ਕਲੱਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲੱਬ 1 [ਨਾਂਪੁ] ਸਮਾਜਿਕ ਜਾਂ ਸਾਹਿਤਕ ਉਦੇਸ਼ ਲਈ ਬਣਾਈ ਹੋਈ ਸਭਾ , ਮਜਲਿਸ; ਤਾਸ਼ ਵਿੱਚ ਚਿੜੀ ਦਾ ਰੰਗ 2 [ਨਾਂਪੁ] ਸੋਟਾ , ਲੱਠ , ਗੁਰਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲੱਬ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Club_ਕਲੱਬ: ਕਲੱਬ ਸਮਾਜਕ, ਸਾਹਿਤਕ ਜਾਂ ਸਿਆਸੀ ਪ੍ਰਕਾਰ ਦੇ ਪ੍ਰਯੋਜਨ ਲਈ ਵਿਅਕਤੀਆਂ ਦੀ ਨਿਗਮਤ ਜਾਂ ਅਣਨਿਗਮਤ ਸਭਾ। ਨਿਯਮਾਂ ਦੁਆਰਾ ਲੋੜੀਂਦੀ ਅਦਾਇਗੀ ਤੋਂ ਇਲਾਵਾ ਕਿਸੇ ਮੈਂਬਰ ਨੂੰ ਸਭਾ ਜਾਂ ਕਿਸੇ ਵਿਅਕਤੀ ਨੂੰ ਹੋਰ ਕੋਈ ਅਦਾਇਗੀ ਕਰਨ ਦੀ ਲੋੜ ਨਹੀਂ ਹੁੰਦੀ।

       ਸਟਰਾਊਡ ਦੀ ਜੁਡੀਸ਼ਲ ਡਿਕਸ਼ਨਰੀ ਅਨੁਸਾਰ ਮੈਂਬਰਾ ਤੋਂ ਮਿਲ ਕੇ ਬਣਿਆ ਕਲੱਬ (Member’s club) ਮੈਂਬਰਾਂ ਨੂੰ ਨਸ਼ੀਲੇ ਲਿਕਰ ਲਸੰਸ ਤੋਂ ਬਿਨਾਂ ਵੇਚ ਸਕਦਾ ਹੈ। ਇਸ ਕੰਮ ਤੋਂ ਜੋ ਵੀ ਲਾਭ ਹੋਵੇ ਮੈਂਬਰ ਆਪਣੇ ਸਾਂਝੇ ਫ਼ਾਇਦੇ ਲਈ ਵਰਤ ਸਕਦੇ ਹਨ।

       ਕਲੱਬ ਦੇ ਉਪ ਕਾਨੂੰਨ ਮੈਂਬਰਾਂ ਅਤੇ ਕਲੱਬ ਵਿਚਕਾਰ ਮੁਆਇਦਾ ਗਠਤ ਕਰਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਕਲੱਬ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕਲੱਬ : ਇਸ ਸ਼ਬਦ ਦਾ ਮੂਲ ਧਾਤੂ ਸ਼ਾਇਦ ਸਕੰਡਨੇਵੀਆਈ ਭਾਸ਼ਾ ਦਾ ਹੈ ਜਿਥੋਂ ਇਹ ਡੇਨ ਆਦਿ ਭਾਸ਼ਾਵਾਂ ਵਿਚ ‘ਕਲੱਬ’ ਦੇ ਰੂਪ ਵਿਚ ਆਇਆ। ਸੰਸਥਾ ਦੇ ਰੂਪ ਵਿਚ ਕਲੱਬ ਤੋਂ ਪ੍ਰਾਚੀਨ, ਰੋਮਨ ਅਤੇ ਯੂਨਾਨੀ ਦੋਵੇਂ ਹੀ ਜਾਣੂੰ ਸਨ। ਯੂਨਾਨੀ ਇਸ ਨੂੰ ‘ਹਿਤੇਅਰੀਆ’ ਅਤੇ ਰੋਮਨ ‘ਸੋਦਾਲਿਤਸ’ ਕਹਿੰਦੇ ਸਨ। ਪ੍ਰਾਚੀਨ ਸਭਿਅ ਸੰਸਾਰ ਦੇ ਲਗਭਗ ਹਰ ਇਕ ਦੇਸ਼ ਵਿਚ ਇਹ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਸੀ।

          ਪੱਛਮ ਵਿਚ ਇਨ੍ਹਾਂ ਕਲੱਬਾਂ ਦੇ ਪੁਰਾਣੇ ਵਪਾਰੀ ਲੋਕਾਂ ਦੇ ਸੰਗਠਨ ਅਤੇ ਸਾਂਝੇ ਪੂਜਾ ਸਥਾਨ ਆਦਿ ਸਨ। ਸੱਤਵੀਂ ਈ. ਦੇ ਯੂਨਾਨੀ ਰਾਜਨੇਤਾ ਸੋਲੋਨ ਦੇ ਸੰਵਿਧਾਨ ਵਿਚ ਇਨ੍ਹਾਂ ਦਾ ਹਵਾਲਾ ਮਿਲਦਾ ਹੈ। ਯੂਨਾਨੀਆ ਦੇ ਪ੍ਰਾਚੀਨ ਪੂਜਾ-ਸਥਾਨ ਹੀ ਆਧੁਨਿਕ ਪੱਛਮੀ ਕਲੱਬਾਂ ਦਾ ਮੁੱਢ ਮੰਨੇ ਜਾਂਦੇ ਹਨ। ਇਸ ਤੋਂ ਪਿਛੋਂ ਵਿਚਾਰ ਵਟਾਂਦਰੇ ਆਦਿ ਲਈ ਵਰਤੀਆਂ ਜਾਂਦੀਆਂ ਥਾਵਾਂ ਨੇ ਇਨ੍ਹਾਂ ਦੀ ਥਾਂ ਲਈ। ਪਰੰਤੂ ਇਕੱਠੇ ਭੋਜਨ ਛਕਣ ਲਈ ਇਕ ਮੇਜ਼ ਤੇ ਇਕੱਤਰ ਹੋਣ ਦੀ ਪ੍ਰਾਚੀਨ ਯੂਰਪੀ ਪਰਪਾਟੀ ਆਧੁਨਿਕ ਕਲੱਬਾਂ ਦੀ ਨਿਕਟਵਰਤੀ ਪੂਰਵਜ ਪ੍ਰਤੀਤ ਹੁੰਦੀ ਹੈ।

          ਰੋਮਨ ਕਲੱਬ ਤਾਂ ਸਦਾ ਵਪਾਰੀਆਂ ਦੇ ਆਰਥਿਕ ਸਵਾਰਥ ਦੇ ਹੀ ਸੰਗਠਨ ਸਨ। ਸਿਸਰੋ ਕਾਲ ਦੀਆਂ ਰਾਜਨੀਤਿਕ ਗੋਸ਼ਟੀਆਂ ਸਾਡੇ ਆਧੁਨਿਕ ਕਲੱਬਾਂ ਦੇ ਬਰਾਬਰ ਮੰਨੀਆਂ ਜਾ ਸਕਦੀਆਂ ਹਨ। ਪ੍ਰਾਚੀਨ ਰੋਮਨ ਦੇ ਇਸ਼ਨਾਨ ਘਰਾਂ ਵਿਚ ਧਨੀ ਲੋਕ ਆਰਾਮ ਨਾਲ ਬੈਠ ਕੇ ਆਨੰਦ ਮਾਣਨ ਲਈ ਆਇਆ ਕਰਦੇ ਸਨ। ਉਨ੍ਹਾਂ ਦਾ ਕੋਈ ਸੰਗਠਨ ਨਹੀਂ ਹੁੰਦਾ ਸੀ।

          ਕਲੱਬ ਸ਼ਬਦ ਨੇ ਆਪਣਾ ਆਧੁਨਿਕ ਅਰਥ ਰੂਪ ਕਦੋਂ ਲਿਆ ਇਹ ਹਾਲੀ ਬਹਿਸ ਦਾ ਵਿਸ਼ਾ ਹੈ। ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਅਤੇ ਲੇਖਕ ਟਾਮਸ ਕਾਰਲਾਇਲ ਨੇ ਇਸਨੂੰ ਜਰਮਨ ਸ਼ਬਦ ‘ਗਵੂਇਬ’ ਦੇ ਬਰਾਬਰ ਮੰਨਿਆ ਹੈ। ਪਰੰਤੂ ਜਰਮਨ ਸ਼ਬਦ ‘ਕਲੱਬ’ ਮੂਲ ਸਕੈਂਡਿਨੇਵੀਆਈ ਧਾਤੂ ਤੋਂ ਹੀ ਲਿਆ ਗਿਆ ਪ੍ਰਤੀਤ ਹੁੰਦਾ ਹੈ। ਆਧੁਨਿਕ ਸ਼ਬਦ ਕਲੱਬ ਦੀ ਵਰਤੋਂ ਸਨ ਤੋਂ ਪਹਿਲਾਂ 17ਵੀਂ ਸਦੀ ਵਿਚ ਲੇਖਕ ਦੂਆ ਆਬ੍ਰੇ ਅਤੇ ਪੇਪਸ ਨੇ ਕੀਤਾ। ਆਬ੍ਰੇ ਨੇ ਲਿਖਿਆ ਹੈ ਕਿ ਹੁਣ ਅਸੀਂ ਕਲੱਬ ਸ਼ਬਦ ਦੀ ਵਰਪਾਂਤ ਸਰਾਏ ਵਿਚ ਭਾਈਚਾਰੇ ਦੇ ਇਕੱਠੇ ਹੋਣ ਦੇ ਅਰਥ ਵਿਚ ਕਰਦੇ ਹਾਂ। ਜਦੋਂ ਕਿ ਪੇਪਸ ਨੇ ਲਿਖਿਆ ਹੈ ਕਿ ਉਹ ਅਤੇ ਉਸਦਾ ਮਿਤਰ ਲੰਡਨ ਵਿਚ ਪਾਲ ਮਾਲ ਵਿਖੇ ਸਥਿਤ ਇਕ ਦਾਰੂਖਾਨੇ ਵਿਚ ‘ਕਲੱਬਿੰਗ’ ਲਈ ਇਕੱਠੇ ਹੁੰਦੇ ਹਨ।

          ਸਤਾਰ੍ਹਵੀਂ ਸਦੀ ਦੇ ਅੱਧ ਵਿਚ ਕਾਹਵਾ ਘਰਾਂ ਦੀ ਸਥਾਪਨਾ ਅਤੇ ਲੋਕਪ੍ਰੀਅਤਾ ਨਾਲ ਕਲੱਬਾਂ ਨੂੰ ਜਿਵੇਂ ਪੱਕੇ ਘਰ ਮਿਲ ਗਏ। ਅਠਾਰਵੀਂ ਸਦੀ ਦੇ ਆਰੰਭ ਵਿਚ ਕਾਫ਼ੀ ਹਾਊਸਾਂ ਨਾਲ ਕਲੱਬਾਂ ਦੀ ਚੰਗੀ ਉਨਤੀ ਹੋਈ। ਸੰਨ 1674 ਈ. ਵਿਚ ‘ਰਾਇਲ ਨੇਵੀ ਕਲੱਬ’ ਦੀ ਸਥਾਪਨਾ ਹੋਈ। ਇਸ ਤੋਂ ਪਿਛੋਂ ਉਨ੍ਹੀਵੀਂ ਸਦੀ ਵਿਚ ਥਾਂ ਥਾਂ ਸੈਨਿਕ ਕਲੱਬ ਖੁਲ੍ਹ ਗਏ। ਹੈਨਰੀ ਚੌਥੇ ਦੇ ਸਮੇਂ ‘ਲੇ ਕਾਰਤ ਦੀ ਬੌਂ ਕੰਪਨੀ’ ਨਾਂ ਹੇਠ ਇਕ ਕਲੱਬ ਚਾਲੂ ਹੋਇਆ। ਹੁਣ ਇਹ ਕਲੱਬ ‘ਮਰਮੇਡ ਟੈਵਰਨ’ ਦੇ ਨਾਂ ਨਾਲ ਪ੍ਰਸਿੱਧ ਹੈ। ਇੰਗਲੈਂਡ ਵਿਚ ਦੂਜੇ ਪ੍ਰਸਿੱਧ ਕਲੱਬ ਦਾ ਨਾਂ ‘ਅਪੋਲੋ’ ਸੀ ਜਿਸਦੀ ਨਿਯਮਾਵਲੀ ਪ੍ਰਸਿੱਧ ਲੇਖਕ ਬੇਨ ਜਾੱਨਸਨ ਨੇ ਬਣਾਈ ਸੀ।

