਰੀ (ਬੁਣਤੀ) ਤੋਪਾ, ਨਮਦਾ ਤੋਪਾ, ਲਪੇਟਵਾਂ ਤੋਪਾ, ਸਿੱਧਾ ਤੋਪਾ, ਪੁੱਠਾ ਤੋਪਾ, ਸਿੰਧੀ ਤੋਪਾ, ਗੰਢ ਤੋਪਾ, ਜੰਜੀਰੀ ਤੋਪਾ, ਕਾਟੀ ਤੋਪਾ, ਕਸ਼ਮੀਰੀ ਤੋਪਾ, ਉਲਟਾਵਾਂ ਤੋਪਾ, ਕਾਂਟਾ ਤੋਪਾ, ਕਾਜ (ਮੋਰੀ) ਤੋਪਾ, ਲੱਛਾ ਤੋਪਾ, ਬਿੰਦੂ ਤੋਪਾ, ਬਖੀਆ ਤੋਪਾ, ਟਾਂਕਾ ਤੋਪਾ ਆਦਿ...।

     ਕਈ ਪੱਖਾਂ ਤੋਂ ਯੂਰਪੀਨ ਦੇਸ਼ਾਂ ਦੀ ਕਸੀਦਾਕਾਰੀ ਮਨਮੋਹਕ ਰਹੀ ਹੈ ਜਿਸ ਵਿੱਚ ਕਾਟੀ (ਕਰਾਸ) ਤੋਪੇ ਦੀ ਵਰਤੋਂ ਵਧੇਰੇ ਹੋਈ। ਇਹ ਕਢਾਈ ਇੱਕ ਤਰ੍ਹਾਂ ਪੰਜਾਬ ਦੀ ‘ਬਾਗ਼ ਫੁਲਕਾਰੀ’, ਕਰਨਾਟਕਾ ਦੀ ‘ਕਸੂਤੀ’ ਅਤੇ ਬਿਹਾਰ ਦੀ (ਪੁੱਠੇ ਸਿੱਧੇ ਪਾਸੇ ਇੱਕੋ ਜਿਹੀ ਦਿੱਸਣ ਵਾਲੀ) ਦੁ-ਮੂੰਹੀ ਕਢਾਈ ਵਰਗੀ ਹੀ ਸੀ ਜੋ ਊਨੀ ਅਤੇ ਸੂਤੀ ਕੱਪੜਿਆਂ ’ਤੇ ਕੱਢੀ ਜਾਂਦੀ ਰਹੀ ਹੈ। ਪ੍ਰਾਚੀਨ ਸਮਿਆਂ ਵਿੱਚ ਇਸ ਕਢਾਈ ਦੇ ਨਮੂਨੇ ਚਿੱਟੇ ਅਤੇ ਕਾਲੇ ਧਾਗਿਆਂ ਨਾਲ ਕੱਢੇ ਜਾਂਦੇ ਸਨ, ਜਿਨ੍ਹਾਂ ਦਾ ਪ੍ਰਭਾਵ ਯੂਰਪ ਦੇਸ਼ਾਂ ਦੀ ਅਜੋਕੀ ਕਢਾਈ ਉੱਤੇ ਵੀ ਪਿਆ ਵੇਖਿਆ ਜਾ ਸਕਦਾ ਹੈ। ਲਗਪਗ ਦਸਵੀਂ ਸਦੀ ਤੋਂ ਮਗਰੋਂ ਸਪੇਨ, ਜਰਮਨੀ ਆਦਿ ਯੂਰਪੀਨ ਦੇਸ਼ਾਂ ਦੀ ਕਢਾਈ ਦੇ ਨਮੂਨਿਆਂ ਵਿੱਚ ਮਨੁੱਖ, ਪਸ਼ੂ, ਪੰਛੀ ਅਤੇ ਫੁੱਲਾਂ ਬੂਟਿਆਂ ਦੇ ਚਿੱਤਰ ਮਿਲਣ ਲੱਗਦੇ ਹਨ। ਦਸਵੀਂ ਸਦੀ ਤੋਂ ਪਹਿਲਾਂ ਦੀ ਕਢਾਈ ਦੇ ਵੇਰਵੇ ਉਪਲਬਧ ਨਹੀਂ ਹਨ ਪਰ ਉਸ ਤੋਂ ਬਾਅਦ ਦੀ ਕਢਾਈ ਵਿੱਚ ਜੰਜੀਰੀ ਤੋਪਾ (ਚੇਨ), ਉੱਭਰਵਾਂ (ਗੰਢਦਾਰ), ਕਾਜ ਤੋਪਾ (ਛੇਕਦਾਰ), ਲਪੇਟਵਾਂ ਤੋਪਾ (ਇੰਟਰਲਾਕ), ਰਫ਼ੂਗਰੀ ਤੋਪਾ (ਬੁਣਤੀਦਾਰ) ਅਤੇ ਮਰੋੜੀਦਾਰ (ਵੱਟਦਾਰ) ਤੋਪੇ ਦੁਆਰਾ ਕੀਤੀ ਕਢਾਈ ਦੇ ਨਮੂਨੇ ਹੀ ਮਿਲਦੇ ਹਨ।

