ਕਥਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਥਾ (ਨਾਂ,ਇ) ਕਹੀ ਜਾਣ ਵਾਲੀ ਵਾਰਤਾ; ਉਪਦੇਸ; ਧਾਰਮਿਕ ਵਿਖਿਆਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਥਾ [ਨਾਂਇ] ਕਹਾਣੀ, ਵਾਰਤਾ, ਬਾਤ, ਪ੍ਰਸੰਗ; ਵਿਖਿਆਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਥਾ. ਸੰ. ਸੰਗ੍ਯਾ—ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨ ਕਿਸੇ ਵਾਕ ਦੇ ਅਰਥ ਦਾ ਵਰਣਨ. “ਕਥਾ ਸੁਣਤ ਮਲੁ ਸਗਲੀ ਖੋਵੈ.” (ਮਾਝ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਥਾ: ਸੰਸਕ੍ਰਿਤ ਭਾਸ਼ਾ ਦੇ ਕਥੑ ਧਾਤੂ ਤੋਂ ਬਣੇ ਇਸ ਦਾ ਸ਼ਾਬਦਿਕ ਅਰਥ ਹੈ ਵਰਣਨ ਜਾਂ ਵਿਆਖਿਆ ਜਾਂ ਪ੍ਰਸੰਗ। ਧਾਰਮਿਕ ਰਮਜ਼ਾਂ ਜਾਂ ਵਿਸ਼ਿਆਂ ਨੂੰ, ਜੋ ਕਈ ਵਾਰ ਸੰਖਿਪਤ ਜਾਂ ਸੰਕੇਤਿਕ ਰੂਪ ਵਿਚ ਹੁੰਦੇ ਹਨ, ਸਪੱਸ਼ਟ ਕਰਨ ਲਈ ਜੋ ਬ੍ਰਿੱਤਾਂਤ ਦਿੱਤਾ ਜਾਂਦਾ ਹੈ, ਉਸ ਨੂੰ ਵੀ ‘ਕਥਾ’ ਕਿਹਾ ਜਾਂਦਾ ਹੈ। ਇਸ ਲਈ ‘ਵਾਰਤਾ’ ਸ਼ਬਦ ਵੀ ਵਰਤਿਆ ਜਾਂਦਾ ਹੈ। ਮਹਾਭਾਰਤ , ਪੁਰਾਣ ਸਾਹਿਤ ਆਦਿ ਨੂੰ ਕਥਾਵਾਂ ਦੇ ਸੰਗ੍ਰਹਿ ਹੀ ਮੰਨਿਆ ਜਾਂਦਾ ਹੈ।

            ਗੁਰੂ ਅਰਜਨ ਦੇਵ ਜੀ ਦੀ ਬਾਣੀ ਤੋਂ ਪ੍ਰਮਾਣ ਮਿਲਦੇ ਹਨ ਕਿ ਗੁਰਬਾਣੀ ਦੀ ਵਿਆਖਿਆ ਨਾਲੋਂ ਨਾਲ ਸਿੱਖ ਧਰਮਸ਼ਾਲਾਵਾਂ ਵਿਚ ਸ਼ੁਰੂ ਹੋ ਗਈ ਸੀ। ਮਾਝ ਰਾਗ ਵਿਚ ਆਪ ਜੀ ਨੇ ਉਚਾਰਿਆ ਹੈ ਕਿ ਪਰਮਾਤਮਾ ਦੇ ਗੁਣ ਗਾਉਣ ਨਾਲ ਮਨ ਪ੍ਰਸੰਨ ਹੁੰਦਾ ਹੈ ਅਤੇ ਕਥਾ ਸੁਣਨ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ। ਸਦਾ ਸਾਧ-ਸੰਗਤ ਵਿਚ ਜਾ ਕੇ ਪਰਮਾਤਮਾ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ— ਗੁਣ ਗਾਵਤ ਮਨੁ ਹਰਿਆ ਹੋਵੈ ਕਥਾ ਸੁਣਤ ਮਲੁ ਸਗਲੀ ਖੋਵੈ ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ (ਗੁ.ਗ੍ਰੰ.104)।

            ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਤੋਂ ਬਾਦ ਤਾਂ ਬਾਣੀ ਦੀ ਕਥਾ ਕਰਨ ਦੀ ਇਕ ਪਰੰਪਰਾ ਹੀ ਚਲ ਪਈ। ਆਮ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਕੋਈ ਸ਼ਬਦ ਲੈ ਕੇ ਕੋਈ ਕਥਾਕਾਰ ਉਸ ਦੀ ਵਿਆਖਿਆ ਕਰਦਾ ਹੈ। ਅਜਿਹਾ ਕਰਨ ਵੇਲੇ ਉਹ ਉਸ ਸ਼ਬਦ ਵਿਚ ਆਏ ਮੁੱਖ ਸਰੋਕਾਰਾਂ ਨੂੰ ਸਪੱਸ਼ਟ ਕਰਨ ਲਈ ਅਨੇਕ ਪ੍ਰਕਾਰ ਦੇ ਉਦਾਹਰਣ, ਸਾਖੀਆਂ ਆਦਿ ਦਾ ਬ੍ਰਿੱਤਾਂਤ ਦਿੰਦਾ ਹੈ ਅਤੇ ਗੁਰਬਾਣੀ ਜਾਂ ਭਾਈ ਗੁਰਦਾਸ ਬਾਣੀ ਜਾਂ ਦਸਮ-ਗ੍ਰੰਥ ਤੋਂ ਟੂਕਾਂ ਜਾਂ ਹਵਾਲੇ ਦੇ ਕੇ ਸਿੱਧਾਂਤਾਂ ਨੂੰ ਸਪੱਸ਼ਟ ਅਤੇ ਸੰਪੁਸ਼ਟ ਕਰਦਾ ਹੈ। ਸਿੱਖ-ਇਤਿਹਾਸ ਤੋਂ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਕਥਾ ਆਮ ਕਰਕੇ ਜ਼ਬਾਨੀ ਹੁੰਦੀ ਹੈ ਅਤੇ ਹਵਾਲੇ ਵੀ ਕਥਾਕਾਰ ਜ਼ਬਾਨੀ ਹੀ ਦਿੰਦਾ ਹੈ। ਟੀਕੇ, ਸ਼ਬਦਾਰਥ, ਭਾਸ਼ੑਯ ਇਸ ਲੋੜ ਦੀਆਂ ਲਿਖਿਤ ਵਿਸਤ੍ਰਿਤੀਆਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਥਾ: ਸੰਸਕ੍ਰਿਤ ਸ਼ਬਦਕਥ ’ ਦਾ ਸੰਗਿਆ ਰੂਪ ਹੈ ਜਿਸਦਾ ਅਰਥ ਹੈ ਬੋਲਣਾ, ਵਿਆਖਿਆ, ਵਰਨਨ ਜਾਂ ਬਿਆਨ ਕਰਨਾ। ਧਾਰਮਿਕ ਸ਼ਬਦਾਵਲੀ ਵਿਚ ਕਥਾ ਦਾ ਅਰਥ ਹੈ ਧਰਮ-ਗ੍ਰੰਥ ਵਿਚੋਂ ਕਿਸੇ ਵੀ ਪੈਰ੍ਹੇ ਉੱਪਰ ਚਰਚਾ, ਵਿਸ਼ਲੇਸ਼ਣ ਅਤੇ ਵਿਆਖਿਆਨ। ਇਸ ਵਿਚ ਦਿੱਤੇ ਗਏ ਮੂਲ ਪਾਠ ‘ਤੇ ਵਿਸਤਾਰ ਪੂਰਵਕ ਪ੍ਰਵਚਨ ਅਤੇ ਇਸਦਾ ਸਹੀ ਉਚਾਰਨ ਸ਼ਾਮਲ ਹਨ। ਇਸ ਵਿਚ ਬੁਨਿਆਦੀ ਅਧਿਆਤਮਿਕ ਅਤੇ ਧਰਮ-ਸ਼ਾਸਤਰੀ ਸਿਧਾਂਤਾਂ ਨੂੰ ਵਿਸਥਾਰ ਵਿਚ ਸਮਝਾਉਣ ਹਿਤ ਕਥਾ, ਕਹਾਵਤ ਅਤੇ ਹਵਾਲਿਆਂ ਦਾ ਪੂਰਾ ਇਸਤੇਮਾਲ ਕੀਤਾ ਜਾਂਦਾ ਹੈ। ਗੁਰਬਾਣੀ ਰਚਨਾ ਆਮ ਤੌਰ ਤੇ ਗੂੜ੍ਹ ਅਤੇ ਅਰਥ-ਭਰਪੂਰ ਹੁੰਦੀ ਹੈ। ਇਸ ਕਰਕੇ ਅਜਿਹੀ ਰਚਨਾ ਦੀ ਜਿਗਿਆਸੂਆਂ ਦੇ ਲਾਭ ਹਿਤ ਵਿਆਖਿਆ ਕਰਨ ਦੀ ਲੋੜ ਪੈਂਦੀ ਹੈ। ਇਸ ਦੇ ਨਤੀਜੇ ਵਜੋਂ ਭਾਰਤੀ ਪਰੰਪਰਾ ਵਿਚ ਟੀਕਾ , ਸ਼ਬਦਾਰਥ, ਭਾਸ਼ਯ ਆਦਿ ਰੂਪ ਸਾਮ੍ਹਣੇ ਆਏ ਹਨ। ਵਿਆਖਿਆ ਜਾਂ ਵਿਚਾਰ ਅਧੀਨ ਵਿਚਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਧਾਰਮਿਕ ਅਤੇ ਸਿੱਖਿਆਦਾਇਕ ਗ੍ਰੰਥਾਂ ਵਿਚੋਂ ਪ੍ਰਮਾਣਾਂ ਜਾਂ ਯੋਗ ਪ੍ਰਮਾਣਿਕ ਕਥਨਾਂ ਦਾ ਸਹਾਰਾ ਲਿਆ ਜਾਂਦਾ ਹੈ। ਵਿਆਖਿਆ ਦੀਆਂ ਉਪਰੋਕਤ ਤਿੰਨੇ ਕਿਸਮਾਂ ਸਿੱਖ ਕਥਾ ਵਿਚ ਇਕ-ਮਿਕ ਹੋਈਆਂ ਮਿਲਦੀਆਂ ਹਨ: ਸਿੱਖ ਪਰੰਪਰਾ ਵਿਚ ਕਥਾ ਦੀ ਵਿਧੀ ਮੌਖਿਕ ਹੈ। ਉਪਨਿਸ਼ਦਾਂ, ਭਗਵਦ ਗੀਤਾ, ਪੁਰਾਣਾਂ , ਰਮਾਇਣ ਅਤੇ ਮਹਾਂਭਾਰਤ ਵਰਗੇ ਮਹਾਂਕਾਵਾਂ ਦੀ ਕਥਾ ਮੰਚ ਤੋਂ ਕੀਤੀ ਜਾਂਦੀ ਰਹੀ ਹੈ। ਪਰ ਸਿੱਖ ਧਰਮ ਵਿਚ ਇਹ ਵੱਡੀਆਂ ਧਾਰਮਿਕ ਸਭਾਵਾਂ ਵਿਖੇ ਸੇਵਾ ਦੇ ਤੌਰ ‘ਤੇ ਸੰਸਥਾਗਤ ਰੂਪ ਵਿਚ ਹੁੰਦੀ ਹੈ।