          1659 ਵਿਚ ਜੇਮਜ਼ ਵਲੋਂ ਸਥਾਪਤ ‘ਦੀ ਰੋਟਾ ਕਲੱਬ’, ਜਿਸ ਨੂੰ ਪੇਪਸ ਕਾਫੀ ਕਲੱਬ ਕਹਿੰਦਾ ਸੀ, ਪ੍ਰਸਿੱਧ ਰਿਹਾ। ਇਸ ਦੇ ਨਿਯਮ ਲੋਕ-ਤੰਤਰੀ ਸਨ ਜਦ ਕਿ ਇਸ ਦਾ ਸਮਕਾਲੀ ‘ਦੀ ਸੀਲਡ ਨਾੱਟ ਕਲੱਬ’, ਜੋ 1688 ਵਿਚ ਸਥਾਪਤ ਹੋਇਆ, ਇਕ ਦਮ ਸ਼ਾਹੀ ਸੀ, 1669 ਵਿਚ ਸਥਾਪਤ ਹੋਏ ‘ਦੀ ਸਿਕਿਲ ਕਲੱਬ’ ਨੂੰ ‘ਸਿਟੀ ਆਫ ਲੰਡਨ ਕਲੱਬ’ ਦਾ ਪ੍ਰਾਰੰਭਕ ਰੂਪ ਕਹਿ ਸਕਦੇ ਹਾਂ। ‘ਵੈਨਜ਼ਡੇ ਕਲੱਬ’ ਦੀ ਫ੍ਰਾਈਡੇ ਸਟਰੀਟ ਵਿਚ ਜੰਮਦਾ ਸੀ। ਇਸ ਕਲੱਬ ਵਿਚ ਵਿਲੀਅਮ ਪੈਟਰਸਨ ਪ੍ਰਮੁਖ ਮੈਂਬਰ ਸੀ। ਇਨ੍ਹਾਂ ਕਲੱਬਾਂ ਕੋਲ ਆਪਣੀ ਕੋਈ ਇਮਾਰਤ ਜਾਂ ਦਫਤਰ ਨਹੀਂ ਹੁੰਦਾ ਸੀ। ਇਹ ਲੋੜ ਅਨੁਸਾਰ ਕਾਹਵਾ ਘਰਾਂ ਵਿਚ ਥਾਂ ਲੈ ਲੈਂਦੇ ਸਨ ਜਿਸ ਲਈ ਇਨ੍ਹਾਂ ਨੂੰ ਕਰਾਇਆ ਨਹੀਂ ਸੀ ਦੇਣਾ ਪੈਂਦਾ ਕਿਉਂਕਿ ਮੈਂਬਰਾਂ ਦੇ ਵਿਸਕੀ ਆਦਿ ਪੀਣ ਦੇ ਬਿਲ ਦਾ ਮੁਨਾਫਾ ਕਾਹਵਾ ਘਰਾਂ ਵਾਲਿਆਂ ਦਾ ਘਰ ਪੂਰਾ ਕਰ ਦਿੰਦਾ ਸੀ ਅਤੇ ਪ੍ਰਸਿੱਧ ਵਿਅਕਤੀਆਂ ਦੇ ਆਉਣ ਨਾਲ ਕਾਹਵਾ ਘਰ ਦੀ ਮਸ਼ਹੂਰੀ ਹੁੰਦੀ ਸੀ।

          18ਵੀਂ ਸਦੀ ਦੇ ਆਰੰਭ ਵਿਚ ਲੰਡਨ ਵਿਚ ਕਲੱਬਾਂ ਦਾ ਹੜ੍ਹ ਹੀ ਆ ਗਿਆ। ਇਸੇ ਤਰ੍ਹਾਂ ਇਨ੍ਹਾਂ ਦੀ ਰਫਤਾਰ ਹੋਰ ਦੇਸ਼ਾਂ ਵਿਚ ਵੀ ਵਧਦੀ ਰਹੀ।