     ਕੁਝ ਦੇਸ਼ਾਂ ਵਿੱਚ ਮੁਢਲੀ ਕਢਾਈ ਸਮੇਂ ਕੁਝ ਖ਼ਾਸ ਕਿਸਮ ਦੇ ਤੋਪੇ ਪ੍ਰਸਿੱਧ ਹੋਏ। ਜਿਵੇਂ ਚੀਨ ਵਿੱਚ ਕੱਚੀ ਕਢਾਈ (ਤਰਪਾਈ) ਦੇ ਉੱਭਰਵੇਂ ਤੋਪੇ, ਸਪੇਨ ਵਿੱਚ ਲਪੇਟਵੇਂ ਤੋਪੇ ਅਤੇ ਇੰਗਲੈਂਡ ਵਿੱਚ ਕਾਟਵੇਂ ਤੋਪੇ ਆਦਿ। ਚੀਨ ਦੀ ਕਢਾਈ ਵਿੱਚ ਅੰਕਿਤ, ਰੰਗਾਂ ’ਤੇ ਆਧਾਰਿਤ ਨਮੂਨੇ ਇਤਨੇ ਸਜੀਵ ਦਿੱਸਦੇ ਹਨ ਕਿ ਅਜਿਹੀ ਕਢਾਈ ਕੱਚੇ ਤੋਪੇ ਦੁਆਰਾ ਹੀ ਸੰਭਵ ਹੋ ਸਕਦੀ ਹੈ। ਕੱਚੇ ਤੋਪੇ ਤੋਂ ਭਾਵ ਹੈ ਕੱਪੜੇ ਦੀ ਬੁਣਤੀ ਵਿਚਲੇ ਧਾਗਿਆਂ ਦੇ ਸੰਨ੍ਹ ਵਿੱਚ ਸੂਈ ਨਾਲ ਰੰਗ-ਬਰੰਗਾ ਧਾਗਾ ਲੰਘਾ ਕੇ ਬਾਅਦ ਵਿੱਚ ਸਿੱਧੇ ਪਾਸਿਉਂ ਧਾਗਿਆਂ ਨੂੰ ਕੈਂਚੀ ਨਾਲ ਕੱਟ ਦੇਣਾ। ਇਉਂ ਕੱਪੜੇ ਦੀ ਸਤਹਾ ਵਿੱਚ ਫਸੇ ਧਾਗਿਆਂ ਦੇ ਰੰਗ-ਬਰੰਗੇ ਸਿਰੇ ਪੂਰਾ ਚਿੱਤਰ ਸਜੀਵ ਕਰ ਦਿੰਦੇ ਹਨ।

     ਭਾਰਤੀ ਕਢਾਈ/ਕਸੀਦਾਕਾਰੀ ਦੇ ਪ੍ਰਾਰੰਭਿਕ ਕਾਲ ਬਾਰੇ ਪੂਰੇ ਵੇਰਵੇ ਉਪਲਬਧ ਨਹੀਂ ਹਨ। ਭਾਰਤੀ ਪੁਰਾਤਤਵ ਵਿਭਾਗ ਦੇ ਖੋਜੀਆਂ ਨੂੰ ਮਿਸਰ, ਤੁਰਕਿਸਤਾਨ ਜਾਂ ਚੀਨ ਵਾਂਗ ਸੋਲ੍ਹਵੀਂ ਸਦੀ ਤੋਂ ਪਹਿਲੋਂ ਦੀ ਕਢਾਈ ਦੇ ਨਮੂਨੇ ਨਹੀਂ ਮਿਲੇ। ਫਿਰ ਵੀ ਅਨੁਮਾਨ ਹੈ ਕਿ ਭਾਰਤ ਵਿੱਚ ਕਢਾਈ ਦਾ ਇਤਿਹਾਸ ਇਸ ਤੋਂ ਵੀ ਪ੍ਰਾਚੀਨ ਹੈ ਕਿਉਂਕਿ ਮਹਿੰਜੋਦਾੜੋ ਦੀ ਖ਼ੁਦਾਈ ਵਿੱਚੋਂ ਪ੍ਰਾਪਤ ਮਿੱਟੀ ਦੇ ਖਿਡਾਉਣੇ ਤੇ ਵਸਤਰ ਉੱਤੇ ਅੰਕਿਤ ਚਿੱਤਰ, ਭਾਰਤੀ ਕਢਾਈ ਦੇ ਨਮੂਨੇ ਨੂੰ ਹੀ ਪ੍ਰਮਾਣਿਤ ਕਰਦਾ ਹੈ। ਰਿਗਵੇਦ ਵਿੱਚ ਹਿਰਣਯਪਸ਼ੇਸ ਸ਼ਬਦ ਦਾ ਉਲੇਖ ਵੀ ਇਸ ਸਮੇਂ ਦੀ ਕਸੀਦਾਕਾਰੀ ਵੱਲ ਹੀ ਸੰਕੇਤ ਹੈ।

     ਮੁਗ਼ਲ ਕਾਲ ਦੇ ਚਿੱਤਰਾਂ ਤੋਂ ਵੀ ਕੁਝ ਵਸਤਰਾਂ ’ਤੇ ਬਣੇ ਚਿੱਤਰਾਂ ਰਾਹੀਂ ਕਢਾਈ ਦੇ ਸੰਕੇਤ ਮਿਲਦੇ ਹਨ। ਜਿੱਥੋਂ ਤੱਕ ਇੱਕ ਦੇਸ਼ ਤੋਂ ਦੂਜੇ ਦੇਸ਼ ਦੀ ਕਢਾਈ ਜਾਂ ਕਸੀਦਾਕਾਰੀ ਦੀ ਸ਼ੈਲੀ ਵਿੱਚ ਇੱਕਸੁਰਤਾ ਨਜ਼ਰ ਆਉਂਦੀ ਹੈ, ਇਸਦੀ ਵਡਿਆਈ ਅਜਿਹੇ ਫਿਰਕੂ ਕਬੀਲਿਆਂ ਨੂੰ ਜਾਂਦੀ ਹੈ ਜਿਹੜੇ ਇੱਕ ਤੋਂ ਦੂਜੇ ਪ੍ਰਾਂਤ ਅਤੇ ਦੇਸ਼ ਵਿੱਚ ਇਹਨਾਂ ਨਮੂਨਿਆਂ ਦੀ ਸ਼ੈਲੀ ਨੂੰ (ਆਪਣੇ ਫਿਰਤੂ ਜੀਵਨ ਕਾਰਨ) ਲੈ ਕੇ ਗਏ।

     ਇਤਿਹਾਸਿਕ, ਰਾਜਨੀਤਿਕ ਅਤੇ ਸਮਾਜਿਕ ਉਥਲ- ਪੁਥਲ ਕਾਰਨ, ਭਾਰਤ ਦੀ ਕਸੀਦਾਕਾਰੀ ’ਤੇ ਅਨੇਕ ਦੇਸ਼ਾਂ ਦੀਆਂ ਕਸੀਦਾ ਸ਼ੈਲੀਆਂ ਦਾ ਪ੍ਰਭਾਵ ਪਿਆ। ਉਦਾਹਰਨ ਲਈ ਚੀਨੀ ਅਤੇ ਕਸ਼ਮੀਰੀ ਕਸੀਦਾਕਾਰੀ ਵਿੱਚ ਇੱਕ-ਦੂਜੇ ਦਾ ਰਲਾ ਸਪਸ਼ਟ ਵੇਖਿਆ ਜਾ ਸਕਦਾ ਹੈ। ਇਹ ਰਲਾ ਸ਼ਾਇਦ ਤਿੱਬਤ ਦੇ ਰਾਹ, ਇੱਕ ਤੋਂ ਦੂਜੇ ਦੇਸ਼ ਆਇਆ। ਪੰਜਾਬ ਦੀ ਫੁਲਕਾਰੀ ਅਤੇ ਬਲੋਚਿਸਤਾਨ ਦੀ ਕਢਾਈ ਦੇ ਰੰਗ ਅਤੇ ਨਮੂਨੇ ਇੱਕ ਦੂਜੇ ਨਾਲ ਕਾਫ਼ੀ ਮਿਲਦੇ-ਜੁਲਦੇ ਹਨ। ਸਿੰਧ, ਕੱਛ ਅਤੇ ਕਾਠੀਆਵਾੜ ਦੀ ਕਢਾਈ ਵਿੱਚ ਲਪੇਟਵੇਂ ਤੋਪੇ ਦੀ ਬਹੁ-ਵਰਤੋਂ, ਸਪੇਨ ਅਤੇ ਜਰਮਨੀ ਦੀ ਕਢਾਈ ਵਿਚਲੇ ਬਹੁ-ਵਰਤੀ ਤੋਪੇ ਵਰਗੀ ਹੀ ਹੈ। ਇਵੇਂ ਹੀ ਕਰਨਾਟਕਾ ਦੀ ‘ਕਸੂਤੀ’ ਉੱਤੇ ਕਢਾਈ ਅਤੇ ਬਿਹਾਰ ਦੀ ‘ਦੁ-ਮੂੰਹੀ’ (ਦੋਹਾਂ ਪਾਸਿਉਂ ਇੱਕੋ ਜਿਹੀ ਦਿਸਣ ਵਾਲੀ) ਕਢਾਈ ਯੂਰਪੀਨ ਦੇਸ਼ਾਂ ਦੀ ਕਸੀਦਾ-ਸ਼ੈਲੀ ਨਾਲ ਰਲਦੀ-ਮਿਲਦੀ ਹੈ।

     ਮੁਗ਼ਲ ਕਾਲ ਸਮੇਂ ਭਾਰਤੀ ਕਸੀਦਾਕਾਰੀ ਤੇ ਭਾਵੇਂ ਈਰਾਨੀ ਸ਼ੈਲੀ ਦਾ ਕਾਫ਼ੀ ਪ੍ਰਭਾਵ ਪਿਆ ਪਰ ਫਿਰ ਵੀ ਭਾਰਤੀ ਕਸੀਦਾਕਾਰੀ/ਕਢਾਈ ਦੀ ਆਪਣੀ ਵੱਖਰੀ ਪਛਾਣ ਅਤੇ ਵਿਲੱਖਣਤਾ ਹੈ। ਇਸ ਵਿੱਚ ਪ੍ਰਾਂਤਿਕ ਵੱਖਰਤਾ ਦੂਰੋਂ ਹੀ ਦਿਸ ਆਉਂਦੀ ਹੈ। ਭਾਰਤ ਦੀ ਕਸੀਦਾਕਾਰੀ ਵਿੱਚ ਬਾਗ਼, ਫੁਲਕਾਰੀ, ਚੋਪ (ਪੰਜਾਬ), ਗੱਬਾ/ਪਸ਼ਮੀਨਾ (ਕਸ਼ਮੀਰ), ਭਰਤ (ਕਾਠੀਆਵਾੜ/ ਕੱਛ), ਚਿਕਨਕਾਰੀ (ਯੂ.ਪੀ.), ਕਸੂਤੀ (ਕਰਨਾਟਕ) ਅਤੇ ਕਾਰਚੋਬੀ (ਲਖਨਊ ਦਿੱਲੀ) ਆਦਿ ਪ੍ਰਸਿੱਧ ਹਨ:

