ਕਬੀਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਬੀਲਾ (ਨਾਂ,ਪੁ) ਟੱਪਰੀਵਾਸਾਂ ਦਾ ਕੁਨਬਾ; ਟੱਬਰਾਂ ਦਾ ਸਮੂਹ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਬੀਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਬੀਲਾ [ਨਾਂਪੁ] ਇੱਕ ਪਰਿਵਾਰ ਅਥਵਾ ਬੰਸ ਦੇ ਲੋਕ , ਘਰਾਣਾ, ਟੱਬਰ , ਖ਼ਾਨਦਾਨ; ਟੱਪਰੀਵਾਸਾਂ ਦਾ ਟੱਬਰ ਜਾਂ ਝੁੰਡ , ਪਰਿਵਾਰ, ਬੰਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਬੀਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਬੀਲਾ : ਪਰਿਵਾਰਾਂ ਦੇ ਅਜਿਹੇ ਸਮਾਜਕ ਸਮੂਹ ਨੂੰ ਕਬੀਲਾ ਕਹਿੰਦੇ ਹਨ ਜਿਸ ਨੇ ਇਕ ਵਿਸ਼ੇਸ਼ ਨਾਂ ਅਪਣਾਇਆ ਹੁੰਦਾ ਹੈ, ਬੋਲੀ ਸਾਂਝੀ ਹੁੰਦੀ ਹੈ, ਕਾਰੋਬਾਰ ਇਕ ਕਿਸਮ ਦਾ ਹੁੰਦਾ ਹੈ, ਸਭਿਆਚਾਰਕ ਇਕਸਾਰਤਾ ਹੁੰਦੀ ਹੈ ਅਤੇ ਇਕ ਨਿਸ਼ਚਿਤ ਖੇਤਰ ਵਿਚ ਰਹਿੰਦਾ ਹੈ ਜਾਂ ਘੁੰਮਦਾ-ਫਿਰਦਾ ਹੈ। ਇਹ ਸਮਾਜਕ ਸਮੂਹ ਆਪਸਦਾਰੀ ਅਤੇ ਪਰਸਪਰਤਾ ਪੱਖੋਂ ਚੰਗੀ ਤਰ੍ਹਾਂ ਸੰਗਠਤ ਹੁੰਦਾ ਹੈ। ਇਸ ਅੰਦਰ ਬਹੁਤ ਸਾਰੇ ਛੋਟੇ-ਮੋਟੇ ਪਰਿਵਾਰਾਂ, ਘਰਾਣਿਆਂ ਤੇ ਖ਼ਾਨਦਾਨਾਂ ਵਰਗੇ ਉਪ-ਸਮੂਹ ਸ਼ਾਮਲ ਹੁੰਦੇ ਹਨ। ਸਾਧਾਰਨ ਰੂਪ ਵਿਚ ਹਰੇਕ ਕਬੀਲਾ ਆਪਣੇ ਵਡੇਰੇ ਪੁਰਖ ਅਤੇ ਕਬੀਲੇ ਦੇ ਸਰਪ੍ਰਸਤ ਦੇਵਤੇ ਜਾਂ ਦੇਵੀ ਦੀ ਮਾਨਤਾ ਕਰਦਾ ਹੈ। ਕਬੀਲੇ ਅੰਦਰਲੇ ਪਰਿਵਾਰਾਂ ਵਿਚਕਾਰ ਖੂਨ ਦੀ ਸਾਂਝ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਾਂਝੀਆਂ ਧਾਰਮਕ ਤੇ ਸਮਾਜਕ ਰਹੁ-ਰੀਤਾਂ ਅਤੇ ਆਰਥਕ ਕਾਰਜਾਂ ਰਾਹੀਂ ਹੋਰ ਵੀ ਗੂੜ੍ਹੇ ਸਬੰਧੀ ਹੁੰਦੇ ਹਨ। ਡਬਲਿਊ ਜੇ. ਪੈਰੀ ਦੀ ਸੰਖੇਪ ਜਿਹੀ ਪਰਿਭਾਸ਼ਾ ਅਨੁਸਾਰ ‘ਕਬੀਲਾ ਇਕ ਨਿਸ਼ਚਿਤ ਥਾਂ ਤੇ ਰਹਿਣ ਵਾਲਾ ਅਤੇ ਇਕ ਸਾਂਝੀ ਭਾਖਾ ਬੋਲਣ ਵਾਲਾ ਸਮੂਹ ਹੈ।’ ਕਈ ਵਾਰੀ ਇਸ ਸਾਂਝ ਤੋਂ ਇਲਾਵਾ ਕਬੀਲੇ ਉਪਰ ਆਸਰਿਤ ਵਿਅਕਤੀ ਜਾਂ ਪਰਿਵਾਰ ਜਿਵੇਂ ਗ਼ੁਲਾਮ ਜਾਂ ਕੰਮ-ਧੰਦੇ ਦੇ ਕਾਰਨ ਲਗਾਤਾਰ ਸਬੰਧ ਰੱਖਣ ਵਾਲੇ ਟੱਬਰ ਵੀ ਕਬੀਲੇ ਦੇ ਮੈਂਬਰ ਹੀ ਬਣ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਸਗੋਤਰਤਾ ਦੀ ਭਾਵਨਾ ਪ੍ਰਬਲ ਰਹਿੰਦੀ ਹੈ।
‘ਕਬੀਲਾ’ ਸ਼ਬਦ ਜਿਸ ਨੂੰ ਇੰਗਲਿਸ਼ ਵਿਚ ਟ੍ਰਾਈਬ ਕਿਹਾ ਜਾਂਦਾ ਹੈ ਲਾਤੀਨੀ ਸ਼ਬਦ ‘ਟ੍ਰਾਈਬਸ’ ਤੋਂ ਵਿਉਤਪੰਨ ਹੋਇਆ ਹੈ ਜਿਸ ਦਾ ਮਤਲਬ ਇਕ ਤਿਹਾਈ ਹੈ। ਆਰੰਭ ਵਿਚ ਇਹ ਸ਼ਬਦ ਰੋਮ ਦੀ ਬੁਨਿਆਦ ਰੱਖਣ ਵਾਲੇ ਤਿੰਨ ਕਿਸਮ ਦੇ ਲੋਕਾਂ ਵਿਚੋਂ ਇਕ ਲਈ ਵਰਤਿਆ ਗਿਆ ਸੀ। ਉਸ ਉਪਰੰਤ ਗੈਨਿਕ ਜਾਂ ਜਰਮੈਨਕ ਲੋਕਾਂ ਨੂੰ ਵੀ ‘ਟ੍ਰਾਈਬਸ’ ਕਿਹਾ ਜਾਂਦਾ ਰਿਹਾ। ਇਨ੍ਹਾਂ ਨੇ ਰੋਮਨਾਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ ਸੀ ਅਤੇ ਇਨ੍ਹਾਂ ਦੀ ਜਾਇਦਾਦ ਦੀ ਮਲਕੀਅਤ ਵਿਚ ਸਾਂਝ ਪਾ ਕੇ ਰਹਿਣ ਲੱਗ ਪਏ ਸਨ। ਇਨ੍ਹਾਂ ਰੋਮਨਾਂ ਅਤੇ ਜਰਮੈਨਿਕਾਂ ਦੇ ਆਪਸੀ ਸਬੰਧਾਂ ਕਾਰਨ ਰੋਮਨ-ਜਰਮੈਨਿਕ ਕਬੀਲੇ ਜਾਂ ਟ੍ਰਾਈਬਜ਼ ਹੋਂਦ ਵਿਚ ਆਏ। ਇਸ ਤਰ੍ਹਾਂ ਟ੍ਰਾਈਬ ਸ਼ਬਦ ਸਾਂਝੀ ਜਾਇਦਾਦ ਦੇ ਮਾਲਕ ਅਤੇ ਸਾਂਝੀਆਂ ਰਹੁ-ਰੀਤਾਂ ਨੂੰ ਮੰਨਣ ਵਾਲੇ ਪਰਿਵਾਰਾਂ ਤੇ ਵਿਅਕਤੀਆਂ ਦੇ ਸਮੂਹ ਲਈ ਵਰਤਿਆ ਜਾਣ ਲੱਗਾ।
