ਕਰੇਵਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਰੇਵਾ : ਪੁਨਰ (ਦੁਬਾਰਾ) ਵਿਆਹ ਨੂੰ ਕਰੇਵਾ ਕਹਿੰਦੇ ਹਨ। ਪੁਨਰ ਵਿਆਹ ਦੇ ਇੱਕ ਹੋਰ ਰੂਪ ਨੂੰ ‘ਚਾਦਰ ਪਾਉਣਾ’ ਵੀ ਕਿਹਾ ਜਾਂਦਾ ਹੈ। ਵਿਧਵਾ ਜਾਂ ਤਲਾਕ-ਸ਼ੁਦਾ ਇਸਤਰੀ ਦੇ ਮਾਪਿਆਂ ਦੀ ਰਜ਼ਾਮੰਦੀ ਨਾਲ ਪਹਿਲੇ ਪਤੀ ਦੇ ਟੱਬਰ ਤੋਂ ਬਾਹਰ ਕਿਸੇ ਹੋਰ ਟੱਬਰ ਦੇ ਵਿਅਕਤੀ ਨਾਲ ਵਿਆਹ ਸੰਬੰਧ ਜੋੜ ਲੈਣ ਨੂੰ ‘ਕਰੇਵਾ’ ਕਿਹਾ ਜਾਂਦਾ ਹੈ ਪਰ ਜੇਕਰ ਵਿਧਵਾ ਇਸਤਰੀ (ਪਤੀ ਦੀ ਮੌਤ ਜਾਂ ਪਤੀ ਦੇ ਲਾ-ਪਤਾ ਹੋਣ ਦੀ ਸੂਰਤ ਵਿੱਚ) ਪਹਿਲੇ ਸਹੁਰਾ ਪਰਿਵਾਰ ਦੇ ਅੰਗਾਂ-ਸਾਕਾਂ (ਸੱਕੇ ਜਾਂ ਮਤੇਏ ਦਿਉਰ/ਜੇਠ) ਦੇ ਰਿਸ਼ਤੇ ਵਿੱਚ ਹੀ ਦੁਬਾਰਾ ਵਿਆਹ ਸੰਬੰਧ ਜੋੜ ਲਵੇ ਤਾਂ ਅਜਿਹੇ ਵਿਆਹ ਸੰਬੰਧਾਂ ਨੂੰ ‘ਚਾਦਰ ਪਾਉਣਾ’ ਕਿਹਾ ਜਾਂਦਾ ਹੈ।

     ਪ੍ਰਾਚੀਨ ਸਮਿਆਂ ਅਤੇ ਖ਼ਾਸ ਕਰ ਹਿੰਦੂ ਰਾਜਪੂਤ ਸਮਾਜ ਵਿੱਚ ਪੁਨਰ-ਵਿਆਹ ਨੂੰ ਮੰਦਾ ਸਮਝਿਆ ਜਾਂਦਾ ਰਿਹਾ ਹੈ। ਹਿੰਦੂ ਰਾਜਪੂਤਾਂ ਵਿੱਚ ਵਿਧਵਾ ਇਸਤਰੀ ਦੇ ਕਿਸੇ ਦੂਜੀ ਥਾਂ ਵਿਆਹ ਕਰਵਾ ਕੇ ਰਹਿਣ ਨੂੰ ਇੱਜ਼ਤ ’ਤੇ ਲੱਗੀ ਠੇਸ ਸਮਝਿਆ ਜਾਂਦਾ ਸੀ। ਇਸ ਕਾਰਨ ਵਿਧਵਾ ਇਸਤਰੀਆਂ ਜਾਂ ਤਾਂ ਘਰਾਂ ਵਿੱਚ ਹੀ ਇਕਲਾਪੇ ਦਾ ਜੀਵਨ ਬਿਤਾਉਂਦੀਆਂ ਸਨ ਜਾਂ ਪਤੀ ਦੀ ਚਿਖ਼ਾ ਵਿੱਚ ਆਤਮਦਾਹ ਕਰ ਕੇ ਸਤੀ ਹੋ ਜਾਇਆ ਕਰਦੀਆਂ ਸਨ। ਭਾਰਤੀ ਸਮਾਜ ਵਿੱਚ ਉੱਠੀਆਂ ਸਮਾਜ ਸੁਧਾਰ ਲਹਿਰਾਂ ਕਾਰਨ, ਇਸਤਰੀ ਚੇਤਨਾ ਪ੍ਰਤਿ ਆਈ ਜਾਗ੍ਰਿਤੀ ਅਤੇ ਅੰਗਰੇਜ਼ਾਂ ਦੇ ਭਾਰਤ ਆਉਣ ’ਤੇ ਸਤੀ ਪ੍ਰਥਾ ਕਾਨੂੰਨਣ ਤੌਰ ਤੇ ਖ਼ਤਮ ਕਰ ਦਿੱਤੀ ਗਈ। ਜਿਸ ਨਾਲ ਪੁਨਰ ਵਿਆਹ ਦੀ ਰੀਤ ਜੋ ਪਹਿਲਾਂ ਚਾਦਰ ਪਾਉਣ ਤੱਕ ਹੀ ਸੀਮਤ ਸੀ, ਕਰੇਵੇ ਦੇ ਰੂਪ ਵਿੱਚ ਹੀ ਪ੍ਰਵਾਨ ਹੋ ਗਈ।

