ਕਸ਼ਮੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸ਼ਮੀਰ [ਨਿਪੁ] ਉੱਤਰੀ ਭਾਰਤ ਦੇ ਜੰਮੂ ਕਸ਼ਮੀਰ ਰਾਜ ਦਾ ਇੱਕ ਅੰਗ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਸ਼ਮੀਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਸ਼ਮੀਰ. ਸੰ. ਕਸ਼ਰ. ਭਾਰਤ ਦੇ ਉੱਤਰ ਪੱਛਮ ਇੱਕ ਮਨੋਹਰ ਦੇਸ਼ , ਜਿਸ ਦਾ ਰਕਬਾ ੮੪੨੫੮ ਵਰਗ ਮੀਲ ਹੈ ਵਸੋਂ ੩੨੨੦੫੧੮ ਹੈ. ਕਸ਼ਮੀਰ ਦੇ ਉਤੱਰ ਹਿਮਾਲਯ ਦੀ ਧਾਰਾ , ਦੱਖਣ ਜੇਹਲਮ ਗੁਜਰਾਤ ਆਦਿ, ਪੱਛਮ ਹਜ਼ਾਰਾ ਅਤੇ ਰਾਵਲਪਿੰਡੀ ਅਰ ਪੂਰਵ ਤਿੱਬਤਰਾਜ ਹੈ.
ਕਸ਼ਮੀਰ ਦਾ ਰਾਜਾ ਲਲਿਤਾਦਿਤ੍ਯ ਵਡਾ ਪ੍ਰਤਾਪੀ ਹੋਇਆ ਹੈ, ਜਿਸ ਨੇ ਕਨੌਜ ਦੇ ਰਾਜਾ ਯਸ਼ੋਵਰਧਨ ਨੂੰ ਸਨ ੭੪੦ ਵਿੱਚ ਜਿੱਤਕੇ ਆਪਣਾ ਰਾਜ ਦੂਰ ਤੀਕ ਫੈਲਾਇਆ. ਯਸ਼ੋਵਰਧਨ ਦਾ ਬਣਵਾਇਆ ਮਾਰਤੰਡ (ਸੂਯ) ਮੰਦਿਰ ਜਗਤਪ੍ਰਸਿੱਧ ਸੀ, ਜਿਸ ਦੇ ਹੁਣ ਖੰਡਹਰ ਦਿਖਾਈ ਦਿੰਦੇ ਹਨ.
ਈਸਵੀ ਚੌਧਵੀਂ ਸਦੀ ਵਿੱਚ ਕਸ਼ਮੀਰ ਦੇ ਬਹੁਤ ਲੋਕ ਮੁਸਲਮਾਨ ਕੀਤੇ ਗਏ.
ਬਾਦਸ਼ਾਹ ਅਕਬਰ ਨੇ ਕਸ਼ਮੀਰ ਨੂੰ ਸਨ ੧੫੮੭ ਵਿੱਚ ਮੁਗਲ ਰਾਜ ਨਾਲ ਮਿਲਾ ਲਿਆ. ਜਹਾਂਗੀਰ ਨੇ ਇਸ ਦੀ ਸੁੰਦਰਤਾ ਲਈ ਅਨੇਕ ਜਤਨ ਕੀਤੇ. ਔਰੰਗਜ਼ੇਬ ਪਿੱਛੋਂ ਢੇਰ ਚਿਰ ਕਸ਼ਮੀਰ ਵਿੱਚ ਰੌਲਾ ਹੀ ਰਿਹਾ. ਅਠਾਰਵੀਂ ਸਦੀ ਦੇ ਅੱਧ ਵਿੱਚ ਇਹ ਸੂਬਾ ਦਿੱਲੀ ਤੋਂ ਸੁਤੰਤ੍ਰ ਹੋ ਗਿਆ. ਅੰਤ ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੧੯ (੫ ਸਾਉਣ ਸੰਮਤ ੧੮੭੬) ਨੂੰ ਇਸ ਪੁਰ ਕਬਜ਼ਾ ਕੀਤਾ ਸੀ. ਅੰਗ੍ਰੇਜ਼ਾਂ ਤੋਂ ਸਿੱਖ ਯੁੱਧ ਪਿੱਛੋਂ ਇਹ ਮੁਲਕ ਰਾਜਾ ਗੁਲਾਬ ਸਿੰਘ ਨੇ ਸਨ ੧੮੪੬ ਵਿੱਚ ਖਰੀਦ ਲਿਆ1, ਹੁਣ ਇਹ ਦੇਸ਼ ਜੰਮੂ ਰਿਆਸਤ ਵਿੱਚ ਸ਼ਾਮਿਲ ਹੈ. ਇਸ ਦੀ ਰਾਜਧਾਨੀ ਸ਼੍ਰੀਨਗਰ ਹੈ, ਇਸ ਦੀ ਸਮੁੰਦਰ ਤੋਂ ਬਲੰਦੀ ੫੨੭੬ ਫੁੱਟ ਹੈ. ਕਸ਼ਮੀਰ ਦਾ ਕੇਸਰ ਅਤੇ ਦੁਸ਼ਾਲੇ ਆਦਿਕ ਬਹੁਤ ਪ੍ਰਸਿੱਧ ਹਨ. ਇਸ ਥਾਂ ਕਾਠ ਦੀ ਚਿਤ੍ਰਾਈ ਦਾ ਕੰਮ ਮਨੋਹਰ ਬਣਦਾ ਹੈ, ਅਤੇ ਮੇਵੇ ਰਸਦਾਇਕ ਹੁੰਦੇ ਹਨ. ਕਲ੍ਹਣ ਕਵਿ ਨੇ ਰਾਜਤਰੰਗਿਣੀ ਵਿੱਚ ਕਸ਼ਮੀਰ ਦਾ ਇਤਿਹਾਸ ਉੱਤਮ ਰੀਤਿ ਨਾਲ ਲਿਖਿਆ ਹੈ.
ਕਸ਼ਮੀਰ ਵਿੱਚ ਇਤਨੇ ਅਸਥਾਨ ਸਤਿਗੁਰਾਂ ਦੇ ਚਰਨਾਂ ਨਾਲ ਪਵਿਤ੍ਰ ਹੋਏ ਹਨ:—
੧ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਨਗਰ ਜਿਸ ਵੇਲੇ ਪਧਾਰੇ ਹਨ, ਤਦ ਹਰੀ ਪਰਬਤ ਤੇ ਵਿਰਾਜੇ ਸਨ. ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਪੁਰਾਣੇ ਸਿੱਖਾਂ ਤੋਂ ਠੀਕ ਥਾਂ ਮਾਲੂਮ ਕਰਕੇ ਹਰੀ ਪਰਬਤ ਦੇ ਕਿਲੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਯਾ ਅਤੇ ਸੇਵਾ ਲਈ ਗਰੰਥੀ ਮੁਕੱਰਰ ਕੀਤਾ, ਜੋ ਵਰਤਮਾਨ ਸਮੇਂ ਭੀ ਰਿਆਸਤ ਵਲੋਂ ਹੈ। ਮਹਾਰਾਜਾ ਗੁਲਾਬ ਸਿੰਘ ਨੇ ਗੁਰਦਾਵਾਰੇ ਦੇ ਪਾਸ ਇੱਕ ਹਿੰਦੂ ਮੰਦਿਰ ਭੀ ਬਣਾ ਦਿੱਤਾ ਹੈ.
੨ ਮਟਨ ਤੀਰਥ ਜੋ ਗਯਾ ਤੁੱਲ ਮੰਨਿਆ ਗਿਆ ਹੈ. ਜਿਸ ਦਾ ਨਿਰਮਲ ਜਲ ਅਖੰਡ ਵਗਦਾ ਰਹਿਂਦਾ ਹੈ, ਉਸ ਦੇ ਕਿਨਾਰੇ ਵਿਰਾਜ ਕੇ ਯਾਤ੍ਰੂਆਂ ਨੂੰ ਪਰਮਾਰਥ ਉਪਦੇਸ਼ ਦਿੱਤਾ. ਗੁਲਮਰਗ ਤੋਂ ਉੱਪਰ ਇੱਕ ਪਹਾੜੀ ਹੈ, ਜਿੱਥੇ ਸੁੰਦਰ ਤਲਾਉ ਹੈ, ਉੱਥੇ ਭੀ ਚਰਨ ਪਾਏ ਹਨ.
