ਕਰਿਓਲ ਭਾਸ਼ਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਰਿਓਲ ਭਾਸ਼ਾ : ਕਰਿਓਲ ਮੂਲ ਰੂਪ ਵਿੱਚ ਲੈਟਿਨ ਭਾਸ਼ਾ ਦਾ ਸ਼ਬਦ ਹੈ ਅਤੇ ਇਸਦਾ ਮੂਲ ਅਰਥ ਹੈ ‘ਬਣਾਇਆ ਹੋਇਆ’। ਇਹ ਸ਼ਬਦ ਫ਼੍ਰਾਂਸੀਸੀ ਭਾਸ਼ਾ ਤੋਂ ਹੁੰਦਾ ਹੋਇਆ ਅੰਗਰੇਜ਼ੀ ਵਿੱਚ ਆਇਆ ਹੈ। ਹੁਣ ਕਰਿਓਲ ਅੰਤਰ-ਰਾਸ਼ਟਰੀ ਤਕਨੀਕੀ ਸ਼ਬਦ ਬਣ ਗਿਆ ਹੈ।

     ਇੱਕ ਹੋਰ ਤੱਥ ਕਿ ਸ਼ਬਦ ‘ਕਰਿਓਲ’ ਸਪੈਨੀ ਭਾਸ਼ਾ ਦੇ ਸ਼ਬਦ (Criolo) ਤੋਂ ਬਣਿਆ ਹੈ ਜਿਸਦਾ ਅੱਖਰੀ ਅਰਥ ‘ਸੁਭਾਵਿਕ’ ਜਾਂ ‘ਜਮਾਂਦਰੂ’ ਹੈ। ਸੋ ਪਿਜਿਨ ਤੋਂ ਵਿਕਸਿਤ ਹੋਈ ਭਾਸ਼ਾ ਨੂੰ ਕਰਿਓਲ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਜਦੋਂ ਪਿਜਿਨ (ਵੇਖੋ: ਪਿਜਿਨ) ਕਿਸੇ ਭਾਸ਼ਾਈ ਸਮਾਜ ਦੀ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਇਹ ਇੱਕ ਪੂਰਨ ਕੁਦਰਤੀ ਭਾਸ਼ਾ ਵਾਂਗ ਕਾਰਜ ਕਰਨ ਤੇ ਸਮਰੱਥ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਵਿਸਤ੍ਰਿਤ ਹੋਈ ਪਿਜਿਨ ਭਾਸ਼ਾ ਨੂੰ ਕਰਿਓਲ ਦਾ ਨਾਂ ਦਿੱਤਾ ਜਾਂਦਾ ਹੈ।

