ਕਲਮੋਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਮੋਟ. ਇਸ ਦਾ ਨਾਉਂ ਹੁਣ ‘ਖੇੜਾਕਲਮੋਟ’ ਹੈ. ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ ਥਾਣਾ ਨੂਰਪੁਰ ਦਾ ਇੱਕ ਪਿੰਡ , ਜਿਸ ਦੇ ਵਸਨੀਕਾਂ ਨੇ ਸਿੱਖਾਂ ਦੀ ਸੰਗਤਿ ਆਨੰਦਪੁਰ ਜਾਂਦੀ ਲੁੱਟ ਲਈ ਸੀ. ਦਸ਼ਮੇਸ਼ ਨੇ ਚੜ੍ਹਾਈ ਕਰਕੇ ਅਪਰਾਧੀਆਂ ਨੂੰ ਦੰਡ ਦਿੱਤਾ. ਇਸ ਥਾਂ ਗੁਰਦ੍ਵਾਰਾ ਬਣਿਆ ਹੋਇਆ ਹੈ. ਜਿਸ ਪਿੱਪਲ ਹੇਠ ਗੁਰੂ ਸਾਹਿਬ ਵਿਰਾਜੇ ਸਨ, ਉਹ ਮੌਜੂਦ ਹੈ. ਗੁਰਪਲਾਹ ਇੱਥੋਂ ਤਿੰਨ ਚਾਰ ਮੀਲ ਉੱਤਰ ਹੈ. ਖੇੜਾਕਲਮੋਟ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ੧੩ ਮੀਲ ਪੂਰਵ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਲਮੋਟ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਲਮੋਟ (ਖੇੜਾ ਕਲਮੋਟ ਵੀ ਕਿਹਾ ਜਾਂਦਾ ਹੈ): ਪੰਜਾਬ ਦੇ ਰੋਪੜ ਜ਼ਿਲੇ ਵਿਚ ਅਨੰਦਪੁਰ (31o-14`ਉ, 76o-31`ਪੂ) ਤੋਂ 18 ਕਿਲੋਮੀਟਰ ਉੱਤਰ-ਪੱਛਮ ਵੱਲ ਇਹ ਪਿੰਡ ਸਥਿਤ ਹੈ ਜਿੱਥੇ 1700 ਵਿਚ ਸਿੱਖਾਂ ਅਤੇ ਸਥਾਨਿਕ ਗੁੱਜਰ ਰੰਘੜਾਂ ਵਿਚਕਾਰ ਲੜਾਈ ਹੋਈ ਸੀ। ਇਹਨਾਂ ਰੰਘੜਾਂ ਨੇ ਸ਼ਿਕਾਰ ਕਰ ਰਹੇ ਗੁਰੂ ਗੋਬਿੰਦ ਸਿੰਘ ਨੂੰ ਵੰਗਾਰਿਆ ਸੀ। ਇਸ ਲੜਾਈ ਵਿਚ ਸਿੱਖਾਂ ਨੇ ਰੰਗੜਾਂ ਨੂੰ ਹਰਾ ਦਿੱਤਾ ਅਤੇ ਗੜ੍ਹੀ ਉੱਤੇ ਕਬਜ਼ਾ ਕਰ ਲਿਆ। ਰੰਗੜਾਂ ਨੇ ਰਾਤ ਸਮੇਂ ਗੜ੍ਹੀ ਉੱਤੇ ਹਮਲਾ ਕਰਕੇ ਮੁੜ ਕਬਜ਼ਾ ਕਰਨ ਦਾ ਯਤਨ ਕੀਤਾ ਪਰੰਤੂ ਇਸਨੂੰ ਅਸਫ਼ਲ ਬਣਾ ਦਿੱਤਾ ਗਿਆ। ਇਹ ਗੜ੍ਹੀ ਹੁਣ ਮੌਜੂਦ ਨਹੀਂ ਹੈ। ਇਸ ਜਗ੍ਹਾ ਉੱਪਰ ਇਕ ਪਹਾੜ ਦੀ ਟੀਸੀ ਉੱਪਰ, ਪਿੰਡ ਦੇ ਪੱਛਮ ਵੱਲ, 1975 ਵਿਚ ਗੁਰਦੁਆਰਾ ਬਣਾਇਆ ਗਿਆ। ਇਸ ਗੁਰਦਆਰੇ ਦਾ ਨਾਂ ‘ਗੁਰਦੁਆਰਾ ਪਾਤਸ਼ਾਹੀ ਦਸਵੀਂ` ਹੈ। ਗੁਰਦੁਆਰੇ ਦੀ ਇਮਾਰਤ ਦੋ-ਮੰਜ਼ਲੀ ਹੈ ਅਤੇ ਇਸ ਦੇ ਫ਼ਰਸ਼ ਉੱਪਰ ਪੱਚੀਕਾਰੀ ਦਾ ਕੰਮ ਹੋਇਆ ਹੈ। ਇਸ ਦੇ ਸਾਮ੍ਹਣੇ ਵਰਾਂਡਾ ਬਣਿਆ ਹੋਇਆ ਹੈ। ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਸੰਗਤ ਰਾਹੀਂ ਕੀਤਾ ਜਾਂਦਾ ਹੈ।
ਲੇਖਕ : ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First