੩ ਹਰਮੁਖ ਗੰਗਾ , ਜੋ ਸ਼੍ਰੀ ਨਗਰ ਅਤੇ ਬਾਰਾਂਮੂਲਾ ਦੇ ਮੱਧ ਜੇਹਲਮ ਪਾਰ ਹੈ, ਉਸ ਥਾਂ ਭੀ ਗੁਰੂ ਨਾਨਕ ਦੇਵ ਜੀ ਵਿਰਾਜੇ ਹਨ.
੪ ਕਲਿਆਨ ਸਰ , ਜਿੱਥੇ ਜਲ ਦਾ ਨਿਰਮਲ ਸੋਮਾ ਹੈ, ਜਗਤਗੁਰੂ ਨੇ ਆਪਣੇ ਚਰਣਾ ਨਾਲ ਪਵਿਤ੍ਰ ਕੀਤਾ ਹੈ. ਇੱਥੇ ਭਾਈ ਮੋਹਰ ਸਿੰਘ ਜੀ ਪੁਣਛ ਵਾਲਿਆਂ ਨੇ ਗੁਰੁਦ੍ਵਾਰਾ ਬਣਵਾ ਦਿੱਤਾ ਹੈ. ਇਹ ਥਾਂ ਕਸ਼ਮੀਰ ਦੀ ਪੱਕੀ ਸੜਕ ਦੇ ੩੮ ਵੇਂ ਮੀਲ ਤੋਂ ਸੱਜੇ ਪਾਸੇ ਸੱਤ ਮੀਲ ਦੀ ਵਿੱਥ ਤੇ ਹੈ.
੫ ਦੁਮੇਲ ਪੜਾਉ ਤੋਂ ਤਿੰਨ ਮੀਲ ਤੇ ਕਿਸਨਗੰਗਾ ਅਤੇ ਜੇਹਲਮ ਦੇ ਸੰਗਮ ਦੇ ਸਾਹਮਣੇ, ਨਲੂਛੀ ਪਿੰਡ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਅਸਥਾਨ ਹੈ. ਇਥੇ ਗੁਰੁਦ੍ਵਾਰਾ ਬਣਿਆ ਹੋਇਆ ਹੈ, ਹਰ ਐਤਵਾਰ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ.
੬ ਬਾਰਾਂਮੂਲੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਪਵਿੱਤ੍ਰ ਅਸਥਾਨ ਹੈ. ਦੇਖੋ, ਬਾਰਾਂਮੂਲਾ.
੭ ਸ਼੍ਰੀ ਨਗਰ ਦੇ ਕਾਠੀ ਦਰਵਾਜੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦ੍ਵਾਰਾ ਹੈ. ਮਾਈ ਭਾਗਭਰੀ ਨੂੰ ਕ੍ਰਿਤਾਰਥ ਕਰਨ ਆਏ ਇੱਥੇ ਵਿਰਾਜੇ ਸਨ. ਦੇਖੋ, ਭਾਗਭਰੀ.
੮ ਇਨ੍ਹਾਂ ਤੋਂ ਬਿਨਾ ਹੋਰ ਭੀ ਕਈ ਪਿੰਡਾਂ ਵਿੱਚ ਗੁਰੂ ਸਾਹਿਬਾਂ ਦੇ ਵਿਰਾਜਣ ਦੇ ਥਾਂ “ਥੜਾ ਸਾਹਿਬ” ਨਾਉਂ ਤੋਂ ਪ੍ਰਸਿੱਧ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਸ਼ਮੀਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਕਸ਼ਮੀਰ: ਧਰਤੀ ਉਤੇ ਜੰਨਤ ਜਾਂ ਸਵਰਗ ਹੋਣ ਦਾ ਗੌਰਵ ਪ੍ਰਾਪਤ ਕਰਨ ਵਾਲਾ ਕਸ਼ਮੀਰ ਪ੍ਰਦੇਸ਼ ਭਾਰਤ ਦੇ ਉੱਤਰ ਵਿਚ ਇਕ ਰਮਣੀਕ ਪਹਾੜੀ ਖੇਤਰ ਹੈ। ਭਾਰਤ ਨੂੰ ਆਜ਼ਾਦੀ ਪ੍ਰਾਪਤ ਹੋਣ ਤਕ ਇਹ ਮਹਾਰਾਜਾ ਹਰੀ ਸਿੰਘ ਡੋਗਰੇ ਅਧੀਨ ਸੀ , ਪਰ ਕਬਾਇਲੀਆਂ ਦੇ ਹਮਲੇ ਕਾਰਣ ਉਸ ਕੋਲੋਂ ਇਸ ਨੂੰ ਸੁਤੰਤਰ ਰਿਆਸਤ ਵਜੋਂ ਕਾਇਮ ਰਖਣਾ ਔਖਾ ਹੋ ਗਿਆ। ਜਦੋਂ ਪੰਜਾਹ ਹਜ਼ਾਰ ਵਰਗਮੀਲ ਤਕ ਦਾ ਇਲਾਕਾ ਹਮਲਾਵਰਾਂ ਨੇ ਕਬਜ਼ੇ ਵਿਚ ਲੈ ਲਿਆ ਤਾਂ ਰਾਜੇ ਨੇ ਭਾਰਤ ਸਰਕਾਰ ਦੀ ਮਦਦ ਮੰਗੀ। ਭਾਰਤੀ ਫ਼ੌਜਾਂ ਨੇ ਕਬਾਇਲੀਆਂ ਦੀ ਪੇਸ਼ਕਦਮੀ ਰੋਕ ਦਿੱਤੀ ਅਤੇ ਬਾਦ ਵਿਚ ਹੋਈ ਲਾਮ- ਬੰਦੀ ਕਾਰਣ ਅਜੇ ਤਕ ਮਾਮਲਾ ਲਟਕ ਰਿਹਾ ਹੈ।
ਸੰਨ 1952 ਈ. ਵਿਚ ਕਸ਼ਮੀਰ ਰਿਆਸਤ ਦੀ ਸੁਤੰਤਰ ਰਾਜ-ਸੱਤਾ ਖ਼ਤਮ ਕਰ ਦਿੱਤੀ ਗਈ ਅਤੇ ਸੰਨ 1957 ਈ. ਵਿਚ ਇਸ ਨੂੰ ਭਾਰਤੀ ਸੰਵਿਧਾਨ ਅਧੀਨ ਲਿਆ ਕੇ ਇਸ ਰਿਆਸਤ ਦਾ ਨਾਂ ‘ਜੰਮੂ ਅਤੇ ਕਸ਼ਮੀਰ’ ਰਖਿਆ ਗਿਆ ਅਤੇ ਇਸ ਨੂੰ ਹੋਰਨਾਂ ਪ੍ਰਾਂਤਾਂ ਨਾਲੋਂ ਵਖਰਾ ਦਰਜਾ ਦਿੱਤਾ ਗਿਆ।