     ਬਹੁਤੀਆਂ ਹਾਲਤਾਂ ਵਿੱਚ ਵਿਧਵਾ ਇਸਤਰੀਆਂ ਤਲਾਕ ਜਾਂ ਪਤੀ ਦੀ ਮੌਤ ਪਿੱਛੋਂ ਪੇਕੇ ਘਰ ਆ ਜਾਂਦੀਆਂ ਹਨ। ਮਾਪਿਆਂ ਜਾਂ ਸਰਪ੍ਰਸਤਾਂ ਵੱਲੋਂ ਵਿਧਵਾ ਦੀ ਉਮਰ ਅਤੇ ਯੋਗਤਾ ਅਨੁਸਾਰ, ਸਾਥੀ ਤਲਾਸ਼ ਕਰ ਕੇ ਪੁਨਰ- ਵਿਆਹ ਕਰ ਦਿੱਤਾ ਜਾਂਦਾ ਹੈ। ਅਜਿਹਾ ਵਿਆਹ ‘ਕਰੇਵਾ’ ਅਖਵਾਉਂਦਾ ਹੈ। ਕਰੇਵੇ ਸਮੇਂ ਬਹੁਤੀਆਂ ਹਾਲਤਾਂ ਵਿੱਚ ਨਾ ਤਾਂ ਦੁਬਾਰਾ ਫੇਰੇ ਕੀਤੇ ਜਾਂਦੇ ਹਨ ਅਤੇ ਨਾ ਹੀ ਵਿਆਹੁਤਾ ਇਸਤਰੀ ਨੂੰ ਦੁਬਾਰਾ ਡੋਲੀ ਵਿੱਚ ਬਿਠਾਏ ਜਾਣ ਦੀ ਰੀਤ ਹੈ। ਜੇਕਰ ਇਸਤਰੀ ਦੇ ਟਾਕਰੇ ਪੁਰਸ਼ ਦਾ ਵੀ ਦੂਜਾ ਵਿਆਹ ਹੋ ਰਿਹਾ ਹੋਵੇ ਤਾਂ ਵਿਆਹ ਨਾਲ ਸੰਬੰਧਿਤ ਰਸਮਾਂ ਨੂੰ ਬਹੁਤ ਸਾਦਾ ਅਤੇ ਬਿਨਾ ਵਿਖਾਵੇ ਦੇ ਨਿਭਾਇਆ ਜਾਂਦਾ ਹੈ। ਇਸਤਰੀ ਵਿਧਵਾ ਹੋਵੇ ਅਤੇ ਉਸਦੇ ਪਹਿਲੇ ਵਿਆਹ ਨੂੰ ਬਹੁਤਾ ਸਮਾਂ ਵੀ ਨਾ ਹੋਇਆ ਹੋਵੇ ਤਾਂ ਕਰੇਵੇ ਦੀਆਂ ਰਸਮਾਂ ਸਮੇਂ ਬਹੁਤੇ ਅੰਗਾਂ-ਸਾਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ। ਹਿੰਦੂ ਪਰਿਵਾਰਾਂ ਵਿੱਚ ਅਗਨੀ ਅਤੇ ਸਿੱਖ ਪਰਿਵਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਦੂਜੇ ਦੀ ਝੋਲੀ ਵਿੱਚ ਸਗਨ ਪਾ ਕੇ ਸੰਬੰਧ ਜੋੜ ਲਏ ਜਾਂਦੇ ਹਨ। ਕਿਸੇ ਅਜਿਹੀ ਸਥਿਤੀ ਵਿੱਚ ਜਿਸ ਵਿੱਚ ਇੱਕ ਜਾਂ ਦੋਹਾਂ ਧਿਰਾਂ ਦੇ ਬੱਚੇ ਹੋਣ ਤਾਂ ਭਵਿੱਖ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਅਪਣਾਏ ਜਾਣ ਦੀ ਰੀਤ ਹੈ।