     ਕਰਿਓਲ ਭਾਸ਼ਾਵਾਂ ਵੀ ਪਿਜਿਨ ਵਾਂਗ ਸੀਮਾਂਤੀ ਹੁੰਦੀਆਂ ਹਨ। ਕਿਉਂਕਿ ਇਹ ਵੀ ਵੱਖ-ਵੱਖ ਭਾਸ਼ਾਈ ਸਮੂਹਾਂ ਦੇ ਥੋੜ੍ਹੇ ਚਿਰ ਲਈ ਸੰਪਰਕ ਸਦਕਾ ਹੋਂਦ ਵਿੱਚ ਆਉਂਦੀਆਂ ਹਨ, ਜੇਕਰ ਇਹ ਸੰਪਰਕ ਲੰਮੇ ਸਮੇਂ ਲਈ ਚੱਲਦਾ ਰਹੇ ਅਤੇ ਦੋਵੇਂ ਭਾਸ਼ਾਈ ਸਮੂਹ ਇੱਕ ਦੂਜੇ ਦੀ ਭਾਸ਼ਾ ਨੂੰ ਸਿੱਖਣ ਦੇ ਯਤਨ ਵਜੋਂ ਕਾਮਯਾਬੀ ਹਾਸਲ ਕਰ ਲੈਣ। ਅਜਿਹੀ ਸਥਿਤੀ ਵਿੱਚ ਜਿਹੜੀ ਪਿਜਿਨ ਪਹਿਲਾਂ ਕਿਸੇ ਦੀ ਮਾਂ-ਬੋਲੀ ਨਹੀਂ ਹੁੰਦੀ, ਉਹ ਵਧੇਰੀ ਵਰਤੋਂ ਕਰਨ ਅਤੇ ਸਮਾਂ ਪਾ ਕੇ ਕਿਸੇ ਥਾਂ ਤੇ ਸਥਿਰ ਹੋ ਜਾਂਦੀ ਹੈ ਅਤੇ ਕਿਸੇ ਇੱਕ ਭਾਸ਼ਾਈ ਸਮਾਜ ਦੀ ਮਾਂ-ਬੋਲੀ ਬਣ ਜਾਂਦੀ ਹੈ ਜਿਸ ਨੂੰ ਬੱਚੇ ਬਚਪਨ ਤੋਂ ਹੀ ਮਾਂ-ਬੋਲੀ ਦੇ ਤੌਰ ਤੇ ਗ੍ਰਹਿਣ ਕਰਦੇ ਹਨ। ਅਜਿਹੀ ਸਥਿਤੀ ਉਹਨਾਂ ਭਾਸ਼ਾਈ ਸਮੂਹਾਂ ਵਿੱਚ ਪਾਈ ਜਾਂਦੀ ਹੈ ਜਿੱਥੇ ਮਾਂ-ਪਿਉ ਵੱਖੋ-ਵੱਖਰੇ ਸਮੂਹਾਂ ਨਾਲ ਸੰਬੰਧਿਤ ਹੁੰਦੇ ਹਨ ਪਰ ਆਪਣੇ ਬੱਚਿਆਂ ਨਾਲ ਪਿਜਿਨ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਬੱਚਿਆਂ ਲਈ ਇਹੋ ਪਿਜਿਨ ਮਾਂ-ਭਾਸ਼ਾ ਹੁੰਦੀ ਹੈ ਜਿਸ ਨੂੰ ਉਹ ਬਚਪਨ ਤੋਂ ਸਿੱਖ ਰਹੇ ਹੁੰਦੇ ਹਨ। ਜਿਸ ਭਾਸ਼ਾ ਦਾ ਆਧਾਰ ਪਿਜਿਨ ਹੋਵੇ ਅਤੇ ਉਹ ਕਿਸੇ ਸਮੂਹ ਲਈ ਮਾਂ-ਭਾਸ਼ਾ ਦੇ ਤੌਰ ਤੇ ਵਰਤੀ ਜਾਵੇ ਤਾਂ ਉਸ ਨੂੰ ਕਰਿਓਲ ਕਿਹਾ ਜਾਂਦਾ ਹੈ ਅਤੇ ਇਸ ਨੂੰ ਵੱਖੋ-ਵੱਖਰੇ ਕਾਰਜਾਂ ਲਈ ਵਰਤਿਆ ਜਾਂਦਾ ਹੈ। ਅਜਿਹੀਆਂ ਕਰਿਓਲ ਭਾਸ਼ਾਵਾਂ ਦੀ ਵਰਤੋਂ ਅਮਰੀਕਾ ਵਿੱਚ ਵੱਸਦੇ ਉਹਨਾਂ ਅਫ਼ਰੀਕੀ ਦਾਸ-ਜਾਤੀ ਦੀਆਂ ਸੰਤਾਨਾਂ ਵਿੱਚ ਮਿਲਦੀ ਹੈ ਜਿਨ੍ਹਾਂ ਦੇ ਮਾਪੇ ਅਮਰੀਕਾ ਵੱਲੋਂ ਗ਼ੁਲਾਮ ਬਣਾ ਕੇ ਰੱਖੇ ਜਾਂਦੇ ਸਨ। ਇਹਨਾਂ ਨੂੰ ਵੱਖੋ-ਵੱਖਰੀਆਂ ਥਾਂਵਾਂ ਤੋਂ ਲਿਆਂਦਾ ਹੋਣ ਕਾਰਨ ਇਹ ਆਪਸੀ ਗੱਲ-ਬਾਤ ਪਿਜਿਨ ਵਿੱਚ ਹੀ ਕਰਦੇ ਸਨ ਜਿਨ੍ਹਾਂ ਤੋਂ ਉਹਨਾਂ ਦੇ ਬੱਚਿਆਂ ਦਾ ਇਸ ਭਾਸ਼ਾ ਨੂੰ ਆਪਣੀ ਮਾਂ-ਭਾਸ਼ਾ ਵਜੋਂ ਸਿੱਖਣਾ ਕੁਦਰਤੀ ਅਤੇ ਸੁਭਾਵਿਕ ਹੋ ਜਾਂਦਾ ਸੀ।

