ਕਪੂਰਥਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਪੂਰਥਲਾ [ਨਿਪੁ] ਪੰਜਾਬ ਦਾ ਇੱਕ ਸ਼ਹਿਰ , ਪੰਜਾਬ ਦਾ ਇੱਕ ਜ਼ਿਲ੍ਹਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਪੂਰਥਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਪੂਰਥਲਾ. ਬਿਆਸ (ਵਿਪਾਸ਼) ਦੇ ਪੂਰਬੀ ਕਿਨਾਰੇ ਇੱਕ ਸ਼ਹਿਰ , ਜੋ ਕਪੂਰਥਲਾ ਰਿਆਸਤ ਦੀ ਰਾਜਧਾਨੀ ਹੈ. ਇਸ ਰਿਆਸਤ ਦੇ ਉੱਤਰ ਹੁਸ਼ਿਆਰਪੁਰ, ਦੱਖਣ ਫਿਰੋਜ਼ਪੁਰ ਅਤੇ ਪੂਰਬ ਜਲੰਧਰ ਹੈ. ਇਸ ਦਾ ਰਕਬਾ (area) ੬੫੨ ਮੀਲ ਅਤੇ ਸਨ ੧੯੩੧ ਦੀ ਮਰਦੁਮਸ਼ੁਮਾਰੀ ਅਨੁਸਾਰ ਜਨ ਸੰਖ੍ਯਾ ੩੧੬੭੫੭ ਹੈ. ਲਹੌਰ ਅਤੇ ਅਮ੍ਰਿਤਸਰ ਦੇ ਜਿਲਿਆਂ ਵਿੱਚ ਭੀ ਕਪੂਰਥਲੇ ਦੇ ਤੀਹ ਪਿੰਡ ਹਨ, ਅਰ ਅਵਧ ਦੇ ਇਲਾਕੇ ੪੬੧੦੩੨ ਏਕੜ ਜ਼ਮੀਨ ਤੇ ਜਿਮੀਦਾਰੀ ਹੈ. ਰਿਆਸਤ ਦੀ ਕੁੱਲ ਆਮਦਨ ੪੦ ਲੱਖ ਦੇ ਕਰੀਬ ਹੈ.

ਕਪੂਰਥਲੇ ਦਾ ਵਡੇਰਾ ਸਾਧੂ ਸਿੰਘ (ਜਿਸ ਨੂੰ ਕਈਆਂ ਨੇ ਸੱਦਾ ਸਿੰਘ ਅਤੇ ਸੱਦੋ ਲਿਖਿਆ ਹੈ), ਪ੍ਰਤਾਪੀ ਪੁਰਖ ਹੋਇਆ. ਇਸ ਨੇ ਆਹਲੂ ਪਿੰਡ ਆਬਾਦ ਕੀਤਾ, ਜੋ ਹੁਣ ਲਹੌਰ ਦੇ ਜ਼ਿਲੇ ਵਿੱਚ ਹੈ. ਇਸ ਪਿੰਡ ਤੋਂ ਹੀ ਖ਼ਾਨਦਾਨ ਦੀ ਅੱਲ “ਆਹਲੂਵਾਲੀਏ” ਹੋਈ.2 ਸਾਧੂ ਸਿੰਘ ਦਾ ਪੜੋਤਾ ਬਦਰ ਸਿੰਘ ਨਵਾਬ ਕਪੂਰ ਸਿੰਘ ਫੈਜੁੱਲਾਪੁਰੀਆ ਮਿਸਲ ਦੇ ਜਥੇਦਾਰ ਦਾ ਚਾਟੜਾ ਹੋਇਆ. ਬਦਰ ਸਿੰਘ ਦੇ ਘਰ ਕੁਲਦੀਪਕ ਜੱਸਾ ਸਿੰਘ ਸਨ ੧੭੧੮ ਵਿੱਚ ਜਨਮਿਆ. ਅਜੇ ਜੱਸਾ ਸਿੰਘ ਪੰਜ ਵਰ੍ਹੇ ਦਾ ਹੀ ਸੀ ਕਿ ਬਦਰ ਸਿੰਘ ਦਾ ਦੇਹਾਂਤ ਹੋ ਗਿਆ. ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਉਸ ਦੀ ਮਾਤਾ ਸਮੇਤ ਆਪਣੇ ਪਾਸ ਰੱਖਕੇ ਪਿਆਰ ਨਾਲ ਪਾਲਿਆ. ਮਾਤਾ ਜੀ ਨੇ ਜੱਸਾ ਸਿੰਘ ਨੂੰ ਆਸ਼ੀਰਵਾਦ ਦੇ ਕੇ ਇੱਕ ਗੁਰਜ ਬਖਸ਼ੀ ਅਤੇ ਸਿਖ੍ਯਾ ਲਈ ਨਵਾਬ ਕਪੂਰ ਸਿੰਘ ਦੇ ਸਪੁਰਦ ਕੀਤਾ. ਨਵਾਬ ਨੇ ਜੱਸਾ ਸਿੰਘ ਨੂੰ ਆਪਣਾ ਪੁਤ੍ਰ ਜਾਣਕੇ ਧਰਮ ਅਤੇ ਸ਼ਸਤ੍ਰ ਵਿਦ੍ਯਾ ਦੀ ਸਿਖ੍ਯਾ ਦਿੱਤੀ. ਧਰਮਵੀਰ ਕਪੂਰ ਸਿੰਘ ਨੇ ਆਪਣੇ ਦੇਹਾਂਤ ਵੇਲੇ ਜੱਸਾ ਸਿੰਘ ਨੂੰ ਕਲਗੀਧਰ ਦੀ ਤਲਵਾਰ ਦਿੱਤੀ, ਜੋ ਉਸ ਨੂੰ ਮਾਤਾ ਸੁੰਦਰੀ ਜੀ ਤੋਂ ਪ੍ਰਾਪਤ ਹੋਈ ਸੀ. ਇਹ ਅਮੋਲਕ ਸ਼ਸਤ੍ਰ ਹੁਣ ਰਿਆਸਤ ਦੇ ਤੋਸ਼ੇਖਾਨੇ ਸਨਮਾਨ ਨਾਲ ਰੱਖਿਆ ਹੋਇਆ ਹੈ.

ਸਰਦਾਰ ਜੱਸਾ ਸਿੰਘ ਨੇ ਆਪਣੇ ਉਸਤਾਦ ਨਵਾਬ ਦੀ ਪੈਰਵੀ ਕਰਦੇ ਹੋਏ ਪੰਥ ਵਿੱਚ ਵਡਾ ਮਾਨ ਅਤੇ ਨਾਮ ਪਾਇਆ, ਅਤੇ ਮਿਸਲ ਆਹਲੂਵਾਲੀਆਂ ਦੀ ਜਥੇਦਾਰੀ ਵਿੱਚ ਕੌਮ ਦੀ ਵਡੀ ਸੇਵਾ ਕੀਤੀ. ਅਨੇਕ ਇਲਾਕਿਆਂ ਤੇ ਕਬਜਾ ਕਰਕੇ ਆਪਣੀ ਹੁਕੂਮਤ ਬੈਠਾਈ. ਇਸ ਨੇ ਸਨ ੧੭੫੮ ਵਿੱਚ ਕੁਝ ਸਮੇਂ ਲਈ ਲਹੌਰ ਭੀ ਮੱਲ ਲਿਆ ਸੀ. ਸਨ ੧੭੭੪ ਵਿੱਚ ਰਾਇ ਇਬਰਾਹੀਮ ਭੱਟੀ ਤੋਂ ਕਪੂਰਥਲਾ ਜਿੱਤਕੇ ਆਪਣੀ ਰਾਜਧਾਨੀ ਥਾਪੀ.

ਬਾਬਾ ਜੱਸਾ ਸਿੰਘ ਤੋਂ ਵਡੇ ਵਡੇ ਘਰਾਣੇ ਅਮ੍ਰਿਤ ਛਕਣਾ ਪੁੰਨ ਕਰਮ ਜਾਣਦੇ ਸਨ, ਪਟਿਆਲਾਪਤਿ ਰਾਜਾ ਅਮਰ ਸਿੰਘ ਨੇ ਆਪ ਤੋਂ ਹੀ ਅਮ੍ਰਿਤਪਾਨ ਕੀਤਾ ਸੀ.

