ਕਰਾਮਾਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਾਮਾਤ (ਨਾਂ,ਇ) ਅਸਚਰਜ ਘਟਨਾ; ਪ੍ਰਾਭੌਤਿਕ ਸ਼ਕਤੀ; ਅਸੰਭਵ ਨੂੰ ਸੰਭਵ ਵਿੱਚ ਤਬਦੀਲ ਕਰ ਦੇਣ ਵਾਲੀ ਸ਼ਕਤੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਰਾਮਾਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਾਮਾਤ [ਨਾਂਇ] ਕੁਦਰਤ ਦੇ ਆਮ ਨਿਯਮਾਂ ਦੇ ਵਿਪਰੀਤ ਘਟੀ ਕੋਈ ਅਸਚਰਜ ਘਟਨਾ, ਚਮਤਕਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਰਾਮਾਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਰਾਮਾਤ ਅ਼ ਕਰਾਮਤ ਦਾ ਬਹੁ ਵਚਨ. ਸਿੱਧੀਆਂ. ਉਹ ਅਲੌਕਿਕ ਸ਼ਕਤੀਆਂ ਜਿਨ੍ਹਾਂ ਦ੍ਵਾਰਾ ਅਣਹੋਣੀ ਬਾਤ ਹੋ ਸਕੇ. ਕਰਾਮਤ ਦਾ ਸਤ੍ਯ ਹੋਣਾ ਹਿੰਦੂ ਅਤੇ ਸਿੱਖਪੁਸ੍ਤਕਾਂ ਤੋਂ ਛੁੱਟ ਯਹੂਦੀ, ਈਸਾਈ ਅਤੇ ਮੁਸਲਮਾਨਾਂ ਦੇ ਗ੍ਰੰਥਾਂ ਵਿੱਚ ਭੀ ਦੇਖੀਦਾ ਹੈ. ਦੇਖੋ, ਜ਼ੱਬੂਰ ਕਾਂਡ ੧੦੫ ਅਤੇ ਕ਼ੁਰਾਨ ਸੂਰਤ ਬਕਰ, ਆਯਤ ੮੭ ਅਰ ਸੂਰਤ ਅਰਾਫ਼, ਆਯਤ ੧੬੦.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਰਾਮਾਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਰਾਮਾਤ: ਅਰਬੀ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਉਹ ਅਲੌਕਿਕ ਸ਼ਕਤੀ, ਜਿਸ ਰਾਹੀਂ ਕੋਈ ਅਸੰਭਵ ਗੱਲ ਸੰਭਵ ਹੋ ਸਕੇ। ਕਈ ਵਾਰ ‘ਕਰਮ ’ (ਕ੍ਰਿਪਾ) ਨਾਲ ਸੰਬੰਧਿਤ ਈਸ਼ਵਰੀ ਕਾਰਵਾਈ ਨੂੰ ਵੀ ‘ਕਰਾਮਾਤ’ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਰਾਮਾਤ ਪਰਮਾਤਮਾ ਦੀ ਉਹ ਵਿਸਮਾਦੀ ਕਾਰਵਾਈ ਹੈ ਜਿਸ ਰਾਹੀਂ ਸੰਤਾਂ/ਭਗਤਾਂ ਦੀ ਰਖਿਆ ਕੀਤੀ ਜਾਂਦੀ ਹੈ।