     ਆਰ. ਏ. ਹਡਸਨ ਨੇ ਲਿਖਿਆ ਹੈ ਕਿ ਮਾਂ-ਭਾਸ਼ਾ ਦੇ ਤੌਰ ਤੇ ਗ੍ਰਹਿਣ ਕੀਤੀ ‘ਪਿਜਿਨ’ ਹੀ ਕਰਿਓਲ ਬਣ ਜਾਂਦੀ ਹੈ। ਪਿਜਿਨ-ਭਾਸ਼ੀ ਦੰਪਤੀ ਦੇ ਬੱਚੇ ਪਿਜਿਨ ਨੂੰ ਮਾਂ-ਭਾਸ਼ਾ ਵਜੋਂ ਗ੍ਰਹਿਣ ਕਰਦੇ ਹਨ। ਇਸ ਲਈ ਬੱਚਿਆਂ ਲਈ ਮਾਂ-ਪਿਉ ਦੀ ਪਿਜਿਨ, ਕਰਿਓਲ ਬਣ ਜਾਂਦੀ ਹੈ।

     ਪਿਜਿਨ ਅਤੇ ਕਰਿਓਲ ਦੋਵਾਂ ਭਾਸ਼ਾਵਾਂ ਦੀਆਂ ਬਣਤਰਾਂ ਵਿੱਚ ਫ਼ਰਕ ਹੁੰਦਾ ਹੈ ਕਿਉਂਕਿ ਇਹਨਾਂ ਦੀ ਉਤਪਤੀ ਵੱਖੋ-ਵੱਖਰੇ ਭਾਸ਼ਾ ਬੋਲਦੇ ਲੋਕਾਂ ਦੇ ਆਪਸੀ ਸੰਪਰਕ ਦਾ ਸਿੱਟਾ ਹੁੰਦੀ ਹੈ। ਇਹੋ ਕਾਰਨ ਹੈ ਕਿ ਇਹਨਾਂ ਦੀ ਜੁਗਤ ਮੂਲ ਭਾਸ਼ਾਵਾਂ ਨਾਲੋਂ ਅੱਡਰੀ ਹੁੰਦੀ ਹੈ। ਅਸਲ ਵਿੱਚ ਇਹ ਭਿੰਨ-ਭਿੰਨ ਭਾਸ਼ਾ ਪ੍ਰਣਾਲੀਆਂ ਦਾ ਆਪਸੀ ਸੰਪਰਕ ਨਹੀਂ ਹੁੰਦਾ ਬਲਕਿ ਉਹਨਾਂ ਪ੍ਰਣਾਲੀਆਂ ਦੀ ਵਰਤੋਂ ਕਰਨ ਵਾਲੇ ਵਕਤਿਆਂ ਦਾ ਸੰਪਰਕ ਹੁੰਦਾ ਹੈ ਜਿਨ੍ਹਾਂ ਦਾ ਆਪੋ-ਆਪਣਾ ਰਸਮੋ-ਰਿਵਾਜ ਅਤੇ ਸੱਭਿਆਚਾਰ ਵਿਸ਼ੇਸ਼ ਪ੍ਰਕਾਰ ਦਾ ਹੁੰਦਾ ਹੈ। ਇਹਨਾਂ ਦਾ ਸੰਪਰਕ ਇੱਕ ਨਵੀਂ ਨੁਹਾਰ ਅਤੇ ਕਦਰਾਂ-ਕੀਮਤਾਂ ਵਾਲੀ ਵਿਲੱਖਣ ਭਾਸ਼ਾ ਨੂੰ ਹੋਂਦ ਵਿੱਚ ਲਿਆਉਂਦਾ ਹੈ ਜਿਸ ਨੂੰ ਕਰਿਓਲ ਭਾਸ਼ਾ ਦਾ ਨਾਂ ਦਿੱਤਾ ਜਾਂਦਾ ਹੈ।