      ਸਿੱਖ ਧਰਮ ਵਿਚ ਕਥਾ ਦੀ ਰਵਾਇਤ ਦੀ ਰਸਮੀ ਸ਼ੁਰੂਆਤ ਗੁਰੂ ਅਰਜਨ ਦੇਵ ਜੀ (1563- 1606), ਜਿਹਨਾਂ ਨੇ ਸਿੱਖ ਧਰਮ ਗ੍ਰੰਥ , ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ , ਦੇ ਸਮੇਂ ਹੋਈ। ਇਸ ਧਰਮ ਗ੍ਰੰਥ ਨੂੰ ਹੱਥੀਂ ਲਿਖਣ ਵਾਲੇ ਭਾਈ ਗੁਰਦਾਸ ਨੂੰ ਗੁਰੂ ਜੀ ਨੇ ਆਦੇਸ਼ ਦਿੱਤਾ ਕਿ (ਗੁਰੂ) ਗ੍ਰੰਥ ਸਾਹਿਬ ਵਿਚੋਂ ਲਏ ਗਏ ਵਾਕ ਦੀ ਰੋਜ਼ਾਨਾ ਸੰਖੇਪ ਅਤੇ ਨਿਰਧਾਰਿਤ ਵਿਆਖਿਆ ਕਰਿਆ ਕਰਨ। ਗੁਰੂ ਸਾਹਿਬਾਨ ਦੁਆਰਾ ਨਿਯੁਕਤ ਮਸੰਦਾਂ ਨੇ ਵੀ ਸਥਾਨਿਕ ਇਕੱਤਰਤਾਵਾਂ ਵਿਚ ਇਸੇ ਕਿਸਮ ਦੀ ਕਥਾ ਕਰਨੀ ਅਰੰਭ ਕਰ ਦਿੱਤੀ ਸੀ। ਸਿੱਖ ਅਧਿ- ਆਤਮਿਕਤਾ ਅਤੇ ਧਰਮ ਦਾ ਕੇਂਦਰੀ ਬਿੰਦੂ ਸ਼ਬਦ ਹੈ। ਇਸ ਕਰਕੇ ਪਵਿੱਤਰ ਗ੍ਰੰਥ ਦੀ ਸਹੀ ਵਿਆਖਿਆ ਅਤਿ ਮਹੱਤਵਪੂਰਨ ਹੈ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ (1666-1708) ਨੇ ਆਪ ਭਾਈ ਮਨੀ ਸਿੰਘ ਨੂੰ ਪਵਿੱਤਰ ਲਿਖਤਾਂ ਦੀ ਵਿਆਖਿਆ ਕਰਨ ਦੀ ਸਿੱਖਿਆ ਦਿੱਤੀ ਸੀ। ਭਾਈ ਮਨੀ ਸਿੰਘ ਤੋਂ ਉਤਪੰਨ ਹੋਈ ਗੁਰਬਾਣੀ ਵਿਆਖਿਆ ਦੀ ਸੰਪਰਦਾਇ ਨੂੰ ਅੱਜ-ਕੱਲ੍ਹ ਗਿਆਨੀ ਸੰਪਰਦਾਇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਥਾ ਕਰਨ ਦੀ ਰਿਵਾਇਤ ਸਿੱਖ ਪਰੰਪਰਾ ਵਿਚ ਗੁਰੂ-ਕਾਲ ਤੋਂ ਚੱਲਦੀ ਆ ਰਹੀ ਹੈ। ਬਹੁਤ ਸਾਰੀਆਂ ਸੰਸਥਾਵਾਂ, ਟਕਸਾਲੀ ਅਤੇ ਆਧੁਨਿਕ ਵਿਦਵਾਨਾਂ ਨੂੰ ਇਸ ਕਲਾ ਦੀ ਸਿੱਖਿਆ ਦੇ ਰਹੀਆਂ ਹਨ। ਕਥਾ, ਆਮ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਤੀ ਜਾਂਦੀ ਹੈ। ਕਥਾਕਾਰ ਪਵਿੱਤਰ ਗ੍ਰੰਥ ਵਿਚੋਂ ਆਪ ਉਸ ਸ਼ਬਦ ਨੂੰ ਸ਼ਰਧਾਪੂਰਵਕ ਪੜ੍ਹਦਾ ਹੈ ਜਿਸਦੀ ਕਥਾ ਕਰਨੀ ਹੋਵੇ। ਕਥਾ ਕੀਤੇ ਜਾਣ ਵਾਲੇ ਸ਼ਬਦ ਦੀ ਚੋਣ ਕਥਾਕਾਰ ਦੀ ਮਰਜੀ ਉੱਪਰ ਨਿਰਭਰ ਕਰਦੀ ਹੈ: ਇਹ ਸ਼ਬਦ ਉਸ ਦੁਆਰਾ ਪਹਿਲਾਂ ਸੋਚਿਆ ਹੋਇਆ ਜਾਂ ਉਸ ਸਮੇਂ ਸਾਮ੍ਹਣੇ ਆਇਆ ਕੋਈ ਵੀ ਸ਼ਬਦ ਹੋ ਸਕਦਾ ਹੈ। ਕਥਾ ਦੇ ਅਰੰਭ ਵਿਚ ਬਾਣੀ ਦੇ ਸੰਬੰਧਿਤ ਸ਼ਬਦ ਦਾ ਲੈਅ ਨਾਲ ਅਤੇ ਸਹੀ ਉਚਾਰਨ ਨਾਲ ਪਾਠ ਪਹਿਲੀ ਗੱਲ ਹੈ। ਉਪਰੰਤ ਕਥਾ ਦਾ ਰੂਪ ਕੋਈ ਵੀ ਹੋ ਸਕਦਾ ਹੈ। ਪਰੰਤੂ ਸਭ ਤੋਂ ਪਹਿਲਾਂ ਸੰਬੰਧਿਤ ਸ਼ਬਦ ਦਾ ਕੇਂਦਰੀ ਭਾਵ ਸਪਸ਼ਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਔਖੇ ਸ਼ਬਦਾਂ ਦੇ ਅਰਥ ਦੱਸ ਕੇ ਦਿੱਤੇ ਗਏ ਸੰਪੂਰਨ ਸ਼ਬਦ ਦੀ ਇਕ ਪੰਕਤੀ ਦੀ ਵਿਆਖਿਆ ਕੀਤੀ ਜਾਂਦੀ ਹੈ। ਪ੍ਰਸੰਗ ਦਾ ਧਿਆਨ ਰੱਖਦੇ ਹੋਏ ਹਰ ਇਕ ਪੰਕਤੀ ਨੂੰ ਮੁੱਖ ਵਿਸ਼ੇ ਦੀ ਪ੍ਰਸੰਗਿਕਤਾ ਵਿਚ ਉਜਾਗਰ ਕੀਤਾ ਜਾਂਦਾ ਹੈ। ਉਪਰੰਤ ਉਸ ਸ਼ਬਦ ਦੇ ਵਿਸ਼ੇ ਦਾ ਵਿਸ਼ਲੇਸ਼ਨ ਕੀਤਾ ਜਾਂਦਾ ਹੈ ਤਾਂ ਜੋ ਉਸ ਸ਼ਬਦ ਦਾ ਅਧਿਆਤਮਿਕ ਅਤੇ ਸਿਧਾਂਤਿਕ ਮਹੱਤਵ ਉਜਾਗਰ ਕੀਤਾ ਜਾ ਸਕੇ। ਅਜਿਹਾ ਕਰਦੇ ਸਮੇਂ ਇਸਦੇ ਸਾਹਿਤਿਕ ਗੁਣਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਕਥਾਕਾਰ ਆਪਣੀ ਕਥਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੀ ਯਾਦਦਾਸ਼ਤ ਤੋਂ ਵਿਭਿੰਨ ਧਾਰਮਿਕ ਗ੍ਰੰਥਾਂ ਅਤੇ ਗੁਰੂ ਸਾਹਿਬਾਨ ਦੀਆਂ ਜੀਵਨ-ਸਾਖੀਆਂ ਵਿਚੋਂ ਹਵਾਲੇ ਦਿੰਦਾ ਹੈ। ਕਥਾ ਖ਼ਤਮ ਹੋਣ ਤੋਂ ਪਹਿਲਾਂ ਸਮੁੱਚੀ ਵਿਚਾਰ-ਚਰਚਾ ਦਾ ਸਾਰੰਸ਼ ਦੱਸਿਆ ਜਾਂਦਾ ਹੈ ਅਤੇ ਅਖੀਰ ਵਿਚ ਸੰਬੰਧਿਤ ਸ਼ਬਦ ਦਾ ਮੁੜ ਪਾਠ ਕੀਤਾ ਜਾਂਦਾ ਹੈ। ਕਥਾ ਦੇ ਸਮੇਂ ਗੁਰਦੁਆਰਿਆਂ ਵਿਚ ਪ੍ਰਮੁਖ ਸਿੱਖ ਇਤਿਹਾਸਿਕ ਲਿਖਤਾਂ ਦੀ ਵਿਆਖਿਆ ਵੀ ਹੁੰਦੀ ਹੈ ਜਿਵੇਂ ਕਿ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ , ਪੰਥ ਪ੍ਰਕਾਸ਼ , ਆਦਿ। ਪਰ ਇਹ ਆਮ ਤੌਰ ਤੇ ਸਵੇਰ ਅਤੇ ਸ਼ਾਮ ਦੀ ਸੇਵਾ ਤੋਂ ਵੱਖਰਿਆਂ ਬਾਅਦ- ਦੁਪਹਿਰ ਹੁੰਦੀ ਹੈ।              


