ਕਰਮ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਕਰਮ ਸਿੰਘ. ਰਾਣੀ ਆਸਕੌਰ ਦੇ ਉਦਰੋਂ ਰਾਜਾ ਸਾਹਿਬ ਸਿੰਘ ਜੀ ਪਟਿਆਲਾਪਤਿ ਦਾ ਸੁਪੁਤ੍ਰ, ਜਿਸ ਦਾ ਜਨਮ ਅੱਸੂ ਸੁਦੀ ੫ ਸੰਮਤ ੧੮੫੫ (੧੬ ਅਕਤਬੂਰ ਸਨ ੧੭੯੮) ਨੂੰ ਹੋਇਆ. ਇਹ ਪੰਦਰਾਂ ਵਰ੍ਹੇ ਦੀ ਉਮਰ ਵਿੱਚ ਹਾੜ ਸੁਦੀ ੨ ਸੰਮਤ ੧੮੭੦ (੩੦ ਜੂਨ ਸਨ ੧੮੧੩) ਨੂੰ ਪਟਿਆਲੇ ਦੇ ਰਾਜਸਿੰਘਾਸਨ ਤੇ ਬੈਠਾ. ਮਹਾਰਾਜਾ ਕਰਮ ਸਿੰਘ ਪੂਰਣ ਗੁਰਸਿੱਖ, ਸੂਰਵੀਰ, ਨਿਰਵਿਕਾਰ ਅਤੇ ਰਾਜ ਦਾ ਪ੍ਰਬੰਧ ਕਰਨ ਵਿੱਚ ਵਡਾ ਚਤੁਰ ਸੀ. ਆਪਣੇ ਰਾਜ ਵਿੱਚ ਅਤੇ ਹੋਰ ਅਨੇਕ ਗੁਰਦ੍ਵਾਰੇ ਇਸ ਮਹਾਤਮਾਂ ਰਾਜੇ ਨੇ ਪੱਕੇ ਬਣਵਾਏ ਅਤੇ ਜਮੀਨ ਜਗੀਰਾਂ ਲਾਈਆਂ.

ਮਹਾਰਾਜਾ ਕਰਮ ਸਿੰਘ ਦਾ ਦੇਹਾਂਤ ੨੩ ਦਿਸੰਬਰ ਸਨ ੧੮੪੫ ਨੂੰ ਪਟਿਆਲੇ ਹੋਇਆ। ੨ ਦੇਖੋ, ਬੱਡੋਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਮ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਮ ਸਿੰਘ (ਅ.ਚ. 1784): ਸ਼ਹੀਦ ਮਿਸਲ ਦੀ ਇਕ ਪ੍ਰਮੁਖ ਸ਼ਖ਼ਸੀਅਤ ਅਜੋਕੇ ਪਾਕਿਸਤਾਨ ਦੇ ਜ਼ਿਲਾ ਸ਼ੇਖ਼ੂਪੁਰਾ ਵਿਖੇ ਪਿੰਡ ਮਰਾਹਕਾ ਦੇ ਇਕ ਸੰਧੂ ਜੱਟ ਪਰਵਾਰ ਵਿਚੋਂ ਸੀ। ਸਰ ਲੇਪਲ ਗ੍ਰਿਫ਼ਿਨ ਅਨੁਸਾਰ ਇਹ ਸ਼ਹੀਦ ਬਾਬਾ ਦੀਪ ਸਿੰਘ ਦਾ ਪੋਤਾ ਸੀ। ਜਨਵਰੀ 1764 ਵਿਚ ਸਿੱਖਾਂ ਦੁਆਰਾ ਸਿਰਹਿੰਦ (ਸਰਹਿੰਦ) ਇਲਾਕੇ ਦੀ ਜਿੱਤ ਸਮੇਂ ਇਸ ਨੇ ਅੰਬਾਲੇ ਵਿਚ ਕੇਸਰੀ ਅਤੇ ਸ਼ਾਹਜਾਦਪੁਰ ਪਰਗਣੇ ਵਿਚਲੇ ਲਗ-ਪਗ ਇਕ ਲੱਖ ਰੁਪਏ ਦੀ ਆਮਦਨੀ ਵਾਲੇ ਕਈ ਪਿੰਡਾਂ ‘ਤੇ ਕਬਜ਼ਾ ਕਰ ਲਿਆ ਸੀ। ਕਰਮ ਸਿੰਘ ਨੇ ਸ਼ਾਹਜਾਦਪੁਰ ਨੂੰ ਆਪਣਾ ਮੁੱਖ ਕੇਂਦਰ ਬਣਾਇਆ ਪਰ ਇਹ ਬਹੁਤਾ ਸਮਾਂ ਬਠਿੰਡਾ ਜ਼ਿਲੇ ਦੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਹੀ ਰਹਿੰਦਾ ਸੀ। 1773 ਵਿਚ ਕਰਮ ਸਿੰਘ ਨੇ ਉਪਰੀ ਗੰਗਾ ਦੁਆਬ ਵਿਚ ਜ਼ਾਬਿਤਾ ਖ਼ਾਨ ਰੁਹੇਲਾ ਦੀ ਜ਼ਮੀਨ ਦੇ ਇਕ ਬਹੁਤ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਨੇ ਸਹਾਰਨਪੁਰ ਜ਼ਿਲੇ ਦੇ ਬਹੁਤ ਸਾਰੇ ਪਿੰਡਾਂ ਨੂੰ ਵੀ ਆਪਣੇ ਅਧਿਕਾਰ ਹੇਠ ਲੈ ਲਿਆ ਸੀ।