ਜੱਸਾ ਸਿੰਘ ਜੀ ਦਾ ਦੇਹਾਂਤ ਸਨ ੧੭੮੩ ਵਿੱਚ ਅਮ੍ਰਿਤਸਰ ਹੋਇਆ. ਇਸ ਪੰਥਰਤਨ ਦੇ ਔਲਾਦ ਨਹੀਂ ਸੀ, ਇਸ ਲਈ ਰਿਆਸਤ ਦਾ ਮਾਲਿਕ ਸਰਦਾਰ ਭਾਗ ਸਿੰਘ ਥਾਪਿਆ ਗਿਆ, ਜੋ ਉਸ ਵੇਲੇ ੩੮ ਵਰ੍ਹੇ ਦਾ ਸੀ. ਭਾਗ ਸਿੰਘ ਦਾ ਦੇਹਾਂਤ ਸਨ ੧੮੦੧ ਵਿੱਚ ਕਪੂਰਥਲੇ ਹੋਇਆ. ਇਸ ਦਾ ਪੁਤ੍ਰ ਰਾਜਾ ਫਤੇ ਸਿੰਘ, ਜੋ ਸਨ ੧੭੮੪ ਵਿੱਚ ਜੰਮਿਆ ਸੀ ਗੱਦੀ ਤੇ ਬੈਠਾ. ਇਸ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਕੇਸਰੀ ਨਾਲ ਗਾੜ੍ਹੀ ਮਿਤ੍ਰਤਾ ਸੀ. ਸਨ ੧੮੦੨ ਵਿੱਚ ਦੋਹਾਂ ਨੇ ਆਪੋ ਵਿੱਚ ਪੱਗ ਬਦਲੀ. ਸਨ ੧੮੨੬ ਵਿੱਚ ਦੂਰੰਦੇਸ਼ ਰਾਜਾ ਫਤੇ ਸਿੰਘ ਸਰਕਾਰ ਅੰਗ੍ਰੇਜ਼ੀ ਦੀ ਰਖ੍ਯਾ ਵਿੱਚ ਆਇਆ ਅਤੇ ਸਨ ੧੮੩੬ ਵਿੱਚ ਰਾਜੇ ਦਾ ਦੇਹਾਂਤ ਹੋਇਆ. ਕਪੂਰਥਲੇ ਦੀ ਗੱਦੀ ਤੇ ਰਾਜਾ ਫਤੇ ਸਿੰਘ ਦਾ ਪੁਤ੍ਰ ਨਿਹਾਲ ਸਿੰਘ ਬੈਠਾ. ਅੰਗ੍ਰੇਜਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਵਿੱਚ ਕਪੂਰਥਲੇ ਦੀ ਫੌਜ ਨੇ ਲਹੌਰ ਦਾ ਪੱਖ ਲੀਤਾ, ਇਸ ਲਈ ਰਿਆਸਤ ਦਾ ਕੁਝ ਇਲਾਕਾ ਜਬਤ ਹੋ ਗਿਆ ਅਤੇ ਜੋ ਕਪੂਰਥਲੇ ਦੇ ਕਬਜ਼ੇ ਰਹਿਣ ਦਿੱਤਾ ਗਿਆ, ਉਸ ਤੇ ੧੩੧੦੦੦ ਸਾਲਾਨਾ ਖਿਰਾਜ ਲਾਇਆ ਗਿਆ, ਰਾਜਾ ਨਿਹਾਲ ਸਿੰਘ ਦਾ ਦੇਹਾਂਤ ਸਨ ੧੮੫੨ ਵਿੱਚ ਹੋਇਆ ਅਤੇ ਉਸ ਦਾ ਵਡਾ ਪੁਤ੍ਰ ਰਣਧੀਰ ਸਿੰਘ, ਜੋ ਮਾਰਚ ਸਨ ੧੮੩੧ ਵਿੱਚ ਜਨਮਿਆਂ ਸੀ, ੨੨ ਵਰ੍ਹੇ ਦੀ ਉਮਰ ਵਿੱਚ ਗੱਦੀ ਤੇ ਬੈਠਾ. ਇਸ ਨੇ ਸਨ ੧੮੫੭ ਦੇ ਗਦਰ ਵੇਲੇ ਅੰਗ੍ਰੇਜਾਂ ਨੂੰ ਤਨ ਮਨ ਧਨ ਤੋਂ ਪੂਰੀ ਸਹਾਇਤਾ ਦਿੱਤੀ, ਇਸ ਲਈ ੧੫੦੦੦ ਦਾ ਖਿਲਤ, ੧੧ ਤੋਪਾਂ ਦੀ ਸਲਾਮੀ , ਅਵਧ ਦੇ ਇਲਾਕੇ ਵਡੀ ਭਾਰੀ ਜਿਮੀਦਾਰੀ ਅਤੇ—“ਫ਼ਰਜ਼ੰਦੇ ਦਿਲਬੰਦ ਰਸੀਖ਼ੁਲ ਇਤਕ਼ਾਦ ਦੌਲਤੇ ਇੰਗਲਸ਼ੀਆ”—ਖਿਤਾਬ ਮਿਲਿਆ.

ਰਾਜਾ ਰਣਧੀਰ ਸਿੰਘ ਇੰਗਲੈਂਡ ਨੂੰ ਜਾਂਦਾ ਜਹਾਜ ਵਿੱਚ ਸਖਤ ਬੀਮਾਰ ਹੋ ਗਿਆ ਇਸ ਲਈ ਅਦਨ ਤੋਂ ਮੁੜਨਾ ਪਿਆ. ਵਾਪਿਸ ਆਉਂਦੇ ਹੋਇਆਂ ੨ ਅਪ੍ਰੈਲ ਸਨ ੧੮੭੦ ਨੂੰ ਜਹਾਜ਼ ਵਿੱਚ ਦੇਹਾਂਤ ਹੋਇਆ.

ਰਾਜਾ ਰਣਧੀਰ ਸਿੰਘ ਦਾ ਪੁਤ੍ਰ ਖੜਕ ਸਿੰਘ , ਜਿਸ ਦਾ ਜਨਮ ਸਨ ੧੮੫੦ ਵਿੱਚ ਹੋਇਆ ਸੀ, ੧੨ ਮਈ ਸਨ ੧੮੭੦ ਨੂੰ ਗੱਦੀ ਤੇ ਬੈਠਾ. ਇਸ ਦਾ ਦਿਮਾਗ ਰੋਗੀ ਹੋ ਗਿਆ, ਇਸ ਲਈ ਰਾਜ ਦਾ ਪ੍ਰਬੰਧ ਪਹਿਲਾਂ ਕੌਂਸਲ ਦੇ ਹੱਥ ਰਿਹਾ ਫੇਰ ਸੁਪਰਨਡੰਟ (Superintendent) ਦੇ ਸਪੁਰਦ ਹੋਇਆ. ਰਾਜਾ ਖੜਕ ਸਿੰਘ ਸਨ ੧੮੭੭ ਵਿੱਚ ਧਰਮਸਾਲਾ ਚਲਾਣਾ ਕਰ ਗਿਆ ਅਤੇ ਉਸ ਦਾ ਪੰਜ ਵਰ੍ਹੇ ਦਾ ਪੁਤ੍ਰ ਟਿੱਕਾ ਜਗਤਜੀਤ ਸਿੰਘ ਗੱਦੀ ਤੇ ਬੈਠਾ.

ਮਹਾਰਾਜਾ ਜਗਤਜੀਤ ਸਿੰਘ ਜੀ ਦਾ ਜਨਮ ੨੪ ਨਵੰਬਰ ਸਨ ੧੮੭੨ ਨੂੰ ਹੋਇਆ, ੧੬ ਅਕਤੂਬਰ ੧੮੭੭ ਨੂੰ ਰਾਜਸਿੰਘਾਸਨ ਤੇ ਬੈਠੇ. ਸਨ ੧੮੯੦ ਵਿੱਚ ਰਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲੈ ਕੇ ਰਿਆਸਤ ਸਾਂਭੀ. ਮਹਾਰਾਜਾ ਜਗਤਜੀਤ ਸਿੰਘ ਜੀ ਨੂੰ ਇਮਾਰਤਾਂ ਦਾ ਵਡਾ ਸ਼ੌਕ ਹੈ, ਇਨ੍ਹਾਂ ਦੇ ਬਣਵਾਏ ਮਕਾਨ—ਰਾਜਮਹਿਲ, ਕਚਹਿਰੀਆਂ, ਦਰਬਾਰ ਹਾਲ, ਗੁਰਦ੍ਵਾਰਾ, ਮਸਜਿਦ ਆਦਿਕ ਵੇਖਣ ਲਾਇਕ ਹਨ. ਆਪ ਪੰਜਾਬੀ ਅੰਗ੍ਰੇਜ਼ੀ ਫ੍ਰੈਂਚ ਹਿੰਦੀ ਫਾਰਸੀ ਉਰਦੂ ਚੰਗੀ ਤਰਾਂ ਜਾਣਦੇ ਹਨ ਅਤੇ ਵਿਦ੍ਯਾ ਨਾਲ ਅਪਾਰ ਪ੍ਰੇਮ ਹੈ. ਸਭ ਤੋਂ ਵਧਕੇ ਇਹ ਗੱਲ ਹੈ ਕਿ ਹਰੇਕ ਮਹਿਕਮੇ ਵਿੱਚ ਆਪਣੇ ਕਦੀਮੀ ਸੇਵਕਾਂ ਨੂੰ ਪੂਰਣ ਵਿਦ੍ਵਾਨ ਬਣਾਕੇ ਅਧਿਕਾਰ ਦਿੱਤੇ ਹਨ.

ਆਪ ਨੇ ਹਿੰਦੁਸਤਾਨ ਦੇ ਮਹਾਰਾਜਿਆਂ ਵਿੱਚੋਂ ਦੁਨੀਆਂ ਦਾ ਸੈਰ ਸਭ ਤੋਂ ਵਧਕੇ ਕੀਤਾ ਹੈ. ਇਨ੍ਹਾਂ ਦੇ ਰਾਜਪ੍ਰਬੰਧ ਤੇ ਖੁਸ਼ ਹੋ ਕੇ ਗਵਰਨਮੈਂਟ ਬਰਤਾਨੀਆਂ ਵੱਲੋਂ ਪ੍ਰਾਣਦੰਡ ਦੇ ਪੂਰੇ ਅਖਤਿਆਰਾਤ ਮਿਲ ਗਏ ਹਨ ਅਤੇ ੧੩੧੦੦੦ ਸਾਲਾਨਾ ਖ਼ਰਾਜ ਮੁਆਫ ਕੀਤਾ ਗਿਆ ਹੈ.

ਮਹਾਰਾਜਾ ਦਾ ਪੂਰਾ ਖਿਤਾਬ ਹੈ—ਹਿਜ਼ ਹਾਈਨੈਸ ਕਰਨੈਲ ਫ਼ਰਜ਼ੰਦੇ ਦਿਲਬੰਦ ਰਸੀਖ਼ੁਲ ਇਤਕ਼ਾਦ ਦੌਲਤੇ ਇੰਗਲਿਸ਼ੀਆ ਰਾਜਾਏ ਰਾਜਗਾਨ ਮਹਾਰਾਜਾ ਜਗਤਜੀਤ ਸਿੰਘ ਜੀ. ਸੀ. ਐਸ. ਆਈ., ਜੀ. ਸੀ. ਆਈ. ਈ., ਜੀ. ਬੀ. ਈ. ਵਾਲੀਏ ਕਪੂਰਥਲਾ.