‘ਕਸ਼ਮੀਰ’ ਨਾਂ ਦਾ ਸੰਬੰਧ ਕਸ਼ੑਯਪ ਪ੍ਰਜਾਪਤਿ ਨਾਲ ਜੋੜਿਆ ਜਾਂਦਾ ਹੈ। ਪੁਰਾਤਨ ਕਾਲ ਤੋਂ ਇਸ ਖੇਤਰ ਵਿਚ ਭਾਰਤੀ ਸੰਸਕ੍ਰਿਤੀ ਦਾ ਗੌਰਵ ਬਣਿਆ ਆ ਰਿਹਾ ਹੈ। ਸੰਨ 740 ਈ. ਤਕ ਇਥੇ ਕਨੌਜ ਦੇ ਰਾਜੇ ਯਸ਼ੋਵਰਧਨ ਦਾ ਰਾਜ ਸੀ ਜਿਸ ਨੇ ਮਾਰਤੰਡ ਦਾ ਸੂਰਜ-ਮੰਦਿਰ ਬਣਵਾਇਆ। ਕਾਲਾਂਤਰ ਵਿਚ ਯਸ਼ੋਵਰਧਨ ਨਾਲ ਭਿਆਨਕ ਯੁੱਧ ਕਰਕੇ ਲਲਿਤਾਦਿਤੑਯ ਨੇ ਕਸ਼ਮੀਰ ਨੂੰ ਜਿਤ ਲਿਆ। ਇਸ ਦੇ ਰਾਜ- ਕਾਲ ਵਿਚ ਕਸ਼ਮੀਰ ਵਿਚ ਬਹੁਤ ਵਿਕਾਸ ਹੋਇਆ। ਤੇਰ੍ਹਵੀਂ ਸਦੀ ਤੋਂ ਇਸ ਖੇਤਰ ਵਿਚ ਮੁਸਲਮਾਨਾਂ ਦਾ ਦਾਬਾ ਬਹੁਤ ਵਧ ਗਿਆ। ਅਕਬਰ ਬਾਦਸ਼ਾਹ ਨੇ ਸੰਨ 1587 ਈ. ਵਿਚ ਇਸ ਨੂੰ ਜਿਤ ਕੇ ਮੁਗ਼ਲ ਹਕੂਮਤ ਵਿਚ ਸ਼ਾਮਲ ਕਰ ਲਿਆ। ਜਹਾਂਗੀਰ ਇਸ ਦੀ ਸੁੰਦਰਤਾ ਅਤੇ ਰਮਣੀਕਤਾ ਉਤੇ ਮੋਹਿਤ ਸੀ। ਔਰੰਗਜ਼ੇਬ ਤਕ ਇਹ ਇਲਾਕਾ ਮੁਗ਼ਲ ਹਕੂਮਤ ਦੇ ਅਧੀਨ ਰਿਹਾ ਪਰ ਬਾਦ ਵਿਚ ਕੇਂਦਰੀ ਸੱਤਾ ਦੇ ਕਮਜ਼ੋਰ ਹੋ ਜਾਣ ਨਾਲ ਇਥੇ ਅਧਿਕਤਰ ਅਸ਼ਾਂਤੀ ਹੀ ਰਹੀ। ਸੰਨ 1819 ਈ. ਵਿਚ ਇਸ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਕਬਜ਼ਾ ਕਰਕੇ ਲਾਹੌਰ ਦਰਬਾਰ ਦੇ ਅਧੀਨ ਕੀਤਾ। ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਇਸ ਤੱਥ ਵਲ ਸੰਕੇਤ ਕੀਤਾ ਹੈ— ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾ ਗਿਆ।
ਅੰਗ੍ਰੇਜ਼ਾਂ ਨਾਲ ਹੋਈ ਲੜਾਈ ਵਿਚ ਜਦੋਂ ਸਿੱਖ ਫ਼ੌਜਾਂ ਹਾਰ ਗਈਆਂ ਤਾਂ ਰਾਜਾ ਗੁਲਾਬ ਸਿੰਘ ਨੇ, ਜੋ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਧਿਆਨ ਸਿੰਘ ਦਾ ਵੱਡਾ ਭਰਾ ਸੀ ਅਤੇ ਖ਼ੁਦ ਵੀ ਲਾਹੌਰ ਦਰਬਾਰ ਵਿਚ ਚੰਗੀ ਪਦਵੀ ਉਤੇ ਸੀ, ਅੰਗ੍ਰੇਜ਼ ਸਰਕਾਰ ਲਈ ਕੀਤੀ ਸੇਵਾ ਦੇ ਸ਼ੁਕਰਾਨੇ ਵਜੋਂ ਕੇਵਲ 75 ਲੱਖ ਰੁਪਏ ਬਦਲੇ ਕਸ਼ਮੀਰ ਨੂੰ ਖ਼ਰੀਦ ਲਿਆ। ਉਦੋਂ ਤੋਂ ਲੈ ਕੇ ਦੇਸ਼ ਦੀ ਵੰਡ ਤੋਂ ਕੁਝ ਬਾਦ ਤਕ ਇਸ ਉਤੇ ਡੋਗਰਾ ਪਰਿਵਾਰ ਦਾ ਅਧਿਕਾਰ ਰਿਹਾ। ਇਸ ਦਾ ਆਖ਼ਰੀ ਮਹਾਰਾਜਾ ਡਾ. ਕਰਨ ਸਿੰਘ ਸੀ। ਇਸ ਖੇਤਰ ਵਿਚ ਪੁਰਾਣੀ ਸੰਸਕ੍ਰਿਤੀ ਦੇ ਅਵਸ਼ੇਸ਼ ਤੋਂ ਇਲਾਵਾ ਹੋਰ ਵੀ ਕਈ ਮਹੱਤਵਪੂਰਣ ਸਥਾਨ ਹਨ।
ਸ਼੍ਰੀਨਗਰ ਇਸ ਦੀ ਗਰਮੀਆਂ ਦੀ ਰਾਜਧਾਨੀ ਹੈ। ਇਹ ਨਗਰ ਜੇਹਲਮ ਨਦੀ ਦੇ ਦੋਹਾਂ ਪਾਸੇ ਵਸਿਆ ਹੈ। ਇਥੇ ਦੁਨੀਆਂ ਦੇ ਦੂਰ-ਦੁਰਾਡੇ ਦੇਸ਼ਾਂ ਤੋਂ ਲੋਕ ਸੈਰ ਕਰਨ ਅਤੇ ਕੁਦਰਤੀ ਨਜ਼ਾਰੇ ਦੇਖਣ ਲਈ ਆਉਂਦੇ ਹਨ। ਲਕੜੀ ਅਤੇ ਉੱਨ ਤੋਂ ਬਣਾਈਆਂ ਜਾਣ ਵਾਲੀਆਂ ਵਸਤੂਆਂ ਇਥੋਂ ਅਨੇਕ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ।
‘ਜੰਮੂ ਕਸ਼ਮੀਰ ਦੀ ਸਿੱਖ ਤਵਾਰੀਖ’ (ਕ੍ਰਿਤ ਜਸਬੀਰ ਸਿੰਘ ਸਰਨਾ) ਅਨੁਸਾਰ ਜੰਮੂ ਅਤੇ ਕਸ਼ਮੀਰ ਪ੍ਰਦੇਸ਼ ਵਿਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਚਰਣ ਪਾਏ ਸਨ। ਉਨ੍ਹਾਂ ਦੇ ਆਗਮਨ ਨਾਲ ਸੰਬੰਧਿਤ ਇਸ ਪ੍ਰਦੇਸ਼ ਵਿਚ ਹੇਠ ਲਿਖੇ ਦਸ ਗੁਰੂ-ਧਾਮ ਹਨ, ਜਿਨ੍ਹਾਂ ਦੀ ਵਿਵਸਥਾ ਸਰਕਾਰੀ ਸਰਪ੍ਰਸਤੀ ਅਧੀਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਕਰਦੀਆਂ ਹਨ :
(1) ਗੁਰਦੁਆਰਾ ਪੱਥਰ ਸਾਹਿਬ, ਲੇਹ-ਲੱਦਾਖ;
(2) ਗੁਰਦੁਆਰਾ ਨਾਨਕਸਰ, ਮਟਨ;
(3) ਗੁਰਦੁਆਰਾ ਨਾਨਕ ਅਸਥਾਨ , ਅਨੰਤਨਾਗ;
(4) ਗੁਰਦੁਆਰਾ ਸ਼ਾਹ ਜੀ ਮਰਗ , ਪੁਲਵਾਮਾ;
(5) ਗੁਰਦੁਆਰਾ ਛੇਵੀਂ ਪਾਤਸ਼ਾਹੀ, ਕਾਠੀ ਦਰਵਾਜ਼ਾ, ਸ਼੍ਰੀਨਗਰ;
(6) ਗੁਰਦੁਆਰਾ ਛੇਵੀਂ ਪਾਤਸ਼ਾਹੀ, ਬਾਰਾਮੂਲਾ;
(7) ਗੁਰਦੁਆਰਾ ਥੜ੍ਹਾ ਸਾਹਿਬ, ਕਲਮਪੁਰਾ;
(8) ਗੁਰਦੁਆਰਾ ਪਰਮਪੀਲਾਂ, ਉੜੀ;
(9) ਗੁਰਦੁਆਰਾ ਛੇਵੀਂ ਪਾਤਸ਼ਾਹੀ, ਕਠਾਈ; ਅਤੇ
