ਕਪਾਲ ਮੋਚਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਪਾਲ ਮੋਚਨ: ਹਿੰਦੂਆਂ ਦਾ ਇਕ ਪੁਰਾਤਨ ਤੀਰਥ -ਅਸਥਾਨ, ਜਗਾਧਰੀ (30°-10’ਉ, 77°-18’ਪੂ) ਤੋਂ 20 ਕਿਲੋਮੀਟਰ ਦੂਰ ਹੈ। ਜਦੋਂ 1688 ਵਿਚ ਗੁਰੂ ਗੋਬਿੰਦ ਸਿੰਘ ਪਾਉਂਟੇ ਤੋਂ ਅਨੰਦਪੁਰ ਵਾਪਸ ਆ ਰਹੇ ਸਨ ਤਾਂ ਇਸ ਜਗ੍ਹਾ ਪਧਾਰੇ ਸਨ। ਕਿਹਾ ਜਾਂਦਾ ਹੈ ਕਿ ਉਹ ਇਸ ਜਗ੍ਹਾ ਤੇ 52 ਦਿਨ ਠਹਿਰੇ ਸਨ। ਗੁਰੂ ਜੀ ਦੀ ਯਾਤਰਾ ਦੀ ਯਾਦ ਵਿਚ ਇੱਥੇ ਗੁਰਦੁਆਰੇ ਦੀ ਛੋਟੀ ਜਿਹੀ ਇਮਾਰਤ ਬਣੀ ਹੋਈ ਸੀ। 1947 ਵਿਚ ਮੁਲਕ ਦੀ ਵੰਡ ਤੋਂ ਬਾਅਦ ਇੱਥੇ ਇਕ ਨਵੀਂ ਇਮਾਰਤ ਦੀ ਉਸਾਰੀ ਅਰੰਭ ਕੀਤੀ ਗਈ। ਇਸ ਮੁੱਖ ਇਮਾਰਤ ਦਾ ਕੰਮ 1951 ਵਿਚ ਮੁਕੰਮਲ ਹੋਇਆ। ਸੰਗਮਰਮਰ ਦੇ ਫ਼ਰਸ਼ ਵਾਲੇ ਇਕ ਅੱਠ ਭੁਜੇ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਅਤੇ ਇਸ ਕਮਰੇ ਵਿਚ ਸਮਤਲ ਛੱਤ ਵਾਲੇ ਦਰਵਾਜੇ ਰਾਹੀਂ ਦਾਖ਼ਲ ਹੋਇਆ ਜਾਂਦਾ ਹੈ। ਇਕ ਵੱਖਰੇ ਵਿਹੜੇ ਵਿਚ ਯਾਤਰੂਆਂ ਦੀ ਰਿਹਾਇਸ਼ ਲਈ ਕਮਰੇ ਅਤੇ ਗੁਰੂ ਕਾ ਲੰਗਰ ਸਥਿਤ ਹਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼-ਪੁਰਬ ਨੂੰ ਮਨਾਉਣ ਲਈ ਸਲਾਨਾ ਉਤਸਵ ਕੱਤਕ (ਅਕਤੂਬਰ- ਨਵੰਬਰ) ਵਿਚ ਹੁੰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯੁਕਤ ਕੀਤੇ ਹੋਏ ਮਨੇਜਰ ਰਾਹੀਂ ਸਥਾਨਿਕ ਕਮੇਟੀ ਦੁਆਰਾ ਗੁਰਦੁਆਰੇ ਦੀ ਸੇਵਾ-ਸੰਭਾਲ ਕੀਤੀ ਜਾਂਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਕਪਾਲ ਮੋਚਨ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਪਾਲ ਮੋਚਨ––ਇਸ ਦੇ ਸ਼ਾਬਦਿਕ ਅਰਥ ਸਿਰ ਦਾ ਕਲਿਆਣ ਜਾਂ ਛੁਟਕਾਰਾ ਹਨ। ਇਸ ਦੀ ਕਥਾ ਪਦਮ ਪੁਰਾਣ ਅਨੁਸਾਰ ਇਉਂ ਹੈ : ਮਹਾਂਭੈਰਵ (ਸ਼ਿਵ) ਨੇ ਆਪਣੇ ਖੱਬੇ ਹੱਥ ਦੀ ਉਂਗਲ ਦੇ ਨਹੁੰ ਨਾਲ ਅਭਿਮਾਨੀ ਬ੍ਰਹਮਾ ਦਾ ਸਿਰ ਕੱਟ ਲਿਆ ਜੋ ਮਹਾਭੈਰਵ ਦੀ ਉਂਗਲ ਦੇ ਨਾਲ ਹੀ ਚਿਮਟ ਗਿਆ। ਕਾਸ਼ੀ ਵਿਚ ਆ ਕੇ ਕਪਾਲ-ਮੋਚਨ ਤਲਾ ਤੇ ਇਹ ਸਿਰ ਉਂਗਲੀ ਨਾਲੋਂ ਲੱਥਾ।