            ਕਰਮ ਸਿੰਘ 1784 ਵਿਚ ਅਕਾਲ ਚਲਾਣਾ ਕਰ ਗਿਆ।


ਲੇਖਕ : ਸ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਮ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਮ ਸਿੰਘ (1884-1930): ਸਿੱਖ ਇਤਿਹਾਸ ਵਿਚ ਆਧੁਨਿਕ ਖੋਜ ਦੇ ਮੋਢੀ ਦਾ ਜਨਮ ਝੰਡਾ ਸਿੰਘ ਢਿੱਲੋਂ ਅਤੇ ਮਾਈ ਬਿਸ਼ਨ ਕੌਰ ਦੇ ਘਰ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਵਿਚ ਤਰਨ ਤਾਰਨ ਦੇ 15 ਕਿਲੋਮੀਟਰ ਪੱਛਮ ਵਿਚ ਸਥਿਤ ਪਿੰਡ ਝਬਾਲ ਵਿਖੇ 18 ਮਾਰਚ 1884 ਨੂੰ ਹੋਇਆ। ਪਰਵਾਰ ਆਪਣਾ ਪਿਛੋਕੜ ਭਾਈ ਲੰਗਾਹ ਨਾਲ ਜੁੜੇ ਹੋਣ ਦਾ ਦਾਹਵਾ ਕਰਦਾ ਹੈ। ਭਾਈ ਲੰਗਾਹ ਗੁਰੂ ਅਰਜਨ ਦੇਵ ਅਤੇ ਗੁਰੂ ਹਰਿਗੋਬਿੰਦ ਜੀ ਦੇ ਸਮਕਾਲੀ ਪ੍ਰਮੁਖ ਸਿੱਖਾਂ ਵਿਚੋਂ ਇਕ ਸਨ। ਪਿੱਛੋਂ ਜਾ ਕੇ ਇਹ ਪਰਵਾਰ ਸ਼ਾਹਪੁਰ ਜ਼ਿਲੇ ਵਿਚ ਚੱਕ ਨੰ: 29 ਜਨੂਬੀ ਵਿਖੇ ਜਾ ਕੇ ਵੱਸ ਗਿਆ। ਝੰਡਾ ਸਿੰਘ ਨੂੰ ਆਪਣੀ ਰਿਸਾਲਾ ਅੱਵਲ ਵਿਚ ਦਫ਼ਾਦਾਰ ਦੇ ਰੁਤਬੇ ਤੋਂ ਸੇਵਾ-ਮੁਕਤ ਹੋਣ ਉਪਰੰਤ ਇਸ ਨਵੀਂ ਬਣੀ ਲੋਅਰ ਜੇਹਲਮ ਕੈਨਾਲ ਕਲੋਨੀ ਵਿਚ 50 ਏਕੜ ਜ਼ਮੀਨ ਮਿਲ ਗਈ ਸੀ। ਆਪਣੀ ਮੁਢਲੀ ਵਿੱਦਿਆ ਝਬਾਲ ਵਿਖੇ ਪ੍ਰਾਪਤ ਕਰਨ ਉਪਰੰਤ ਕਰਮ ਸਿੰਘ ਨੇ ਖ਼ਾਲਸਾ ਕਾਲਜੀਏਟ ਸਕੂਲ , ਅੰਮ੍ਰਿਤਸਰ, ਤੋਂ ਦਸਵੀਂ ਪਾਸ ਕੀਤੀ ਅਤੇ ਖ਼ਾਲਸਾ ਕਾਲਜ ਵਿਚ ਦਾਖ਼ਲ ਹੋ ਗਏ ਪਰੰਤੂ ਡਿਗਰੀ ਲੈਣ ਤੋਂ ਪਹਿਲਾਂ ਹੀ ਇਹਨਾਂ ਨੇ ਕਾਲਜ ਛੱਡ ਦਿੱਤਾ ਅਤੇ ਆਪਣਾ ਜੀਵਨ ਪੰਜਾਬ ਦੇ ਇਤਿਹਾਸ ਦੀ ਖੋਜ ਲਈ ਅਰਪਣ ਕਰ ਦਿੱਤਾ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਵਿਚ ਹੇਠ ਉੱਤੇ ਕਈ ਵਾਰ ਪਲੇਗ ਦੀ ਬਿਮਾਰੀ ਪੈ ਗਈ ਜਿਸ ਵਿਚ ਬਹੁਤ ਮੌਤਾਂ ਹੋਈਆਂ। ਮੌਖਿਕ ਇਤਿਹਾਸ ਨੂੰ ਖੋਜ ਦਾ ਇਕ ਮਹੱਤਵਪੂਰਨ ਸ੍ਰੋਤ ਸਮਝਣ ਵਾਲੇ ਕਰਮ ਸਿੰਘ ਨੇ ਆਪਣੀ ਕਾਲਜ ਦੀ ਪੜ੍ਹਾਈ ਦਸੰਬਰ 1905 ਵਿਚ ਛੱਡੀ। ਉਸ ਸਮੇਂ ਗ੍ਰੈਜੂਏਸ਼ਨ ਦੇ ਆਖ਼ਰੀ ਇਮਤਿਹਾਨ ਵਿਚ ਕੇਵਲ ਚਾਰ ਮਹੀਨੇ ਬਾਕੀ ਸਨ।ਉਹਨਾਂ ਦਾ ਉਦੇਸ਼ ਤੁਰੰਤ ਉਹਨਾਂ ਬਜ਼ੁਰਗ ਵਿਅਕਤੀਆਂ ਨੂੰ ਮਿਲਣਾ ਸੀ ਜੋ ਅਜੇ ਜ਼ਿੰਦਾ ਸਨ ਅਤੇ ਜਿਹੜੇ ਪੰਜਾਬ ਵਿਚ ਸਿੱਖ ਰਾਜ ਦੀਆਂ ਘਟਨਾਵਾਂ ਦੇ ਚਸ਼ਮਦੀਦ ਗਵਾਹ ਸਨ। ਕਰਮ ਸਿੰਘ ਨੇ ਉਹਨਾਂ ਦੀ ਗਵਾਹੀ ਨੂੰ ਲਿਖਤ ਵਿਚ ਲਿਆਂਦਾ। 1907 ਵਿਚ, ਇਹਨਾਂ ਨੇ ਮੱਕਾ ਅਤੇ ਬਗਦਾਦ ਜਾਣ ਦੀ ਯੋਜਨਾ ਬਣਾਈ ਤਾਂ ਕਿ ਤਿੰਨ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਥਾਵਾਂ ਦੀ ਯਾਤਰਾ ਬਾਰੇ ਸੂਚਨਾ ਇਕੱਤਰ ਕੀਤੀ ਜਾ ਸਕੇ। ਇਹ ਇਕ ਮੁਸਲਮਾਨ ਦੇ ਭੇਸ ਵਿਚ ਹਾਜੀਆਂ ਦੇ ਇਕ ਜਥੇ ਨਾਲ ਰਲ ਗਏ (ਕਿਉਂਕਿ ਕੋਈ ਵੀ ਗ਼ੈਰ- ਮੁਸਲਮਾਨ ਇਹ ਯਾਤਰਾ ਨਹੀਂ ਕਰ ਸਕਦਾ ਸੀ) ਪਰੰਤੂ ਇਹਨਾਂ ਨੂੰ ਬਗਦਾਦ ਤੋਂ ਵਾਪਸ ਆਉਣਾ ਪਿਆ।