(10) ਗੁਰਦੁਆਰਾ ਛੇਵੀਂ ਪਾਤਸ਼ਾਹੀ, ਨਲੂਛੀ ।
ਇਨ੍ਹਾਂ ਗੁਰਦੁਆਰਿਆਂ ਸੰਬੰਧੀ ਅਧਿਕ ਵਿਸਤਾਰ ਇਨ੍ਹਾਂ ਦੇ ਨਗਰਾਂ ਵਾਲੇ ਇੰਦਰਾਜਾਂ ਵਿਚ ਵੇਖੋ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਕਸ਼ਮੀਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕਸ਼ਮੀਰ : ਦੁਨੀਆ ਭਰ ਵਿਚ ਪ੍ਰਸਿੱਧ ਇਹ ਬਹੁਤ ਖੂਬਸੂਰਤ ਵਾਦੀ ਹੈ ਜਿਸਨੂੰ ਧਰਤੀ ਉੱਪਰ ਹੀ ਜੱਨਤ ਕਿਹਾ ਜਾਂਦਾ ਹੈ। ਇਹ ਭਾਰਤ ਉਪ-ਮਹਾਂਦੀਪ ਦੇ ਧੁਰ ਉੱਤਰ ਵਿਚ ਵਾਕਿਆ ਹੈ ਜਿਸ ਦਾ ਬਹੁਤਾ ਹਿੱਸਾ ਭਾਰਤ ਅਧੀਨ, ਕੁਝ ਹਿੱਸਾ ਪਾਕਿਸਤਾਨ ਅਧੀਨ ਅਤੇ ਥੋੜਾ ਜਿਹਾ ਹਿੱਸਾ ਚੀਨ ਅਧੀਨ ਹੈ। ਭਾਰਤ ਵਾਲਾ ਹਿੱਸਾ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਵਿਚ ਸ਼ਾਮਲ ਹੈ। ਕਸ਼ਮੀਰ ਦਾ ਕੁਲ ਰਕਬਾ 222,236 ਵ. ਕਿ. ਮੀ. ਹੈ ਜਿਸ ਵਿਚੋਂ 78, 932 ਵ. ਕਿ. ਮੀ. ਪਾਕਿਸਤਾਨ ਅਧੀਨ ਅਤੇ 42,735 ਵ. ਕਿ. ਮੀ. ਰਕਬਾ ਚੀਨ ਦੇ ਅਧੀਨ ਹੈ। ਭਾਰਤ ਅਧੀਨ ਕਸ਼ਮੀਰ ਦੀ ਆਬਾਦੀ ਲਗਭਗ 60 ਲੱਖ, ਪਾਕਿਸਤਾਨ ਅਧੀਨ ਕਸ਼ਮੀਰ ਦੀ ਆਬਾਦੀ ਲਗਭਗ 20 ਲੱਖ ਅਤੇ ਚੀਨ ਵਿਚ ਵਸੋਂ ਨਾ ਕੇ ਬਰਾਬਰ ਹੈ। ਇਸ ਦੀਆਂ ਹਦਾਂ ਦੱਖਣ ਵਿਚ ਭਾਰਤ ਦੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਰਾਜਾਂ ਨਾਲ, ਦੱਖਣ ਪੱਛਮ ਵਿਚ ਪਾਕਿਸਤਾਨ ਦੇ ਪੰਜਾਬ ਅਤੇ ਉੱਤਰ ਪੱਛਮੀ ਸਰਹੱਦੀ ਸੂਬਿਆਂ ਨਾਲ, ਉੱਤਰ ਵਿਚ ਚੀਨ ਦੇ ਸੀਕਿਆਂਗ ਖੇਤਰ ਨਾਲ ਅਤੇ ਪੂਰਬ ਵਿਚ ਚੀਨ ਅਧੀਨ ਤਿੱਬਤ ਨਾਲ ਲਗਦੀਆਂ ਹਨ। ਇਹ ਘਾਟੀ ਸੈਲਾਨੀਆਂ ਲਈ ਭਾਰੀ ਖਿੱਚ ਦਾ ਕੇਂਦਰ ਹੈ। ਦੁਨੀਆ ਭਰ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਵਾਦੀ ਨੂੰ ਦੇਖਣ ਆਉਂਦੇ ਹਨ ਅਤੇ ਇਥੋਂ ਦੀਆਂ ਸੁੰਦਰ ਝੀਲਾਂ ਤੇ ਬਾਗਾਂ ਦੀ ਸੁੰਦਰਤਾ ਦਾ ਆਨੰਦ ਮਾਣਦੇ ਹਨ। ਇਸ ਇਲਾਕੇ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਥੇ ਹੋਈਆਂ ਖੁਦਾਈਆਂ ਤੋਂ ਇਸ ਦੀ ਪ੍ਰਾਚੀਨਤਾ ਦਾ ਪਤਾ ਲਗਦਾ ਹੈ। ਸੰਨ 250 ਈ. ਪੂ. ਮਹਾਰਾਜਾ ਅਸ਼ੋਕ ਨੇ ਕਸ਼ਮੀਰ ਵਿਚ ਬੁੱਧ ਧਰਮ ਦਾ ਪ੍ਰਚਾਰ ਕੀਤਾ। ਹਰਵਾਨ ਪਿੰਡ ਵਿਚ ਮਿਲੇ ਖੰਡਰ ਇਸ ਗਲ ਦੀ ਹਾਮੀ ਭਰਦੇ ਹਨ। ਬਾਅਦ ਵਿਚ ਇਥੇ ਬੁੱਧ ਧਰਮ ਦੀ ਥਾਂ ਹਿੰਦੂ ਧਰਮ ਅਤੇ ਫਿਰ ਇਸਲਾਮ ਨੇ ਲੈ ਲਈ। ਅੱਠਵੀਂ ਸਦੀ ਦੇ ਸ਼ੁਰੂ ਵਿਚ ਰਾਜਾ ਲਲਿਤਦਿੱਤ ਦੇ ਸਮੇਂ ਕਸ਼ਮੀਰ ਵਿਚ ਹਿੰਦੂ ਰਾਜ ਉੱਨਤੀ ਦੇ ਸਿਖਰਾਂ ਤੇ ਸੀ। ਪਹਿਲਗਾਮ ਦੇ ਰਸਤੇ ਵਿਚ ਮਾਰਤੰਡ ਵਿਖੇ ਮਿਲੇ ਮੰਦਰਾਂ ਦੇ ਖੰਡਰਾਤ ਇਸ ਗਲ ਦੀ ਪੁਸ਼ਟੀ ਕਰਦੇ ਹਨ।
ਕਸ਼ਮੀਰ ਦਾ ਰਾਜਾ ਲਲਿਤਾਦਿੱਤ ਵੱਡਾ ਪ੍ਰਤਾਪੀ ਹੋਇਆ ਹੈ, ਜਿਸ ਨੇ ਕਨੌਜ ਦੇ ਰਾਜਾ ਯਮੋਵਰਧਨ ਨੂੰ ਸੰਨ 740 ਵਿਚ ਜਿੱਤ ਕੇ ਆਪਣਾ ਰਾਜ ਦੂਰ ਤੀਕ ਫੈਲਾਇਆ। ਯਸ਼ੋਵਰਧਨ ਦਾ ਬਣਵਾਇਆ ਮਾਰਤੰਡ ਮੰਦਰ ਜਗਤ ਪ੍ਰਸਿੱਧ ਸੀ, ਜਿਸ ਦੇ ਹੁਣ ਖੰਡਰ ਦਿਖਾਈ ਦਿੰਦੇ ਹਨ।
ਚੌਧਵੀਂ ਸਦੀ ਈਸਵੀ ਵਿਚ ਕਸ਼ਮੀਰ ਦੇ ਬਹੁਤ ਲੋਕ ਮੁਸਲਮਾਨ ਬਣਾਏ ਗਏ।