     ਕਿਸੇ ਅਜਿਹੀ ਹਾਲਤ ਵਿੱਚ ਜੇਕਰ ਵਿਧਵਾ ਇਸਤਰੀ ਨੂੰ ਟੱਬਰ ਵਿੱਚ ਹੀ ਰੱਖਣਾ ਹੋਵੇ ਤਾਂ ਵਿਧਵਾ ਇਸਤਰੀ ਦੇ ਸਹੁਰਾ ਪਰਿਵਾਰ ਵੱਲੋਂ ਸਾਕਾਦਾਰੀ ਵਿੱਚੋਂ ਲੱਗਦੇ ਵਿਧਵਾ ਦੇ ਦਿਉਰ (ਦੇਵਰ) ਜਾਂ (ਅਣ-ਵਿਆਹੇ/ਪਤਨੀ ਵਿਹੂਣੇ) ਜੇਠ ਨਾਲ ਚਾਦਰ ਪਾ ਦਿੱਤੀ ਜਾਂਦੀ ਹੈ। ਵਿਧਵਾ ਇਸਤਰੀ ਦੀ ਉਮਰ ਅਤੇ ਸੁਹੱਪਣ ਟਾਕਰੇ ਜੇਕਰ ਦੇਵਰ ਦੀ ਉਮਰ ਛੋਟੀ ਹੋਵੇ ਤਾਂ ਅਣਵਿਆਹੇ ਮੁੰਡੇ ਲਈ ਭਰਾ ਦੀ ਪਤਨੀ ਨਾਲ ਸੰਬੰਧ ਜੋੜਨੇ ਸੁਖਾਵੇਂ ਨਹੀਂ ਹੁੰਦੇ। ਪਰ ਚਾਦਰ ਪਾਉਣ ਦਾ ਕਾਰਜ ਕਈ ਕਾਰਨਾਂ ਕਰ ਕੇ ਕੀਤਾ ਜਾਂਦਾ ਹੈ। ਜਿਵੇਂ :

        -          ਵਿਆਹ ਕੇ ਲਿਆਂਦੀ ਵਹੁਟੀ ਘਰ ਵਿੱਚ ਹੀ ਰਹੇ।

        -          ਜੇਕਰ ਪਹਿਲੇ ਪਤੀ ਦੇ ਬੱਚੇ ਹੋਣ ਤਾਂ ਉਹਨਾਂ ਦੀ ਪਰਵਰਿਸ਼ ਠੀਕ ਹੋ ਸਕੇ।

        -          ਪੇਕੇ ਘਰ ਰਹਿੰਦਿਆਂ ਪੁਨਰ ਵਿਆਹ ਨਾ ਕਰਾਉਣ ਦੀ ਸੂਰਤ ਵਿੱਚ ਵਿਧਵਾ ਇਸਤਰੀ ਪਤੀ ਦੀ ਜਾਇਦਾਦ `ਤੇ                          ਆਪਣਾ ਹੱਕ ਜਤਾ ਸਕੇ।