ਮਹਾਰਾਜਾ ਸਾਹਿਬ ਦੇ ਵਡੇ ਪੁਤ੍ਰ ਟਿੱਕਾ ਪਰਮਜੀਤ ਸਿੰਘ ਜੀ ਹਨ, ਜਿਨ੍ਹਾਂ ਦਾ ਜਨਮ ੧੯ ਮਈ ਸਨ ੧੮੯੨ ਨੂੰ ਹੋਇਆ ਹੈ. ਇਨ੍ਹਾਂ ਤੋਂ ਛੋਟੇ ਮਹਾਰਾਜਕੁਮਾਰ ਮਹੀਜੀਤ ਸਿੰਘ ਜੀ, ਅਮਰਜੀਤ ਸਿੰਘ ਜੀ, ਕਰਮਜੀਤ ਸਿੰਘ ਜੀ ਅਤੇ ਜੀਤ ਸਿੰਘ ਜੀ ਹਨ, ਜਿਨ੍ਹਾਂ ਨੇ ਯੋਗ੍ਯ ਪਿਤਾ ਦੀ ਨਿਗਰਾਨੀ ਵਿੱਚ ਉੱਚ ਵਿਦ੍ਯਾ ਪਾਈ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਪੂਰਥਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਪੂਰਥਲਾ : ਰਿਆਸਤ––ਪੰਜਾਬ ਦੀ ਇਕ ਸਿੱਖ ਰਿਆਸਤ ਸੀ, ਜਿਸ ਉਪਰ ਆਹਲੂਵਾਲੀਆ ਖ਼ਾਨਦਾਨ ਦਾ ਰਾਜ ਸੀ। ਇਸ ਰਿਆਸਤ ਦਾ ਸਦਰ-ਮੁਕਾਮ ਵੀ ਇਸੇ ਹੀ ਨਾਂ ਦਾ ਸ਼ਹਿਰ ਸੀ, ਜਿਹੜਾ ਅੱਜਕਲ੍ਹ ਪੰਜਾਬ ਦੇ ਇਸੇ ਨਾਂ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ। ਆਹਲੂਵਾਲੀਆਂ ਦਾ ਵੱਡਾ-ਵਡੇਰਾ ਸਾਧੂ ਸਿੰਘ ਸੀ। ਕਈਆਂ ਨੇ ਇਸ ਦਾ ਨਾਂ ਸੱਦਾ ਸਿੰਘ ਵੀ ਦਸਿਆ ਹੈ। ਸਾਧੂ ਸਿੰਘ ਨੇ ਲਾਹੌਰ ਜ਼ਿਲ੍ਹੇ ਵਿਚ 'ਆਹਲੂ' ਨਾਂ ਦਾ ਇਕ ਪਿੰਡ ਬੰਨ੍ਹਿਆ ਜਿਸ ਤੋਂ ਇਸਦੇ ਖ਼ਾਨਦਾਨ ਦੀ ਅੱਲ ਆਹਲੂਵਾਲੀਆ ਪਈ। ਸਾਧੂ ਸਿੰਘ  ਬਜ਼ਾਤ-ਇ-ਖ਼ੁਦ ਇਕ ਤੇਜੱਸਵੀ ਇਨਸਾਨ ਸੀ। ਆਹਲੂਵਾਲੀਏ, ਕਪੂਰਥਲੇ ਦੀ ਸਰਦਾਰੀ ਤੋਂ ਪਹਿਲਾਂ ਬਾਰੀ-ਦੁਆਬ ਅਤੇ ਸਤਲੁਜ ਦੇ ਆਰਪਾਰ ਦੇ ਇਲਾਕੇ ਦੇ ਮਾਲਕ ਸਨ। ਪਿਛੋਂ ਜਾਕੇ ਇਹ ਆਹਲੂ ਪਿੰਡ ਵਿਖੇ ਰਹਿਣ ਲੱਗੇ ਅਤੇ ਇਥੋਂ ਹੀ ਇਸ ਪਰਿਵਾਰ ਨੇ ਤੇਜ਼ੀ ਨਾਲ ਉੱਨਤੀ ਕਰਨੀ ਸ਼ੁਰੂ ਕੀਤੀ। ਸੰਨ 1970 ਵਿਚ ਬਾਰੀ-ਦੁਆਬਾਂ ਵਿਚ ਖਿੰਡਰੀ-ਪੁੰਡਰੀ ਮਿਲਖ ਤਲਵਾਰ ਦੇ ਜ਼ੋਰ ਨਾਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੇ ਨਾਂ ਹੇਠ ਪ੍ਰਸਿੱਧ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਆਹਲੂਵਾਲੀਆ ਨੂੰ ਕੁਝ ਮਿਲਖ ਬਖ਼ਸ਼ਿਸ਼ ਵਿਚ ਕੀਤੀ।

          ਪੰਜਾ ਸਾਲ ਦੀ ਉਮਰ ਵਿਚ ਹੀ ਪਿਤਾ (ਬਦਰ ਸਿੰਘ) ਦਾ ਸਾਇਆ ਸਿਰ ਤੋਂ ਉਠ ਗਿਆ ਤੇ ਜੱਸਾ ਸਿੰਘ ਨੂੰ ਇਸਦੀ ਮਾਤਾ ਸਮੇਤ 'ਮਾਤਾ ਸੁੰਦਰੀ ਜੀ' ਨੇ ਆਪਣੀ ਛਤਰ ਛਾਇਆ ਹੇਠ ਰੱਖਿਆ । ਇਸ ਨੂੰ ਆਸ਼ੀਰਵਾਦ ਦੇ ਨਾਲ ਇਕ ਗੁਰਜ ਦੇ ਕੇ ਸਿੱਖਿਆ ਲਈ ਨਵਾਬ ਕਪੂਰ ਸਿੰਘ ਦੇ ਹਵਾਲੇ ਕਰ ਦਿਤਾ ਗਿਆ। ਕਪੂਰ ਸਿੰਘ ਨੇ ਬੜੇ ਚਾਅ ਨਾਲ ਇਸਨੂੰ ਧਰਮ-ਵਿਦਿਆ ਤੇ ਸ਼ਸਤਰ-ਵਿਦਿਆ ਦੀ ਸਿੱਖਿਆ ਦਿਤੀ। ਆਪਣੇ ਅੰਤਮ ਸਮੇਂ ਤੇ ਕਪੂਰ ਸਿੰਘ ਨੇ ਇਸ ਹੋਣਹਾਰ ਸ਼ਗਿਰਦ ਤੇ ਪ੍ਰਤਾਪੀ ਯੋਧੇ ਨੂੰ ਦੀ ਕਲਗੀਧਾਰ ਦੀ ਤਲਵਾਰ ਵੀ ਸੌਂਪੀ, ਜਿਹੜੀ ਉਸ ਨੂੰ ਮਾਤਾ ਸੁੰਦਰੀ ਜੀ ਪਾਸੋਂ ਪ੍ਰਾਪਤ ਹੋਈ ਸੀ। ਜੱਸਾ ਸਿੰਘ ਨੇ ਗੁਰੂ ਘਰ ਦੀ ਪੂਰੀ ਮਰਿਯਾਦਾ ਪਾਲਣ ਕਰਦਿਆਂ ਪੰਥ ਵਿਚ ਬਹੁਤ ਹੀ ਮਾਣ ਪ੍ਰਾਪਤ ਕੀਤਾ। ਸੰਨ 1783 ਵਿਚ ਇਸਦਾ ਦਿਹਾਂਤ ਹੋ ਗਿਆ। ਇਸਦੇ ਦਿਹਾਂਤ ਉਪਰੰਤ ਜਗੀਰ ਦਾ ਮਾਲਕ ਸ੍ਰ.ਭਾਗ ਸਿੰਘ ਬਣਿਆ। ਸ੍ਰ.ਭਾਗ ਸਿੰਘ ਤੋਂ ਬਾਅਦ ਉਸਦਾ ਪੁਤਰ ਫਤ੍ਹੇ ਸਿੰਘ ਸਰਦਾਰੀ ਦਾ ਹੱਕਦਾਰ ਬਣਿਆ। ਫਤ੍ਹੇ ਸਿੰਘ ਦੀ ਮੌਤ ਉਪਰੰਤ ਨਿਹਾਲ ਸਿੰਘ ਨੇ ਕਪੂਰਥਲੇ ਦੀ ਸਰਦਾਰੀ ਸੰਭਾਲੀ।

          ਸੰਨ 1809 ਵਿਚ ਕਪੂਰਥਲਾ ਦੇ ਸਰਦਾਰ ਨੇ ਸਤਲੁਜ ਦੇ ਉਪਰਲੇ ਇਲਾਕੇ ਵਿਚੋਂ ਦੀ ਲੰਘਣ ਵਾਲੀਆਂ ਅੰਗਰੇਜ਼ ਫ਼ੌਜਾਂ ਨੂੰ ਸ਼ਾਹੀ ਸਪਲਾਈ ਪਹੁੰਚਾਉਣ ਦਾ ਇਕਰਾਰ ਕਰਕੇ ਉਨ੍ਹਾਂ ਨਾਲ ਸੰਧੀ ਕੀਤੀ। ਪਰ ਅਲੀਵਾਲ ਦੇ ਸਥਾਨ ਤੇ ਹੋਣ ਵਾਲੀ ਸਿੱਖਾਂ ਦੀ ਪਹਿਲੀ ਲੜਾਈ ਵਿਚ ਕਪੂਰਥਲਾ ਸਰਦਾਰ ਦੀਆਂ ਫ਼ੌਜਾਂ ਬਰਤਾਨਵੀਂ ਸਰਕਾਰ ਦੇ ਵਿਰੁੱਧ ਲੜੀਆਂ। ਜਿਸਦੇ ਫਲਸਰੂਪ ਬਰਤਾਨਵੀਂ ਸਰਕਾਰ ਨੇ ਸਤਲੁਜ ਦਾ ਦੱਖਣੀ ਇਲਾਕਾ ਸਰਦਾਰ ਨਿਹਾਲ ਸਿੰਘ ਕੋਲੋਂ ਖੋ ਲਿਆ। ਸੰਨ 1846 ਵਿਚ ਜਲੰਧਰ-ਦੁਆਬ ਫਰੰਗੀਆਂ ਦੇ ਕਬਜ਼ੇ ਵਿਚ ਆਉਣ ਨਾਲ ਸਤਲੁਜ ਦੇ ਉੱਤਰ ਵਲ ਦੀ ਮਿਲਖ ਆਹਲੂਵਾਲੀਆਂ ਨੂੰ ਸੁਤੰਤਰ ਰੂਪ ਵਿਚ ਮਿਲ ਗਈ ਅਤੇ 1849 ਈ. ਵਿਚ ਨਿਹਾਲ ਸਿੰਘ ਨੂੰ ਇਸ ਮਿਲਖ ਦਾ ਰਾਜਾ ਥਾਪਿਆ ਗਿਆ। ਨਿਹਾਲ ਸਿੰਘ ਤੋਂ ਬਾਅਦ ਰਣਧੀਰ ਸਿੰਘ ਤੇ ਉਸ ਪਿਛੋਂ ਖੜਕ ਸਿੰਘ, ਵਾਰੀ ਵਾਰੀ ਕਪੂਰਥਲਾ ਰਿਆਸਤ ਦੀ ਗੱਦੀ ਦੇ ਮਾਲਕ ਬਣੇ।