ਮਹਾਂਭਾਰਤ ਅਨੁਸਾਰ ਸਰਸਵਤੀ ਨਦੀ ਦੇ ਕਿਨਾਰੇ ‘ਔਸ਼ਨਸ‘ ਤੀਰਥ ਦਾ ਨਾਂ ਕਪਾਲ ਮੋਚਨ ਹੈ। ਸ਼੍ਰੀ ਰਾਮ ਚੰਦਰ ਜੀ ਦੁਆਰਾ ਵੱਢਿਆ ਹੋਇਆ ਇਕ ਦੈਂਤ ਦਾ ਸਿਰ ਮਹੋਦਰ ਰਿਖੀ ਦੀ ਲੱਤ ਨਾਲ ਚਿਮਟ ਗਿਆ ਸੀ, ਜੋ ਕਿਸੇ ਹੋਰ ਤੀਰਥ ਨ੍ਹਾਤੇ ਨਾ ਉਤਰਿਆ। ਇਸ ਥਾਂ ਇਸ਼ਨਾਨ ਕਰਨ ਨਾਲ ਉਹ ਸਿਰ ਲੱਤ ਨਾਲੋਂ ਲਹਿ ਗਿਆ । ਇਹ ਸਥਾਨ ਰਿਆਣਾ ਰਾਜ ਦੇ ਅੰਬਾਲਾ ਜਿਲ੍ਹੇ ਵਿਚ ਜਗਾਂਧਰੀ ਅਤੇ ਸਢੌਰੇ ਦੇ ਨੇੜੇ ਹੈ। ਸੰਮਤ 1742 ਵਿਚ ਸ਼੍ਰੀ ਗੋਬਿੰਦ ਸਿੰਘ ਜੀ ਇਥੇ ਪਧਾਰੇ ਸਨ। ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੋਇਆ ਹੈ। ਜਿਸ ਨਾਲ ਕਾਫੀ ਜ਼ਮੀਨ ਹੈ।
ਇਸੇ ਅਸਥਾਨ ਤੇ ਇਕ ਸਰੋਵਰ ‘ਰਿਣ ਮੋਚਨ‘ ਨਾਂ ਦਾ ਵੀ ਹੈ, ਜਿਸ ਸਬੰਧੀ ਇਹ ਕਿਹਾ ਜਾਂਦਾ ਹੈ ਕਿ ਇਥੇ ਕੱਤਕ ਦੀ ਪੂਰਨਮਾਸ਼ੀ ਤੇ ਲਗਾਤਾਰ ਤਿੰਨ ਸਾਲ ਇਸ਼ਨਾਨ ਕਰਨ ਨਾਲ ਵਿਅਕਤੀ ਰਿਣ (ਕਰਜ਼ੇ) ਤੋਂ ਮੁਕਤ ਹੋ ਜਾਂਦਾ ਹੈ।
ਮਹਾਂਭਾਰਤ ਅਨੁਸਾਰ ਇਕ ਰਿਸ਼ੀ ਦਾ ਨਾਂ ਵੀ ਕਪਾਲਮੋਚਨ ਹੈ।
ਹ. ਪੁ.––ਮ. ਕੋ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1793, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਪਾਲ ਮੋਚਨ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਕਪਾਲ ਮੋਚਨ : ਪੁਰਾਣਾਂ ਅਨੁਸਾਰ ਸਿੰਧੂ ਬਨ ਦਾ ਖੇਤਰ ਰਿਸ਼ੀਆਂ ਮੁਨੀਆਂ ਦੀ ਤਪੋਭੂਮੀ ਸੀ। ਕਪਾਲ ਮੋਚਨ ਇਸ ਪੁਰਾਣੇ ਸਿੰਧੂ ਬਨ ਦੇ ਇਲਾਕੇ ਵਿਚ ਸਥਿਤ ਹੈ ਜੋ ਪੁਰਾਣੇ ਸਮੇਂ ਵਿਚ ਸੋਮ ਸਰੋਵਰ ਨਾਂ ਨਾਲ ਜਾਣਿਆ ਜਾਂਦਾ ਸੀ। ਅੰਬਾਲਾ ਜ਼ਿਲ੍ਹੇ ਦੇ ਜਗਾਧਰੀ ਸ਼ਹਿਰ ਤੋਂ ਇਹ ਤੀਰਥ 16 ਕਿ.ਮੀ. ਉੱਤਰ ਵੱਲ ਹੈ। ਕਪਾਲ ਮੋਚਨ ਵਿਚ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮੇਲਾ ਲਗਦਾ ਹੈ ਤੇ ਇਸ਼ਨਾਨ ਕਰਨ ਲਈ ਦੂਰ ਦੂਰ ਤੋਂ ਯਾਤਰੀ ਆਉਂਦੇ ਹਨ।