ਲੇਖਕ : ਤ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਥਾ (ਸੰ.। ਸੰਸਕ੍ਰਿਤ) ਇਤਿਹਾਸ , ਕਹਾਣੀ; ਵਰਣਨ। ਯਥਾ-‘ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਥਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਥਾ : ਸੰਸਕ੍ਰਿਤ ਵਿਚ ਕਥਾ ਸ਼ਬਦ ਕਹਾਣੀ ਲਈ ਵਰਤਿਆ ਗਿਆ ਹੈ ਜਿਵੇਂ ਕਥਾ ਸਰਿਤ ਸਾਗਰ ਜਾਂ ਬ੍ਰਿਹਤ ਕਥਾ ਆਦਿ। ਪੰਜਾਬੀ ਵਿਚ ਵੀ ਇਸ ਦੀ ਵਰਤੋਂ ਭਾਵੇਂ ਕਹਾਣੀ ਦੇ ਅਰਥਾਂ ਵਿਚ ਹੀ ਕੀਤੀ ਜਾਂਦੀ ਹੈ ਪਰ ਇਸ ਦਾ ਅਰਥ ਵਿਸਤਾਰ ਹੋਣ ਨਾਲ ਕਥਾ ਸ਼ਬਦ ਧਾਰਮਕ ਇਤਿਹਾਸ ਜਾਂ ਉਪਦੇਸ਼ ਦੀ ਵਿਆਖਿਆ ਲਈ ਵੀ ਉਪਯੋਗ ਕੀਤਾ ਜਾਣ ਲਗ ਪਿਆ ਹੈ। ਗੁਰਦੁਆਰਿਆਂ ਵਿਚ ਵਿਸ਼ੇਸ਼ ਕਰਕੇ ਕੀਰਤਨ ਦੇ ਨਾਲ ਕਥਾ ਲਈ ਸਮਾਂ ਨਿਸ਼ਚਿਤ ਕੀਤਾ ਜਾਂਦਾ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਮਹਾਂਵਾਕ ਦੀ ਕਥਾ ਅਤੇ ਸੂਰਜ ਪ੍ਰਕਾਸ਼ ਦੀ ਕਥਾ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ।