          ਮਹਾਰਾਜਾ ਖੜਕ ਸਿੰਘ ਨੇ ਸੱਤ ਸਾਲ ਰਾਜ ਕੀਤਾ ਅਤੇ ਸੰਨ 1877 ਵਿਚ ਚਲਾਣਾ ਕਰ ਗਿਆ । ਇਸ ਸਮੇਂ ਇਸ ਦੇ ਪੁੱਤਰ ਜਗਤਜੀਤ ਸਿੰਘ ਦੀ ਉਮਰ ਸਿਰਫ਼ ਪੰਜ ਸਾਲਾਂ ਦੀ ਸੀ। ਇਸੇ ਸਾਲ (1877) ਵਿਚ ਨਾਬਾਲਗ ਜਗਤਜੀਤ ਸਿੰਘ ਗੱਦੀ ਤੇ ਬੈਠਾ ਤੇ ਇਸਦੀ ਨਾਬਾਲਗੀ ਦੌਰਾਨ ਰਿਆਸਤ ਦਾ ਪ੍ਰਬੰਧ ਪੰਜਾਬ ਕਮਿਸ਼ਨ ਦੇ ਇਕ ਅਫ਼ਸਰ ਦੁਆਰਾ ਚਲਾਇਆ ਜਾਂਦਾ ਰਿਹਾ, ਜਿਸ ਦੀ ਸਹਾਇਤਾ ਇਕ ਕੌਂਸਲ ਕਰਦੀ ਸੀ। ਮਹਾਰਾਜਾ ਜਗਤਜੀਤ ਸਿੰਘ ਵੱਡਾ ਹੋ ਕੇ ਬਹੁਤ ਚੰਗਾ ਪ੍ਰਬੰਧਕ ਸਿੱਧ ਹੋਇਆ। ਇਹ ਆਪ ਵਿਦਿਆ ਤੇ ਕਲਾ ਵਿਚ ਖ਼ੂਬ ਰੁਚੀ ਰੱਖਦਾ ਸੀ। ਕਿਹਾ ਜਾਂਦਾ ਹੈ ਕਿ ਮਹਾਰਾਜਾ ਆਪ ਕਈ ਵਾਰੀ ਕਪੂਰਥਲੇ ਕਾਲਜ ਵਿਚ ਅਚਣਚੇਤ ਦੌਰਾ ਵੀ ਕਰਿਆ ਕਰਦਾ ਸੀ। ਇਸਨੇ ਸਿੱਖਿਆ ਅਤੇ ਉਦਯੋਗ ਦੇ ਖੇਤਰ ਵਿਚ ਰਿਆਸਤ ਨੂੰ ਬਹੁਤ ਉੱਨਤ ਕੀਤਾ। ਆਪਣੇ ਰਾਜ ਦੇ ਸੇਵਕਾਂ ਦੀ ਵਿਦਿਅਕ ਖੇਤਰ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਪਦਵੀਆਂ ਦਿਤੀਆਂ। ਇਸਨੇ ਕਪੂਰਥਲਾ ਰਿਆਸਤ ਵਿਚ ਬਹੁਤ ਸੁਹਣੀਆਂ ਇਮਾਰਤਾਂ ਵੀ ਬਣਵਾਈਆਂ।

          ਭਾਰਤ ਦੀ ਆਜ਼ਾਦੀ ਤੋਂ ਬਾਅਦ 20 ਅਗਸਤ, ਸੰਨ 1948 ਨੂੰ ਪੰਜਾਬ ਦੀਆਂ ਹੋਰ ਰਿਆਸਤਾਂ ਦੇ ਨਾਲ ਹੀ ਕਪੂਰਥਲੇ ਨੂੰ ਵੀ ਪੈਪਸੂ ਵਿਚ ਸ਼ਾਮਲ ਕੀਤਾ ਗਿਆ ਅਤੇ ਮਹਾਰਾਜਾ ਜਗਤਜੀਤ ਸਿੰਘ ਨੂੰ ਇਸ ਦਾ ਉਪ-ਰਾਜ- ਪ੍ਰਮੁੱਖ ਨਿਯੁਕਤ ਕੀਤਾ ਗਿਆ। ਸੰਨ 1949 ਵਿਚ ਜਗਤਜੀਤ ਸਿੰਘ ਦਾ ਦਿਹਾਂਤ ਹੋ ਗਿਆ। ਇਸ ਪਿਛੋਂ ਇਸਦਾ ਉੱਤਰਾਧਿਕਾਰੀ ਇਸ ਦਾ ਪੁੱਤਰ ਪਰਮਜੀਤ ਸਿੰਘ ਬਣਿਆ। ਸੰਨ 1955 ਵਿਚ ਪਰਮਜੀਤ ਸਿੰਘ ਵੀ ਚਲ ਵਸਿਆ ਤੇ ਉਸਦਾ ਪੁੱਤਰ ਸੁਖਜੀਤ ਸਿੰਘ ਰਿਆਸਤ ਦਾ ਮਾਲਕ ਥਾਪਿਆ ਗਿਆ। ਸੰਨ 1956 ਵਿਚ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਨ ਸਮੇਂ ਕਪੂਰਥਲਾ ਰਿਆਸਤ ਨੂੰ ਤੋੜ-ਫ਼ੋੜ ਕੇ ਜ਼ਿਲ੍ਹੇ ਦੀ ਹੈਸੀਅਤ ਵਿਚ, ਜਲੰਧਰ ਮੰਡਲ ਵਿਚ ਸ਼ਾਮਲ ਕਰ ਲਿਆ ਗਿਆ।

          ਹ. ਪੁ. ––ਮ. ਕੋ. ਇੰਪ. ਗ. ਇੰਡ. 14 : 409


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਪੂਰਥਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

          ਕਪੂਰਥਲਾ : ਜ਼ਿਲ੍ਹਾ––ਇਹ ਪੰਜਾਬ ਰਾਜ ਦੇ ਜਲੰਧਰ ਮੰਡਲ ਦਾ ਇਕ ਜ਼ਿਲ੍ਹਾ ਹੈ ਜੋ ਬਿਸਤ-ਦੁਆਬ (ਸਤਲੁਜ ਅਤੇ ਬਿਆਸ ਦੇ ਵਿਚਕਾਰਲਾ ਇਲਾਕਾ) ਦੇ ਵਿਚ ਸਥਿਤ ਹੈ। ਉੱਤਰ ਵਲੋਂ ਇਹ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ, ਪੱਛਮ ਵਲੋਂ ਬਿਆਸ ਦਰਿਆ ਅਤੇ ਅੰਮ੍ਰਿਤਸਰ ਜ਼ਿਲ੍ਹਾ, ਦੱਖਣ ਵਲੋਂ ਸਤਲੁਜ ਦਰਿਆ, ਜਲੰਧਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨਾਲ ਘਿਰਿਆ ਹੋਇਆ ਹੈ। ਫਗਵਾੜਾ ਤਹਿਸੀਲ ਚਾਰੇ ਪਾਸਿਉਂ (ਉੱਤਰ-ਪੂਰਬ ਦੇ ਇਲਾਕੇ ਨੂੰ ਛੱਡਕੇ ਜਿਥੇ ਇਸ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਜੁੜਦੀ ਹੈ) ਜਲੰਧਰ ਜ਼ਿਲ੍ਹੇ ਦੁਆਰਾ ਘਿਰੀ ਹੋਈ ਹੈ। ਪੰਜਾਬ ਦਾ ਇਹ ਇਕੋ ਹੀ ਅਜਿਹਾ ਜ਼ਿਲ੍ਹਾ ਹੈ ਜਿਸਨੂੰ 32 ਕਿ. ਮੀ. ਦੀ ਦੂਰੀ ਤੇ ਕਪੂਰਥਲਾ ਅਤੇ ਫਗਵਾੜਾ ਤਹਿਸੀਲਾਂ ਦੋ ਹਿੱਸਿਆਂ ਵਿਚ ਵੰਡਦੀਆਂ ਹਨ। ਦੋਹਾਂ ਤਹਿਸੀਲਾਂ ਵਿਚਕਾਰ ਜਲੰਧਰ ਜ਼ਿਲ੍ਹੇ ਦਾ ਇਲਾਕਾ ਆਉਂਦਾ ਹੈ। ਇਹ ਇਕ ਛੋਟਾ ਜਿਹਾ ਜ਼ਿਲ੍ਹਾ ਹੈ। ਜਿਸ ਵਿਚ ਤਿੰਨ ਤਹਿਸੀਲਾਂ (ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ),4 ਕਸਬੇ (ਢਿਲਵਾਂ, ਕਪੂਰਥਲਾ, ਸੁਲਤਾਨਪੁਰ, ਅਤੇ ਫਗਵਾੜਾ) ਅਤੇ 698 ਪਿੰਡ ਸ਼ਾਮਲ ਹਨ। ਜ਼ਿਲ੍ਹੇ ਦਾ ਕੁੱਲ ਰਕਬਾ 1633 ਵ. ਕਿ. ਮੀ. ਹੈ ਅਤੇ ਵਸੋਂ 5,45,249 (1981) ਹੈ।

          ਸਾਰਾ ਜ਼ਿਲ੍ਹਾ ਜਲੋਢ ਮੈਦਾਨ ਹੈ। ਕਪੂਰਥਲਾ ਤਹਿਸੀਲ (ਸੁਲਤਾਨਪੁਰ ਤਹਿਸੀਲ) ਬਿਆਸ ਅਤੇ ਕਾਲੀ ਬੇਈਂ ਵਿਚਕਾਰਲੇ ਦਰਿਆਈ ਖੇਤਰ ਵਿਚ ਵਾਕਿਆ ਹੈ ਅਤੇ ਇਸ ਨੂੰ ਬੇਟ ਕਿਹਾ ਜਾਂਦਾ ਹੈ । ਹਰੇਕ ਸਾਲ ਇਸ ਖੇਤਰ ਵਿਚ ਹੜ੍ਹ ਆਉਂਦੇ ਰਹਿੰਦੇ ਹਨ। ਹੜ੍ਹਾਂ ਤੋਂ ਬਚਾਉ ਲਈ ਬਿਆਸ ਦਰਿਆ ਦੇ ਖੱਬੇ ਕੰਢੇ ਉਤੇ ਧੁਸੀ ਬੰਨ੍ਹ ਬਣਾਇਆ ਗਿਆ ਹੈ। ਗੰਨਾ, ਚਾਉਲ ਅਤੇ ਕਣਕ ਇਸ ਇਲਾਕੇ ਦੀਆਂ ਮੁੱਖ ਫ਼ਸਲਾਂ ਹਨ। ਸੇਮ ਅਤੇ ਕੱਲਰ ਇਸ ਇਲਾਕੇ ਦੀ ਖੇਤੀ-ਬਾੜੀ ਲਈ ਵੱਡੀਆਂ ਸਮੱਸਿਆਵਾਂ ਹਨ। ਕਾਲੀ ਬੇਈਂ ਦੇ ਦੱਖਣ ਵਿਚ ਦੋਨਾ ਨਾਂ ਦਾ ਖੇਤਰ ਹੈ ਅਤੇ ਮੱਕੀ, ਕਣਕ, ਕਪਾਹ ਅਤੇ ਮੂੰਗਫਲੀ ਇਸ ਦੀਆਂ ਮੁੱਖ ਫ਼ਸਲਾਂ ਹਨ। ਇਥੇ ਸਿੰਜਾਈ ਖੂਹਾਂ ਦੁਆਰਾ ਆਮ ਕੀਤੀ ਜਾਂਦੀ ਹੈ।