ਬਾਦਸ਼ਾਹ ਅਕਬਰ ਨੇ ਕਸ਼ਮੀਰ ਨੂੰ ਸੰਨ 1587 ਵਿਚ ਮੁਗ਼ਲਰਾਜ ਨਾਲ ਮਿਲਾ ਲਿਆ। ਜਹਾਂਗੀਰ ਨੇ ਇਸ ਦੀ ਸੁੰਦਰਤਾ ਵਧਾਉਣ ਲਈ ਅਨੇਕ ਜਤਨ ਕੀਤੇ। ਔਰੰਗਜ਼ੇਬ ਪਿੱਛੋਂ ਢੇਰ ਚਿਰ ਕਸ਼ਮੀਰ ਵਿਚ ਰੌਲਾ ਹੀ ਰਿਹਾ। ਅਠਾਰਵੀਂ ਸਦੀ ਦੇ ਅੱਧ ਵਿਚ ਇਹ ਸੂਬਾ ਦਿੱਲੀ ਤੋਂ ਸੁਤੰਤਰ ਹੋ ਗਿਆ।
ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਸੰਨ 1819 ਵਿਚ ਜਿੱਤ ਕੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਬਾਅਦ ਵਿਚ 1846 ਈ. ਵਿਚ ਰਾਜਾ ਗੁਲਾਬ ਸਿੰਘ ਨੇ ਸਿੱਖ ਯੁੱਧ ਤੋਂ ਪਿਛੋਂ 75 ਲੱਖ ਰੁਪਏ ਵਿਚ ਇਸ ਨੂੰ ਅੰਗਰੇਜ਼ਾਂ ਪਾਸੋਂ ਖਰੀਦ ਲਿਆ ਸੀ।
ਸੈਰਗਾਹਾਂ––ਕਸ਼ਮੀਰ ਵਿਚ ਸੈਰ ਸਪਾਟੇ ਦੇ ਸਥਾਨਾਂ ਦੀ ਭਰਮਾਰ ਹੈ। ਜਿਹਲਮ ਦੇ ਕੰਢਿਆਂ ਤੇ ਵਸਿਆ ਸ੍ਰੀ ਨਗਰ ਭਾਰਤ ਦਾ ਪ੍ਰਸਿੱਧ ਸ਼ਹਿਰ ਹੈ ਅਤੇ ਜੰਮੂ-ਕਸ਼ਮੀਰ ਰਾਜ ਦੀ ਰਾਜਧਾਨੀ ਵੀ ਹੈ। ਵੂਲਰ, ਡਲ ਅਤੇ ਨਾਗਨ ਕਸ਼ਮੀਰ ਦੀਆਂ ਬਹੁਤ ਹੀ ਖ਼ੂਬਸੂਰਤ ਕੁਦਰਤੀ ਝੀਲਾਂ ਹਨ। ਡਲ ਝੀਲ ਜਿਹੜੀ ਪਹਾੜਾਂ ਦੀ ਬੁਕਲ ਵਿਚ ਸਥਿਤ ਹੈ ਵਿਚ ਚਲਦੇ ਸ਼ਿਕਾਰੇ ਅਤੇ ਹਾਊਸ ਬੋਟ ਸੈਲਾਨੀਆਂ ਲਈ ਕੁਦਰਤ ਦਾ ਕ੍ਰਿਸ਼ਮਾ ਹੀ ਪੇਸ਼ ਕਰਦੇ ਹਨ। ਸ੍ਰੀ ਨਗਰ ਹੁਣ ਕਾਫ਼ੀ ਵਿਕਸਤ ਸ਼ਹਿਰ ਬਣ ਚੁਕਾ ਹੈ। ਇਥੋਂ ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ, ਜੰਮੂ ਅਤੇ ਲੇਹ ਲਈ ਸਿੱਧੀ ਹਵਾਈ ਸੇਵਾ ਦੀ ਸਹੂਲਤ ਹਾਸਲ ਹੈ। ਸ੍ਰੀ ਨਗਰ ਤੋਂ ਇਲਾਵਾ ਬਾਰਾਮੂਲਾ ਅਤੇ ਅਨੰਤ ਨਾਗ ਵੀ ਇਥੋਂ ਦੇ ਪ੍ਰਸਿੱਧ ਸ਼ਹਿਰ ਹਨ।
ਬਾਗ਼––ਡਲ ਝੀਲ ਦੇ ਸੱਚੇ ਕੰਢੇ ਉਤੇ ਮੁਗ਼ਲ ਬਾਦਸ਼ਾਹਾਂ ਦੇ ਅਤਿਹੁਸੀਨ ਬਣਾਏ ਬਾਗ਼ ਹਨ ਜਿਹੜੇ ਕਸ਼ਮੀਰ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ। ਚਸ਼ਮਾ ਸ਼ਾਹੀ ਅਤੇ ਪਰੀ ਮਹਲ ਪਹਾੜੀ ਢਲਾਣ ਤੇ ਬਣੀਆਂ ਸੁੰਦਰ ਸੈਰਗਾਹਾਂ ਹਨ। ਸ਼ਾਹੀ ਚਸ਼ਮੇ ਨੂੰ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਬਹੁਤ ਵਿਕਸਤ ਕੀਤਾ। ਇਨ੍ਹਾਂ ਤੋਂ ਇਲਾਵਾ ਨਿਸ਼ਾਤ ਅਤੇ ਸ਼ਾਲੀਮਾਰ ਬਾਗ਼ ਬਹੁਤ ਵੱਡੇ ਵੱਡੇ ਅਤੇ ਸੁੰਦਰ ਬਾਗ਼ ਹਨ। ਇਨ੍ਹਾਂ ਵਿਚ ਲਗੇ ਕਈ ਕਿਸਮ ਦੇ ਫੁਹਾਰੇ ਇਨ੍ਹਾਂ ਦੀ ਸੁੰਦਰਤਾ ਨੂੰ ਦੂਣਾ ਕਰਦੇ ਹਨ। ਨਿਸ਼ਾਤ ਬਾਗ਼ ਵਿਚ ਚਨਾਰ ਦੇ ਰੁਖਾਂ ਦੀ ਭਰਮਾਰ ਉਸਦੀ ਖੂਬਸੂਰਤੀ ਨੂੰ ਵਧਾਉਂਦੀ ਹੈ। ਸ਼ਾਲੀਮਾਰ ਬਾਗ਼ ਬਾਦਸ਼ਾਹ ਜਹਾਂਗੀਰ ਅਤੇ ਉਸਦੀ ਮਲਕਾ ਨੂਰਜਹਾਂ ਦੀ ਪ੍ਰੇਮ ਕਹਾਣੀ ਦੀ ਨਿਸ਼ਾਨੀ ਹੈ। ਇਹ ਬਾਗ਼ ਇਕ ਚਰਕਦਾਰ ਰਸਤੇ ਰਾਹੀਂ ਨਾਗਨ ਝੀਲ ਅਤੇ ਸ੍ਰੀ ਨਗਰ ਨਾਲ ਜੁੜਿਆ ਹੋਇਆ ਹੈ। ਡਲ ਝੀਲ ਨਾਲੋਂ ਨਾਗਨ ਝੀਲ ਵਧੇਰੇ ਸਾਫ਼ ਹੈ ਅਤੇ ਯਾਤਰੀਆਂ ਨੂੰ ਆਪਣੇ ਵਲ ਖਿੱਚਦੀ ਹੈ। ਇਸ ਝੀਲ ਵਿਚ ਤੈਰਾਕੀ ਦੀਆਂ ਵੀ ਸਹੂਲਤਾਂ ਹਨ। ਨਾਗਨ ਝੀਲ ਦੇ ਪਿੱਛੇ ਹਰੀ ਪਰਬਤ ਕਿਲਾ ਹੈ। ਇਹ ਕਿਲਾਂ ਬਾਦਸ਼ਾਹ ਅਕਬਰ ਨੇ 300 ਸਾਲ ਪਹਿਲਾਂ ਬਣਵਾਇਆ ਸੀ।