     ‘ਕਰੇਵੇ’ ਨਾਲੋਂ ‘ਚਾਦਰ ਪਾਉਣ’ ਦੀਆਂ ਰਸਮਾਂ ਭਿੰਨ ਹਨ। ਬਹੁਤੀਆਂ ਹਾਲਤਾਂ ਵਿੱਚ ਪਤੀ ਦੀ ਮੌਤ ਪਿੱਛੋਂ ਛੇਤੀ ਹੀ ਵਿਧਵਾ ਇਸਤਰੀ ਦੀ ਰਜ਼ਾਮੰਦੀ ਨਾਲ ਦਿਉਰ-ਜੇਠ ’ਤੇ ਚਾਦਰ ਪੁਆ ਕੇ ਦੁਬਾਰਾ ਵਿਆਹ ਸੰਬੰਧ ਜੋੜ ਲਏ ਜਾਂਦੇ ਹਨ, ਕਿਉਂਕਿ ਟੱਬਰ ਵਿੱਚ ਸੱਜਰੀ ਹੋਈ ਮੌਤ ਕਾਰਨ ਕਠੋਰ ਦਿਲ ਵੀ ਮੋਮ ਹੋਏ ਹੁੰਦੇ ਹਨ ਜਿਸ ਨੂੰ ਮੁੱਖ ਰੱਖਦੇ ਹੋਏ ਦੁਵੱਲੀ ਧਿਰਾਂ ਦੇ ਅੰਗ-ਸਾਕ ਦੇਰੀ ਕਰਨੀ ਮੁਨਾਸਬ ਨਹੀਂ ਸਮਝਦੇ।

     ਬਹੁਤ ਨਜ਼ਦੀਕੀ ਅੰਗ-ਸਾਕ ਅਤੇ ਪੰਚਾਇਤ ਗੁਰੂ ਗ੍ਰੰਥ ਸਾਹਿਬ ਜਾਂ ਅਗਨੀ ਦੀ ਹਜ਼ੂਰੀ ਵਿੱਚ ਇਕੱਠੇ ਬੈਠਦੇ ਹਨ ਅਤੇ ਕਰੇਵੇ ਜਾਂ ਚਾਦਰ ਪਾਉਣ ਦੀ ਰਸਮ ਅਧੀਨ ਵਿਆਹ ਸੰਬੰਧਾਂ ਵਿੱਚ ਬੱਝਣ ਵਾਲੀ ਜੋੜੀ ਦੇ ਦੁਵੱਲੀ ਧਿਰਾਂ ਦੇ ਮਾਪੇ ਇੱਕ ਚਾਦਰ ਨੂੰ ਖਲਾਰ ਕੇ ਦੋਹਾਂ ਦਾ ਵਜੂਦ ਢੱਕ ਦਿੰਦੇ ਹਨ। ਜੇਕਰ ਇਹ ਰਸਮ ਘਰ ਵਿੱਚ ਹੀ ਹੋ ਰਹੀ ਹੋਵੇ ਤਾਂ ਵਿਧਵਾ ਅਤੇ ਉਸਦੇ ਸਾਥੀ ਨੂੰ ਮੰਜੇ ਜਾਂ ਦਰੀ ਉਪਰ ਬਿਠਾਏ ਜਾਣ ਦਾ ਚਲਨ ਹੈ।

     ਜੇਕਰ ਇੱਕ ਜਾਂ ਦੁਵੱਲੀ ਧਿਰਾਂ ਦੇ ਬੱਚੇ ਹੋਣ ਤਾਂ ਉਹ ਬਦਲਵੇਂ ਰੂਪ ਵਿੱਚ ਇੱਕ ਦੂਜੇ ਦੀ ਝੋਲੀ ਵਿੱਚ ਬਿਠਾ ਦਿੱਤੇ ਜਾਂਦੇ ਹਨ। ਚਾਦਰ ਹੇਠ ਦੁਵੱਲੀ ਵਜੂਦ ਕੱਜਣ ਦਾ ਭਾਵ ਆਪਸੀ ਰਿਸ਼ਤੇ ਲਈ ਸੰਕੇਤਕ ਹੁੰਦਾ ਹੈ ਕਿ ਅੱਜ ਤੋਂ ਬਾਅਦ ਦੋਹਾਂ ਦੀ ਬੁੱਕਲ ਸਾਂਝੀ ਸਮਝੀ ਜਾਵੇ ਜਿਸ ਨੂੰ ਵਾਸਤਵ ਵਿੱਚ ਸਮਾਜ ਪ੍ਰਵਾਨ ਕਰਦਾ ਹੈ।