          ਫਗਵਾੜਾ ਤਹਿਸੀਲ ਵਿਚ ਸਿਰਵਾਲ, ਢੱਕ ਅਤੇ ਮੰਜਕੀ ਦੇ ਖੇਤਰ ਸ਼ਾਮਲ ਹਨ ਜੋ ਤਹਿਸੀਲ ਦੇ ਉੱਤਰੀ-ਪੂਰਬੀ ਮੱਧ ਅਤੇ ਦੱਖਣ-ਪੂਰਬ ਵਿਚ ਸਥਿਤ ਹਨ। ਸਿਰਵਾਲ ਖੇਤਰ ਦੇ ਲੱਛਣ ਬੇਟ ਦੇ ਇਲਾਕੇ ਵਰਗੇ ਹੀ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਲੋਂ ਹੇਠਾਂ ਨੂੰ ਆਉਣ ਵਾਲੇ ਪਹਾੜੀ ਨਾਲੇ ਜ਼ਮੀਨ ਨੂੰ ਸਾਰਾ ਸਾਲ ਤਰ ਰਖਦੇ ਹਨ। ਇਨ੍ਹਾਂ ਵਿਚੋਂ ਕੁਝ ਨਾਲੇ ਗਾਦ-ਭਰੇ ਹੁੰਦੇ ਹਨ ਜਿਹੜੇ ਪਹਿਲਾਂ ਪਹਿਲਾਂਤਾਂ ਉਪਜਾਊ ਮਿੱਟੀ ਵਿਛਾਉਂਦੇ ਹਨ ਪਰ ਇਨ੍ਹਾਂ ਦੇ ਪਿਛਲੇ ਨਿਖੇਪ ਵੱਧ ਤੋਂ ਵੱਧ ਰੇਤਲੇ ਹੁੰਦੇ ਹਨ। ਢੱਕ ਖੇਤਰ ਦਾ ਨਾਂ ਢੱਕ ਨਾਂ ਦੇ ਦਰਖ਼ਤਾਂ (ਜੋ ਇਸ ਇਲਾਕੇ ਵਿਚ ਬਹੁਤ ਹੁੰਦੇ ਹਨ) ਤੋਂ ਪਿਆ ਹੈ ਅਤੇ ਖੇਤੀ ਕਰਨ ਤੋਂ ਪਹਿਲਾਂ ਇਨ੍ਹਾਂ ਦਰਖ਼ਤਾਂ ਨੂੰ ਸਾਫ਼ ਕਰ ਦਿਤਾ ਜਾਂਦਾ ਹੈ। ਇਥੋਂ ਦੀ ਜ਼ਮੀਨ ਬਹੁਤ ਉਪਜਾਊ ਹੈ ਪਰ ਕਈ ਥਾਵਾਂ ਤੇ ਸੇਮ ਅਤੇ ਕੱਲਰ ਵੀ ਹੈ। ਮੰਜਕੀ ਖੇਤਰ ਤਹਿਸੀਲ ਦਾ ਸਭ ਤੋਂ ਉਪਜਾਊ ਖੇਤਰ ਹੈ ਅਤੇ ਇਸ ਦਾ ਨਾਂ ਮੰਜ ਨਾਂ ਦੇ ਰਾਜਪੂਤ ਕਬੀਲੇ ਦੇ ਪਿੱਛੇ ਪਿਆ।

          ਬਿਆਸ ਦਰਿਆ ਜ਼ਿਲ੍ਹੇ ਦੀ ਪੱਛਮੀ ਹੱਦ ਬਣਾਉਂਦਾ ਹੈ। ਜ਼ਿਲ੍ਹੇ ਦੇ ਵਿਚੋਂ ਦੀ ਦੋ  ਬੇਈਆਂ ਗੁਜ਼ਰਦੀਆਂ ਹਨ––ਚਿੱਟੀ ਬੇਈਂ ਜਾਂ ਪੂਰਬੀ ਬੇਈਂ। ਫਗਵਾੜਾ ਤਹਿਸੀਲ ਦੇ ਵਿਚੋਂ ਦੀ ਲਗਭਗ 13 ਕਿ. ਮੀ. ਤੀਕ ਵਹਿੰਦੀ ਹੋਈ ਅਖੀਰ ਜਲੰਧਰ ਤਹਿਸੀਲ ਦੇ ਉੱਚਾ ਪਿੰਡ ਨੂੰ ਜਾ ਛੋਂਹਦੀ ਹੈ। ਇਸ ਵਿਚ ਕਈ ਛੋਟੇ ਛੋਟੇ ਜਲ-ਮਾਰਗ ਆਣ ਰਲਦੇ ਹਨ ਅਤੇ ਦੱਖਣ-ਪੱਛਮ ਵੱਲ ਨੂੰ ਵਹਿੰਦੀਆਂ ਸਤਲੁਜ ਦਰਿਆ ਵਿਚ ਜਾ ਰਲਦੀ ਹੈ। ਕਾਲੀ ਬੇਈਂ (ਜਾਂ ਪੱਛਮੀ ਬੇਈਂ) ਹੁਸ਼ਿਆਰਪੁਰ ਜ਼ਿਲ੍ਹੇ ਦੀ ਦਸੂਹਾ ਤਹਿਸੀਲ ਤੋਂ ਇਸ ਜ਼ਿਲ੍ਹੇ ਵਿਚ ਆ ਦਾਖ਼ਲ ਹੁੰਦੀ ਹੈ ਅਤੇ ਭੁਲੱਥ, ਢਿੱਲਵਾਂ ਅਤੇ ਸੁਲਤਾਨਪੁਰ ਦੇ ਇਲਾਕਿਆਂ ਦਾ ਜਲ-ਨਿਕਾਸ ਕਰਦੀ ਹੋਈ ਸੁਲਤਾਨਪੁਰ ਤਹਿਸੀਲ ਦੇ ਪਿੰਡ ਜੈਮਨਵਾਲਾ ਦੇ ਨੇੜੇ ਬਿਆਸ ਦਰਿਆ ਨਾਲ ਜਾ ਰਲਦੀ ਹੈ।

          ਜ਼ਿਲ੍ਹੇ ਦਾ ਜਲਵਾਯੂ ਗਰਮੀਆਂ ਵਿਚ ਸਖ਼ਤ ਗਰਮ ਅਤੇ ਸਰਦੀਆਂ ਵਿਚ ਸਖ਼ਤ ਸਰਦ ਹੈ। ਇਕੇ ਔਸਤ ਸਾਲਾਨਾ ਵਰਖਾ 75 ਸੈਂ. ਤੋਂ 87 ਸੈਂ. ਤੀਕ ਹੁੰਦੀ ਹੈ।

          ਇਥੋਂ ਦੀ ਮਿੱਟੀ ਬਹੁਤ ਉਪਜਾਊ ਹੈ। ਕਣਕ, ਮਕੱਈ, ਚਾਉਲ, ਗੰਨਾ, ਮੂੰਗਫਲੀ, ਕਪਾਹ, ਤੇਲ ਦੇ ਬੀਜ, ਇਥੋਂ ਦੀਆਂ ਮੁੱਖ ਫ਼ਸਲਾਂ ਹਨ। ਇਨ੍ਹਾਂ ਤੋਂ ਇਲਾਵਾ ਇਥੇ ਫੁੱਲ ਅਤੇ ਦਾਲਾਂ ਵੀ ਉਗਾਈਆਂ ਜਾਂਦੀਆਂ ਹਨ। ਖੂਹਾਂ ਤੋਂ ਇਲਾਵਾ ਬਿਸਤ ਦੁਆਬ ਨਹਿਰ ਵੀ ਜ਼ਿਲ੍ਹੇ ਨੂੰ ਸਿੰਜਦੀ ਹੈ।

          ਜਗਤਜੀਤ ਸ਼ੂਗਰ ਮਿਲਜ਼–(ਫਗਵਾੜਾ), ਜਗਤਜੀਤ ਕਾਟਨ ਟੈਕਸਟਾਈਲ ਮਿਲਜ਼ (ਫਗਵਾੜਾ), ਜਗਤਜੀਤ ਇੰਜਨੀਅਰਿੰਗ ਵਰਕਸ (ਕਪੂਰਥਲਾ), ਜਗਤਜੀਤ ਡਿਸਟਿਲਰੀ (ਹਮੀਰਾ) ਜ਼ਿਲ੍ਹੇ ਦੇ ਮੁੱਖ ਉਦਯੋਗ ਹਨ। ਇਨ੍ਹਾਂ ਤੋਂ ਇਲਾਵਾ ਇਥੇ ਮਸ਼ੀਨੀ ਸੰਦ, ਜ਼ਰਾਇਤੀ ਸੰਦ, ਸਿਲਾਈ ਮਸ਼ੀਨਾਂ ਅਤੇ ਉਨ੍ਹਾਂ ਦੇ ਪੁਰਜ਼ੇ, ਅਲੋਹ ਧਾਤਾਂ, ਸਟੀਲ ਰੀ ਰੋਲਿੰਗਜ਼ ਅਤੇ ਬਿਜਲੀ ਦੀਆਂ ਵਸਤਾ ਤਿਆਰ ਕਰਨ ਦੇ ਮਾਧਿਅਮ ਅਤੇ ਛੋਟੇ ਪੈਮਾਨੇ ਦੇ ਉਦਯੋਗ ਹਨ। ਹੱਥ-ਖੱਡੀ, ਚਮੜਾ ਕਮਾਉਣਾ, ਸੂਤੀ ਕੱਪੜੇ ਦੀ ਛਪਾਈ, ਕੋਹਲੂ ਨਾਲ ਤੇਲ ਕੱਢਣਾ, ਗੁੜ ਅਤੇ ਸ਼ਕੱਰ, ਫੁਲਕਾਰੀਆਂ, ਦੇਸੀ ਜੁਤੀਆਂ, ਵਾਣ ਵੱਟਣਾ, ਦਰੀਆਂ ਸ਼ੁਕੱਰ ਜ਼ਰਾਇਤੀ ਸੰਦ ਅਤੇ ਪਿਤਲ ਦੇ ਭਾਂਡੇ ਬਣਾਉਣੇ ਜ਼ਿਲ੍ਹੇ ਦੇ ਰਵਾਇਤੀ ਧੰਦੇ ਹਨ।