ਅੱਜਕਲ੍ਹ ‘ਕਬੀਲਾ’ ਸ਼ਬਦ ਆਮ ਕਰਕੇ ਉਨ੍ਹਾਂ ਲੋਕਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦਾ ਭੂਗੋਲਕ ਖੇਤਰ ਤੇ ਸਭਿਆਚਾਰ ਸਾਂਝਾ ਹੁੰਦਾ ਹੈ ਅਤੇ ਇਹ ਲੋਕ ਸਮਾਜ ਦੀ ਮੁੱਖ ਧਾਰਾ ਦਾ ਅੰਗ ਨਹੀਂ ਹੁੰਦੇ। ਆਸਟ੍ਰੇਲੀਆਈ ਆਦਿ ਵਾਸੀਆਂ ਵਿਚੋਂ ਇਕੱਠੇ ਰਹਿਣ ਵਾਲੇ ਟੱਪਰੀਵਾਸ ਪਰਿਵਾਰਾਂ ਨੂੰ ‘ਟ੍ਰਾਈਬ’ ਕਿਹਾ ਜਾਂਦਾ ਹੈ। ਇਹ ਪਰਿਵਾਰ ਅਕਸਰ ਇਕ ਦੂਜੇ ਦੇ ਘਰ ਜਾਂਦੇ ਆਉਂਦੇ ਹਨ, ਆਪੋ ਵਿਚ ਵਿਆਹ-ਸ਼ਾਦੀਆਂ ਕਰਦੇ ਅਤੇ ਪ੍ਰਮੁਖ ਧਾਰਮਕ ਤਿਉਹਾਰਾਂ ਤੇ ਇਕੱਠੇ ਹੁੰਦੇ ਹਨ। ਅਜਿਹੀਆਂ ਇਕੱਤਰਤਾਵਾਂ ਸਦਕਾ ਇਨ੍ਹਾਂ ਦੀ ਬੋਲੀ ਅਤੇ ਰਸਮ-ਰਿਵਾਜ ਸਾਂਝੇ ਬਣ ਗਏ ਹਨ ਅਤੇ ਆਪੋ ਵਿਚ ਘੁਲ-ਮਿਲ ਗਏ ਜਾਪਦੇ ਹਨ। ਆਸਟ੍ਰੇਲੀਆ ਦੇ ਇਹ ਟੱਪਰੀਵਾਸ ਲੋਕ ਭਾਵੇਂ ਟ੍ਰਾਈਬ ਸ਼ਬਦ ਦੇ ਸੰਕਲਪ ਬਾਰੇ ਅਣਜਾਣ ਹਨ ਪਰ ਕਿਸੇ ਕਬੀਲੇ ਦੇ ਲੋਕਾਂ ਵਾਂਗ ਇਹ ਵੀ ਵਖਰੇ ਰਸਮੋ-ਰਿਵਾਜਾਂ ਅਤੇ ਵੱਖਰੀ ਬੋਲੀ ਬੋਲਣ ਵਾਲਿਆਂ ਨੂੰ ਅਜਨਬੀ ਗਿਣਦੇ ਹਨ। ਕਈ ਵੇਰ ਉੱਨਤੀਸ਼ੀਲ ਲੋਕਾਂ ਨੂੰ ਇਸ ਆਧਾਰ ਤੇ ਕਬੀਲਿਆਂ ਦੇ ਤੌਰ ਤੇ ਹੀ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਹਜਾਰਾ ਖੇਤਰ ਦੇ ਪਿੰਡਾਂ ਵਿਚ ਰਹਿੰਦੇ ਵਾਹੀਕਾਰ ਅਤੇ ਇੱਜੜ ਪਾਲਣ ਵਾਲੇ ਮੰਗੋਲ ਜਾਤੀ ਦੇ ਆਮ ਕਬੀਲਿਆਂ ਵਿਚ 100,000 ਤੱਕ ਵਿਅਕਤੀ ਹੁੰਦੇ ਹਨ। ਕਦੇ ਕਦੇ ਇਹ ਕਬੀਲੇ ਆਪਣੇ ਕਾਇਦੇ-ਕਾਨੂੰਨ ਕਾਇਮ ਰੱਖਣ ਲਈ ਕਿਸੇ ਵਿਅਕਤੀ ਨੂੰ ਮੁਖੀ ਵੀ ਚੁਣ ਲੈਂਦੇ ਹਨ। ਹਰ ਕਬੀਲਾ ਬਾਕਾਇਦਾ ਆਪਣਾ ਨਾਂ ਅਤੇ ਆਪਣੀ ਹੀ ਬੋਲੀ ਬੋਲਣ ਵਿਚ ਫ਼ਖਰ ਮਹਿਸੂਸ ਕਰਦਾ ਹੈ। ਇਸ ਦਾ ਆਪਣਾ ਵਿਸ਼ੇਸ਼ ਅਧਿਕਾਰ-ਖੇਤਰ ਹੁੰਦਾ ਹੈ। ਇਸ ਤਰ੍ਹਾਂ ਕਬੀਲੇ ਦੇ ਮੈਂਬਰਾਂ ਵਿਚਕਾਰ ਸਾਕਾਦਾਰੀ ਦੀ ਤਕੜੀ ਭਾਵਨਾ ਕੰਮ ਕਰਦੀ ਹੈ। ਈਰਾਨੀਆਂ ਵਾਂਗ ਹਜਾਰਾ ਦੇ ਲੋਕਾਂ ਦਾ ਵੀ ਕਬਾਇਲੀ ਕਿਸਮ ਦਾ ਸਮਾਜ ਹੈ ਕਿਉਂਕਿ ਇਹ ਵੀ ਆਪਣੇ ਰਾਜਨੀਤਕ ਸਮਾਜ ਵਿਚ ਰਹਿੰਦੇ ਹੋਏ ਆਪੋ-ਆਪਣੇ ਕਬੀਲਿਆਂ ਦੇ ਕਾਇਦੇ-ਕਾਨੂੰਨ ਤੇ ਰਹੁ-ਰੀਤਾਂ ਬਰਕਰਾਰ ਰੱਖਦੇ ਹਨ ਜਿਹੜਾ ਕਿਸੇ ਵੀ ਟ੍ਰਾਈਬ ਦਾ ਵਿਸ਼ੇਸ਼ ਗੁਣ ਹੁੰਦਾ ਹੈ।
ਕਾਰਨੇਲੀਅਸ ਟੈਸਟੀਸ ਅਨੁਸਾਰ ਜਰਮਨ ਲੋਕ ਪਹਿਲੀ ਸਦੀ ਤੀਕ ਕਬਾਇਲੀ ਢੰਗ ਨਾਲ ਰਹਿ ਰਹੇ ਸਨ। ਅਤੇ ਅੰਗਰੇਜ਼ਾਂ ਨੇ ਭੀ ਤੇਰ੍ਹਵੀਂ ਸਦੀ ਵਿਚ ਆ ਕੇ ਕਬਾਇਲੀ ਜ਼ਿੰਦਗੀ ਤਿਆਗੀ ਅਤੇ ਰਾਜਨੀਤਕ ਜੀਵਨ ਵਿਚ ਕਦਮ ਰੱਖਿਆ। ਇਨ੍ਹਾਂ ਪਿਛੋਂ ਵੈਲਿਸ਼ ਲੋਕਾਂ ਨੇ ਵੀ ਕਬਾਇਲੀ ਢੰਗ ਦਾ ਰਹਿਣ ਬਹਿਣ ਛੱਡਿਆ। ਪਰ ਸਕਾਟਲੈਂਡ ਵਾਸੀ ਕਾਫੀ ਅਰਸੇ ਤਕ ਕਬਾਇਲੀ ਕਿਸਮ ਦੇ ਸਮਾਜ ਵਿਚ ਰਹੇ। ਯੂਰਪੀ ਨੌਆਬਾਦੀਆਂ ਸਥਾਪਤ ਹੋਣ ਤੋਂ ਪਹਿਲਾਂ ਉੱਤਰੀ ਅਮਰੀਕਾ ਦੇ ਲੋਕ ਵੀ ਕਬੀਲਿਆਂ ਵਿਚ ਹੀ ਵੰਡੇ ਹੋਏ ਸਨ ਪਰ ਆਧੁਨਿਕ ਸਮੇਂ ਅੰਦਰ ਸਿਰਫ ਨੋਵੇਜੋ ਵਰਗੇ ਕਬੀਲੇ ਹੀ ਆਪਣੀ ਪਹਿਲੀ ਹੋਂਦ ਵਿਚ ਮੌਜੂਦ ਹਨ।