     ਅਜੋਕੇ ਸਮਿਆਂ ਵਿੱਚ ਵਿਆਹ ਲਿਖਤੀ ਰਜਿਸਟਰ ਕਰਵਾਉਣ ਦੀ ਵੀ ਰੀਤ ਹੈ।ਉਸ ਲਈ ਕਰੇਵੇ ਜਾਂ ਚਾਦਰ ਪਾਉਣ ਦੀ ਰਸਮ ਮੰਦਰ ਜਾਂ ਗੁਰਦੁਆਰੇ ਆਦਿ ਵਿੱਚ ਕੀਤੀ ਜਾਂਦੀ ਹੈ ਤਾਂ ਕਿ ਲੋੜ ਪੈਣ ਤੇ ਸੰਸਥਾ ਦੁਆਰਾ ਮਿਲੀ ਸਨਦ ਦੇ ਆਧਾਰ ਤੇ ਪੁਨਰ ਵਿਆਹ ਪ੍ਰਮਾਣਿਤ ਕੀਤਾ ਜਾ ਸਕੇ। ਕਈ ਹਾਲਾਤਾਂ ਵਿੱਚ ਪੁਨਰ ਵਿਆਹ ਨੂੰ ਅਦਾਲਤ ਰਾਹੀਂ ਵੀ ਪੁਸ਼ਟ ਕਰਵਾਇਆ ਜਾਂਦਾ ਹੈ। ਪਰ ਅਜਿਹੀ ਹਾਲਤ ਵਿੱਚ ਵਿਧਵਾ ਇਸਤਰੀ ਅਤੇ ਪੁਰਸ਼ ਲਈ ਪਹਿਲੇ ਵਿਆਹ ਤੋਂ ਵਿਮੁਕਤ ਹੋਣ ਦਾ ਅਤੇ ਪੁਨਰ ਵਿਆਹ ਲਈ ਕਾਨੂੰਨਣ ਹੱਕਦਾਰ ਹੋਣ ਦਾ ਲਿਖਤੀ ਪ੍ਰਮਾਣ ਪੇਸ਼ ਕਰਨਾ ਹੁੰਦਾ ਹੈ।


ਲੇਖਕ : ਜ਼ਮੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਰੇਵਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੇਵਾ (ਨਾਂ,ਪੁ) ਲੋਕ-ਰੀਤੀ ਅਨੁਸਾਰ, ਵਿਧਵਾ ਇਸਤਰੀ ਨਾਲ ਕੀਤਾ ਪੁਨਰ-ਵਿਵਾਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰੇਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੇਵਾ [ਨਾਂਪੁ] ਵਿਧਵਾ ਦਾ ਪੁਨਰਵਿਆਹ, ਵਿਧਵਾ ਦੀ ਕਿਸੇ ਨਾਲ਼ ਚਾਦਰ ਪਾਉਣ ਦੀ ਰਸਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰੇਵਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੇਵਾ. ਵਿਧਵਾ ਇਸਤ੍ਰੀ ਨਾਲ ਕੀਤਾ ਪੁਨਰਵਿਵਾਹ, ਜੋ ਲੋਕਰੀਤਿ ਨਾਲ ਕੀਤਾ ਗਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7562, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰੇਵਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Karewa_ਕਰੇਵਾ: ਇਕ ਕਿਸਮ ਦਾ ਵਿਆਹ ਹੈ। ਵਿਧਵਾ ਹੋਣ ਉਪਰੰਤ ਜਦੋਂ ਔਰਤ ਆਪਣੇ ਸੁਵਰਗਵਾਸੀ ਪਤੀ ਦੇ ਭਰਾ ਜਾਂ ਉਸ ਦੇ ਕਿਸੇ ਹੋਰ ਰਿਸ਼ਤੇਦਾਰ ਨਾਲ ਵਿਆਹ ਕਰਦੀ ਹੈ ਤਾਂ ਉਸ ਖ਼ਾਸ ਕਿਸਮ ਦੇ ਵਿਆਹ ਨੂੰ ਕਰੇਵਾ ਕਿਹਾ ਜਾਂਦਾ ਹੈ। ਇਸ ਕਿਸਮ ਦੇ ਵਿਆਹ ਲਈ ਕੋਈ ਖ਼ਾਸ ਰਸਮ ਮੁਕਰਰ ਨਹੀਂ। ਹੋਣ ਵਾਲੇ ਪਤੀ ਪਤਨੀ ਇਕੱਠੇ ਬੈਠ ਜਾਂਦੇ ਹਨ ਅਤੇ ਉਨ੍ਹਾਂ ਦੋਹਾਂ ਉਤੇ ਚਾਦਰ ਪਾ ਦਿੱਤੀ ਜਾਂਦੀ ਹੈ, ਜਿਸ ਕਾਰਨ ਇਸ ਨੂੰ ਚਾਦਰਅੰਦਾਜ਼ੀ ਵੀ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਰੇਵਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਰੇਵਾ : ਕਰੇਵਾ ਜਾਂ ਕਰਾਓ ਪੰਜਾਬ ਦੇ ਜੱਟਾਂ, ਹਰਿਆਣੇ ਦੇ ਜਾਟਾਂ ਅਤੇ ਗੱਦੀਆਂ ਵਿਚ ਇਕ ਆਮ ਪ੍ਰਚੱਲਤ ਰਸਮ ਹੈ। ਇਸ ਦਾ ਮੁੱਖ ਕਾਰਨ ਵਿਧਵਾ ਇਸਤਰੀ ਨੂੰ ਢੋਈ ਦੇਣਾ ਹੈ। ਜਿਸ ਇਸਤਰੀ ਦਾ ਪਤੀ ਮਰ ਜਾਵੇ, ਉਹ ਆਪਣੇ ਜੇਠ ਜਾਂ ਦਿਉਰ ਦੇ ਘਰ ਬੈਠ ਸਕਦੀ ਹੈ। ਪੰਜਾਬ ਵਿਚ ਇਸ ਰਸਮ ਨੂੰ ਚਾਦਰ ਪਾਉਣਾ, ਹਰਿਆਣੇ ’ਚ 'ਲੱਤਾ ਓਢਣ ' ਅਤੇ ਕੁਲੂ ਕਾਂਗੜੇ ਦੇ ਇਲਾਕੇ ਵਿਚ 'ਝੰਗਰਾੜ' ਵੀ ਕਿਹਾ ਜਾਂਦਾ ਹੈ।