          ਇਥੇ ਰੇਲਵੇ ਲਾਈਨਾਂ ਅਤੇ ਪਕੀਆਂ ਸੜਕਾਂ ਦੀਆਂ ਸਹੂਲਤਾਂ ਬਹੁਤ ਹਨ। ਮੁੱਖ ਤੌਰ ਤੇ ਦਿੱਲੀ-ਅੰਮ੍ਰਿਤਸਰ ਲਾਈਨ ਅਤੇ ਜਲੰਧਰ-ਫੀਰੋਜ਼ਪੁਰ ਲਾਈਨ ਜ਼ਿਲ੍ਹੇ ਨੂੰ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਜ਼ਿਲ੍ਹੇ ਦੇ ਸਦਰ ਮੁਕਾਮ-ਤੋਂ ਸਾਰਿਆਂ ਪਾਸਿਆਂ ਨੂੰ ਸੜਕਾਂ ਜਾਂਦੀਆਂ ਹਨ।

          ਇਥੇ ਕਈ ਇਤਿਹਾਸਕ ਅਤੇ ਧਾਰਮਕ ਸਥਾਨ ਹਨ। ਮਹਾਨ ਇਤਿਹਾਸਕ ਮਹੱਤਤਾ ਵਾਲਾ ਕਸਬਾ ਸੁਲਤਾਨਪੁਰ ਵੀ ਇਸੇ ਜ਼ਿਲ੍ਹੇ ਵਿਚ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ 14 ਸਾਲ ਤੋ਼ ਵਧ ਦਾ ਸਮਾਂ ਇਸੇ ਸ਼ਹਿਰ ਵਿਚ ਹੀ ਬਿਤਾਇਆ ਸੀ। ਗੁਰਦਵਾਰਾ ਸ੍ਰੀ ਬੇਰ ਸਾਹਿਬ, ਗੁਰਦਵਾਰਾ ਸ੍ਰੀ ਹੱਟ ਸਾਹਿਬ, ਗੁਰਦਵਾਰਾ ਸ੍ਰੀ ਗੁਰੂ ਕਾ ਬਾਗ਼, ਗੁਰਦਵਾਰਾ ਸ੍ਰੀ ਕੋਠੜੀ ਸਾਹਿਬ, ਗੁਰਦਵਾਰਾ ਸ੍ਰੀ ਸੰਤ ਘਾਟ, ਗੁਰਦਵਾਰਾ ਅੰਤਰਯਾਮਤਾ ਸਾਹਿਬ ਆਦਿ ਜ਼ਿਲ੍ਹੇ ਦੇ ਪ੍ਰਸਿੱਧ ਪਵਿੱਤਰ ਗੁਰਦਵਾਰੇ ਹਨ। ਇਨ੍ਹਾਂ ਤੋਂ ਇਲਾਵਾ ਮਜ਼ਾਰ ਬੰਦਗੀ ਸ਼ਾਹ, ਹਦੀਰਾ ਸਰਾਂ, ਮੂਰਿਸ਼ ਮਸਜਿਦ, ਸ਼ਾਲਾਮਾਰ ਬਾਗ਼, ਜਗਤਜੀਤ ਮਹੱਲ (ਜਿਥੇ ਅਜਕਲ੍ਹ ਸੈਨਿਕ ਸਕੂਲ ਹੈ) ਆਦਿ ਇਥੋਂ ਦੇ ਹੋਰ ਇਤਿਹਾਸਕ ਸਥਾਨ ਹਨ। ਜ਼ਿਲ੍ਹੇ ਦਾ ਨਾਂ ਕਪੂਰਥਲੇ ਸ਼ਹਿਰ ਦੇ ਨਾਂ ਤੇ ਪਿਆ ਹੈ।

          ਹ. ਪੁ––ਡਿਸਟ੍ਰਿਕਟ ਸੈਂਸਿਸ ਹੈਂਡ ਬੁੱਕ––ਕਪੂਰਥਲਾ ਡਿਸਟ੍ਰਿਕਟ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਪੂਰਥਲਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਪੂਰਥਲਾ : ਸ਼ਹਿਰ––ਇਹ ਇਸੇ ਹੀ ਨਾਂ ਦੇ ਪੰਜਾਬ (ਭਾਰਤ) ਰਾਜ ਦੇ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜੋ ਜਲੰਧਰ ਤੋਂ ਲਗਭਗ 20 ਕਿ. ਮੀ. ਦੀ ਦੂਰੀ ਤੇ ਪੱਛਮ ਵਲ ਸਥਿਤ ਹੈ। ਆਜ਼ਾਦੀ ਤੋਂ ਪਹਿਲਾਂ ਇਹ ਸ਼ਹਿਰ ਕਪੂਰਥਲਾ ਰਿਆਸਤ ਦੀ ਰਾਜਧਾਨੀ ਹੁੰਦਾ ਸੀ। ਆਜ਼ਾਦੀ ਤੋਂ ਬਾਅਦ ਇਹ ਕਪੂਰਥਲੇ ਜ਼ਿਲ੍ਹੇ ਦਾ ਸਦਰ-ਮੁਕਾਮ ਬਣ ਗਿਆ। ਸਾਰਾ ਸ਼ਹਿਰ ਪੱਕੀਆਂ ਸੜਕਾਂ ਦੁਆਰਾ ਜਲੰਧਰ, ਕਰਤਾਰਪੁਰ, ਭੁੱਲਥ, ਸੁਲਤਾਨਪੁਰ ਅਤੇ ਨਕੋਦਰ ਦੇ ਕਸਬਿਆਂ ਅਤੇ ਮੰਡੀਆਂ ਨਾਲ ਜੁੜਿਆ ਹੋਇਆ ਹੈ। ਇਥੇ ਰੇਲਵੇ ਸਟੇਸ਼ਨ ਵੀ ਹੈ।

          ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਦੀ ਨੀਂਹ ਜੈਸਲਮੇਰ ਰਾਜਪੂਤ ਖਾਨਦਾਨ ਦੇ ਦੁਲਾਰੇ, ਰਾਣਾ ਕਪੂਰ ਨੇ ਯਾਰਵੀਂ ਸਦੀ ਦੇ ਆਰੰਭ ਵਿਚ ਰੱਖੀ ਸੀ। ਮੁਸਲਮਾਨਾਂ ਦੇ ਰਾਜ-ਕਾਲ ਦੋਰਾਨ ਇਹ ਸ਼ਹਿਰ ਦੀ ਕੋਈ ਵਿਸ਼ੇਸ਼ ਮਹੱਤਤਾ ਨਹੀਂ ਸੀ। ਪਰ ਅਠ੍ਹਾਰਵੀਂ ਸਦੀ ਦੇ ਮੱਧ ਵਿਚ, ਜਲੰਧਰ ਦੁਆਬ ਦੇ ਮੁਗ਼ਲ ਹਾਕਮ, ਨਵਾਬ ਅਦੀਨਾ ਬੇਗ਼ ਦੀ ਮੌਤ ਉਪਰੰਤ ਰਾਇ ਇਬਰਾਹੀਮ ਖਾਨ ਨਾਮੀ ਇਕ ਰਾਜਪੂਤ ਸਰਦਾਰ ਨੇ ਕਪੂਰਥਲੇ ਵਿਖੇ ਆਪਣੀ ਆਜ਼ਾਦ ਹੈਸੀਅਤ ਸਥਾਪਤ ਕਰ ਲਈ ਅਤੇ ਸੰਨ 1780 ਵਿਚ ਸਰਦਾਰ ਜੱਸਾ ਸਿੰਘ ਨੇ ਉਸ ਨੂੰ ਇਥੋਂ ਬੇ-ਕਾਬਜ਼ ਕਰ ਦਿਤਾ। ਇਸ ਸਮੇਂ ਤੋਂ ਹੀ ਇਹ ਕਪੂਰਥਲਾ ਰਿਆਸਤ ਦੀ ਰਾਜਧਾਨੀ ਬਣ ਗਿਆ।

          ਇਹ ਇਕ ਯੋਜਨ-ਬੱਧ ਸ਼ਹਿਰ ਹੈ। ਇਥੇ ਬਹੁਤ ਸੁੰਦਰ ਬਾਗ਼ ਹਨ। ਇਥੋਂ ਦਾ ਸ਼ਾਲਾਮਾਰ ਬਾਗ਼ ਦਾ ਡਿਜ਼ਾਈਨ ਸਰ ਐਡਵਰਡ ਲੂਟਾਈਨਜ਼ ਨਾਮੀ ਵਿਅਕਤੀ ਨੇ ਬਣਾਇਆ ਸੀ। ਇਸੇ ਹੀ ਵਿਅਕਤੀ ਨੇ ਦਿੱਲੀ ਦਾ ਡਿਜ਼ਾਈਨ ਤਿਆਰ ਕੀਤਾ ਸੀ। ਇਥੇ ਤੈਰਾਕੀ ਟੈਂਕ, ਬਾਲ-ਪਾਰਕ ਅਤੇ ਬਾਲ-ਲਾਇਬ੍ਰੇਰੀ ਹੈ। ਸ਼ਹਿਰ ਵਿਚ ਮਿਊਂਸਪਲ ਦਫ਼ਤਰ ਅਤੇ ਲਾਇਬ੍ਰੇਰੀ ਸਥਾਪਤ ਹੈ। ਇਸ ਬਾਗ਼ ਵਿਚ ਇਤਿਹਾਸਕ ਬਾਰਾਂਦਰੀ ਹੈ ਜਿਥੇ ਮਹਾਰਾਜਾ ਰਣਜੀਤ ਸਿੰਘ ਕਪੂਰਥਲੇ ਦੇ ਰਾਜੇ ਫ਼ਤਹਿ ਸਿੰਘ ਨੂੰ ਮਿਲਿਆ ਸੀ। ਬਸੰਤ ਦੇ ਮੌਕੇ ਤੇ ਬਾਗ਼ ਵਿਚ ਭਾਰੀ ਮੇਲਾ ਲਗਦਾ ਹੈ। ਪੰਜ-ਮੰਦਰ, ਗੁਰਦਵਾਰਾ ਸਾਹਿਬ ਅਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਮੂਰਿਸ਼ ਮਸਜਿਦ ਇਥੋਂ ਦੇ ਪ੍ਰਸਿੱਧ ਧਾਰਮਕ ਅਸਥਾਨ ਹਨ। ਮਹਾਰਾਜੇ ਦਾ ਨਵਾਂ ਮਹਿਲ, ਪੁਰਾਣਾ ਕਿਲਾ ਅਤੇ ਕਚਹਿਰੀ-ਘਰ ਇਥੋਂ ਦੇ ਹੋਰ ਵੇਖਣਯੋਗ ਅਸਥਾਨ ਹਨ।