ਪਹਿਲਗਾਮ, ਗੁਲਮਰਗ ਅਤੇ ਸੋਨਮਰਗ ਇਥੋਂ ਦੀਆਂ ਤਿੰਨ ਪਹਾੜੀ ਸੈਰਗਾਹਾਂ ਹਨ। ਇਥੇ ਯਾਰਤੀਆਂ ਦੇ ਠਹਿਰਣ ਲਈ ਕਈ ਸਰਕਾਰੀ ਹੋਟਲ, ਖੇਮੇ ਅਤੇ ਨਿਜੀ ਹੋਟਲ ਵੀ ਹਨ। ਪਹਿਲਗਾਮ, ਅਮਰਨਾਥ ਦੀ ਗੁਫ਼ਾ ਹੋਣ ਕਾਰਨ ਭਾਰਤੀ ਯਾਤਰੀਆਂ ਲਈ ਬੜੀ ਮਹੱਤਤਾ ਰੱਖਦਾ ਹੈ। ਗੁਰਮਰਗ ਗੋਲਫ਼ ਖੇਡਣ ਵਾਲਿਆਂ ਲਈ ਖਿੱਚ ਦਾ ਕੇਂਦਰ ਹੈ। ਗੁਰਮਰਗ ਤੋਂ ਚਾਰ ਪੰਜ ਕਿਲੋਮੀਟਰ ਅਗੇ ਬਰਫ਼ ਨਾਲ ਢਕਿਆ ਖਿਲਨ ਮਰਗ ਦਾ ਸਥਾਨ ਹੈ ਜਿਸਨੂੰ ਵੇਖੇ ਬਿਨਾਂ ਕੋਈ ਵੀ ਕਸ਼ਮੀਰ ਤੋਂ ਵਾਪਸ ਨਹੀਂ ਆਉਂਦਾ। ਬੁਢੇ ਠੇਰੇ ਅਤੇ ਔਰਤਾਂ ਵੀ ਇਥੇ ਖੱਚਰਾਂ ਤੇ ਚੜ੍ਹਕੇ ਪਹੁੰਚਦੀਆਂ ਹਨ।
ਡਲ ਝੀਲ ਦੇ ਐਨ ਵਿਚਕਾਰ ਛੋਟੇ ਜਿਹੇ ਟਾਪੂ ਤੇ ਚਨਾਰ ਦੇ ਇਕੋ ਜਿਹੀ ਵਿੱਥ ਤੇ ਲਗੇ ਚਾਰ ਦਰਖਤ ਹਨ ਜਿਨ੍ਹਾਂ ਨੂੰ ਚਾਰ-ਚਨਾਰ ਹੀ ਕਹਿੰਦੇ ਹਨ। ਸ਼ਿਕਾਰੇ ਵਿਚ ਬਹਿੰਦੀਆਂ ਸਾਰ ਨਵ-ਵਿਆਹੇ ਜੋੜਿਆਂ ਦੀ ਪਹਿਲੀ ਮੰਜਲ ਚਾਰ-ਚਨਾਰ ਹੀ ਹੁੰਦੀ ਹੈ।
ਸੈਰਗਾਹਾਂ ਤੋਂ ਇਲਾਵਾ ਸ੍ਰੀਨਗਰ ਦੀਆਂ ਦੋ ਪ੍ਰਸਿੱਧ ਮਸਜਿਦਾਂ ਹਨ। ਜਾਮਾ ਮਸਜਿਦ 1402 ਈ. ਦੀ ਬਣੀ ਹੋਈ ਹੈ। ਇਹ ਆਕਾਰ ਵਿਚ ਬਹੁਤ ਵੱਡੀ ਹੈ ਅਤੇ ਇੱਟਾਂ ਤੇ ਲਕੜੀ ਦੀ ਬਣੀ ਹੋਈ ਹੈ। ਡਲ ਝੀਲ ਦੇ ਕੰਢੇ ਦੁੱਧ ਚਿੱਟੇ ਸੰਗਮਰਮਰ ਦੀ ਬਣੀ ਹਰਜ਼ਤ ਬਲ ਦੀ ਮਸਜਿਦ ਹੈ।
ਕਸ਼ਮੀਰ ਵਿਚ ਕਈ ਅਸਥਾਨ ਸਤਿਗੁਰਾਂ ਦੇ ਚਰਨਾਂ ਨਾਲ ਪਵਿੱਤਰ ਹੋਏ ਹਨ :––
1. ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀਨਗਰ ਜਿਸ ਵੇਲੇ ਪਧਾਰੇ ਸਨ, ਤਦ ਸ਼ੰਕਰਚਾਰੀਆਂ ਵਾਲੀ ਪਹਾੜੀ ਤੇ ਵਿਰਾਜੇ ਸਨ, ਪਰ ਸਿੱਖਾਂ ਦੀ ਅਣਗਹਿਲੀ ਕਰਕੇ ਗੁਰਦੁਵਾਰਾ ਨਹੀਂ ਬਣਿਆ।
2. ਗੁਲਮਰਗ ਤੋਂ ਉੱਪਰ ਇਕ ਪਹਾੜੀ ਹੈ, ਜਿੱਥੇ ਸੁੰਦਰ ਤਲਾਉ ਹੈ, ਉੱਥੇ ਵੀ ਗੁਰੂ ਜੀ ਨੇ ਚਰਨ ਪਾਏ ਸਨ।
3. ਹਰਮੁਖ ਗੰਗਾ, ਜੋ ਸ੍ਰੀਨਗਰ ਅਤੇ ਬਾਰਾਂਮੂਲਾ ਦੇ ਮੱਧ ਜੇਹਲਮ ਪਾਰ ਹੈ, ਉਸ ਥਾਂ ਵੀ ਗੁਰੂ ਨਾਨਕ ਦੇਵ ਜੀ ਵਿਰਾਜੇ ਸਨ।
4. ਕਲਿਆਨ ਸਰ, ਜਿੱਥੇ ਜਲ ਦਾ ਨਿਰਮਾਣ ਸੋਮਾ ਹੈ, ਜਗਤਗੁਰੂ ਨੇ ਆਪਣੇ ਚਰਨਾਂ ਨਾਲ ਪਵਿੱਤਰ ਕੀਤਾ। ਇਥੇ ਭਾਈ ਮੇਹਰ ਸਿੰਘ ਜੀ ਪੁੰਛ ਵਾਲਿਆਂ ਨੇ ਗੁਰਦਵਾਰਾ ਬਣਵਾ ਦਿਤਾ ਹੈ। ਇਹ ਥਾਂ ਕਸ਼ਮੀਰ ਦੀ ਪੱਕੀ ਸੜਕ ਤੇ 38 ਵੇਂ ਮੀਲ ਤੋਂ ਸੱਜੇ ਪਾਸੇ ਸੱਤ ਮੀਲ ਦੀ ਵਿੱਥ ਤੇ ਹੈ।
5. ਦੁਮੇਲ ਪੜਾਉ ਤੋਂ ਤਿੰਨ ਮੀਲ ਤੇ ਕਿਸਨਗੰਗਾ ਅਤੇ ਜੇਹਲਮ ਦੇ ਸੰਗਮ ਦੇ ਸਾਹਮਣੇ, ਨਲੂਛੀ ਪਿੰਡ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਰਾਜਣ ਦਾ ਅਸਥਾਨ ਹੈ। ਇਥੇ ਗੁਰਦਵਾਰਾ ਬਣਿਆ ਹੋਇਆ ਹੈ, ਹਰ ਐਤਵਾਰ ਅਤੇ ਵੈਸਾਖੀ ਨੂੰ ਮੇਲਾ ਹੁੰਦਾ ਹੈ।
6. ਬਾਰਾਮੂਲੇ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰਾਜਣ ਦਾ ਪਵਿੱਤਰ ਅਸਥਾਨ ਹੈ।
7. ਸ੍ਰੀ ਨਗਰ ਦੇ ਕਾਠੀ ਦਰਵਾਜ਼ੇ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦਵਾਰਾ ਹੈ। ਆਪ ਮਾਈ ਭਾਗਭਰੀ ਨੂੰ ਕ੍ਰਿਤਾਰਥ ਕਰਨ ਆਏ ਇਥੇ ਵਿਰਾਜੇ ਸਨ।
8 ਇਨ੍ਹਾਂ ਤੋਂ ਬਿਨਾਂ ਹੋਰ ਵੀ ਕਈ ਪਿੰਡਾਂ ਵਿਚ ਗੁਰੂ ਸਾਹਿਬਾਂ ਦੇ ਵਿਰਾਜਣ ਦੇ ਥਾਂ ‘ਥੜਾ ਸਾਹਿਬ’ ਤੋਂ ਪ੍ਰਸਿੱਧ ਸਥਾਨ ਹਨ।