      ਕਰਮ ਸਿੰਘ ਨੇ ਹੁਣ ਆਪਣੀਆਂ ਖੋਜਾਂ ਦੇ ਨਤੀਜੇ ਛਾਪਣੇ ਸ਼ੁਰੂ ਕਰ ਦਿੱਤੇ। ਪਰੰਪਰਾਵਾਦੀਆਂ ਨੇ ਇਹਨਾਂ ਦੀ ਆਲੋਚਨਾਤਮਿਕ ਅਤੇ ਵਿਗਿਆਨਿਕ ਪਹੁੰਚ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਨੌਜਵਾਨ ਇਤਿਹਾਸਕਾਰ ਨੂੰ ਕੋਈ ਸਰਪ੍ਰਸਤੀ ਨਾ ਮਿਲ ਸਕੀ। ਇੰਝ ਇਹ ਮਾਇਕ ਤੰਗੀ ਵਿਚ ਫਸ ਗਏ। ਆਰਥਿਕ ਤੌਰ ਤੇ ਸੁਤੰਤਰ ਹੋਣ ਦੇ ਯਤਨ ਵਿਚ ਇਹਨਾਂ ਨੇ ਆਪਣੀ ਯੂਨਾਨੀ ਵਿੱਦਿਆ ਦੀ ਵਰਤੋਂ ਅਰੰਭ ਕਰ ਦਿੱਤੀ ਅਤੇ ਸਰਗੋਧਾ ਵਿਖੇ ਇਕ ਸੰਨਿਆਸੀ ਆਸ਼ਰਮ ਖੋਲ੍ਹ ਲਿਆ। 1910 ਵਿਚ ਇਹਨਾਂ ਦੇ ਮਿੱਤਰਾਂ ਵਿਚੋਂ ਇਕ, ਪੰਡਤ ਜਵਾਲਾ ਸਿੰਘ ਇਹਨਾਂ ਨੂੰ ਪਟਿਆਲਾ ਸ਼ਹਿਰ ਵਿਖੇ ਲੈ ਆਇਆ। ਉਸ ਸਮੇਂ ਰਿਆਸਤ ਦੇ ਹੋਮ ਮਨਿਸਟਰ ਸਰਦਾਰ (ਪਿੱਛੋਂ ਸਰ) ਜੋਗਿੰਦਰ ਸਿੰਘ ਸਨ, ਦੀ ਮਦਦ ਨਾਲ ਉਸਨੇ ਕਰਮ ਸਿੰਘ ਨੂੰ ਰਿਆਸਤ ਦਾ ਇਤਿਹਾਸਕਾਰ (ਸਟੇਟ ਹਿਸਟੋਰੀਅਨ) ਨਿਯੁਕਤ ਕਰਵਾ ਦਿੱਤਾ। ਇੱਥੇ ਇਹਨਾਂ ਨੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ (1691-1765) ਦੀ ਜੀਵਨੀ ਲਿਖੀ ਅਤੇ ਸਕੂਲ ਦੇ ਬੱਚਿਆਂ ਲਈ ਵੀ ਪੰਜਾਬੀ ਵਿਚ ਕਿਤਾਬਾਂ ਤਿਆਰ ਕੀਤੀਆਂ। 1921-22 ਵਿਚ ਇਹਨਾਂ ਨੇ ਉੱਤਰ ਪ੍ਰਦੇਸ਼ ਦੇ ਜ਼ਿਲਾ ਨੈਨੀਤਾਲ ਵਿਚ ਨਯਾ ਗਾਉਂ ਪਿੰਡ ਵਿਚ ਕਾਫ਼ੀ ਜ਼ਮੀਨ ਪਟੇ ਉੱਤੇ ਲੈ ਲਈ ਜਿੱਥੇ ਇਹਨਾਂ ਨੇ ਆਧੁਨਿਕ ਮਸ਼ੀਨਰੀ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰੰਤੂ ਇਹ ਕੰਮ ਕਰਦਿਆਂ ਇਹਨਾਂ ਆਪਣੇ ਖੋਜ ਕਾਰਜਾਂ ਦੀ ਰੁਚੀ ਨੂੰ ਘੱਟ ਨਹੀਂ ਕੀਤਾ। ਇਹ ਪਟਿਆਲੇ, ਬਦਾਯੂੰ, ਦਰਭੰਗਾ, ਅਲੀਗੜ੍ਹ ਅਤੇ ਕਲਕੱਤਾ ਦੀਆਂ ਪਬਲਿਕ ਲਾਇਬ੍ਰੇਰੀਆਂ ਵਿਚ ਗਏ ਜਿੱਥੋਂ ਇਹਨਾਂ ਨੇ ਕਿਤਾਬਾਂ ਅਤੇ ਖਰੜਿਆਂ ਤੋਂ ਸਿੱਖ ਧਰਮ ਨਾਲ ਸੰਬੰਧਿਤ ਜਾਣਕਾਰੀ ਦੇ ਬਹੁਤ ਸਾਰੇ ਨੋਟਸ ਲਏ। ਇਹਨਾਂ ਵਿਚੋਂ ਬਹੁਤੇ ਨੋਟਸ 1928-30 ਦੇ ਸਮੇਂ ਪੰਜਾਬੀ ਮਾਸਿਕ ਫੁਲਵਾੜੀ ਵਿਚ ਵੀ ਛਪੇ। ਇਹਨਾਂ ਨੇ ਆਪ ਵੀ ਜਨਵਰੀ 1930 ਵਿਚ ਦ ਸਿੱਖ ਇਤਿਹਾਸ ਨੰਬਰ ਨਾਮੀ ਮੈਗਜ਼ੀਨ ਦਾ ਸੰਪਾਦਨ ਕੀਤਾ। ਇਸ ਤੋਂ ਪਹਿਲਾਂ 22 ਦਸੰਬਰ 1929 ਨੂੰ ਅੰਮ੍ਰਿਤਸਰ ਵਿਖੇ ਅਕਾਲ ਤਖ਼ਤ ਤੇ ਹੋਈ ਇਕ ਮੀਟਿੰਗ ਵਿਚ ਸਿੱਖ ਹਿਸਟੋਰੀਕਲ ਸੁਸਾਇਟੀ ਦੀ ਸਥਾਪਨਾ ਹੋਈ ਅਤੇ ਕਰਮ ਸਿੰਘ ਨੂੰ ਇਸ ਦਾ ਸਕੱਤਰ ਨਿਯੁਕਤ ਕਰ ਦਿੱਤਾ। ਇਸ ਸਮੇਂ ਤੀਕ “ਹਿਸਟੋਰੀਅਨ" ਤਖੱਲਸ ਇਹਨਾਂ ਦੇ ਨਾਂ ਨਾਲ ਜੁੜ ਚੁੱਕਾ ਸੀ। ਉਸ ਸਮੇਂ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਵੀ ਕਰਮ ਸਿੰਘ ਦੇ ਅਧੀਨ ਇਤਿਹਾਸਿਕ ਖੋਜ ਦਾ ਇਕ ਵਿਭਾਗ ਸਥਾਪਿਤ ਕਰਨ ਦੀ ਯੋਜਨਾ ਬਣਾਈ। ਪਰੰਤੂ ਉਹਨਾਂ ਦਿਨਾਂ ਵਿਚ ਤਪਦਿਕ ਨੇ ਕਰਮ ਸਿੰਘ ਨੂੰ ਘੇਰ ਲਿਆ। ਅਗਸਤ 1930 ਵਿਚ ਇਹਨਾਂ ‘ਤੇ ਮਲੇਰੀਏ ਦਾ ਸਖ਼ਤ ਹਮਲਾ ਹੋਇਆ। ਇਹਨਾਂ ਨੂੰ ਇਲਾਜ ਲਈ ਨਯਾ ਗਾਉਂ ਤੋਂ ਤਰਨ ਤਾਰਨ ਲਿਆਂਦਾ ਗਿਆ, ਪਰੰਤੂ ਇੱਥੇ ਪਹੁੰਚਣ ਦੇ ਤੁਰੰਤ ਬਾਅਦ ਨਮੂਨੀਏ ਨਾਲ 10 ਸਤੰਬਰ 1930 ਨੂੰ ਇਹ ਅਕਾਲ ਚਲਾਣਾ ਕਰ ਗਏ ਸਨ।