          ਇਥੋਂ ਦੇ ਕਾਰਖਾਨਿਆਂ ਵਿਚ ਰਬੜ ਦਾ ਸਾਮਾਨ, ਬਿਜਲੀ ਦੇ ਪੱਖੇ, ਸਟੀਲ ਤੇ ਪਿੱਤਲ ਦੇ ਬਰਤਨ, ਦਵਾਈਆਂ,ਰਸਾਇਣਕ ਪਦਾਰਥ, ਰੰਗਰੋਗਨ ਤੇ ਵਾਰਨਿਸ਼, ਲੋਹੇ ਦੇ ਕਬਜ਼ੇ, ਪੇਚ ਆਦਿ ਤਿਆਰ ਕੀਤੇ ਜਾਂਦੇ ਹਨ।

          ਇਥੇ ਇਕ ਸਰਕਾਰੀ ਕਾਲਜ, ਸੈਨਿਕ ਸਕੂਲ ਅਤੇ ਕਈ ਹੋਰ ਵਿਦਿਅਕ ਅਤੇ ਸਿਖਲਾਈ ਕੇਂਦਰ ਹਨ। ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਨਾਲ ਸਬੰਧਤ ਇਕ 'ਰਾਈਸ ਰੀਸਰਚ ਸਟੇਸ਼ਨ' ਵੀ ਇਥੇ ਸਥਾਪਤ ਹੈ। ਸ਼ਹਿਰ ਤੋਂ ਤਿੰਨ ਕੁ ਕਿਲੋਮੀਟਰ ਦੂਰ ਬੇਈਂ ਨਦੀ ਤੇ ਇਕ ਖੂਬਸੂਰਤ ਝੀਲ ਬਣੀ ਹੋਈ ਹੈ ਜਿਥੇ ਕਿਸ਼ਤੀਆਂ ਤੇ ਸੈਰ ਕਰਨ ਲਈ ਲੋਥਾਂ ਦੀ ਕਾਫ਼ੀ ਰੋਣਕ ਰਹਿੰਦੀ ਹੈ।

          ਆਬਾਦੀ––50,300 (1981)

          31° 20' ਉ. ਵਿਥ.; 75° 20' ਪੂ. ਲੰਬ.

          ਹ. ਪੁ.––ਸੈਂਸਿਸ ਆਫ਼ ਇੰਡੀਆ––1961; ਡਿਸਟ੍ਰਿਕਟ ਸੈਂਸਿਸ ਹੈਂਡ ਬੁਕ––ਕਪੂਰਥਲਾ ਡਿਸਟ੍ਰਿਕਟ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਪੂਰਥਲਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਪੂਰਥਲਾ :   ਰਿਆਸਤ-   ਇਹ ਪੰਜਾਬ ਅਤੇ ਆਹਲੂਵਾਲੀਆ ਖ਼ਾਨਦਾਨ ਦੀ ਰਿਆਸਤ ਸੀ। ਇਸ ਖ਼ਾਨਦਾਨ ਦਾ ਆਗੂ ਸਾਧੂ ਸਿੰਘ ਸੀ। ਅੱਜਕੱਲ੍ਹ ਇਹ ਪੰਜਾਬ ਦਾ ਇਕ ਜ਼ਿਲ੍ਹਾ ਹੈ ਅਤੇ ਇਸੇ ਨਾਂ ਦਾ ਸ਼ਹਿਰ ਇਸ ਦਾ ਸਦਰ ਮੁਕਾਮ ਹੈ।

         ਸਾਧੂ ਸਿੰਘ ਦਾ ਨਾਂ ਸਦਾ ਸਿੰਘ ਵੀ ਦੱਸਿਆ ਜਾਂਦਾ ਹੈ। ਇਸ ਨੇ ਲਾਹੌਰ ਜ਼ਿਲ੍ਹੇ ਵਿਚ ਚਾਰ ਪਿੰਡ ਵਸਾਏ ਜਿਨ੍ਹਾਂ ਵਿਚੋਂ ਆਹਲੂ' ਨਾਂ ਦਾ ਵੀ ਇਕ ਪਿੰਡ ਸੀ ਜਿਸ ਤੋਂ ਇਸ ਖ਼ਾਨਦਾਨ ਦਾ ਨਾਂ ਆਹਲੂਵਾਲੀਆ ਪਿਆ। ਇਹ ਲੋਕ ਕਪੂਰਥਲੇ ਦੀ ਸਰਦਾਰੀ ਤੋਂ ਪਹਿਲਾਂ ਬਾਰੀ ਦੁਆਬ ਅਤੇ ਸਤਲੁਜ ਦੇ ਇਲਾਕਿਆਂ ਦੇ ਮਾਲਕ ਸਨ। ਪਿਛੋਂ ਇਹ ਆਹਲੂ ਪਿੰਡ ਰਹਿਣ ਲੱਗੇ ਅਤੇ ਇਥੇ ਇਨ੍ਹਾਂ ਨੇ ਬਹੁਤ ਉੱਨਤੀ ਕੀਤੀ। ਸੰਨ 1780 ਵਿਚ ਸ. ਜੱਸਾ ਸਿੰਘ ਨੇ ਬਾਰੀ ਦੁਆਬ ਦੀ ਮਲਕੀਅਤ ਸੰਭਾਲੀ। ਇਹ ਸਾਧੂ ਸਿੰਘ ਦਾ ਪੜੋਤਾ ਸੀ।

         ਜੱਸਾ ਸਿੰਘ ਆਪਣੇ ਪਿਤਾ ਬਦਰ ਸਿੰਘ ਦੀ ਮੌਤ ਤੋਂ ਬਾਅਦ ਮਾਤਾ ਸੁੰਦਰੀ ਜੀ ਦੀ ਦੇਖ ਰੇਖ ਹੇਠਾਂ ਪਲਿਆ। ਨਵਾਬ ਕਪੂਰ ਸਿੰਘ ਨੇ ਇਸਨੂੰ ਧਾਰਮਿਕ ਵਿੱਦਿਆ ਅਤੇ ਸ਼ਾਸਤਰ ਵਿਦਿਆ ਦਿੱਤੀ। ਜੱਸਾ ਸਿੰਘ ਨੇ ਗੁਰੂ ਮਰਿਯਾਦਾ ਨਾਲ ਰਾਜ ਨੂੰ ਸੰਭਾਲਿਆ ਅਤੇ ਬਹੁਤ ਉੱਨਤੀ ਕੀਤੀ। ਸੰਨ 1783 ਵਿਚ ਇਸ ਦੇ ਦੇਹਾਂਤ ਤੋਂ ਬਾਅਦ ਸ. ਭਾਗ ਸਿੰਘ ਜਗੀਰ ਦਾ ਮਾਲਕ ਬਣਿਆ। ਇਸ ਤੋਂ ਬਾਅਦ ਇਸ ਦਾ ਪੁੱਤਰ ਫ਼ਤੀਰ ਸਿੰਘ ਸਰਦਾਰੀ ਦਾ ਹੱਕਦਾਰ ਬਣਿਆ। ਫ਼ਤਹਿ ਸਿੰਘ ਤੋਂ ਬਾਅਦ ਨਿਹਾਲ ਸਿੰਘ ਕਪੂਰਥਲੇ ਦਾ ਸਰਦਾਰ ਬਣਿਆ। ਈਸਟ ਇੰਡੀਆ ਕੰਪਨੀ ਨੇ ਸਤਲੁਜ ਦਾ ਦੱਖਣੀ ਇਲਾਕਾ ਇਸ ਕੋਲੋਂ ਖੋਹ ਲਿਆ। ਸੰਨ 1845 ਵਿਚ ਇਹ ਇਲਾਕਾ ਸੁਤੰਤਰ ਰੂਪ ਵਿਚ ਆਹਲੂਵਾਲੀਆਂ ਨੂੰ ਮਿਲ ਗਿਆ ਅਤੇ  ਨਿਹਾਲ ਸਿੰਘ ਇਸ ਦਾ ਰਾਜਾ ਬਣ ਗਿਆ। ਨਿਹਾਲ ਸਿੰਘ ਤੋਂ ਬਾਅਦ ਰਣਧੀਰ ਸਿੰਘ ਅਤੇ ਫਿਰ ਖੜਕ ਸਿੰਘ ਕਪੂਰਥਲਾ ਰਿਆਸਤ ਦੀ ਗੱਦੀ ਤੇ ਬੈਠਿਆ।

         ਰਾਜਾ ਖੜਕ ਸਿੰਘ ਨੇ ਸੱਤ ਸਾਲ ਰਾਜ ਕੀਤਾ ਅਤੇ ਸੰਨ 1877 ਵਿਚ ਪਰਲੋਕ ਸਿਧਾਰ ਗਿਆ। ਫਿਰ ਇਸ ਦਾ ਪੁੱਤਰ ਜਗਤਜੀਤ ਸਿੰਘ ਗੱਦੀ ਤੇ ਬੈਠਾ। ਇਸ ਸਮੇ ਉਸਦੇ ਨਾਬਾਲਗ਼ ਹੋਣ ਕਾਰਨ ਰਿਆਸਤ ਦਾ ਪ੍ਰਬੰਧ ਪੰਜਾਬ ਦੇ ਇਕ ਅਫ਼ਸਰ ਦੁਆਰਾ ਚਲਾਇਆ ਜਾਣ ਲੱਗਾ।