           ਪੰਜਾਬੀ ਵਿਚ ਪਹਿਲਾਂ ਕਥਾ ਸ਼ਬਦ ਦੀ ਵਰਤੋਂ ਰਾਮਾਇਣ, ਮਹਾਭਾਰਤ ਆਦਿ ਧਾਰਮਕ ਗ੍ਰੰਥਾਂ ਦੇ ਬਿਰਤਾਂਤ ਜਾਂ ਵਰਤ ਸਬੰਧੀ ਕਹਾਣੀ ਸੁਣਾਉਣ ਲਈ ਕੀਤੀ ਜਾਂਦੀ ਸੀ। ਇਸੇ ਧਾਰਣਾ ਅਨੁਸਾਰ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਸਬੰਧੀ ਲਿਖੀਆਂ ਗਈਆਂ ਕਈ ਜਨਮ ਸਾਖੀਆਂ ਅਤੇ ਸੂਰਜ ਪ੍ਰਕਾਸ਼ ਆਦਿ ਕਾਵਿ ਗ੍ਰੰਥਾਂ ਦੇ ਬਿਰਤਾਂਤ ਨੂੰ ਕਥਾ ਦਾ ਨਾਂ ਦਿੱਤਾ ਗਿਆ। ਗੁਰੂ ਸਾਹਿਬਾਨ ਦੇ ਅਲੌਕਿਕ ਜੀਵਨ ਨੇ ਪੰਜਾਬ ਦੀ ਸੰਸਕ੍ਰਿਤੀ ਉਤੇ ਚਮਤਕਾਰੀ ਪ੍ਰਭਾਵ ਪਾਇਆ। ਉਨ੍ਹਾਂ ਦੇ ਜੀਵਨ ਇਤਿਹਾਸ ਨਾਲ ਸਬੰਧਤ ਰਚਨਾਵਾਂ ਵਿਚ ਉਪਦੇਸ਼ ਦੇ ਨਾਲ ਨਾਲ ਕਹਾਣੀ ਰਸ ਵੀ ਮੌਜੂਦ ਹੈ। ਇਸ ਲਈ ਇਨ੍ਹਾਂ ਨਾਲ ਕਥਾ ਦਾ ਪਦ ਪੂਰੀ ਤਰ੍ਹਾਂ ਢੁਕਦਾ ਹੈ।