     ਸਮੇਂ ਦੇ ਬੀਤਣ ਨਾਲ ਮਨੁੱਖ ਦੀ ਸੋਚ ਵਿੱਚ ਵਾਧਾ ਹੁੰਦਾ ਜਾਂਦਾ ਹੈ। ਇਸ ਸੋਚ ਦੇ ਪਸਾਰ ਸਦਕਾ ਉਸ ਦੀਆਂ ਲੋੜਾਂ ਵਧਦੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰੀਆਂ ਕਰਨ ਲਈ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਪਿਜਿਨ ਭਾਸ਼ਾ ਜਿਸਦਾ ਘੇਰਾ ਸੀਮਤ ਹੁੰਦਾ ਹੈ ਜੋ ਮਨੁੱਖ ਦੀਆਂ ਅਸੀਮਤ ਲੋੜਾਂ ਨੂੰ ਪੂਰੀਆਂ ਨਹੀਂ ਕਰ ਸਕਦੀ। ਇਸ ਸਥਿਤੀ ਵਿੱਚ ਪਿਜਿਨ ਨੂੰ ਕਰਿਓਲ ਵਿੱਚ ਰੂਪਾਂਤਰਿਤ ਕਰਨ ਲਈ ਜੋ ਪ੍ਰਕਿਰਿਆ ਹੁੰਦੀ ਹੈ,ਉਸ ਨੂੰ ਕਰਿਓਲੀਕਰਨ ਕਿਹਾ ਜਾਂਦਾ ਹੈ। ਇਸ ਵਿਧੀ ਰਾਹੀਂ ਦੋਹਾਂ ਸੰਪਰਕ ਵਿੱਚ ਆਈਆਂ ਭਾਸ਼ਾਵਾਂ ਦੀ ਵਰਤੋਂ ਦੁਆਰਾ ਸਾਰੇ ਭਾਸ਼ਾਈ ਪੱਧਰਾਂ ਦਾ ਪਸਾਰ ਹੁੰਦਾ ਹੈ ਜਿਸ ਕਰ ਕੇ ਧੁਨੀਆਂ, ਸ਼ਬਦਾਵਲੀ ਅਤੇ ਵਿਆਕਰਨਿਕ ਨਿਯਮਾਂ ਵਿੱਚ ਕਾਫ਼ੀ ਵਾਧਾ ਹੁੰਦਾ ਹੈ। ਸੋ ਇਸ ਵੱਧ ਪਸਾਰ ਵਾਲੀ ਭਾਸ਼ਾ ਕਰਿਓਲ ਨਾਲ ਅਸੀਮਿਤ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਹੈ। ਸਮਾਜਿਕ ਦ੍ਰਿਸ਼ਟੀਕੋਣ ਤੋਂ ਕਰਿਓਲ ਭਾਸ਼ਾ ਪਿਜਿਨ ਨਾਲੋਂ ਵੱਧ ਮਹੱਤਵਪੂਰਨ ਹੈ ਅਤੇ ਇਸਦੇ ਬੁਲਾਰਿਆਂ ਦੀ ਗਿਣਤੀ ਵੀ ਵੱਧ ਹੁੰਦੀ ਹੈ। ਇਸਦਾ ਇਤਿਹਾਸ ਬਿਲਕੁਲ ਨਵਾਂ ਹੈ ਅਤੇ ਇਹ ਦਰਸਾਉਂਦਾ ਹੈ ਕਿ ਪੁਰਾਤਨ ਭਾਸ਼ਾਵਾਂ ਤੋਂ ਨਵੀਆਂ ਭਾਸ਼ਾਵਾਂ ਕਿਵੇਂ ਸੰਪਰਕ ਸਥਿਤੀ ਵਿੱਚ ਵੱਖੋ-ਵੱਖਰੇ ਰੂਪ ਧਾਰਨ ਕਰਦੀਆਂ ਹਨ।

     ਸਾਡੇ ਦੇਸ਼ ਵਿੱਚ ਵੀ ਮੁਗ਼ਲ, ਈਰਾਨੀ, ਅਰਬ ਅਤੇ ਤੁਰਕ ਸਾਰੀਆਂ ਵਿਦੇਸ਼ੀ ਨਸਲਾਂ ਨੇ ਪੰਜਾਬ ਅਤੇ ਹੋਰ ਭਾਰਤੀ ਭਾਸ਼ਾਵਾਂ ਦੇ ਸ਼ਬਦ ਆਪਣੀਆਂ ਮੁਲਕੀ ਭਾਸ਼ਾਵਾਂ ਵਿੱਚ ਸ਼ਾਮਲ ਕੀਤੇ ਸਨ। ਇਸ ਮਿਲਣ ਦੇ ਨਤੀਜੇ ਵਜੋਂ, ਬਾਅਦ ਵਿੱਚ ਆ ਕੇ ‘ਉਰਦੂ` ਭਾਸ਼ਾ ਦਾ ਜਨਮ ਹੋਇਆ ਸੀ। ‘ਉਰਦੂ` ਹੀ ਇੱਕ ਅਜਿਹੀ ਭਾਸ਼ਾ ਹੈ ਜੋ ਪੂਰੇ ਤੌਰ ਤੇ ਕਰਿਓਲ ਕਹੀ ਜਾ ਸਕਦੀ ਹੈ। ਪਰੰਤੂ ਉਰਦੂ ਹੁਣ ਕਰਿਓਲ ਨਹੀਂ ਰਹੀ, ਸੰਪੂਰਨ ਮਾਤ-ਭਾਸ਼ਾ ਦੇ ਤੌਰ ਤੇ ਸਥਾਪਿਤ ਹੋ ਗਈ ਹੈ। ਅਸਲ ਵਿੱਚ ਉਰਦੂ-ਫ਼ਾਰਸੀ ਅੱਖਰਾਂ ਵਿੱਚ ਲਿਖੀ ਹਿੰਦੀ ਹੀ ਹੈ।


ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.