       ਜਗਤਜੀਤ ਸਿੰਘ ਇਕ ਚੰਗਾ ਰਾਜਾ ਸਿੱਧ ਹੋਇਆ ਅਤੇ ਇਸ ਦੇ ਰਾਜਕਾਲ ਵਿਚ ਸਿੱਖਿਆ ਤੇ ਉਦਯੋਗ ਨੇ ਬਹੁਤ ਉੱਨਤੀ ਕੀਤੀ। ਇਸਨੇ ਰਿਆਸਤ ਵਿਚ ਸੋਹਣੀਆਂ ਇਮਾਰਤਾਂ ਬਣਵਾਈਆਂ। 20 ਅਗਸਤ, 1948 ਨੂੰ ਇਸ ਰਿਆਸਤ ਨੂੰ ਪੈਪਸੂ ਵਿਚ ਮਿਲਾ ਦਿੱਤਾ ਗਿਆ। ਸੰਨ 1949 ਵਿਚ ਜਗਤਜੀਤ ਸਿੰਘ ਦਾ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਇਸ ਦਾ ਪੁੱਤਰ ਪਰਮਜੀਤ ਸਿੰਘ ਵੀ 1955 ਵਿਚ ਚਲ ਵਸਿਆ। ਸੰਨ 1956 ਵਿਚ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਨ ਸਮੇਂ ਕਪੂਰਥਲਾ ਰਿਆਸਤ ਨੂੰ ਜਲੰਧਰ ਮੰਡਲ ਵਿਚ ਸ਼ਾਮਲ ਕਰ ਦਿੱਤਾ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-04-34-21, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ 14: 409; ਮ. ਕੋ.; ਸਿ. ਮਿ. : 129 ਡਿਸ. ਗਜ਼-ਕਪੂਰਥਲਾ : 21

ਕਪੂਰਥਲਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਪੂਰਥਲਾ : ਜ਼ਿਲ੍ਹਾ - ਪੰਜਾਬ ਰਾਜ ਦੇ 17 ਜ਼ਿਲ੍ਹਿਆਂ ਵਿਚੋਂ ਇਕ ਹੈ ਜੋ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਸਥਿਤ ਹੈ। ਇਸ ਜ਼ਿਲ੍ਹੇ ਦੇ ਉੱਤਰ ਵੱਲ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੀਆਂ ਹੱਦਾਂ, ਪੱਛਮ ਵੱਲ ਬਿਆਸ ਦਰਿਆ ਅਤੇ ਅੰਮ੍ਰਿਤਸਰ ਜ਼ਿਲ੍ਹਾ, ਦੱਖਣ ਵੱਲ ਸਤਲੁਜ ਦਰਿਆ ਅਤੇ ਜਲੰਧਰ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੀਆਂ ਹੱਦਾਂ ਲੱਗਦੀਆਂ ਹਨ। ਇਸ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਫਗਵਾੜਾ ਹਨ। ਇਹ ਜ਼ਿਲ੍ਹਾ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ ਅਤੇ ਇਸ ਦੀ ਇਕ ਤਹਿਸੀਲ ਫਗਵਾੜਾ 32 ਕਿ.ਮੀ. ਦੀ ਦੂਰੀ ਤੇ ਹੈ ਜਿਹੜੀ ਕਿ ਤਿੰਨ ਪਾਸਿਆਂ ਤੋਂ ਜਲੰਧਰ ਜ਼ਿਲ੍ਹੇ ਨਾਲ ਅਤੇ ਚੌਥੇ ਪਾਸੇ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਘਿਰੀ ਹੋਈ ਹੈ। ਇਸੇ ਹੀ ਨਾਂ ਦਾ ਸ਼ਹਿਰ ਇਸ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਸੱਤ ਅੱਠ ਹੋਰ ਕਸਬੇ ਹਨ- ਫਗਵਾੜਾ, ਸੁਲਤਾਨਪੁਰ, ਬੇਗੋਵਾਲ, ਭੁਲੱਥ, ਢਿੱਲਵਾਂ, ਨਡਾਲਾ ਅਤੇ ਤਲਵੰਡੀ ਚੌਧਰੀਆਂ।

       ਦੋ ਨਦੀਆਂ- ਚਿੱਟੀ ਬੇਈਂ ਅਤੇ ਕਾਲੀ ਬੇਈਂ ਇਸ ਜ਼ਿਲ੍ਹੇ ਦੇ ਵਿਚੋਂ ਲੰਘਦੀਆਂ ਹਨ। ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਇਲਾਕੇ ਨੂੰ ਬੇਟ ਵੀ ਕਿਹਾ ਜਾਂਦਾ ਹੈ।ਇਸ ਇਲਾਕੇ ਨੂੰ ਹੜ੍ਹ ਤੋਂ ਬਚਾਉਣ ਲਈ ਬਿਆਸ ਤੇ ਧੁੱਸੀ ਬੰਨ੍ਹ ਬੰਨ੍ਹਿਆ ਗਿਆ ਹੈ।

 ਇਸ ਜ਼ਿਲ੍ਹੇ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਕਣਕ ਅਤੇ ਚੌਲ ਮੁੱਖ ਫ਼ਸਲਾਂ ਹਨ। ਲੱਕੜ ਦਾ ਵਪਾਰ ਵੀ ਕਾਫ਼ੀ ਹੁੰਦਾ ਹੈ। ਪਸ਼ੂ-ਪਾਲਣ ਵੱਲ ਵੀ ਖ਼ਾਸ ਧਿਆਨ ਦਿੱਤਾ ਜਾਂਦਾ ਹੈ। ਸਾਰੇ ਵੱਡੇ ਸ਼ਹਿਰਾਂ ਵਿਚ ਹਾਈ ਸਕੂਲ ਅਤੇ ਕਾਲਜ ਹਨ।

            ਇਸ ਜ਼ਿਲ੍ਹੇ ਦੇ ਸ਼ਹਿਰਾਂ ਵਿਚ ਹਸਪਤਾਲ ਅਤੇ ਡਿਸਪੈਂਸਰੀਆਂ ਬਹੁਤ ਹਨ। ਡਾਕਖ਼ਾਨੇ ਅਤੇ ਟੈਲੀਫੋਨ ਐਕਸਚੇਂਜ ਵਰਗੀਆਂ ਸਹੂਲਤਾਂ ਵੀ ਪ੍ਰਾਪਤ ਹਨ। ਜ਼ਿਲ੍ਹੇ ਵਿਚ ਮੰਡੀਆਂ ਦੀ ਬਹੁਤਾਤ ਹੈ। ਕਪੂਰਥਲਾ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਦੀਆਂ ਮੰਡੀਆਂ ਪ੍ਰਸਿੱਧ ਹਨ।ਚੀਨੀ, ਰੇਲਗੱਡੀ ਦੇ ਡੱਬੇ, ਕੱਪੜਾ, ਮਸ਼ੀਨਰੀ ਆਦਿ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਹਥਖੱਡੀ, ਚਮੜਾ ਰੰਗਣ, ਕਪੜੇ ਦੀ ਛਪਾਈ, ਫੁਲਕਾਰੀ ਦੀ ਕਢਾਈ, ਦੇਸੀ ਜੁੱਤੀ, ਦਰੀ ਅਤੇ ਵਾਣ ਬਣਾਉਣ, ਖੇਤੀਬਾੜੀ ਦੇ ਸੰਦ ਅਤੇ ਪਿੱਤਲ ਦੇ ਭਾਂਡੇ ਬਣਾਉਣ ਵਰਗੇ ਕੰਮ ਇਸ ਜ਼ਿਲ੍ਹੇ ਦੀ ਵਿਸ਼ੇਸ਼ਤਾ ਹੈ। ਮਹਾਰਾਜਾ ਜਗਤਜੀਤ ਸਿੰਘ ਦੇ ਸਮੇਂ ਇਸ ਜ਼ਿਲ੍ਹੇ ਨੇ ਵਿਸ਼ੇਸ਼ ਤੌਰ ਤੇ ਉੱਨਤੀ ਕੀਤੀ।

   ਫਗਵਾੜਾ ਅਤੇ ਸੁਲਤਾਨਪੁਰ ਲੋਧੀ ਇਤਿਹਾਸਕ ਪੱਖ ਤੋਂ ਵੀ ਪ੍ਰਸਿੱਧ ਹਨ। ਸ਼ਾਹ ਜਹਾਨ ਨੇ ਫਗਵਾੜਾ ਸ਼ਹਿਰ ਦੀ ਨੀਂਹ ਰੱਖੀ ਅਤੇ ਸੰਨ 1804 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਫ਼ਤਹਿ ਕਰਕੇ ਰਾਜਾ ਫ਼ਤਹਿ ਸਿੰਘ ਨੂੰ ਦੇ ਦਿੱਤਾ। ਸੁਲਤਾਨਪੁਰ ਲੋਧੀ ਵਿਚ ਇਕ ਪੁਰਾਣੀ ਸਰਾਂ ਅਤੇ ਦੋ ਮੁਸਲਮਾਨ ਪੀਰਾਂ-ਗ਼ੈਬ ਗ਼ਾਜ਼ੀ ਅਤੇ ਸ਼ਾਹ ਸੁਲਤਾਨ ਦੇ ਮਕਬਰੇ ਹਨ। ਇਥੇ ਇਕ ਭਵਾਨੀ ਮੰਦਰ ਵੀ ਹੈ। ਸੁਲਤਾਨਪੁਰ ਵਿਚ ਇਤਿਹਾਸਕ ਗੁਰਦੁਆਰੇ ਵੀ ਬਹੁਤ ਹਨ। ਗੁਰਦੁਆਰਾ ਬੇਰ ਸਾਹਿਬ, ਹੱਟ ਸਾਹਿਬ, ਗੁਰੂ ਕਾ ਬਾਗ਼, ਅੰਤਰਜਾਮਤਾ, ਸੰਤਘਾਟ, ਕੇਨਾਰੀ ਸਾਹਿਬ ਅਤੇ ਸਿਹਰਾ ਸਾਹਿਬ ਆਦਿ ਪ੍ਰਸਿੱਧ ਹਨ।

     ਆਬਾਦੀ-        6,46,647 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-19-04-35-42, ਹਵਾਲੇ/ਟਿੱਪਣੀਆਂ: ਹ. ਪੁ. –ਡਿ. ਸੈਂ. ਹੈਂ. ਬੁ-ਕਪੂਰਥਲਾ; ਮ. ਕੋ.

ਕਪੂਰਥਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਪੂਰਥਲਾ, ਪੁਲਿੰਗ : ਬਿਆਸ ਦਰਿਆ ਦੇ ਪੂਰਬੀ ਕਿਨਾਰੇ ਇੱਕ ਸ਼ਹਿਰ ਜੋ ਕਪੂਰਥਲਾ ਰਿਆਸਤ ਦੀ ਰਾਜਧਾਨੀ ਸੀ ਤੇ ਹੁਣ ਪੈਪਸੂ ਦੇ ਇੱਕ ਜ਼ਿਲ੍ਹੇ ਦਾ ਸਦਰ ਮੁਕਾਮ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-10-03-13-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.