ਕਰਾਮਾਤ ਨੂੰ ਭਾਰਤੀ ਸੰਸਕ੍ਰਿਤੀ ਵਿਚ ‘ਸਿੱਧੀ ’ ਜਾਂ ‘ਚਮਤਕਾਰ’ ਕਿਹਾ ਜਾਂਦਾ ਹੈ। ਮੁਸਲਮਾਨ ਪੀਰਾਂ ਫ਼ਕੀਰਾਂ ਨਾਲ ਅਨੇਕ ਪ੍ਰਕਾਰ ਦੀਆਂ ਕਰਾਮਾਤਾਂ ਜੁੜੀਆਂ ਹੋਈਆਂ ਮਿਲਦੀਆਂ ਹਨ। ਮੁਸਲਮਾਨਾਂ ਤੋਂ ਇਲਾਵਾ ਸਾਮੀ ਸੰਸਕ੍ਰਿਤੀ ਵਾਲੇ ਹੋਰ ਵੀ ਕਈ ਸਾਧਕਾਂ ਨਾਲ ਇਹ ਪ੍ਰਚਲਿਤ ਹਨ। ਜਨਮਸਾਖੀ ਸਾਹਿਤ ਅਤੇ ਗੁਰਬਿਲਾਸ-ਕਾਵਿ ਵਿਚ ਗੁਰੂ ਸਾਹਿਬਾਨ ਦੇ ਚਰਿਤ੍ਰਾਂ ਉਤੇ ਇਨ੍ਹਾਂ ਦਾ ਆਰੋਪਣ ਕੀਤਾ ਮਿਲਦਾ ਹੈ। ‘ਰਾਇ ਬਲਵੰਡ ਤਥਾ ਸਤੈ ਡੂਮਿ’ ਦੀ ਵਾਰ ਵਿਚ ਗੁਰੂ ਰਾਮਦਾਸ ਜੀ ਦੀ ਸੇਵਾ-ਸਾਧਨਾ ਦੇ ਫਲਸਰੂਪ ਪ੍ਰਾਪਤ ਹੋਈ ਗੁਰਗੱਦੀ ਨੂੰ ਈਸ਼ਵਰੀ ਕਰਾਮਾਤ ਦਸਦਿਆਂ ਰਚੈਤਿਆਂ ਨੇ ਅੰਕਿਤ ਕੀਤਾ ਹੈ— ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ। (ਗੁ.ਗ੍ਰੰ.968)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਕਰਾਮਾਤ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਕਰਾਮਾਤ : ਕਰਾਮਾਤ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਚਮਤਕਾਰ, ਕ੍ਰਿਸ਼ਮਾ, ਖ਼ੂਬੀ ਆਦਿ, ਪਰ ਧਾਰਮਿਕ ਖੇਤਰ ਵਿੱਚ ਇਸ ਦਾ ਅਰਥ ਹੈ ਕੁਦਰਤ ਦੇ ਨਿਯਮਾਂ ਤੋਂ ਉਲਟ ਕੋਈ ਕੰਮ ਜਾਂ ਰੱਬ ਦੀ ਰਜ਼ਾ ਦੇ ਉਲਟ ਵਿਹਾਰ ਜਿਵੇਂ ਪਾਣੀ ਉੱਪਰ ਤੁਰਨਾ, ਆਕਾਸ਼ ਵਿੱਚ ਪੰਛੀਆਂ ਵਾਂਗੂੰ ਉਡਣਾ, ਭੇਸ ਬਦਲ ਲੈਣਾ, ਆਦਿ। ਦੂਸਰੇ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕੋਈ ਵੀ ਅਲੌਕਿਕ ਕੰਮ ਕਰ ਵਿਖਾਉਣਾ ਕਰਾਮਾਤ ਹੈ। ਮੁਸਲਮਾਨ ਦਰਵੇਸ਼ਾਂ ਵਿੱਚ ਕਰਾਮਾਤ ਵਿਖਾਉਣ ਦੀ ਰੁਚੀ ਪ੍ਰਬਲ ਰਹੀ ਹੈ। ਉਹ ਅਧਿਆਤਮਿਕ ਸਾਧਨਾ ਕਰਕੇ ਗੈਬੀ ਸ਼ਕਤੀਆਂ ਨੂੰ ਆਪਣੇ ਅਧੀਨ ਕਰ ਲੈਂਦੇ ਸਨ ਤੇ ਫਿਰ ਉਹਨਾਂ ਦੀ ਵਰਤੋਂ ਕਰਕੇ ਆਮ ਜਨਤਾ ਨੂੰ ਚਮਤਕਾਰ ਵਿਖਾ ਕੇ ਮਗਰ ਲਾ ਲੈਂਦੇ ਸਨ। ਇਸ ਲੋਕ-ਪ੍ਰਿਅਤਾ ਨੂੰ ਉਹ ਆਪਣੇ ਰੁਜ਼ਗਾਰ ਦੇ ਤੌਰ ਤੇ ਵੀ ਵਰਤਦੇ ਸਨ। ਵਿਚਾਰਵਾਨਾਂ ਦਾ ਖ਼ਿਆਲ ਹੈ ਕਿ ਅਜਿਹਾ ਕਰਾਮਾਤੀ ਕਰਮ ਅਧਿਆਤਮਿਕ ਪੱਖੋਂ ਗ਼ਲਤ ਹੈ ਤੇ ਕਰਾਮਾਤੀ ਨੂੰ ਪਤਨ-ਮੁਖੀ ਰਾਹ ਤੇ ਤੋਰਦਾ ਹੈ। ਕਰਾਮਾਤ ਨੂੰ ਦਲੀਲ ਨਾਲ ਦੱਸਿਆ ਜਾਂ ਸਮਝਾਇਆ ਨਹੀਂ ਜਾ ਸਕਦਾ। ਪੰਜਾਬ ਦੇ ਲੋਕ-ਜੀਵਨ ਵਿੱਚ ਪੀਰ ਲਾਲਾਂ ਵਾਲਾ, ਗੁੱਗਾ ਅਤੇ ਹੋਰ ਅਨੇਕਾਂ ਅਜਿਹੇ ਪੀਰ ਹੋਏ ਹਨ ਜਿਹੜੇ ਆਪਣੀਆਂ ਕਰਾਮਾਤਾਂ ਲਈ ਅੱਜ ਵੀ ਯਾਦ ਕੀਤੇ ਜਾਂਦੇ ਹਨ। ਇਤਿਹਾਸਿਕ ਅਤੇ ਧਾਰਮਿਕ ਸਾਹਿਤ ਵਿੱਚ ਅਨੇਕਾਂ ਹਵਾਲੇ ਮਿਲਦੇ ਹਨ ਕਿ ਨਾਥ-ਸਿੱਧ ਸਾਧਨਾ ਕਰਕੇ ਰਿਧੀਆਂ-ਸਿਧੀਆਂ ਪ੍ਰਾਪਤ ਕਰ ਲੈਂਦੇ ਸਨ। ਉਹ ਫਿਰ ਅਲੌਕਿਕ ਕਾਰਨਾਮੇ ਕਰਕੇ ਲੋਕਾਂ ਨੂੰ ਭੈ-ਭੀਤ ਕਰਕੇ ਲੁਟਦੇ ਸਨ ਜਾਂ ਆਪਣੇ ਅਧੀਨ ਕਰਕੇ ਲਾਭ ਉਠਾਉਂਦੇ ਸਨ। ਗੁਰੂ ਨਾਨਕ ਸਾਹਿਬ ਨੂੰ ਅਚਲ ਬਟਾਲੇ ਸਿੱਧਾਂ ਨੇ ਅਜਿਹੀਆਂ ਕਰਾਮਾਤਾਂ ਵਿਖਾ ਕੇ ਭੈ-ਭੀਤ ਤੇ ਆਪਣੇ ਅਧੀਨ ਕਰਨ ਦਾ ਉਪਰਾਲਾ ਕੀਤਾ ਪਰ ਉਹ ਕਾਮਯਾਬ ਨਾ ਹੋਏ। ਭਾਈ ਗੁਰਦਾਸ ਅਨੁਸਾਰ ਉਹਨਾਂ ਨੇ ਤਾਰੇ ਤੋੜੇ, ਹਨੇਰੀਆਂ ਚਲਾਈਆਂ, ਦਰਖ਼ਤ ਹਵਾ ਵਿੱਚ ਉਡਾਏ, ਆਦਿ ਪਰ ਸਤਿਗੁਰੂ ਨੇ ਉਹਨਾਂ ਨੂੰ ਇਹ ਨਾਟਕ ਚੇਟਕ ਕਰਨ ਤੋਂ ਵਰਜਿਆ ਤੇ ਉਪਦੇਸ਼ ਦੇ ਕੇ ਪ੍ਰਭੂ-ਭਗਤੀ ਲਈ ਪ੍ਰੇਰਿਆ।