      ਕਰਮ ਸਿੰਘ ਦੀਆਂ ਰਚਨਾਵਾਂ ਨਾਲ ਸਿੱਖ ਇਤਿਹਾਸ ਲਿਖਣ ਵਿਚ ਇਕ ਮੋੜ ਆਇਆ। ਇਕ ਪੁਸਤਕ ਜਿਹੜੀ ਸਿੱਖ ਇਤਿਹਾਸਕਾਰੀ ਦੇ ਖੇਤਰ ਵਿਚ ਇਕ ਮੀਲ-ਪੱਥਰ ਸਾਬਤ ਹੋਈ ਅਤੇ ਜਿਹੜੀ ਕਰਮ ਸਿੰਘ ਦੇ ਨਿਰੀਖਣ ਕਰਨ ਦੇ ਢੰਗ ਦੀ ਜਾਣਕਾਰੀ ਵਿਸ਼ੇਸ਼ ਤੌਰ’ਤੇ ਦਿੰਦੀ ਹੈ ਉਹ ਸੀ ਕੱਤਕ ਕਿ ਵਿਸਾਖ। ਇਸ ਪੁਸਤਕ ਦੀ ਪਹਿਲੀ ਪ੍ਰਕਾਸ਼ਨਾ ਦਾ ਸਾਲ ਪੁਸਤਕ ਵਿਚ ਦਰਜ ਨਹੀਂ ਪਰੰਤੂ ਇਹ ਪੁਸਤਕ ਦੁਬਾਰਾ ਪਟਿਆਲੇ ਤੋਂ 1912 ਵਿਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਵਿਚ ਲੇਖਕ ਜਨਮ ਸਾਖੀ ਸਾਹਿਤ ਦਾ ਤਾਰਕਿਕ ਅਧਿਐਨ ਕਰਦਾ ਹੈ ਅਤੇ ਇਸ ਸਿੱਟੇ ਤੇ ਪੁੱਜਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਵੈਸਾਖ (ਅਪ੍ਰੈਲ) ਦੇ ਮਹੀਨੇ ਵਿਚ ਹੋਇਆ। ਫੁਲਵਾੜੀ ਵਿਚ ਅਨੇਕਾਂ ਲੇਖਾਂ ਤੋਂ ਬਿਨਾਂ ਇਹਨਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਹਨ: ਜੀਵਨ ਬ੍ਰਿਤਾਂਤ ਬੰਦਾ ਬਹਾਦਰ (1907), ਜੀਵਨ ਸ੍ਰੀਮਤੀ ਬੀਬੀ ਸਦਾ ਕੌਰ ਜੀ (1907), ਬੀਬੀ ਹਰਨਾਮ ਕੌਰ ਜੀ (1907) ਜੀਵਨ ਬਿਰਤਾਂਤ ਮਹਾਰਾਜਾ ਆਲਾ ਸਿੰਘ (ਮ.ਨ.: ਮੁੜ ਪ੍ਰਕਾਸ਼ਿਤ ਤਰਨ ਤਾਰਨ, 1918), ਕੇਸ ਅਤੇ ਸਿੱਖੀ (ਮ.ਨ.): ਗੁਰਪੁਰਬ ਨਿਰਣਯ (ਮ.ਨ.): ਚਿੱਠੀਆਂ ਤੇ ਪ੍ਰਸਤਾਵ (1923): ਬੰਦਾ ਕੌਣ ਸੀ (ਮ.ਨ.) ਅਤੇ ਅਮਰ ਖ਼ਾਲਸਾ (1932)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਮ ਸਿੰਘ ਹਿਸਟੋਰੀਅਨ ਦੀ ਇਤਿਹਾਸਿਕ ਖੋਜ ਦੇ ਸਿਰਲੇਖ ਅਧੀਨ ਇਹਨਾਂ ਦੀਆਂ ਰਚਨਾਵਾਂ ਦੇ ਸੰਗ੍ਰਹਿ ਨੂੰ ਛਾਪਿਆ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਮ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਮ ਸਿੰਘ (ਅ.ਚ.1923): ਜਲੰਧਰ ਜ਼ਿਲੇ ਦੇ ਪਿੰਡ ਦੌਲਤਪੁਰ ਦਾ ਇਕ ਬੱਬਰ ਇਨਕਲਾਬੀ। ਇਸ ਦਾ ਅਸਲ ਨਾਂ ਨਰੈਣ ਸਿੰਘ ਸੀ। ਨਰੈਣ ਸਿੰਘ ਪਿੰਡ ਦੇ ਸਕੂਲ ਤੋਂ ਪੜ੍ਹਿਆ ਅਤੇ 1912 ਵਿਚ ਆਪਣੀ ਕਿਸਮਤ ਬਨਾਉਣ ਲਈ ਕਨੇਡਾ ਚੱਲਾ ਗਿਆ। ਕਨੇਡਾ ਵਿਖੇ ਇਹ ਆਸਾ ਸਿੰਘ ਉਰਫ਼ ਮਹਿਤਾਬ ਸਿੰਘ ਦੇ ਪ੍ਰਭਾਵ ਹੇਠ ਆ ਗਿਆ ਜੋ ਗ਼ਦਰ ਲਹਿਰ ਵਿਚ ਕਿਰਿਆਸ਼ੀਲ ਸੀ। ਦੇਸ ਪਿਆਰ ਦੇ ਜੋਸ਼ ਨਾਲ ਨਰੈਣ ਸਿੰਘ 1914 ਵਿਚ ਭਾਰਤ ਵਾਪਸ ਪਰਤਿਆ ਅਤੇ ਨਨਕਾਣਾ ਸਾਹਿਬ ਵਿਖੇ ਖ਼ਾਲਸਾ ਰਹਿਤ ਅਨੁਸਾਰ ਅੰਮ੍ਰਿਤ ਛਕਿਆ ਅਤੇ ਨਰੈਣ ਸਿੰਘ ਤੋਂ ਬਦਲ ਕੇ ਆਪਣਾ ਨਾਂ ਕਰਮ ਸਿੰਘ ਰੱਖਿਆ। ਇਕ ਅਕਾਲੀ ਜਥੇਦਾਰ ਦੇ ਤੌਰ ਤੇ ਇਸ ਨੇ ਪਿੰਡਾਂ ਵਿਚ ਇਕੱਠਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਅੰਗਰੇਜ਼ਾਂ ਖ਼ਿਲਾਫ਼ ਭੜਕਾਇਆ। ਇਸ ਨੇ ‘ਚੱਕਰਵਰਤੀ ਜਥਾ ’ ਨਾਂ ਹੇਠ ਇਕ ਦਹਿਸ਼ਤਵਾਦੀ ਗੁੱਟ ਤਿਆਰ ਕੀਤਾ। ਆਸਾ ਸਿੰਘ ਭਕਰੁਦੀ, ਕਰਮ ਸਿੰਘ ਝਿੰਗੜ, ਦਲੀਪ ਸਿੰਘ ਗੋਸਲ ਅਤੇ ਧੰਨਾ ਸਿੰਘ ਬਹਿਬਲਪੁਰ ਇਸ ਗੁੱਟ ਦੇ ਮੈਂਬਰ ਸਨ।

      ਫ਼ਰਵਰੀ 1921 ਵਿਚ ਕਰਮ ਸਿੰਘ ਨੇ ਮਹਿਤਪੁਰ ਵਿਖੇ ਇਕ ਰਾਜਨੀਤਿਕ ਕਾਨਫ਼ਰੰਸ ਦਾ ਆਯੋਜਨ ਕੀਤਾ। ਇਸ ਕਾਨਫ਼ਰੰਸ ਨੇ ਇਕ ਹਥਿਆਰਬੰਦ ਸੰਘਰਸ਼ ਦਾ ਪ੍ਰਚਾਰ ਅਰੰਭ ਕਰ ਦਿੱਤਾ। ਮੁੱਖ ਦੀਵਾਨ ਮਾਹਲਪੁਰ (ਮਾਰਚ 1921), ਕੁਕੜ ਮੁਜ਼ਾਰਾ (ਅਕਤੂਬਰ 1921), ਕੋਟ ਫਤੂਹੀ (ਫ਼ਰਵਰੀ 1922) ਅਤੇ ਕੌਲਗੜ੍ਹ (ਮਈ 1922) ਵਿਖੇ ਹੋਏ। ਕਰਮ ਸਿੰਘ ਨੇ ਇਕ ਗਰਮ ਖਿਆਲਾਂ ਦਾ ਪੰਜਾਬੀ ਪਰਚਾ ਬੱਬਰ ਅਕਾਲੀ ਦੁਆਬਾ ਛਾਪਣਾ ਸ਼ੁਰੂ ਕੀਤਾ। ਇਸ ਦੇ ਪਹਿਲੇ ਤਿੰਨ ਅੰਕ ਮਿਤੀ 20, 21 ਅਤੇ 24 ਅਗਸਤ 1922 ਨੂੰ ਪ੍ਰਕਾਸ਼ਿਤ ਹੋਏ। ਇਸ ਤੋਂ ਪਿੱਛੋਂ ਕਿਸ਼ਨ ਸਿੰਘ ਗੜ੍ਹਗਜ ਨੇ ਸੰਪਾਦਕ ਦੀ ਜ਼ੁੰਮੇਵਾਰੀ ਸੰਭਾਲ ਲਈ। ਇਸ ਸਮੇਂ ਦੌਰਾਨ ਪੁਲਿਸ ਦਾ ਘੇਰਾ ਸਖ਼ਤ ਹੋ ਗਿਆ। ਬੱਬਰ ਅਕਾਲੀਆਂ ਦਾ ਮਦਦਗਾਰ ਹੋਣ ਦਾ ਬਹਾਨਾ ਕਰਨ ਵਾਲੇ ਅਨੂਪ ਸਿੰਘ ਮਾਨਕੋ ਦੀ ਗੱਦਾਰੀ ਕਰਕੇ ਕਰਮ ਸਿੰਘ, ਮਾਂਗਟ ਦੇ ਬਿਸ਼ਨ ਸਿੰਘ, ਰਾਮਗੜ੍ਹ ਝੁਗੀਆਂ ਦੇ ਉਦੇ ਸਿੰਘ ਅਤੇ ਪੰਡੋਰੀ ਗੰਗਾ ਸਿੰਘ ਦੇ ਮਹਿੰਦਰ ਸਿੰਘ ਨੂੰ 1 ਸਤੰਬਰ 1923 ਨੂੰ ਬੰਬੇਲੀ ਪਿੰਡ ਵਿਚ ਪੁਲਿਸ ਪਾਰਟੀ ਨੇ ਘੇਰ ਲਿਆ। ਪੁਲਿਸ ਨਾਲ ਹੋਈ ਇਸ ਝੜਪ ਵਿਚ ਇਹ ਤਿੰਨੇ ਇਨਕਲਾਬੀ ਸ਼ਹੀਦ ਹੋ ਗਏ।


ਲੇਖਕ : ਕ.ਮ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਮ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰਮ ਸਿੰਘ : ਬੱਬਰ ਅਕਾਲੀ ਲਹਿਰ ਵਿਚ ਤਨੋਂ-ਮਨੋਂ ਸ਼ਾਮਲ ਹੋਇਆ। ਇਹ ਜਲੰਧਰ ਜ਼ਿਲ੍ਹੇ ਦੇ ਪਿੰਡ ਝਿੰਗੜਾਂ ਦਾ ਜੰਮ-ਪਲ ਸੀ ਅਤੇ ਸ੍ਰੀ ਦੁਨੀ ਚੰਦ ਦਾ ਪੁੱਤਰ ਸੀ। 1923 ਈ. ਦੌਰਾਨ ਬੱਬਰ ਅਕਾਲੀ ਲਹਿਰ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋਣ ਕਾਰਨ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 20 ਸਾਲ ਦੀ ਕਰੜੀ ਸਜ਼ਾ ਦਾ ਹੁਕਮ ਹੋਇਆ। 8 ਅਪ੍ਰੈਲ, 1938 ਨੂੰ ਮੁਲਤਾਨ ਜੇਲ੍ਹ ਅੰਦਰ ਹੀ ਇਸ ਨੇ ਪ੍ਰਾਣ ਤਿਆਗ ਦਿੱਤੇ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਰਮ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰਮ ਸਿੰਘ :ਇਹ ਬੱਬਰ ਅਕਾਲੀ ਲਹਿਰ ਦਾ ਸੂਰਮਾ ਸ਼ਹੀਦ ਜ਼ਿਲਾ ਹੁਸ਼ਿਆਰਪੁਰ, ਪਿੰਡ ਮਹਿਲ ਵਲਟੋਹਾ ਦਾ ਰਹਿਣ ਵਾਲਾ ਸੀ। ਇਸ ਦਾ ਜਨਮ ਸੰਨ 1888 ਵਿਚ ਸ੍ਰ. ਮੇਲਾ ਸਿੰਘ ਦੇ ਘਰ ਹੋਇਆ। ਫ਼ੌਜ ਵਿਚ ਨੌਕਰੀ ਕਰਦਿਆਂ ਕਰਦਿਆਂ ਕੌਮੀ ਜਜ਼ਬੇ ਨੇ ਇਸ ਨੂੰ ਹਲੂਣਿਆ ਅਤੇ ਨੌਕਰੀ ਤੋਂ ਅਸਤੀਫਾ ਦੇ ਕੇ ਕਰਮ ਸਿੰਘ ਕੌਮ-ਪ੍ਰਸਤ ਸਰਗਰਮੀਆਂ ਦੇ ਅਖਾੜੇ ਵਿਚ ਕੁੱਦ ਪਿਆ ਅਤੇ ਬੱਬਰ ਅਕਾਲੀ ਲਹਿਰ ਵਿਚ ਜਾ ਸ਼ਾਮਲ ਹੋਇਆ। ਸੰਨ 1923 ਵਿਚ ਇਸ ਨੂੰ ਪੁਲਿਸ ਨੇ ਪਹਿਲੀ ਵੇਰ ਅਤੇ 1927 ਈ. ਵਿਚ ਦੂਜੀ ਵੇਰ ਗ੍ਰਿਫ਼ਤਾਰ ਕੀਤਾ। ਰਿਹਾਅ ਹੋਣ ਉਪਰੰਤ ਇਹ ਆਪਣੇ ਵਤਨਪ੍ਰਸਤੀ ਦੇ ਕੰਮਾਂ ਵਿਚ ਹੀ ਰੁੱਝ ਗਿਆ। ਜਿਸ ਦੇ ਫਲਸਰੂਪ ਇਸ ਨੂੰ ਫਿਰ ਗ੍ਰਿਫ਼ਤਾਰ ਕੀਤਾ ਗਿਆ ਤੇ ਸੱਤ ਸਾਲ ਦੀ ਕਰੜੀ ਸਜ਼ਾ ਦਾ ਹੁਕਮ ਹੋਇਆ। ਇਸ ਵਾਰ ਇਹ ਕਪੂਰਥਲੇ ਦੀ ਜੇਲ੍ਹ ਵਿਚੋਂ ਭਗੌੜਾ ਹੋ ਗਿਆ। ਪੁਲਸ ਨੇ ਇਸ ਦਾ ਪਿੱਛਾ ਕੀਤਾ ਅਤੇ 23 ਜੁਲਾਈ, 1943 ਨੂੰ ਪੁਲਸ ਮੁਕਾਬਲੇ ਵਿਚ ਇਸ ਦਾ ਦਿਹਾਂਤ ਹੋ ਗਿਆ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਰਮ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਰਮ ਸਿੰਘ : ਬੱਬਰ ਅਕਾਲੀ ਲਹਿਰ ਵਿਚ ਸਿਰ-ਧੜ ਦੀ ਬਾਜ਼ੀ ਲਾਉਣ ਵਾਲਾ ਕਰਮ ਸਿੰਘ ਜ਼ਿਲ੍ਹਾ ਜਲੰਧਰ ਦੇ ਹਰੀਪੁਰ ਖੇੜਾ ਨਾਮੀ ਪਿੰਡ ਦੇ ਵਾਸੀ ਸ੍ਰੀ ਭਗਵਾਨ ਦਾ ਪੁੱਤਰ ਸੀ। ਬੱਬਰ ਅਕਾਲੀ ਲਹਿਰ ਵਿਚ ਇਸ ਨੇ ਸਰਗਰਮੀਭਰਪੂਰ ਹਿੱਸਾ ਪਾਇਆ। ਸੂਬੇਦਾਰ ਗੰਡਾ ਸਿੰਘ ਕੁਢਿਆਲ ਦੇ ਕਤਲ ਕੇਸ ਵਿਚ ਇਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੌਤ ਦੀ ਸਜ਼ਾ ਦਿੱਤੀ ਗਈ। 27 ਫਰਵਰੀ, 1926 ਨੂੰ ਲਾਹੌਰ ਵਿਖੇ ਜੇਲ੍ਹ ਅੰਦਰ ਫਾਂਸੀ ਦੇ ਤਖਤੇ ਤੇ ਇਸ ਨੇ ਆਪਣੇ ਪ੍ਰਾਣ ਤਿਆਗ ਦਿਤੇ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਰਮ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਰਮ ਸਿੰਘ : ਸ਼ਹੀਦਾਂ ਮਿਸਲ ਦੇ ਜਥੇਦਾਰ ਸਦਾ ਸਿੰਘ ਦੇ, ਦਕੋਹੇ ਨੇੇੜੇ ਪਠਾਣਾਂ ਨਾਲ ਲੜਾਈ ਵਿਚ ਸ਼ਹੀਦ ਹੋਣ ਉਪਰੰਤ ਸਰਦਾਰ ਕਰਮ ਸਿੰਘ ਮਿਸਲ ਦਾ ਜਥੇਦਾਰ ਬਣਿਆ। ਇਹ ਪਿੰਡ ਮਰਾੜਾ, ਜ਼ਿਲ੍ਹਾ ਲਾਹੌਰ ਦੇ ਨਿਵਾਸੀ ਸ. ਬੀਰ ਸਿੰਘ ਸੰਧੂ ਜੱਟ ਦਾ ਪੁੱਤਰ ਸੀ। ਆਪਣੀ ਬਹਾਦਰੀ ਕਾਰਨ ਸ਼ਹੀਦਾਂ ਵਿਚ ਇਸ ਦਾ ਬੜਾ ਨਾਂ ਸੀ।

   ਵੱਡੇ ਘਲੂਘਾਰੇ ਸਮੇਂ ਇਸ ਨੇ ਬੜੀ ਬਹਾਦਰੀ ਵਿਖਾਈ। 1764 ਈ. ਵਿਚ ਸਰਹਿੰਦ ਦੀ ਲੜਾਈ ਵਿਚ ਇਸ ਨੇ ਜ਼ੈਨ ਖ਼ਾਂ ਨੂੰ ਮਾਰਿਆ। ਇਸ ਮਗਰੋਂ ਕਰਮ ਸਿੰਘ ਅਧੀਨ ਇਸ ਮਿਸਲ ਨੇ ਸ਼ਾਹਜ਼ਾਦਪੁਰ, ਕੇਸਰੀ, ਮਾਜਰਾ, ਟਿਪਲਾ, ਸੁਬਕਾ, ਮਾਜਰੂ, ਤੰਗੋੜ, ਤਰਾਵੜੀ, ਜੜੌਲੀ, ਰਵੀਆ, ਦਮਦਮਾ ਸਾਹਿਬ ਆਦਿ ਇਲਾਕਿਆਂ ਉਤੇ ਕਬਜ਼ਾ ਕੀਤਾ। ਇਸ ਨੇ ਸੰਨ 1764 ਵਿਚ ਬੁੱਢਾ ਦਲ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਜਮਨਾ ਤੋਂ ਪਾਰ ਹਮਲਾ ਕੀਤਾ। ਇਹ ਖ਼ਾਲਸਾ ਫ਼ੌਜ ਦਾ ਮੁੱਖ ਸੈਨਾਪਤੀ ਸੀ।