         ਗੁਰਬਾਣੀ ਵਿਚ ਕਥਾ ਸ਼ਬਦ ਪ੍ਰਭੂ ਦੇ  ਗੁਣਾਂ ਦੇ ਵਰਣਨ ਅਤੇ ਕਿਸੇ ਵਾਕ ਦੀ ਅਰਥ ਵਿਆਖਿਆ ਲਈ ਵੀ ਵਰਤਿਆ ਗਿਆ ਹੈ:-

           ਸਭ ਤੇ ਊਤਮ ਹਰਿ ਕੀ ਕਥਾ॥

          - - - - - - - - - - - - - - - - - - -

          ਕਥਾ ਸੁਣਤ ਮਲੁ ਸਗਲੀ ਖੋਵੈ॥

     ਇਸੇ ਭਾਵ ਨੂੰ ਲੈ ਕੇ ਗੁਰੂ ਸ਼ਬਦ ਦੀ ਵਿਆਖਿਆ ਨੂੰ ਕਥਾ ਕਿਹਾ ਜਾਂਦਾ ਹੈ। ਗੁਰਬਾਣੀ ਦੀ ਵਿਆਖਿਆ ਕਰਨ ਵੇਲੇ ਕਥਾਕਾਰ ਗੁਰ ਇਤਿਹਾਸ ਦੇ ਨਾਲ ਨਾਲ ਪੌਰਾਣਿਕ ਸਾਖੀਆਂ ਸੁਣਾਕੇ ਵੀ ਗੁਰਮਤਿ ਦੇ ਸੰਕਲਪ ਨੂੰ ਸਪਸ਼ਟ ਕਰਦੇ ਹਨ। ਇਸ ਤਰ੍ਹਾਂ ਇਸ ਕਥਾ ਵਿਚੋਂ ਹਰਿ ਦੇ ਗੁਣਾਂ ਦੀ ਸਿਫ਼ਤ ਦੇ ਨਾਲ ਨਾਲ ਸਰੋਤਿਆਂ ਨੂੰ ਕੁਝ ਹੱਦ ਤਕ ਕਹਾਣੀ ਰਸ ਵੀ ਪ੍ਰਾਪਤ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਅਨੇਕ ਕਥਾਵਾਂ ਦੀ ਵਰਤੋਂ ਕੀਤੀ ਹੈ।