          ਅੰਗਰੇਜ਼ੀ ਰਾਜ ਪ੍ਰਬੰਧ ਦੇ ਨਾਲ ਭਾਰਤ ਵਿਚ ਵੀ ਆਧੁਨਿਕ ਕਲੱਬਾਂ ਦਾ ਆਰੰਭ ਹੋਇਆ। ਇਹ ਵਧੇਰੇ ਅੰਗਰੇਜ਼ਾਂ ਅਤੇ ਐਂਗਲੋ ਭਾਰਤੀਆਂ ਦੇ ਸਨ। ਹਰ ਜ਼ਿਲ੍ਹੇ ਦੇ ਸਦਰ ਮੁਕਾਮ ਤੇ ਅਧਿਕਾਰੀਆਂ ਨੇ ਵੀ ਕਲੱਬ ਖੋਲ੍ਹੇ। ਗੋਰਿਆਂ ਵਲੋਂ ਭਾਰਤ ਦੇ ਹਰ ਵੱਡੇ ਸ਼ਹਿਰ ਵਿਚ ਜੀਮਖਾਨਾਂ ਕਲੱਬ ਖੋਲ੍ਹੇ ਗਏ। ਇਨ੍ਹਾਂ ਵਿਚ ਤਾਸ਼ ਆਦਿ ਖੇਡੀ ਜਾਂਦੀ ਸੀ। ਇਨ੍ਹਾਂ ਵਿਚ ਸ਼ਰਾਬ ਪੀਣ ਦਾ ਪ੍ਰਬੰਧ ਵੀ ਹੁੰਦਾ ਸੀ ਜਿਥੇ ਵੱਖ ਵੱਖ ਕਿਸਮ ਦੀ ਬਦੇਸ਼ੀ ਸ਼ਰਾਬ ਮਿਲਦੀ ਸੀ, ਸਾਰੇ ਅਧਿਕਾਰੀ ਇਨ੍ਹਾਂ ਦੇ ਮੈਂਬਰ ਹੁੰਦੇ ਸਨ। ਫਿਰ ਆਧੁਨਿਕ ਖੇਲ੍ਹਾਂ ਦੇ ਕਲੱਬ ਭਾਰਤ ਵਿਚ ਸਥਾਪਤ ਹੋਏ। ਭਾਰਤੀਆਂ ਨੇ ਛੋਟੇ ਛੋਟੇ ਸ਼ਹਿਰਾਂ ਵਿਚ ਵੀ ਕਲੱਬ ਸਥਾਪਤ ਕੀਤੇ। ਖੇਲ੍ਹਾਂ ਦੇ ਕਲੱਬ ਸਥਾਪਤ ਹੋਏ, ਜਿਵੇਂ ਬੰਬਈ ਦਾ ‘ਕ੍ਰਿਕਟ ਕਲੱਬ ਆਫ ਇੰਡੀਆ’ ਦਿੱਲੀ ਦਾ ‘ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ’ ਅਤੇ ਕਲਕੱਤੇ ਦਾ ‘ਮੋਹਨ ਬਾਗਾਨ’ ਫੁੱਟਬਾਲ ਦਾ ਕੱਲਬ ਹੈ। ਉੱਤਰ ਪ੍ਰਦੇਸ਼ ਦੇ ਕਲੱਬਾਂ ਵਿਚ ਲਖਨਾਊ ਦੇ ‘ਮੁਹੰਮਦ ਬਾਗ’ ਅਤੇ ‘ਰਿਫਾਏਆਮ’ ਪ੍ਰਸਿੱਧ ਹਨ। ਇਸੇ ਤਰ੍ਹਾਂ ਨਵੰਬਰ, 1956 ਵਿਚ ਪੱਤਰਕਾਰਾਂ ਨੇ ‘ਉੱਤਰ ਪ੍ਰਦੇਸ਼-ਪ੍ਰੈੱਸ ਕਲੱਬ’ ਸਰਕਾਰੀ ਸਹਾਇਤਾ ਨਾਲ ਚਾਲੂ ਕੀਤਾ। ਫਿਰ ਸਾਹਿਤਕਾਰਾਂ ਨੇ ਇਨ੍ਹਾਂ ਦੇ ਨਾਵਾਂ ਤੇ ਕਲੱਬ ਚਾਲੂ ਕੀਤੇ।

