ਕਾਮਨ ਕਾਨੂੰਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Common Law_ਕਾਮਨ ਕਾਨੂੰਨ : ਕਾਮਨ ਕਾਨੂੰਨ ਇੰਗਲੈਂਡ ਦੇ ਕਾਨੂੰਨ ਦਾ ਉਹ ਹਿੱਸਾ ਹੈ ਜੋ ਪੁਰਾਣੀਆਂ ਕਾਮਨ ਲਾ ਅਦਾਲਤਾਂ ਦੁਆਰਾ ਸੂਤਰਬਧ,ਵਿਕਸਤ ਅਤੇ ਲਾਗੂ ਕੀਤਾ ਗਿਆ। ਇਹ ਕਾਨੂੰਨ ਦੇਸ਼ ਦੇ ਆਮ ਰਵਾਜਾਂ ਤੇ ਆਧਾਰਤ ਸੀ ਅਤੇ ਪਹਿਲਾਂ ਅਣਲਿਖਤ ਸੀ। ਨਾਰਮਨ ਜਿੱਤ ਉਪਰੰਤ ਤਾਕਤਵਰ ਕੇਂਦਰੀ ਸਰਕਾਰ ਅਤੇ ਬਾਦਸ਼ਾਹ ਦੇ ਪਰਮਅਧਿਕਾਰ ਦੀ ਵਿਸਤ੍ਰਿਤ ਵਰਤੋਂ ਦੇ ਫਲਸਰੂਪ ਵਿਕਸਿਤ ਹੋਇਆ। ਕਾਮਨ ਕਾਨੂੰਨ ਜਾਗੀਰਦਾਰੀ ਰਵਾਜ ਦਾ ਜਾਇਆ ਸੀ। ਕਾਮਨ ਕਾਨੂੰਨ ਦੇ ਬੇਲਚਕ ਹੋਣ ਅਤੇ ਹੋਰ ਨੁਕਸਾਂ ਕਾਰਨ ਈਕਵਿਟੀ ਹੋਂਦ ਵਿਚ ਆਈ। ਈਕਵਿਟੀ ਕਾਮਨ ਕਾਨੂੰਨ ਦੇ ਵਿਰੁਧ ਕਾਨੂੰਨ ਦੇ ਪੰਡਤਾਊਪਨ ਦੇ ਵਿਰੋਧ ਵਿਚ ਆਮ ਸੋਝੀ ਦੀ ਬਗ਼ਾਵਤ ਸੀ। ਕਾਮਨ ਲਾ ਅਦਾਲਤਾਂ ਵਿਚ ਸਿਵਲ ਕੇਸ ਅਤੇ ਫ਼ੌਜਦਾਰੀ ਕੇਸ ਨਜਿਠੇ ਜਾਂਦੇ ਸਨ ਜਦ ਕਿ ਕੋਰਟ ਆਫ਼ ਚਾਂਸਰੀ ਵਿਚ ਈਕਵਿਟੀ ਅਰਥਾਤ ਕੁਦਰਤੀ ਨਿਆਂ ਦੇ ਉਹ ਨਿਯਮ ਆਪਣਾਏ ਗਏ ਜੋ ਭਾਵੇਂ ਨਿਆਂਇਕ ਤੌਰ ਤੇ ਨਾਫ਼ਜ਼ ਕੀਤੇ ਜਾ ਸਕਦੇ ਹਨ ਪਰ ਇਤਿਹਾਸਕ ਕਾਰਨਾਂ ਕਰਕੇ ਕਾਮਨ ਲਾ ਅਦਾਲਤਾਂ ਵਿਚ ਲਾਗੂ ਨਹੀਂ ਸਨ ਕੀਤੇ ਜਾਂਦੇ।