ਇਹ ਰਸਮ ਇਸ ਤਰ੍ਹਾਂ ਹੈ ਕਿ ਘਰ ਵਿਚ ਭਾਈਚਾਰੇ ਨੂੰ ਜਾਂ ਪੰਚਾਇਤ ਨੂੰ ਬੁਲਾ ਕੇ ਸਭ ਦੇ ਸਾਹਮਣੇ ਸਬੰਧਤ ਵਿਅਕਤੀ ਆਪਣੀ ਚਾਦਰ ਵਿਧਵਾ ਦੇ ਸਿਰ ਤੇ ਪਾ ਦਿੰਦਾ ਹੈ। ਪਹਿਲਾਂ ਘਰ ਵਾਲੇ ਵਿਧਵਾ ਕੋਲੋਂ ਪੁਛਦੇ ਹਨ ਕਿ ਉਸਨੇ ਕਿਸ ਦੇ ਘਰ ਬੈਠਣਾ ਹੈ। ਇਸ ਵਿਆਹ ਵਿਚ ਬਹੁਤਾ ਹੱਕ ਦਿਉਰ ਦਾ ਹੁੰਦਾ ਹੈ। ਵਿਧਵਾ ਦੀ ਰਜ਼ਾਮੰਦੀ ਲੈਣਾ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਬਿਨਾਂ ਵੀ ਜੇਕਰ ਵਿਧਵਾ ਕਿਸੇ ਹੋਰ ਵਿਅਕਤੀ ਦੇ ਘਰ ਬੈਠਣਾ ਚਾਹੁੰਦੀ ਹੋਵੇ ਤਾਂ ਉਸ ਦੇ ਮਾਂ-ਪਿਉ, ਜੇਠ, ਦਿਉਰਾਂ ਤੋਂ ਇਜਾਜ਼ਤ ਲੈਂਦੇ ਹਨ। ਚਾਦਰ ਪਾਉਣ ਤੋਂ ਬਾਅਦ ਸਬੰਧਤ ਵਿਅਕਤੀ ਵਿਧਵਾ ਦੀ ਬਾਂਹ ਵਿਚ ਚੂੜ੍ਹਾ ਚੜ੍ਹਾ ਦਿੰਦਾ ਹੈ। ਇਸ ਦੌਰਾਨ ਪੰਡਿਤ ਮੰਤਰ ਪੜ੍ਹਦਾ ਹੈ ਅਤੇ ਪਤੀ ਚਾਦਰ ਲਾਹ ਲੈਂਦਾ ਹੈ। ਸਿੱਖਾਂ ਵਿਚ ਭਾਈ ਅਰਦਾਸ ਕਰਦਾ ਹੈ। ਇਸ ਤਰ੍ਹਾਂ ਰਸਮ ਮੁਕੰਮਲ ਹੋ ਜਾਂਦੀ ਹੈ। ਇਸ ਕਿਸਮ ਦੇ ਵਿਆਹ ਉਤੇ ਕੋਈ ਖਰਚ ਨਹੀਂ ਕੀਤਾ ਜਾਂਦਾ । ਵਿਧਵਾਵਾਂ ਤੋਂ ਛੁੱਟ ਪੰਜਾਬ ਦੇ ਜੱਟ ਲੋਕ ਕਿਸੇ ਹੋਰ ਇਸਤਰੀ ਤੇ ਵੀ ਚਾਦਰ ਪਾ ਕੇ ਉਸ ਨੂੰ ਆਪਣੇ ਘਰ ਵਸਾ ਲੈਂਦੇ ਹਨ। ਇਸ ਸਬੰਧ ਤੋਂ ਜਨਮੇ ਬੱਚੇ ਵਿਰਾਸਤ ਦੇ ਹੱਕਦਾਰ ਹੁੰਦੇ ਹਨ। ਅਜਿਹੇ ਵਿਆਹ ਉਨ੍ਹਾਂ ਜਾਤੀਆਂ ਵਿਚ ਪ੍ਰਚੱਲਤ ਨਹੀਂ ਜਿਨ੍ਹਾਂ ਵਿਚ ਵਿਧਵਾ ਵਿਆਹ ਦੀ ਮਨਾਹੀ ਹੈ।