ਗੁਰਮਤਿ ਵਿੱਚ ਕਰਾਮਾਤ ਨੂੰ ਕਹਿਰ ਆਖਿਆ ਗਿਆ ਹੈ ਕਿਉਂਕਿ ਇਹ ਰੱਬੀ ਰਜ਼ਾ ਦੇ ਉਲਟ ਵਰਤਾਰਾ ਹੈ। ਕਰਾਮਾਤੀ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਦੀ। ਕਈ ਵਾਰੀ ਪ੍ਰਭੂ-ਕ੍ਰਿਪਾ ਨਾਲ, ਅਰਦਾਸ ਕਰਨ ਨਾਲ ਕਰਾਮਾਤ ਵਰਗੀ ਗੱਲ ਹੋ ਜਾਂਦੀ ਹੈ। ਜਾਣ-ਬੁੱਝ ਕੇ ਕਰਾਮਾਤ ਵਿਖਾਉਣਾ ਮਨ੍ਹਾ ਹੈ ਪਰ ਸਹਿਜ-ਸੁਭਾ ਅਜਿਹਾ ਕੁਝ ਵਾਪਰ ਜਾਂਦਾ ਹੈ ਜੋ ਅਲੌਕਿਕ ਹੁੰਦਾ ਹੈ। ਗੁਰ-ਬਿਲਾਸਾਂ, ਜਨਮ-ਸਾਖੀਆਂ ਤੇ ਹੋਰ ਜੀਵਨੀ-ਸਾਹਿਤ ਵਿੱਚ ਗੁਰੂ ਸਾਹਿਬਾਨ ਨਾਲ, ਭਗਤਾਂ ਨਾਲ, ਸਿੱਖਾਂ ਨਾਲ, ਸ਼ਰਧਾਲੂਆਂ ਨਾਲ ਅਜਿਹੀਆਂ ਸਾਖੀਆਂ ਜੋੜੀਆਂ ਗਈਆਂ ਹਨ ਜੋ ਪਹਿਲੀ ਨਜ਼ਰੇ ਕਰਾਮਾਤ ਵਰਗੀਆਂ ਹੀ ਜਾਪਦੀਆਂ ਹਨ।
ਗੁਰੂ ਨਾਨਕ ਜਾਂ ਹੋਰ ਗੁਰੂ ਸਾਹਿਬਾਨ ਨੇ ਪਰਮਾਤਮਾ ਦੀ ਉਸ ਦਾਤ ਨੂੰ ਕਰਾਮਾਤ ਆਖਿਆ ਹੈ ਜੋ ਉਹ ਪ੍ਰਸੰਨ ਹੋ ਕੇ ਆਪਣੇ ਸੇਵਕ ਨੂੰ ਦਿੰਦਾ ਹੈ। ਸ਼ਰਧਾਲੂਆਂ ਦਾ ਵਿਚਾਰ ਹੈ ਪਰਮਾਤਮਾ/ਗੁਰੂ/ਦੇਵਤੇ ਆਪਣੇ ਸੇਵਕ ਦੀ ਅਰਦਾਸ ਸੁਣਦੇ ਹਨ ਤੇ ਜੇਕਰ ਪ੍ਰਸੰਨ ਹੋ ਜਾਣ ਤਾਂ ਉਹ ਇੱਛਾ ਪੂਰਤੀ ਕਰਕੇ ਸੇਵਕ ਨੂੰ ਪ੍ਰਸੰਨ ਕਰ ਦਿੰਦੇ ਹਨ। ਪੌਰਾਣਿਕ ਸਾਹਿਤ ਵਿੱਚ ਅਜਿਹੀਆਂ ਬੇਅੰਤ ਘਟਨਾਵਾਂ ਦੇ ਵੇਰਵੇ ਉਪਲਬਧ ਹਨ ਜਿਨ੍ਹਾਂ ਵਿੱਚ ਸੇਵਕ ਦੀ ਮਨਸਾ ਪੂਰੀ ਹੁੰਦੀ ਵਿਖਾਈ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਘਟਨਾਵਾਂ ਦਾ ਸੰਕੇਤ ਮਿਲਦਾ ਹੈ ਜੋ ਕਰਾਮਾਤ ਨਾਲੋਂ ਘੱਟ ਨਹੀਂ ਜਿਵੇਂ ਕਬੀਰ ਨੂੰ ਗੰਗਾ ਨਹੀਂ ਡੋਬਦੀ, ਹਾਥੀ ਨਹੀਂ ਮਾਰਦਾ, ਨਾਮਦੇਵ ਦੀ ਅਰਦਾਸ ਸੁਣਕੇ ਮੰਦਰ ਦਾ ਦੁਆਰ ਘੁੰਮ ਜਾਂਦਾ ਹੈ, ਮੋਈ ਗਊ ਜੀਵਤ ਹੋ ਜਾਂਦੀ ਹੈ, ਆਦਿ। ਇਹ ਸਹਿਜ ਸੁਭਾ ਜਾਂ ਪ੍ਰਭੂ-ਇੱਛਾ ਅਨੁਸਾਰ ਵਾਪਰਨ ਵਾਲੀਆਂ ਘਟਨਾਵਾਂ ਹਨ ਪਰ ਹਨ ਕਰਾਮਾਤਾਂ।
ਇਉਂ ਜੋ ਸਹਿਜ ਸੁਭਾ, ਪ੍ਰਭੂ-ਇੱਛਾ ਨਾਲ ਵਾਪਰੇ ਉਹ ਕਰਾਮਾਤ ਜਾਇਜ਼ ਹੈ ਪਰ ਜੇਕਰ ਸਾਧਕ ਅਧਿਆਤਮਿਕ ਕਮਾਈ ਨਾਲ ਪ੍ਰਾਪਤ ਸ਼ਕਤੀ ਆਸਰੇ ਕੁਝ ਅਲੌਕਿਕ ਕਰੇ ਉਹ ਕਹਿਰ ਤੁਲ ਹੈ।
ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 2652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-25-04-22-44, ਹਵਾਲੇ/ਟਿੱਪਣੀਆਂ:
ਕਰਾਮਾਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਰਾਮਾਤ, (ਅਰਬੀ : ਕਰਾਮਾਤ, ਕਰਾਮਤ<ਕਰਮ=ਮਿਹਰ ਕਰਨਾ) \ ਇਸਤਰੀ ਲਿੰਗ : ੧. ਅਸਚਰਜ ਸੱਤਾ ਜਾਂ ਸ਼ਕਤੀ ਵਾਲੀ ਘਟਨਾ; ੨. ਅਜੀਬ ਸ਼ਕਤੀ ਜਾਂ ਸੱਤਾ, ਅਣਹੋਣੀ ਬਾਤ, ਸਿੱਧੀ; ੩. ਬੜਾਈ, ਅਜ਼ਮਤ, ਖੂਬੀ, ਅਛਾਈ; ੪. ਬਾਦਸ਼ਾਹਾਂ ਲਈ ਇੱਜ਼ਤ ਦਾ ਹਰਫ਼; ੫. ਨਵਾਜ਼ਿਸ਼, ਬਜ਼ੁਰਗਵਾਰੀ, ਮਿਹਰ, ਕਿਰਪਾ, ਦਯਾ; ੬. ਦੌਲਤ, ਸਰਮਾਇਆ, ਬੜੀ ਚੀਜ਼ (ਲਾਗੂ ਕਿਰਿਆ : ਕਰਨਾ, ਦਿਖਾਉਣਾ, ਦੇਖਣਾ, ਵਿਖਾਉਣਾ, ਵੇਖਣਾ)
–ਕਰਾਮਾਤੀ, ਵਿਸ਼ੇਸ਼ਣ \ ਪੁਲਿੰਗ : ਕਰਾਮਾਤ ਕਰਨ ਜਾਂ ਦਿਖਾਉਣ ਵਾਲਾ, ਕਰਾਮਾਤ ਸਬੰਧੀ
–ਕਰਾਮਾਤਣ, ਇਸਤਰੀ ਲਿੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-01-11-39-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First