       ਇਸ ਤਰ੍ਹਾਂ ਇਸ ਵਾਕੰਸ਼ ਦੀ ਵਰਤੋਂ ਦੋ ਵਖ ਵਖ ਭਾਵਾਂ ਵਿਚ ਕੀਤੀ ਜਾਂਦੀ ਹੈ। ਇਕ ਭਾਵ ਵਿਚ ਇਸ ਦੀ ਵਰਤੋਂ ਈਕਵਿਟੀ ਦੇ ਮੁਕਾਬਲੇ ਵਿਚ ਕੀਤੀ ਜਾਂਦੀ ਹੈ। ਇਥੇ ਉਸ ਦਾ ਮਤਲਬ ਉਸ ਕਾਨੂੰਨ ਤੋਂ ਲਿਆ ਜਾਂਦਾ ਹੈ ਜੋ ਜੁਡੀਕੇਚਰ ਐਕਟ ਤੋਂ ਪਹਿਲਾਂ ਵੈਸਟਮਿਨਿਸਟਰ ਦੀਆਂ ਤਿੰਨ ਆਲ੍ਹਾ ਅਦਾਲਤਾਂ ਦੁਆਰਾ ਲਾਗੂ ਕੀਤਾ ਜਾਂਦਾ ਸੀ। ਇਹ ਗੱਲ ਉਸ ਕਾਨੂੰਨ ਨੂੰ ਲਿੰਕਨਜ਼ ਇਨ ਵਿਖੇ ਕੋਰਟ ਔਫ਼ ਚਾਂਸਰੀ ਦੁਆਰਾ ਲਾਗੂ ਕੀਤੇ ਜਾਂਦੇ ਕਾਨੂੰਨ ਤੋਂ ਨਿਖੇੜਦੀ ਸੀ। ਕਾਮਨ ਕਾਨੂੰਨ ਦਾ ਦੂਜਾ ਭਾਵ ਉਸ ਨੂੰ ਪ੍ਰਵਿਧਾਨਕ ਕਾਨੂੰਨ ਤੋਂ ਨਿਖੇੜਨ ਦਾ ਹੈ ਅਤੇ ਉਦੋਂ ਕਾਮਨ ਕਾਨੂੰਨ ਦਾ ਮਤਲਬ ਹੁੰਦਾ ਹੈ ਅਣਲਿਖਤੀ ਕਾਨੂੰਨ। ਇਹ ਅਣਲਿਖਤੀ ਕਾਨੂੰਨ ਉਹ ਹੀ ਬਲ ਅਤੇ ਪ੍ਰਭਾਵ ਰਖਦਾ ਹੈ ਜੋ ਪ੍ਰਵਿਧਾਨਕ ਕਾਨੂੰਨ ਦਾ ਹੁੰਦਾ ਹੈ। ਇਹ ਕਾਨੂੰਨ ਜਨਤਾ ਵਿਚ ਪਹਿਲਾਂ ਪ੍ਰਚਲਤ ਉਨ੍ਹਾਂ ਅਸੂਲਾਂ , ਰਵਾਜਾਂ ਅਤੇ ਆਚਰਣ ਦੇ ਨਿਯਮਾਂ ਤੋਂ ਤਾਕਤ ਹਾਸਲ ਕਰਦਾ ਹੈ ਜਿਨ੍ਹਾਂ ਨੂੰ ਕਾਨੂੰਨ ਦੀਆਂ ਅਦਾਲਤਾਂ ਦੁਆਰਾ ਮਾਨਤਾ ਦਿੱਤੀ ਗਈ ਹੁੰਦੀ ਹੈ। ਪਹਿਲਾਂ ਇਸ ਮਾਨਤਾ ਦਾ ਸੋਮਾ ਕਾਨੂੰਨ ਦੀ ਪ੍ਰੈਕਟਿਸ ਕਰਨ ਵਾਲੇ ਅਤੇ ਮੁਕੱਦਮਾਬਾਜ਼ ਜਨਤਾ ਦੀ ਯਾਦਾਸ਼ਤ ਸੀ, ਹੁਣ ਇਹ ਕਾਨੂੰਨ ਰਿਪੋਟਾਂ ਵਿਚ ਸਾਂਭ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਜੱਜਾਂ ਦੇ ਫ਼ੈਸਲੇ ਅਤੇ ਉਨ੍ਹਾਂ ਫ਼ੈਸਲਿਆਂ ਪਿਛੇ ਕੰਮ ਕਰ ਰਹੀਆਂ ਦਲੀਲਾਂ ਵੀ ਦਰਜ ਕੀਤੀਆਂ ਹੁੰਦੀਆਂ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.