ਹਰਿਆਣੇ ਵਿਚ ਵਿਧਵਾ ਦੇ ਮਾਪੇ ਉਸ ਦੇ ਪਤੀ ਦੀ ਮੁਕਾਣ ਉਤੇ ਜਾਂਦੇ ਹਨ ਤਾਂ ਉਸ ਸਮੇਂ ਵਿਧਵਾ ਨੂੰ ਪੁੱਛ ਲੈਂਦੇ ਹਨ ਅਤੇ ਵਿਧਵਾ ਜਿਸ ਦੇ ਘਰ ਵੀ ਬੈਠਣਾ ਚਾਹੇ, ਦੱਸ ਦਿੰਦੀ ਹੈ। ਬਾਕੀ ਰਸਮ ਸਾਲ ਬਾਅਦ ਹੁੰਦੀ ਹੈ। ਹੁਣ ਕਰੇਵੇ ਦਾ ਰਿਵਾਜ ਘਟਦਾ ਜਾ ਰਿਹਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-26-12-44-49, ਹਵਾਲੇ/ਟਿੱਪਣੀਆਂ: ਹ. ਪੁ. –ਪੰ. - ਰੰਧਾਵਾ:184; ਮ. ਕੋ. 307

ਕਰੇਵਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੇਵਾ,(ਕਰ<ਕਰਨਾ<ਸੰਸਕ੍ਰਿਤ √कृ=ਕਰਨਾ+ਏਵਾ) \ ਪੁਲਿੰਗ : ੧. ਵਿਧਵਾ ਦਾ ਕਿਸੇ ਆਦਮੀ ਦੇ ਘਰ ਬੈਠ ਜਾਣ ਦੀ ਰਸਮ, ਚਾਦਰ ਅੰਦਾਜ਼ੀ; ੨. ਵਿਧਵਾ ਦਾ ਪੁਨਰਵਿਵਾਹ (ਲਾਗੂ ਕਿਰਿਆ : ਹੋਣਾ, ਕਰਨਾ, ਭਰਨਾ, ਲਿਆਉਣਾ)

–ਕਰੇਵਾ ਭਰਨਾ, ਮੁਹਾਵਰਾ : ਅਦਾਲਤੀ ਫ਼ੀਸ ਦੇ ਕੇ ਪੁਨਰਵਿਵਾਹ ਦੀ ਤਸਦੀਕ ਕਰਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-02-01-27-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.