         (ੳ) ਬਾਗ਼, ਫੁਲਕਾਰੀ ਅਤੇ ਚੋਪ ਦੀ ਕਢਾਈ, ਲੋਕ-ਕਲਾ ਦੀ ਕੋਟੀ ਵਿੱਚ ਆਉਂਦੀ ਹੈ ਕਿਉਂਕਿ ਇਹ ਕਿੱਤਾਗਤ ਨਾ ਹੋ ਕੇ ਘਰੇਲੂ ਸੁਆਣੀਆਂ ਦੁਆਰਾ ਨਿੱਜੀ ਵਰਤੋਂ ਲਈ ਕੀਤੀ ਜਾਂਦੀ ਹੈ। ਬਾਗ਼ ਵਿੱਚ ਕੱਪੜੇ ਦੀ ਪਿੱਠ-ਵਰਤੀ ਤੋਂ ਕਢਾਈ ਸੰਘਣੀ ਕੀਤੀ ਜਾਂਦੀ ਹੈ ਅਤੇ ਕੱਪੜੇ ਦੀ ਸਤਹਾ ’ਤੇ ਕੋਈ ਥਾਂ ਖਾਲੀ ਨਹੀਂ ਛੱਡਿਆ ਜਾਂਦਾ। ਧਾਗਾ ਸੁੱਚਾ ਅਤੇ ਪੱਕੇ ਰੰਗਾਂ ਵਾਲਾ ਵਰਤਿਆ ਜਾਂਦਾ ਹੈ, ਜਿਸ ਦੀ ਆਭ੍ਹਾ ਕਈ ਵਰ੍ਹਿਆਂ ਤੱਕ ਮੱਠੀ ਨਹੀਂ ਪੈਂਦੀ।

     ਫੁਲਕਾਰੀ ਵਿੱਚ ਬੂਟੀਆਂ ਕੁਝ-ਕੁਝ ਦੂਰੀ ਤੇ ਕੱਢੀਆਂ ਜਾਂਦੀਆਂ ਹਨ। ਏਥੇ ਇਹ ਦੱਸ ਦੇਣਾ ਯੋਗ ਹੋਵੇਗਾ ਕਿ ਫੁਲਕਾਰੀ ਦੀ ਕਢਾਈ ਕੱਪੜੇ ਦੇ ਪੁੱਠੇ ਪਾਸਿਉਂ ਧਾਗੇ ਗਿਣ ਕੇ ਕੱਢੀ ਜਾਂਦੀ ਹੈ। ਜਦ ਕਿ ਚੋਪ ਕਿਨਾਰੇ ਤੇ ਕੀਤੀ ਜਾਣ ਵਾਲੀ ਕਢਾਈ ਨੂੰ ਕਹਿੰਦੇ ਹਨ।