   ਜਲਾਲਾਬਾਦ ਦੇ ਹਾਕਮ ਹਸਨ ਖ਼ਾਂ ਨੇ ਇਕ ਗ਼ਰੀਬ ਪੰਡਿਤ ਦੀ ਲੜਕੀ ਖੋਹ ਲਈ। ਪੰਡਿਤ ਨੇ ਅਕਾਲ ਤਖ਼ਤ, ਅੰਮ੍ਰਿਤਸਰ ਜਾ ਕੇ ਫਰਿਆਦ ਕੀਤੀ। ਕਰਮ ਸਿੰਘ ਨੇ ਤੀਹ ਹਜ਼ਾਰ ਸਿੰਘਾਂ ਨਾਲ 1773 ਈ. ਵਿਚ ਜਲਾਲਾਬਾਦ ਉਪਰ ਚੜ੍ਹਾਈ ਕੀਤੀ ਅਤੇ ਹਸਨ ਖ਼ਾਂ ਨੂੰ ਮਾਰ ਕੇ ਪਡਿਤ ਦੀ ਲੜਕੀ ਦਾ ਬੜੀ ਧੂਮ ਧਾਮ ਨਾਲ ਵਿਆਹ ਕੀਤਾ। ਸੰਨ 1774 ਵਿਚ ਕਰਮ ਸਿੰਘ ਅਧੀਨ ਸਿੰਘਾਂ ਨੇ ਸ਼ਾਹਦਰੇ ਤੇ ਹਮਲਾ ਕੀਤਾ ਅਤੇ ਲੱਖਾਂ ਰੁਪਏ ਲੁੱਟ ਕੇ ਵਾਪਸ ਆ ਗਏ। 1784 ਈ. ਵਿਚ ਕਰਮ ਸਿੰਘ ਸਵਰਗਵਾਸ ਹੋ ਗਿਆ ਅਤੇ ਇਸ ਦਾ ਵੱਡਾ ਪੁੱਤਰ ਗੁਲਾਬ ਸਿੰਘ ਮਿਸਲ ਦਾ ਜਥੇਦਾਰ ਬਣਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3875, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-39-28, ਹਵਾਲੇ/ਟਿੱਪਣੀਆਂ: ਹ. ਪੁ. –ਸਿ. ਮਿ. -ਸੀਤਲ : 10-46

ਕਰਮ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਰਮ ਸਿੰਘ (ਪ.ਵੀ.ਚ.); ਆਨਰੇਰੀ ਕਪਤਾਨ (ਸੇਵਾ-ਮੁਕਤ) ਕਰਮ ਸਿੰਘ, ਸੰਗਰੂਰ ਜ਼ਿਲ੍ਹੇ ਪਿੰਡ ਸ਼ਹਿਣਾ ਮਲ੍ਹੇ ਵਿਚ ਸ. ਉੱਤਮ ਸਿੰਘ ਦੇ ਘਰ 15 ਸਤੰਬਰ, 1915 ਨੂੰ ਜਨਮਿਆ। ਇਸ ਨੇ ਬਚਪਨ ਵਿਚ ਹੀ ਆਪਣੇ ਸੂਬੇਦਾਰ ਚਾਚੇ ਦੀਆਂ ਪੈੜਾਂ ਤੇ ਚੱਲਣ ਦਾ ਨਿਸ਼ਚਾ ਕਰ ਲਿਆ। ਘੋਲ, ਕਬੱਡੀ ਤੇ ਮੁਦਗਰ ਚੁੱਕਣਾ ਇਸ ਨੂੰ ਖੇਤੀ ਨਾਲੋਂ ਵੱਧ ਚੰਗੇ ਲਗਦੇ ਸਨ। ਇਹ ਪੜ੍ਹਿਆ ਵੀ ਘੱਟ ਕਿਉਂਕਿ ਪੜ੍ਹਾਈ ਵਿਚ ਇਸ ਦੀ ਵਿਸ਼ੇਸ਼ ਦਿਲਚਸਪੀ ਨਹੀਂ ਸੀ। ਸੰਨ 1941 ਵਿਚ ਦੂਜੀ ਸੰਸਾਰ ਜੰਗ ਵੇਲੇ ਕਰਮ ਸਿੰਘ ਫ਼ੌਜ ਵਿਚ ਭਰਤੀ ਹੋ ਕੇ ਸਿੱਖ ਰੈਜਮੈਂਟ ਵਿਚ ਪਹੁੰਚ ਗਿਆ ਤੇ ਸਾਲ ਭਰ ਸਿੱਖਿਆ ਪ੍ਰਾਪਤ ਕਰਨ ਉਪਰੰਤ ਪਹਿਲੀ ਸਿੱਖ ਬਟਾਲੀਅਨ ਵਿਚ ਅਗਸਤ, 1942 ਵਿਚ ਡਿਊਟੀ ਉਤੇ ਹਾਜ਼ਰ ਹੋਇਆ। ਰਾਂਚੀ ਵਿਚ ਯੁੱਧ ਦਾ ਅਭਿਆਸ ਕਰਕੇ, ਇਸ ਦੀ ਪਲਟਨ ਨੂੰ ਸੰਨ 1944 ਵਿਚ ਅਰਾਕਾਨ (ਬਰਮਾ) ਦੇ ਮੋਰਚੇ ‘ਤੇ ਭੇਜ ਦਿੱਤਾ ਗਿਆ।

 ਬਰਮਾ ਫਰੰਟ ‘ਤੇ ਜਪਾਨੀਆਂ ਨਾਲ ਬੁਧੀਆਂ ਦਾਂਗ, ਮਨੀਪੁਰ ਤੇ ਤੀਸ਼ਾਬਿਨ ਦੇ ਮੋਰਚਿਆਂ ‘ਤੇ ਬਹਾਦਰੀ ਨਾਲ ਲੜ ਕੇ ਇਸ ਨੇ ਆਪਣੀ ਬਟਾਲੀਅਨ ਦਾ ਨਾਂ ਉੱਚਾ ਕੀਤਾ। ਚਾਰ ਵਾਰ ਇਹ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਪਰ ਹਿੰਮਤ ਨਹੀਂ ਹਾਰਿਆ। ਸਿੱਟੇ ਵਜੋਂ ਇਸ ਨੂੰ ਲਾਂਸ ਨਾਇਕ ਬਣਾ ਦਿੱਤਾ ਗਿਆ। ਭਾਰਤ ਆਜ਼ਾਦ ਹੁੰਦੇ ਹੀ ਪਾਕਸਤਾਨੀ ਹਮਲਾਵਰਾਂ ਨੇ ਜੰਮੂ-ਕਸ਼ਮੀਰ ਨੂੰ ਹਥਿਆਉਣ ਲਈ ਹੱਲਾ ਬੋਲ ਦਿੱਤਾ।ਕਬਾਇਲੀਆਂ ਤੋਂ ਵਾਪਸ ਲਏ ਟਿਥਵਾਲ ਦੇ ਇਲਾਕੇ ਅਤੇ ਰਿਚਮਾਰ ਗਲੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਹਿਲੀ ਸਿੱਖ ਬਟਾਲੀਅਨ ਦੀ ਸੀ। ਈਦ ਦੇ ਦਿਨ 13 ਕਈ, 1948 ਨੂੰ ਦੁਸ਼ਮਣ ਨੇ ਰਿਚਮਾਰ ਗਲੀ ਉਤੇ ਪੂਰੇ ਬ੍ਰਿਗੇਡ ਨਾਲ ਹਮਲਾ ਕਰਕੇ ਸ੍ਰੀਨਗਰ ਵਾਦੀ ਵਿਚ ਦਾਖ਼ਲ ਹੋਣ ਦੀ ਯੋਜਨਾ ਬਣਾਈ। ਲਾਂਸ ਨਾਇਕ ਕਰਮ ਸਿੰਘ ਉਸ ਸਮੇਂ ਸੈਕਸ਼ਨ ਕਮਾਂਡਰ ਸੀ। ਕਰਮ ਸਿੰਘ ਆਪ ਗੋਲੀਆਂ ਦੀ ਮਾਰ ਝੱਲਦਾ ਜ਼ਖ਼ਮੀ ਸਾਥੀਆਂ ਨੂੰ ਹੌਂਸਲਾ, ਦਲੇਰੀ ਤੇ ਹਦਾਇਤਾਂ ਦੇਣ ਦੇ ਨਾਲ ਨਾਲ ਦੁਸ਼ਮਣ ਦੀ ਗੋਲੀ ਦਾ ਜਵਾਬ ਵੀ ਦਿੰਦਾ ਰਿਹਾ। ਇਸ ਤਰ੍ਹਾਂ ਇਸ ਨੇ ਆਪਣੀ ਚੌਕੀ ਉਤੇ ਹੋਏ ਅੱਠ ਹਮਲਿਆਂ ਨੂੰ ਨਕਾਰਾ ਕੀਤਾ। ਅਜਿਹਾ ਕਰਦਿਆਂ ਉਹ ਬੁਰੀ ਤਰਾਂ ਜ਼ਖ਼ਮੀ ਹੋ ਗਿਆ।ਆਪਣੇ ਤੋਂ ਦਸ ਗੁਣਾ ਵੱਧ ਦੁਸ਼ਮਣ ਦੇ ਸਿਪਾਹੀਆਂ ਦਾ ਜੋ ਹਾਲ ਕਰਮ ਸਿੰਘ ਅਤੇ ਇਸ ਦੇ ਸਾਥੀਆਂ ਨੇ ਕੀਤਾ, ਉਹ ਬਹਾਦਰੀ ਦਾ ਅਦੁੱਤੀ ਕਾਰਨਾਮਾ ਹੈ।