ਮੇਲਾ ਤਿੰਨ ਚਾਰ ਦਿਨ ਤਕ ਚਲਦਾ ਹੈ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1685 ਈ. ਵਿਚ ਕੱਤਕ ਦੀ ਪੂਰਨਮਾਸ਼ੀ ਨੂੰ ਪਾਉਂਟਾ ਸਾਹਿਬ ਤੋਂ ਆ ਕੇ ਇਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਸੀ ਅਤੇ ਇਥੇ ਦੋ ਮਹੀਨੇ ਦੇ ਲਗਭਗ ਠਹਿਰੇ ਸਨ। ਗੁਰੂ ਜੀ ਦੁਆਰਾ ਇਥੋਂ ਦੇ ਤੀਰਥ ਪੁਰੋਹਿਤਾਂ ਨੂੰ ਇਕ ਪਟਾ ਵੀ ਦਿੱਤਾ ਗਿਆ ਸੀ ਜੋ ਉਨ੍ਹਾਂ ਦੇ ਵਾਰਸਾਂ ਕੋਲ ਹੁਣ ਵੀ ਮੌਜੂਦ ਹੈ। ਇਸ ਲਈ ਕਪਾਲ ਮੋਚਨ ਦਾ ਤੀਰਥ ਅਤੇ ਮੇਲਾ ਹਿੰਦੂਆਂ ਅਤੇ ਸਿੱਖਾਂ ਦੋਹਾਂ ਲਈ ਬਹੁਤ ਮਹੱਤਵ ਰੱਖਦਾ ਹੈ।
ਕਪਾਲ ਮੋਚਨ ਦੇ ਸਬੰਧ ਵਿਚ ਮਹਾਂਭਾਰਤ ਵਿਚ ਲਿਖਿਆ ਹੈ ਕਿ ਇਕ ਦੈਂਤ ਦਾ ਸਿਰ ਮਹੋਦਰ ਰਿਸ਼ੀ ਦੀ ਲੱਤਾਂ ਨਾਲ ਚਿੰਬੜ ਗਿਆ ਸੀ ਜੋ ਕਿਸੇ ਵੀ ਤੀਰਥ ਅਸਥਾਨ ਤੇ ਇਸ਼ਨਾਨ ਕਰਨ ਤੇ ਨਾ ਉਤਰਿਆ ਪਰ ਇਥੇ ਇਸ਼ਨਾਨ ਕਰਨ ਤੇ ਉਤਰ ਗਿਆ।
ਕਾਸ਼ੀ ਵਿਖੇ ਵੀ ਇਕ ਤਲਾਅ ਕਪਾਲ ਮੋਚਨ ਦੇ ਨਾਂ ਨਾਲ ਪ੍ਰਸਿੱਧ ਹੈ। ਪਦਮ ਪੁਰਾਣ ਅਨੁਸਾਰ ਮਹਾ ਭੈਰਵ (ਸ਼ਿਵ) ਨੇ ਖੱਬੇ ਹੱਥ ਦੀ ਉਂਗਲ ਦੇ ਨਹੁੰ ਨਾਲ ਬ੍ਰਹਮਾ ਜੀ ਦਾ ਸਿਰ ਕੱਟ ਲਿਆ ਪਰ ਇਹ ਮਹਾ ਭੈਰਵ ਦੇ ਹੱਥ ਨਾਲ ਚਿੰਬੜ ਗਿਆ। ਕਾਸ਼ੀ ਵਿਚ ਕਪਾਲ ਮੋਚਨ ਤਲਾਅ ਉਪਰ ਪਹੁੰਚ ਕੇ ਹੀ ਸਿਰ ਵੱਖ ਹੋਇਆ। ਚਰਿੱਤਰ ਕੋਸ਼ ਵਿਚ ਇਸ ਦਾ ਪਹਿਲਾ ਨਾਂ ਤਾਮ੍ਰ-ਲਿਖਤ ਦਰਜ ਹੈ।
ਜਗਾਧਰੀ ਦੇ ਨੇੜੇ ਵਾਲੇ ਕਪਾਲ ਮੋਚਨ ਦੇ ਦੱਖਣ ਵਿਚ ਲਗਭਗ 500 ਫੁੱਟ ਵਰਗ ਆਕਾਰ ਦਾ ਇਕ ਹੋਰ ਸਰੋਵਰ ਹੈ ਜੋ ਰਿਣ ਦੇ ਨਾਂ ਨਾਲ ਪ੍ਰਸਿੱਧ ਹੈ। ਕਿਹਾ ਜਾਂਦਾ ਹੈ ਕਿ ਪਾਂਡਵਾਂ ਨੇ ਲੜਾਈ ਵਿਚ ਕੀਤੀਆਂ ਹੱਤਿਆਵਾਂ ਤੋਂ ਦੋਸ਼ ਮੁਕਤ ਹੋਣ ਲਈ ਆਪਣੇ ਹਥਿਆਰ ਇਸ ਸਰੋਵਰ ਵਿਚ ਧੋਤੇ ਸਨ। ਇਥੇ ਗੁਰੂ ਗੋਬਿੰਦ ਸਿੰਘ ਜੀ ਵੀ ਠਹਿਰੇ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਮੌਜੂਦ ਹੈ ਜੋ ਮਹਾਰਾਜਾ ਰਣਜੀਤ ਸਿੰਘ ਦਾ ਬਣਵਾਇਆ ਮੰਨਿਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-04-11-23, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ; ਚ. ਕੋ
ਵਿਚਾਰ / ਸੁਝਾਅ
Please Login First