ਧਰਾਤਲ––ਕਸ਼ਮੀਰ ਭਾਰਤ ਦੇ ਉੱਤਰ ਪੱਛਮ ਵਿਚ ਹਿਮਾਲਾ ਦੀਆਂ ਪਹਾੜੀਆਂ ਅਤੇ ਪੀਰ ਪੰਜਾਲ ਦੀਆਂ ਲੜੀਆਂ ਵਿਚਕਾਰ ਸਥਿਤ ਹੈ। ਇਸ ਵਿਚ ਜ਼ਿਆਦਾ ਤਰ ਪਹਾੜ ਅਤੇ ਉੱਚੀਆਂ ਪਠਾਰਾਂ ਹਨ। ਇਨ੍ਹਾਂ ਤੋਂ ਇਲਾਵਾ ਖੇਤੀ ਕਰਨ ਯੋਗ ਦੋ ਮੈਦਾਨੀ ਇਲਾਕੇ ਜੰਮੂ ਅਤੇ ਕਸ਼ਮੀਰ ਦੀ ਘਾਟੀ ਵੀ ਹਨ। ਜਿਹਲਮ ਦਰਿਆ ਇਸੇ ਘਾਟੀ ਵਿਚੋਂ ਵਗਦਾ ਹੈ। ਇਸ ਦੇ ਉੱਤਰ ਵਾਲੇ ਪਾਸੇ ਪੱਛਮੀ ਹਿਮਾਲਾ ਦੀਆਂ ਮੁੱਖ ਚੋਟੀਆਂ 6000 ਮੀ. ਤੋਂ ਵੀ ਵੱਧ ਉਚਾਈ ਤੀਕ ਪਹੁੰਚ ਜਾਂਦੀਆਂ ਹਨ। ਇਨ੍ਹਾਂ ਤੋਂ ਕੁਝ ਪਿਛਾਂਹ ਦਰਿਆ ਸਿੰਧ ਪਾਕਿਸਤਾਨ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਕਸ਼ਮੀਰ ਦੇ ਉੱਤਰ ਪੱਛਮੀ ਹਿੱਸੇ ਵਿਚੋਂ ਦੀ ਲੰਘਦਾ ਹੈ।
ਆਰਥਿਕਤਾ––ਕਸ਼ਮੀਰ ਦੇ 80% ਲੋਕਾਂ ਦਾ ਮੁੱਖ ਧੰਧਾ ਖੇਤੀਬਾੜੀ ਹੈ। ਇਥੋਂ ਦੀਆਂ ਮੁੱਖ ਫ਼ਸਲਾਂ ਚਾਵਲ, ਕਣਕ, ਮੱਕੀ, ਜੌਂ, ਬਾਜਰਾ ਅਤੇ ਦਾਲਾਂ ਹਨ। ਇਥੋਂ ਦਾ ਮੁੱਖ ਫਲ ਸੇਬ ਹੈ ਜਿਹੜਾ ਸਾਰੇ ਭਾਰਤ ਵਿਚ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਇਥੇ ਅਖਰੋਟ, ਚੈਰੀ, ਬਦਾਮ, ਖੁਰਮਾਨੀ ਆਦਿ ਫਲ ਵੀ ਵੱਡੀ ਮਾਤਰਾ ਵਿਚ ਪੈਦਾ ਕੀਤੇ ਜਾਂਦੇ ਹਨ। ਰੇਸ਼ਮ ਦੇ ਕੀੜੇ ਪਾਲਣਾ ਵੀ ਇਥੋਂ ਦਾ ਚੰਗਾ ਕਿੱਤਾ ਹੈ। ਇਥੇ ਰੇਸ਼ਮੀ, ਊਨੀ, ਸੂਤੀ ਕਪੜੇ ਦਾ ਅਤੇ ਲਕੜੀ ਦਾ ਵਪਾਰ ਵੀ ਹੁੰਦਾ ਹੈ ਇਥੋਂ ਦੇ ਕਢਾਈ ਕੀਤੇ ਗਰਮ ਸ਼ਾਲ, ਗਲੀਚੇ, ਲਕੜੀ ਤੇ ਖੁਦਾਈ ਕੀਤਾ ਸਾਮਾਨ, ਗਹਿਣੇ, ਚਮੜੇ ਦੀਆਂ ਵਸਤਾਂ ਅਤੇ ਪੇਪਰ ਮੈਸ਼ ਦੀਆਂ ਵਸਤਾਂ ਆਪਣੀ ਸੁੰਦਰਤਾ ਅਤੇ ਨਫ਼ੀਸੀ ਕਾਰਨ ਸੰਸਾਰ ਭਰ ਵਿਚ ਆਪਣੀ ਵਿਸ਼ੇਸ਼ ਥਾਂ ਰਖਦੀਆਂ ਹਨ। ਬਾਹਰੋਂ ਆਏ ਸੈਲਾਨੀ ਇਨ੍ਹਾਂ ਚੀਜ਼ਾਂ ਨੂੰ ਭਾਰੀ ਗਿਣਤੀ ਵਿਚ ਖਰੀਦਦੇ ਹਨ। ਕਸ਼ਮੀਰ ਵਿਚ ਕਈ ਪ੍ਰਕਾਰ ਦੇ ਖਣਿਜ ਵੀ ਹਨ ਪਰ ਅਜੇ ਉਨ੍ਹਾਂ ਦਾ ਪੂਰੀ ਤਰ੍ਹਾਂ ਸਰਵੇਖਣ ਨਹੀਂ ਹੋਇਆ। ਜਲ ਸ਼ਕਤੀ ਦੀ ਬਹੁਲਤਾ ਕਾਰਨ ਸਾਰੇ ਖੇਤਰ ਵਿਚ ਸਿੰਚਾਈ ਅਤੇ ਪਣ ਬਿਜਲੀ ਦੀ ਬਹੁਤਾਤ ਹੈ।
ਲੋਕ––ਕਸ਼ਮੀਰ ਦੀ ਲਗਭਗ 60 ਲੱਖ ਵਸੋਂ ਵਿਚੋਂ ਕਰੀਬ ਦੋ ਤਿਹਾਈ ਆਬਾਦੀ ਮੁਸਲਮਾਨਾਂ ਦੀ ਹੈ। ਜੰਮੂ ਵਿਚ ਹਿੰਦੂ ਲੋਕਾਂ ਦੀ ਬਹੁਗਿਣਤੀ ਹੈ। ਪਾਕਿਸਤਾਨ ਅਧੀਨ ਕਸ਼ਮੀਰ ਦੀ ਲਗਭਗ 20 ਲਖ ਆਬਾਦੀ ਨਿਰੇ ਮੁਸਲਮਾਨਾਂ ਦੀ ਹੀ ਹੈ। ਚੀਨ ਅਧੀਨ ਕਸ਼ਮੀਰ ਵਿਚ ਵਸੋਂ ਬਹੁਤ ਘੱਟ ਹੈ। ਕਸ਼ਮੀਰ ਦੀ ਧਰਤੀ ਪਹਾੜੀ ਹੋਣ ਕਾਰਨ ਆਵਾਜਾਈ ਵਧੇਰੇ ਸੁਖਾਲੀ ਨਹੀਂ ਹੈ। ਇਸੀ ਕਾਰਨ ਲੋਕਾਂ ਦੀ ਭਾਸ਼ਾ, ਧਰਮ ਅਤੇ ਸੰਸਕ੍ਰਿਤੀ ਵਿਚ ਭਿੰਨਤਾ ਹੈ। ਉਰਦੂ ਇਥੋਂ ਦੀ ਰਾਜ ਭਾਸ਼ਾ ਹੈ। ਆਮ ਲੋਕਾਂ ਦੀ ਭਾਸ਼ਾ ਕਸ਼ਮੀਰੀ ਹੈ। ਪਰ ਇਸ ਤੋਂ ਇਲਾਵਾ ਲੋਕ ਦਾਰਦਿਕ, ਉਰਦੂ, ਸੰਸਕ੍ਰਿਤ, ਡੋਗਰੀ ਅਤੇ ਪੰਜਾਬੀ ਵੀ ਬੋਲਦੇ ਹਨ। ਮੁਸਲਮਾਨ ਆਪਣੀ ਬੋਲੀ ਵਿਚ ਫ਼ਾਰਸੀ ਅਤੇ ਅਰਬੀ ਦੇ ਸ਼ਬਦਾਂ ਦੀ ਵੀ ਕਾਫ਼ੀ ਵਰਤੋਂ ਕਰਦੇ ਹਨ।
ਭਾਰਤ ਅਤੇ ਪਾਕਿਸਤਾਨ ਵਿਚਕਾਰ 1947 ਤੋਂ ਹੀ ਕਸ਼ਮੀਰ ਇਕ ਵੱਡੀ ਸਮਸਿਆ ਬਣਿਆ ਹੋਇਆ ਹੈ। 1947 ਤੋਂ ਪਹਿਲਾਂ ਕਸ਼ਮੀਰ ਅੰਗਰੇਜ਼ਾਂ ਦੀ ਸਰਪਰਸਤੀ ਅਧੀਨ ਇਕ ਆਜ਼ਾਦ ਰਿਆਸਤ ਸੀ ਅਤੇ ਹਿੰਦੂ ਰਾਜੇ ਦੇ ਅਧੀਨ ਸੀ। 