    ਪੰਜਾਬੀ ਵਿਚ ਕਥਾ ਦੀ ਪਰੰਪਰਾ ਕਾਫ਼ੀ ਪੁਰਾਣੀ ਹੈ। ਉਦਾਸੀਆਂ ਦੇ ਡੇਰਿਆਂ ਵਿਚ ਪਾਰਸ ਭਾਗ ਦੀ ਕਥਾ ਹੁੰਦੀ ਰਹੀ ਹੈ।

         ਪੰਜਾਬੀ ਕਥਾ ਸਾਹਿਤ ਨੂੰ ਸੰਸਕ੍ਰਿਤ ਅਤੇ ਅਰਬੀ, ਫ਼ਾਰਸੀ ਦੇ ਸੋਮਿਆਂ ਨੇ ਕਾਫ਼ੀ ਅਮੀਰ ਬਣਾਇਆ ਹੈ। ਪੌਰਾਣਿਕ ਕਥਾਵਾਂ ਤੋਂ ਇਲਾਵਾ ਪੰਚਤੰਤਰ, ਹਿਤੋਉਪਦੇਸ਼, ਬ੍ਰਿਹਤ ਕਥਾ, ਕਥਾ ਸਰਿਤ ਸਾਗਰ, ਬੇਤਾਲ ਪਚੀਸੀ ਆਦਿ ਦੀਆਂ ਕਥਾਵਾਂ ਜਨ ਜੀਵਨ ਦਾ ਅੰਗ ਬਣ ਗਈਆਂ ਹਨ। ਬਿਕਰਮਾਦਿਤ ਭਾਵੇਂ ਸ਼ੁਧ ਰੂਪ ਵਿਚ ਪੰਜਾਬ ਦਾ ਰਾਜਾ ਨਹੀਂ ਸੀ ਪਰ ਪੰਜਾਬੀਆਂ ਦੇ ਦਿਲਾਂ ਉਤੇ ਇਸ ਦਾ ਅਚਲ ਰਾਜ ਹੈ। ਇਸ ਬਾਰੇ ਇਕ ਹਥ ਲਿਖਤ ‘ਕਥਾ ਬ੍ਰਿਕਮਾਜੀਤ ਦੀ' ਮਿਲਦੀ ਹੈ ਅਤੇ ਇਸ ਨਾਲ ਸਬੰਧਤ ਸੰਸਕ੍ਰਿਤ ਦੀ ਪੁਸਤਕ ‘ਸਿੰਘਾਸਨ ਬਤੀਸੀ' ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ।

        ਮੁਸਲਮਾਨਾਂ ਦੇ ਭਾਰਤ ਵਿਚ ਆਉਣ ਨਾਲ ਸ਼ਾਹਨਾਮਾ, ਅਲਫ਼ ਲੈਲਾ, ਤੂਤੀ ਨਾਮਾ, ਹਾਤਮਨਾਮਾ ਆਦਿ ਦੀਆਂ ਕਹਾਣੀਆਂ ਵੀ ਪੰਜਾਬੀ ਕਥਾਵਾਂ ਵਿਚ ਸੰਮਿਲਤ ਹੋ ਗਈਆਂ। ਸੁਲੇਮਾਨ, ਮੂਸਾ ਕਾਰੂੰ ਆਦਿ ਵੀ ਪੰਜਾਬੀ ਕਥਾਵਾਂ ਦੇ ਨਾਇਕ ਬਣ ਗਏ। ਅਨੇਕ ਫਰਿਸ਼ਤਿਆਂ, ਜਿੰਨਾਂ, ਪਰੀ ਕਹਾਣੀਆਂ ਅਤੇ ਪ੍ਰੀਤ ਕਹਾਣੀਆਂ ਨੇ ਪੰਜਾਬੀ ਸਾਹਿਤ ਦਾ ਪਿੜ ਮੱਲ ਲਿਆ। ਅਨੇਕ ਸੰਸਕ੍ਰਿਤੀਆਂ ਤੋਂ ਪ੍ਰਾਪਤ ਹੋਇਆ ਇਹ ਕਥਾ ਭੰਡਾਰ ਪੰਜਾਬੀ ਸਾਹਿਤ ਅਤੇ ਧਰਮ ਦੋਹਾਂ ਦਾ ਅੰਗ ਬਣ ਗਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-03-58-00, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਸਾ.; ਮ. ਕੋ., ਪੰ. ਸਾ. ਇ–ਭਾ. ਵਿ. ਪੰ.

ਕਥਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਥਾ, (ਸੰਸਕ੍ਰਿਤ : कथा) \ ਇਸਤਰੀ ਲਿੰਗ : ਕਹਾਣੀ, ਵਾਰਤਾ, ਉਪਦੇਸ਼, ਬਾਤ, ਪਰਸੰਗ, ਧਾਰਮਕ ਵਖਿਆਨ (ਲਾਗੂ ਕਿਰਿਆ : ਸੁਣਨਾ, ਕਰਨਾ, ਵਾਚਣਾ)

–ਕਥਾ ਉਠਣਾ, ਮੁਹਾਵਰਾ : ਕਥਾ ਦੀ ਸਮਾਪਤੀ ਹੋਣਾ, ਕਥਾ ਦਾ ਭੋਗ ਪੈਣਾ
 
–ਕਥਾ ਸੰਪੂਰਣ ਹੋਣਾ (ਕਰਨਾ),  ਮੁਹਾਵਰਾ : ੧. ਧਾਰਮਕ ਪੁਸਤਕ ਦਾ ਪਾਠ ਖਤਮ ਹੋਣਾ, ਕਥਾ ਦਾ ਭੋਗ ਪੈਣਾ; ੨. ਲੰਮੀ ਗੱਲ ਜਾਂ ਕਹਾਣੀ ਦਾ ਮੁੱਕਣਾ 
 
–ਕਥਾ ਕਹਾਣੀ, ਇਸਤਰੀ ਲਿੰਗ : ੧. ਵਿਰਤਾਂਤ, ਵਾਰਤਾ, ਬਿਆਨ; ੨. ਕਲਪਤ ਵਾਰਤਾ; ੩. ਕੁੜਮਾਈ
 
–ਕਥਾਕਾਰ,  ਪੁਲਿੰਗ :  ਕਥਾ ਕਰਨ ਵਾਲਾ
 
–ਕਥਾ ਪ੍ਰਸੰਗ, (ਸੰਸਕ੍ਰਿਤ) \ ਪੁਲਿੰਗ : ਕਥਾ ਕਹਾਣੀ, ਗੱਲਬਾਤ, ਵਾਰਤਾ, ਵਿਰਤਾਂਤ
 
–ਕਥਾ ਪੁਰਾਨ, ਇਸਤਰੀ ਲਿੰਗ : ਪੁਰਾਨਾਂ ਦੀ ਕਥਾ 
 
–ਕਥਾ ਬਿਠਾਉਣਾ,  ਮੁਹਾਵਰਾ : ਕਥਾ ਕਰਾਉਣਾ, ਉਚੇਚੇ ਪਰਬੰਧ ਨਾਲ ਕਿਸੇ ਧਰਮ ਪੁਸਤਕ ਦੀ ਕਥਾ ਕਰਾਉਣਾ 
 
–ਕਥਾ ਬੈਠਣਾ, ਮੁਹਾਵਰਾ : ਕਥਾ ਦਾ ਸ਼ੁਰੂ ਹੋਣਾ, ਕਥਾ ਹੋਣਾ 
 
–ਕਥਾ ਵਾਚਕ, ਪੁਲਿੰਗ : ਕਥਾ ਕਰਨ ਵਾਲਾ, ਕਥੱਕੜ 
 
–ਕਥਾ ਵਾਚਣਾ, ਕਿਰਿਆ ਸਕਰਮਕ :ਕਿਸੇ ਧਰਮ ਪੁਸਤਕ ਦਾ ਪਾਠ ਕਰ ਕੇ ਅਰਥ ਦੱਸਣਾ, ਕਿਸੇ ਗੂੜ੍ਹ ਵਿਸ਼ੇ ਦੀ ਵਿਆਖਿਆ ਕਰਨਾ, ਪਰਚਾਰ ਕਰਨਾ 
 
–ਕਥਾ ਵਾਰਤਾ,  ਇਸਤਰੀ ਲਿੰਗ : ਧਰਮ ਚਰਚਾ, ਉਪਦੇਸ਼, ਵਖਿਆਨ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-27-04-12-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.