 ਆਪਣੇ ਵਗਦੇ ਲਹੂ ਦੀ ਪਰਵਾਹ ਨਾ ਕਰਦੇ ਹੋਏ, ਕਰਮ ਸਿੰਘ ਨੇ ਆਪਣੇ ਜ਼ਖ਼ਮੀ ਸਾਥੀਆਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਅਤੇ ਆਪ ਫਿਰ ਮੁਕਾਬਲੇ ਵਿਚ ਜੁੱਟ ਗਏ ਅਤੇ ਦੁਸ਼ਮਣ ਨੂੰ ਪਛਾੜ ਕੇ ਹੀ ਸਾਹ ਲਿਆ।

 ਲਾਂਸ ਨਾਇਕ ਕਰਮ ਸਿੰਘ ਦੀ ਇਸ ਅਦੁੱਤੀ ਬਹਾਦਰੀ ਤੇ ਕਰਤਵ ਸੰਪੂਰਨਤਾ ਦੇ ਕਮਾਲ ਨੂੰ ਸਲਾਹੁੰਦੇ ਹੋਏ ਇਸ ਨੂੰ ਪਰਮਵੀਰ ਚੱਕਰ (1948) ਨਾਲ ਸਨਮਾਨਿਆ ਗਿਆ। ਇਹ ਬਾਅਦ ਵਿਚ ਤਰੱਕੀ ਕਰਕੇ ਸੂਬੇਦਾਰ ਬਣਿਆ ਅਤੇ ਫਿਰ ਆਨਰੇਰੀ ਕੈਪਟਨ ਦੇ ਅਹੁਦੇ ਤਕ ਪਹੁੰਚ ਕੇ ਰਿਟਾਇਰ ਹੋਇਆ।


ਲੇਖਕ : –ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-41-30, ਹਵਾਲੇ/ਟਿੱਪਣੀਆਂ:

ਕਰਮ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਰਮ ਸਿੰਘ (ਵੀ.ਚ.) : ਛਾਤਾਧਾਰੀ ਸੈਨਿਕ ਅਤੇ ਵੀਰ ਚੱਕਰ ਵਿਜੇਤਾ ਸੂਬੇਦਾਰ ਕਰਮ ਸਿੰਘ ਦਾ ਜਨਮ 31 ਮਾਰਚ, 1913 ਨੂੰ ਮਿੰਟਗੁਮਰੀ (ਪਾਕਿਸਤਾਨ) ਵਿਚ ਸ. ਪਾਲ ਸਿੰਘ ਦੇ ਘਰ ਹੋਇਆ। ਇਹ 17 ਸਾਲ ਦੀ ਉਮਰ ਵਿਚ ਹੀ ਪਹਿਲੀ ਛਾਤਾਧਾਰੀ ਬਟਾਲੀਅਨ ਲਈ ਚੁਣਿਆ ਗਿਆ।

  29 ਮਈ, 1948 ਨੂੰ ਕਬਾਇਲੀਆਂ ਨੇ ਸੂਬੇਦਾਰ ਕਰਮ ਸਿੰਘ ਦੀ ਪਲਟਨ ਉਤੇ ਹਮਲਾ ਕਰ ਦਿੱਤਾ। ਬਹੁਤ ਭਾਰੀ ਗੋਲਾਬਾਰੀ ਹੁੰਦੀ ਰਹੀ ਅਤੇ ਤੋਪਾਂ ਤੇ ਮਾਰਟਰਾਂ ਭਿਆਨਕ ਅੱਗ ਉਗਲਦੀਆਂ ਰਹੀਆਂ। ਬਹਾਦਰ ਸੂਬੇਦਾਰ ਕਰਮ ਸਿੰਘ ਇਕ ਬੰਕਰ ਤੋਂ ਦੂਜੇ ਬੰਕਰ ਤਕ ਜਾ ਜਾ ਕੇ ਜਵਾਨਾਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ। ਇਸ ਤਰ੍ਹਾਂ ਦੁਸ਼ਮਣ ਦੇ ਉਪਰੋ ਥਲੀ ਹੋਏ ਹਮਲੇ ਪਛਾੜ ਦਿੱਤੇ ਗਏ। ਹੁਣ ਦੁਸ਼ਮਣ ਦੀ ਭਾਰੀ ਤਾਦਾਦ ਅਤੇ ਬਿਹਤਰ ਮਾਰੂ ਹਥਿਆਰਾਂ ਅੱਗੇ ਉਸ ਦੀ ਪਲਟਨ ਦਾ ਡੱਟਣਾ ਅਸੰਭਵ ਸੀ। ਹਾਲਾਤ ਦਾ ਜਾਇਜ਼ਾ ਲੈ ਕੇ ਸੂਬੇਦਾਰ ਕਰਮ ਸਿੰਘ ਨੇ ਹੋਸ਼ ਤੇ ਜੋਸ਼ ਤੋਂ ਕੰਮ ਲਿਆ ਅਤੇ ਜਵਾਨਾਂ ਵਿਚ ਜੋਸ਼ ਭਰਨ ਲਈ ਨਾਅਰੇ ਅਤੇ ਜੈਕਾਰੇ ਗਜਾਉਣੇ ਸ਼ੁਰੂ ਕਰ ਦਿੱਤੇ। ਇਸ ਗਰਜ਼ ਨੇ ਦੁਸ਼ਮਣ ਦੇ ਦਿਲ ਵਿਚ ਦਹਿਲ ਪਾ ਦਿੱਤਾ ਅਤੇ ਇਸ ਦੇ ਆਪਣੇ ਯੋਧਿਆਂ ਦੇ ਦਿਲ ਮਜ਼ਬੂਤ ਕਰ ਦਿੱਤੇ। ਇਸ ਨੇ ਜਵਾਨਾਂ ਨੂੰ ਦੁਸ਼ਮਣ ਤੇ ਟੁੱਟ ਪੈਣ ਲਈ ਲਲਕਾਰਿਆ ਅਤੇ ਜਵਾਬੀ ਹਮਲਾ ਕਰ ਦਿੱਤਾ। ਅਚਾਨਕ ਬਿਜਲਈ ਜਵਾਬੀ ਹਮਲੇ ਨੇ ਉਨ੍ਹਾਂ ਦੇ ਪੈਰ ਉਖਾੜ ਦਿੱਤੇ ਤੇ ਉਹ ਪਿਛਲੇ ਪੈਰੀ ਭੱਜ ਉਠੇ।