          23 ਫਰਵਰੀ, 1905 ਨੂੰ ਸੰਯੁਕਤ ਰਾਜ ਅਮਰੀਕਾ ਨੇ ਇਲੀਨਾਏ ਪ੍ਰਦੇਸ਼ ਦੀ ਰਾਜਧਾਨੀ ਸ਼ਿਕਾਗੋ ਵਿਚ ਪਹਿਲੇ ‘ਰੋਟਰੀ ਕਲੱਬ’ ਦੀ ਸਥਾਪਨਾ ਕੀਤੀ। ਸੰਨ 1910 ਤਕ ਇਨ੍ਹਾਂ ਦੀ ਗਿਣਤੀ 16 ਹੋ ਗਈ। ਇਸ ਤੋਂ ਪਿਛੋਂ 1922 ਵਿਚ ਇਹ ‘ਰੋਟਰੀ ਇੰਟਰਨੈਸ਼ਨਲ’ ਬਣ ਗਿਆ। ਹੁਣ ਰੋਟਰੀ ਦੀਆਂ ਸੰਸਾਰ ਦੇ 82 ਦੇਸ਼ਾਂ ਵਿਚ ਲਗਭਗ 8,000 ਸ਼ਾਖਾਵਾਂ ਹਨ। ਇਸ ਦੇ ਮੈਂਬਰਾਂ ਦੀ ਗਿਣਤੀ ਚਾਰ ਲਖ ਦੇ ਲਗਭਗ ਹੈ। ਇਸ ਦੇ ਵੱਖ ਵੱਖ ਜ਼ਿਲ੍ਹੇ ਅਤੇ ਕੇਂਦਰਿਤ ਵੰਡ ਵਰਗ ਬਣਾਏ ਹੋਏ ਹਨ। ਇਸ ਦੇ ਕਈ ਚੰਗੇ ਉਦੇਸ਼ ਹਨ ਅਤੇ ਇਹ ਉੱਚ ਪੱਧਰੀ ਲੋਕਾਂ ਤਕ ਸੀਮਤ ਹੈ।

          ਇਸੇ ਤਰ੍ਹਾਂ ਲਾਇਨਜ਼ ਕਲੱਬ ਨਾਂ ਦਾ ਇਕ ਹੋਰ ਕਲੱਬ ਵੀ ਅੱਜ ਕੱਲ ਅੰਤਰ-ਰਾਸ਼ਟਰੀ ਸਨਮਾਨ ਪ੍ਰਾਪਤ ਕਰ ਰਿਹਾ ਹੈ। ਭਾਰਤੀ ਵਿਕਾਸ ਵਿਚ ਤਾਂ ਨੌਜਵਾਨ ਕਲੱਬਾਂ ਦਾ ਬਹੁਤ ਤਕੜਾ ਯੋਗਦਾਨ ਰਿਹਾ ਹੈ। ਇਸੇ ਤਰ੍ਹਾਂ ਮਹਿਲਾ ਕਲੱਬ ਭਾਰਤੀ ਇਸਤਰੀ, ਖਾਸ ਕਰਕੇ ਦਿਹਾਤੀ ਇਸਤਰੀ ਦੀ ਹਾਲਤ ਸੁਧਾਰਨ ਵਿਚ ਕਾਫ਼ੀ ਸਹਾਈ ਹੋਏ ਹਨ। ਕੇਂਦਰ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੇ ਨਹਿਰੂ ਯੁਵਕ ਕੇਂਦਰ ਪੇਂਡੂ ਕਲੱਬਾਂ ਰਾਹੀਂ ਦੇਸ਼ ਸੁਧਾਰ ਵਲ ਪ੍ਰਗਤੀਸ਼ੀਲ ਹਨ।

          ਹ. ਪੁ.––ਹਿੰ. ਵਿ. ਕੋ. 3 : 261


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-23, ਹਵਾਲੇ/ਟਿੱਪਣੀਆਂ: no

ਕਲੱਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੱਬ, (ਅੰਗਰੇਜ਼ : Club) \ ਪੁਲਿੰਗ \ ਇਸਤਰੀ ਲਿੰਗ : ੧. ਸਭਾ, ਮਜਲਸ, ਸਮਾਜਿਕ ਜਾਂ ਸਾਹਿਤਕ ਮਤਲਬ ਲਈ ਬਣਾਈ ਹੋਈ ਸਭਾ; ੨. ਇਸ ਸਭਾ ਦਾ ਸਥਾਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-07-03-51-20, ਹਵਾਲੇ/ਟਿੱਪਣੀਆਂ:

ਕਲੱਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲੱਬ, (ਅੰਗਰੇਜ਼ੀ : Club) \ ਪੁਲਿੰਗ : ਤਾਸ਼ ਵਿੱਚ ਚਿੜੀਏ ਦਾ ਰੰਗ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-07-03-51-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.