ਕਰਿਓਲ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਕਰਿਓਲ: ਪਿਜਿਨ ਭਾਸ਼ਾ ਦੀ ਵਰਤੋਂ ਬਹੁਤ ਘੱਟ ਸਮੇਂ ਲਈ ਕੀਤੀ ਜਾਂਦੀ ਹੈ ਅਤੇ ਇਸ ਦੀਆਂ ਲੋੜਾਂ ਵੀ ਸੀਮਤ ਹੁੰਦੀਆਂ ਹਨ। ਜਦੋਂ ਦੋ ਭਾਸ਼ਾਵਾਂ ਨੂੰ ਬੋਲਣ ਵਾਲੇ ਥੋੜ੍ਹੇ ਸਮੇਂ ਲਈ ਮਿਲਦੇ ਹਨ ਅਤੇ ਸੰਚਾਰ ਕਰਦੇ ਹਨ ਤਾਂ ਉਸ ਸੰਚਾਰ ਦੀ ਭਾਸ਼ਾ ਨੂੰ ਪਿਜਿਨ ਭਾਸ਼ਾ ਕਿਹਾ ਜਾਂਦਾ ਹੈ ਪਰ ਜੇਕਰ ਇਸ ਪਰਕਾਰ ਦੀ ਭਾਸ਼ਾਈ ਸਥਿਤੀ ਲਗਾਤਾਰ ਬਣੀ ਰਹੇ ਤਾਂ ਪਿਜਿਨ ਭਾਸ਼ਾ ਦੇ ਸਥਿਰ ਨਿਯਮ ਹੋਂਦ ਵਿਚ ਆ ਜਾਂਦੇ ਹਨ। ਇਸ ਪਰਕਾਰ ਦੀ ਭਾਸ਼ਾਈ ਸਥਿਤੀ ਉਸ ਵਕਤ ਬਣਦੀ ਹੈ ਜਦੋਂ ਇਕ ਭਾਸ਼ਾ ਦੇ ਬੁਲਾਰੇ ਤੱਕ ਪੱਕੇ ਤੌਰ ’ਤੇ ਦੂਜੇ ਭਾਸ਼ਾਈ ਖਿੱਤੇ ਵਿਚ ਵਸਨੀਕ ਬਣ ਜਾਂਦੇ ਹਨ। ਸਥਿਤੀ ਦੀ ਲੋੜ ਮੁਤਾਬਕ ਉਨ੍ਹਾਂ ਨੂੰ ਸਥਾਨਕ ਭਾਸ਼ਾ ਬਿਨਾਂ ਕਿਸੇ ਤਕਨੀਕੀ ਵਿਧੀ ਰਾਹੀਂ ਸਿੱਖਣੀ ਪੈਂਦੀ ਹੈ ਤਾਂ ਪਿਜਿਨ ਭਾਸ਼ਾ ਦੀ ਥਾਂ ਕਰਿਓਲ ਭਾਸ਼ਾ ਲੈ ਲੈਂਦੀ ਹੈ। ਕਰਿਓਲ ਭਾਸ਼ਾ ਕਿਸੇ ਇਕ ਭਾਸ਼ਾਈ ਬਰਾਦਰੀ ਦੀ ਮਾਤ-ਭਾਸ਼ਾ ਬਣ ਜਾਂਦੀ ਹੈ ਅਤੇ ਲਗਾਤਾਰ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ ਕਿਉਂਕਿ ਉਹ ਸਮੂਹ ਆਪਸ ਵਿਚ ਤਾਂ ਆਪਣੀ ਭਾਸ਼ਾ ਵਿਚ ਸੰਚਾਰ ਕਰਦੇ ਹਨ ਪਰ ਜਦੋਂ ਉਨ੍ਹਾਂ ਦਾ ਦੂਜੇ ਲੋਕਾਂ ਨਾਲ ਸੰਪਰਕ ਹੁੰਦਾ ਹੈ ਤਾਂ ਉਸ ਭਾਸ਼ਾ ਦੇ ਕਰਿਓਲ ਰੂਪ ਦੀ ਵਰਤੋਂ ਕਰਦੇ ਹਨ। ਪਿਜਿਨ ਭਾਸ਼ਾਈ ਮਾਪਿਆਂ ਦੇ ਬੱਚੇ ਆਮ ਤੌਰ ’ਤੇ ਪਿਜਿਨ ਭਾਸ਼ਾ ਨੂੰ ਮਾਤ-ਭਾਸ਼ਾ ਦੇ ਤੌਰ ਤੇ ਗ੍ਰਹਿਣ ਕਰ ਲੈਂਦੇ ਹਨ। ਇਸ ਸਥਿਤੀ ਵਿਚ ਮਾਪਿਆਂ ਦੀ ਪਿਜਿਨ ਬੱਚਿਆਂ ਦੀ ਕਰਿਓਲ ਬਣ ਜਾਂਦੀ ਹੈ। ਕਰਿਓਲ ਭਾਸ਼ਾ ਉਸ ਸਥਿਤੀ ਵਿਚ ਹੋਂਦ ਵਿਚ ਆਉਂਦੀ ਹੈ ਜਦੋਂ ਘੱਟ ਗਿਣਤੀ ਬੁਲਾਰੇ ਕਿਸੇ ਦੂਜੇ ਬਹੁ-ਗਿਣਤੀ ਲੋਕਾਂ ਦੀਆਂ ਭਾਸ਼ਾਵਾਂ ਦੇ ਸੰਪਰਕ ਵਿਚ ਆਉਂਦੇ ਹਨ। ਕਰਿਓਲ ਦਾ ਵਿਧੀਵਤ ਢੰਗ ਨਾਲ ਅਧਿਅਨ ਕੀਤਾ ਜਾ ਸਕਦਾ ਹੈ ਕਿਉਂਕਿ ਸੰਪਰਕ ਵਿਚ ਲਗਾਤਾਰ ਰਹਿਣ ਨਾਲ ਇਸ ਦਾ ਆਪਣਾ ਇਕ ਭਾਸ਼ਾਈ ਰੂਪ ਉਜਾਗਰ ਹੋ ਸਕਦਾ ਹੈ ਜਿਸ ਦੀ ਆਪਣੀ ਇਕ ਵਿਆਕਰਨ ਹੁੰਦੀ ਹੈ। ਕਰਿਓਲ ਭਾਸ਼ਾਵਾਂ ਦੀ ਸਥਿਤੀ ਪਹਿਲੇ ਪਹਿਲੇ ਅਫਰੀਕੀ ਗੁਲਾਮਾਂ ਦੀ ਔਲਾਦ ਦੁਆਰਾ ਹੋਂਦ ਵਿਚ ਆਈ ਜੋ ਮਜ਼ਬੂਰੀਵੱਸ ਦੂਜੇ ਭਾਸ਼ਾਈ ਖਿੱਤੇ ਦੇ ਵਸਨੀਕ ਬਣਦੇ ਸਨ। ਇਹ ਸਥਿਤੀ ਕੇਵਲ ਗੁਲਾਮਾਂ ਵਿਚ ਹੀ ਨਹੀਂ ਸਗੋਂ ਅਜੋਕੇ ਸਮਾਜ ਵਿਚ ਵੀ ਬਹੁਤ ਭਾਸ਼ਾਈ ਗੁੱਟ ਇਸ ਪਰਕਾਰ ਦੇ ਹਨ ਜੋ ਹੋਰਨਾਂ ਕਾਰਨਾਂ ਕਰਕੇ ਬਹੁ-ਭਾਸ਼ਾਈ ਲੋਕਾਂ ਵਿਚ ਵਿਚਰਦੇ ਹਨ ਅਤੇ ਉਨ੍ਹਾਂ ਦੀ ਭਾਸ਼ਾ ਕਰਿਓਲ ਹੈ। ਸਮਾਂ ਪਾ ਕੇ ਕਰਿਓਲ ਮਾਤ-ਭਾਸ਼ਾ ਦਾ ਬੁਲਾਰਾ ਅਤੇ ਉਸ ਦੀ ਸੰਤਾਨ ਸਥਾਨਕ ਭਾਸ਼ਾ ਵਿਚ ਰਚਮਿਚ ਜਾਂਦੀ ਹੈ। ਉਸ ਦੀ ਮਾਤ-ਭਾਸ਼ਾ ਬਹੁ-ਗਿਣਤੀ ਲੋਕਾਂ ਦੀ ਭਾਸ਼ਾ ਬਣ ਜਾਂਦੀ ਹੈ। ਇਸ ਤਰ੍ਹਾਂ ਕਰਿਓਲ ਇਕ ਭਾਸ਼ਾਈ ਰੂਪ ਹੈ ਜੋ ਪਿਜਿਨ ਭਾਸ਼ਾਵਾਂ ਤੋਂ ਪੈਦਾ ਹੁੰਦਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First