  ਦੁਸ਼ਮਣ ਨੂੰ ਜਿਸ ਤਰਾਂ ਤਿਤਰ-ਬਿਤਰ ਕਰਨ ਵਿਚ ਸੂਬੇਦਾਰ ਕਰਮ ਸਿੰਘ ਨੇ ਜੋਸ਼, ਬਹਾਦਰੀ ਤੇ ਰਣ -ਕੁਸ਼ਲਤਾ ਦਿਖਾਈ ਅਤੇ ਉੱਤਮ ਦਰਜੇ ਦੀ ਅਗਵਾਈ ਕੀਤੀ ਉਸ ਦੀ ਮਿਸਾਲ ਫ਼ੌਜੀ ਸਿੱਖਿਆ ਸਕੂਲਾਂ ਦਾ ਸਬਕ ਬਣ ਗਈ ਹੈ। ਉਸ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਕਰਮ ਸਿੰਘ ਸੂਬੇਦਾਰ ਮੇਜਰ ਬਣਨ ਤੋਂ ਪਿਛੋਂ ਆਨਰੇਰੀ ਕਪਤਾਨ ਬਣ ਕੇ ਸੇਵਾ ਮੁਕਤ ਹੋਇਆ।


ਲੇਖਕ : –ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-42-04, ਹਵਾਲੇ/ਟਿੱਪਣੀਆਂ:

ਕਰਮ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਰਮ ਸਿੰਘ (ਵੀ.ਚ.) : ਸੂਬੇਦਾਰ ਲਾਭ ਸਿੰਘ ਦੇ ਘਰ ਕਾਂਗੜਾ ਦੇ ਅਰਬ ਪਿੰਡ ਵਿਚ 22 ਜਨਵਰੀ, 1917 ਨੂੰ ਜਨਮੇ ਤੇ ਜਲੰਧਰ ਵਿਚ ਵਸੇ ਬ੍ਰੀਗੇਡੀਅਰ (ਸੇਵਾ-ਮੁਕਤ) ਕਰਮ ਸਿੰਘ ਏ.ਵੀ.ਐਮ. ਦਾ ਬਚਪਨ ਤੋਂ ਹੀ ਫ਼ੌਜ ਨਾਲ ਸਬੰਧ ਰਿਹਾ ਸੀ। ਮੁਢਲੀ ਪੜ੍ਹਾਈ ਐਚ. ਬੀ. ਮਿਸ਼ਨ ਹਾਈ ਸਕੂਲ, ਪਾਲਮਪੁਰ ਅਤੇ ਕਾਲਜ ਦੀ ਪੜ੍ਹਾਈ ਸਰਕਾਰੀ ਕਾਲਜ ਧਰਮਸਾਲਾ ਤੋਂ ਪ੍ਰਾਪਤ ਕਰਨ ਪਿਛੋਂ ਇਹ ਫ਼ੌਜ ਵਿਚ ਅਫ਼ਸਰ ਰੈਂਕ ਲਈ ਚੁਣਿਆ ਗਿਆ। 12 ਅਗਸਤ 1942 ਨੂੰ ਕਮਿਸ਼ਨ ਪ੍ਰਾਪਤ ਕੀਤਾ ਤੇ ਸੈਂਟਰਲ ਇੰਡੀਆ ਹਾਰਸ ਵਿਚ ਇਸ ਦੀ ਨਿਯੁਕਤੀ ਹੋਈ।
  8 ਅਪ੍ਰੈਲ 1948 ਨੂੰ ਕਰਮ ਸਿੰਘ ਨੂੰ ਕਬਾਇਲੀਆਂ ਦੇ ਹਮਲੇ ਸਮੇਂ ਆਦੇਸ਼ ਮਿਲਿਆ ਕਿ ਜੰਮੂ ਕਸ਼ਮੀਰ ਦੀ ਬਰਾਵਲੀ ਪਹਾੜੀ ਤੇ ਦੁਸ਼ਮਣ ਦੀ ਪੱਕੀ ਪੁਜ਼ੀਸ਼ਨ ‘ਤੇ ਡੋਗਰਾ ਬਟਾਲੀਅਨ ਦੇ ਹਮਲੇ ਵਿਚ ਪੂਰੀ ਮਦਦ ਦੇਵੇ।

  ਦੁਸ਼ਮਣ ਦੀ ਗੋਲਾਬਾਰੀ ਸ਼ੁਰੂ ਹੋ ਗਈ ਤੇ ਦੁਸ਼ਮਣ ਦੀਆਂ ਮਸ਼ੀਨਗੰਨਾਂ ਤੇ ਮਾਰਟਰਾਂ ਨੇ ਉਸ ਦੇ ਸਕੁਆਡਰਨ ਤੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ। ਬਿਨਾਂ ਆਪਣੀ ਰੱਖਿਆ ਦਾ ਧਿਆਨ ਕੀਤੇ ਕਾਰਜ ਨੂੰ ਪਹਿਲ ਦੇ ਕੇ ਇਸ ਨੇ ਆਪਣੇ ਟੈਕਾਂ ਨੂੰ ਦੁਸ਼ਮਣ ਵੱਲ ਸਾਧਿਆ ਤੇ ਆਪ ਟੈਂਕ ਤੋਂ ਬਾਹਰ ਸਿਰ ਕੱਢਕੇ ਜਵਾਬੀ ਗੋਲਾਬਾਰੀ ਨਾਲ 4 ਡੋਗਰਾ ਬਟਾਲੀਅਨ ਨੂੰ ਉਨ੍ਹਾਂ ਦੇ ਹਮਲੇ ਵਿਚ ਮਦਦ ਦਿੰਦਾ ਰਿਹਾ। ਇਹ ਗੋਲਾਬਾਰੀ ਲਗਾਤਾਰ 5 ਘੰਟੇ ਚਲੀ।

        9 ਅਪ੍ਰੈਲ, 1948 ਨੂੰ ਇਸ ਨੇ ਫਿਰ ਚਿਣਗਸ ਉਪਰ ਹਮਲੇ ਸਮੇਂ ਆਪਣੇ ਟੈਂਕ ਸਭ ਤੋਂ ਅਗੇ ਰੱਖ ਕੇ ਬਾਕੀਆਂ ਨੂੰ ਹੱਲਾਸ਼ੇਰੀ ਅਤੇ ਯੋਗ ਅਗਵਾਈ ਦਿੱਤੀ। ਇਸ ਦੇ ਕਮਾਂਡਿੰਗ ਅਫ਼ਸਰ ਨੇ ਇਸ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਸ ਦੇ ਹੌਂਸਲੇ ਤੇ ਫ਼ਰਜ਼ ਪ੍ਰਤੀ ਵਫ਼ਾਦਾਰੀ ਤੋਂ ਬਿਨਾਂ ਚਿਣਗਸ ਉਤੇ ਹਮਲਾ ਸਮੇਂ ਸਿਰ ਨਹੀਂ ਸੀ ਹੋ ਸਕਣਾ ਤੇ ਨਾ ਹੀ ਰਾਜੌਰੀ ਤੇ ਵਕਤ ਸਿਰ ਕਬਜ਼ਾ ਹੋ ਸਕਣਾ ਸੀ। ਇਸ ਦੀ ਦੇਸ਼ ਪ੍ਰਤੀ ਵਫ਼ਾਦਾਰੀ, ਹੌਸਲੇ ਅਤੇ ਯੋਗ ਅਗਵਾਈ ਸਦਕਾ ਇਸ ਨੂੰ ਵੀਰ ਚੱਕਰ ਨਾਲ ਸਨਮਾਨਿਆ ਗਿਆ। ਪਿਛੋਂ ਤਰੱਕੀ ਕਰਕੇ ਬ੍ਰੀਗੇਡੀਅਰ ਬਣੇ ਕਰਮ ਸਿੰਘ ਨੂੰ ਦੇਸ਼ ਪ੍ਰਤੀ ਆਪਣੇ ਕਾਰਜਾਂ ਸਦਕਾ ਅਤੀ ਵਸ਼ਿਸ਼ਟ ਸੇਵਾ ਸਨਮਾਨ ਨਾਲ ਵੀ ਨਿਵਾਜਿਆ ਗਿਆ।


ਲੇਖਕ : –ਕਰਨਲ (ਡਾ.) ਦਲਵਿੰਦਰ ਸਿੰਘ ਗਰੇਵਾਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-23-10-42-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.