1974 ਵੇਲੇ ਜਦੋਂ ਦੇਸ਼ ਦੀ ਵੰਡ ਹੋਈ ਤਾਂ ਮਹਾਰਾਜਾ ਹਰੀ ਸਿੰਘ ਨੇ ਕਸ਼ਮੀਰ ਨੂੰ ਆਜ਼ਾਦ ਰੱਖਣ ਦੀ ਕੋਸ਼ਿਸ਼ ਕੀਤੀ। ਜਦੋਂ ਪਾਕਿਸਤਾਨ ਦੇ ਪਠਾਣ ਕਬਾਇਲਿਆਂ ਨੇ ਇਥੇ ਹਮਲਾ ਕੀਤਾ ਤਾਂ ਮਹਾਰਾਜਾ ਹਰੀ ਸਿੰਘ ਨੇ ਮੁਸਲਮਾਨਾਂ ਦੀ ਬਹੁ-ਗਿਣਤੀ ਦੇ ਬਾਵਜੂਦ ਕਸ਼ਮੀਰ ਨੂੰ ਭਾਰਤ ਨਾਲ ਰਲਾਉਣ ਦਾ ਫ਼ੈਸਲਾ ਕੀਤਾ। ਪਾਕਿਸਤਾਨ ਨੂੰ ਇਹ ਗਲ ਮਨਜ਼ੂਰ ਨਹੀਂ ਸੀ ਕਿਉਂਕਿ ਉਹ ਆਰਥਕ ਅਤੇ ਧਾਰਮਕ ਦੋਹਾਂ ਪੱਖਾਂ ਤੋਂ ਇਸਨੂੰ ਆਪਣੀ ਮਲਕੀਅਤ ਮੰਨਦਾ ਸੀ। ਮੁੱਖ ਦਰਿਆ ਅਤੇ ਸੜਕਾ ਵੀ ਕਸ਼ਮੀਰ ਨੂੰ ਪਾਕਿਸਤਾਨ ਨਾਲ ਜੋੜਦੀਆਂ ਸਨ। ਇਸ ਲਈ ਪਾਕਿਸਤਾਨ ਅਤੇ ਭਾਰਤ ਵਿਚਕਾਰ ਲੜਾਈ ਸ਼ੁਰੂ ਹੋ ਗਈ ਜੋ ਕਿ 1949 ਵਿਚ ਮੁੱਕੀ। ਇਸ ਨਾਲ ਕਸ਼ਮੀਰ ਦੀ 38% ਧਰਤੀ ਅਤੇ ਲਗਭਞ 25% ਆਬਾਦੀ ਪਾਕਿਸਤਾਨ ਵਲ ਚਲੀ ਗਈ। 1952 ਵਿਚ ਕਸ਼ਮੀਰ ਵਿਚੋਂ ਬਾਦਸ਼ਾਹਤ ਦਾ ਅੰਤ ਹੋ ਗਿਆ ਅਤੇ 1957 ਵਿਚ ਭਾਰਤੀ ਸੰਵਿਧਾਨ ਇਥੇ ਪੂਰੀ ਤਰ੍ਹਾਂ ਲਾਗੂ ਹੋ ਗਿਆ। ਜੰਮੂ ਅਤੇ ਕਸ਼ਮੀਰ ਰਾਜ ਨੂੰ ਭਾਰਤ ਦੇ ਦੂਜੇ ਰਾਜਾਂ ਨਾਲੋਂ ਵੱਖਰਾ ਦਰਜਾ ਹਾਸਲ ਹੈ।
ਚੀਨ ਨੇ ਕਸ਼ਮੀਰ ਦੇ ਅਕਸਾਈ ਚਿਨ ਇਲਾਕੇ ਤੇ ਆਪਣਾ ਕਬਜ਼ਾ ਕਰਕੇ ਇਥੋਂ ਦੀ ਸਮਸਿਆਂ ਨੂੰ ਵਧੇਰੇ ਗੁੰਝਲਦਾਰ ਬਣਾ ਦਿਤਾ। ਉਸਨੇ ਸਿਨਕਿਆਂਗ ਅਤੇ ਤਿਬਤ ਵਿਚਾਲੇ ਆਵਾਜਾਈ ਨੂੰ ਸੁਖਾਲਿਆਂ ਕਰਨ ਲਈ ਪੱਕੀ ਫ਼ੌਜੀ ਸੜਕ ਵੀ ਬਣਾ ਲਈ ਹੈ। 1962 ਵਿਚ ਭਾਰਤ ਅਤੇ ਚੀਨ ਵਿਚਕਾਰ ਲੜਾਈ ਦਾ ਕਾਰਨ ਵੀ ਇਹੀ ਸੀ। ਇਹ ਹਿੱਸਾ ਹਾਲੀ ਵੀ ਚੀਨ ਕੋਲ ਹੀ ਹੈ।
ਰਾਜਨੀਤਕ ਤੌਰ ਤੇ ਸਮਸਿਆਵਾਂ ਦੇ ਬਾਵਜੂਦ ਵੀ ਸਰਕਾਰ ਕਸ਼ਮੀਰ ਦੀ ਸੁੰਦਰਤਾ ਨੂੰ ਕਾਇਮ ਰਖਣ ਲਈ ਪੂਰੀ ਤਰ੍ਹਾਂ ਸੁਚੇਤ ਹੈ।
ਹ. ਪੁ.––ਐਨ. ਬ੍ਰਿ. ਮਾ. 6 : 755 ; ਐਨ. ਅਮੈ. 16 : 329 : ਇਨਸਾਈਟਸ ਗਾਈਡ-ਇੰਡੀਆ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕਸ਼ਮੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ਼ਮੀਰ, (ਸੰਸਕ੍ਰਿਤ : कश्मीर) / ਪੁਲਿੰਗ : ਪੰਜਾਬ ਦੇ ਉੱਤਰ ਵਿੱਚ ਇੱਕ ਅਤਿ ਸੁੰਦਰ ਵਾਦੀ ਤੇ ਠੰਢਾ ਦੇਸ਼ ਜਿਸ ਦੀ ਰਾਜਧਾਨੀ ਸਿਰੀਨਗਰ ਹੈ
–ਕਸ਼ਮੀਰਜ, (ਸੰਸਕ੍ਰਿਤ) / ਪੁਲਿੰਗ :ਕੇਸਰ
–ਕਸ਼ਮੀਰਨ, ਕਸ਼ਮੀਰਨੀ, ਇਸਤਰੀ ਲਿੰਗ : ੧. ਕਸ਼ਮੀਰੀ ਦੀ ਵਹੁਟੀ; ੨. ਕਸ਼ਮੀਰ ਦੇਸ਼ ਦੀ ਤੀਵੀਂ
–ਕਸ਼ਮੀਰਾ, ਪੁਲਿੰਗ : ਇੱਕ ਤਰ੍ਹਾਂ ਦਾ ਊਨੀ ਕੱਪੜਾ
–ਕਸ਼ਮੀਰੀ, ਪੁਲਿੰਗ : ੧. ਕਸ਼ਮੀਰ ਦਾ ਵਸਨੀਕ; ੨. ਹਾਤੋ, ੩. ਮੁਸਲਮਾਨਾਂ ਦੀ ਇੱਕ ਜਾਤ ਜਿਸ ਤੇ ਆਦਮੀ ਰੂੰ ਪਿੰਜਣ ਦਾ ਕੰਮ ਕਰਦੇ ਹਨ, ੩. ਇੱਕ ਕਸ਼ਮੀਰੀ ਸਾਜ ‘ਕਸ਼ਮੀਰੀਆਂ ਦੱਖਣੀ ਨਾਲ ਵਾਜੇ’, (ਹੀ.ਵਾ.) ੪. ਨਾਚਾ, ਨਚਾਰ, ਵਿਸ਼ੇਸ਼ਣ ਕਸ਼ਮੀਰ ਦੇਸ਼ ਦਾ, ਕਸ਼ਮੀਰ ਨਾਲ ਸਬੰਧਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-04-26-22, ਹਵਾਲੇ/ਟਿੱਪਣੀਆਂ:
ਕਸ਼ਮੀਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਸ਼ਮੀਰ, ਪੁਲਿੰਗ : ਕਸ਼ਮੀਰ
–ਕਾਸ਼ਮੀਰਨ, ਇਸਤਰੀ ਲਿੰਗ : ਕਸ਼ਮੀਰਨ
–ਕਾਸ਼ਮੀਰੀ, ਵਿਸ਼ੇਸ਼ਣ / ਪੁਲਿੰਗ : ਕਸ਼ਮੀਰੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 763, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-22-12-48-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First