ਕਾਰਜਪਾਲਕਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Executive_ਕਾਰਜਪਾਲਕਾ: ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ਕਾਰਜਪਾਲਕਾ ਸਰਕਾਰ ਦੀ ਉਸ ਸ਼ਾਖ਼ਾ ਨੂੰ ਕਿਹਾ ਜਾਂਦਾ ਹੈ ਜੋ ਵਿਧਾਨਕ ਅਤੇ ਨਿਆਂਇਕ ਸ਼ਾਖ਼ਾਵਾਂ ਤੋਂ ਨਿਖੜਵੇਂ ਰੂਪ ਵਿਚ ਕਾਨੂੰਨਾਂ ਨੂੰ ਅਮਲੀ ਰੂਪ ਦਿੰਦੀ ਹੈ।
ਕਾਰਜਪਾਲਕ ਕਾਰਵਾਈ : ਰਾਮ ਜਵਾਇਆ ਕਪੂਰ ਬਨਾਮ ਪੰਜਾਬ ਰਾਜ (ਏ ਆਈ ਆਰ 1955 ਐਸ ਸੀ 549) ਵਿਚ ਸਰਵ ਉੱਚ ਅਦਾਲਤ ਦੇ ਚੀਫ਼ ਜਸਟਿਸ ਸ੍ਰੀ ਮੁਖਰਜੀ ਦਾ ਪ੍ਰੇਖਣ ਸੀ ਕਿ, ‘‘ਇਸ ਗੱਲ ਦੀ ਵਿਆਪਕ ਪਰਿਭਾਸ਼ਾ ਦੇਣਾ ਸ਼ਾਇਦ ਸੰਭਵ ਨ ਹੋਵੇ ਕਿ ਕਾਰਜਪਾਲਕ ਕਾਰਵਾਈ ਦਾ ਕੀ ਅਰਥ ਹੈ ਅਤੇ ਇਸ ਵਿਚ ਕੀ ਕੀ ਆਉਂਦਾ ਹੈ। ਸਾਧਾਰਨ ਤੌਰ ਤੇ ਕਾਰਜਪਾਲਕ ਸ਼ਕਤੀਆਂ ਤੋਂ ਮੁਰਾਦ ਉਨ੍ਹਾਂ ਸ਼ਕਤੀਆਂ ਤੋਂ ਹੈ ਜੋ ਸਰਕਾਰੀ ਕੰਮਾਂ ਵਿਚੋਂ ਵਿਧਾਨਕ ਅਤੇ ਨਿਆਇਕ ਕਾਰਜ ਕੱਢ ਲੈਣ ਪਿਛੋਂ ਬਾਕੀ ਰਹਿ ਜਾਂਦੀਆਂ ਹਨ।’’
ਜਯੰਤੀ ਲਾਲ ਅੰਮ੍ਰਿਤਲਾਲ ਬਨਾਮ ਐਫ਼ ਐਨ.ਰਾਨਾ ਦੇ ਕੇਸ ਵਿਚ ਉਪਰੋਕਤ ਪ੍ਰੇਖਣ ਦੀ ਪੁਸ਼ਟੀ ਕੀਤੀ ਗਈ ਹੈ (ਏ ਆਈ ਆਰ 1964 ਐਸ ਸੀ 648) ਅਤੇ ਹਾਲਜ਼ਰਬਰੀ ਦੀ ਉਹ ਟੂਕ ਵੀ ਦਿੱਤੀ ਗਈ ਹੈ ਜਿਸ ਵਿਚ ਨਿਮਨ ਅਨੁਸਾਰ ਕਿਹਾ ਗਿਆ ਹੈ:-
‘‘ਕਾਰਜਪਾਲਕ ਕਾਰਵਾਈਆਂ ਦੀ ਵਿਆਪਕ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ ਕਿਉਂ ਕਿ ਸਰਕਾਰੀ ਕੰਮਾਂ ਵਿਚੋਂ ਵਿਧਾਨਕ ਅਤੇ ਨਿਆਂਇਕ ਕਾਰਜ ਕੱਢ ਲੈਣ ਪਿਛੋਂ ਜੋ ਬਾਕੀ ਰਹਿ ਜਾਂਦੇ ਹਨ ਉਹ ਕਾਰਜਪਾਲਕ ਕੰਮ ਹੁੰਦੇ ਹਨ।..... ਇਨ੍ਹਾਂ ਕਾਰਜਾਂ ਦੀ ਪਾਲਣਾ ਵਿਚ ਪਬਲਿਕ ਅਥਾਰਿਟੀਆਂ ਨੂੰ ਅਜਿਹੇ ਹੁਕਮ ਜਾਰੀ ਕਰਨੇ ਪੈ ਜਾਂਦੇ ਹਨ ਜੋ ਵਿਧਾਨਕ ਦਾਇਰੇ ਤੋਂ ਬਹੁਤ ਦੂਰ ਦੇ ਨਹੀਂ ਹੁੰਦੇ ਅਤੇ ਅਜਿਹੇ ਫ਼ੈਸਲੇ ਵੀ ਲੈਣੇ ਪੈ ਸਕਦੇ ਹਨ ਜੋ ਵਿਅਕਤੀਆਂ ਦੇ ਨਿਜੀ ਅਤੇ ਮਾਲਕਾਨਾ ਹੱਕਾਂ ਉਤੇ ਪ੍ਰਭਾਵ ਪਾਉਂਦੇ ਹੋਣ ਅਤੇ ਭਾਵੇਂ ਨਿਆਂਇਕ ਪ੍ਰਕਿਰਤੀ ਦੇ ਨ ਹੋਣ ਅਤੇ ਅਰਧ-ਨਿਆਇਕ ਪ੍ਰਕਿਰਤੀ ਦੇ ਹੋਣ। ਕਾਰਜਪਾਲਕਾ ਵਲੋਂ ਇਸ ਪ੍ਰਕਾਰ ਦੀਆਂ ਦੋਹਾਂ ਕਿਸਮਾਂ ਦੀਆਂ ਵਿਵੇਕੀ ਕਾਰਵਾਈਆਂ ਨਾਰਮਲ ਸਮਝਣੀਆਂ ਚਾਹੀਦੀਆਂ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First