         (ਅ) ਕੱਛੀ ਜਾਂ ਕਾਠੀਆਵਾੜ ਦੀ ਕਢਾਈ ਨੂੰ ਭਰਤ ਕਿਹਾ ਜਾਂਦਾ ਹੈ। ਭੁਜ ਇਸਦਾ ਮੁੱਖ ਕੇਂਦਰ ਹੈ। ਭਰਤ ਦੀ ਕਢਾਈ ਵਿੱਚ ਜ਼ੰਜੀਰੀ ਤੋਪਾ ਪ੍ਰਮੁਖ ਹੈ। ਕਿਤੇ-ਕਿਤੇ ਸ਼ੀਸ਼ਿਆਂ ਦੀ ਜੜ੍ਹਤ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ। ਕੱਛ ਦੀ ਕਢਾਈ ਜ਼ਿਆਦਾਤਰ ਸਾਟਨ, ਰੇਸ਼ਮੀ ਅਤੇ ਸੂਤੀ ਕੱਪੜੇ ਤੇ ਕੀਤੀ ਜਾਂਦੀ ਹੈ ਜਿਸਦੇ ਜ਼ਮੀਨੀ ਰੰਗ ਵਿੱਚ ਸਫ਼ੈਦ, ਕੇਸਰੀਆ, ਕਾਲੇ ਜਾਂ ਲਾਲ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਾਠੀਆਵਾੜੀ ਕਢਾਈ ਵਿੱਚ ਤੋਪਾ ਕਸਬੀ ਜਾਂ ਭਰਤ ਤੋਂ ਮੋਟਾ ਹੁੰਦਾ ਹੈ।

         (ੲ) ਚਿਕਨ ਦੀ ਕਸੀਦਾਕਾਰੀ/ਕਢਾਈ ਬਰੀਕ ਸਫ਼ੈਦ ਕੱਪੜੇ ਉੱਤੇ ਸਫ਼ੈਦ ਧਾਗੇ ਨਾਲ ਹੀ ਕੀਤੀ ਜਾਂਦੀ ਹੈ। ਚਿਕਨ ਦੀ ਕਢਾਈ ਵਿੱਚ ਅਕਸਰ ਕੱਪੜੇ ਦੀ ਕਿਨਾਰੀ ਉੱਤੇ ਲਹਿਰੀਆਂ ਵੇਲਾਂ ਅਤੇ ਵਿਚਕਾਰ ਬੂਟੀਆਂ ਦੇ ਨਮੂਨਿਆਂ ਨੂੰ ਚਿਤਰਿਤ ਕੀਤਾ ਜਾਂਦਾ ਹੈ। ਚਿਕਨ ਕਢਾਈ ਵਿੱਚ ਬਿੰਦੂ ਤੋਪਾ, ਬਖੀਆ ਤੋਪਾ, ਮਰੋੜੀ ਜਾਂ ਮੋਰੀ ਵਾਲੇ ਤੋਪੇ ਨੂੰ ਪਹਿਲ ਦਿੱਤੀ ਜਾਂਦੀ ਹੈ।

         (ਸ) ਕਰਨਾਟਕ ਦੀ ਕਸੂਤੀ ਦਾ ਸ਼ਾਬਦਿਕ ਅਰਥ ਹੀ ‘ਕਢਾਈ’ ਹੈ। ਇਹ ਵੀ ਇੱਕ ਤਰ੍ਹਾਂ ਦੀ ਲੋਕ-ਕਲਾ ਹੀ ਹੈ। ਬੇਰਵਾੜ, ਬੀਜਾਪੁਰ, ਧਾਰਵਾੜ ਇਸਦੇ ਮੁੱਖ ਕੇਂਦਰ ਹਨ। ਕਸੂਤੀ ਵਿੱਚ ਅਤਿ ਗੂੜ੍ਹੇ ਰੰਗਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਵਿੱਚ ਤੁਲਸੀ, ਹਿਰਨ, ਹਾਥੀ, ਮੋਰ, ਹੰਸ ਅਤੇ ਤੋਤੇ ਆਦਿ ਦੀਆਂ ਅਕ੍ਰਿਤੀਆਂ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ।

         (ਹ) ਕਾਰਚੋਬੀ ਕਢਾਈ/ਕਸੀਦਾਕਾਰੀ, ਸਿਲਮੇ ਸਿਤਾਰੇ, ਮੋਤੀ ਅਤੇ ਸੋਨੇ ਚਾਂਦੀ ਦੀਆਂ ਤਾਰਾਂ ਆਦਿ ਨਾਲ ਕੀਤੀ ਜਾਂਦੀ ਹੈ। ਲਖਨਊ, ਬਨਾਰਸ, ਪਟਨਾ, ਸੂਰਤ ਅਤੇ ਹੈਦਰਾਬਾਦ ਆਦਿ ਇਸ ਦੇ ਮੁੱਖ ਕੇਂਦਰ ਹਨ।

         (ਕ) ਇਹਨਾਂ ਪ੍ਰਾਂਤਿਕ ਸ਼ੈਲੀਆਂ ਵਿੱਚ ਬੰਗਾਲ ਦਾ ਕਾਂਥਾਂ ਵੀ ਕਢਾਈ/ਕਸੀਦਾਕਾਰੀ ਦੀ ਕੋਟੀ ਵਿੱਚ ਆਉਂਦਾ ਹੈ ਜਿਸ ਵਿੱਚ ਪੁਰਾਣੀਆਂ ਸਾੜ੍ਹੀਆਂ ਦੇ ਨਮੂਨੇ ਕੱਟ ਕੇ ਉਹਨਾਂ ਨੂੰ ਜੋੜਨ ਸਮੇਂ ਕਢਾਈ ਕੀਤੀ ਜਾਂਦੀ ਹੈ। ਚੰਬਾ ਅਤੇ ਕਾਂਗੜਾ ਦੀ ਕਢਾਈ ਆਪਣੀ ਵਿਲੱਖਣ ਸ਼ੈਲੀ ਕਾਰਨ ਪ੍ਰਸਿੱਧ ਹੈ।

     ਭਾਰਤੀ ਕਬੀਲਿਆਂ ਦੁਆਰਾ ਵਸਤਰਾਂ ਉਪਰ ਕੀਤੀ ਜਾਣ ਵਾਲੀ ਕਢਾਈ ਦੀ ਲੰਮੀ ਪਰੰਪਰਾ ਅਤੇ ਵਿਲੱਖਣਤਾ ਨੂੰ ਜਿਸ ਵਿੱਚ ਸਿੱਪੀਆਂ, ਮੋਤੀ, ਕੌਡੀਆਂ, ਖੰਭ ਆਦਿ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜੋਕੇ ਸਮੇਂ ਮਸ਼ੀਨੀ ਯੁੱਗ ਨੇ ਭਾਵੇਂ ਕਸੀਦਾਕਾਰੀ/ਕਢਾਈ ਦਾ ਚਲਨ ਮੱਠਾ ਪਾ ਦਿੱਤਾ ਹੈ ਪਰ ਹੱਥ ਦੀ ਕਢਾਈ ਨੂੰ ਅੱਜ ਵੀ ਮੁੱਲਵਾਨ ਸਮਝਿਆ ਜਾਂਦਾ ਹੈ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਢਾਈ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਢਾਈ (ਨਾਂ,ਇ) ਕੱਪੜੇ ਆਦਿ ’ਤੇ ਕੀਤੀ ਕਸੀਦਾਕਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਢਾਈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਢਾਈ [ਨਾਂਇ] ਸੂਈ-ਧਾਗੇ ਨਾਲ਼ ਕੱਪੜੇ ਆਦਿ ਉੱਤੇ ਫੁੱਲ-ਬੂਟੇ ਆਦਿ ਪਾਉਣ ਦਾ ਭਾਵ, ਕਸੀਦਾ , ਕਸੀਦਾਕਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਢਾਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਢਾਈ (ਕ੍ਰਿ.। ਦੇਖੋ , ਕਾਢੇ) ਕਹਾਈ। ਯਥਾ-‘ਘਾਸੀ ਕਉ ਹਰਿ ਨਾਮੁ ਕਢਾਈ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਢਾਈ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਢਾਈ, ਇਸਤਰੀ ਲਿੰਗ : ਕੱਢਣ ਦਾ ਕੰਮ ਜਾਂ ਮਜੂਰੀ, ਕੱਢਣ ਦਾ ਭਾਵ, ਕਸੀਦਾ, ਕਸੀਦਾਕਾਰੀ, ਕਰੋਸ਼ੀਆਕਾਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-22-02-17-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.