ਸਭਿਆਚਾਰਕ ਵਿਕਾਸ-ਸ਼ਾਸਤਰੀਆਂ ਦੇ ਵਿਚਾਰ ਅਨੁਸਾਰ ਆਦਰਸ਼ਕ ਕਬੀਲਾ ਇਕ ਸਮਾਜਕ ਸੰਗਠਨ ਦਾ ਰੂਪ ਸੀ ਜਿਸ ਨੇ ਸਮੇਂ ਦੇ ਨਾਲ ਦਰਜੇਬੰਦ ਸਮਾਜ ਦਾ ਰੂਪ ਧਾਰਨ ਕੀਤਾ। ਆਦਰਸ਼ ਰੂਪ ਵਿਚ ਕਬੀਲੇ ਦੀ ਏਕਤਾ ਰਾਜ-ਖੇਤਰੀ ਜਾਂ ਅਧਿਕਾਰ-ਖੇਤਰੀ ਏਕਤਾ ਤੋਂ ਨਹੀਂ ਬਲਕਿ ਵਿਆਪਕ ਭਾਈਬੰਦੀ ਜਾਂ ਸਾਕਾਦਾਰੀ ਵਿਚੋਂ ਉਤਪੰਨ ਹੁੰਦੀ ਹੈ। ਨਸਲ ਵਿਗਿਆਨ ਦੇ ਆਧਾਰ ਤੇ ਬਣੇ ਕਬੀਲੇ ਆਦਰਸ਼ਕ ਕਬੀਲੇ ਦੇ ਗੁਣਾਂ ਤੋਂ ਵਾਂਝੇ ਹਨ।
ਕਬੀਲਾ ਅਤੇ ਜਾਤੀ ਵਿਚ ਇਕ ਹੀ ਮੁੱਖ ਵਖਰੇਵਾਂ ਹੈ। ਕਬੀਲੇ ਵਿਚ ਸਜਾਤੀ ਵਿਆਹ ਹੀ ਹੁੰਦਾ ਹੈ ਜਦੋਂ ਕਿ ਜਾਤੀ ਅੰਦਰ ਅੰਤਰ-ਜਾਤੀ ਵਿਆਹ ਵੀ ਪ੍ਰਚਲਤ ਹਨ ਪਰ ਬਾਕੀ ਦੇ ਲੱਛਣ ਦੋਵਾਂ ਵਿਚ ਹੀ ਪਾਏ ਜਾਂਦੇ ਹਨ। ਕਬੀਲਿਆਂ ਅਤੇ ਨੀਵੀਆਂ ਜਾਤੀਆਂ ਨੂੰ ਵਖਰਿਆਉਣਾ ਕਾਫੀ ਮੁਸ਼ਕਲ ਬਣ ਗਿਆ ਹੈ। ਇਹੀ ਕਾਰਨ ਹੈ ਕਿ ਕਬੀਲਾ ਸ਼ਬਦ ਦੀ ਪਰਿਭਾਸ਼ਾ ਬਾਰੇ ਅਜੋਕੇ ਵਿਦਵਾਨਾਂ ਦਾ ਵੀ ਇਕ ਮੱਤ ਨਹੀਂ ਹੈ। ਜਿਸ ਦੇ ਫਲਸਰੂਪ ਮਰਦਮ-ਸ਼ੁਮਾਰੀ ਰਪੋਟਾਂ ਵਿਚ ਕੁਝ ਕਬੀਲਿਆਂ ਦੀ ਗਿਣਤੀ ਜਾਤੀਆਂ ਦੀ ਸੂਚੀ ਵਿਚ ਵੀ ਕੀਤੀ ਗਈ ਹੈ ਅਤੇ ਬਹੁਤ ਸਾਰੀਆਂ ਨੀਵੀਆਂ ਜਾਤਾਂ ਨੂੰ ਕਬੀਲਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਪ੍ਰਜਾਤੀ ਦੇ ਆਧਾਰ ਤੇ ਭਾਰਤੀ ਕਬੀਲਿਆਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ :––ਪਹਿਲੀ ਸ਼੍ਰੇਣੀ ਵਿਚ ਮੰਗੋਲੀ ਮੂਲ ਦੇ ਨਾਗਾ, ਕੂਕੀ, ਗਾਰੋ ਤੇ ਕਈ ਆਸਾਮੀ ਤੇ ਅਲਮੋੜਾ ਜਿਲ੍ਹੇ, ਦੇ ਕਬੀਲੇ ਸ਼ਾਮਲ ਹਨ। ਦੂਜੀ ਸ਼੍ਰੇਣੀ ਵਿਚ ਮੁੰਡਾ, ਸੰਥਾਲ, ਕੋਰਵਾ, ਅਤੇ ਪੁਰਾ-ਆਸਟ੍ਰੇਲੀਆਈ ਕਬੀਲੇ ਆਦਿ ਸ਼ਾਮਲ ਹਨ। ਤੀਜੀ ਸ਼੍ਰੇਣੀ ਵਿਚ ਖਾਲਸ ਆਰੀਆ ਮੂਲ ਵਿਚੋਂ ਹਿਮਾਲਾ ਦੀ ਤਲਹਟੀ ਦੇ ਖਾਸ ਕਬੀਲੇ ਅਤੇ ਹਿੰਦ-ਆਰੀਆਂ ਦੀ ਸੰਤਾਨ ਵਿਚੋਂ ਝੀਲ ਆਦਿ ਕਬੀਲੇ ਆਉਂਦੇ ਹਨ। ਦੂਜੇ ਪਾਸੇ ਭਾਸ਼ਾ-ਵਿਗਿਆਨ ਦੀ ਦ੍ਰਿਸ਼ਟੀ ਦੇ ਪੱਖੋਂ ਵੀ ਭਾਰਤੀ ਕਬੀਲਿਆਂ ਨੂੰ ਤਿੰਨ ਵਰਗਾਂ ਮੁੰਡਾ, ਤਿੱਬਤੀ-ਬਰਮੀ ਅਤੇ ਦ੍ਰਾਵੜ ਬੋਲੀ ਬੋਲਣ ਵਾਲਿਆਂ ਵਿਚ ਵੰਡਿਆ ਜਾ ਸਕਦਾ ਹੈ। ਕਈ ਕਬੀਲੇ ਆਪਣੀ ਅਸਲੀ ਬੋਲੀ ਛੱਡ ਗਏ ਹਨ ਤੇ ਹਿੰਦੀ ਬੋਲਣ ਲੱਗ ਪਏ ਹਨ। ਇਹ ਕਬੀਲੇ ਨਿਸ਼ਚਿਤ ਭੂਗੋਲਕ ਹੱਦਾਂ ਵਿਚ ਰਹਿੰਦੇ ਹਨ। ਇਨ੍ਹਾਂ ਤੋਂ ਬਿਨਾਂ ਨਟ, ਭਾਟੂ, ਸਾਂਸੀ, ਕੰਜਰ ਆਦਿ ਖ਼ਾਨਾਬਦੋਸ਼ ਕਬੀਲੇ ਵੀ ਮਿਲਦੇ ਹਨ। ਇਹ ਸਾਰੇ ਹੀ ਜਰਾਇਮ ਪੇਸ਼ਾ ਕਬੀਲੇ ਹਨ। ਇਨ੍ਹਾਂ ਲੋਕਾਂ ਦੀ ਗਿਣਤੀ ਦੋ ਕਰੋੜ ਦੇ ਲਗਭਗ ਹੈ।
ਭਾਰਤ ਦੇ ਵਧੇਰੇ ਕਬੀਲੇ ਜੰਗਲਾਂ ਵਿਚ ਵਸਦੇ ਹਨ ਤੇ ਉਨ੍ਹਾਂ ਦਾ ਜੀਵਨ-ਨਿਰਬਾਹ ਵੀ ਜੰਗਲੀ ਸਾਧਨਾਂ ਉਪਰ ਹੀ ਨਿਰਭਰ ਹੈ। ਕੋਚੀਨ ਦੇ ਕਦਾਰ, ਟ੍ਰਾਵਨਕੋਰ ਦੇ ਮਲਾਇਆਂ, ਤਰਮ, ਮਦਰਾਸ ਅਤੇ ਵਾਇਨਾਦ ਦੇ ਪਲਿਆਨ ਜੰਗਲੀ ਕਬੀਲਿਆਂ ਵਿਚੋਂ ਹਨ।
ਵੱਧ ਤੋਂ ਵੱਧ ਕਬੀਲਿਆਂ ਸਬੰਧੀ ਅਧਿਐਨ ਕਰਨ ਉਪਰੰਤ ਇਹ ਗੱਲ ਨਿਸ਼ਚੇ ਨਾਲ ਕਹੀ ਜਾ ਸਕਦੀ ਹੈ ਕਿ ਕਬਾਇਲੀ ਸਮਾਜ ਆਰੰਭ ਵਿਚ ਭਾਵੇਂ ਮੁਕਾਬਲਤਨ ਉਨਤੀਸ਼ੀਲ ਲੋਕਾਂ ਦਾ ਸਮਾਜ ਸੀ ਪਰ ਵੀਹਵੀਂ ਸਦੀ ਵਿਚ ਆ ਕੇ ਇਹੋ ਲੋਕ ਪੱਛੜੇ ਹੋਏ ਕਹੇ ਜਾਂਦੇ ਹਨ। ਇਸ ਦਾ ਕਾਰਨ ਇਨ੍ਹਾਂ ਦਾ ਆਪਣੇ ਆਪਣੇ ਕਬੀਲਿਆਂ ਦੇ ਕਾਇਦੇ-ਕਾਨੂੰਨਾਂ ਤੋਂ ਉਪਰ ਉੱਠ ਕੇ ਬਾਹਰਲੇ ਨਿਯਮਾਂ ਤੇ ਆਚਾਰਾਂ ਪ੍ਰਤਿ ਅਭਿਜ ਰਹਿਣਾ ਅਤੇ ਛੋਟੇ ਜਿਹੇ ਕਬਾਇਲੀ ਦਾਇਰੇ ਵਿਚ ਵੀ ਵਿਚਰਨਾ ਹੈ। ਅੱਜ ਕਬਾਇਲੀ ਲੋਕ ਪਛੜੇ ਹੋਏ ਅਤੇ ਸਰਕਾਰ ਵੱਲੋਂ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਮੁਹਤਾਜ ਹਨ।
ਹ. ਪੁ.––ਐਨ. ਐਮ. 27:98; ਐਨ. ਬ੍ਰਿ. ਮਾ. 10:110 ; ਹਿੰ. ਵਿ. ਕੋ. 2 : 248; ਵੈਬ. ਥਰਡ ਨਿਊ ਇੰਟਰਨੈਸ਼ਨਲ ਡਿਕਸ਼ਨਰੀ ; ਟ੍ਰਾਈਬਲਿਜ਼ਮ ਇਨ ਇੰਡੀਆ ; ਰੇਸਜ਼ ਐਂਡ ਕਲਚਰਜ਼ ਆਫ਼ ਇੰਡੀਆ
ਲੇਖਕ : ਡੀ. ਐਨ. ਮਾਜੂਮਦਾਰ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no
ਕਬੀਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਬੀਲਾ, (ਅਰਬੀ : ਕਬੀਲ=ਇਕੋ ਪਿਉ ਦਾਦੇ ਦੀ ਉਲਾਦ), ਪੁਲਿੰਗ : ੧. ਘਰ ਦੇ ਲੋਕ, ਘਰਾਨਾ, ਟੱਬਰ, ਪਰਵਾਰ, ਬੰਸ, ਖ਼ਾਨਦਾਨ; ੨. ਘਰ ਵਾਲੀ, ਵਹੁਟੀ; ੩. ਟੱਪਰੀ ਵਾਸਾਂ ਦਾ ਟੱਬਰ ਜਾਂ ਉਨ੍ਹਾਂ ਦੀ ਸ਼੍ਰੇਣੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-03-41-47, ਹਵਾਲੇ/ਟਿੱਪਣੀਆਂ:
ਕਬੀਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਬੀਲਾ, (ਦੇਸੀ : ਕਮੀਲਾ<ਸੰਸਕ੍ਰਿਤ :कांपल्य=ਇੱਕ ਦਵਾਈ), ਪੁਲਿੰਗ : ਇੱਕ ਦਵਾਈ ਜੋ ਚਮੂੰਣਿਆਂ ਨੂੰ ਮਾਰਨ ਲਈ ਕੰਮ ਆਉਂਦੀ ਹੈ, ਕਮੀਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-03-42-22, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First